ਇੰਡੋਨੇਸ਼ੀਆ ਫੁੱਟਬਾਲ ਮੈਚ ਦੌਰਾਨ 125 ਮੌਤਾਂ: ਚਸ਼ਮਦੀਦ ਗਵਾਹਾਂ ਨੇ ਘਟਨਾ ਬਾਰੇ ਜੋ ਦੱਸਿਆ

    • ਲੇਖਕ, ਜਾਰਜ ਰਾਈਟ
    • ਰੋਲ, ਬੀਬੀਸੀ ਪੱਤਰਕਾਰ

ਇੰਡੋਨੇਸ਼ੀਆ ਵਿੱਚ ਸ਼ਨੀਵਾਰ ਨੂੰ ਇੱਕ ਫੁੱਟਬਾਲ ਮੈਚ ਦੌਰਾਨ ਭੜਕੇ ਦੰਗੇ ਅਤੇ ਭਗਦੜ ਵਿੱਚ ਕਰੀਬ 125 ਜਣਿਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ।

ਇਸ ਨੂੰ ਦੁਨੀਆਂ ਵਿੱਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਸਟੇਡੀਅਮ ਹਾਦਸਿਆਂ ਵਿੱਚੋਂ ਇੱਕ ਦੱਸਿਆ ਗਿਆ ਹੈ ।

ਹਿੰਸਾ ਉਦੋਂ ਭੜਕੀ ਜਦੋਂ ਮੈਚ ਹਰਾਉਣ ਵਾਲੀ ਟੀਮ ਦੇ ਸਮਰਥਕ ਭੜਕ ਉੱਠੇ ਅਤੇ ਮੈਦਾਨ ਵਿੱਚ ਆ ਗਏ।

ਪੂਰਬੀ ਜਾਵਾ ਸੂਬੇ ਵਿੱਚ ਅਰੇਮਾ ਐੱਫ਼ਸੀ ਅਤੇ ਪਰਸਾਬੁਆਏ ਸੁਰਬਾਇਆ ਕਲੱਬ ਦੀਆਂ ਟੀਮਾਂ ਵਿਚਾਲੇ ਮੈਚ ਚੱਲ ਰਿਹਾ ਸੀ।

ਅਰੇਮਾ ਨੂੰ 2-3 ਦੇ ਅੰਕਾਂ ਨਾਲ ਹਾਰਦਿਆਂ ਦੇਖ ਉਸਦੇ ਸਮਰਥਕ ਮੈਚ ਵਿਚ ਦਾਖ਼ਲ ਹੋਣ ਲੱਗੇ ਹਨ।

ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲ਼ੇ ਦਾਗੇ ਗਏ ਅਤੇ ਇਸ ਹਫ਼ੜਾ-ਦਫ਼ੜੀ ਵਿਚ ਸਟੇਡੀਅਮ ਵਿਚ ਭਗਦੜ ਮੱਚ ਗਈ।

ਵਿਡੀਓਜ਼ ਵਿੱਚ ਆਖਰੀ ਸੀਟੀ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਪਿੱਚ ਵੱਲ ਦੌੜਦੇ ਦੇਖਿਆ ਗਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਕੀ ਦੇਖਿਆ?

ਮੈਚ ਦੇਖ ਰਹੇ 21 ਸਾਲਾ ਮੁਹੰਮਦ ਦੀਪੋ ਮੌਲਾਨਾ ਨੇ ਬੀਬੀਸੀ ਇੰਡੋਨੇਸ਼ੀਆ ਨੂੰ ਦੱਸਿਆ ਕਿ ਮੈਚ ਤੋਂ ਬਾਅਦ ਅਰੇਮਾ ਦੇ ਕੁਝ ਪ੍ਰਸ਼ੰਸਕ ਘਰੇਲੂ ਟੀਮ ਦੇ ਖਿਡਾਰੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰਨ ਲਈ ਮੈਦਾਨ ਵਿੱਚ ਉੱਤਰ ਗਏ ਸਨ। ਇਹਨਾਂ ਨੂੰ ਪੁਲਿਸ ਨੇ ਨਾਲ ਦੀ ਨਾਲ ਰੋਕ ਦਿੱਤਾ ਗਿਆ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ।

"ਇਸ ਤੋਂ ਬਾਅਦ ਕੁਝ ਹੋਰ ਦਰਸ਼ਕ ਵਿਰੋਧ 'ਚ ਮੈਦਾਨ 'ਤੇ ਉਤਰ ਆਏ ਅਤੇ ਫਿਰ ਪੂਰੇ ਸਟੇਡੀਅਮ 'ਚ ਤਣਾਅ ਦਾ ਮਾਹੌਲ ਬਣ ਗਿਆ। ਉੱਥੇ ਪੁਲਿਸ ਦੇ ਮੁਲਾਜ਼ਮਾਂ ਦੀ ਗਿਣਤੀ ਵੀ ਵਧ ਗਈ। ਉਹ ਢਾਲ ਅਤੇ ਕੁੱਤਿਆਂ ਨਾਲ ਉੱਥੇ ਆਏ ਸਨ।"

ਦੀਪੋ ਦਾ ਕਹਿਣਾ ਹੈ ਕਿ ਉਸ ਨੇ ਸਟੇਡੀਅਮ 'ਚ ਦਰਸ਼ਕਾਂ 'ਤੇ ਸੁੱਟੇ ਘੱਟੋ-ਘੱਟ 20 ਅੱਥਰੂ ਗੈਸ ਦੇ ਗੋਲਿਆਂ ਦੀ ਅਵਾਜ਼ ਸੁਣੀ।

"ਇਹ ਬਹੁਤ ਸਾਰੇ ਗੋਲੇ ਸਨ ਜੋ ਵਾਰ-ਵਾਰ ਸੁੱਟੇ ਜਾ ਰਹੇ ਸਨ। ਉਨ੍ਹਾਂ ਦੀ ਆਵਾਜ਼ ਲਗਾਤਾਰ ਅਤੇ ਤੇਜੀ ਨਾਲ ਆ ਰਹੀ ਸੀ। ਇਹ ਸਾਰੇ ਗੋਲੇ ਸਟੇਡੀਅਮ ਵਿੱਚ ਦਰਸ਼ਕਾਂ 'ਤੇ ਚਲਾਏ ਜਾ ਰਹੇ ਸਨ।"

ਦੀਪੋ ਨੇ ਕਿਹਾ, "ਸਟੇਡੀਅਮ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਲੋਕ ਅਸਾਂਤ ਅਤੇ ਘਬਰਾਏ ਹੋਏ ਸਨ। ਉਹਨਾਂ ਦਾ ਦਮ ਘੁੱਟ ਰਿਹਾ ਸੀ। ਉਸ ਥਾਂ ਉਪਰ ਬਹੁਤ ਸਾਰੇ ਅਜਿਹੇ ਬੱਚੇ ਅਤੇ ਬਜ਼ੁਰਗ ਸਨ ਜਿਨ੍ਹਾਂ 'ਤੇ ਅੱਥਰੂ ਗੈਸ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਸੀ।"

ਇੱਕ ਚਸ਼ਮਦੀਦ ਡਵੀ ਨੇ ਕੋਂਪਾਸ ਨੂੰ ਇਸ ਘਟਨਾ ਦੇ ਪਲਾਂ ਬਾਰੇ ਦੱਸਿਆ।

ਡਵੀ ਨੇ ਮੰਨਿਆ ਕਿ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਉਸ ਨੇ ਪੈਰਾਂ ਹੇਠ ਮਿੱਧਦੇ ਹੋਏ ਦੇਖਿਆ।

"ਇਸ ਤੋਂ ਇਲਾਵਾ, ਮੈਂ ਦੇਖਿਆ ਕਿ ਜਦੋਂ ਅੱਥਰੂ ਗੈਸ ਦੇ ਗੋਲਿਆਂ ਕਾਰਨ ਪੱਖੇ ਚੱਲ ਰਹੇ ਸਨ ਤਾਂ ਬਹੁਤ ਸਾਰੇ ਲੋਕ ਪੈਰਾਂ ਹੇਠ ਮਿੱਧੇ ਜਾ ਰਹੇ ਸਨ।"

ਪੀਐਸਐਸਆਈ ਦੇ ਜਨਰਲ ਚੇਅਰ ਮੁਹੰਮਦ ਇਰੀਆਵਾਨ ਨੇ ਆਪਣੀ ਵੈਬਸਾਈਟ 'ਤੇ ਇੱਕ ਅਧਿਕਾਰਤ ਬਿਆਨ ਰਾਹੀਂ ਲਿਖਿਆ, "ਪੀਐਸਐਸਆਈ ਨੂੰ ਕੰਜੂਰੂਹਾਨ ਸਟੇਡੀਅਮ ਵਿੱਚ ਅਰੇਮਾਨੀਆ ਸਮਰਥਕਾਂ ਦੀਆਂ ਕਾਰਵਾਈਆਂ 'ਤੇ ਅਫਸੋਸ ਹੈ। ਅਸੀਂ ਇਸ ਘਟਨਾ ਲਈ ਪੀੜਤ ਪਰਿਵਾਰਾਂ ਅਤੇ ਸਾਰੀਆਂ ਧਿਰਾਂ ਤੋਂ ਮੁਆਫੀ ਮੰਗਦੇ ਹਾਂ।"

  • ਫੁੱਟਬਾਲ ਮੈਚ ਵਿੱਚ ਭਗਦੜ ਕਾਰਨ 125 ਲੋਕਾਂ ਦੀ ਮੌਤ, ਲਗਭਗ 180 ਲੋਕ ਜ਼ਖਮੀ
  • ਭਗਦੜ ਪੂਰਬੀ ਜਾਵਾ 'ਚ ਅਰੇਮਾ ਐਫਸੀ ਦੇ ਪਰਸੇਬਾਯਾ ਸੁਰਾਬਾਇਆ ਤੋਂ ਹਾਰਨ ਬਾਅਦ ਵਾਪਰੀ
  • ਆਖਰੀ ਸੀਟੀ ਤੋਂ ਬਾਅਦ ਪ੍ਰਸ਼ੰਸਕ ਪਿੱਚ ਵੱਲ ਦੌੜਦੇ
  • ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਭੀੜ ਵਿੱਚ ਭਗਦੜ ਮੱਚ ਗਈ
  • ਮਰਨ ਵਾਲਿਆਂ ਵਿੱਚ ਦੋ ਪੁਲਿਸ ਮੁਲਾਜਮ ਵੀ ਸ਼ਾਮਲ

ਪੂਰਬੀ ਜਾਵਾ ਦੇ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਭੀੜ ਵਿੱਚ ਭਗਦੜ ਮੱਚ ਗਈ ਅਤੇ ਦਮ ਘੁੱਟਣ ਦੇ ਮਾਮਲੇ ਸਾਹਮਣੇ ਆਏ।

ਐਮਨੇਸਟੀ ਅਤੇ ਫੀਫਾ ਨੇ ਕੀ ਕਿਹਾ ?

ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਐਮਨੈਸਟੀ ਇੰਟਰਨੈਸ਼ਨਲ ਇੰਡੋਨੇਸ਼ੀਆ ਦੇ ਕਾਰਜਕਾਰੀ ਨਿਰਦੇਸ਼ਕ ਉਸਮਾਨ ਹਾਮਿਦ ਨੇ ਵੀ ਮਾਮਲੇ ਤੋਂ ਬਾਅਦ ਪੁਲਿਸ ਨੂੰ ਅਪੀਲ ਕੀਤੀ ਹੈ।

"ਅਸੀਂ ਪੁਲਿਸ ਨੂੰ ਅੱਥਰੂ ਗੈਸ ਅਤੇ ਹੋਰ ਘੱਟ ਖਤਰਨਾਕ ਹਥਿਆਰਾਂ ਦੀ ਵਰਤੋਂ ਬਾਰੇ ਆਪਣੀਆਂ ਨੀਤੀਆਂ ਉਪਰ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਤਰ੍ਹਾਂ ਦੀ ਭਿਆਨਕ ਘਟਨਾ ਦੁਬਾਰਾ ਕਦੇ ਨਾ ਵਾਪਰੇ।"

ਫੁੱਟਬਾਲ ਦੀ ਅੰਤਰਰਾਸ਼ਟਰੀ ਰੈਗੂਲੇਟਰੀ ਬਾਡੀ ਫੀਫਾ ਨੇ ਕਿਹਾ ਹੈ ਕਿ ਪੁਲਿਸ ਨੂੰ ਮੈਚ 'ਚ ਬੇਕਾਬੂ ਭੀੜ ਨੂੰ ਕੰਟਰੋਲ ਕਰਨ ਲਈ ਗੈਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨੇ ਕਿਹਾ, "ਫੁੱਟਬਾਲ ਨਾਲ ਜੁੜੇ ਸਾਰੇ ਲੋਕਾਂ ਲਈ ਇਹ ਕਾਲਾ ਦਿਨ ਹੈ ਅਤੇ ਇਹ ਦੁਖਾਂਤ ਸਮਝ ਤੋਂ ਬਾਹਰ ਹੈ। ਮੈਂ ਇਸ ਦੁਖਦਾਈ ਘਟਨਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।"

'ਸਾਰੇ ਅਰਾਜਕ ਤੱਤ ਨਹੀਂ ਸਨ'

ਦੇਸ਼ ਦੇ ਮੁੱਖ ਸੁਰੱਖਿਆ ਮੰਤਰੀ ਨੇ ਕਿਹਾ ਹੈ ਕਿ ਸਟੇਡੀਅਮ ਦੀ ਸਮਰੱਥਾ ਤੋਂ ਵੱਧ ਦਰਸ਼ਕ ਪਹੁੰਚ ਗਏ ਸਨ ਜੋ ਕਿ 4000 ਦੇ ਕਰੀਬ ਸਨ।

ਉਹਨਾਂ ਨੇ ਕਿਹਾ ਕਿ, "ਇਹ ਅਰਾਜਕ ਹੋ ਗਿਆ ਸੀ। ਉਹਨਾਂ ਨੇ ਅਧਿਕਾਰੀਆਂ ਉਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਾਉਣ ਲੱਗੇ।"

"ਅਸੀਂ ਇਹ ਦੱਸਣਾ ਚਹੁੰਦੇ ਹਾਂ ਕਿ ਸਾਰੇ ਅਰਾਜਕ ਤੱਤ ਨਹੀਂ ਸਨ। ਸਿਰਫ਼ ਕਰੀਬ 3000 ਲੋਕ ਸਨ ਜੋ ਪਿੱਚ ਤੱਕ ਚਲੇ ਗਏ ਸੀ।"

ਨਿਕੋ ਅਫਿੰਟਾ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਦੋ ਪੁਲਿਸ ਮੁਲਾਜਮ ਵੀ ਸ਼ਾਮਲ ਹਨ।

ਇੰਡੋਨੇਸ਼ੀਆਈ ਫੁੱਟਬਾਲ ਐਸੋਸੀਏਸ਼ਨ (ਪੀਐੱਸਐੱਸਆਈ) ਨੇ ਕਿਹਾ ਕਿ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਨੇ ਇੰਡੋਨੇਸ਼ੀਆਈ ਫੁੱਟਬਾਲ ਦਾ "ਅਕਸ ਖਰਾਬ ਕਰ ਦਿੱਤਾ ਹੈ"।

ਚੋਟੀ ਦੀ ਲੀਗ ਬੀਆਰਆਈ ਲੀਗਾ 1 ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਫੁੱਟਬਾਲ ਮੈਚਾਂ ਦੌਰਾਨ ਹਿੰਸਾ ਕੋਈ ਨਵੀਂ ਗੱਲ ਨਹੀਂ

ਇੰਡੋਨੇਸ਼ੀਆ ਵਿੱਚ ਫੁੱਟਬਾਲ ਮੈਚਾਂ ਦੌਰਾਨ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ। ਅਰੇਮਾ ਐਫਸੀ ਅਤੇ ਪਰਸੇਬਾਯਾ ਸੁਰਾਬਾਇਆ ਲੰਬੇ ਸਮੇਂ ਤੋਂ ਵਿਰੋਧੀ ਹਨ।

ਪਰਸੇਬਾਯਾ ਸੁਰਾਬਾਇਆ ਪ੍ਰਸ਼ੰਸਕਾਂ ਨੂੰ ਝੜਪਾਂ ਦੇ ਡਰ ਕਾਰਨ ਮੈਚ ਦੀਆਂ ਟਿਕਟਾਂ ਖਰੀਦਣ 'ਤੇ ਪਾਬੰਦੀ ਲਗਾਈ ਗਈ ਸੀ।

ਮੁੱਖ ਸੁਰੱਖਿਆ ਮੰਤਰੀ ਮਹਿਫੂਦ ਐਮਡੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਕੰਜੂਰੂਹਾਨ ਸਟੇਡੀਅਮ ਵਿੱਚ ਮੈਚ ਲਈ 42,000 ਟਿਕਟਾਂ ਵੇਚੀਆਂ ਗਈਆਂ ਸਨ ਜਿਸ ਦੀ ਸਮਰੱਥਾ 38,000 ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)