ਭਗਵੰਤ ਮਾਨ ਦਾ ਹਵਾਈ ਸਫ਼ਰ ਵਿਵਾਦ : ਉਹ ਮੌਕੇ ਜਦੋਂ ਮੁੱਖ ਮੰਤਰੀ ਉੱਤੇ ਸ਼ਰਾਬ ਪੀ ਕੇ ਜਨਤਕ ਥਾਵਾਂ 'ਤੇ ਜਾਣ ਦੇ ਲੱਗੇ ਇਲਜ਼ਾਮ

    • ਲੇਖਕ, ਦਲੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਮਾਮਲਾ ਉਨ੍ਹਾਂ ਨੂੰ ਜਰਮਨੀ ਦੇ ਇੱਕ ਜਹਾਜ਼ ਤੋਂ ਕਥਿਤ ਤੌਰ 'ਤੇ ਹੇਠਾਂ ਉਤਾਰਨ ਦਾ ਹੈ।

ਇਸਤੋਂ ਬਾਅਦ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਦੀ ਵੀ ਪ੍ਰਤੀਕਿਰਿਆ ਆਈ ਅਤੇ ਮਾਮਲੇ 'ਚ ਲੁਫਥਾਂਸਾ ਏਅਰਲਾਈਂਸ ਨੇ ਵੀ ਬਿਆਨ ਜਾਰੀ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੌਰੇ 'ਤੇ ਸਨ। ਉੱਥੋਂ ਵਾਪਸੀ 'ਚ ਕਈ ਘੰਟੇ ਦੀ ਦੇਰੀ ਹੋਈ ਜਿਸ ਮਗਰੋਂ ਕਈ ਸਵਾਲ ਖੜ੍ਹੇ ਕੀਤੇ ਗਏ ਅਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੂੰ ਸ਼ਰਾਬ ਪੀਣ ਕਾਰਨ ਜਹਾਜ਼ ਤੋਂ ਹੇਠਾਂ ਲਾਹ ਦਿੱਤਾ ਗਿਆ।

ਇਸ ਖ਼ਬਰ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਮਸਲੇ ਉੱਤੇ ਵਿਰੋਧੀ ਧਿਰ ਨੇ ਕੀ ਕਿਹਾ ਹੈ, ਆਮ ਆਦਮੀ ਪਾਰਟੀ ਨੇ ਕੀ ਪ੍ਰਤੀਕਰਮ ਦਿੱਤਾ ਹੈ। ਲੁਫਥਾਂਸਾ ਏਅਰਲਾਈਨਜ਼ ਨੇ ਕੀ ਕਿਹਾ ਤੇ ਉਹ ਕਿਹੜੇ ਮੌਕੇ ਰਹੇ ਜਦੋਂ ਕਥਿਤ ਤੌਰ 'ਤੇ ਸ਼ਰਾਬ ਪੀਣ ਕਾਰਨ ਭਗਵੰਤ ਮਾਨ ਚਰਚਾ ਦਾ ਵਿਸ਼ਾ ਬਣੇ।

ਵਿਰੋਧੀ ਧਿਰ ਨੇ ਭਗਵੰਤ ਮਾਨ ਨੂੰ ਇੰਝ ਘੇਰਿਆ

ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰੈਂਕਫਰਟ ਏਅਰਪੋਰਟ ਤੋਂ ਫਲਾਈਟ ਨਾ ਲੈ ਸਕਣ ਦੇ ਮਾਮਲੇ ਵਿੱਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖੀ ਹੈ।

ਉਨ੍ਹਾਂ ਨੇ ਲਿਖਿਆ, ''ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖ਼ਬਰਾਂ ਹਨ ਕਿ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ਉੱਤੇ ਫਲਾਈਟ ਨਹੀਂ ਲੈਣ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਯਾਤਰਾ ਕਰਨ ਦੀ ਹਾਲਤ ਵਿੱਚ ਨਹੀਂ ਸਨ। ਕਿਰਪਾ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ।''

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ।

ਉਨ੍ਹਾਂ ਲਿਖਿਆ, ''ਸਾਹਮਣੇ ਆਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਤੋਂ ਵਾਪਸੀ ਸਮੇਂ ਲੁਫਥਾਂਸਾ ਫਲਾਈਟ ਤੋਂ ਇਸ ਕਰਕੇ ਹੇਠਾਂ ਲਾਹ ਦਿੱਤਾ ਗਿਆ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ ਤੇ ਚੱਲਣ ਵਿੱਚ ਵੀ ਅਸਮਰਥ ਸਨ। ਫਲਾਈਟ ਵੀ ਚਾਰ ਘੰਟੇ ਲੇਟ ਹੋ ਗਈ। ਇਹਨਾਂ ਰਿਪੋਰਟਾਂ ਕਾਰਨ ਸਾਰੀ ਦੁਨੀਆਂ 'ਚ ਪੰਜਾਬੀਆਂ ਨੂੰ ਨਮੋਸ਼ੀ ਝੱਲਣੀ ਪਈ ਹੈ।''

''ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਵੀ ਤੁਰੰਤ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਇਸ ਮਾਮਲੇ ਵਿੱਚ ਪੰਜਾਬੀ ਤੇ ਕੌਮੀ ਮਾਣ ਸਨਮਾਨ ਦੀ ਗੱਲ ਸ਼ਾਮਲ ਹੈ।''

ਕੇਂਦਰੀ ਹਵਾਬਾਜ਼ੀ ਮੰਤਰੀ ਨੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੂੰ ਲੁਫਥਾਂਸਾ ਦੇ ਜਹਾਜ਼ ਤੋਂ ਉਤਾਰੇ ਜਾਣ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ 'ਤੇ, ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਕਿਹਾ, "ਇਹ ਕੌਮਾਂਤਰੀ ਮਿੱਟੀ 'ਤੇ ਹੋਇਆ ਹੈ।"

ਉਨ੍ਹਾਂ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਅੱਗੇ ਕਿਹਾ, "ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਤੱਥਾਂ ਦੀ ਤਸਦੀਕ ਕਰੀਏ। ਇਹ ਲੁਫਥਾਂਸਾ 'ਤੇ ਹੈ ਕਿ ਉਹ ਡਾਟਾ ਦਿੰਦਾ ਹੈ ਜਾਂ ਨਹੀਂ। ਯਕੀਨਨ, ਮੈਨੂੰ ਭੇਜੀ ਗਈ ਬੇਨਤੀ ਦੇ ਆਧਾਰ 'ਤੇ, ਮੈਂ ਇਸ 'ਤੇ ਗ਼ੌਰ ਕਰਾਂਗਾ।"

  • ਪੰਜਾਬ ਦੇ ਮੁੱਖ ਮੰਤਰੀ ਸ਼ਰਾਬ ਪੀਣ ਦੇ ਇਲਜ਼ਾਮਾਂ ਵਿੱਚ ਮੁੜ ਘਿਰ ਗਏ ਹਨ।
  • ਇਲਜ਼ਾਮ ਲੱਗੇ ਕਿ ਜਰਮਨੀ ਤੋਂ ਦਿੱਲੀ ਲਈ ਉਨ੍ਹਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ।
  • ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ
  • ਲੁਫਥਾਂਸਾ ਏਅਰਲਾਈਨਜ਼ ਨੇ ਅਜਿਹੀ ਕੋਈ ਵੀ ਗੱਲ ਨਹੀਂ ਸਵੀਕਾਰੀ ਅਤੇ ਕਿਹਾ ਕਿ ਏਅਕਰਾਫ਼ਟ ਬਦਲਣ ਕਾਰਨ ਦੇਰੀ ਹੋਈ
  • ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਕੂੜ ਪ੍ਰਚਾਰ ਲਈ ਕੋਸਿਆ ਹੈ

ਲੁਫਥਾਂਸਾ ਏਅਰਲਾਈਨਜ਼ ਨੇ ਕੀ ਕਿਹਾ

ਸੋਸ਼ਲ ਮੀਡੀਆ ਉੱਤੇ ਇਸ ਖ਼ਬਰ ਨੂੰ ਲੈ ਕੇ ਚਰਚਾ ਛਿੜ ਗਈ। ਦਰਅਸਲ ਟਵਿੱਟਰ ਯੂਜ਼ਰ ਨੀਲਾਂਜਨ ਅਤੇ ਕਰਨ ਨਾਂ ਦੇ ਲੋਕਾਂ ਨੇ ਲੁਫਥਾਂਸਾ ਕੰਪਨੀ ਤੋਂ ਸਵਾਲ ਪੁੱਛੇ।

ਨੀਲਾਂਜਨ ਨੇ ਕੰਪਨੀ ਨੂੰ ਟਵੀਟ ਕਰਕੇ ਸਵਾਲ ਪੁੱਛਿਆ, ''ਕੀ ਤੁਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹੋ ਕਿ ਕੀ ਉਸ ਭਾਰਤੀ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਫਲਾਈਟ ਦੇਰੀ ਨਾਲ ਉੱਡੀ।''

ਕਰਨ ਨਾਂ ਦੇ ਯੂਜ਼ਰ ਨੇ ਵੀ ਆਪਣੇ ਟਵੀਟਾਂ ਵਿੱਚ ਲੁਫਥਾਂਸਾ ਕੰਪਨੀ ਤੋਂ ਸਵਾਲ ਪੁੱਛੇ।

ਉਨ੍ਹਾਂ ਨੇ ਇੱਕ ਯਾਤਰੀ ਦੇ ਹਵਾਲੇ ਨਾਲ ਭਗਵੰਤ ਮਾਨ ਵੱਲੋਂ ਸ਼ਰਾਬ ਪੀਣ ਦੀ ਗੱਲ ਵਾਲਾ ਟਵੀਟ ਕੀਤਾ ਅਤੇ ਫਲਾਈਟਾਂ ਦਾ ਸ਼ਿਡਿਊਲ ਅੰਡਰਲਾਈਨ ਕਰਕੇ ਪੁੱਛਿਆ ਕਿ ਕੀ ਕੰਪਨੀ ਪੁਸ਼ਟੀ ਕਰਦੀ ਹੈ ਕਿ ਫਲਾਈਟ ਦੇਰੀ ਨਾਲ ਉੱਡੀ।

ਇਨ੍ਹਾ ਦੇ ਸਵਾਲਾਂ ਦਾ ਜਵਾਬ ਲੁਫਥਾਂਸਾ ਕੰਪਨੀ ਨੇ ਵੀ ਦਿੱਤਾ।

ਕੰਪਨੀ ਨੇ ਟਵੀਟ ਕਰਕੇ ਕਿਹਾ, ''ਫਰੈਂਕਫਰਟ ਤੋਂ ਦਿੱਲੀ ਲਈ ਸਾਡੀ ਉਡਾਣ ਦੇਰੀ ਨਾਲ ਆਈ ਇਸਦਾ ਕਾਰਨ ਏਅਰਕ੍ਰਾਫ਼ਟ ਬਦਲਿਆ ਜਾਣਾ ਹੈ। ਕੰਪਨੀ ਨੇ ਅਗਲੇ ਟਵੀਟ ਵਿੱਚ ਕਿਹਾ ਕਿ ਅਸੀਂ ਡਾਟਾ ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਦੀ ਜਾਣਕਾਰੀ ਨਹੀਂ ਦਿੰਦੇ।''

ਆਮ ਆਦਮੀ ਪਾਰਟੀ ਦੇ ਵਿਰੋਧੀਆਂ ਨੂੰ ਘੇਰਿਆ

ਲੁਫਥਾਂਸਾ ਏਅਰਲਾਈਂਜ਼ ਵੱਲੋਂ ਆਏ ਜਵਾਬ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਆਹਬਾਬ ਸਿੰਘ ਗਰੇਵਾਲ ਅਤੇ ਮਾਲਵਿੰਦਰ ਸਿੰਘ ਕੰਗ ਨੇ ਵਿਰੋਧੀਆਂ ਨੂੰ ਘੇਰਿਆ।

ਗਰੇਵਾਲ ਨੇ ਟਵੀਟ ਕੀਤਾ, ਲੁਫਥਾਂਸਾ ਨੇ ਮਾਮਲਾ ਸਪੱਸ਼ਟ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਹੁਣ ਤੁਸੀਂ ਇਸ 'ਤੇ ਕੀ ਕਹੋਗੇ।

ਕੰਗ ਨੇ ਕਿਹਾ, ''ਤੁਸੀਂ ਮੁੱਖ ਮੰਤਰੀ ਨੂੰ ਬਦਨਾਮ ਕਰਦੇ ਰਹੋ ਅਤੇ ਉਹ ਪੰਜਾਬ ਦੇ ਲਈ ਕੰਮ ਕਰਦੇ ਰਹਿਣਗੇ।''

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਉਹ ਮੌਕੇ ਜਦੋਂ ਭਗਵੰਤ ਮਾਨ ਸ਼ਰਾਬ ਕਾਰਨ ਚਰਚਾ ਵਿੱਚ ਆਏ

ਧਾਰਮਿਕ ਸਮਾਗਮ ਹੋਵੇ ਜਾਂ ਕਿਸੇ ਦੀ ਅੰਤਮ ਯਾਤਰਾ ਜਾਂ ਫਿਰ ਸੰਸਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਥਿਤ ਤੌਰ 'ਤੇ ਸ਼ਰਾਬ ਪੀਣ ਕਾਰਨ ਚਰਚਾ ਵਿੱਚ ਆਏ।

ਸੰਸਦ ਦਾ ਮਾਮਲਾ

ਜਦੋਂ ਭਗਵੰਤ ਮਾਨ ਸੰਸਦ ਮੈਂਬਰ ਸਨ ਤਾਂ ਉਨ੍ਹਾਂ ਉੱਤੇ ਕਈ ਵਾਰ ਸ਼ਰਾਬ ਪੀ ਕੇ ਆਉਣ ਦੇ ਇਲਜਾਮ ਲੱਗੇ ਸਨ।

ਸਭ ਤੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗੇਂਦਰ ਯਾਦਵ ਨੇ ਸਾਲ 2015 ਵਿੱਚ ਇਲਜ਼ਾਮ ਲਾਇਆ ਕਿ ਮਾਨ ਸੰਸਦ ਦੇ ਇਜਲਾਸਾਂ ਵਿੱਚ ਸ਼ਰਾਬ ਪੀ ਕੇ ਜਾਂਦੇ ਰਹੇ ਹਨ।

ਸਾਲ 2016 ਵਿੱਚ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਵੀ ਇਸੇ ਤਰ੍ਹਾਂ ਦਾ ਇਲਜ਼ਾਮ ਲਾਇਆ ਸੀ।

ਹਰਿੰਦਰ ਸਿੰਘ ਖਾਲਸਾ ਨੇ ਤਤਕਾਲੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਚਿੱਠੀ ਲਿਖ ਕੇ ਇਲਜ਼ਾਮ ਲਾਇਆ ਕਿ ਮਾਨ ਦੇ ਕੋਲ ਵਾਲੀ ਸੀਟ ਉੱਤੇ ਬੈਠਣਾ ਬਹੁਤ ਔਖਾ ਹੈ ਕਿਉਂਕਿ ਉਨ੍ਹਾਂ ਕੋਲੋਂ ਸ਼ਰਾਬ ਦੀ ਬਦਬੂ ਆਉਂਦੀ ਹੈ।

ਉਨ੍ਹਾਂ ਨੇ ਕਿਹਾ ਸੀ, ''ਸਿੱਖ ਹੋਣ ਦੇ ਨਾਤੇ ਮੈਂ ਅਰਦਾਸ ਕਰਨ ਤੋਂ ਬਾਅਦ ਸੰਸਦ ਵਿੱਚ ਆਉਂਦਾ ਹਾਂ। ਨਾਲ ਵਾਲੀ ਸੀਟ ਤੋਂ ਸ਼ਰਾਬ ਦੀ ਬਦਬੂ ਆਉਂਦੀ ਹੈ ਜਿਸ ਕਾਰਨ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲਗਦੀ ਹੈ।''

ਭਗਵੰਤ ਮਾਨ ਉਸ ਵੇਲੇ ਵੀ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਸੰਸਦ ਵਿੱਚ ਜਾਂਦਿਆਂ ਦਾ ਵੀਡੀਓ ਫੇਸਬੁੱਕ ਤੇ ਲਾਈਵ ਚਲਾਇਆ ਸੀ। ਉਨ੍ਹਾਂ ਖਿਲਾਫ਼ ਸੁਰੱਖਿਆ ਨੂੰ ਦਾਅ ਤੇ ਲਾਉਣ ਦਾ ਇਲਜਾਮ ਲੱਗਿਆ ਸੀ।

ਇਸਦੀ ਜਾਂਚ ਲਈ 11 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਉਸ ਕਮੇਟੀ ਨੂੰ ਤਿੰਨ ਸੰਸਦ ਮੈਂਬਰਾਂ ਨੇ ਚਿੱਠੀ ਵੀ ਲਿਖੀ ਸੀ ਕਿ ਮਾਨ ਨੂੰ ਸੰਸਦ ਦੇ ਖਰਚਿਆਂ ਉੱਤੇ ਨਸ਼ਾ ਛੁਡਾਊ ਕੇਂਦਰ ਭੇਜਿਆ ਜਾਵੇ ਫਿਰ ਹੀ ਸੰਸਦ ਵਿੱਚ ਆਉਣ ਦਿੱਤਾ ਜਾਵੇ।

ਸਾਲ 2017 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਅੰਦਰ ਭਾਸ਼ਣ ਦੌਰਾਨ ਕਵੀ ਚਾਰਵਾਕ ਦਾ ਜਿਕਰ ਕਰਦਿਆਂ ਪੁਰਾਣੇ ਸਮਿਆਂ ਵਿੱਚ ਘਿਊ ਪੀਣ ਅਤੇ ਮੌਜੂਦਾ ਸਮੇ ਵਿੱਚ ਸ਼ਰਾਬ ਪੀਣ ਦੀ ਗੱਲ ਦੀ ਤੁਲਨਾ ਕੀਤੀ ਅਤੇ ਭਗਵੰਤ ਮਾਨ ਦਾ ਨਾਂ ਵੀ ਲੈ ਲਿਆ।

ਭਗਵੰਤ ਮਾਨ ਇਸ ਗੱਲ ਉੱਤੇ ਖਾਸਾ ਨਰਾਜ਼ ਹੋਏ ਸਨ ਅਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਸਦਨ ਦੇ ਵੱਕਾਰ ਨੂੰ ਸੱਟ ਪਹੁੰਚਾਈ ਹੈ।

ਭੋਗ ਵਿੱਚ ਸ਼ਰਾਬ ਪੀ ਕੇ ਜਾਣ ਦੇ ਇਲਜ਼ਾਮ

2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਵਿੱਚ ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।

ਉਨ੍ਹਾਂ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਭਗਵੰਤ ਮਾਨ ਫਰੀਦਕੋਟ ਗਏ ਹੋਏ ਸਨ। ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਟੇਜ ਤੋਂ ਉਤਰਨ ਲਈ ਆਖ ਦਿੱਤਾ।

ਇਲਜ਼ਾਮ ਲੱਗਾ ਕਿ ਭਗਵੰਤ ਮਾਨ ਨੇ ਸ਼ਰਾਬ ਪੀਤੀ ਹੋਈ ਸੀ। ਉਸ ਵੇਲੇ ਮੰਚ ਤੋਂ ਉਤਰ ਕੇ ਗੱਡੀ ਤੱਕ ਜਾਂਦਿਆਂ ਦੀ ਮੁੱਖ ਮੰਤਰੀ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ।

ਇਸ ਵੀਡੀਓ ਵਿਚ ਕੁਝ ਲੋਕ ਭਗਵੰਤ ਮਾਨ ਦੇ ਸ਼ਰਾਬ ਪੀਤੇ ਹੋ ਦੀ ਗੱਲ ਕਹਿੰਦੇ ਨਜ਼ਰ ਆ ਰਹੇ ਸਨ, ਪਰ ਉਹ ਬਿਨਾਂ ਕੋਈ ਜਵਾਬ ਦਿੱਤੇ ਆਪਣੀ ਗੱਡੀ ਵੱਲ ਵਧ ਰਹੇ ਸਨ।

ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਮਾਨ ਨੂੰ ਬਾਅਦ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ।

ਮਨਮੀਤ ਅਲੀ ਸ਼ੇਰ ਦੇ ਅੰਤਿਮ ਸੰਸਕਾਰ ਵੇਲੇ ਸ਼ਰਾ ਪੀਣ ਦਾ ਇਲਜ਼ਾਮ

ਨਵੰਬਰ 2016 ਵਿੱਚ ਮਨਮੀਤ ਅਲੀ ਸ਼ੇਰ ਦੇ ਅੰਤਮ ਸਸਕਾਰ ਵੇਲੇ ਭਗਵੰਤ ਮਾਨ ਉੱਤੇ ਸ਼ਰਾਬ ਪੀਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ।

ਮਨਮੀਤ ਅਲੀ ਸ਼ੇਰ ਨੂੰ ਆਸਟਰੇਲੀਆ ਵਿੱਚ ਨਫਰਤੀ ਹਿੰਸਾ ਦੌਰਾਨ ਅੱਗ ਲਗਾ ਕੇ ਮਾਰ ਦਿੱਤਾ ਗਿਆ ਸੀ।

ਖ਼ਬਰਾਂ ਆਈਆਂ ਕਿ ਮਨਮੀਤ ਦੇ ਪਰਿਵਾਰ ਨੇ ਭਗਵੰਤ ਮਾਨ ਨੂੰ ਮੌਕੇ ਤੋਂ ਜਾਣ ਲਈ ਕਹਿ ਦਿੱਤਾ ਸੀ।

ਇਸ ਮੌਕੇ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਭਗਵੰਤ ਮਾਨ ਸੀਨੀਅਰ ਪੁਲਿਸ ਅਫ਼ਸਰਾਂ ਨਾਲ ਵੀ ਉਲਝਦੇ ਨਜ਼ਰ ਆਏ ਸਨ।

ਇਸ ਤੋਂ ਬਾਅਦ ਵੀ ਕਈ ਮੌਕਿਆਂ ਉੱਤੇ ਵਿਰੋਧੀ ਧਿਰ ਭਗਵੰਤ ਮਾਨ ਤੇ ਸ਼ਾਰਬ ਪੀਣ ਦੇ ਮਸਲੇ ਉੱਤੇ ਇਲਜ਼ਾਮ ਤਰਾਸ਼ੀ ਕਰਦੀ ਰਹੀ।

ਜਦੋਂ ਸ਼ਰਾਬ ਛੱਡਣ ਦਾ ਅਹਿਦ ਲਿਆ

ਮਹੀਨਾ ਸੀ ਜਨਵਰੀ ਅਤੇ ਸਾਲ ਸੀ 2019. ਨਵੇਂ ਸਾਲ ਮੌਕੇ ਬਰਨਾਲਾ ਦੀ ਰੈਲੀ ਵਿੱਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਅਹਿਦ ਲਿਆ ਸੀ।

ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਇਸ਼ ਫੈਸਲੇ ਨੂੰ 'ਮਹਾਨ ਬਲਿਦਾਨ' ਦੱਸਿਆ ਸੀ।

ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆਂ ਨੇ ਟਵੀਟ ਵੀ ਕੀਤਾ ਸੀ ਅਤੇ ਲਿਖਿਆ ਸੀ, ''ਬਰਨਾਲਾ ਰੈਲੀ ਵਿੱਚ ਭਗਵੰਤ ਮਾਨ ਦਾ ਐਲਾਨ- 1 ਜਨਵਰੀ ਤੋਂ ਉਨ੍ਹਾਂ ਨੇ ਅਹਿਦ ਲਿਆ ਹੈ ਕਿ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਗਾਉਣਗੇ। ਉਨ੍ਹਾਂ ਨੇ ਮੰਚ ਉੱਤੇ ਆਪਣੀ ਮਾਤਾ ਜੀ ਅਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਵਾਅਦਾ ਕੀਤਾ ਹੈ ਕਿ ਉਹ ਆਪਣਾ ਤਨ ਮਨ ਧਨ ਪੰਜਾਬ ਦੀ ਸੇਵਾ ਲਈ ਲਗਾ ਦੇਣਗੇ।''

ਸੰਸਦ ਮੈਂਬਰ ਤੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ, ਸ਼ਰਾਬ ਨਾ ਪੀਣ ਦੀ ਸਹੁੰ ਵੀ ਖਾਧੀ ਸੀ ਪਰ ਬਾਵਜੂਦ ਇਸਦੇ ਸ਼ਰਾਬ ਪੀਣ ਦੇ ਇਲਜ਼ਾਮ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ।

ਭਗਵੰਤ ਮਾਨ ਵਿਰੋਧੀਆਂ ਦੇ ਸ਼ਰਾਬ ਬਾਬਤ ਇਲਜ਼ਾਮਾਂ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਕੋਨ ਮੇਰੇ ਖ਼ਿਲਾਫ਼ ਹੋਰ ਕੁਝ ਵੀ ਬੋਲਣ ਲਈ ਨਹੀ ਹੈ, ਉਹ ਸ਼ਰਾਬ ਦਾ ਮੁੱਦਾ ਵਾਰ ਵਾਰ ਚੁੱਕ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)