ਈਰਾਨ ਵਿੱਚ ਕੁੜੀ ਦੀ ਮੌਤ ਮਗਰੋਂ ਵਿਗੜਿਆ ਮਾਹੌਲ, ਕਈ ਪ੍ਰਦਰਸ਼ਨਕਾਰੀ ਮਾਰੇ ਗਏ ਤੇ ਕਾਰਵਾਈ ਉੱਤੇ ਉੱਠ ਰਹੇ ਸਵਾਲ

    • ਲੇਖਕ, ਰਾਣਾ ਰਹੀਮਪੋਰ
    • ਰੋਲ, ਬੀਬੀਸੀ ਪਰਸ਼ੀਅਨ

ਇੱਕ 22 ਸਾਲਾਂ ਕੁਰਦ ਮੁਟਿਆਰ ਦੀ ਹਿਜਾਬ ਮਾਮਲੇ ਨੂੰ ਲੈ ਕੇ ਕਥਿਤ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਹੋ ਰਹੇ ਦੇਸ਼ ਵਿਆਪੀ ਪ੍ਰਦਰਸ਼ਨਾਂ ਦੌਰਾਨ ਈਰਾਨ ਦੀ ਲੀਡਰਸ਼ਿਪ ਇੱਕ ਵੱਡੀ ਚਣੌਤੀ ਦਾ ਸਾਹਮਣਾ ਕਰ ਰਹੀ ਰਹੀ ਹੈ।

ਮੌਤ ਤੋਂ ਪਹਿਲਾਂ ਮਾਹਸਾ ਅਮੀਨੀ ਨਾਮੀ ਕੁੜੀ ਨੂੰ ਮੌਰੈਲਿਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਹਸਾ ਅਮੀਨੀ ਦੀ ਮੌਤ ਸਿਹਤ ਸਬੰਧੀ ਕਾਰਨਾਂ ਕਰਕੇ ਹੋਈ ਸੀ। ਪਰ ਉਸਦੇ ਪਰਿਵਾਰ ਅਤੇ ਹੋਰ ਅਣਗਿਣਤ ਈਰਾਨੀ ਲੋਕਾਂ ਦਾ ਮੰਨਣਾ ਹੈ ਕਿ ਉਸਦੀ ਮੌਤ ਕੁੱਟਮਾਰ ਕਰਕੇ ਹੋਈ ਸੀ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਹੁਣ ਕੁਝ ਨਹੀਂ ਕੀਤਾ ਤਾਂ ਉਨ੍ਹਾਂ ਦੀ ਹਸ਼ਰ ਵੀ ਇਸੇ ਤਰ੍ਹਾਂ ਦਾ ਹੋਵੇਗਾ। ਇਨ੍ਹਾਂ ਪ੍ਰਦਰਸ਼ਨਾਂ 'ਚ ਹੁਣ ਤੱਕ ਘੱਟੋ-ਘੱਟ 30 ਲੋਕ ਮਾਰੇ ਗਏ ਹਨ।

ਇਹ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਈਰਾਨੀ ਲੋਕ ਕਈ ਚੀਜ਼ਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਅੱਕੇ ਹੋਏ ਹਨ।

ਈਰਾਨ ਦੇ ਰਾਜਨੀਤਿਕ ਵਰਗ ਵਿੱਚ ਭ੍ਰਿਸ਼ਟਾਚਾਰ, 50% ਤੋਂ ਵੱਧ ਮਹਿੰਗਾਈ ਦੇ ਨਾਲ ਵਧ ਰਹੀ ਗਰੀਬੀ, ਪ੍ਰਮਾਣੂ ਵਾਰਤਾ ਵਿੱਚ ਰੁਕਾਵਟ, ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀ ਦੀ ਘਾਟ ਆਦਿ ਨੇ ਨੌਜਵਾਨ ਆਬਾਦੀ ਨੂੰ ਨਿਰਾਸ਼ ਕੀਤਾ ਹੋਇਆ ਹੈ।

ਈਰਾਨ ਦੇ ਸਮਾਜਿਕ ਸੁਰੱਖਿਆ ਸੰਗਠਨ ਰਿਸਰਚ ਇੰਸਟੀਚਿਊਟ ਮੁਤਾਬਕ ਜੂਨ 2021 ਤੱਕ ਘੱਟੋ-ਘੱਟ 25 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ। ਇਹ ਗਿਣਤੀ ਹੁਣ ਹੋਰ ਵੀ ਵੱਧ ਹੈ।

ਈਰਾਨ ਦੇ ਇਸਲਾਮੀ ਗਣਰਾਜ ਦੇ ਇਤਿਹਾਸ ਵਿੱਚ ਇਹ ਕੋਈ ਪਹਿਲਾ ਵਿਰੋਧ ਪ੍ਰਦਰਸ਼ਨ ਨਹੀਂ ਹੈ। ਪਰ ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚ ਕੁਝ ਵੱਖਰਾ ਹੈ।

ਸਭ ਤੋਂ ਵੱਡੀ ਚੀਜ਼ ਹੈ ਕਿ ਇਹ ਔਰਤਾਂ ਦਾ ਵਿਰੋਧ ਹੈ।

  • ਈਰਾਨ ਦੀ ਸਰਕਾਰ ਅੱਗੇ ਵੱਡੀਆਂ ਚਣੌਤੀਆਂ
  • ਔਰਤਾਂ ਦੇ ਪ੍ਰਦਰਸ਼ਨ ਬਣ ਰਹੇ ਨੇ ਲਹਿਰ
  • ਅਮੀਨੀ ਦੀ ਮੌਤ ਨੇ ਸਰਕਾਰ ਦੇ ਕਈ ਪੱਕੇ ਸਮਰਥਕਾਂ ਨੂੰ ਹਿਲਾ ਦਿੱਤਾ
  • ਧਾਰਮਿਕ ਹਸਤੀਆਂ ਅਤੇ ਲੋਕਾਂ ਵੱਲੋਂ ਮੌਰੈਲਿਟੀ ਪੁਲਿਸ ਦੇ ਕੰਮ ਦੇ ਤਰੀਕਿਆਂ ਉੱਪਰ ਸਵਾਲ

'ਸਮਾਜ ਬਦਲ ਗਿਆ ਹੈ'

ਨਾਗਰਿਕ ਅਧਿਕਾਰਾਂ ਦੀਆਂ ਸੰਸਥਾਵਾਂ ਈਰਾਨ ਵਿੱਚ ਔਰਤਾਂ ਦੇ ਦਮਨ ਨੂੰ ਲਗਾਤਾਰ ਉਜਾਗਰ ਕਰਦੀਆਂ ਰਹੀਆਂ ਹਨ। ਇਹ ਸਮਾਜ ਦਾ ਇੱਕ ਪੂਰਾ ਹਿੱਸਾ ਹੈ ਜੋ 1979 ਦੀ ਇਸਲਾਮੀ ਕ੍ਰਾਂਤੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ।

ਈਰਾਨੀ ਔਰਤਾਂ ਨੂੰ ਕ੍ਰਾਂਤੀ ਤੋਂ ਤੁਰੰਤ ਬਾਅਦ ਹਿਜਾਬ (ਸਕਾਰਫ) ਪਾਉਣ ਲਈ ਮਜਬੂਰ ਕੀਤਾ ਗਿਆ ਸੀ।

ਉਨ੍ਹਾਂ ਨੇ ਆਪਣੇ ਬਹੁਤ ਸਾਰੇ ਅਧਿਕਾਰ ਗੁਆ ਦਿੱਤੇ ਹਨ ਜਿਨ੍ਹਾਂ ਵਿੱਚ ਯਾਤਰਾ ਕਰਨ, ਕੰਮ ਕਰਨ ਅਤੇ ਸੱਤ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀ ਕਸਟਡੀ ਦਾ ਅਧਿਕਾਰ ਸ਼ਾਮਲ ਹੈ। ਮਰਦਾਂ ਵੱਲੋਂ ਉਸ ਸਮੇਂ ਇਨ੍ਹਾਂ ਤਬਦੀਲੀਆਂ 'ਤੇ ਬਹੁਤ ਘੱਟ ਇਤਰਾਜ਼ ਕੀਤਾ ਗਿਆ ਸੀ।

ਸਵੀਡਨ ਦੇ ਰਹਿਣ ਵਾਲੇ ਈਰਾਨੀ ਸਮਾਜ-ਵਿਗਿਆਨੀ, ਮੇਹਰਦਾਦ ਦਰਵਿਸ਼ਪੋਰ ਕਹਿੰਦੇ ਹਨ, "ਇਹ ਤੱਥ ਕਿ ਬਹੁਤ ਸਾਰੇ ਆਦਮੀ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ, ਇਹ ਦਰਸਾਉਂਦਾ ਹੈ ਕਿ ਸਮਾਜ ਵਧੇਰੇ ਪ੍ਰਗਤੀਸ਼ੀਲ ਮੰਗਾਂ ਵੱਲ ਤਬਦੀਲ ਹੋ ਗਿਆ ਹੈ।"

ਪ੍ਰਦਰਸ਼ਨਕਾਰੀਆਂ ਦਾ ਮੁੱਖ ਨਾਅਰਾ "ਔਰਤ, ਜੀਵਨ, ਆਜ਼ਾਦੀ" ਹੈ। ਇਹ ਬਰਾਬਰੀ ਦਾ ਸੱਦਾ ਅਤੇ ਧਾਰਮਿਕ ਕੱਟੜਵਾਦ ਦੇ ਖਿਲਾਫ਼ ਸਟੈਂਡ ਹੈ।

ਇਸ ਦੇ ਨਾਲ ਹੀ ਇਹ ਵਿਰੋਧ ਪ੍ਰਦਰਸ਼ਨ ਪਿਛਲੇ ਪ੍ਰਦਰਸ਼ਨਾਂ ਨਾਲੋਂ ਕਿਤੇ ਜ਼ਿਆਦਾ ਸੰਗਠਿਤ ਹਨ।

ਸਾਲ 2009 ਦੀ ਅਖੌਤੀ ਗ੍ਰੀਨ ਮੂਵਮੈਂਟ ਨੇ ਕਥਿਤ ਚੋਣ ਧੋਖਾਧੜੀ ਦੇ ਖਿਲਾਫ਼ ਮੱਧ ਵਰਗ ਦਾ ਵਿਰੋਧ ਦੇਖਿਆ। ਭਾਵੇਂ ਇਹ ਵੱਡਾ ਵਿਰੋਧ ਸੀ ਪਰ ਇਹ ਵੱਡੇ ਸ਼ਹਿਰਾਂ ਤੱਕ ਕੇਂਦਰਿਤ ਸੀ।

ਸਾਲ 2017 ਅਤੇ 2019 ਵਿੱਚ ਹੋਰ ਵੱਡੇ ਪ੍ਰਦਰਸ਼ਨ ਗਰੀਬ ਖੇਤਰਾਂ ਤੱਕ ਸੀਮਤ ਸਨ।

ਪਰ ਮੌਜੂਦਾ ਵਿਰੋਧ ਹੁਣ ਮੱਧ ਵਰਗ ਅਤੇ ਮਜ਼ਦੂਰ ਵਰਗ ਦੋਵਾਂ ਖੇਤਰਾਂ ਵਿੱਚ ਹਨ। ਲੱਗਦਾ ਹੈ ਕਿ ਲੋਕ ਸਥਾਨਕ ਜਾਂ ਨਸਲੀ ਮੁੱਦਿਆਂ ਤੋਂ ਵਧੇਰੇ ਅਸਲ ਮੁੱਦਿਆਂ ਵੱਲ ਚਲੇ ਗਏ ਹਨ।

ਮੇਹਰਦਾਦ ਕਹਿੰਦੇ ਹਨ, "ਅਸੀਂ ਵੱਡੀ ਲਹਿਰ ਦੇ ਗਵਾਹ ਬਣ ਰਹੇ ਹਾਂ।"

ਔਰਤਾਂ ਵੱਲੋਂ ਚਲਾਈ ਜਾ ਰਹੀ ਇੱਕ ਲਹਿਰ ਜਿਸ ਨੇ ਹੋਰ ਲਹਿਰਾਂ ਨੂੰ ਵੀ ਇਕੱਠਾ ਕਰ ਲਿਆ ਹੈ। ਇਸ ਤੋਂ ਵੀ ਵੱਡੀ ਗੱਲ ਹੈ ਕਿ ਹਿਜਾਬ ਨੂੰ ਅੱਗ ਲਗਾਉਣ ਦੇ ਸੰਕੇਤ ਨੇ ਨਾ ਤੋੜੇ ਜਾਣ ਵਾਲੇ ਰਾਜ ਦੇ ਅਕਸ ਨੂੰ ਸੱਟ ਮਾਰੀ ਹੈ।

ਮੇਹਰਦਾਦ ਮੁਤਾਬਕ ਇਸ ਲਹਿਰ ਦੇ ਤਜਰਬੇ ਵਿੱਚੋਂ ਕੋਈ ਬਾਹਰ ਨਹੀਂ ਜਾਣ ਵਾਲਾ।

ਇਹ ਵੀ ਪੜ੍ਹੋ-

ਸਰਕਾਰ ਕੋਲ ਕਿਹੜੇ ਬਦਲ ਹਨ?

ਸੱਤਾ ਕਸੂਤੀ ਸਥਿਤੀ ਵਿੱਚ ਹੈ। ਮਾਹਸਾ ਅਮੀਨੀ ਦੀ ਮੌਤ ਨੇ ਸਰਕਾਰ ਦੇ ਕਈ ਪੱਕੇ ਸਮਰਥਕਾਂ ਨੂੰ ਹਿਲਾ ਦਿੱਤਾ। ਧਾਰਮਿਕ ਹਸਤੀਆਂ ਸਮੇਤ ਬਹੁਤ ਲੋਕ ਮੌਰੈਲਿਟੀ ਪੁਲਿਸ ਵੱਲੋਂ ਔਰਤਾਂ ਖਿਲਾਫ਼ ਵਰਤੇ ਜਾਂਦੇ ਤਰੀਕਿਆਂ ਉੱਪਰ ਸਵਾਲ ਕਰ ਰਹੇ ਹਨ।

ਸਰਕਾਰ ਕੋਲ ਦੋ ਬਦਲ ਹਨ: ਹਿਜਾਬ ਸਬੰਧੀ ਆਪਣੇ ਨਿਯਮ ਬਦਲਣ ਜੋ ਕਿ ਈਰਾਨ ਦੇ ਇਸਲਾਮਿਕ ਗਣਰਾਜ ਦੀ ਪਛਾਣ ਹੈ। ਪਰ ਇਸ ਤਰ੍ਹਾਂ ਕਰਨਾ ਰਾਜ ਨੂੰ ਬਦਲਣ ਦੀ ਮੰਗ ਨੂੰ ਉਤਸ਼ਾਹਿਤ ਕਰਨਾ ਹੋਵਾਗਾ।

ਹਾਲਂਕਿ ਕੁਝ ਵੀ ਨਾ ਬਦਲਣਾ, ਲੋਕਾਂ ਦੇ ਵਿਰੋਧ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਮਾਰਨਾ ਥੋੜ੍ਹੇ ਸਮੇਂ ਲਈ ਪ੍ਰਦਰਸ਼ਨਾਂ ਨੂੰ ਰੋਕ ਸਕਦਾ ਹੈ ਪਰ ਇਹ ਲੋਕਾਂ ਦੇ ਵੱਧ ਰਹੇ ਗੁੱਸੇ ਉੱਪਰ ਹੋਰ ਤੋਲ ਪਾਉਣ ਵਾਲਾ ਹੋਵੇਗਾ।

ਦੰਗਿਆਂ ਨੂੰ ਰੋਕਣ ਵਾਲੀ ਪੁਲਿਸ ਦੇ ਬਹੁਤ ਸਾਰੇ ਲੋਕ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਜ਼ਰੂਰੀ ਨਹੀਂ ਕਿ ਉਹ ਸਰਕਾਰ ਦੇ ਨਾਲ ਖੜਨਗੇ। ਜੇਕਰ ਪ੍ਰਦਰਸ਼ਨ ਚੱਲਦੇ ਹਨ ਤਾਂ ਉਹ ਆਪਣਾ ਪਾਸਾ ਬਦਲ ਸਕਦੇ ਹਨ।

ਇਸ ਤੋਂ ਇਲਾਵਾ ਸੁਪਰੀਮ ਲੀਡਰ ਦੀ 83 ਸਾਲ ਦੀ ਉਮਰ ਅਤੇ ਉਨ੍ਹਾਂ ਦੀ ਖਰਾਬ ਸਿਹਤ ਦੋਵਾਂ ਪਾਸਿਆਂ ਦੇ ਬਹੁਤ ਸਾਰੇ ਈਰਾਨੀ ਲੋਕਾਂ ਦੇ ਦਿਮਾਗ ਵਿੱਚ ਹੈ।

ਇਹ ਅਸਪੱਸ਼ਟ ਹੈ ਕਿ ਜੋ ਵੀ ਉਸ ਤੋਂ ਬਾਅਦ ਆਵੇਗਾ ਉਹ ਸ਼ਾਸਨ ਦੇ ਕੱਟੜ ਸਮਰਥਕਾਂ ਦਾ ਸਮਰਥਨ ਬਰਕਰਾਰ ਰੱਖਣ ਦੇ ਯੋਗ ਹੋਵੇਗਾ ਜਾਂ ਨਹੀਂ।

ਇਹ ਅੰਤਿਮ ਅਧਿਆਇ ਨਹੀਂ ਹੋ ਸਕਦਾ ਪਰ ਬਹੁਤ ਮਹੱਤਵਪੂਰਨ ਹੈ।

ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਸਿਸਟਮ ਵਿੱਚ ਹੋਰ ਤਰੇੜਾਂ ਦਿਖਾਈ ਦੇ ਰਹੀਆਂ ਹਨ। ਇਹ ਬਹੁਤ ਸਾਰੇ ਉਨ੍ਹਾਂ ਨਾਰਾਜ਼ ਈਰਾਨੀ ਲੋਕਾਂ ਲਈ ਕੰਮ ਨਹੀਂ ਕਰ ਰਹੀਆਂ ਹਨ ਜੋ ਜੀਵਨ ਦਾ ਇੱਕ ਵੱਖਰਾ ਤਰੀਕਾ ਚਾਹੁੰਦੇ ਹਨ।

ਇਹ ਵੀ ਪੜ੍ਹੋ-