ਬੀਬੀਸੀ ਦੇ 100 ਸਾਲ: 10 ਲੋਕ, ਪਲ ਅਤੇ ਵਸਤੂਆਂ ਜਿਨ੍ਹਾਂ ਨੇ ਬੀਬੀਸੀ ਨੂੰ ਬਣਾਇਆ

ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਆਪਣੀ 100ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ।
ਬੀਬੀਸੀ ਦੁਨੀਆਂ ਦਾ ਸਭ ਤੋਂ ਵੱਡਾ ਬ੍ਰਾਡਕਾਸਟਰ ਹੈ। ਇਹ ਅਧਿਕਾਰਤ ਤੌਰ 'ਤੇ 18 ਅਕਤੂਬਰ 1922 ਨੂੰ ਲੰਡਨ, ਇੰਗਲੈਂਡ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਵਿੱਲਖਣ, ਰੁਮਾਂਚਕ ਅਤੇ ਲੰਮਾ ਇਤਿਹਾਸ ਹੈ।
ਹੁਣ ਜਦੋਂ ਇਹ ਆਪਣੀ ਸ਼ਤਾਬਦੀ ਦਾ ਜਸ਼ਨ ਮਨਾ ਰਿਹਾ ਹੈ ਤਾਂ ਇੱਥੇ ਇਸ ਦੇ ਕੁਝ ਅਹਿਮ ਪਲਾਂ, ਸਭ ਤੋਂ ਮਸ਼ਹੂਰ ਪ੍ਰੋਗਰਾਮਾਂ ਅਤੇ ਬੀਬੀਸੀ ਦੀਆਂ ਉੱਘੀਆਂ ਸ਼ਖ਼ਸੀਅਤਾਂ 'ਤੇ ਨਜ਼ਰ ਮਾਰਦੇ ਹਾਂ।
1. ਪਹਿਲਾ ਬੀਬੀਸੀ ਰੇਡੀਓ ਸਟੇਸ਼ਨ
ਕਈ ਗ਼ੈਰ-ਪੇਸ਼ੇਵਰ ਸਟੇਸ਼ਨਾਂ ਦੇ ਬੰਦ ਹੋਣ ਤੋਂ ਬਾਅਦ, ਬੀਬੀਸੀ ਨੇ 14 ਨਵੰਬਰ 1922 ਨੂੰ ਲੰਡਨ, ਇੰਗਲੈਂਡ ਵਿੱਚ ਆਪਣੀ ਪਹਿਲੀ ਰੋਜ਼ਾਨਾ ਰੇਡੀਓ ਸੇਵਾ ਸ਼ੁਰੂ ਕੀਤੀ।

ਪਹਿਲਾ ਪ੍ਰੋਗਰਾਮ, ਸ਼ਾਮੀ 6.00 ਵਜੇ (18:00 ਜੀਐੱਮਟੀ) 'ਤੇ ਇੱਕ ਨਿਊਜ਼ ਬੁਲੇਟਿਨ ਸੀ, ਜਿਸ ਲਈ ਖ਼ਬਰਾਂ ਦੀ ਸਪਲਾਈ ਨਿਊਜ਼ ਏਜੰਸੀਆਂ ਦੁਆਰਾ ਕੀਤੀ ਗਈ।
ਇਸ ਤੋਂ ਬਾਅਦ ਮੌਸਮ ਦੀ ਭਵਿੱਖਬਾਣੀ ਕੀਤੀ ਗਈ, ਜਿਸ ਨੂੰ ਯੂਕੇ ਦੀ ਰਾਸ਼ਟਰੀ ਮੌਸਮ ਵਿਗਿਆਨ ਸੇਵਾ ਜਿਸ ਨੂੰ 'ਮੈਟ ਆਫਿਸ' ਕਿਹਾ ਜਾਂਦਾ ਹੈ, ਵੱਲੋਂ ਤਿਆਰ ਕੀਤਾ ਗਿਆ ਸੀ।
ਇਨ੍ਹਾਂ ਨੂੰ ਪ੍ਰੋਗਰਾਮ ਡਾਇਰੈਕਟਰ ਆਰਥਰ ਬਰੋਸ ਵੱਲੋਂ ਅੰਗਰੇਜ਼ੀ ਵਿੱਚ ਪੜ੍ਹਿਆ ਗਿਆ ਸੀ।
ਬਰੋਸ ਬੁਲੇਟਿਨ ਨੂੰ ਦੋ ਵਾਰ ਪੜ੍ਹਦੇ ਸਨ, ਇੱਕ ਵਾਰ ਤੇਜ਼ ਅਤੇ ਫਿਰ ਹੌਲੀ-ਹੌਲੀ, ਤਾਂ ਜੋ ਸਰੋਤੇ ਜੇ ਚਾਹੁਣ ਤਾਂ ਉਨ੍ਹਾਂ ਨੂੰ ਨੋਟ ਕਰ ਸਕਣ।
2. ਵਰਲਡ ਸਰਵਿਸ ਦੀ ਸ਼ੁਰੂਆਤ
19 ਦਸੰਬਰ 1932 ਨੂੰ ਕਿੰਗ ਜਾਰਜ ਪੰਜਵੇਂ ਨੇ ਯੂਕੇ ਅਤੇ ਬਾਕੀ ਦੁਨੀਆਂ ਨੂੰ ਪਹਿਲਾ ਸ਼ਾਹੀ ਕ੍ਰਿਸਮਸ ਸੰਦੇਸ਼ ਦਿੱਤਾ।

ਤਸਵੀਰ ਸਰੋਤ, Getty Images
ਪ੍ਰਸਾਰਣ ਵਿੱਚ, ਸ਼ਾਰਟਵੇਵ 'ਤੇ ਅਤੇ ਮੁੱਖ ਤੌਰ 'ਤੇ ਬ੍ਰਿਟਿਸ਼ ਸਾਮਰਾਜ ਦੇ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਨੇ ਇਸ ਸਰਵਿਸ ਵਿੱਚ ਕਿਹਾ "ਬਰਫ਼, ਮਾਰੂਥਲ, ਜਾਂ ਸਮੁੰਦਰ ਕਾਰਨ ਇੱਕ ਦੂਜੇ ਨਾਲੋਂ ਕੱਟੇ ਹੋਏ ਮਰਦਾਂ ਅਤੇ ਔਰਤਾਂ ਤੱਕ ਸਿਰਫ਼ ਹਵਾ ਰਾਹੀਂ ਹੀ ਆਵਾਜ਼ਾਂ ਪਹੁੰਚ ਸਕਦੀਆਂ ਹਨ।"
ਇਸ ਭਾਸ਼ਣ ਵਿੱਚ ਬੀਬੀਸੀ ਐਮਪਾਇਰ ਸਰਵਿਸ (ਜੋ ਕਿ ਹੁਣ ਬੀਬੀਸੀ ਵਰਲਡ ਸਰਵਿਸ ਹੈ) ਦੀ ਸ਼ੁਰੂਆਤ ਹੋਈ।
ਬੀਬੀਸੀ ਵਰਲਡ ਸਰਵਿਸ ਹੁਣ ਖੇਤਰ, ਭਾਸ਼ਾ ਦੀ ਚੋਣ ਅਤੇ ਦਰਸ਼ਕਾਂ ਦੀ ਪਹੁੰਚ ਦੇ ਮਾਮਲੇ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਬਾਹਰੀ ਬ੍ਰਾਡਕਾਸਟਰ ਹੈ।

ਤਸਵੀਰ ਸਰੋਤ, Getty Images
ਇਹ ਔਨਲਾਈਨ, ਸੋਸ਼ਲ ਮੀਡੀਆ, ਟੀਵੀ ਅਤੇ ਰੇਡੀਓ 'ਤੇ ਆਪਣੀਆਂ ਸੇਵਾਵਾਂ ਰਾਹੀਂ ਦੁਨੀਆਂ ਭਰ ਵਿੱਚ 40 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਸਾਰਿਤ ਹੁੰਦਾ ਹੈ।
3. ਆਈਕੌਨਿਕ ਬੀਬੀਸੀ ਮਾਈਕ੍ਰੋਫੋਨ
1930 ਦੇ ਦਹਾਕੇ ਵਿੱਚ ਵਪਾਰਕ ਤੌਰ 'ਤੇ ਉਪਲੱਬਧ ਮਾਈਕ੍ਰੋਫੋਨ ਮਹਿੰਗੇ ਸਨ, ਇਸ ਲਈ ਬੀਬੀਸੀ ਨੇ ਆਪਣਾ ਮਾਡਲ ਵਿਕਸਤ ਕਰਨ ਲਈ ਮਾਰਕੋਨੀ ਕੰਪਨੀ ਨਾਲ ਮਿਲ ਕੇ ਕੰਮ ਕੀਤਾ।
1934 ਵਿੱਚ ਟਾਈਪ ਏ ਮਾਈਕ੍ਰੋਫੋਨ ਨੇ ਪ੍ਰਸਾਰਣ ਵਿੱਚ ਕ੍ਰਾਂਤੀ ਲਿਆ ਦਿੱਤੀ।

ਇਹ ਸਾਲਾਂ ਵਿੱਚ ਵਿਕਸਤ ਹੋਇਆ ਅਤੇ ਸੁਧਾਰਿਆ ਗਿਆ ਸੀ। ਇਸ ਨੂੰ ਕਲਾਸਿਕ ਬੀਬੀਸੀ ਮਾਈਕ੍ਰੋਫੋਨ ਵਜੋਂ ਜਾਣਿਆ ਜਾਣ ਲੱਗਾ, ਜਿਵੇਂ ਕਿ ਕਈ ਬ੍ਰਿਟਿਸ਼ ਕਾਲ ਦੇ ਡਰਾਮਿਆਂ ਅਤੇ ਫਿਲਮਾਂ ਵਿੱਚ ਦੇਖਿਆ ਗਿਆ ਹੈ।
4. ਬੀਬੀਸੀ ਅਰਬੀ ਬਣਿਆ ਬੀਬੀਸੀ ਲੈਂਗੂਏਜ ਦੀ ਪਹਿਲੀ ਰੇਡੀਓ ਸੇਵਾ
1938 ਵਿੱਚ ਬੀਬੀਸੀ ਅਰਬੀ ਕਾਰਪੋਰੇਸ਼ਨ ਦੀ ਪਹਿਲੀ ਲੈਂਗੂਏਜ ਰੇਡੀਓ ਸੇਵਾ ਬਣ ਗਈ।
ਪੇਸ਼ਕਾਰ ਅਹਿਮਦ ਕਮਾਲ ਸੋਰੌਰ ਏਫੇਂਦੀ ਨੂੰ ਉਨ੍ਹਾਂ ਦੀ ਆਵਾਜ਼ ਦੇ ਦਮ 'ਤੇ ਮਿਸਰ ਰੇਡੀਓ ਵਿੱਚ ਭਰਤੀ ਕੀਤਾ ਗਿਆ ਸੀ।

ਉਨ੍ਹਾਂ ਦੀ ਨਿਯੁਕਤੀ ਨੇ ਰਾਤੋ-ਰਾਤ ਸੇਵਾ ਨੂੰ ਹਰਮਨਪਿਆਰਾ ਬਣਾ ਦਿੱਤਾ, ਕਿਉਂਕਿ ਏਫੇਂਦੀ ਅਰਬ ਦੁਨੀਆਂ ਵਿੱਚ ਸਭ ਤੋਂ ਪਸੰਦੀਦਾ ਪੇਸ਼ਕਾਰਾਂ ਵਿੱਚੋਂ ਇੱਕ ਸਨ।
ਅਗਲੇ ਦਹਾਕਿਆਂ ਵਿੱਚ ਬੀਬੀਸੀ ਵਿੱਚ ਹੋਰ ਭਾਸ਼ਾ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ। ਇਸ ਨਾਲ ਰੇਡੀਓ ਅਤੇ ਫਿਰ ਟੈਲੀਵਿਜ਼ਨ ਪ੍ਰੋਗਰਾਮਿੰਗ ਨੂੰ ਦੁਨੀਆਂ ਭਰ ਵਿੱਚ ਪੇਸ਼ ਕੀਤਾ ਗਿਆ।
ਬੀਬੀਸੀ ਔਨਲਾਈਨ ਦਾ ਜਨਮ ਬਹੁਤ ਬਾਅਦ ਵਿੱਚ 1997 ਵਿੱਚ ਹੋਇਆ ਸੀ, ਜਿਸ ਵਿੱਚ ਲੈਂਗੂਏਜ ਸੇਵਾਵਾਂ ਨੂੰ ਅੱਗੇ ਵਧਾਇਆ ਗਿਆ ਸੀ।

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ ਦੀ ਸ਼ੁਰੂਆਤ ਨਾਲ ਬੀਬੀਸੀ ਨਿਊਜ਼ ਅਤੇ ਬੀਬੀਸੀ ਵਰਲਡ ਸਰਵਿਸ ਲੈਂਗੂਏਜ ਦੇ ਬ੍ਰਾਂਡ ਕਈ ਅਲੱਗ-ਅਲੱਗ ਪਲੈਟਫਾਰਮਾਂ 'ਤੇ ਉੱਭਰੇ।
ਅੱਜ, ਬੀਬੀਸੀ ਵਰਲਡ ਸਰਵਿਸ ਆਪਣਾ ਧਿਆਨ ਡਿਜੀਟਲ-ਫਸਟ ਕੰਟੈਂਟ 'ਤੇ ਕੇਂਦਰਿਤ ਕਰ ਰਿਹਾ ਹੈ।
5. ਬੀਬੀਸੀ ਦੀ ਪਹਿਲੀ ਸਿਆਹਫਾਮ ਮਹਿਲਾ ਨਿਰਮਾਤਾ
ਉਨਾ ਮਾਰਸਨ ਨੇ ਬੀਬੀਸੀ ਦੀ ਪਹਿਲੀ ਸਿਆਹਫਾਮ ਔਰਤ ਨਿਰਮਾਤਾ ਬਣ ਕੇ ਇਤਿਹਾਸ ਰਚਿਆ।
ਮੂਲ ਰੂਪ ਵਿੱਚ ਜਮੈਕਾ ਦੀ ਰਹਿਣ ਵਾਲੀ, ਉਨਾ ਨੇ ਜਦੋਂ 1939 ਵਿੱਚ ਬੀਬੀਸੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਹ ਇੱਕ ਤਜਰਬੇਕਾਰ ਪੱਤਰਕਾਰ ਸੀ।

ਉਨਾ ਦੀ ਪਹਿਲੀ ਭੂਮਿਕਾ ਅਲੈਗਜ਼ੈਂਡਰਾ ਪੈਲੇਸ ਟੈਲੀਵਿਜ਼ਨ ਸਟੂਡੀਓਜ਼ ਵਿੱਚ ਇੱਕ ਸਹਾਇਕ ਦੇ ਰੂਪ ਵਿੱਚ ਸੀ।
ਪਰ ਉਹ ਮਾਰਚ 1941 ਵਿੱਚ "ਐਮਪਾਇਰ ਪ੍ਰੋਗਰਾਮਜ਼" ਵਿਭਾਗ ਵਿੱਚ ਪ੍ਰੋਗਰਾਮ ਸਹਾਇਕ ਵਜੋਂ ਬੀਬੀਸੀ ਵਿੱਚ ਫੁੱਲ-ਟਾਈਮ ਤੌਰ 'ਤੇ ਜੁੜ ਗਈ।
ਕਵਿਤਾ ਵਿੱਚ ਉਨ੍ਹਾਂ ਦੀ ਰੁਚੀ ਨੇ ਉਨ੍ਹਾਂ ਨੂੰ ਕੈਰੇਬੀਅਨ ਆਵਾਜ਼ ਵਜੋਂ ਵਿਕਸਤ ਹੋਣ ਵਿੱਚ ਮਦਦ ਕੀਤੀ, ਜੋ 'ਕਾਲਿੰਗ ਦਿ ਵੈਸਟ ਇੰਡੀਜ਼ ਸਿਰੀਜ਼' ਅਧੀਨ ਇੱਕ ਹਫ਼ਤਾਵਾਰੀ ਫੀਚਰ ਸੀ।
6. ਦੂਜੇ ਵਿਸ਼ਵ ਯੁੱਧ ਦਾ ਅੰਤ
1 ਮਈ 1945 ਨੂੰ ਬੀਬੀਸੀ ਨੇ ਅਡੌਲਫ ਹਿਟਲਰ ਦੀ ਖੁਦਕੁਸ਼ੀ ਦਾ ਐਲਾਨ ਹੋਇਆ।
ਸ਼ਾਮ 7.00 ਵਜੇ ਦੇ ਨਿਰਧਾਰਤ ਪ੍ਰੋਗਰਾਮਾਂ ਨੂੰ ਇਸ ਖ਼ਬਰ ਲਈ ਰੋਕਿਆ ਗਿਆ ਕਿ ਜਰਮਨਾਂ ਨੇ ਇਟਲੀ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ।
4 ਮਈ ਨੂੰ ਉਨ੍ਹਾਂ ਨੇ ਡੈਨਮਾਰਕ ਵਿੱਚ ਆਤਮ ਸਮਰਪਣ ਕਰ ਦਿੱਤਾ, ਅਤੇ ਸੰਘਰਸ਼ ਖ਼ਤਮ ਹੋ ਗਿਆ ਸੀ।
ਪਰ ਕੁਝ ਦਿਨਾਂ ਤੱਕ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ। ਸੋਮਵਾਰ 7 ਮਈ ਨੂੰ ਬਕਿੰਘਮ ਪੈਲੇਸ ਦੇ ਬਾਹਰ ਭੀੜ ਇਕੱਠੀ ਹੋ ਗਈ, ਪਰ ਦੇਸ਼ ਨੂੰ ਪੰਜ ਸਾਲਾਂ ਤੋਂ ਜਿਸ ਖ਼ਬਰ ਦਾ ਇੰਤਜ਼ਾਰ ਸੀ, ਉਹ ਅਜੇ ਤੱਕ ਨਹੀਂ ਆਈ।
ਇਹ ਪਤਾ ਲੱਗਿਆ ਕਿ ਬ੍ਰਿਟਿਸ਼, ਨਾਜ਼ੀਆਂ ਨੂੰ ਹਰਾਉਣ ਬਾਰੇ ਰੂਸੀ ਅਤੇ ਅਮਰੀਕੀ ਪੁਸ਼ਟੀ ਦੀ ਉਡੀਕ ਕਰ ਰਹੇ ਸਨ।

ਤਸਵੀਰ ਸਰੋਤ, Getty Images
6 ਵਜੇ ਬੀਬੀਸੀ ਨੇ ਹੈਰਾਨ ਸਰੋਤਿਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਚਰਚਿਲ ਉਸ ਰਾਤ ਦਾ ਪ੍ਰਸਾਰਣ ਨਹੀਂ ਕਰਨਗੇ।
ਪਰ ਫਿਰ 07:40 ਵਜੇ ਇਹ ਕਹਿਣ ਲਈ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਗਿਆ ਕਿ ਅਗਲੇ ਦਿਨ ਯੂਰਪ ਵਿੱਚ ਪਹਿਲੀ ਜਿੱਤ ਜਾਂ ਵੀਈ ਦਿਵਸ ਹੋਵੇਗਾ।
ਯੂਰਪ ਵਿਚ ਯੁੱਧ ਅਸਲ ਵਿੱਚ ਖ਼ਤਮ ਹੋ ਗਿਆ ਸੀ। ਚਰਚਿਲ ਦਾ ਬਿਆਨ ਅਗਲੇ ਦਿਨ ਸਾਮਰਾਜ ਵਿੱਚ ਪਹੁੰਚਿਆ, ਪਰ ਬਹੁਤ ਸਾਰੇ ਲੋਕ ਸੁਣਨ ਲਈ ਬਹੁਤ ਉਤਸੁਕ ਸਨ। ਉਹ ਜਸ਼ਨ ਮਨਾ ਰਹੇ ਸਨ।
ਬੀਬੀਸੀ ਨੇ 10 ਦਿਨਾਂ ਦੀ ਵਿਸ਼ੇਸ਼ ਪ੍ਰੋਗਰਾਮਿੰਗ ਸ਼ੁਰੂ ਕੀਤੀ ਅਤੇ 1937 ਦੇ ਬਾਅਦ ਪਹਿਲੀ ਵਾਰ ਬ੍ਰਾਡਕਾਸਟਿੰਗ ਹਾਊਸ ਵਿੱਚ ਭੀੜ ਲੱਗ ਗਈ ਸੀ।
7. ਬੀਬੀਸੀ ਟੀਵੀ, ਦੁਨੀਆਂ ਨੂੰ ਆਪਸ ਵਿੱਚ ਜੋੜਦਾ ਹੈ
1967 ਵਿੱਚ ਟੀਵੀ ਪ੍ਰੋਗਰਾਮ "ਆਵਰ ਵਰਲਡ" ਨੇ ਇਤਿਹਾਸ ਰਚ ਦਿੱਤਾ।
ਇਸ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਸੈਟੇਲਾਈਟ ਰਾਹੀਂ ਟੈਲੀਵਿਜ਼ਨ ਨੇ ਸਿਰਫ਼ ਕੁਝ ਦੇਸ਼ਾਂ ਨੂੰ ਦੁਵੱਲੇ ਰੂਪ ਨਾਲ ਅਤੇ ਮੁੱਖ ਤੌਰ 'ਤੇ ਪ੍ਰਯੋਗਾਤਮਕ ਉਦੇਸ਼ਾਂ ਲਈ ਜੋੜਿਆ ਸੀ।

ਉਦਾਹਰਨ ਵਜੋਂ ਬੀਬੀਸੀ 1936 ਵਿੱਚ ਇੱਕ ਨਿਯਮਤ "ਹਾਈ ਡੈਫੀਨੇਸ਼ਨ" ਟੈਲੀਵਿਜ਼ਨ ਸੇਵਾ ਪ੍ਰਦਾਨ ਕਰਨ ਵਾਲਾ ਦੁਨੀਆਂ ਦਾ ਪਹਿਲਾ ਬ੍ਰਾਡਕਾਸਟਰ ਸੀ।
ਪਰ "ਆਵਰ ਵਰਲਡ" ਅਲਗ ਸੀ, ਅਤੇ ਟੈਲੀਵਿਜ਼ਨ 'ਤੇ ਹਰ ਮਹਾਂਦੀਪ ਦੇ ਇੱਕ ਦੇਸ਼ ਨੂੰ ਲਾਈਵ, ਮਨੋਰੰਜਕ ਤਰੀਕੇ ਨਾਲ ਸੈਟੇਲਾਈਟ ਰਾਹੀਂ ਪ੍ਰਗਟ ਕਰਕੇ ਪਹਿਲੀ ਵਾਰ ਦੁਨੀਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਸ਼ੋਅ ਵਿੱਚ ਬ੍ਰਿਟਿਸ਼ ਯੋਗਦਾਨ ਦੇ ਹਿੱਸੇ ਦੇ ਰੂਪ ਵਿੱਚ ਬੀਟਲਜ਼ ਨੇ "ਆਲ ਯੂ ਨੀਡ ਇਜ਼ ਲਵ" ਗੀਤ ਪੇਸ਼ ਕੀਤਾ ਜੋ ਹੁਣ ਬਹੁਤ ਮਸ਼ਹੂਰ ਹੈ।
ਉਸ ਪ੍ਰਦਰਸ਼ਨ ਦਾ ਇੱਕ 45 ਆਰਪੀਐੱਮ ਵਾਈਨਲ ਬਾਅਦ ਵਿੱਚ ਜਾਰੀ ਕੀਤਾ ਗਿਆ ਸੀ ਅਤੇ ਗੀਤ ਰਾਤੋ-ਰਾਤ ਹਿੱਟ ਹੋਇਆ ਸੀ।
ਉਸ ਪ੍ਰੋਗਰਾਮ ਨੇ ਭਵਿੱਖ ਵਿੱਚ ਕਦੇ ਨਾ ਭੁੱਲਣ ਵਾਲੇ ਟੈਲੀਵਿਜ਼ਨ ਪ੍ਰੋਗਰਾਮਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ 1985 ਵਿੱਚ ਲਾਈਵ ਏਡ ਸਮੇਤ ਦੁਨੀਆਂ ਨੂੰ ਵੀ ਆਪਸ ਵਿੱਚ ਜੋੜਿਆ।

ਤਸਵੀਰ ਸਰੋਤ, Getty Images
ਇਥੋਪੀਆ ਵਿੱਚ ਪਏ 'ਕਾਲ ਦੀ ਰਾਹਤ ਲਈ ਫੰਡ ਇਕੱਠਾ ਕਰਨ ਲਈ ਬੌਬ ਗੇਲਡੌਫ ਅਤੇ ਮਿਜ ਉਰੇ ਵੱਲੋਂ ਵੱਖ-ਵੱਖ ਸਥਾਨਾਂ 'ਤੇ ਰੌਕ ਸੰਗੀਤ ਸਮਾਰੋਹ ਕੀਤਾ ਗਿਆ ਸੀ।
ਬੀਬੀਸੀ ਆਪਣੀ ਸਫ਼ਲਤਾ ਮਨਾ ਰਿਹਾ ਸੀ, ਕਿਉਂਕਿ ਇਹ ਹੁਣ ਤੱਕ ਦੇ ਸਭ ਤੋਂ ਵੱਡੇ ਪੈਮਾਨੇ ਦੇ ਸੈਟੇਲਾਈਟ ਲਿੰਕ-ਅਪ ਅਤੇ ਟੈਲੀਵਿਜ਼ਨ ਪ੍ਰਸਾਰਣਾਂ ਵਿੱਚੋਂ ਇੱਕ ਸੀ, ਜਿਸ ਦੇ ਅਨੁਮਾਨਤ 400 ਮਿਲੀਅਨ ਦਰਸ਼ਕ, 60 ਦੇਸ਼ਾਂ ਵਿੱਚ ਲਾਈਵ ਪ੍ਰਸਾਰਣ ਦੇਖ ਰਹੇ ਸਨ।
8. ਰਹੱਸਮਈ ਜ਼ਹਿਰੀਲੀ ਛਤਰੀ

ਤਸਵੀਰ ਸਰੋਤ, International Spy Museum
ਉਪਰੋਕਤ ਦਰਸਾਈ ਛੱਤਰੀ ਦੇ ਰੂਪ ਵਿੱਚ ਇੱਕ ਹਥਿਆਰ ਹੈ ਜਿਸ ਨੇ ਬੀਬੀਸੀ ਵਰਲਡ ਸਰਵਿਸ ਦੇ ਪੱਤਰਕਾਰ ਜਾਰਜੀ ਮਾਰਕੋਵ ਨੂੰ ਮਾਰ ਦਿੱਤਾ ਸੀ।
7 ਸਤੰਬਰ 1978 ਨੂੰ ਮਾਰਕੋਵ ਲੰਡਨ ਦੇ ਬੁਸ਼ ਹਾਊਸ ਵਿੱਚ ਬੀਬੀਸੀ ਵਿੱਚ ਕੰਮ 'ਤੇ ਜਾ ਰਹੇ ਸਨ।
ਜਦੋਂ ਉਨ੍ਹਾਂ ਨੂੰ ਇੱਕ ਛੱਤਰੀ ਵਾਲੇ ਰਹੱਸਮਈ ਵਿਅਕਤੀ ਨੇ ਲੱਤ ਦੇ ਪਿਛਲੇ ਹਿੱਸੇ ਤੋਂ ਜਕੜ ਲਿਆ, ਫਿਰ ਉਹ ਭੱਜ ਗਿਆ।
ਬਾਅਦ ਵਿੱਚ ਮਾਰਕੋਵ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਿੱਥੇ ਉਨ੍ਹਾਂ ਨੇ ਸਟਾਫ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਉਨ੍ਹਾਂ ਨੂੰ ਬੁਲਗਾਰੀਆ ਖੁਫ਼ੀਆ ਸੇਵਾਵਾਂ ਅਤੇ ਕੇਜੀਬੀ ਵੱਲੋਂ ਜ਼ਹਿਰ ਦਿੱਤਾ ਗਿਆ ਹੈ।
ਤਿੰਨ ਦਿਨ ਬਾਅਦ 49 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਦੋ ਸਾਲ ਦੀ ਧੀ ਛੱਡ ਗਏ।
ਕਤਲ ਕਰਨ ਦਾ ਤਰੀਕਾ ਅਤੇ ਬੁਲਗਾਰੀਆ ਵਿੱਚ ਕਮਿਊਨਿਸਟ ਸ਼ਾਸਨ ਦੀ ਉਸ ਵੱਲੋਂ ਕੀਤੀ ਬੇਬਾਕ ਆਲੋਚਨਾ ਦਾ ਮਤਲਬ ਸੀ ਕਿ ਸੋਵੀਅਤ ਕੇਜੀਬੀ ਜਾਂ ਬੁਲਗਾਰੀਆ ਦੀਆਂ ਖੁਫ਼ੀਆ ਸੇਵਾਵਾਂ ਦੀ ਇਸ ਵਿੱਚ ਸ਼ਮੂਲੀਅਤ ਦਾ ਸ਼ੱਕ ਲੰਬੇ ਸਮੇਂ ਤੋਂ ਸੀ।
ਬਾਅਦ ਵਿੱਚ ਖੁਫ਼ੀਆ ਪੁਲਿਸ ਦੀਆਂ ਫਾਈਲਾਂ ਨੇ ਉਸ ਦੇ ਕਾਤਲ ਦੀ ਪਛਾਣ ਕੋਡ ਨਾਂ "ਪਿਕਾਡਿਲੀ" ਵਾਲੇ ਏਜੰਟ ਵਜੋਂ ਕੀਤੀ।
ਹਾਲਾਂਕਿ, ਇਸ ਕਤਲ ਦੇ ਮਾਮਲੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ।
9. ਅਫ਼ਰੀਕਨ ਸਪੋਰਟਸ ਪਰਸਨੈਲਿਟੀ ਆਫ ਦਿ ਈਅਰ ਟਰਾਫੀ
ਇਹ ਟਰਾਫੀ ਅਫ਼ਰੀਕਾ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਸਪੋਰਟਸ ਸਟਾਰ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਪੁਰਸਕਾਰ ਹੈ।
ਪਿਛਲੇ ਜੇਤੂਆਂ ਵਿੱਚ 2018 ਵਿੱਚ ਮਿਸਰ ਦੇ ਪ੍ਰੀਮੀਅਰ ਲੀਗ ਲਿਵਰਪੂਲ ਫੁੱਟਬਾਲਰ ਮੁਹੰਮਦ ਸਾਲਾਹ ਸ਼ਾਮਲ ਹਨ।

2001 ਤੋਂ ਇਹ ਪੁਰਸਕਾਰ ਸਿਰਫ਼ ਫੁੱਟਬਾਲਰਾਂ ਲਈ ਹੀ ਸੀ, ਪਰ 2021 ਵਿੱਚ ਇਸ ਨੂੰ ਅਫ਼ਰੀਕਨ ਸਪੋਰਟਸ ਪਰਸਨੈਲਿਟੀ ਆਫ਼ ਦਿ ਈਅਰ ਦੇ ਰੂਪ ਵਿੱਚ ਦੁਬਾਰਾ ਲਾਂਚ ਕੀਤਾ ਗਿਆ ਸੀ।
ਇਸ ਦਾ ਮਕਸਦ ਇਹ ਮਾਨਤਾ ਦੇਣਾ ਹੈ ਕਿ ਖੇਡ ਜਗਤ ਅਤੇ ਇਸ ਵਿੱਚ ਅਫ਼ਰੀਕਾ ਦਾ ਯੋਗਦਾਨ ਬਹੁਤ ਬਦਲ ਗਿਆ ਹੈ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੇਡ ਮੁਕਾਬਲਿਆਂ ਵਿੱਚ ਜ਼ਿਆਦਾ ਅਫ਼ਰੀਕੀ ਹਿੱਸਾ ਲੈ ਰਹੇ ਹਨ।
ਟਰਾਫੀ ਦਾ ਮਾਰਮਿਕ ਪਿਛੋਕੜ ਹੈ ਕਿਉਂਕਿ ਅਸਲੀ ਟਰਾਫੀ ਸੀਏਰਾ ਲਿਓਨ ਦੇ ਇੱਕ ਸਾਬਕਾ ਬਾਲ ਸੈਨਿਕ ਵੱਲੋਂ ਬਣਾਈ ਗਈ ਸੀ, ਜਿਸ ਦਾ ਜੀਵਨ ਉਦੋਂ ਬਦਲ ਗਿਆ ਜਦੋਂ ਉਸ ਨੂੰ ਆਰਟ ਮੇਕਿੰਗ ਪ੍ਰਤੀ ਆਪਣੇ ਜਨੂੰਨ ਬਾਰੇ ਪਤਾ ਲੱਗਿਆ।
10. ਡੇਵਿਡ ਐਟਨਬਰਾ ਅਤੇ ਗ੍ਰੀਨ ਪਲੈਨੇਟ
ਇਹ ਬ੍ਰਿਟਿਸ਼ ਬ੍ਰਾਡਕਾਸਟਰ ਅਤੇ ਕੁਦਰਤ ਪ੍ਰੇਮੀ ਆਪਣੀਆਂ ਬੀਬੀਸੀ ਵਾਈਲਡਲਾਈਫ ਡਾਕੂਮੈਂਟਰੀਜ਼ ਲਈ ਮਸ਼ਹੂਰ ਹਨ ਜੋ ਅੱਠ ਦਹਾਕਿਆਂ ਤੱਕ ਆਪਣਾ ਜਲਵਾ ਬਿਖੇਰਦੇ ਰਹੇ, ਨਾਲ ਹੀ ਉਨ੍ਹਾਂ ਦੀ ਪਿਆਰੀ ਤੇ ਦਮਦਾਰ ਆਵਾਜ਼ ਵਿੱਚ ਕੀਤੇ ਵੌਇਸ-ਓਵਰਾਂ ਲਈ ਵੀ ਉਹ ਪ੍ਰਸਿੱਧ ਹਨ।

ਤਸਵੀਰ ਸਰੋਤ, Getty Images
'ਬਲੂ ਪਲੈਨੇਟ', 'ਦਿ ਲਾਈਫ ਕਲੈਕਸ਼ਨ' ਅਤੇ 'ਨੈਚੁਰਲ ਵਰਲਡ' ਵਰਗੇ ਉਨ੍ਹਾਂ ਦੇ ਮਸ਼ਹੂਰ ਪ੍ਰੋਗਰਾਮਾਂ ਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਉਨ੍ਹਾਂ ਦੀ ਐਮੀ ਅਤੇ ਬਾਫਟਾ ਸਮੇਤ ਕਈ ਪੁਰਸਕਾਰ ਹਾਸਲ ਕਰਨ ਵਿੱਚ ਮਦਦ ਕੀਤੀ ਹੈ।
ਡੇਵਿਡ ਨੇ 1960 ਦੇ ਦਹਾਕੇ ਵਿੱਚ ਬੀਬੀਸੀ ਵਿੱਚ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ। ਉਹ ਬੀਬੀਸੀ ਟੂ ਦੇ ਨਿਯੰਤਰਕ ਅਤੇ ਬੀਬੀਸੀ ਟੈਲੀਵਿਜ਼ਨ ਲਈ ਪ੍ਰੋਗਰਾਮਿੰਗ ਦੇ ਨਿਰਦੇਸ਼ਕ ਵਜੋਂ ਸੇਵਾ ਕਰਦੇ ਹੋਏ ਕਾਰਪੋਰੇਸ਼ਨ ਵਿੱਚ ਇੱਕ ਸੀਨੀਅਰ ਮੈਨੇਜਰ ਬਣ ਗਏ।
ਜਲਵਾਯੂ ਪਰਿਵਰਤਨ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਉਨ੍ਹਾਂ ਦੇ ਕਾਰਜਾਂ ਨੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਰਾਹੀਂ 2021 ਵਿੱਚ "ਚੈਂਪੀਅਨ ਆਫ ਦਿ ਅਰਥ" ਚੁਣਨ ਵਿੱਚ ਯੋਗਦਾਨ ਦਿੱਤਾ।
ਡੇਵਿਡ ਦੀ ਨਵੀਂ ਬੀਬੀਸੀ ਪੰਜ ਭਾਗਾਂ ਦੀ ਸੀਰੀਜ਼ 'ਦਿ ਗ੍ਰੀਨ ਪਲੈਨੇਟ' ਵਿੱਚ ਉਹ ਗਰਮ ਦੇਸ਼ਾਂ ਦੇ ਬਰਸਾਤੀ ਜੰਗਲਾਂ ਤੋਂ ਬਰਫ਼ ਨਾਲ ਜੰਮੇ ਹੋਏ ਉੱਤਰ ਦੇ ਬੰਜਰ ਖੇਤਰਾਂ ਤੱਕ ਦੀ ਯਾਤਰਾ ਕਰਦੇ ਹੋਏ ਉਨ੍ਹਾਂ ਤਰੀਕਿਆਂ ਦੀ ਪੜਚੋਲ ਕਰਦੇ ਹਨ ਜਿਸ ਵਿੱਚ ਪੌਦੇ ਬਹੁਤ ਅਲਗ ਅਤੇ ਕਈ ਵਾਰ ਚਰਮ ਵਾਤਾਵਰਨ ਸਥਿਤੀਆਂ ਦਾ ਸਾਹਮਣਾ ਕਰਦੇ ਹਨ।

ਇਹ ਵੀ ਪੜ੍ਹੋ-












