ਲਿਜ਼ ਟ੍ਰਸ ਦੇ ਅਸਤੀਫ਼ੇ ਦੇ ਇਹ ਰਹੇ ਕਾਰਨ, ਹੁਣ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਇਹ ਲੋਕ ਹਨ
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ 6 ਹਫ਼ਤੇ ਪਹਿਲਾਂ ਹੀ ਪੀਐੱਮ ਬਣੇ ਸਨ।
ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟਰੀਟ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੇ ਜਿਸ ਮੈਂਡੇਟ ਦੇ ਤਹਿਤ ਮੇਰੀ ਚੋਣ ਕੀਤੀ ਸੀ, ਮੈਂ ਉਸਨੂੰ ਪੂਰਾ ਨਹੀਂ ਕਰ ਸਕਾਂਗੀ।
ਉਨ੍ਹਾਂ ਅੱਗੇ ਕਿਹਾ, ''ਅਗਲੇ ਹਫ਼ਤੇ ਕੰਜ਼ਰਵੇਟਿਵ ਲੀਡਰਸ਼ਿਪ ਦੀ ਚੋਣ ਮੁਕੰਮਲ ਹੋਣ ਵਾਲੀ ਹੈ। ਜਦੋਂ ਤੱਕ ਕੋਈ ਉੱਤਰਾਧਿਕਾਰੀ ਨਹੀਂ ਚੁਣਿਆ ਜਾਂਦਾ, ਮੈਂ ਉਦੋਂ ਤੱਕ ਪ੍ਰਧਾਨ ਮੰਤਰੀ ਵਜੋਂ ਬਣੀ ਰਹਾਂਗੀ ।"

ਤਸਵੀਰ ਸਰੋਤ, PA Media
ਲਿਜ਼ ਟ੍ਰਸ ਨੇ ਕਿਹਾ ਕਿ ਜਿਸ ਦੌਰ ਵਿੱਚ ਉਨ੍ਹਾਂ ਦੀ ਚੋਣ ਹੋਈ ਉਹ ''ਆਰਥਿਕ ਅਤੇ ਕੌਮਾਂਤਰੀ ਪੱਧਰ ਉੱਤੇ ਅਸਥਿਰਤਾ ਦਾ ਦੌਰ'' ਸੀ।
ਯੂਕੇ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਲਈ ਪੀਐੱਮ
ਦਰਅਸਲ ਲਿਜ਼ ਟ੍ਰਸ ਲਈ ਪਰੇਸ਼ਾਨੀ ਉਦੋਂ ਸ਼ੁਰੂ ਹੋਈ ਜਦੋਂ 23 ਸਤੰਬਰ ਨੂੰ ਮਿੰਨੀ-ਬਜਟ ਪੇਸ਼ ਹੋਇਆ, ਜਿਸ ਕਾਰਨ ਵਿੱਤੀ ਬਜ਼ਾਰ ਹਿੱਲ ਗਏ।
ਉਦੋਂ ਤੋਂ ਹੀ ਕੰਜ਼ਰਵੇਟਿਵ ਆਗੂਆਂ ਵਿਚਾਲੇ ਵਿਰੋਧ ਦੀ ਲਹਿਰ ਪੈਦਾ ਹੋ ਗਈ।

ਲਿਜ਼ ਟ੍ਰਸ ਦਾ ਅਸਤੀਫ਼ਾ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਵੱਲੋਂ ਅਹੁਦਾ ਛੱਡਣ ਅਤੇ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਬਗਾਵਤ ਕਰਨ ਮਗਰੋਂ ਹੋਇਆ ਹੈ।
ਲਿਜ਼ ਟ੍ਰਸ ਸਿਰਫ਼ 45 ਦਿਨਾਂ ਲਈ ਅਹੁਦੇ 'ਤੇ ਰਹੇ ਹਨ, ਇਹ ਯੂਕੇ ਦੇ ਕਿਸੇ ਵੀ ਪ੍ਰਧਾਨ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਰਿਹਾ ਹੈ।
ਦੂਜੇ ਸਭ ਤੋਂ ਘੱਟ ਸਮੇਂ ਲਈ ਅਹੁਦੇ 'ਤੇ ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਜੌਰਜ ਕੈਨਿੰਗ ਸਨ, ਜੋ ਨੇ 1827 ਵਿੱਚ ਦੇਹਾਂਤ ਤੋਂ ਪਹਿਲਾਂ 119 ਦਿਨਾਂ ਪੀਐੱਮ ਰਹੇ।

ਕਦੋਂ-ਕਦੋਂ ਕੀ-ਕੀ ਹੋਇਆ?
ਲਿਜ਼ ਟ੍ਰਸ ਦਾ ਕਾਰਜਕਾਲ- 08 ਸਤੰਬਰ 2022 ਤੋਂ 20 ਅਕਤੂਬਰ 2022
05 ਸਤੰਬਰ 2022- ਰਿਸ਼ੀ ਸੂਨਕ ਨੂੰ ਹਰਾ ਕੇ ਲਿਜ਼ ਟ੍ਰਸ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਬਣੀ। ਟ੍ਰਸ ਨੂੰ 81,326 ਵੋਟ ਮਿਲੇ ਜਦਕਿ ਸੂਨਕ ਨੂੰ 60,399 ਵੋਟ ਮਿਲੇ।
06 ਸਤੰਬਰ 2022- ਲਿਜ਼ ਟ੍ਰਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਦੋ ਦਿਨ ਬਾਅਦ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
23 ਸਤੰਬਰ 2022- ਚਾਂਸਲਰ ਕਵਾਜ਼ੀ ਕਵਾਰਟੈਕ ਨੇ 'ਮਿਨੀ ਬਜਟ' ਦਾ ਐਲਾਨ ਕੀਤਾ ਜਿਸ ਵਿੱਚ 45 ਅਰਬ ਦੀ ਟੈਕਸ ਕਟੌਤੀ ਬਾਰੇ ਕਿਹਾ ਗਿਆ ਸੀ। ਇਸ ਨਾਲ ਬਾਜ਼ਾਰ ਵਿੱਚ ਅਸਥਿਰਤਾ ਫੈਲ ਗਈ।
26 ਸਤੰਬਰ 2022- 'ਮਿਨੀ ਬਜਟ' ਪੇਸ਼ ਹੋਣ ਤੋਂ ਬਾਅਦ ਯੂਕੇ ਬਾਜ਼ਾਰ 'ਤੇ ਭਰੋਸਾ ਘੱਟ ਹੋਣ ਦਾ ਨਤੀਜਾ ਇਹ ਹੋਇਆ ਕਿ ਡਾਲਰ ਦੇ ਮੁਕਾਬਲੇ ਪੌਂਡ ਆਪਣੇ ਹੇਠਲੇ ਪੱਧਰ ਤੱਕ ਪਹੁੰਚ ਗਿਆ।
03 ਅਕਤੂਬਰ 2022- ਟ੍ਰਸ ਅਤੇ ਕਵਾਰਟੇਗ ਨੇ ਯੂ-ਟਰਨ ਲੈਂਦਿਆਂ ਹੋਇਆ ਇਨਕਮ ਟੈਕਸ ਦੀਆਂ ਉੱਚੀ ਦਰ ਦਾ ਫ਼ੈਸਲਾ ਪਲਟਿਆ।
14 ਅਕਤੂਬਰ 2022- ਟ੍ਰਸ ਅਤੇ ਕਵਾਰਟੇਗ ਨੂੰ ਬਰਖ਼ਾਸਤ ਕਰ ਕੇ ਟੈਕਸ ਵਿੱਚ ਕਟੌਤੀ ਦਾ ਸਮਰਥਨ ਕਰਨ ਵਾਲੇ ਜੇਰੇਮੀ ਹੰਟ ਨੂੰ ਦੇਸ਼ ਦਾ ਵਿਤ ਮੰਤਰੀ ਬਣਾਇਆ।
19 ਅਕਤੂਬਰ 2022- ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਮੈਨ ਨੇ ਅਸਤੀਫ਼ਾ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਨਵੀਂ ਸਰਕਾਰ ਦੇ ਕੰਮਕਾਜ ਦੇ ਤਰੀਕੇ ਨੂੰ ਦੱਸਿਆ ਅਤੇ ਕਿਹਾ ਕਿ ਇਹ ਸਰਕਾਰ ਜਿਸ ਦਿਸ਼ਾ ਵਿੱਚ ਜਾ ਰਹੀ ਹੈ ਉਸ ਨੂੰ ਲੈ ਕੇ ਉਹ ਚਿੰਤਤ ਹਨ।
20 ਅਕਤੂਬਰ 2022- ਟ੍ਰਸ ਨੇ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਚਾਰ ਸਾਲ ਵਿੱਚ ਚੌਥੀ ਵਾਰ ਚੁਣਿਆ ਗਿਆ ਕੰਜ਼ਵੇਟਿਵ ਪਾਰਟੀ ਦਾ ਨੇਤਾ।

ਕੌਣ ਹੋ ਸਕਦਾ ਹੈ ਅਗਲਾ ਪ੍ਰਧਾਨ ਮੰਤਰੀ
ਲਿਜ਼ ਟ੍ਰਸ ਦੇ ਅਸਤੀਫ਼ੇ ਤੋਂ ਬਾਅਦ ਹੀ ਅਟਕਲਾਂ ਸ਼ੁਰੂ ਹੋ ਗਈਆਂ ਹਨ ਕਿ ਟੋਰੀ ਪਾਰਟੀ ਦੇ ਅਗਲੇ ਨੇਤਾ ਅਤੇ ਪ੍ਰਧਾਨ ਮੰਤਰੀ ਵਜੋਂ ਮੈਦਾਨ ਵਿੱਚ ਕੌਣ ਉੱਤਰ ਸਕਦਾ ਹੈ।
ਉਨ੍ਹਾਂ ਦੇ ਸਾਬਕਾ ਲੀਡਰਸ਼ਿਪ ਵਿਰੋਧੀ ਰਿਸ਼ੀ ਸੂਨਕ ਪਹਿਲੇ ਨੰਬਰ ਦੀ ਪਸੰਦ ਮੰਨੇ ਜਾ ਰਹੇ ਹਨ ਅਤੇ ਉਨ੍ਹਾਂ ਤੋਂ ਬਾਅਦ ਪੈਨੀ ਮੌਰਡੌਂਟ, ਰੱਖਿਆ ਮੰਤਰੀ ਬੈਨ ਵੈਲੇਸ ਆਉਂਦੇ ਹਨ।

ਚਾਂਸਲਰ ਜੇਰੇਮੀ ਹੰਟ ਨੇ ਆਪਣੇ ਆਪ ਨੂੰ ਇਸ ਦੌੜ ਤੋਂ ਬਾਹਰ ਕਰ ਲਿਆ ਸੀ, ਜਦਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਪੀਐੱਮ ਦੌੜ ਵਿੱਚ ਚੌਥੇ ਨੰਬਰ 'ਤੇ ਹਨ।


ਲਿਜ਼ ਟ੍ਰਸ ਬਾਰੇ ਜਾਣੋ
ਸੱਤ ਸਾਲ ਦੀ ਉਮਰ ਵਿੱਚ ਲਿਜ਼ ਟ੍ਰਸ ਨੇ ਮਾਰਗ੍ਰੈਟ ਥੈਚਰ ਦੀ ਭੂਮਿਕਾ ਨਿਭਾਈ ਸੀ। ਇਹ ਸਕੂਲ ਵਿੱਚ ਬੱਚਿਆਂ ਨੂੰ ਸਿਖਾਉਣ ਵਾਸਤੇ ਚੋਣਾਂ ਬਾਰੇ ਇੱਕ ਪ੍ਰੋਗਰਾਮ ਸੀ।
1983 ਦੀਆਂ ਚੋਣਾਂ ਵਿੱਚ ਭਾਵੇਂ ਮਾਰਗ੍ਰੈਟ ਥੈਚਰ ਨੇ ਜਿੱਤ ਹਾਸਿਲ ਕੀਤੀ ਸੀ ਪਰ ਆਪਣੇ ਸਕੂਲ ਵਿੱਚ ਲਿਜ਼ ਉਨ੍ਹਾਂ ਦੀ ਭੂਮਿਕਾ ਵਿੱਚ ਨਹੀਂ ਜਿੱਤ ਸਕੇ।
ਬਹੁਤ ਸਾਲਾਂ ਬਾਅਦ ਉਸ ਘਟਨਾ ਨੂੰ ਯਾਦ ਕਰਦੇ ਹੋਏ ਲਿਜ਼ ਨੇ ਦੱਸਿਆ, "ਮੈਂ ਆਪਣੇ ਵੱਲੋਂ ਬਹੁਤ ਵਧੀਆ ਭਾਸ਼ਨ ਦਿੱਤਾ ਸੀ ਪਰ ਮੈਨੂੰ ਕੋਈ ਵੋਟ ਨਹੀਂ ਮਿਲੀ। ਮੈਂ ਵੀ ਆਪਣੇ ਆਪ ਨੂੰ ਵੋਟ ਨਹੀਂ ਕੀਤਾ ਸੀ।"
39 ਸਾਲਾਂ ਬਾਅਦ ਉਨ੍ਹਾਂ ਕੋਲ ਮੌਕਾ ਸੀ ਕਿ ਉਹ ਮਾਰਗ੍ਰੇਟ ਥੈਚਰ ਦੇ ਇਤਿਹਾਸ ਨੂੰ ਦੁਹਰਾਇਆ ਅਤੇ ਪ੍ਰਧਾਨ ਮੰਤਰੀ ਬਣੇ। ਇਸ ਦੇ ਨਾਲ ਹੀ ਉਹ ਕੰਜ਼ਰਵੇਟਿਵ ਲੀਡਰ ਵੀ ਰਹੇ ਹਨ।

ਤਸਵੀਰ ਸਰੋਤ, Reuters
1975 ਵਿੱਚ ਆਕਸਫੋਰਡ ਵਿਖੇ ਜਨਮੀ ਮੈਰੀ ਐਲਿਜ਼ਬੈੱਥ ਟ੍ਰਸ ਨੇ ਆਪਣੇ ਪਿਤਾ ਅਤੇ ਮਾਤਾ ਨੂੰ 'ਖੱਬੇ ਪੱਖੀ' ਦੱਸਿਆ ਹੈ। ਉਨ੍ਹਾਂ ਦੇ ਪਿਤਾ ਗਣਿਤ ਦੇ ਪ੍ਰੋਫੈਸਰ ਹਨ ਅਤੇ ਮਾਤਾ ਇੱਕ ਨਰਸ।
ਆਪਣੀ ਜਵਾਨੀ ਵਿੱਚ ਉਨ੍ਹਾਂ ਦੀ ਮਾਤਾ ਨੇ ਸਰਕਾਰ ਦੇ ਪਰਮਾਣੂ ਸਮਝੌਤਿਆਂ ਦਾ ਵਿਰੋਧ ਕੀਤਾ ਸੀ ਅਤੇ ਇਸ ਦੇ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ।
ਦਰਅਸਲ ਮਾਰਗ੍ਰੈਟ ਥੈਚਰ ਦੀ ਸਰਕਾਰ ਨੇ ਅਮਰੀਕੀ ਸਰਕਾਰ ਨੂੰ ਗ੍ਰੀਨਹਮ, ਲੰਡਨ ਵਿੱਚ ਅਮਰੀਕੀ ਪਰਮਾਣੂ ਵਾਰਹੈੱਡ ਦੀ ਇਜਾਜ਼ਤ ਦਿੱਤੀ ਸੀ।
ਜਦੋਂ ਉਨ੍ਹਾਂ ਦੀ ਉਮਰ ਚਾਰ ਸਾਲ ਸੀ ਉਨ੍ਹਾਂ ਦਾ ਪਰਿਵਾਰ ਗਲਾਸਗੋ ਤੋਂ ਥੋੜ੍ਹੀ ਦੂਰ ਨਵੀਂ ਜਗ੍ਹਾ 'ਤੇ ਆ ਵਸਿਆ ਸੀ।
ਉਨ੍ਹਾਂ ਦੇ ਭਰਾ ਨੇ ਬੀਬੀਸੀ ਰੇਡੀਓ 4 ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅਕਸਰ ਪਰਿਵਾਰ ਬੈਠ ਕੇ ਜਦੋਂ ਸ਼ਤਰੰਜ, ਲੂਡੋ ਵਗੈਰਾ ਖੇਡਦਾ ਸੀ ਤਾਂ ਲਿਜ਼ ਅਕਸਰ ਗਾਇਬ ਹੋ ਜਾਂਦੀ ਸੀ। ਉਸ ਨੂੰ ਹਾਰਨ ਨਾਲੋਂ ਏਧਰ ਓਧਰ ਚਲੇ ਜਾਣਾ ਠੀਕ ਲੱਗਦਾ ਸੀ।
ਉਨ੍ਹਾਂ ਦਾ ਪਰਿਵਾਰ ਬਾਅਦ ਵਿੱਚ ਯੂਕੇ ਦੇ ਲੀਡਜ਼ ਵਿਖੇ ਚਲਾ ਗਿਆ ਜਿੱਥੇ ਉਨ੍ਹਾਂ ਨੇ ਆਪਣੀ ਰਾਊਂਡਏ ਸਕੂਲ ਵਿੱਚ ਪੜ੍ਹਾਈ ਪੂਰੀ ਕੀਤੀ।
ਇਸ ਬਾਰੇ ਲਿਜ਼ ਨੇ ਆਖਿਆ ਸੀ ਕਿ ਉਨ੍ਹਾਂ ਨੇ ਅਜਿਹੇ ਬੱਚਿਆਂ ਨੂੰ ਦੇਖਿਆ ਹੈ ਜੋ ਅਕਸਰ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਸਨ ਅਤੇ ਉਨ੍ਹਾਂ ਨੂੰ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਸੀ।
ਸਕੂਲ ਤੋਂ ਬਾਅਦ ਲਿਜ਼ ਆਕਸਫੋਰਡ ਯੂਨੀਵਰਸਿਟੀ ਗਏ ਅਤੇ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਫਿਲਾਸਫੀ ਦੀ ਪੜ੍ਹਾਈ ਕੀਤੀ।

ਤਸਵੀਰ ਸਰੋਤ, Getty Images
ਆਪਣੇ ਕਾਲਜ ਦੇ ਦਿਨਾਂ ਵਿੱਚ ਉਹ ਲਿਬਰਲ ਡੈਮੋਕਰੈਟ ਨੂੰ ਸਮਰਥਨ ਦਿੰਦੇ ਸਨ।
1994 ਵਿੱਚ ਪਾਰਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਰਾਜਾਸ਼ਾਹੀ ਖ਼ਤਮ ਕਰਨ ਦੀ ਗੱਲ ਕਰਦੇ ਹੋਏ ਬ੍ਰਿਟੇਨ ਵਿੱਚ ਆਖਿਆ ਸੀ, "ਅਸੀਂ ਲਿਬਰਲ ਡੈਮੋਕਰੈਟ ਸਭ ਲੋਕਾਂ ਲਈ ਬਰਾਬਰ ਦੇ ਮੌਕਿਆਂ ਦੇ ਪੱਖ ਵਿੱਚ ਹਾਂ। ਅਸੀਂ ਨਹੀਂ ਮੰਨਦੇ ਕਿ ਕੁਝ ਲੋਕਾਂ ਦਾ ਜਨਮ ਬਾਕੀ ਲੋਕਾਂ ਉੱਪਰ ਰਾਜ ਕਰਨ ਲਈ ਹੁੰਦਾ ਹੈ।"
ਕਈ ਲੋਕਾਂ ਨੇ ਇਹ ਵੀ ਕਿਹਾ ਕਿ ਆਪਣੇ ਪਹਿਰਾਵੇ ਰਾਹੀਂ ਲੋਕਾਂ ਵਿੱਚ ਜ਼ਿਆਦਾ ਹਰਮਨਪਿਆਰੇ ਹੋ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਫਰ ਵਾਲੀਆਂ ਟੋਪੀਆਂ ਅਤੇ ਚਿੱਟੇ ਰੰਗ ਦੀ ਬੋ ਸ਼ਾਮਿਲ ਹੈ।
ਇਲਜ਼ਾਮ ਲੱਗਿਆ ਕਿ ਅਜਿਹੇ ਕੱਪੜਿਆਂ ਰਾਹੀਂ ਉਹ ਮਾਰਗ੍ਰੈਟ ਥੈਚਰ ਵਾਂਗ ਲੱਗਣ ਦੀ ਕੋਸ਼ਿਸ਼ ਕਰ ਰਹੇ ਹਨ।
ਇਨ੍ਹਾਂ ਅਫ਼ਵਾਹਾਂ ਨੂੰ ਦਰਕਿਨਾਰ ਕਰਦੇ ਹੋਏ ਲਿਜ਼ ਨੇ ਜੀਬੀ ਨਿਊਜ਼ ਨੂੰ ਕਿਹਾ ਸੀ, "ਇਹ ਹਮੇਸ਼ਾ ਨਿਰਾਸ਼ਾਜਨਕ ਰਿਹਾ ਹੈ ਕਿ ਮਹਿਲਾ ਆਦੂਆਂ ਦੀ ਤੁਲਨਾ ਮਾਰਗ੍ਰੈਟ ਥੈਚਰ ਨਾਲ ਕੀਤੀ ਜਾਂਦੀ ਹੈ ਜਦਕਿ ਪੁਰਸ਼ ਨੇਤਾਵਾਂ ਨਾਲ ਅਜਿਹਾ ਕੁਝ ਨਹੀਂ ਹੁੰਦਾ।"

ਇਹ ਵੀ ਪੜ੍ਹੋ-














