ਕਿੰਗ ਚਾਰਲਸ III ਨੇ ਆਪਣੇ ਪਹਿਲੇ ਸੰਬੋਧਨ 'ਚ ਮਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਾਣੋ ਹੋਰ ਕੀ ਕਿਹਾ

    • ਲੇਖਕ, ਜਾਰਜ ਬੋਡੇਨ
    • ਰੋਲ, ਬੀਬੀਸੀ

ਬ੍ਰਿਟੇਨ ਦੇ ਨਵੇਂ ਰਾਜਾ ਬਣੇ ਕਿੰਗ ਚਾਰਲਸ III ਨੇ ਕਿਹਾ, "ਮਹਾਰਾਣੀ ਐਲਿਜ਼ਾਬੈਥ ਨੇ ਆਪਣਾ ਜੀਵਨ ਚੰਗਾ ਹੰਢਾਇਆ ਸੀ।"

ਇਹ ਸ਼ਬਦ ਉਹਨਾਂ ਨੇ ਆਪਣੀ "ਪਿਆਰੀ ਮਾਂ" ਦੇ ਜੀਵਨ ਭਰ ਸੇਵਾ ਕਰਨ ਦੇ ਵਾਅਦੇ ਦੀ ਨਵੀਂ ਸ਼ੁਰੂਆਤ ਕਰਦਿਆ ਕਹੇ ਹਨ।

ਰਾਸ਼ਟਰ ਨੂੰ ਆਪਣੇ ਪਹਿਲੇ ਭਾਵੁਕ ਸੰਬੋਧਨ ਵਿੱਚ ਉਹਨਾਂ ਨੇ ਆਪਣੀ ਮਾਂ ਦੇ ਨਿੱਘੇ, ਹਾਸੇ ਭਰੇ ਅਤੇ ਲੋਕਾਂ ਵਿੱਚ ਸਭ ਤੋਂ ਵਧੀਆ ਚੀਜ਼ ਵੇਖਣ ਵਾਲੇ ਸੁਭਾਅ ਦੀ ਯੋਗਤਾ ਦੀ ਪ੍ਰਸ਼ੰਸਾ ਕੀਤੀ।

ਕਿੰਗ ਚਾਰਲਸ III ਨੇ ਕਿਹਾ ਕਿ ਪ੍ਰਿੰਸ ਵਿਲੀਅਮ ਅਤੇ ਕੈਥਰੀਨ ਵੇਲਜ਼ ਦੇ ਪ੍ਰਿੰਸ ਅਤੇ ਰਾਜਕੁਮਾਰੀ ਹੋਣਗੇ। ਉਹਨਾਂ ਆਪਣੇ ਪੁੱਤਰ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਮੇਘਨ ਲਈ ਪਿਆਰ ਦਾ ਇਜ਼ਹਾਰ ਵੀ ਕੀਤਾ।

ਮਹਾਰਾਣੀ ਦੀ ਵੀਰਵਾਰ ਨੂੰ 96 ਸਾਲ ਦੀ ਉਮਰ ਵਿੱਚ ਸਕਾਟਲੈਂਡ ਦੇ ਬਾਲਮੋਰਲ ਵਿਖੇ ਸ਼ਾਂਤੀਪੂਰਵਕ ਮੌਤ ਹੋ ਗਈ।

ਇਹ ਵੀ ਪੜ੍ਹੋ:

ਇਹ ਸੰਬੋਧਨ ਮਹਾਰਾਣੀ ਨੂੰ ਯਾਦ ਕਰਨ ਲਈ ਸੇਂਟ ਪੌਲ ਕੈਥੇਡ੍ਰਲ ਵਿਖੇ ਕੀਤਾ ਗਿਆ ਸੀ। ਇਸ ਸੰਬੋਧਨ ਸਮਾਗਮ ਵਿੱਚ ਸੀਨੀਅਰ ਸਿਆਸਤਦਾਨਾਂ ਅਤੇ 2,000 ਲੋਕਾਂ ਨੇ ਭਾਗ ਲਿਆ ਸੀ।

ਚਾਰਲਸ ਦੇ ਬਾਦਸ਼ਾਹ ਬਣਨ ਤੋਂ ਬਾਅਦ ਰਾਸ਼ਟਰੀ ਗੀਤ (ਗੌਡ ਸੇਵ ਦ ਕਿੰਗ) ਦੀ ਪਹਿਲੀ ਅਧਿਕਾਰਤ ਪੇਸ਼ਕਾਰੀ ਵੀ ਹੋਈ।

73 ਸਾਲ ਦੇ ਬਾਦਸ਼ਾਹ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ: "ਉਹਨਾਂ ਦੇ ਸਮਰਪਣ ਅਤੇ ਸ਼ਰਧਾ ਵਿੱਚ ਸੱਤਾਧਾਰੀ ਦੇ ਤੌਰ 'ਤੇ ਕਦੇ ਵੀ ਕਮੀ ਨਹੀਂ ਆਈ ਭਾਵੇਂ ਇਹ ਤਬਦੀਲੀ, ਤਰੱਕੀ, ਖੁਸ਼ੀ, ਜਸ਼ਨ, ਉਦਾਸੀ ਜਾਂ ਨੁਕਸਾਨ ਦਾ ਸਮੇਂ ਹੋਵੇ।"

ਉਹਨਾਂ ਨੇ ਘੋਸ਼ਣਾ ਕੀਤੀ ਕਿ ਵਿਲੀਅਮ ਅਤੇ ਉਸ ਦੀ ਪਤਨੀ ਕੈਥਰੀਨ ਵੇਲਜ਼ ਦੇ ਪ੍ਰਿੰਸ ਅਤੇ ਰਾਜਕੁਮਾਰੀ ਹੋਣਗੇ। ਇਹ ਅਹੁਦਾ ਵਿਲੀਅਮ ਦੀ ਮਾਂ ਡਾਇਨਾ ਵੱਲੋਂ ਆਖਰੀ ਵਾਰ ਵਰਤਿਆ ਗਿਆ ਸੀ।

ਰਾਜਾ ਨੇ ਹੈਰੀ ਅਤੇ ਮੇਘਨ ਲਈ ਆਪਣਾ ਪਿਆਰ ਜ਼ਾਹਿਰ ਕੀਤਾ ਜੋ ਕਿ "ਵਿਦੇਸ਼ ਵਿੱਚ ਆਪਣੀ ਜ਼ਿੰਦਗੀ ਬਣਾਉਣ ਵਿੱਚ ਲੱਗੇ ਹੋਏ ਹਨ।"

ਪਿਛਲੇ 17 ਸਾਲਾਂ ਤੋਂ ਉਹਨਾਂ ਦੀ ਪਤਨੀ ਕਮਿਲਾ (75) ਬਾਰੇ ਬੋਲਦਿਆਂ ਉਹਨਾਂ ਕਿਹਾ, "ਮੈਂ ਜਾਣਦਾ ਹਾਂ ਕਿ ਉਹ ਆਪਣੀ ਨਵੀਂ ਭੂਮਿਕਾ ਦੀਆਂ ਲੋੜਾਂ ਉਪਰ ਦ੍ਰਿੜਤਾ ਲਿਆਵੇਗੀ। ਉਸ ਉਪਰ ਮੈਂ ਬਹੁਤ ਨਿਰਭਰ ਹਾਂ।"

ਇਹ ਮੰਨਦਿਆਂ ਕਿ ਜ਼ਿੰਦਗੀ ਹੁਣ ਬਹੁਤ ਬਦਲ ਗਈ ਹੈ, ਉਹਨਾਂ ਕਿਹਾ, "ਮੇਰੇ ਲਈ ਲੋਕਾਂ ਦਾ ਭਲਾ ਕਰਨ ਵਾਲੀਆਂ ਉਹਨਾਂ ਸੰਸਥਾਵਾਂ ਜਿੰਨ੍ਹਾਂ ਦੀ ਮੈਂ ਪ੍ਰਵਾਹ ਕਰਦਾ ਹਾਂ ਉਹਨਾਂ ਨੂੰ ਸਮਾਂ ਦੇਣਾ ਸੰਭਵ ਨਹੀਂ ਹੋਵੇਗਾ।"

"ਪਰ ਮੈਂ ਜਾਣਦਾ ਹਾਂ ਕਿ ਇਹ ਮਹੱਤਵਪੂਰਨ ਕੰਮ ਭਰੋਸੇਮੰਦ ਹੱਥਾਂ ਵਿੱਚ ਜਾਵੇਗਾ।"

ਗੱਦੀ ਦੇ ਵਾਰਸ ਪ੍ਰਿੰਸ ਵਿਲੀਅਮ ਹੁਣ ਰਾਜੇ ਦੇ ਪੁਰਾਣੇ ਸਕਾਟਿਸ਼ ਖ਼ਿਤਾਬ ਅਤੇ ਡਚੀ ਆਫ਼ ਕਾਰਨਵਾਲ ਦੀ ਜ਼ਿੰਮੇਵਾਰੀ ਸੰਭਾਲਣਗੇ।

ਰਾਜਾ ਨੇ ਕਿਹਾ, "ਮੈਂ ਜਾਣਦਾ ਹਾਂ ਕਿ, ਸਾਡਾ ਨਵਾਂ ਰਾਜਕੁਮਾਰ ਅਤੇ ਵੇਲਜ਼ ਦੀ ਰਾਜਕੁਮਾਰੀ ਰਾਸ਼ਟਰ ਨੂੰ ਪ੍ਰੇਰਿਤ ਅਤੇ ਅਗਵਾਈ ਕਰਨੀ ਜਾਰੀ ਰੱਖਣਗੇ। ਉਹ ਹਾਸ਼ੀਏ ਉਪਰ ਰਹਿ ਰਹੇ ਲੋਕਾਂ ਨੂੰ ਕੇਂਦਰ ਵਿੱਚ ਲਿਆਉਣੇ ਜਿੱਥੇ ਉਹਨਾਂ ਨੂੰ ਮਦਦ ਦਿੱਤੀ ਜਾ ਸਕਦੀ ਹੈ।"

ਮਹਾਰਾਣੀ ਦੇ ਅੰਤਿਮ ਸੰਸਕਾਰ ਨੂੰ ਅੱਗੇ ਦੇਖਦੇ ਹੋਏ ਰਾਜਾ ਨੇ ਉਮੀਦ ਜ਼ਾਹਿਰ ਕੀਤੀ ਕਿ ਦੇਸ਼ ਅਤੇ ਰਾਸ਼ਟਰਮੰਡਲ ਦੇ ਲੋਕ ਮਹਾਰਾਣੀ ਨੂੰ ਯਾਦ ਰੱਖਣਗੇ ਅਤੇ ਉਹਨਾਂ ਵੱਲੋਂ ਜਗਾਈ ਮਿਸਾਲ ਤੋਂ ਤਾਕਤ ਲੈਣਗੇ।

ਅੰਤ ਵਿੱਚ ਉਹਨਾਂ ਕਿਹਾ, "ਮੇਰੀ ਪਿਆਰੀ ਮਾਂ, ਜਦੋਂ ਤੁਸੀਂ ਮੇਰੇ ਪਿਆਰੇ ਮਰਹੂਮ ਪਿਤਾ ਨਾਲ ਜੁੜਨ ਲਈ ਆਪਣੀ ਆਖਰੀ ਯਾਤਰਾ ਸ਼ੁਰੂ ਕੀਤੀ ਹੈ ਤਾਂ ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ: ਤੁਹਾਡਾ ਧੰਨਵਾਦ।"

"ਸਾਡੇ ਪਰਿਵਾਰ ਅਤੇ ਦੇਸ਼ ਦੇ ਪਰਿਵਾਰਾਂ ਲਈ ਤੁਹਾਡੇ ਪਿਆਰ ਅਤੇ ਸ਼ਰਧਾ ਲਈ ਤੁਹਾਡਾ ਧੰਨਵਾਦ। ਤੁਸੀਂ ਐਨੇ ਸਾਲਾਂ ਵਿੱਚ ਐਨੀ ਲਗਨ ਨਾਲ ਸੇਵਾ ਕੀਤੀ ਹੈ।"

"ਰੱਬ ਕਰੇ ਫ਼ਰਿਸਤੇ ਤੁਹਾਨੂੰ ਗਾਉਂਦੇ ਹੋਏ ਤੁਹਾਡੀ ਅੰਤਿਮ ਥਾਂ 'ਤੇ ਲੈ ਜਾਣ।"