ਕਮਿਲਾ: ਬ੍ਰਿਟੇਨ ਦੀ ਨਵੀਂ ਕੁਈਨ ਕੌਨਸੌਰਟ

    • ਲੇਖਕ, ਸਾਰਾ ਕੈਂਪਬੇਲ
    • ਰੋਲ, ਰਾਇਲ ਪੱਤਰਕਾਰ

ਉਹ ਚਾਰਲਸ ਦੀ ਜ਼ਿੰਦਗੀ ਦਾ ਪਿਆਰ ਹੈ। ਦੋਵੇਂ ਇੱਕ ਦੂਜੇ ਉਪਰ ਉਸ ਸਮੇਂ ਤੋਂ ਭਰੋਸਾ ਕਰਦੇ ਆ ਰਹੇ ਹਨ ਜਦੋਂ ਉਹ ਜਵਾਨ ਸਨ। ਪਿਛਲੇ 17 ਸਾਲਾਂ ਤੋਂ ਉਹ ਉਹਨਾਂ ਦੀ ਪਤਨੀ ਹੈ। ਹੁਣ ਉਹ ਕੁਈਨ ਕੌਨਸੌਰਟ ਬਣ ਗਏ ਹਨ।

ਹਰ ਮਹੱਤਵਪੂਰਨ ਮੌਕੇ ਅਤੇ ਸਮਾਗਮ ਵਿੱਚ ਭਾਵੇਂ ਇਹ ਰਾਸ਼ਟਰੀ ਹੋਵੇ ਜਾਂ ਅੰਤਰਰਾਸ਼ਟਰੀ ਕਮਿਲਾ ਨੂੰ ਲੋਕ ਉਹਨਾਂ ਦੇ ਪਤੀ ਚਾਰਲਸ ਨੇ ਨਾਲ ਹੀ ਦੇਖਦੇ ਆਏ ਹਨ। ਪਰ ਜਿਵੇਂ ਉਹ ਮੰਨਦੇ ਹਨ ਕਿ ਇਹ ਸਭ ਐਨਾ ਅਸਾਨ ਨਹੀਂ ਸੀ।

ਕੁਝ ਔਰਤਾਂ ਨੂੰ ਕਮਿਲਾ ਪਾਰਕਰ ਬਾਊਲਜ਼ ਕਹਿ ਕੇ ਭੰਡਿਆ ਵੀ ਜਾਂਦਾ ਹੈ। ਉਹਨਾਂ ਨੂੰ ਦੂਜੀ ਔਰਤ ਦੱਸਿਆ ਜਾਂਦਾ ਹੈ ਜੋ ਵਿਆਹ ਟੁੱਟਣ ਲਈ ਜ਼ਿਮੇਵਾਰ ਰਹੀ ਹੋਵੇ। ਉਹਨਾਂ ਦੀ ਤੁਲਨਾ ਹਮੇਸ਼ਾ ਵੇਲਸ ਦੀ ਰਾਜਕੁਮਾਰੀ ਡਾਇਨਾ ਨਾਲ ਕੀਤੀ ਜਾਂਦੀ ਹੈ।

ਚਾਰਲਸ ਨੂੰ ਚੁਣ ਕੇ ਉਹਨਾਂ ਨੇ ਇਕ ਤਰ੍ਹਾਂ ਆਪਣੀ ਨਿੱਜੀ ਜ਼ਿੰਦਗੀ ਖਤਮ ਕਰ ਲਈ ਸੀ। ਕਈ ਸਾਲਾਂ ਤੱਕ ਉਹ ਮੀਡੀਆ ਦੇ ਸਵਾਲਾਂ ਤੋਂ ਪ੍ਰੇਸ਼ਾਨ ਰਹੇ। ਉਹਨਾਂ ਦੇ ਚਰਿੱਤਰ ਅਤੇ ਚਾਲ-ਚੱਲਣ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ।

ਪਰ ਉਹਨਾਂ ਨੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਅਤੇ ਸਮੇਂ ਦੇ ਨਾਲ ਸ਼ਾਹੀ ਪਰਿਵਾਰ ਵਿੱਚ ਆਪਣੀ ਖ਼ਾਸ ਔਰਤ ਦੀ ਥਾਂ ਨੂੰ ਮਜ਼ਬੂਤ ਕੀਤਾ।

ਕਮਿਲਾ ਦਾ ਇੱਕ ਲੰਮਾ ਸਫ਼ਰ ਹੈ। ਇਹ ਕਿਹਾ ਜਾਂਦਾ ਹੈ ਕਿ ਪ੍ਰਿੰਸ ਚਾਰਲਸ ਅਤੇ ਕਮਿਲਾ ਜਦੋਂ ਆਪਣੀ ਉਮਰ ਦੇ 20ਵੀਆਂ ਵਿੱਚ ਮਿਲੇ ਤਾਂ ਇੱਕ-ਦੂਜੇ ਨੂੰ ਦਿਲ ਦੇ ਬੈਠੇ।

ਮਹਾਰਾਣੀ ਐਲਿਜ਼ਾਬੈਥ ਤੋਂ ਮਾਨਤਾ ਮਿਲਣ 'ਤੇ ਕੁਝ ਸਮਾਂ ਲੱਗਿਆ ਪਰ ਆਖਰੀ ਸਾਲਾਂ ਵਿੱਚ ਮਹਾਰਾਣੀ ਵੱਲੋਂ ਕਮਿਲਾ ਨੂੰ ਪੂਰਾ ਸਹਿਯੋਗ ਮਿਲਿਆ।

ਕੁਈਨ ਕੌਨਸੌਰਟ ਨੂੰ ਭਾਵੇਂ ਲੋਕਾਂ ਵੱਲੋਂ ਪੂਰੀ ਮਾਨਤਾ ਕਦੇ ਨਾ ਮਿਲੇ ਪਰ ਇਸ ਸਾਲ ਦੇ ਸ਼ੁਰੂ ਵਿੱਚ ਵੋਗ ਮੈਗਜੀਨ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਕਿਹਾ, "ਮੈਂ ਇਸ ਉਪਰ ਜ਼ਿਆਦਾ ਧਿਆਨ ਨਹੀਂ ਦਿੰਦੀ ਅਤੇ ਇਸ ਤੋਂ ਉਪਰ ਉੱਠ ਕੇ ਅੱਗੇ ਵੱਧਦੀ ਹਾਂ। ਤੁਹਾਨੂੰ ਜ਼ਿੰਦਗੀ ਨਾਲ ਅੱਗੇ ਵੱਧਣਾ ਹੁੰਦਾ ਹੈ।"

ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ 17 ਜੁਲਾਈ 1947 ਵਿੱਚ ਪੈਦਾ ਹੋਈ ਕਮਿਲਾ ਸ਼ਾਹੀ ਖ਼ਾਨਦਾਨ ਦੇ ਵਾਰਿਸ ਦੀ ਪਤਨੀ ਬਣੇਗੀ। ਕਮਿਲਾ ਦਾ ਪਰਿਵਾਰ ਉੱਚ ਮੱਧਵਰਗੀ, ਅਮੀਰ ਅਤੇ ਚੰਗੀ ਠਾਠਬਾਠ ਵਾਲਾ ਸੀ ਪਰ ਉਹ ਯਕੀਨੀ ਤੌਰ ਉਪਰ ਸ਼ਾਹੀ ਪਰਿਵਾਰ ਵਿੱਚੋਂ ਨਹੀਂ ਸੀ।

ਉਹ ਆਪਸ ਵਿੱਚ ਮੇਲਜੋਲ ਰੱਖਣ ਵਾਲੇ ਪਰਿਵਾਰ ਵਿੱਚ ਵੱਡੀ ਹੋਈ। ਸਸੈਕਸ ਵਿੱਚ ਪਿਆਰ ਭਰੇ ਮਹੌਲ 'ਚ ਕਮਿਲਾ ਆਪਣੇ ਭਰਾ ਅਤੇ ਭੈਣ ਨਾਲ ਖੇਡਦੇ ਹੋਏ ਵੱਡੀ ਹੋਈ। ਉਹਨਾਂ ਦੇ ਪਿਤਾ ਬਰੂਸ ਸ਼ੈਡ ਇੱਕ ਫ਼ੌਜੀ ਅਫ਼ਸਰ ਸਨ।

ਉਹ ਉਹਨਾਂ ਨੂੰ ਸੌਣ ਤੋਂ ਪਹਿਲਾਂ ਕਹਾਣੀਆਂ ਸੁਣਾਉਂਦੇ ਸਨ ਅਤੇ ਉਹਨਾਂ ਦੀ ਮਾਂ ਰੋਜ਼ਲਿੰਡ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਸਨ। ਉਹ ਉਹਨਾਂ ਨੂੰ ਖੇਡਣ ਲੈ ਕੇ ਜਾਂਦੀ ਅਤੇ ਸਮੁੰਦਰ ਦੇ ਕੰਡੇ ਘੁਮਾਉਂਦੇ ਸਨ।

ਕਮਿਲਾ ਦਾ ਬਚਪਨ ਚਾਰਲਸ ਦੇ ਬਚਪਨ ਤੋਂ ਬਿਲਕੁਲ ਵੱਖਰਾ ਸੀ। ਚਾਰਲਸ ਨੂੰ ਕਈ ਵਾਰ ਆਪਣੇ ਮਾਂ-ਬਾਪ ਤੋਂ ਬਿਨਾਂ ਸਮਾਂ ਬਿਤਾਉਣਾ ਪੈਂਦਾ ਕਿਉਂਕਿ ਉਹ ਵਿਦੇਸ਼ ਦੀਆਂ ਯਾਤਰਾਵਾਂ ਉਪਰ ਜਾਂਦੇ ਸਨ।

ਸਵਿਟਜ਼ਰਲੈਂਡ ਵਿੱਚ ਸਕੂਲੀ ਸਿੱਖਿਆ ਖ਼ਤਮ ਕਰਨ ਤੋਂ ਬਾਅਦ ਕਮਿਲਾ ਲੰਡਨ ਦੇ ਸਮਾਜ ਵਿੱਚ ਜੀਵਨ ਸ਼ੁਰੂ ਕਰਨ ਲਈ ਤਿਆਰ ਸੀ। ਉਹ ਪ੍ਰਸਿੱਧ ਸੀ। ਕਮਿਲਾ 1960 ਦੇ ਦਹਾਕੇ ਦੇ ਅੱਧ ਵਿੱਚ ਘਰੇਲੂ ਕੈਵਲਰੀ ਅਫ਼ਸਰ ਐਂਡਰਿਊ ਪਾਰਕਰ ਬਾਊਲਜ਼ ਨਾਲ ਇੱਕ ਛੋਟੇ ਜਿਹੇ ਸਬੰਧ ਵਿੱਚ ਸੀ।

1970 ਦੇ ਦਹਾਕੇ ਦੇ ਸ਼ੁਰੂ ਵਿੱਚ ਉਹਨਾਂ ਦੀ ਜਾਣ-ਪਛਾਣ ਪ੍ਰਿੰਸ ਚਾਰਲਸ ਨਾਲ ਹੋਈ। ਚਾਰਲਸ ਦੀ ਜੀਵਨੀ ਲਿਖਣ ਵਾਲੇ ਜੋਨਾਥਨ ਡਿੰਬਲੇਬੀ ਦੇ ਅਨੁਸਾਰ, "ਉਹ ਬਹੁਤ ਪਿਆਰ ਕਰਨ ਵਾਲੀ ਅਤੇ ਨਰਮ ਸੁਭਾਅ ਵਾਲੀ ਸੀ। ਚਾਰਲਸ ਦਾ ਸ਼ਾਇਦ ਪਹਿਲੀ ਵਾਰ ਵਿੱਚ ਹੀ ਉਸ ਉਪਰ ਦਿਲ ਆ ਗਿਆ।"

ਪਰ ਸਮਾਂ ਠੀਕ ਨਹੀਂ ਸੀ। ਚਾਰਲਸ ਉਸ ਸਮੇਂ ਆਪਣੀ ਉਮਰ ਦੇ 20 ਵਾਲੇ ਦਹਾਕੇ ਵਿੱਚ ਸੀ ਅਤੇ ਨੇਵੀ ਵਿੱਚ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਤੋਂ ਬਾਅਦ 1972 ਦੇ ਅਖ਼ੀਰ ਵਿੱਚ ਅੱਠ ਮਹੀਨਿਆਂ ਲਈ ਉਹਨਾਂ ਦੀ ਵਿਦੇਸ਼ ਵਿੱਚ ਪੋਸਟਿੰਗ ਹੋਈ। ਜਦੋਂ ਚਾਰਲਸ ਉੱਥੇ ਨਹੀਂ ਸੀ ਤਾਂ ਐਂਡਰਿਊ ਨੇ ਕਮਿਲਾ ਨੂੰ ਪਿਆਰ ਦਾ ਇਜ਼ਹਾਰ ਕੀਤਾ ਜਿਸ ਨੂੰ ਉਸ ਨੇ ਮੰਨ ਲਿਆ।

ਉਨ੍ਹਾਂ ਨੇ ਚਾਰਲਸ ਦੇ ਪੁੱਛਣ ਦੀ ਉਡੀਕ ਕਿਉਂ ਨਹੀਂ ਕੀਤੀ?

ਉਹਨਾਂ ਦੇ ਦੋਸਤਾਂ ਨੇ ਹਿਸਾਬ ਲਗਾਇਆ ਕਿ ਕਮਿਲਾ ਨੇ ਅਜਿਹਾ ਇਸ ਲਈ ਕੀਤਾ ਹੋ ਸਕਦਾ ਹੈ ਕਿਉਂਕਿ ਉਸਨੇ ਕਦੇ ਵੀ ਆਪਣੇ ਆਪ ਨੂੰ ਸਮਰਾਟ ਦੀ ਪਤਨੀ ਦੇ ਰੂਪ ਵਿੱਚ ਨਹੀਂ ਦੇਖਿਆ ਸੀ।

ਹਾਲਾਂਕਿ ਚਾਰਲਸ ਨੇ ਸ਼ਾਇਦ ਆਪਣੇ ਆਪ ਨੂੰ ਠੁਕਰਾਇਆ ਮਹਿਸੂਸ ਕੀਤਾ ਹੋਵੇ ਪਰ ਉਹ ਇੱਕ ਦੂਜੇ ਦੀ ਜ਼ਿੰਦਗੀ ਦਾ ਹਿੱਸਾ ਬਣੇ ਰਹੇ।

ਚਾਰਲਸ ਅਤੇ ਐਂਡਰਿਊ ਇਕੱਠੇ ਪੋਲੋ ਖੇਡਦੇ ਸਨ। ਉਹ ਇੱਕੋ ਸਮਾਜਿਕ-ਸਰਕਲ ਵਿੱਚ ਰਹੇ। ਕਮਿਲਾ ਅਤੇ ਐਂਡਰਿਊ ਨੇ ਚਾਰਲਸ ਨੂੰ ਆਪਣੇ ਪਹਿਲੇ ਬੱਚੇ ਟੌਮ ਦਾ ਗੌਡਫਾਦਰ ਬਣਨ ਲਈ ਵੀ ਕਿਹਾ।

ਪੋਲੋ ਦੌਰਾਨ ਚਾਰਲਸ ਅਤੇ ਕਮਿਲਾ ਦੀਆਂ ਤਸਵੀਰਾਂ ਦੇਖ ਕੇ ਉਹਨਾਂ ਵਿਚਲਾ ਸਕੂਨ ਸਾਫ ਦਿਖਦਾ ਹੈ।

1981 ਦੀਆਂ ਗਰਮੀਆਂ ਵਿੱਚ ਚਾਰਲਸ ਡਾਇਨਾ ਨੂੰ ਮਿਲਿਆ। ਉਹਨਾਂ ਨੇ ਡਾਇਨਾ ਸਪੈਂਸਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਸ ਸਮੇਂ ਤੱਕ ਕਮਿਲਾ ਵੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ।

'ਡਾਇਨਾ: ਹਰ ਟਰੂ ਸਟੋਰੀ' ਵਿੱਚ ਲੇਖਕ ਐਂਡਰਿਊ ਮੋਰਟਨ ਨੇ ਵਿਸਥਾਰ ਵਿੱਚ ਦੱਸਿਆ ਹੈ ਕਿ ਕਿਵੇਂ ਡਾਇਨਾ ਨੇ ਆਪਣੇ ਵਿਆਹ ਤੋਂ ਦੋ ਦਿਨ ਪਹਿਲਾਂ ਚਾਰਲਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸਨੇ ਕਮਿਲਾ ਲਈ ਚਾਰਲਸ ਵੱਲੋਂ ਬਣਾਏ ਗਏ ਬਰੇਸਲੇਟ ਨੂੰ ਦੇਖ ਲਿਆ ਸੀ। ਇਸ ਵਿੱਚ ਉਹਨਾਂ ਦੇ ਪਿਆਰ ਨਾਲ ਇੱਕ ਦੂਜੇ ਦੇ ਰੱਖੇ ਨਾਵਾਂ ਦੇ ਪਹਿਲੇ ਅੱਖਰ ਉਕਰੇ ਹੋਏ ਸਨ। ਯਾਨੀ ਐੱਫ਼ ਅਤੇ ਜ਼ੀ - ਫ਼ਰੈਡ ਅਤੇ ਗਲੇਡਿਸ।

ਡਾਇਨਾ ਆਪਣੇ ਪਤੀ ਚਾਰਲਸ ਅਤੇ ਕਮਿਲਾ ਦੇ ਰਿਸ਼ਤੇ ਨਾਲ ਲੜਦੀ ਰਹੀ। ਹਾਲਾਂਕਿ ਚਾਰਲਸ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੇ ਡਾਇਨਾ ਨਾਲ ਵਿਆਹ "ਲਗਭਗ ਪੂਰੀ ਤਰ੍ਹਾਂ ਟੁੱਟ" ਜਾਣ ਤੋਂ ਬਾਅਦ ਹੀ ਕਮਿਲਾ ਨਾਲ ਆਪਣਾ ਰੋਮਾਂਸ ਦੁਬਾਰਾ ਸ਼ੁਰੂ ਕੀਤਾ।

ਪਰ ਡਾਇਨਾ ਨੇ 1995 ਦੇ ਪੈਨੋਰਾਮਾ ਇੰਟਰਵਿਊ ਵਿੱਚ ਕਿਹਾ ਸੀ ਕਿ, "ਇਸ ਵਿਆਹ ਵਿੱਚ ਅਸੀਂ ਤਿੰਨ ਲੋਕ ਸੀ।"

ਹੌਲੀ-ਹੌਲੀ ਚਾਰਲਸ ਅਤੇ ਕਮਿਲਾ ਦੀਆਂ ਮੁਸ਼ਕਲਾਂ ਆਪੋ-ਆਪਣੇ ਵਿਆਹੁਤਾ ਜੀਵਨ ਵਿੱਚ ਵੱਧ ਰਹੀਆਂ ਸਨ। ਇਸ ਸਮੇਂ ਕੁਝ ਅਜਿਹੀਆਂ ਖ਼ਬਰਾਂ ਵੀ ਆਈਆਂ ਜੋ ਪਰੇਸ਼ਾਨ ਕਰਨ ਵਾਲੀਆਂ ਸਨ।

ਪਰ ਕੋਈ ਵੀ ਖ਼ਬਰ 1989 ਵਿੱਚ ਗੁਪਤ ਤੌਰ 'ਤੇ ਰਿਕਾਰਡ ਕੀਤੀਆਂ ਫ਼ੋਨ-ਕਾਲਾਂ ਜਿੰਨੀ ਵਿਸਤ੍ਰਿਤ ਨਹੀਂ ਸੀ। ਇਹ ਫ਼ੋਨ-ਕਾਲ ਚਾਰ ਸਾਲ ਬਾਅਦ ਜਨਤਕ ਕੀਤੀ ਗਈ।

ਇਸ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਅਤੇ ਇਸ ਤੋਂ ਉਨ੍ਹਾਂ ਵਿਚਕਾਰ ਨੇੜਤਾ ਦੇ ਪੱਧਰ ਦਾ ਸਪੱਸ਼ਟ ਅੰਦਾਜ਼ਾ ਹੋ ਗਿਆ।

ਕਮਿਲਾ ਦਾ ਸਾਲ 1995 ਵਿੱਚ ਤਲਾਕ ਹੋ ਗਿਆ ਸੀ। ਚਾਰਲਸ ਅਤੇ ਡਾਇਨਾ ਦਾ ਵਿਆਹ ਅਧਿਕਾਰਤ ਤੌਰ 'ਤੇ ਸਾਲ 1996 ਵਿੱਚ ਖ਼ਤਮ ਹੋ ਗਿਆ ਸੀ।

ਇਹ ਚਾਰਲਸ ਲਈ ਕਮਿਲਾ ਦੇ ਪਿਆਰ ਦੀ ਡੂੰਘਾਈ ਸੀ ਕਿ ਉਸਨੇ ਲੋਕਾਂ ਦੀ ਦੁਸ਼ਮਣੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਚਾਰਲਸ ਨਾਲ ਰਹਿਣ ਦਾ ਫੈਸਲਾ ਕੀਤਾ।

ਇਸ ਨੇ ਉਨ੍ਹਾਂ ਦੇ ਬੱਚਿਆਂ ਟੌਮ ਅਤੇ ਲੌਰਾ ਨੂੰ ਵੀ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ:-

ਟੌਮ ਪਾਰਕਰ ਬਾਊਲਜ਼ ਨੇ ਉਨ੍ਹਾਂ ਦਿਨਾਂ ਬਾਰੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਸਮੇਂ ਵਿਲਟਸ਼ਾਇਰ ਵਿੱਚ ਉਹਨਾਂ ਦੇ ਘਰ ਦੇ ਬਾਹਰ ਝਾੜੀਆਂ ਵਿੱਚ ਪਾਪਰਾਜ਼ੀ ਲੁਕ ਜਾਂਦੇ ਸਨ।

ਉਸ ਨੇ ਕਿਹਾ, "ਉਸ ਸਮੇਂ ਕਹਿਣ ਲਈ ਕੁਝ ਵੀ ਨਹੀਂ ਬਚਿਆ ਸੀ ਜਿਸ ਨਾਲ ਸਾਡੇ ਪਰਿਵਾਰ ਨੂੰ ਹੋਰ ਵੀ ਦੁੱਖ ਪਹੁੰਚ ਸਕਦਾ ਹੋਵੇ।"

ਉਸਨੇ 2017 ਵਿੱਚ ਟਾਈਮਜ਼ ਅਖਬਾਰ 'ਚ ਲਿਖਿਆ, "ਮੇਰੀ ਮਾਂ ਬੁਲੇਟਪਰੂਫ ਹੈ।"

ਉਨ੍ਹੀਂ ਦਿਨੀਂ ਕਮਿਲਾ ਨੇ ਕਿਹਾ ਸੀ, "ਕੋਈ ਵੀ ਇਹ ਪਸੰਦ ਨਹੀਂ ਕਰਦਾ ਕਿ ਹਰ ਸਮੇਂ ਉਸ 'ਤੇ ਨਜ਼ਰ ਰੱਖੀ ਜਾਵੇ। ਪਰ ਤੁਹਾਨੂੰ ਇਸ ਨਾਲ ਰਹਿਣ ਦਾ ਤਰੀਕਾ ਲੱਭਣਾ ਹੋਵੇਗਾ।"

1997 ਵਿੱਚ ਲੇਡੀ ਡਾਇਨਾ ਦੀ ਮੌਤ ਤੋਂ ਬਾਅਦ ਉਹਨਾਂ ਲਈ ਆਲੋਚਨਾ ਤੋਂ ਬਾਹਰ ਨਿਕਲਣਾ ਹੋਰ ਵੀ ਮੁਸ਼ਕਲ ਹੋ ਗਿਆ। ਜਨਤਕ ਤੌਰ 'ਤੇ ਚਾਰਲਸ ਨੇ ਆਪਣਾ ਧਿਆਨ ਆਪਣੇ ਬੱਚਿਆਂ, ਵਿਲੀਅਮ ਅਤੇ ਹੈਰੀ, ਵੱਲ ਮੋੜਿਆ ਪਰ ਕਮਿਲਾ ਪਰਦੇ ਪਿੱਛੇ ਹਟ ਗਈ। ਹਾਲਾਂਕਿ ਉਨ੍ਹਾਂ ਦਾ ਰਿਸ਼ਤਾ ਜਾਰੀ ਰਿਹਾ।

ਕਮਿਲਾ ਦਾ ਚਾਰਲਸ ਦੇ ਜੀਵਨ ਵਿੱਚ ਇੱਕ ਸਥਾਨ ਸੀ ਜਿਸਦੀ ਤੁਲਨਾ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ ਸੀ। ਇਸ ਲਈ ਉਹਨਾਂ ਨੇ ਹੌਲੀ ਹੌਲੀ ਉਸਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਸਥਾਪਤ ਕਰਨ ਲਈ ਇੱਕ ਸੁਚੇਤ ਮੁਹਿੰਮ ਨਾਲ ਕੰਮ ਕੀਤਾ।

ਇਸ ਦੀ ਸ਼ੁਰੂਆਤ 1999 ਵਿੱਚ ਰਿਟਜ਼ ਹੋਟਲ ਤੋਂ ਦੇਰ ਰਾਤ ਨੂੰ ਨਿਕਲਣ ਨਾਲ ਹੋਈ ਜਿੱਥੇ ਚਾਰਲਸ ਕਮਿਲਾ ਦੀ ਭੈਣ ਦੇ 50ਵੇਂ ਜਨਮਦਿਨ ਦਾ ਜਸ਼ਨ ਮਨਾਉਣ ਲਈ ਆਏ ਸਨ।

ਇਸ ਦੇ ਛੇ ਸਾਲ ਬਾਅਦ ਚਾਰਲਸ ਨੇ ਵਿੰਡਸਰ ਗਿਲਡਹਾਲ ਵਿਖੇ ਇੱਕ ਛੋਟੇ ਸਮਾਰੋਹ ਵਿੱਚ ਕਮਿਲਾ ਨਾਲ ਵਿਆਹ ਕਰਵਾ ਲਿਆ।

ਉਸ ਸਮੇਂ ਇਹ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਲੋਕ ਨਵ-ਵਿਆਹੁਤਾ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਸਕਦੇ ਹਨ ਪਰ ਅਜਿਹਾ ਕੁਝ ਨਹੀਂ ਹੋਇਆ। ਹਾਲਾਂਕਿ ਲੋਕਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਪਰ ਕਈ ਸਾਲਾਂ ਤੋਂ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਕਿ ਕੀ ਉਹ ਕਦੇ ਰਾਣੀ ਵਜੋਂ ਜਾਣੇ ਜਾਣਗੇ ਕਿ ਨਹੀਂ। ਹਾਲਾਂਕਿ ਉਹ ਕਾਨੂੰਨੀ ਤੌਰ 'ਤੇ ਇਸ ਦੇ ਹੱਕਦਾਰ ਸਨ ਪਰ ਉਹਨਾਂ ਨੂੰ ਅਧਿਕਾਰਤ ਤੌਰ 'ਤੇ ਕੁਈਨ ਕੌਨਸੌਰਟ ਕਿਹਾ ਜਾਵੇਗਾ।

ਅੰਤ ਵਿੱਚ ਮਹਾਰਾਣੀ ਐਲਿਜ਼ਾਬੈਥ II ਨੇ ਮਾਮਲਾ ਸੁਲਝਾ ਲਿਆ। ਉਹਨਾਂ ਨੇ ਸਾਲ 2022 ਵਿੱਚ ਕਿਹਾ ਸੀ ਕਿ ਇਹ ਉਹਨਾਂ ਦੀ ਇੱਛਾ ਹੈ ਕਿ ਸਮਾਂ ਆਉਣ 'ਤੇ ਕਮਿਲਾ ਨੂੰ ਕੁਈਨ ਕੌਨਸੌਰਟ ਵਜੋਂ ਜਾਣਿਆ ਜਾਵੇ।

ਹੁਣ ਇਹ ਪੁਸ਼ਟੀ ਕੀਤੀ ਗਈ ਹੈ ਕਿ ਚਾਰਲਸ ਰਾਜਾ ਅਤੇ ਕਮਿਲਾ ਕੁਈਨ ਕੌਨਸੌਰਟ ਬਣ ਜਾਣਗੇ। ਇਸ ਨਾਲ ਹੁਣ ਤੱਕ ਚੱਲ ਰਹੀ ਹਰ ਤਰ੍ਹਾਂ ਦੀ ਬਹਿਸ ਦਾ ਵੀ ਅੰਤ ਹੋ ਗਿਆ।

ਜੇਕਰ ਮਹਾਰਾਣੀ ਐਲਿਜ਼ਾਬੈਥ II ਕਮਿਲਾ ਬਾਰੇ ਇੰਨੀ ਸਾਵਧਾਨ ਸੀ ਤਾਂ ਉਹ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਬਾਰੇ ਹੋਰ ਵੀ ਗੰਭੀਰ ਹੋਣੇ।

ਦੋਵਾਂ ਰਾਜਕੁਮਾਰਾਂ ਨੇ ਆਪਣੇ ਮਾਤਾ-ਪਿਤਾ ਦਾ ਰਿਸ਼ਤਾ ਟੁੱਟਦਾ ਦੇਖਿਆ ਸੀ ਅਤੇ ਉਹਨਾਂ ਨੂੰ ਇਸ ਦਾ ਦਰਦ ਝੱਲਣਾ ਪਿਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਆਪਣੀ ਮਾਂ ਦੀ ਮੌਤ ਦੇ ਦੁੱਖ ਵਿੱਚੋਂ ਲੰਘਣਾ ਪਿਆ।

2005 ਵਿੱਚ ਆਪਣੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਪ੍ਰਿੰਸ ਹੈਰੀ ਨੇ ਕਮਿਲਾ ਨੂੰ ਇੱਕ ਸ਼ਾਨਦਾਰ ਔਰਤ ਵਜੋਂ ਪਰਿਭਾਸ਼ਿਤ ਕੀਤਾ। ਹੈਰੀ ਨੇ ਕਿਹਾ ਸੀ ਕਿ ਕਮਿਲਾ ਨੇ ਉਹਨਾਂ ਦੇ ਪਿਤਾ ਨੂੰ ਖੁਸ਼ੀ ਦਿੱਤੀ।

ਪ੍ਰਿੰਸ ਹੈਰੀ ਨੇ ਕਿਹਾ ਸੀ, "ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਅਤੇ ਜਦੋਂ ਵੀ ਅਸੀਂ ਮਿਲਦੇ ਹਾਂ ਤਾਂ ਚੰਗੀ ਤਰ੍ਹਾਂ ਮਿਲਦੇ ਹਾਂ।"

ਹਾਲਾਂਕਿ ਦੋਵਾਂ ਭਰਾਵਾਂ ਨੇ ਜਨਤਕ ਤੌਰ 'ਤੇ ਕਮਿਲਾ ਬਾਰੇ ਬਹੁਤ ਘੱਟ ਬੋਲਿਆ ਹੈ। ਪਰ ਜਨਤਕ ਸਮਾਗਮਾਂ ਵਿੱਚ ਪ੍ਰਿੰਸ ਵਿਲੀਅਮ, ਉਹਨਾਂ ਦੀ ਪਤਨੀ ਅਤੇ ਕਮਿਲਾ ਵਿੱਚ ਗੱਲਬਾਤ ਅਤੇ ਸਰੀਰਕ ਭਾਸ਼ਾ ਤੋਂ ਲਗਦਾ ਹੈ ਕਿ ਉਹਨਾਂ ਵਿਚਕਾਰ ਇੱਕ ਚੰਗਾ ਰਿਸ਼ਤਾ ਹੈ।

ਹੁਣ ਆਪਣੀ ਉਮਰ ਦੇ 70 ਦੇ ਪੜਾਅ ਵਿੱਚ ਕਮਿਲਾ ਨੇ ਆਪਣਾ ਪੂਰਾ ਧਿਆਨ ਆਪਣੇ ਪਤੀ ਅਤੇ ਉਹਨਾਂ ਦੇ ਪਰਿਵਾਰ ਦੇ ਆਲੇ-ਦੁਆਲੇ ਕੇਂਦਰਿਤ ਕਰ ਦਿੱਤਾ ਹੈ। ਸ਼ਾਹੀ ਪਰਿਵਾਰ ਤੋਂ ਇਲਾਵਾ ਉਹਨਾਂ ਦੀ ਇੱਕ ਹੋਰ ਜ਼ਿੰਦਗੀ ਹੈ ਜਿੱਥੇ ਉਹ ਪੰਜ ਬੱਚਿਆਂ ਦੀ ਦਾਦੀ ਹੈ।

ਕਮਿਲਾ ਦੇ ਭਤੀਜੇ ਬੇਨ ਇਲੀਅਟ ਨੇ ਵੈਨਿਟੀ ਫੇਅਰ ਮੈਗਜ਼ੀਨ ਨੂੰ ਦਿੱਤੀ ਇੱਕ ਇੰਟਰਵਿਊ 'ਚ ਕਿਹਾ, "ਉਹਨਾਂ ਦਾ ਪਰਿਵਾਰ ਬਹੁਤ ਸਹਿਯੋਗੀ ਅਤੇ ਜੁੜਿਆ ਹੋਇਆ ਹੈ। ਉਹ ਆਪਣੇ ਪਤੀ, ਬੱਚਿਆਂ ਅਤੇ ਬੱਚਿਆਂ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ।"

ਕਮਿਲਾ ਨੇ ਆਪਣੀ ਵੱਖਰੀ ਪਛਾਣ ਉਹਨਾਂ ਖੇਤਰਾਂ ਵਿੱਚ ਬਣਾਈ ਜਿੰਨਾਂ ਨਾਲ ਉਹ ਜੁੜੇ ਹੋਏ ਹਨ।

• ਓਸਟੀਓਪੋਰੋਸਿਸ ਬਾਰੇ ਜਾਗਰੂਕਤਾ ਪੈਦਾ ਕਰਨਾ। ਦਰਅਸਲ, ਉਹਨਾਂ ਦੀ ਮਾਂ ਅਤੇ ਦਾਦੀ ਇਸ ਬਿਮਾਰੀ ਤੋਂ ਪੀੜਤ ਸਨ

• ਘਰੇਲੂ ਹਿੰਸਾ, ਬਲਾਤਕਾਰ ਅਤੇ ਜਿਨਸੀ ਹਿੰਸਾ ਵਰਗੇ ਵਿਸ਼ਿਆਂ 'ਤੇ ਜਾਗਰੂਕਤਾ ਪੈਦਾ ਕਰਨਾ

• ਕਿਤਾਬਾਂ ਪ੍ਰਤੀ ਪਿਆਰ ਵਧਾਉਣ ਲਈ ਇੰਸਟਾਗਰਾਮ 'ਤੇ ਇੱਕ ਕਲੱਬ ਦੀ ਅਗਵਾਈ ਕਰਨਾ

ਉਹ ਉਮਰ ਦਾ ਇੱਕ ਪੜਾਅ ਪਾਰ ਕਰਕੇ ਸ਼ਾਹੀ ਜੀਵਨ ਦਾ ਹਿੱਸਾ ਬਣੇ, ਇਸ ਲਈ ਸ਼ਾਇਦ ਸਮਾਜ ਵਿੱਚ ਫੈਲੀਆਂ ਬੁਰਾਈਆਂ ਪ੍ਰਤੀ ਸੰਵੇਦਨਸ਼ੀਲ ਹਨ।

ਲੌਕਡਾਊਨ ਦੌਰਾਨ ਉਹਨਾਂ ਨੇ ਅਫਸੋਸ ਜਤਾਇਆ ਕਿ ਉਹ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਸਹੀ ਢੰਗ ਨਾਲ ਗਲੇ ਨਹੀਂ ਲਗਾ ਸਕੇ। ਉਹਨਾਂ ਦੇ ਕੰਮ ਦੇਖ ਕੇ ਲੱਗਦਾ ਹੈ ਕਿ ਉਹ ਲੋਕਾਂ ਨੂੰ ਆਰਾਮ ਨਾਲ ਰੱਖ ਸਕਦੇ ਹਨ।

ਉਹਨਾਂ ਨੇ ਇਸ ਤੱਥ ਨੂੰ ਵੀ ਕਦੇ ਨਹੀਂ ਲੁਕਾਇਆ ਕਿ ਉਹ ਭਾਸ਼ਣ ਦੇਣ ਤੋਂ ਘਬਰਾ ਜਾਂਦੇ ਸਨ। ਪਰ ਪਿਛਲੇ ਸਮੇਂ ਵਿੱਚ ਉਹਨਾਂ ਦੇ ਆਤਮ ਵਿਸ਼ਵਾਸ ਵਿੱਚ ਯਕੀਨੀ ਤੌਰ 'ਤੇ ਵਾਧਾ ਹੋਇਆ ਹੈ।

ਚਾਰਲਸ ਅਤੇ ਕਮਿਲਾ ਦੇ ਵਿਆਹ ਨੂੰ ਹੁਣ 17 ਸਾਲ ਹੋ ਗਏ ਹਨ। ਜਨਤਕ ਤੌਰ 'ਤੇ ਉਨ੍ਹਾਂ ਦਾ ਰਿਸ਼ਤਾ ਸਪੱਸ਼ਟ ਹੈ।

ਇਲੀਅਟ ਨੇ ਵੈਨਿਟੀ ਫੇਅਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਨ। ਇਸ ਦੇ ਨਾਲ ਹੀ ਉਹ ਇਕੱਠੇ ਹੱਸਦੇ ਵੀ ਹਨ ਅਤੇ ਮੁਸਕਰਾਉਂਦੇ ਹਨ।"

ਚਾਰਲਸ ਨੇ ਆਪਣੇ ਵਿਆਹ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ 'ਤੇ ਬ੍ਰੌਡਕਾਸਟਰ ਸੀਐਨਐਨ ਨੂੰ ਕਿਹਾ, "ਕੋਈ ਤੁਹਾਡੇ ਨਾਲ ਹੋਵੇ ਤਾਂ ਹਮੇਸ਼ਾ ਚੰਗਾ ਲੱਗਦਾ ਹੈ। ਉਹ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਹੈ ਅਤੇ ਜ਼ਿੰਦਗੀ ਦੇ ਮਜ਼ਾਕੀਆ ਪਹਿਲੂਆਂ ਨੂੰ ਵੀ ਬਣਾਈ ਰੱਖਦਾ ਹੈ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ।"