ਲੈਸਟਰ: ਹਾਲਾਤ ਤੇ ਕਾਰਨ, ਜਿਨ੍ਹਾਂ ਹਿੰਦੂ ਤੇ ਮੁਸਲਮਾਨਾਂ ਨੂੰ ਆਪੋ ਵਿਚ ਲੜਾ ਦਿੱਤਾ

ਤਸਵੀਰ ਸਰੋਤ, BBC/JEREMY BALL
- ਲੇਖਕ, ਕਵਿਤਾ ਪੁਰੀ
- ਰੋਲ, ਬੀਬੀਸੀ ਪੱਤਰਕਾਰ
ਕਈ ਦਹਾਕਿਆਂ ਤੱਕ, ਕਿੰਨੇ? ਲਗਭਗ ਸੱਤ ਦਹਾਕਿਆਂ ਤੱਕ। ਬ੍ਰਿਟੇਨ ਵਿੱਚ ਲੈਸਟਰ ਦੀ ਪਛਾਣ ਇੱਕ ਡੂੰਘੀ ਭਾਈਚਾਰਕ ਸਾਂਝ ਵਾਲੇ ਆਦਰਸ਼ ਇਲਾਕੇ ਵਜੋਂ ਸੀ।
ਪਿਛਲੇ ਦਿਨਾਂ ਦੌਰਾਨ ਹੋਏ ਹਿੰਦੂ-ਮੁਸਲਮਾਨ ਤਣਾਅ ਨੇ ਇਸ ਇਲਾਕੇ ਨੂੰ ਜਾਨਣ ਵਾਲਿਆਂ ਦੇ ਮਨਾਂ ਵਿੱਚ ਗੰਭੀਰ ਕਿਸਮ ਦੇ ਸਵਾਲ ਖੜ੍ਹੇ ਕੀਤੇ ਹਨ।
ਸਾਲ 1951 ਦੀ ਜਨਗਣਨਾ ਦੇ ਮੁਤਾਬਕ ਲੈਸਟਰ ਵਿੱਚ ਦੱਖਣ ਏਸ਼ੀਆਈ ਮੂਲ ਦੇ ਮਹਿਜ਼ 624 ਜਣੇ ਰਹਿ ਰਹੇ ਸਨ। ਉਸ ਤੋਂ 70 ਸਾਲ ਬਾਅਦ ਇਹ ਇਲਾਕਾ ਦੱਖਣ ਏਸ਼ੀਆਈ ਮੂਲ ਦੇ ਬ੍ਰਿਟਿਸ਼ਾਂ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਗੜ੍ਹ ਹੈ।
ਲੈਸਟਰ ਵਿਚ ਹਿੰਦੂ-ਮੁਸਲਮਾਨਾਂ ਦਾ ਵਸੇਬਾ
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਈਸਟ ਮਿਡਲੈਂਡਜ਼ ਵਿੱਚ ਭਾਰਤੀ ਉਪ-ਮਹਾਂਦੀਪ ਤੋਂ ਜੋ ਲੋਕ ਦੋ ਲਹਿਰਾਂ ਵਿੱਚ ਆਕੇ ਵਸੇ।
ਪਹਿਲਾ ਪੜਾਅ ਹੈ ਸਾਲ 1947 ਵਿੱਚ ਹੋਈ ਭਾਰਤ-ਪਾਕਿਸਤਾਨ ਦੀ ਵੰਡ। ਇਸ ਵੰਡ ਤੋਂ ਬਾਅਦ ਭਿਆਨਕ ਫਿਰਕੂ ਦੰਗੇ ਹੋਏ ਅਤੇ ਲਗਭਗ ਇੱਕ ਤੋਂ 1.20 ਕਰੋੜ ਲੋਕ ਘਰੋਂ-ਬੇਘਰੇ ਹੋਏ।

ਤਸਵੀਰ ਸਰੋਤ, Getty Images
ਦੂਜੇ ਪੜਾਅ ਵਿੱਚ ਹੈ 1948 ਦਾ ਬ੍ਰਿਟਿਸ਼ ਨਾਗਰਿਕਤਾ ਐਕਟ। ਇਸ ਦੇ ਤਹਿਤ ਸਾਰੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਗਰਿਕਾਂ ਨੂੰ ਬ੍ਰਿਟੇਨ ਆ ਕੇ ਵਸਣ ਦਾ ਹੱਕ ਦੇ ਦਿੱਤਾ।
ਬਹੁਤ ਸਾਰੇ ਬੇਆਸਰਾ ਲੋਕ ਜਿਨ੍ਹਾਂ ਦੀਆਂ ਜ਼ਿੰਦਗੀਆਂ ਵੰਡ ਕਾਰਨ ਪ੍ਰਭਵਿਤ ਹੋਈਆਂ ਸਨ। ਉਨ੍ਹਾਂ ਨੇ ਆਪਣੇ ਸਾਬਕਾ ਬਸਤੀਵਾਦੀ ਹਾਕਮ ਦੀ ਬ੍ਰਿਟੇਨ ਦੇ ਵਿਕਾਸ ਵਿੱਚ ਹਿੱਸਾ ਪਾਉਣ ਦੇ ਸੱਦੇ ਨੂੰ ਪ੍ਰਵਾਨ ਕੀਤਾ ਅਤੇ ਬ੍ਰਿਟੇਨ ਵਿੱਚ ਆਕੇ ਵਸ ਗਏ।
ਸਾਲ 1950 ਤੋਂ ਬਾਅਦ ਬਹੁਤ ਸਾਰੇ ਭਾਰਤੀ ਅਤੇ ਪਾਕਿਸਤਾਨੀ ਲੈਸਟਰ ਵਿੱਚ ਇੱਕ ਦੇ ਮਗਰ ਇੱਕ ਆ ਕੇ ਵਸ ਗਏ।
ਇੱਥੇ ਆਉਣ ਦਾ ਸੱਦਾ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਵਾਸੀਆਂ ਅਤੇ ਪਰਿਵਾਰਕ ਜੀਆਂ ਨੇ ਦਿੱਤਾ ਸੀ ਜੋ ਪਹਿਲਾਂ ਤੋਂ ਇੱਥੇ ਵਸੇ ਹੋਏ ਸਨ।

ਤਾਜ਼ਾ ਘਟਨਾਕ੍ਰਮ ਕੀ ਸੀ
- ਲੰਡਨ ਦੇ ਸ਼ਹਿਰ ਲੈਸਟਰ ਵਿੱਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਵਿਚਾਲੇ ਤਣਾਅ ਵਧ ਗਿਆ ਸੀ।
- ਇਹ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ 28 ਅਗਸਤ ਨੂੰ ਹੋਣ ਵਾਲੀ ਪਹਿਲੀ ਘਟਨਾ ਦੇ ਨਾਲ ਇੱਥੇ ਪੈਦਾ ਹੋਈ ਅਸ਼ਾਂਤੀ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ।
- ਪੁਲਿਸ ਮੁਤਾਬਕ ਇੱਥੇ ਅਚਾਨਕ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।
- ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਤੋਂ ਬਾਅਦ ਕਈ ਥਾਵਾਂ 'ਤੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਤਣਾਅ ਦੇ ਹਾਲਾਤ ਪੈਦਾ ਹੋ ਗਏ।
- ਲੈਸਟਰ ਵਿੱਚ ਰਹਿਣ ਵਾਲੇ 37% ਲੋਕ ਦੱਖਣੀ ਏਸ਼ੀਆਈ ਮੂਲ ਦੇ ਹਨ ਅਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤੀ ਹਨ।
- ਐਤਵਾਰ ਨੂੰ ਲਗਭਗ 100 ਲੋਕਾਂ ਦੀ ਸ਼ਮੂਲੀਅਤ ਵਾਲਾ ਇੱਕ ਹੋਰ ਪ੍ਰਦਰਸ਼ਨ ਹੋਇਆ, ਪਰ ਪੁਲਿਸ ਨੇ ਕਿਹਾ ਕਿ ਸੋਮਵਾਰ ਤੱਕ ਰਾਤ ਭਰ ਕੋਈ ਹੋਰ ਗੜਬੜ ਨਹੀਂ ਹੋਈ।
- ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁੱਸੇ ਦੀ ਅੱਗ ਦੋਵੇਂ ਪਾਸੇ ਭੜਕ ਰਹੀ ਸੀ।
ਲੈਸਟਰ ਸ਼ਹਿਰ
- ਲਗਭਗ ਸੱਤ ਦਹਾਕਿਆਂ ਤੱਕ ਬ੍ਰਿਟੇਨ ਵਿੱਚ ਲੈਸਟਰ ਦੀ ਪਛਾਣ ਇੱਕ ਡੂੰਘੀ ਭਾਈਚਾਰਕ ਸਾਂਝ ਵਾਲੇ ਆਦਰਸ਼ ਇਲਾਕੇ ਵਜੋਂ ਸੀ।
- ਸਾਲ 1950 ਤੋਂ ਬਾਅਦ ਬਹੁਤ ਸਾਰੇ ਭਾਰਤੀ ਅਤੇ ਪਾਕਿਸਤਾਨੀ ਲੈਸਟਰ ਵਿੱਚ ਇੱਕ ਦੇ ਮਗਰ ਇੱਕ ਆ ਕੇ ਵਸ ਗਏ।
- ਇੱਥੇ ਜ਼ਿਆਦਾਤਰ ਲੋਕ ਪੰਜਾਬ ਤੋਂ ਆ ਕੇ ਵਸੇ ਹਨ। ਜੋ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸੀ।
- ਜੋ ਲੋਕ ਆਪਣੀ ਮੂਲ ਧਰਤੀ ਉੱਪਰ ਇੱਕ ਜਨੂੰਨ ਦੇ ਤਹਿਤ ਇੱਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਉਨ੍ਹਾਂ ਨੇ ਲੈਸਟਰ ਵਿੱਚ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ।
- ਹੁਣ ਲੋਕ ਸ਼ਹਿਰ ਵਿੱਚ ਵਾਪਰੇ ਤਾਜ਼ਾ ਹਿੰਸਕ ਘਟਨਾਕ੍ਰਮ ਤੋਂ ਚਿੰਤਤ ਹਨ।
- ਅਜਿਹੇ ਵੀ ਸਮੇਂ ਸਨ ਜਦੋਂ ਭਾਰਤੀ ਉਪ-ਮਹਾਂਦੀਪ ਦੀ ਸਿਆਸਤ ਦੇ ਰੰਗ ਲੈਸਟਰ ਦੀਆਂ ਸੜਕਾਂ ਉੱਪਰ ਦੇਖਣ ਨੂੰ ਮਿਲੇ।
- ਇੱਥੇ 1984 ਦੇ ਅਪਰੇਸ਼ਨ ਬਲੂ ਸਟਾਰ ਅਤੇ ਗੁਜਰਾਤ ਦੰਗਿਆਂ ਦਾ ਵੀ ਅਸਰ ਪਿਆ ਪਰ ਕਦੇ ਹਿੰਸਾ ਨਹੀਂ ਹੋਈ।
- ਕਈ ਪੀੜ੍ਹੀਆਂ ਤੋਂ ਰਹਿ ਰਹੇ ਪਰਿਵਾਰ ਵੀ ਇਸ ਸਭ ਤੋਂ ਸਦਮੇ ਵਿੱਚ ਹਨ। ਜੋ ਕੁਝ ਉਨ੍ਹਾਂ ਨੇ ਦੇਖਿਆ, ਉਸ ਉੱਪਰ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ।

ਲੈਸਟਰ ਇੱਕ ਲੁਭਾਵਣਈ ਥਾਂ ਸੀ। ਇੱਥੇ ਖੁਸ਼ਹਾਲੀ ਸੀ ਅਤੇ ਰੁਜ਼ਗਾਰ ਸੀ। ਇੱਥੇ ਟਾਇਰਾਂ ਦੀ ਵੱਡੀ ਕੰਪਨੀ ਡਨਲਪ ਅਤੇ ਟਾਈਪਿੰਗ ਮਸ਼ੀਨਾਂ ਦੀ ਨਿਰਮਾਤਾ ਕੰਪਨੀ ਇੰਪੀਰੀਅਨ ਟਾਈਪਰਾਈਟਰ ਅਤੇ ਹੌਜਰੀ ਦੀਆਂ ਵਿਸ਼ਾਲ ਮਿੱਲਾਂ ਸਨ।
ਸ਼ੁਰੂਆਤੀ ਲੋਕਾਂ ਨੇ ਪਹਿਲਾਂ-ਪਹਿਲ ਆਪੋ-ਆਪਣੇ ਵਿੱਤ ਮੂਜਬ ਲੈਸਟਰ ਦੇ ਉੱਤਰ-ਪੂਰਬ ਵਿੱਚ ਸਪਿਨੀ ਹਿੱਲ ਪਾਰਕ ਅਤੇ ਬੈਲਗਰੇਵ ਰੋਡ ਦੇ ਨਿੱਜੀ ਘਰਾਂ ਵਿੱਚ ਟਿਕਾਣਾ ਕੀਤਾ। ਇਹ ਉਹੀ ਥਾਵਾਂ ਹਨ ਜਿੱਥੇ ਤਾਜ਼ਾ ਤਣਾਅ ਵਾਪਰਿਆ ਹੈ।
ਪੰਜਾਬ ਤੋਂ ਆਕੇ ਵਸੇ ਲੋਕ
ਜ਼ਿਆਦਾਤਰ ਲੋਕ ਪੰਜਾਬ ਤੋਂ ਆ ਕੇ ਵਸੇ ਹਨ। ਇਹ ਅਜਿਹਾ ਖੇਤਰ ਸੀ ਜੋ ਭਾਰਤ ਅਤੇ ਪਾਕਿਸਤਾਨ ਦੀ ਵੰਡ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ।
ਇਨ੍ਹਾਂ ਲੋਕਾਂ ਵਿੱਚ ਵੰਡ ਨੂੰ ਪਿੰਡੇ 'ਤੇ ਹੰਢਾਉਣ ਵਾਲੇ ਸਿੱਖ, ਮੁਸਲਮਾਨ ਅਤੇ ਹਿੰਦੂ ਸ਼ਾਮਲ ਸਨ।
ਜੋ ਲੋਕ ਆਪਣੀ ਮੂਲ ਧਰਤੀ ਉੱਪਰ ਇੱਕ ਜਨੂੰਨ ਦੇ ਤਹਿਤ ਇੱਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਉਨ੍ਹਾਂ ਨੇ ਲੈਸਟਰ ਵਿੱਚ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ।
ਇਨ੍ਹਾਂ ਲੋਕਾਂ ਨੇ ਭਾਰਤੀ ਕਾਮਿਆਂ ਦੀ ਐਸੋਸੀਏਸ਼ਨ ਦੇ ਝੰਡੇ ਥੱਲੇ ਬਰਾਬਰੀ ਅਤੇ ਨਸਲੀ ਵਿਤਕਰੇ ਵਰਗੇ ਮੁੱਦਿਆਂ ਉੱਪਰ ਸੰਘਰਸ਼ ਵੀ ਕੀਤਾ।
1960 ਦੇ ਦਹਾਕੇ ਦੀ ਸ਼ੁਰੂਆਤ ਤੱਕ ਇਨ੍ਹਾਂ ਪਰਵਾਸੀਆਂ ਦੀਆਂ ਪਤਨੀਆਂ ਅਤੇ ਬੱਚੇ ਵੀ ਉਨ੍ਹਾਂ ਦੇ ਕੋਲ ਆ ਗਏ।
ਫਿਰ ਇਸ ਦਹਾਕੇ ਦੇ ਮੱਧ ਤੱਕ ਪੂਰਬ ਅਫ਼ਰੀਕੀ ਅਤੇ ਦੱਖਣ ਏਸ਼ੀਆਈ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਗੁਜਰਾਤੀ ਵੀ ਆਉਣੇ ਸ਼ੁਰੂ ਹੋ ਗਏ।
ਇਹ ਥਾਵਾਂ ਕਦੇ ਬ੍ਰਿਟੇਨ ਦੇ ਅਧੀਨ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੇ ਪਾਬੰਦੀਆਂ ਦੇਖੀਆਂ ਹਨ। ਸਮੇਂ ਦੇ ਨਾਲ ਤਨਜ਼ਾਨੀਆ ਅਤੇ ਕੀਨੀਆ ਵੀ ਬ੍ਰਿਟੇਨ ਤੋਂ ਅਜ਼ਾਦ ਹੋ ਗਏ।

ਤਸਵੀਰ ਸਰੋਤ, Getty Images
ਬਹੁਤ ਸਾਰੇ ਲੋਕ ਲੈਸਟਰ ਦੇ ਬੇਲਗਰੇਵ, ਰਸ਼ੀ ਮੀਡ ਅਤੇ ਮੈਲਟੋਨ ਰੋਡ ਇਲਾਕਿਆਂ ਵਿੱਚ ਵਸ ਗਏ।
ਜਦੋਂ ਯੂਗਾਂਡਾ ਦੇ ਪ੍ਰਧਾਨ ਮੰਤਰੀ ਇਦੀ ਆਮਿਨ ਨੇ ਏਸ਼ੀਆਈ ਲੋਕਾਂ ਨੂੰ 1972 ਵਿੱਚ ਜਲਾਵਤਨ ਕਰ ਦਿੱਤਾ ਤਾਂ ਲੈਸਟਰ ਵਿੱਚ ਹੋਰ ਲੋਕ ਆਉਣ ਦੀ ਉਮੀਦ ਕੀਤੀ ਗਈ।
ਲੈਸਟਰ ਦੀ ਸਿਟੀ ਕਾਊਂਸਲ ਨੇ ਯੂਗਾਂਡਾ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਛਪਵਾ ਕੇ ਯੂਕੇ ਆਉਣ ਵਾਲੇ ਪਰਵਾਸੀਆਂ ਨੂੰ ਲੈਸਟਰ ਆਉਣ ਤੋਂ ਰੋਕਣਾ ਚਾਹਿਆ। ਫਿਰ ਵੀ ਪੂਰਬ ਅਫ਼ਰੀਕੀ ਅਤੇ ਏਸ਼ੀਅਨ ਭਾਈਚਾਰਿਆਂ ਦੇ ਬਹੁਤ ਸਾਰੇ ਲੋਕ ਲੈਸਟਰ ਵਿੱਚ ਆਕੇ ਵਸ ਗਏ।
ਇੱਥੇ ਉਨ੍ਹਾਂ ਨੇ ਆਪਣੇ ਕਾਰੋਬਾਰ ਚਲਾਏ। ਇਹ ਮੁੱਖ ਤੌਰ 'ਤੇ ਰਿਟੇਲ ਅਤੇ ਹੌਜਰੀ, ਨਿਰਮਾਣ ਦੇ ਖੇਤਰਾਂ ਵਿੱਚ ਸਰਗਰਮ ਸਨ।
ਸਾਲ 1971 ਦੇ ਆਉਣ ਤੱਕ ਲੈਸਟਰ ਵਿੱਚ ਦੱਖਣ ਏਸ਼ੀਆਈ ਵਿਰਾਸਤ ਦੇ 20,190 ਲੋਕ ਵਸਦੇ ਸਨ।
ਜਿਵੇਂ-ਜਿਵੇਂ ਇੱਥੇ ਬ੍ਰਿਟੇਨ ਦੀਆਂ ਸਾਬਕਾ ਬਸਤੀਆਂ ਵਿੱਚੋਂ ਲੋਕ ਆ ਕੇ ਵਸ ਰਹੇ ਸਨ, ਇਲਾਕੇ ਵਿੱਚ ਸੱਜੇ ਪੱਖੀ ਸੰਗਠਨ ਨੈਸ਼ਨਲ ਫਰੰਟ ਦਾ ਵੀ ਉਭਾਰ ਹੋ ਰਿਹਾ ਸੀ।

ਇਹ ਵੀ ਪੜ੍ਹੋ-

ਲੰਡਨ ਦੀ ਐਸਓਏਐਸ ਯੂਨੀਵਰਿਸਿਟੀ ਵਿੱਚ ਸਿੱਖ ਧਰਮ ਅਤੇ ਪੰਜਾਬ ਸਟੱਡੀਜ਼ ਬਾਰੇ ਪ੍ਰੋਫ਼ੈਸਰ ਐਮੀਰਟਾਸ, ਗੁਰਹਰਪਾਲ ਸਿੰਘ ਨੇ ਲਗਭਗ ਆਪਣੀ ਸਾਰੀ ਜ਼ਿੰਦਗੀ ਹੀ ਲੈਸਟਰ ਵਿੱਚ ਬਿਤਾਈ ਹੈ।
ਨਸਲੀ ਹਮਲਿਆਂ ਖ਼ਿਲਾਫ਼ ਲੜਨ ਵਾਲੇ
ਉਹ 1964 ਵਿੱਚ ਪੰਜਾਬ ਤੋਂ ਇੱਥੇ ਆ ਕੇ ਵਸੇ ਸਨ। ਉਨ੍ਹਾਂ ਦੇ ਪਿਤਾ ਸ਼ਹਿਰ ਦੀ ਇੱਕ ਚਿਪਸ ਫੈਕਟਰੀ ਵਿੱਚ ਮੈਨੇਜਰ ਸਨ।
ਉਹ ਯਾਦ ਕਰਦੇ ਹਨ ਕਿ ਕਿਵੇਂ ਇੱਥੇ ਨਸਲੀ ਵਿਤਕਰੇ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਸੀ। ਉਹ ਭਾਵੇਂ ਸਕੂਲ ਸੀ ਜਾਂ ਕੰਮ ਦੀਆਂ ਥਾਵਾਂ, ਜਾਂ ਗਲੀ-ਗੁਆਂਢ। ਹਰ ਪਾਸੇ ਨੈਸ਼ਨਲ ਫਰੰਟ ਦੇ ਮਾਰਚ ਦਾ ਭੈਅ ਛਾਇਆ ਰਹਿੰਦਾ ਸੀ।
ਇਸ ਸੱਜੇ ਪੱਖੀ ਸੰਗਠਨ ਦੀ ਲਹਿਰ 1967 ਦੀਆਂ ਸਥਾਨਕ ਚੋਣਾਂ ਸਮੇਂ ਆਪਣੇ ਸਿਖਰਾਂ ਉੱਪਰ ਸੀ। ਉਨ੍ਹਾਂ ਨੇ 18 ਫ਼ੀਸਦੀ ਵੋਟਾਂ ਹਾਸਲ ਕੀਤੀਆਂ।

ਤਸਵੀਰ ਸਰੋਤ, Getty Images
ਉਸ ਪੂਰੇ ਦਹਾਕੇ ਦੌਰਾਨ ਵੀ ਸਿੱਖ, ਮੁਸਲਮਾਨ ਅਤੇ ਹਿੰਦੂ ਮਿਲ ਕੇ ਕੰਮਕਾਜ ਕਰਦੇ ਰਹੇ। ਅਜਿਹੇ ਵੀ ਸਮੇਂ ਸਨ ਜਦੋਂ ਸੜਕਾਂ ਤੇ ਨੈਸ਼ਨਲ ਫਰੰਟ ਅਤੇ ਨਸਲੀ ਵਿਤਕਰੇ ਦੇ ਵਿਰੋਧੀਆਂ ਵਿੱਚ ਝੜਪਾਂ ਹੁੰਦੀਆਂ ਸਨ।
1976 ਵਿੱਚ ਕਾਨੂੰਨ ਵਿੱਚ ਇੱਕ ਬਦਲਾਅ ਕੀਤਾ ਗਿਆ ਅਤੇ ਨਸਲੀ ਰਿਸ਼ਤਿਆਂ ਲਈ ਸਥਾਨਕ ਕਾਊਂਸਲਾਂ ਜ਼ਿੰਮੇਵਾਰ ਬਣਾ ਦਿੱਤੀਆਂ ਗਈਆਂ। ਸਾਲ 1980 ਦੇ ਆਉਣ ਤੱਕ ਦੱਖਣ ਭਾਰਤੀਆਂ ਨੂੰ ਸਥਾਨਕ ਕਾਊਂਸਲਾਂ ਵਿੱਚ ਵੀ ਨੁਮਾਇੰਦਗੀ ਮਿਲ ਗਈ ਸੀ।
ਸਥਾਨਕ ਪ੍ਰਸ਼ਾਸਨ ਨੇ ਭਾਈਚਾਰਿਆਂ ਵਿੱਚ ਮਿਲਵਰਤਨ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਇਸ ਦਹਾਕੇ ਦੌਰਾਨ ਲੈਸਟਰ ਵਿੱਚ ਦੀਵਾਲੀ, ਈਦ ਅਤੇ ਵਿਸਾਖੀ ਵਰਗੇ ਦੱਖਣ ਏਸ਼ੀਆਈ ਤਿਉਹਾਰਾਂ ਦੀ ਖੂਬ ਰੌਣਕ ਦੇਖੀ ਜਾਂਦੀ ਸੀ।
ਪ੍ਰੋਫ਼ੈਸਰ ਤਾਰਿਕ ਮਹਿਮੂਦ ਦੱਸਦੇ ਹਨ ਕਿ ਉਸ ਸਮੇਂ ਤੱਕ ਲੈਸਟਰ ਕੁੱਲ ਮਿਲਾ ਕੇ ਇੱਕ ਆਦਰਸ਼ ਸ਼ਹਿਰ ਬਣ ਚੁੱਕਿਆ ਸੀ।
ਤਾਰਿਕ ਯੂਨੀਵਰਿਸਟੀ ਆਫ਼ ਬਰਿਸਲਜ਼ ਵਿੱਚ ਸੈਂਟਰ ਫਾਰ ਦਿ ਸਟਡੀ ਆਫ਼ ਐਥਨੀਸਿਟੀ ਐਂਡ ਸਿਟੀਜ਼ਨਸ਼ਿਪ ਦੇ ਮੋਢੀ ਨਿਰਦੇਸ਼ਕ ਹਨ।

ਤਸਵੀਰ ਸਰੋਤ, Getty Images
ਅਜਿਹੇ ਵੀ ਸਮੇਂ ਸਨ ਜਦੋਂ ਭਾਰਤੀ ਉਪ-ਮਹਾਂਦੀਪ ਦੀ ਸਿਆਸਤ ਦੇ ਰੰਗ ਲੈਸਟਰ ਦੀਆਂ ਸੜਕਾਂ ਉੱਪਰ ਦੇਖਣ ਨੂੰ ਮਿਲੇ।
ਪ੍ਰੋਫ਼ੈਸਰ ਸਿੰਘ ਦੱਸਦੇ ਹਨ 1984 ਵਿੱਚ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਲੈਸਟਰ ਵਿੱਚ ਸਿੱਖ ਕੱਟੜਪੰਥੀਆਂ ਨੇ ਵੀ ਇੱਕਾ-ਦੁੱਕਾ ਅਟਕਲਪੱਚੂ ਹਮਲੇ ਕੀਤੇ।
ਸਾਲ 2002 ਦੀ ਗੁਜਰਾਤ ਹਿੰਸਾ ਦਾ ਕਾਲਾ ਪਰਛਾਵਾਂ ਵੀ ਲੈਸਟਰ ਦੀ ਭਾਈਚਾਰਕ ਸਾਂਝ ਉੱਪਰ ਪਿਆ।
ਪ੍ਰੋਫ਼ੈਸਰ ਸਿੰਘ ਨੇ ਗੁਜਰਾਤ ਦੀਆਂ ਘਟਨਾਵਾਂ ਟੀਵੀ ਉੱਪਰ ਦੇਖੀਆਂ ਸਨ।
ਆਜ਼ਾਦੀ ਤੋਂ ਬਾਅਦ ਇਹ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਸਭ ਤੋਂ ਭਿਆਨਕ ਫਿਰਕੂ ਹਿੰਸਾ ਸੀ।
ਉਹ ਦੱਸਦੇ ਹਨ ਕਿ ਭਾਰਤ ਵਿੱਚ ਹੋਏ ਉਹ ''ਪਹਿਲੇ ਫਿਰਕੂ ਦੰਗੇ ਸਨ ਜਿਨ੍ਹਾਂ ਦੀ ਵਿਸ਼ਵੀ ਮੀਡੀਆ ਵੱਲੋਂ ਚੌਵੀ ਘੰਟੇ ਰਿਪੋਰਟਿੰਗ ਕੀਤੀ ਗਈ।''
''ਉਸ ਸਮੇਂ ਕੁਝ ਲੋਕ ਲੈਸਟਰ ਦੀਆਂ ਸੜਕਾਂ ਉੱਪਰ ਵੀ ਆਏ ਸਨ। ਉਹ ਲੋਕ ਪੀੜਤਾਂ ਦੇ ਹੱਕ ਵਿੱਚ ਤਾਂ ਸਨ ਪਰ ਕੋਈ ਹਿੰਸਾ ਨਹੀਂ ਹੋਈ ਸੀ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਾਲ 2014 ਵਿੱਚ ਜਦੋਂ ਭਾਰਤ ਵਿੱਚ ਭਾਜਪਾ ਦੀ ਸਰਕਾਰ ਆਈ ਤਾਂ ਲੈਸਟਰ ਵਿੱਚ ਵੀ ਭਾਰਤੀ ਸਿਆਸਤ ਦਾ ਅਸਰ ਦਿਸਣਾ ਸ਼ੁਰੂ ਹੋਇਆ ਹੈ।
ਹਿੰਦੂ ਮੁਸਲਮਾਨ ਹੁਣ ਕਿਉਂ ਲੜ ਰਹੇ
ਭਾਰਤ ਵਿੱਚ ਭਾਜਪਾ ਦੇ ਉਭਾਰ ਨੇ ਇੱਕ ਨਵੇਂ ਹਿੰਦੂਵਾਦੀ ਰਾਸ਼ਟਰਵਾਦ ਨੂੰ ਉਤਸ਼ਾਹਿਤ ਕੀਤਾ ਹੈ। ਉਹ ਦੱਸਦੇ ਹਨ ਕਿ ਭਾਜਪਾ ਲੈਸਟਰ ਦੇ ਗੁਜਰਾਤੀ ਭਾਈਚਾਰੇ ਵਿੱਚ ਕਾਫ਼ੀ ਪਸੰਦ ਕੀਤੀ ਜਾਂਦੀ ਹੈ।
ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ਦੀ ਜਨਸੰਖਿਆ ਵਿੱਚ ਵੀ ਬਦਲਾਅ ਆਇਆ ਹੈ।
ਦੱਖਣ ਏਸ਼ੀਆਈ ਲੋਕ ਮਲਾਵੀ ਅਤੇ ਦੱਖਣੀ ਅਫ਼ਰੀਕਾ ਤੋਂ ਵੀ ਆਏ ਹਨ। ਜਿਨ੍ਹਾਂ ਵਿੱਚੋਂ ਕਈ ਪੱਕੜ ਹਨ ਅਤੇ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਵੀ ਹਨ।
ਲੈਸਟਰ ਦੇ ਦੱਖਣ ਏਸ਼ੀਆ ਭਾਈਚਾਰੇ ਦੇ ਸਾਹਮਣੇ ਨਵੀਆਂ ਚੁਣੌਤੀਆਂ ਵੀ ਹਨ- ਨਵੇਂ ਲੋਕ ਆ ਰਹੇ ਹਨ। ਸਮਾਜਿਕ ਮੁੱਦੇ ਹਨ। ਬੇਰੁਜ਼ਗਾਰੀ ਹੈ। ਭਾਈਚਾਰਿਆਂ ਵਿੱਚ ਪਾੜਾ ਵਧ ਰਿਹਾ ਹੈ।
ਲੈਸਟਰ ਵਿੱਚ ਕੁਝ ਤਣਾਅ ਤਾਂ ਪਿਛਲੇ ਕੁਝ ਸਮੇਂ ਤੋਂ ਹੀ ਸੁਲਗ ਰਿਹਾ ਸੀ। ਤਾਜ਼ਾ ਘਟਨਾਕ੍ਰਮ ਵਿੱਚ ਹਾਲਾਂਕਿ ਦਰਜਨ ਤੋਂ ਜ਼ਿਆਦਾ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਪਰ ਫਿਰ ਵੀ ਹਿੰਸਾ ਦੇ ਸਟੀਕ ਕਰਾਨ ਸਾਹਮਣੇ ਨਹੀਂ ਆਏ ਹਨ।

ਤਸਵੀਰ ਸਰੋਤ, Getty Images
ਪ੍ਰੋਫ਼ੈਸਰ ਸਿੰਘ ਦਾ ਕਹਿਣਾ ਹੈ ਕਿ ਸਭ ਤੋਂ ਹੈਰਾਨੀਜਨਕ ਤਾਂ ਹਿੰਸਾ ਦਾ ਪੱਧਰ ਹੈ। ਲੈਸਟਰ ਪਹਿਲਾਂ ਕਦੇ ਵੀ ਇਸ ਪੱਧਰ ਤੱਕ ਨਹੀਂ ਪਹੁੰਚਿਆ।
ਸੋਸ਼ਲ ਮੀਡੀਆ ਉੱਪਰ ਹਿੰਦੂਆਂ ਅਤੇ ਮੁਸਲਮਾਨਾਂ ਵੱਲੋਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਦੇਖਿਆ ਜਾ ਸਕਦਾ ਹੈ ਕਿ ਗੁੱਸੇ ਦੀ ਅੱਗ ਦੋਵੇਂ ਪਾਸੇ ਭੜਕ ਰਹੀ ਸੀ।
ਤਸਵੀਰਾਂ ਵਿੱਚ ਨਕਾਬਪੋਸ਼ ਲੋਕਾਂ ਨੂੰ ਹਿੰਦੂ ਬਹੁਗਿਣਤੀ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਦੇ ਬੂਹੇ ਭੰਨ ਰਹੇ ਹਨ ਤੇ ਧਾਰਮਿਕ ਸਜਾਵਟਾਂ ਉਤਾਰਦੇ ਹੋਏ ਦੇਖਿਆ ਜਾ ਸਕਦਾ ਹੈ।
ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਮੰਦਰ ਦੀ ਛੱਤ ਤੇ ਚੜ੍ਹਿਆ, ਜਿੱਥੇ ਜਾ ਕੇ ਉਸ ਨੇ ਝੰਡਾ ਉਤਾਰਿਆ, ਦੂਜੇ ਵੀਡੀਓ ਵਿੱਚ ਝੰਡੇ ਨੂੰ ਅੱਗ ਲਗਾਈ ਜਾ ਰਹੀ ਹੈ।
ਇਸੇ ਤਰ੍ਹਾਂ ਮੁਲਮਾਨ ਬਹੁਗਿਣਤੀ ਇਲਾਕਿਆਂ ਵਿੱਚ ਪਾਕਿਸਤਾਨ ਮੁਰਦਾਬਾਦ ਅਤੇ ਜੈ ਸ਼੍ਰੀਰਾਮ ਦੇ ਨਾਅਰੇ ਵੀ ਲਗਾਏ ਗਏ।
ਪ੍ਰੋਫ਼ੈਸਰ ਮੌਦੂਦ ਦੱਸਦੇ ਹਨ ਕਿ ਜੈਸ਼੍ਰੀਰਾਮ ਇੱਕ ਧਾਰਮਿਕ ਨਾਅਰਾ ਹੈ ਪਰ ਇਸਦੀ ਵਰਤੋਂ ਨੂੰ ਹਿੰਦੂ ਕੱਟੜਪੰਥੀਆਂ ਨੇ ਵਿਗਾੜ ਦਿੱਤਾ ਹੈ।
ਬਲਦੀ ਉੱਪਰ ਤੇਲ ਪਾਉਣ ਲਈ ਝੂਠੀ ਜਾਣਕਾਰੀ ਅਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਕੁਝ ਸਮੂਹਾਂ ਵੱਲੋਂ ਲੈਸਟਰ ਦੇ ਘਟਨਾਕ੍ਰਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਫੈਲਾਅ ਕੇ ਇਸ ਫਿਰਕੂ ਅੱਗ ਨੂੰ ਹੋਰ ਥਾਵਾਂ ਉੱਪਰ ਵੀ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰਿਪੋਰਟਾਂ ਹਨ ਕਿ ਹਿੰਸਾ ਸ਼ਹਿਰ ਤੋਂ ਬਾਹਰੀ ਪ੍ਰਭਾਵ ਸਦਕਾ ਫੈਲਾਈ ਗਈ।
ਲੈਸਟਰ ਨੇ ਪਰਵਾਸ ਦੀਆਂ ਕਈ ਲਹਿਰਾਂ ਦੇਖੀਆਂ ਹਨ ਪਰ ਫਿਰਕੂ ਹਿੰਸਾ ਦਾ ਤਾਜ਼ਾ ਘਟਨਾਕ੍ਰਮ ਇੱਕ ਚੇਤਾਵਨੀ ਹੈ।
ਬ੍ਰਿਟੇਨ ਵਿੱਚ ਰਹਿੰਦੇ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਹਿੰਸਾ ਦੇ ਅਜਿਹੇ ਦ੍ਰਿਸ਼ ਨਜ਼ਰ ਆਉਣਾ ਬਹੁਤ ਦੁਰਲੱਭ ਹੈ। ਖ਼ਾਸਕਰ ਲੈਸਟਰ ਵਿੱਚ।
ਲੈਸਟਰ ਵਿੱਚ ਕਈ ਪੀੜ੍ਹੀਆਂ ਤੋਂ ਰਹਿ ਰਹੇ ਪਰਿਵਾਰ ਵੀ ਇਸ ਸਭ ਤੋਂ ਸਦਮੇ ਵਿੱਚ ਹਨ। ਸੜਕਾਂ ਉੱਪਰ ਜੋ ਕੁਝ ਉਨ੍ਹਾਂ ਨੇ ਦੇਖਿਆ ਹੈ, ਉਸ ਉੱਪਰ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ।
ਪ੍ਰੋਫ਼ੈਸਰ ਮੌਦੂਦ ਕਹਿੰਦੇ ਹਨ,''ਇੱਕ ਸ਼ਹਿਰ ਜਿੱਥੇ ਬਹੁ-ਸੱਭਿਆਚਾਰਵਾਦ ਦੀਆਂ ਜੜ੍ਹਾਂ ਲੱਗੀਆਂ ਹੋਣ ਉੱਥੇ ਅਜਿਹੀਆਂ ਭਿਆਨਕ ਦਾ ਘਟਨਾਵਾਂ ਵਾਪਰਨਾ ਨਿਰਾਸ਼ਾਜਨਕ ਹੈ।''

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












