ਚੰਡੀਗੜ੍ਹ ਯੂਨੀਵਰਸਿਟੀ : ਵੀਡੀਓ ਵਾਇਰਲ ਹੋਣ ਤੋਂ ਵਿਸ਼ੇਸ਼ ਜਾਂਚ ਟੀਮ ਦੇ ਗਠਨ ਤੱਕ - ਘਟਨਾਕ੍ਰਮ ਦੇ 6 ਬਿੰਦੂ

ਚੰਡੀਗੜ੍ਹ ਯੂਨੀਵਰਸਿਟੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ।

ਕਥਿਤ ਵਾਇਰਲ ਵੀਡੀਓ ਮਾਮਲੇ ਵਿੱਚ ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਨੀਵਾਰ ਤੋਂ ਲੈਕੇ ਐਤਵਾਰ ਅੱਧੀ ਰਾਤ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਯੂਨੀਵਰਸਿਟੀ ਪ੍ਰਬੰਧਕਾਂ ਨੇ ਪੁਲਿਸ ਪ੍ਰਸਾਸ਼ਨ ਦੀ ਮਦਦ ਨਾਲ ਕੈਂਪਸ ਵਿਚ ਹੀ ਰੋਸ ਪ੍ਰਗਟਾ ਰਹੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਸਮਝਾ ਕੇ ਐਤਵਾਰ ਰਾਤੀਂ ਕਰੀਬ 1.30 ਵਜੇ ਧਰਨਾ ਖਤਮ ਕਰਾਇਆ ਗਿਆ।

ਦਰਅਸਲ ਸ਼ਨੀਵਾਰ ਰਾਤ ਨੂੰ ਯੂਨੀਵਰਸਿਟੀ ਦੇ ਹੋਸਟਲ ਵਿੱਚ ਕੁਝ ਵਿਦਿਆਰਥਣਾਂ ਵਲੋਂ ਵਾਰਡਨ ਨੂੰ ਸੂਚਨਾ ਦਿੱਤੀ ਗਈ ਕਿ ਇੱਕ ਵਿਦਿਆਰਥਣ ਨੇ ਕੁਝ ਅਸ਼ਲੀਲ ਵੀਡੀਓ ਬਣਾ ਕੇ ਸ਼ਿਮਲਾ ਵਿਖੇ ਆਪਣੇ ਦੋਸਤ ਨੂੰ ਭੇਜੇ ਹਨ ।

ਇਸ ਤੋਂ ਬਾਅਦ ਕੁਝ ਅਜਿਹੀਆਂ ਅਫ਼ਵਾਹਾਂ ਵੀ ਉੱਡੀਆਂ ਕਿ ਜਿਨ੍ਹਾਂ ਕੁੜੀਆਂ ਦੀਆਂ ਅਸ਼ਲੀਲ ਵੀਡ਼ੀਓ ਸਾਥੀ ਕੁੜੀ ਨੇ ਕਥਿਤ ਤੌਰ ਉੱਤੇ ਬਾਣਾ ਕੇ ਵਾਇਰਲ ਕੀਤੀਆਂ ਹਨ, ਉਨ੍ਹਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਇਸ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀ ਹੋਸਟਲਾਂ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਵਿਰੋਧ ਪ੍ਰਦਰਸ਼ਨ ਹੋਇਆ। ਹਾਲਾਤਾ ਬੇਕਾਬੂ ਹੁੰਦੇ ਦੇਖ ਯੂਨੀਵਰਿਸਟੀ ਪ੍ਰਸਾਸ਼ਨ ਨੇ ਪੁਲਿਸ ਨੂੰ ਬੁਲਾ ਲਿਆ।

ਵਿਦਿਆਰਥੀਆਂ ਦੇ ਇਲਜ਼ਾਮ ਤੇ ਪੁਲਿਸ ਦੇ ਦਾਅਵੇ

ਐਤਵਾਰ ਤੜਕੇ ਵਿਦਿਆਰਥਣ ਨੇ ਰੋਸ ਮੁਜ਼ਾਹਰੇ, ਬੇਹੋਸ਼ ਕੁੜੀਆਂ ਨੂੰ ਐਂਬੂਲੈਂਸ ਵਿਚ ਪਾਉਣ ਅਤੇ ਪੁਲਿਸ ਦੀ ਯੂਨੀਵਰਸਿਟੀ ਵਿਚ ਭਾਰੀ ਹਾਜ਼ਰੀ ਦੇ ਵੀਡੀਓ ਵੀਡੀਓ ਮੀਡੀਆ ਨਾਲ ਸਾਂਝੇ ਕੀਤੇ।

ਇਨ੍ਹਾਂ ਵੀਡੀਓਜ਼ ਵਿਚ ਉਸ ਹੋਸਟਲ ਦੀ ਇੱਕ ਕੁੜੀ ਨਾਲ ਗੱਲਬਾਤ ਦੀਆਂ ਵੀਡੀਓ ਸ਼ਾਮਲ ਸੀ ਜਿਸ ਵਿਚ ਉਹ ਅਸ਼ਲੀਲ ਵੀਡੀਓ ਵਾਇਰਲ ਕਰਨ ਬਾਰੇ ਪੁੱਛਗਿੱਛ ਕਰ ਰਹੀ ਸੀ।

ਵਿਦਿਆਰਥੀਆਂ ਨੇ ਦਾਅਵੇ ਵੀ ਕੀਤੇ ਕਿ ਕੁਝ ਵਿਦਿਆਰਥਣਾਂ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਮੀਡੀਆ ਨੂੰ ਕੋਈ ਕੁੜੀ ਹਸਪਤਾਲ ਵਿਚ ਦਾਖਲ ਨਹੀਂ ਮਿਲੀ ਅਤੇ ਪੁਲਿਸ ਤੇ ਪ੍ਰਸਾਸ਼ਨ ਨੇ ਵੀ ਅਜਿਹੇ ਦਾਅਵਿਆਂ ਨੂੰ ਅਫ਼ਵਾਹ ਕਰਾਰ ਦਿੱਤਾ।

ਪੁਲਿਸ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਅਤੇ ਹੋਰ ਸੀਨੀਅਰ ਅਫ਼ਸਰਾਂ ਨੇ ਕੁਝ ਘੰਟਿਆਂ ਦੀ ਜਾਂਚ ਤੋਂ ਬਾਅਦ ਦਾਅਵਾ ਕਰ ਦਿੱਤਾ ਕਿ ਮੁਲਜ਼ਮ ਲੜਕੀ ਨੇ ਕਿਸੇ ਹੋਰ ਵਿਦਿਆਰਥਣ ਦੀ ਕੋਈ ਵੀਡੀਓ ਰਿਕਾਰਡ ਨਹੀਂ ਕੀਤੀ।

ਖੈਰ੍ਹ, ਹੁਣ ਧਰਨਾ ਖ਼ਤਮ ਹੋ ਗਿਆ ਹੈ ਅਤੇ ਹਾਲਾਤ ਠੰਢਾ ਕਰਨ ਲਈ ਪ੍ਰਬੰਧਕਾਂ ਨੇ 24 ਸਤੰਬਰ ਤੱਕ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਤੋਂ ਬਾਅਦ ਸੋਮਵਾਰ ਸਵੇਰੇ ਬੱਚੇ ਹੋਸਟਲ ਤੋਂ ਘਰ ਜਾ ਰਹੇ ਹਨ

ਚੰਡੀਗੜ੍ਹ ਯੂਨੀਵਰਸਿਟੀ

ਤਸਵੀਰ ਸਰੋਤ, BBC

ਪੁਲਿਸ ਦੀ ਕਾਰਵਾਈ ਤੇ ਗ੍ਰਿਫ਼਼ਤਾਰੀਆਂ

ਪੰਜਾਬ ਪੁਲਿਸ ਨੇ ਅਸ਼ਲੀਲ ਵੀਡੀਓ ਬਣਾਉਣ ਦੇ ਇਲਜ਼ਾਮਾਂ ਵਿਚ ਘਿਰੀ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਹਾਲੀ ਦੇ ਖਰੜ ਥਾਣੇ ਵਿਚ ਇਸ ਮਾਮਲੇ ਦੀ ਐੱਫਆਈਆਰ ਦਰਜ ਕੀਤੀ ਗਈ।

ਕੁੜੀ ਦੇ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ, ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਕੁੜੀ ਦੀ ਪੁੱਛਗਿੱਛ ਤੋਂ ਬਾਅਦ ਦੋ ਵਿਅਕਤੀਆਂ ਨੂੰ ਸ਼ਿਮਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਨੇ ਵੀ ਐਤਵਾਰ ਦੇਰ ਸ਼ਾਮ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰਨ ਵਾਲੇ ਟਵੀਟ ਕਰਕੇ ਪੰਜਾਬ ਪੁਲਿਸ ਨੂੰ ਕੇਸ ਵਿਚ ਸਹਿਯੋਗ ਦੀ ਗੱਲ ਕਹੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੇ ਕੁੰਡੂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਸੰਨੀ ਮਹਿਤਾ ਨੂੰ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰੰਕਜ ਵਰਮਾ ਨਾਮ ਦੇ ਇਕ ਵਿਅਕਤੀ ਨੂੰ ਵੀ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ।ਇਸ ਵਿਅਕਤੀ ਨੂੰ ਵੀ ਪੰਜਾਬ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਪੰਜਾਬ ਪੁਲਿਸ ਅੱਗੇ ਪਾਰਦਰਸ਼ੀ ਜਾਂਚ ਦੀ ਮੰਗ ਰੱਖੀ ਸੀ।

ਬੀਬੀਸੀ

ਵਾਰਦਾਤ ਦੇ ਸੰਖੇਪ ਵੇਰਵਾ

  • ਚੰਡੀਗੜ੍ਹ ਨੇੜੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਖੁਦਕੁਸ਼ੀ ਦੀ ਕਥਿਤ ਕੋਸ਼ਿਸ਼ ਦੀ ਖ਼ਬਰ ਸਾਹਮਣੇ ਆਈ
  • ਅਸਲ ਵਿੱਚ ਯੂਨੀਵਰਸਿਟੀ ਦੀ ਹੀ ਇੱਕ ਕੁੜੀ ਉੱਤੇ ਇਨ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਵਾਇਰਲ ਕਰਨ ਦੇ ਇਲਜ਼ਾਮ ਲੱਗੇ
  • ਵਾਇਰਲ ਹੋਏ ਵੀਡੀਓਜ਼ ਵਿਚ ਕੁੜੀਆਂ 60 ਦੇ ਕਰੀਬ ਕੁੜੀਆਂ ਦੀਆਂ ਅਸ਼ਲੀਲ ਵੀਡੀਓਜ਼ ਬਣਾਉਣ ਦੇ ਦਾਅਵੇ ਕੀਤੇ
  • ਵਿਦਿਆਰਥੀਆਂ ਦੇ ਵੱਡਾ ਇਕੱਠ ਇਨਸਾਫ਼ ਲਈ ਨਾਅਰੇਬਾਜ਼ੀ ਕੀਤੀ ਤੇ ਪੁਲਿਸ ਕਾਰਵਾਈ ਉੱਤੇ ਸਵਾਲ ਚੁੱਕੇ
  • ਪੁਲਿਸ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਖਰੜ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ
  • ਮੁਲਜ਼ਮ ਕੁੜੀ ਵੀਡੀਓ ਵਿੱਚ ਮੰਨ ਰਹੀ ਹੈ ਕਿ ਉਹ ਸ਼ਿਮਲਾ ਵਿੱਚ ਰਹਿੰਦੇ ਮੁੰਡੇ ਨੂੰ ਵੀਡੀਓ ਭੇਜਦੀ ਸੀ।
  • ਪੁਲਿਸ ਨੇ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਕਿ ਕੁੜੀਆਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦੀਆਂ ਖ਼ਬਰਾਂ ਅਫ਼ਵਾਹ ਹਨ।
  • ਜਿਨ੍ਹਾਂ ਕੁੜੀਆਂ ਨੂੰ ਐਂਬੂਲੈਂਸ ਵਿਚ ਲੈ ਕੇ ਗਏ ਸਨ, ਉਹ ਦਰਅਸਲ ਮੁਜ਼ਾਹਰੇ ਦੌਰਾਨ ਬੇਹੋਸ਼ ਹੋ ਗਈਆਂ ਸਨ।
  • ਪੁਲਿਸ ਦਾ ਦਾਅਵਾ ਹੈ ਕਿ ਅਜੇ ਤੱਕ ਦੀ ਜਾਂਚ ਵਿਚ ਹੋਰ ਕੁੜੀਆਂ ਦੇ ਵੀਡੀਓਜ਼ ਵਾਇਰਲ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
  • ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।
  • .ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਕੁੜੀ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਗਿਆ।
  • ਵਿਦਿਆਰਥੀਆਂ ਵੱਲੋਂ ਐਤਵਾਰ ਸ਼ਾਮ ਨੂੰ ਪ੍ਰਦਰਸ਼ਨ ਦੁਬਾਰਾ ਸ਼ੁਰੂ ਕੀਤਾ ਗਿਆ ਜੋ ਐਤਵਾਰ ਦੇਰ ਰਾਤ ਤੱਕ ਚੱਲਿਆ
  • ਪੁਲਿਸ,ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਹੋਇਆ
ਬੀਬੀਸੀ

ਦੇਰ ਰਾਤ ਤੱਕ ਚੱਲਿਆ ਵਿਰੋਧ ਪ੍ਰਦਰਸ਼ਨ

ਪੁਲਿਸ ਵਲੋਂ ਕੋਈ ਵੀ ਖੁਦਕੁਸ਼ੀ ਦੀ ਕੋਸ਼ਿਸ਼ ਨਾ ਹੋਣ ਅਤੇ ਕਿਸੇ ਵੀ ਦੂਜੀ ਕੁੜੀ ਦਾ ਵੀਡੀਓ ਨਾ ਬਣਾਏ ਜਾਣ ਦੇ ਦਾਅਵੇ ਤੋਂ ਬਾਅਦ ਸ਼ਾਮ ਪੈਂਦਿਆਂ ਹੀ ਵਿਦਿਆਰਥੀ ਹੋਸਟਲਾਂ ਤੋਂ ਬਾਹਰ ਕੈਂਪਸ ਦੀਆਂ ਸੜਕਾਂ ਉੱਤੇ ਨਿੱਤਰ ਆਏ।

ਸ਼ਨੀਵਾਰ ਵਾਂਗ ਹੀ ਐਤਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਕਿ ਐਤਵਾਰ ਦੁਪਹਿਰ ਨੂੰ ਮੁਲਜ਼ਮ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਪਰ ਵਿਦਿਆਰਥੀਆਂ ਖਾਸਕਰ ਕੁੜੀਆਂ ਦਾ ਕਹਿਣਾ ਸੀ ਕਿ ਉਹ ਹੋਸਟਲਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਉ੍ਨ੍ਹਾਂ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਨਾਖੁਸ਼ੀ ਜਾਹਰ ਕੀਤੀ।

ਲੀਡਰ ਵਿਹੂਣੇ ਵਿਦਿਆਰਥੀ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ ਅਤੇ ਵੱਖ ਵੱਖ ਮੰਗਾਂ ਦੱਸਦੇ ਰਹੇ।

ਚੰਡੀਗੜ੍ਹ ਯੂਨੀਵਰਸਿਟੀ

ਪੁਲਿਸ ਦੇ ਸੀਨੀਅਰ ਅਫ਼ਸਰਾਂ, ਡੀਸੀ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਭਰੋਸੇ ਵੀ ਵਿਦਿਆਰਥੀਆਂ ਨੂੰ ਸ਼ਾਂਤ ਨਹੀਂ ਕਰ ਪਾ ਰਹੇ ਹਨ।

ਆਖਰ ਪੁਲਿਸ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਮਿਲਕੇ 10 ਮੈਂਬਰੀ ਵਿਦਿਆਰਥੀਆਂ ਦੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ।

ਹੋਸਟਲ ਵਾਰਡਨ ਬਦਲਣ, ਕੱਪੜਿਆਂ ਸਬੰਧੀ ਅਤੇ ਹੋਸਟਲ ਦੇ ਸਮੇਂ ਵਿਚ ਤਬਦੀਲੀ ਵਰਗੀਆਂ ਹਰ ਤਰ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਇਸ ਦੌਰਾਨ ਪੁਲਿਸ ਅਤੇ ਵਿਦਿਆਰਥੀਆਂ ਦਰਮਿਆਨ ਬਹਿਸ ਵੀ ਹੋਈ।

ਐਤਵਾਰ ਰਾਤ 1.30 ਵਜੇ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਇਹ ਪ੍ਰਦਰਸ਼ਨ ਖਤਮ ਹੋਇਆ।

ਮੌਕੇ 'ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਆਨੰਦ ਅਗਰਵਾਲ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਵਿਦਿਆਰਥੀ ਪੁਲਿਸ ਕੋਲੋਂ ਇਸ ਮਾਮਲੇ ਵਿੱਚ ਦਰਜ ਹੋਈ ਐਫਆਈਆਰ ਦੀ ਕਾਪੀ ਦੀ ਮੰਗ ਵੀ ਕਰ ਰਹੇ ਸਨ। ਕੁਝ ਵਿਦਿਆਰਥੀਆਂ ਨੇ ਆਖਿਆ ਕਿ ਐੱਫਆਈਆਰ ਪੰਜਾਬੀ ਵਿੱਚ ਹੈ ਅਤੇ ਉਨ੍ਹਾਂ ਨੂੰ ਅਨੁਵਾਦ ਜਿਸ ਕਰ ਕੇ ਇਸ ਦੀ ਕਾਪੀ ਦਿੱਤੀ ਜਾਵੇ।

ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਵਾਰਡਨ ਨੂੰ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਗਈ। ਲਾਠੀਚਾਰਜ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੇ ਇਲਾਜ ਦਾ ਖਰਚਾ ਅਤੇ ਹੋਸਟਲ ਦੇ ਸਮੇਂ ਵਿੱਚ ਤਬਦੀਲੀ ਦੀ ਮੰਗ ਵੀ ਕੀਤੀ ਗਈ।

ਚੰਡੀਗੜ੍ਹ ਯੂਨੀਵਰਸਿਟੀ

ਵਿਦਿਆਰਥੀਆਂ ਨੇ ਕੀ ਮੰਗਾਂ ਰੱਖੀਆਂ ਸਨ

  • ਜਿੰਨੀ ਵੀ ਪੁਲਿਸ ਦੀ ਜਾਂਚ ਹੋਵੇਗੀ ਸਾਰੀ ਸਾਡੇ 10 ਵਿਦਿਆਰਥੀਆਂ ਸਾਹਮਣੇ ਹੋਵੇਗੀ, ਸਾਡੇ ਕੋਲੋਂ ਕੁਝ ਵੀ ਲੁਕਾਇਆ ਨਾ ਜਾਵੇ। ਪੁਲਿਸ ਸਾਨੂੰ ਹਰ ਚੀਜ਼ ਬਾਰੇ ਜਾਣਕਾਰੀ ਦੇਵੇਗੀ ਕਿ ਉਹ ਕੀ ਕਾਰਵਾਈ ਕਰ ਰਹੇ ਹਨ, ਉਨ੍ਹਾਂ ਦਾ ਅਗਲਾ ਐਕਸ਼ਨ ਕੀ ਹੈ
  • ਕੁੜੀਆਂ ਦੇ ਹੋਸਟਲ ਵਿੱਚ ਗ਼ਲਤ ਪ੍ਰਤੀਕਿਰਿਆ ਦੇਣ ਵਾਲੀ ਵਾਰਡਨ ਮੈਡਮ ਨੂੰ ਸਸਪੈਂਡ ਕੀਤਾ ਜਾਵੇ
  • ਜਿੰਨੇ ਵੀ ਬਾਥਰੂਮਾਂ ਦੇ ਝਰਨੇ ਖੁੱਲ੍ਹੇ ਹੋਏ ਹਨ, ਉਨ੍ਹਾਂ ਨੂੰ ਬੰਦ ਕੀਤੇ ਜਾਣ
  • ਜਿੰਨੇ ਵੀ ਫੋਨ ਤੋੜੇ ਗਏ ਹਨ, ਉਨ੍ਹਾਂ ਦਾ ਮੁਆਵਾਜ਼ਾ ਯੂਨੀਵਰਸਿਟੀ ਵੱਲੋਂ ਦਿੱਤਾ ਜਾਵੇ
  • ਮੁਜ਼ਾਹਰੇ ਦੌਰਾਨ ਜਿਹੜੇ ਮੁੰਡਿਆਂ 'ਤੇ ਲਾਠੀਚਾਰਜ਼ ਹੋਇਆ ਹੈ, ਉਸ ਬਾਰੇ ਕਾਰਵਾਈ ਹੋਵੇ ਕਿ ਕਿਸ ਨੇ ਇਸ ਦਾ ਆਦੇਸ਼ ਦਿੱਤਾ ਸੀ ਅਤੇ ਉਨ੍ਹਾਂ ਦਾ ਮੈਡੀਕਲ ਚਾਰਜਿਜ਼ ਯੂਨੀਵਰਸਿਟੀ ਦੇਵੇ
ਚੰਡੀਗੜ੍ਹ ਯੂਨੀਵਰਸਿਟੀ

ਤਸਵੀਰ ਸਰੋਤ, BBC

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਸ਼ਨੀਵਾਰ ਦੀ ਘਟਨਾ ਦੀ ਪਾਰਦਰਸ਼ੀ ਜਾਂਚ ਹੋਵੇ,ਸ਼ਨੀਵਾਰ ਨੂੰ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੀ ਵੀ ਜਾਂਚ ਹੋਵੇ,ਹਸਪਤਾਲ ਵਿੱਚ ਭਰਤੀ ਵਿਦਿਆਰਥੀਆਂ ਨੂੰ ਮੁਆਵਜ਼ਾ ਮਿਲੇ'ਕੁੜੀਆਂ ਦੇ ਹੋਸਟਲ ਦਾ ਸਮਾਂ ਸ਼ਾਮ 8.30 ਤੋਂ ਵਧਾ ਕੇ 9.30 ਵਜੇ ਤੱਕ ਕੀਤਾ ਜਾਵੇ।

ਇਸ ਦੇ ਨਾਲ ਹੀ ਸਾਰੇ ਹੋਸਟਲਾਂ ਦੇ ਵਾਰਡਨ ਬਦਲਣ ਦੀ ਮੰਗ ਵੀ ਰੱਖੀ ਗਈ ਸੀ।ਪ੍ਰਸ਼ਾਸਨ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਮਸਲੇ ਨੂੰ ਦਬਾਉਣ ਦਾ ਇਲਜ਼ਾਮ

ਵਿਦਿਆਰਥੀ ਆਪਣੇ ਰੋਸ ਮੁਜ਼ਾਹਰੇ ਦੌਰਾਨ ਲਗਾਤਾਰ ਇਹ ਇਲਜ਼ਾਮ ਲਗਾ ਰਹੇ ਸਨ ਕਿ ਯੂਨੀਵਰਸਿਟੀ ਪ੍ਰਬੰਧਕ ਪੰਜਾਬ ਪੁਲਿਸ ਦੀ ਮਦਦ ਨਾਲ ਮਾਮਲੇ ਨੂੰ ਦਬਾਉਣ ਦੀ ਕੋਸਿਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜਿਸ ਸੀਐੱਲ ਹੋਸਟਲ ਦੀ 7ਵੀਂ ਮੰਜ਼ਿਲ ਉੱਤੇ ਪੂਰੀ ਘਟਨਾ ਘਟੀ ਉੱਥੋਂ ਦੀਆਂ ਕੁੜੀਆਂ ਅਚਾਨਕ ਕਿੱਥੇ ਚਲੀਆਂ ਗਈਆਂ ਸਨ।

ਵਿਦਿਆਰਥੀ ਪ੍ਰਬੰਧਕਾਂ ਨੂੰ ਕਹਿੰਦੇ ਰਹੇ ਕਿ ਉਨਾਂ ਨੂੰ ਮਿਲਾਇਆ ਜਾਵੇ, ਆਖਰ ਵਿਦਿਆਰਥੀ ਹੋਸਟਲ ਤੱਕ ਵੀ ਗਏ ਪਰ ਉੱਤੋਂ ਜ਼ਿਆਦਾਤਰ ਕੁੜੀਆਂ ਨਹੀਂ ਸਨ।

ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਪੁਲਿਸ ਕਿਵੇਂ ਮੁਲਜ਼ਮ ਕੁੜੀ ਦੇ ਫੋਨ ਦੀ ਫੌਰੈਂਸਿਕ ਜਾਂਚ ਕੀਤੇ ਦਾਅਵਾ ਕਰ ਸਕਦੀ ਹੈ ਕਿ ਇੱਕ ਹੀ ਕੁੜੀ ਦੇ ਵੀਡੀਓ ਮਿਲੇ ਹਨ।

ਪੁਲਿਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਸ਼ਿਮਲਾ ਤੋਂ ਫੜ੍ਹੇ ਮੁੰਡੇ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਤੇ ਉਸ ਦੀ ਪੁੱਛਗਿੱਛ ਤੋਂ ਪਹਿਲਾਂ ਕਿਵੇਂ ਕਹਿ ਸਕਦੀ ਹੈ ਕਿ ਕਿਸੇ ਹੋਰ ਕੁੜੀ ਦੀ ਵੀਡੀਓ ਨਹੀਂ ਮਿਲੀ।

ਵਿਦਿਆਰਥੀਆਂ ਨੇ ਪੁਲਿਸ ਉੱਤੇ ਸ਼ਨੀਵਾਰ ਰਾਤ ਨੂੰ ਵਿਦਿਆਰਥੀਆਂ ਨਾਲ ਕੈਂਪਸ ਵਿਚ ਲਾਠੀਚਾਰਜ ਕੀਤਾ, ਉਹ ਦੀ ਆਗਿਆ ਕਿਸ ਨੇ ਦਿੱਤੀ ਸੀ।

ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ

ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਕੋਈ ਖ਼ੁਦਕੁਸ਼ੀ ਦੀ ਕੋਸ਼ਿਸ਼ ਨਹੀਂ ਹੋਈ ਅਤੇ ਨਾ ਹੀ ਕੋਈ ਹੋਰ ਵੀਡੀਓ ਉਨ੍ਹਾਂ ਦੇ ਨੋਟਿਸ ਵਿੱਚ ਹੈ। ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਮੁਲਜ਼ਮ ਦੇ ਫੋਨ ਨੂੰ ਵੀ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ ਹੈ।

ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੇ ਆਖਿਆ ਜਾ ਰਿਹਾ ਸੀ ਕਿ ਵਿਦਿਆਰਥਣਾਂ ਦੀਆਂ ਵੀਡੀਓ ਵਾਇਰਲ ਹੋਈਆਂ ਹਨ ਅਤੇ ਇਸ ਬਾਰੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਭਗਵੰਤ ਮਾਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਅਪੀਲ ਕੀਤੀ ਗਈ ਕਿਸੇ ਵੀ ਵਾਇਰਲ ਵੀਡੀਓ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)