ਲੈਸਟਰ ਦਾ ਹਿੰਦੂ ਮੁਸਲਿਮ ਤਣਾਅ : 'ਜੋ ਵਾਪਰ ਰਿਹਾ ਹੈ, ਉਹ ਦਿਲ ਦਹਿਲਾਉਣ ਅਤੇ ਡਰਾਉਣ ਵਾਲਾ ਹੈ'

ਤਸਵੀਰ ਸਰੋਤ, POOL VIA REUTERS
- ਲੇਖਕ, ਗਗਨ ਸਭਰਵਾਲ
- ਰੋਲ, ਬੀਬੀਸੀ ਦੱਖਣੀ ਏਸ਼ੀਆ ਡਾਇਸਪੋਰਾ ਰਿਪੋਰਟਰ
ਪੂਰਬੀ ਲੈਸਟਰ ਵਿੱਚ ਹਿੰਦੂ-ਮੁਸਲਮਾਨਾਂ ਵਿਚਾਲੇ ਫੈਲੀ ਅਸ਼ਾਂਤੀ ਦੇ ਮਾਮਲੇ ਵਿੱਚ ਕੁੱਲ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੰਗਲੈਂਡ ਦੇ ਈਸਟ ਮਿਡਲੈਂਡਜ਼ ਵਿੱਚ ਸਥਿਤ ਲੈਸਟਰ ਜਿੱਥੇ ਸ਼ਨਿਚਰਵਾਰ ਨੂੰ ਵੱਡੇ ਪੱਧਰ 'ਤੇ ਅਸ਼ਾਂਤੀ ਫੈਲ ਗਈ ਸੀ ਜਿਸ ਕਾਰਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਸ਼ਨਿੱਚਰਵਾਰ ਦੀ ਘਟਨਾ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ 28 ਅਗਸਤ ਨੂੰ ਹੋਣ ਵਾਲੀ ਪਹਿਲੀ ਘਟਨਾ ਦੇ ਨਾਲ ਇੱਥੇ ਪੈਦਾ ਹੋਈ ਅਸ਼ਾਂਤੀ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ।
ਇਹ ਅਸ਼ਾਂਤੀ ਮੁੱਖ ਤੌਰ 'ਤੇ ਮੁਸਲਮਾਨ ਅਤੇ ਹਿੰਦੂ ਭਾਈਚਾਰਿਆਂ ਦੇ ਨੌਜਵਾਨਾਂ ਵਿਚਕਾਰ ਆਈ।
ਇੱਥੇ ਲੈਸਟਰ ਵਿੱਚ ਰਹਿਣ ਵਾਲੇ 37% ਲੋਕ ਦੱਖਣੀ ਏਸ਼ੀਆਈ ਮੂਲ ਦੇ ਹਨ ਅਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤੀ ਹਨ।
ਲੈਸਟਰ ਪੁਲਿਸ ਫੋਰਸ ਦੇ ਅਸਥਾਈ ਚੀਫ ਕਾਂਸਟੇਬਲ ਰੌਬ ਨਿਕਸਨ ਦੇ ਅਨੁਸਾਰ, ਸ਼ਨਿੱਚਰਵਾਰ ਨੂੰ ਸੋਲਾਂ ਅਫ਼ਸਰਾਂ ਅਤੇ ਪੁਲਿਸ ਦਾ ਇੱਕ ਕੁੱਤਾ ਜ਼ਖ਼ਮੀ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਦਮੀਆਂ ਦੇ ਸਮੂਹਾਂ ਨੂੰ ਇੱਕ ਦੂਜੇ 'ਤੇ ਹਮਲਾ ਕਰਨ ਤੋਂ ਰੋਕਣ ਲਈ ਕਾਰਵਾਈ ਕੀਤੀ ਸੀ।

ਤਸਵੀਰ ਸਰੋਤ, Google
ਲੈਸਟਰ ਵਿੱਚ ਕਿਸੇ ਵੀ ਸੰਭਾਵੀ ਅਸ਼ਾਂਤੀ ਨਾਲ ਨਜਿੱਠਣ ਲਈ ਸੋਮਵਾਰ ਨੂੰ ਹੋਏ ਮਹਾਰਾਣੀ ਦੇ ਅੰਤਿਮ ਸੰਸਕਾਰ ਤੋਂ ਪੁਲਿਸ ਅਧਿਕਾਰੀਆਂ ਦੀਆਂ ਡਿਊਟੀਆਂ ਸ਼ਾਂਤੀ ਸਥਾਪਿਤ ਕਰਨ ਲਈ ਲਗਾਈਆਂ ਗਈਆਂ ਸਨ।
ਨਿਕਸਨ ਨੇ ਅੱਗੇ ਕਿਹਾ ਕਿ ਇਸ ਆਪ੍ਰੇਸ਼ਨ ਵਿੱਚ ਸਹਾਇਤਾ ਲਈ ਅਧਿਕਾਰੀਆਂ ਨੂੰ "ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ" ਲਿਆਂਦਾ ਗਿਆ ਸੀ।
ਲੈਸਟਰ ਪੁਲਿਸ ਫੋਰਸ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਪੂਰਬੀ ਲੈਸਟਰ ਖੇਤਰ ਵਿੱਚ ਇੱਕ ਗੈਰ-ਯੋਜਨਾਬੱਧ ਵਿਰੋਧ ਪ੍ਰਦਰਸ਼ਨ ਕਾਰਨ ਮਾਹੌਲ ਅਸਹਿਜ ਹੋ ਗਿਆ ਸੀ।
ਐਤਵਾਰ ਨੂੰ ਲਗਭਗ 100 ਲੋਕਾਂ ਦੀ ਸ਼ਮੂਲੀਅਤ ਵਾਲਾ ਇੱਕ ਹੋਰ ਪ੍ਰਦਰਸ਼ਨ ਹੋਇਆ, ਪਰ ਪੁਲਿਸ ਨੇ ਕਿਹਾ ਕਿ ਸੋਮਵਾਰ ਤੱਕ ਰਾਤ ਭਰ ਕੋਈ ਹੋਰ ਗੜਬੜ ਨਹੀਂ ਹੋਈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਥਾਨਕ ਲੋਕਾਂ ਦੀ ਪ੍ਰਤੀਕਿਰਿਆ
ਧਰਮੇਸ਼ ਲਖਾਨੀ ਲੈਸਟਰ ਦੇ ਬੇਲਗ੍ਰੇਵ ਰੋਡ 'ਤੇ ਇੱਕ ਰੈਸਟੋਰੈਂਟ ਦੇ ਮਾਲਕ ਹਨ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਗੜਬੜ ਅਤੇ ਅਸ਼ਾਂਤੀ ਚੱਲ ਰਹੀ ਹੈ। ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਅਤੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ।
ਉਨ੍ਹਾਂ ਨੇ ਕਿਹਾ, "ਅਸੀਂ ਆਪਣੇ ਸਹਿਕਰਮੀਆਂ, ਆਪਣੇ ਸਟਾਫ਼ ਅਤੇ ਆਪਣੇ ਗਾਹਕਾਂ ਲਈ ਡਰੇ ਹੋਏ ਹਾਂ ਜੋ ਫੋਨ ਕਰਕੇ ਆਪਣੀ ਬੁਕਿੰਗ ਕੈਂਸਲ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ਉਹ ਡਰੇ ਹੋਏ ਹਨ।"
''ਵੱਡੇ ਪੱਧਰ ਦੀ ਵੱਡੀ ਯੋਜਨਾ ਵਿੱਚ ਇਹ ਸਮਝ ਵਿੱਚ ਆਉਂਦਾ ਹੈ, ਪਰ ਇਹ ਨਿਰਾਸ਼ਾਜਨਕ ਹੈ ਕਿਉਂਕਿ ਸਾਡਾ ਰੈਸਟੋਰੈਂਟ ਜੀਵਨ ਸੰਕਟ ਦੀ ਲਾਗਤ ਕਾਰਨ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਲਈ ਇਹ ਬਹੁਤ ਮੁਸ਼ਕਲ ਅਤੇ ਚੁਣੌਤੀਪੂਰਨ ਹੈ।''

ਧਰਮੇਸ਼ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸ਼ਨਿੱਚਰਵਾਰ ਨੂੰ ਪੈਦਾ ਹੋਈ ਅਸ਼ਾਂਤੀ ਨੂੰ ਅਸਲ ਵਿੱਚ ਦੇਖਿਆ ਸੀ।
ਉਨ੍ਹਾਂ ਨੇ ਕਿਹਾ, "ਪੁਲਿਸ ਉਸ ਰਾਤ ਹਿੰਸਾ ਨੂੰ ਰੋਕਣ ਲਈ ਬਹੁਤ ਮਿਹਨਤ ਕਰ ਰਹੀ ਸੀ ਅਤੇ ਉਹ ਇਹ ਦੇਖ ਕੇ ਦੁਖੀ ਅਤੇ ਉਦਾਸ ਹੋਇਆ ਕਿ ਇਹ ਉਨ੍ਹਾਂ ਦੇ ਸ਼ਹਿਰ ਵਿੱਚ ਹੋ ਰਿਹਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਸ ਸਥਿਤੀ ਨੂੰ ਸੁਧਾਰਨ ਲਈ ਗੱਲਬਾਤ ਦੀ ਲੋੜ ਹੈ ਅਤੇ ਇੱਕ ਦੂਜੇ ਨੂੰ ਸਵੀਕਾਰ ਕਰਨ ਨਾਲ ਲੈਸਟਰ ਵਿੱਚ ਸ਼ਾਂਤੀ ਲਿਆਉਣ ਵਿੱਚ ਮਦਦ ਮਿਲੇਗੀ।"
ਧਰਮੇਸ਼ ਵਾਂਗ, ਯਾਸਮੀਨ ਸੁਰਤੀ ਵੀ ਲੈਸਟਰ ਵਿੱਚ 40 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਹੈ ਅਤੇ ਕਹਿੰਦੀ ਹੈ, "ਸਾਰੇ ਭਾਈਚਾਰਿਆਂ ਜਿਵੇਂ ਕਿ ਹਿੰਦੂ, ਮੁਸਲਿਮ, ਸਿੱਖ, ਸਿਆਹਫਾਮ ਭਾਈਚਾਰੇ ਹਮੇਸ਼ਾ ਇਕੱਠੇ ਰਹਿੰਦੇ ਹਨ।"
ਇਕੱਠੇ ਕੰਮ ਕਰਦੇ ਹਨ ਅਤੇ ਲੈਸਟਰ ਵਿੱਚ ਇੱਕੋ ਜਿਹੀਆਂ ਚੀਜ਼ਾਂ ਲਈ ਲੜਦੇ ਹਨ ਅਤੇ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਹੈ।''
ਅਹਿਮਦ ਬਚਪਨ ਤੋਂ ਹੀ ਲੈਸਟਰ ਵਿੱਚ ਰਹਿੰਦਾ ਹੈ ਅਤੇ ਯਾਸਮੀਨ ਅਤੇ ਧਰਮੇਸ਼ ਦੀਆਂ ਭਾਵਨਾਵਾਂ ਦੀ ਵਕਾਲਤ ਕਰਦਾ ਹੈ।

ਉਨ੍ਹਾਂ ਨੇ ਕਿਹਾ, "ਸਾਡੇ ਇੱਥੇ ਰਹਿਣ ਵਾਲੇ ਲੋਕਾਂ ਦਾ ਇੱਕ ਛੋਟਾ ਸਮੂਹ ਹੈ, ਜਿਨ੍ਹਾਂ ਦੀ ਆਰਐੱਸਐੱਸ ਜਾਂ ਹਿੰਦੂਤਵ ਦੀ ਵਿਚਾਰਧਾਰਾ ਹੈ ਅਤੇ ਉਹ ਆਪਣੀ ਵਿਚਾਰਧਾਰਾ ਨੂੰ ਇੱਥੇ ਲਿਆਉਣਾ ਚਾਹੁੰਦੇ ਹਨ।"
"ਉਹ ਇੱਥੇ ਲੈਸਟਰ ਵਿੱਚ ਵੰਡ ਪੈਦਾ ਕਰਨਾ ਚਾਹੁੰਦੇ ਹਨ ਅਤੇ ਇਹ ਸਮੂਹ ਇੱਥੇ ਬਹੁਤ ਨਵਾਂ ਸਮੂਹ ਹੈ। ਲੈਸਟਰ ਨੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਕੁਝ ਅਨੁਭਵ ਨਹੀਂ ਕੀਤਾ ਹੈ।"
"'ਮੂਰਖਾਂ' ਦੇ ਇੱਕ ਸਮੂਹ ਨੇ ਸਦਭਾਵਨਾ ਨੂੰ ਤੋੜ ਦਿੱਤਾ ਹੈ ਅਤੇ ਉਨ੍ਹਾਂ ਵਾਂਗ ਹਿੰਦੂ ਭਾਈਚਾਰੇ ਦੇ ਲੋਕ ਵੀ ਇਸ ਸਭ ਤੋਂ ਪਰੇਸ਼ਾਨ ਹਨ।"
ਉਨ੍ਹਾਂ ਅੱਗੇ ਕਿਹਾ, "ਜੋ ਲੋਕ ਉਨ੍ਹਾਂ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਅਸ਼ਾਂਤੀ ਪੈਦਾ ਹੋ ਰਹੀ ਹੈ, ਉਹ ਡਰ ਦੇ ਮਾਹੌਲ ਵਿੱਚ ਰਹਿ ਰਹੇ ਹਨ। ਲੋਕਾਂ ਨੂੰ ਅਜਿਹਾ ਮਹਿਸੂਸ ਨਹੀਂ ਕਰਾਇਆ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਡਰ ਵਿੱਚ ਨਹੀਂ ਰਹਿਣਾ ਚਾਹੀਦਾ ਹੈ।"

- ਪੂਰਬੀ ਲੈਸਟਰ ਵਿੱਚ ਹਿੰਦੂ-ਮੁਸਲਮਾਨਾਂ ਵਿਚਾਲੇ ਫੈਲੀ ਅਸ਼ਾਂਤੀ ਦੇ ਮਾਮਲੇ ਵਿੱਚ ਕੁੱਲ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- ਇਹ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ 28 ਅਗਸਤ ਨੂੰ ਹੋਣ ਵਾਲੀ ਪਹਿਲੀ ਘਟਨਾ ਦੇ ਨਾਲ ਇੱਥੇ ਪੈਦਾ ਹੋਈ ਅਸ਼ਾਂਤੀ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ।
- ਲੈਸਟਰ ਵਿੱਚ ਰਹਿਣ ਵਾਲੇ 37% ਲੋਕ ਦੱਖਣੀ ਏਸ਼ੀਆਈ ਮੂਲ ਦੇ ਹਨ ਅਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤੀ ਹਨ।
- ਐਤਵਾਰ ਨੂੰ ਲਗਭਗ 100 ਲੋਕਾਂ ਦੀ ਸ਼ਮੂਲੀਅਤ ਵਾਲਾ ਇੱਕ ਹੋਰ ਪ੍ਰਦਰਸ਼ਨ ਹੋਇਆ, ਪਰ ਪੁਲਿਸ ਨੇ ਕਿਹਾ ਕਿ ਸੋਮਵਾਰ ਤੱਕ ਰਾਤ ਭਰ ਕੋਈ ਹੋਰ ਗੜਬੜ ਨਹੀਂ ਹੋਈ।

ਸ਼ਾਂਤੀ ਦੀ ਅਪੀਲ
ਲੈਸਟਰ ਸਥਿਤ ਫੈਡਰੇਸ਼ਨ ਆਫ ਮੁਸਲਿਮ ਆਰਗੇਨਾਈਜੇਸ਼ਨਜ਼ ਦੇ ਸੁਲੇਮਾਨ ਨਾਗਦੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸੜਕਾਂ 'ਤੇ ਜੋ ਦੇਖਿਆ ਹੈ, ਉਹ ਬਹੁਤ ਚਿੰਤਾਜਨਕ ਹੈ।"
"ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਮੈਚ ਦੇ ਬਾਅਦ ਤੋਂ ਹੀ ਭਾਈਚਾਰੇ ਵਿੱਚ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਅਤੇ ਇਹ ਖੇਡ ਅਕਸਰ ਇਕੱਠਾਂ ਨੂੰ ਭੜਕਾਉਂਦੀ ਹੈ। ਇਹ ਪਹਿਲਾਂ ਤੋਂ ਹੀ ਖ਼ਤਰਨਾਕ ਹੈ।"
"ਸਾਨੂੰ ਸ਼ਾਂਤ ਰਹਿਣ ਦੀ ਲੋੜ ਹੈ, ਇਸ ਗੜਬੜ ਨੂੰ ਰੋਕਣਾ ਹੋਵੇਗਾ ਅਤੇ ਇਸ ਨੂੰ ਹੁਣ ਹੀ ਰੋਕਣਾ ਚਾਹੀਦਾ ਹੈ।"
"ਇੱਥੇ ਕੁਝ ਬਹੁਤ ਹੀ ਅਸੰਤੁਸ਼ਟ ਨੌਜਵਾਨ ਹਨ ਜੋ ਤਬਾਹੀ ਮਚਾ ਰਹੇ ਹਨ। ਸਾਨੂੰ ਇਹ ਸੰਦੇਸ਼ ਦੇਣ ਦੀ ਜ਼ਰੂਰਤ ਹੈ ਕਿ ਇਸ ਨੂੰ ਖ਼ਤਮ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, LEICESTER MEDIA
"ਮਾਤਾ-ਪਿਤਾ ਅਤੇ ਦਾਦਾ-ਦਾਦੀ ਰਾਹੀਂ ਆਪਣੇ ਪੁੱਤਰਾਂ ਨਾਲ ਗੱਲ ਕਰਕੇ ਅਜਿਹਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਲੈਸਟਰ ਵਿੱਚ ਇਸਕੌਨ ਮੰਦਿਰ ਦੇ ਪ੍ਰਧਾਨ ਪ੍ਰਦਿਊਮਨ ਪ੍ਰਦੀਪ ਗੱਜਰ ਨੇ ਕਿਹਾ, "ਲੈਸਟਰ ਵਿੱਚ ਜੋ ਵੀ ਵਾਪਰ ਰਿਹਾ ਹੈ, ਉਸ ਦਾ ਪ੍ਰਤੀਕਰਮ ਦਿਲ ਦਹਿਲਾਉਣ ਵਾਲਾ ਅਤੇ ਡਰਾਉਣਾ ਹੈ।"
"ਇਹ ਸ਼ਰਮਿੰਦਗੀ ਦੀ ਭਾਵਨਾ ਵੀ ਹੈ ਕਿਉਂਕਿ ਯੂਕੇ ਵਿੱਚ ਮਹਾਰਾਣੀ ਦੇ ਦੇਹਾਂਤ ਕਾਰਨ ਰਾਸ਼ਟਰੀ ਸੋਗ ਮਨਾਇਆ ਜਾ ਰਿਹਾ ਹੈ।"
"ਇੱਥੇ 40-50 ਸਾਲਾਂ ਤੋਂ ਜੋ ਇਨ੍ਹਾਂ ਭਾਈਚਾਰਿਆਂ ਦੀ ਸਾਖ ਸੀ, ਉਸ ਨੂੰ ਹੁਣ ਅਜਿਹਾ ਵੇਖਣਾ ਦੁਖਦਾਈ ਹੈ।''
ਅਸ਼ਾਂਤੀ 'ਤੇ ਭਾਰਤੀ ਅਥਾਰਿਟੀ ਦੀ ਪ੍ਰਤੀਕਿਰਿਆ
ਯੂਕੇ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਵੀ ਲੈਸਟਰ ਵਿੱਚ ਹਾਲੀਆ ਘਟਨਾਵਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਨੇ ਕਿਹਾ, "ਅਸੀਂ ਲੈਸਟਰ ਵਿੱਚ ਭਾਰਤੀ ਭਾਈਚਾਰੇ ਵਿਰੁੱਧ ਕੀਤੀ ਗਈ ਹਿੰਸਾ ਅਤੇ ਹਿੰਦੂ ਧਰਮ ਦੇ ਸਥਾਨਾਂ ਅਤੇ ਪ੍ਰਤੀਕਾਂ ਦੀ ਤੋੜਫੋੜ ਦੀ ਸਖ਼ਤ ਨਿੰਦਾ ਕਰਦੇ ਹਾਂ"।
ਬਿਆਨ ਵਿੱਚ ਅੱਗੇ ਕਿਹਾ ਗਿਆ, "ਅਸੀਂ ਇਸ ਮਾਮਲੇ ਨੂੰ ਯੂਕੇ ਦੇ ਅਧਿਕਾਰੀਆਂ ਕੋਲ ਚੁੱਕਿਆ ਹੈ ਅਤੇ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਸੀਂ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕਰਦੇ ਹਾਂ।"
ਲੈਸਟਰ ਦੇ ਐੱਮਪੀ ਵੱਲੋਂ ਲੋਕਾਂ ਨੂੰ ਇਕਜੁੱਟ ਰਹਿਣ ਦਾ ਸੱਦਾ
ਲੈਸਟਰ ਸਾਊਥ ਦੇ ਸੰਸਦ ਮੈਂਬਰ ਜੋਨਾਥਨ ਐਸ਼ਵਰਥ ਨੇ ਬੀਬੀਸੀ ਨੂੰ ਦੱਸਿਆ, "ਮੈਂ ਸਪੱਸ਼ਟ ਕਰ ਦੇਵਾਂ ਕਿ ਲੈਸਟਰ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਸਦਭਾਵਨਾ ਨਾਲ ਰਹਿੰਦੇ ਹਨ ਅਤੇ ਪੂਰੀ ਤਰ੍ਹਾਂ ਇੱਕਜੁੱਟ ਹਨ।"
"ਅਸੀਂ ਸਾਰੇ ਉਨ੍ਹਾਂ ਛੋਟੀਆਂ-ਛੋਟੀਆਂ ਗੜਬੜਾਂ ਦੀਆਂ ਘਟਨਾਵਾਂ ਤੋਂ ਹੈਰਾਨ ਹਾਂ ਜਿਨ੍ਹਾਂ ਨੇ ਦੋ ਸਭ ਤੋਂ ਵੱਡੇ ਧਾਰਮਿਕ ਸਮੂਹਾਂ ਦੇ ਲੋਕਾਂ ਨੂੰ ਠੇਸ ਪਹੁੰਚਾਈ ਹੈ।"
"ਲੈਸਟਰ ਹਮੇਸ਼ਾ ਤੋਂ ਇੱਕ ਸ਼ਹਿਰ ਰਿਹਾ ਹੈ ਅਤੇ ਸਾਨੂੰ ਹਮੇਸ਼ਾ ਆਪਣੀ ਏਕਤਾ 'ਤੇ ਮਾਣ ਰਿਹਾ ਹੈ।"
"ਹਾਂ, ਬੇਸ਼ੱਕ ਸਾਡੇ ਮਤਭੇਦ ਹਨ, ਪਰ ਜੋ ਸਾਨੂੰ ਵੰਡਦਾ ਹੈ ਉਸ ਨਾਲੋਂ ਸਾਡੇ ਵਿੱਚ ਕਿਧਰੇ ਜ਼ਿਆਦਾ ਇੱਕ ਦੂਜੇ ਨਾਲ ਸਮਾਨਤਾ ਹੈ। ਇਹੀ ਉਹ ਸੰਦੇਸ਼ ਹੈ ਜੋ ਮੈਂ ਲੈਸਟਰ ਦੇ ਲੋਕਾਂ ਦੇ ਸਾਹਮਣੇ ਮਜ਼ਬੂਤੀ ਨਾਲ ਦੇ ਰਿਹਾ ਹਾਂ।"
"ਮੈਂ ਜਾਣਦਾ ਹਾਂ ਕਿ ਲੋਕ ਚਿੰਤਤ ਹਨ ਅਤੇ ਮੈਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੇਰੇ ਵਰਗੇ ਲੋਕ ਜੋ ਸੰਸਦ ਦੇ ਮੈਂਬਰ ਹਨ, ਲੋਕਾਂ ਨੂੰ ਦੁਬਾਰਾ ਇਕੱਠੇ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।"

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












