ਰਾਜਾ ਚਾਰਲਸ III ਕਿਸ ਤਰ੍ਹਾਂ ਦੇ ਸ਼ਾਸਕ ਹੋਣਗੇ

    • ਲੇਖਕ, ਸ਼ੌਨ ਕਖ਼ਲਨ
    • ਰੋਲ, ਬ੍ਰਿਟੇਨ ਵਿੱਚ ਸ਼ਾਹੀ ਮਾਮਲਿਆਂ ਦੇ ਪੱਤਰਕਾਰ

ਚਾਰਲਸ ਬਰਤਾਨੀਆ ਦੇ ਇਤਿਹਾਸ ਦੇ ਸਭ ਤੋਂ ਲੰਬਾ ਸਮਾਂ ਰਾਜਕੁਮਾਰ ਰਹਿਣ ਮਗਰੋਂ ਹੁਣ ਰਾਜਾ ਬਣ ਗਏ ਹਨ। ਗੱਦੀ ਦੇ ਵਾਰਸ ਵਜੋਂ ਉਨ੍ਹਾਂ ਦੀ ਕਰੀਬ 70 ਸਾਲਾਂ ਦੀ ਸਿਖਲਾਈ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤਿਆਰ ਬਣਾਇਆ ਹੈ ਅਤੇ ਰਾਜ ਉੱਪਰ ਬੈਠਣ ਵੇਲੇ ਸਭ ਤੋਂ ਬਜ਼ੁਰਗ ਰਾਜਾ ਹਨ।

73 ਸਾਲਾ ਰਾਜਾ ਨੇ ਆਪਣੀ ਮਾਂ ਦੇ ਲੰਬੇ ਸ਼ਾਸਨ ਸਮੇਂ ਵਿਸ਼ਵ ਨੇਤਾਵਾਂ ਦੀਆਂ ਪੀੜ੍ਹੀਆਂ ਨੂੰ ਆਉਂਦੇ-ਜਾਂਦੇ ਦੇਖਿਆ। ਇਸ ਦੌਰਾਨ ਯੂਕੇ ਦੇ 15 ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ 14 ਰਾਸ਼ਟਰਪਤੀ ਬਣੇ ਸਨ।

ਮਹਾਰਾਣੀ ਐਲਿਜ਼ਾਬੈਥ-II ਦੇ ਸ਼ਾਨਦਾਰ ਰਾਜ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਦੇ ਰਾਜੇ ਦੀ ਉਮੀਦ ਕਰਦੇ ਹਾਂ? ਮੁੱਦਿਆਂ 'ਤੇ ਬੋਲਣ ਵਾਲਾ ਰਾਜਕੁਮਾਰ ਇੱਕ ਬਾਦਸ਼ਾਹ ਦੀ ਨਿਰਪੱਖਤਾ 'ਤੇ ਪੂਰਾ ਉੱਤਰ ਸਕੇਗਾ?

ਰਾਜਾ ਹੋਣ ਦੇ ਨਾਤੇ ਹੁਣ ਚਾਰਲਸ ਕੋਲ ਆਪਣਾ ਪਾਸਪੋਰਟ ਜਾਂ ਡ੍ਰਾਈਵਿੰਗ ਲਾਇਸੈਂਸ ਨਹੀਂ ਹੋਵੇਗਾ। ਉਹ ਜਨਤਕ ਤੌਰ 'ਤੇ ਆਪਣੀ ਰਾਇ ਨਹੀਂ ਦੇ ਸਕਣਗੇ। ਬਾਦਸ਼ਾਹ ਹੋਣਾ ਵਿਅਕਤੀ ਤੋਂ ਉੱਪਰ ਹੁੰਦਾ ਹੈ।

ਸੰਵਿਧਾਨਿਕ ਮਾਹਰ ਪ੍ਰੋਫੈਸਰ ਵਰਨਨ ਬੋਗਡਾਨੋਰ ਮੰਨਦੇ ਹਨ ਕਿ ਇਹ ਵੱਖ-ਵੱਖ ਭੂਮਿਕਾਵਾਂ, ਨਿਯਮਾਂ ਅਤੇ ਵਿਸ਼ਵਾਸ਼ਾਂ ਦਾ ਮਾਮਲਾ ਹੈ।

ਪ੍ਰੋਫੈਸਰ ਬੋਗਡਾਨੋਰ ਕਹਿੰਦੇ ਹਨ, "ਉਹ ਆਪਣੇ ਸ਼ੁਰੂਆਤੀ ਦਿਨਾਂ ਤੋਂ ਜਿਸ ਸ਼ੈਲੀ ਲਈ ਜਾਣੇ ਜਾਂਦੇ ਹਨ ਉਸ ਨੂੰ ਬਦਲਣਾ ਪਏਗਾ। ਲੋਕ ਇੱਕ ਪ੍ਰਚਾਰਕ ਰਾਜਾ ਨਹੀਂ ਚਾਹੁੰਦੇ।"

ਕਿੰਗ ਚਾਰਲਸ ਘੱਟ ਬੋਲਣ ਦੀ ਲੋੜ ਤੋਂ ਚੰਗੀ ਤਰ੍ਹਾਂ ਜਾਣੂ ਹਨ।

ਉਹਨਾਂ ਨੇ 2018 ਵਿੱਚ ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਕਿਹਾ, "ਮੈਂ ਇੰਨਾ ਮੂਰਖ ਨਹੀਂ ਹਾਂ। ਮੈਨੂੰ ਅਹਿਸਾਸ ਹੁੰਦਾ ਹੈ ਕਿ ਇਹ ਅਧਿਰਾਜ ਹੋਣ ਦਾ ਇੱਕ ਵੱਖਰਾ ਅਭਿਆਸ ਹੈ।"

"ਇਹ ਵਿਚਾਰ ਕਿ ਕਿਸੇ ਤਰ੍ਹਾਂ ਮੈਂ ਬਿਲਕੁਲ ਉਸੇ ਤਰ੍ਹਾਂ ਜਾਰੀ ਰੱਖਾਂਗਾ ਇਹ ਪੂਰੀ ਤਰ੍ਹਾਂ ਬਕਵਾਸ ਹੈ।"

ਇਹ ਵੀ ਪੜ੍ਹੋ:-

ਜਦੋਂ ਇੱਕ ਨਵਾਂ ਰਾਜਸ਼ਾਹ ਗੱਦੀ ਨਸ਼ੀਨ ਹੁੰਦਾ ਹੈ ਤਾਂ ਸਿੱਕਿਆਂ 'ਤੇ ਰਾਜੇ ਦੀ ਤਸਵੀਰ ਨੂੰ ਉਲਟ ਦਿਸ਼ਾ ਵਿੱਚ ਬਦਲ ਦਿੱਤਾ ਜਾਂਦਾ ਹੈ। ਚਾਰਲਸ ਦੇ ਰਾਜ ਦਾ ਵੱਖਰਾ ਕੇਂਦਰ ਹੋਵੇਗਾ।

ਰਾਜਾ ਚਾਰਲਸ ਜਿਸ ਦੇਸ਼ 'ਤੇ ਰਾਜ ਕਰਨਗੇ, ਉਹ ਉਨ੍ਹਾਂ ਦੀ ਮਾਂ ਨੂੰ ਵਿਰਾਸਤ ਵਿੱਚ ਮਿਲੇ ਦੇਸ਼ ਨਾਲੋਂ ਬਹੁਤ ਵੱਖ ਹੈ। ਪ੍ਰੋਫ਼ੈਸਰ ਬੋਗਡਾਨੋਰ ਨੂੰ ਉਮੀਦ ਹੈ ਕਿ ਨਵੇਂ ਰਾਜਾ ਇੱਕ ਬਹੁ-ਸੱਭਿਆਚਾਰਕ, ਬਹੁ-ਵਿਸ਼ਵਾਸ ਵਾਲੇ ਬ੍ਰਿਟੇਨ ਤੱਕ ਪਹੁੰਚ ਕਰਨਗੇ।

ਉਹ ਉਮੀਦ ਕਰਦੇ ਹਨ ਕਿ ਰਾਜਾ ਨਸਲੀ ਘੱਟ-ਗਿਣਤੀਆਂ ਅਤੇ ਵਿਹੂਣੇ ਰਹਿ ਗਏ ਗਰੁੱਪਾਂ ਨਾਲ ਜੁੜਨ ਲਈ ਵਧੇਰੇ ਪ੍ਰਤੱਖ ਯਤਨ ਕਰਦੇ ਹੋਏ ਇੱਕ ਜੋੜਨ ਵਾਲੀ ਸ਼ਕਤੀ ਵਜੋਂ ਕੰਮ ਕਰਨ ਦੀ ਕੋਸ਼ਿਸ਼ ਕਰਨਗੇ।

ਪ੍ਰੋ: ਬੋਗਡਾਨੋਰ ਨੂੰ ਉਮੀਦ ਹੈ ਕਿ ਕਲਾ, ਸੰਗੀਤ ਅਤੇ ਸਭਿਆਚਾਰ ਨੂੰ ਚਾਰਸ ਅਧੀਨ ਜ਼ਿਆਦਾ ਸ਼ਾਹੀ ਸਰਪ੍ਰਸਤੀ ਮਿਲੇਗੀ। ਉਹ ਘੋੜ-ਦੌੜ ਨਾਲੋਂ ਜ਼ਿਆਦਾ ਸ਼ੇਕਸਪੀਅਰ ਨੂੰ ਪਸੰਦ ਕਰਦੇ ਹਨ।

ਕਿੰਗ ਚਾਰਲਸ ਨਾਲ ਪ੍ਰਿੰਸ ਟਰੱਸਟ ਚੈਰਿਟੀ ਨਾਲ ਕਈ ਸਾਲਾਂ ਤੱਕ ਕੰਮ ਕਰਨ ਵਾਲੇ ਸਰ ਲੋਇਡ ਡਾਰਫਮੈਨ ਉਹਨਾਂ ਦੀ ਜਲਵਾਯੂ ਪਰਿਵਰਤਨ ਅਤੇ ਜੈਵਿਕ ਖੇਤੀ ਵਰਗੇ ਮੁੱਦਿਆਂ ਨਾਲੋਂ ਨਾ ਟੁੱਟਣ ਬਾਰੇ ਸੋਚਦੇ ਹਨ।

"ਉਹ ਬਹੁਤ ਗਿਆਨਵਾਨ ਅਤੇ ਨਿਪੁੰਨ ਹਨ। ਇਹ ਕਲਪਨਾ ਕਰਨਾ ਔਖਾ ਹੈ ਕਿ ਜਿਸ ਦਿਨ ਉਹ ਸੱਤਾ ਵਿੱਚ ਆਉਣਗੇ ਤਾਂ ਉਹ ਇਸ ਖੇਤਰ ਨੂੰ ਛੱਡ ਦੇਣਗੇ।"

ਰਾਜਾ ਵੱਲੋਂ ''ਛੋਟੇ ਰਾਜ ਪਰਿਵਾਰ'' ਨੂੰ ਤਰਜੀਹ ਦੇਣ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ ਹਨ। ਇਸਦਾ ਅਰਥ ਹੈ ਕਿ ਕੰਮ ਕਰਨ ਵਾਲੇ ਰਾਇਲਜ਼ ਦੇ ਇੱਕ ਛੋਟੇ ਕੋਰ ਗਰੁੱਪ 'ਤੇ ਜ਼ਿਆਦਾ ਜ਼ੋਰ ਦੇਣਾ ਜਿਸ ਦੇ ਕੇਂਦਰ ਵਿੱਚ ਚਾਰਲਸ ਅਤੇ ਕਮਿਲਾ, ਪ੍ਰਿੰਸ ਵਿਲੀਅਮ ਅਤੇ ਕੈਥਰੀਨ ਹਨ।

ਬ੍ਰਿਟੇਨ ਦੇ ਰਾਜ ਪਰਿਵਾਰ ਦੇ ਮਸਲਿਆ ਬਾਰੇ ਟਿੱਪਣੀਕਾਰ ਵਿਕਟੋਰੀਆ ਮਰਫੀ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਨਵੇਂ ਸ਼ਾਸਨ ਦਾ ਸੰਦੇਸ਼ ਨਿਰੰਤਰਤਾ ਅਤੇ ਸਥਿਰਤਾ ਹੋਵੇਗਾ।

ਉਹ ਕਹਿੰਦੇ ਹਨ, "ਕੋਈ ਵੱਡਾ ਫਰਕ ਪੈਣ ਦੀ ਉਮੀਦ ਨਾ ਕਰੋ। ਉਹ ਬਹੁਤ ਸਾਵਧਾਨ ਰਹਿਣਗੇ।"

ਸ਼ਾਹੀ ਟਿੱਪਣੀਕਾਰ ਅਤੇ ਲੇਖਕ ਰੌਬਰਟ ਹਾਰਡਮੈਨ ਕਹਿੰਦੇ ਹਨ, "ਅਸੀਂ ਰਾਸ਼ਟਰੀ ਜੀਵਨ ਵਿੱਚ ਮਹਾਰਾਣੀ ਨੂੰ ਇੱਕ ਸਥਿਰ ਸਮਝਦੇ ਹਾਂ ਪਰ ਉਨ੍ਹਾਂ ਤੋਂ ਇਲਾਵਾ ਉਹ (ਚਾਰਲਸ) ਜਨਤਕ ਜੀਵਨ ਵਿੱਚ ਕਿਸੇ ਵੀ ਰਾਜਨੇਤਾ ਨਾਲੋਂ ਜ਼ਿਆਦਾ ਸਮਾਂ ਰਹੇ ਹਨ।"

ਇਤਿਹਾਸਕਾਰ ਅਤੇ ਲੇਖਕ ਐਂਥਨੀ ਸੇਲਡਨ ਮੰਨਦੇ ਹਨ ਕਿ ਰਾਜਾ ਚਾਰਲਸ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ 'ਤੇ ਸਹੀ ਸਾਬਤ ਹੋਏ ਹਨ ਜਿਸ ਨੇ ਉਨ੍ਹਾਂ ਨੂੰ ਮਜ਼ਬੂਤ ਬਣਾਇਆ ਹੈ, ਜਿਵੇਂ ਕਿ ਵਾਤਾਵਰਣਿਕ ਤਬਦੀਲੀ ਬਾਰੇ ਚੇਤਾਵਨੀਆਂ। ਕਦੇ ਉਨ੍ਹਾਂ ਦਾ ਇਸ ਲਈ ਮਜ਼ਾਕ ਉਡਾਇਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ, ਸਗੋਂ ਉਹ ਐਟਨਬਰਾ ਵਰਗੇ ਹਨ।

ਲੇਖਕ ਰੌਬਰਟ ਹਾਰਡਮੈਨ ਕਹਿੰਦੇ ਹਨ ਕਿ ਸਾਲ 2021 ਵਿੱਚ ਗਲਾਸਗੋ ਵਿੱਚ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਚਾਰਲਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵਰਗੀਆਂ ਸ਼ਖਸੀਅਤਾਂ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਸੀ।

ਹਾਰਡਮੈਨ ਦੇ ਅਨੁਸਾਰ ਵਿਸ਼ਵ ਪੱਧਰ 'ਤੇ ਉਹਨਾਂ ਦੀ ਸ਼ਖਸ਼ੀਅਤ ਦਾ ਕੱਦ ਰਾਜਾ ਦੇ ਰੂਪ ਵਿੱਚ ਚੰਗੀ ਸੇਵਾ ਕਰੇਗਾ।

ਉਹ ਕਹਿੰਦੇ ਹਨ, "ਇਹ ਸਿਰਫ਼ ਘਿਸੀਪਿਟੀ ਗੱਲਬਾਤ ਨਹੀਂ ਸੀ। ਉਹ ਦੋਵੇਂ ਇੱਕ ਕੋਨੇ ਵਿੱਚ ਇਕੱਠੇ ਬੈਠੇ ਅਤੇ ਬਾਇਡਨ ਕਹਿ ਰਹੇ ਸੀ: 'ਤੁਸੀਂ ਇਹ ਸਭ ਕਰ ਲਿਆ'।"

ਪਰ ਅਸੀਂ ਨਵੇਂ ਰਾਜੇ ਦਾ ਕਿਸ ਤਰ੍ਹਾਂ ਦਾ ਕਿਰਦਾਰ ਦੇਖਾਂਗੇ?

ਜਿਹੜੇ ਲੋਕ ਉਹਨਾਂ ਨੂੰ ਜਾਣਦੇ ਹਨ, ਉਹ ਕਹਿੰਦੇ ਹਨ ਕਿ ਉਹ ਇੱਕ ਸ਼ਰਮੀਲਾ ਅਤੇ ਚੁੱਪ-ਚਪੀਤਾ ਵਿਅਕਤੀ ਹੈ। ਇੱਕ "ਸੰਵੇਦਨਸ਼ੀਲ ਆਤਮਾ" ਹੈ।

ਕਦੇ ਇੱਕ ਇਕੱਲਾ ਮੁੰਡਾ ਹੁੰਦਾ ਸੀ ਜਿਸ ਨੇ ਸਕੂਲ ਵਿਚ ਧੱਕੇਸ਼ਾਹੀ ਅਤੇ ਅਲੱਗ-ਥਲੱਗ ਹੋਣ ਦੀ ਸ਼ਿਕਾਇਤ ਕੀਤੀ ਸੀ।

ਉਹਨਾਂ ਨੇ ਆਪਣੇ ਸਕੂਲ ਦੇ ਹੋਸਟਲ ਵਿੱਚ ਤਸੀਹੇ ਦਿੱਤੇ ਜਾਣ ਬਾਰੇ ਘਰ ਇੱਕ ਪੱਤਰ ਵਿੱਚ ਲਿਖਿਆ ਸੀ ਕਿ, "ਉਹ ਸਾਰੀ ਰਾਤ ਚੱਪਲਾਂ ਸੁੱਟਦੇ, ਮੈਨੂੰ ਸਿਰਹਾਣੇ ਨਾਲ ਮਾਰਦੇ ਹਨ ਜਾਂ ਕਮਰੇ ਵਿੱਚ ਭੱਜਦੇ ਹਨ ਅਤੇ ਜਿੰਨਾ ਹੋ ਸਕੇ ਜ਼ੋਰ ਨਾਲ ਮੈਨੂੰ ਮਾਰਦੇ ਹਨ।"

ਉਹਨਾਂ ਦੀ ਪਤਨੀ ਕਮਿਲਾ ਕਹਿੰਦੇ ਹਨ, "ਬਹੁਤ ਬੇਸਬਰੇ। ਉਹ ਚਾਹੁੰਦੇ ਹਨ ਕੱਲ੍ਹ ਤੱਕ ਕੰਮ ਹੋ ਜਾਣ। ਉਹ ਇਸ ਤਰ੍ਹਾਂ ਕੰਮ ਕਰਦੇ ਹਨ।"

ਕਮਿਲਾ ਨੇ ਚਾਰਲਸ ਦੇ 70 ਵੇਂ ਜਨਮ ਦਿਨ ਮੌਕੇ ਇੱਕ ਟੀਵੀ ਇੰਟਰਵਿਊ ਵਿੱਚ ਦੱਸਿਆ ਕਿ ਲੋਕ ਜਨਤਕ ਤੌਰ 'ਤੇ ਜੋ ਦਿਲਕਸ਼ ਚਰਿੱਤਰ ਦੇਖਦੇ ਹਨ, ਉਸ ਦੇ ਹੇਠਾਂ ਉਨ੍ਹਾਂ ਦਾ ਇੱਕ ਹੋਰ ਖੇਡਕੁਦ ਵਾਲਾ ਪੱਖ ਸੀ।

"ਲੋਕ ਉਹਨਾਂ ਨੂੰ ਇੱਕ ਬਹੁਤ ਹੀ ਗੰਭੀਰ ਵਿਅਕਤੀ ਦੇ ਰੂਪ ਵਿੱਚ ਦੇਖਦੇ ਹਨ ਜੋ ਕਿ ਉਹ ਹਨ। ਪਰ ਮੈਂ ਚਾਹੁੰਦੀ ਹਾਂ ਕਿ ਲੋਕ ਉਹਨਾਂ ਦਾ ਮਜ਼ਾਕੀਆ ਪੱਖ ਵੀ ਦੇਖਣ। ਉਹ ਆਪਣੇ ਗੋਡਿਆਂ 'ਤੇ ਬੈਠ ਕੇ ਬੱਚਿਆਂ ਨਾਲ ਖੇਡਦੇ ਹਨ, ਉਨ੍ਹਾਂ ਲਈ ਹੈਰੀ ਪੋਟਰ ਪੜ੍ਹਦੇ ਹਨ ਅਤੇ ਆਵਾਜ਼ਾਂ ਕੱਢਦੇ ਹਨ।"

ਚਾਰਲਸ ਇੱਕ ਸ਼ਾਂਤ ਅਤੇ ਲੋਕਾਂ ਦੀ ਪਹੁੰਚ ਵਿੱਚ ਰਹਿਣ ਵਾਲੇ ਵਿਅਕਤੀ ਬਣ ਗਏ। ਇਹ ਉਸ ਸਮੇਂ ਹੋਇਆ ਜਦੋਂ ਉਹ ਜਨਤਾ ਨੂੰ ਮਿਲਦੇ ਸਨ। ਸ਼ਾਇਦ ਇਹ ਬਾਦਸ਼ਾਹ ਦੇ ਤੌਰ 'ਤੇ ਉਹ ਬਦਲ ਜਾਣ ਪਰ ਵੇਲਜ਼ ਦੇ ਪ੍ਰਿੰਸ ਦੇ ਤੌਰ 'ਤੇ ਉਹਨਾਂ ਨੇ ਇੱਕ ਪਿਆਰੀ, ਦਾਦੇ ਵਰਗੀ ਸ਼ੈਲੀ ਵਿਕਸਤ ਕੀਤੀ ਹੈ, ਉਹ ਵੀ ਬਿਨਾਂ ਕਿਸੇ ਰੁਕਾਵਟ ਦੇ।

ਆਪਣੀ ਉਮਰ ਦੇ 70ਵੇਂ ਦਹਾਕੇ ਵਿੱਚ ਕਿਸੇ ਵਿਅਕਤੀ ਲਈ ਰਾਜਾ ਹੋਣਾ ਹੌਲੀ ਹੋਣ ਦਾ ਕੋਈ ਸੰਕੇਤ ਨਹੀਂ ਦਿਖਾਉਂਦਾ।

ਪ੍ਰਿੰਸ ਟੀਚਿੰਗ ਇੰਸਟੀਚਿਊਟ 'ਤੇ ਚਾਰਲਸ ਨਾਲ ਕੰਮ ਕਰਨ ਵਾਲੇ ਕ੍ਰਿਸ ਪੋਪ ਨੇ ਨਵੇਂ ਰਾਜੇ ਨੂੰ ਇੱਕ ਰੁਝਿਆ ਹੋਇਆ, ਪ੍ਰੇਰਿਤ, ਇੱਕ "ਊਰਜਾ ਦਾ ਭੰਡਾਰ" ਦੇ ਰੂਪ ਵਿੱਚ ਵਰਨਣ ਕੀਤਾ ਹੈ। ਜੋ ਕੰਮ ਮੋਢਿਆਂ 'ਤੇ ਲੈਣ ਜਾ ਰਿਹਾ ਹੈ।

ਪੋਪ ਕਹਿੰਦੇ ਹਨ, "ਉਹ ਅਗਲੀ ਪੀੜ੍ਹੀ ਦੀ ਭਲਾਈ ਲਈ ਸੱਚਮੁੱਚ ਭਾਵੁਕ ਹੈ। ਤੁਸੀਂ ਦੇਖੋਗੇ ਕਿ ਉਹ ਬਹੁਤ ਸਾਰੇ ਕੰਮ ਕਰਨਗੇ।"

ਰਾਜਕੁਮਾਰ ਦੇ ਚੈਰੀਟੇਬਲ ਕੰਮ ਵਿੱਚ ਵਿਰਾਸਤ ਦੀ ਰੱਖਿਆ ਕਰਨਾ ਅਤੇ ਰਵਾਇਤੀ ਸ਼ਿਲਪਕਾਰੀ ਹੁਨਰ ਨੂੰ ਸੁਰੱਖਿਅਤ ਰੱਖਣਾ ਸ਼ਾਮਲ ਹੈ ਪਰ ਨਾਲ ਹੀ ਉਹ ਨਵੀਨਤਾ ਅਤੇ ਤਬਦੀਲੀ ਨੂੰ ਉਤਸ਼ਾਹਿਤ ਕਰਦੇ ਹਨ।"

"ਉਹ ਹਮੇਸ਼ਾ ਚਿੰਤਤ ਰਹਿੰਦੇ ਹਨ ਕਿ ਪਰੰਪਰਾਵਾਂ ਖਤਮ ਨਾ ਹੋ ਜਾਣ।"

ਨਵੇਂ ਰਾਜੇ ਦਾ ਚਰਿੱਤਰ ਉਹਨਾਂ ਵਿਸ਼ਿਆਂ ਨੂੰ ਇਕੱਠਾ ਕਰਦਾ ਜਾਪਦਾ ਹੈ ਜੋ ਵੱਖੋ-ਵੱਖਰੇ ਦਿਸ਼ਾਵਾਂ ਵਿੱਚ ਖਿੱਚਦੇ ਹੋਏ ਵੇਖੇ ਜਾ ਸਕਦੇ ਹਨ। ਪਰ ਇਨ੍ਹਾਂ ਦੀ ਸੰਭਾਲ ਕਰਨਾ ਚਾਹੁੰਦੇ ਹਨ।

ਉਹ ਕਦੇ-ਕਦੇ ਲਾਲ-ਗੱਲ੍ਹਾਂ ਵਾਲੇ ਜ਼ਿੰਮੀਂਦਾਰ ਵਰਗੇ ਲੱਗਦੇ ਹਨ ਜੋ 18ਵੀਂ ਸਦੀ ਦੀ ਪੇਂਟਿੰਗ ਵਿੱਚੋਂ ਬਾਹਰ ਨਿਲਕ ਆਇਆ ਹੈ। ਦੂਜੇ ਹੀ ਪਲ ਉਹ ਇੱਕ ਨਿਰਾਸ਼ ਸੁਧਾਰਕ ਵਾਂਗ ਲੱਗਦੇ ਹਨ ਜੋ ਇਸ ਗੱਲ ਤੋਂ ਨਾਰਾਜ਼ ਹੁੰਦਾ ਹੈ ਕਿ ਕੁਝ ਭਾਈਚਾਰਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਪਿੱਛੇ ਛੱਡ ਦਿੱਤੇ ਗਏ ਹਨ।

ਉਨ੍ਹਾਂ ਦੇ ਕਿਰਦਾਰ ਦਾ ਵੱਡਾ ਹਿੱਸਾ ਫ਼ਰਜ਼ ਦੀ ਭਾਵਨਾ ਹੋਵੇਗੀ ਜੋ ਉਨ੍ਹਾਂ ਨੂੰ ਆਪਣੀ ਮਾਂ ਤੋਂ ਮਿਲੀ ਹੈ। ਕਿੰਗ ਚਾਰਲਸ ਨੂੰ ਆਪਣੀ ਮਾਂ ਤੋਂ ਧਾਰਮਿਕ ਵਿਸ਼ਵਾਸ ਅਤੇ ਹਾਸੇਮਜ਼ਾਕ ਦਾ ਭਾਵਨਾ ਵੀ ਵਿਰਾਸਤ ਵਿੱਚ ਮਿਲੀ ਹੈ।

ਹਿਤਨ ਮਹਿਤਾ ਨੇ 2007 ਵਿੱਚ ਬ੍ਰਿਟਿਸ਼ ਏਸ਼ੀਅਨ ਟਰੱਸਟ ਕਾਇਮ ਕਰਨ ਵਿੱਚ ਮਦਦ ਕਰਨ ਤੋਂ ਬਾਅਦ ਉਹਨਾਂ ਨਾਲ ਕੰਮ ਵੀ ਕੀਤਾ ਹੈ।

ਮਹਿਤਾ ਕਹਿੰਦੇ ਹਨ, "ਉਹ ਦਿਲੋਂ ਇੱਕ ਮਾਨਵਤਾਵਾਦੀ ਹਨ। ਮੈਨੂੰ ਲੱਗਦਾ ਹੈ ਕਿ ਲੋਕ ਇਸ ਗੱਲ ਨੂੰ ਘੱਟ ਸਮਝਦੇ ਹਨ ਕਿ ਉਹ ਕਿੰਨੀ ਦੇਖਭਾਲ ਕਰਦੇ ਹਨ। ਉਹ ਅਕਸਰ ਉਸ ਸੰਸਾਰ ਬਾਰੇ ਗੱਲ ਕਰਦੇ ਹਨ ਜਿਸਨੂੰ ਉਹ ਆਪਣੇ ਪੋਤੇ-ਪੋਤੀਆਂ ਲਈ ਛੱਡਣ ਜਾ ਰਹੇ ਹਨ। ਉਹ ਇਸ ਬਾਰੇ ਚਿੰਤਾ ਕਰਦੇ ਹਨ।"

ਇਸ ਦਾ ਅਰਥ ਕਾਰਵਾਈ ਦਾ ਸਿੱਧਾ ਸੁਨੇਹਾ ਹੋ ਸਕਦਾ ਹੈ।

"ਸ਼ੁੱਕਰਵਾਰ ਰਾਤ ਦੇ ਨੌਂ ਵੱਜੇ ਹੋਣਗੇ ਅਤੇ ਮੈਨੂੰ ਉਹਨਾਂ ਦਾ ਫ਼ੋਨ ਆਇਆ: 'ਮੈਂ ਹੁਣੇ ਪਾਕਿਸਤਾਨ ਵਿੱਚ ਹੜ੍ਹਾਂ ਬਾਰੇ ਸੁਣਿਆ ਹੈ। ਅਸੀਂ ਕੀ ਕਰ ਰਹੇ ਹਾਂ?' ਅਜਿਹਾ ਨਹੀਂ ਹੈ ਕਿ ਉਹ ਕੋਈ ਰੁਝੇ ਹੋਏ ਵਿਅਕਤੀ ਨਹੀਂ ਹੈ। ਪਰ ਜਿਵੇਂ ਹੀ ਉਹ ਸਮੱਸਿਆ ਬਾਰੇ ਸੁਣਦੇ ਹਨ ਇਸ ਨੂੰ ਹੱਲ ਕਰਨ ਲੱਗ ਜਾਂਦੇ ਹਨ। ਉਹ ਸੱਚਮੁੱਚ ਪਰਵਾਹ ਕਰਦੇ ਹਨ।"

ਪ੍ਰਿੰਸ ਹੈਰੀ ਆਪਣੇ ਪਿਤਾ ਬਾਰੇ ਕਹਿੰਦੇ ਹਨ., "ਇਹ ਉਹ ਆਦਮੀ ਹਨ ਜੋ ਰਾਤ ਨੂੰ ਹਾਸੋਹੀਣੇ ਢੰਗ ਨਾਲ ਡਿਨਰ ਕਰਦੇ ਹਨ ਅਤੇ ਫਿਰ ਆਪਣੇ ਡੈਸਕ 'ਤੇ ਜਾਂਦੇ ਹਨ। ਆਪਣੇ ਲਏ ਹੋਏ ਨੋਟਸਾਂ 'ਤੇ ਸੌਂ ਜਾਂਦੇ ਹਨ।"

ਚਾਰਲਸ ਫਿਲਿਪ ਆਰਥਰ ਜਾਰਜ ਦਾ ਜਨਮ 14 ਨਵੰਬਰ 1948 ਨੂੰ ਬਕਿੰਘਮ ਪੈਲੇਸ ਵਿੱਚ ਹੋਇਆ ਸੀ। ਜਦੋਂ ਬੀਬੀਸੀ ਨੇ ਉਨ੍ਹਾਂ ਦੇ ਜਨਮ ਦੀ ਘੋਸ਼ਣਾ ਕੀਤੀ ਤਾਂ ਇਹ ਖ਼ਬਰ ਨਹੀਂ ਸੀ ਕਿ ਮਹਾਰਾਣੀ ਦੇ ਇੱਕ ਮੁੰਡਾ ਹੋਇਆ ਹੈ ਪਰ ਇਹ ਸੀ ਕਿ ਉਨ੍ਹਾਂ ਦੀ ਮਾਂ ਨੂੰ "ਇੱਕ ਰਾਜਕੁਮਾਰ ਦਾ ਸੁਰੱਖਿਅਤ ਢੰਗ ਨਾਲ ਜਨਮ ਦਵਾਇਆ ਗਿਆ ਸੀ"। ਚਾਰ ਸਾਲ ਬਾਅਦ ਉਹ ਵਾਰਸ ਬਣ ਗਏ ਸਨ।

ਚਾਰਲਸ ਨੇ 2005 ਦੀ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਮੈਂ ਆਪਣੇ ਆਪ ਨੂੰ ਇਸ ਖ਼ਾਸ ਸਥਿਤੀ ਵਿੱਚ ਪੈਦਾ ਹੋਇਆ ਮਹਿਸੂਸ ਕਰਦਾ ਹਾਂ। ਮੈਂ ਇਸਦਾ ਵੱਧ ਤੋਂ ਵੱਧ ਲਾਭ ਲੈਣ ਲਈ ਦ੍ਰਿੜ ਹਾਂ। ਜੋ ਵੀ ਮੈਂ ਮਦਦ ਕਰਨ ਲਈ ਕਰ ਸਕਦਾ ਹਾਂ।

ਉਹ 400 ਤੋਂ ਵੱਧ ਸੰਸਥਾਵਾਂ ਦੇ ਸਰਪ੍ਰਸਤ ਜਾਂ ਪ੍ਰਧਾਨ ਰਹੇ ਹਨ। ਸਾਲ 1976 ਵਿੱਚ ਉਨ੍ਹਾਂ ਨੇ ਰੌਇਲ ਨੇਵੀ ਤੋਂ ਸੇਵਾ ਤੋਂ ਬਾਹਰ ਹੋਣ ਸਮੇਂ ਮਿਲੇ ਪੈਸੇ ਨਾਲ ਆਪਣੀ ਨਿੱਜੀ ਸਵੈਸੇਵੀ ਸੰਸਥਾ ਪ੍ਰਿੰਸਜ਼ ਟਰੱਸਟ ਕਾਇਮ ਕੀਤਾ।

ਇਸਨੇ ਦੇਸ਼ ਦੇ ਅਤੀ ਗਰੀਬ ਹਿੱਸਿਆਂ ਦੇ ਲਗਭਗ 9,00,000 ਨੌਜਵਾਨਾਂ ਦੀ ਮਦਦ ਕੀਤੀ ਹੈ ਅਤੇ ਇਸ ਨੇ ਉਨ੍ਹਾਂ ਨੂੰ ਕਈ ਸਮਾਜਿਕ ਸਮੱਸਿਆਵਾਂ ਦੀ ਸਮਝ ਦਿੱਤੀ ਹੈ।

ਪ੍ਰਿੰਸਜ਼ ਟਰੱਸਟ ਦੀਆਂ ਯੋਜਨਾਵਾਂ "ਸਮਾਜ ਵਿੱਚ ਪਹੁੰਚਣ ਦਾ ਸਾਧਨ ਸੀ ਪਰ ਉਹ ਇਸ ਨੂੰ ਔਖਾ" ਰਾਹ ਕਹਿੰਦੇ ਸਨ। ਅਜਿਹਾ ਹਮੇਸ਼ਾ ਠੀਕ ਨਹੀਂ ਰਿਹਾ ਸੀ।

ਉਹਨਾਂ ਨੇ 2018 ਵਿੱਚ ਬੀਬੀਸੀ ਦੀ ਇੱਕ ਇੰਟਰਵਿਊ ਵਿੱਚ ਕਿਹਾ, "ਗ੍ਰਹਿ ਵਿਭਾਗ ਇਸ ਨੂੰ ਚੰਗੀ ਗੱਲ ਨਹੀਂ ਮੰਨਦਾ ਸੀ। ਇਨ੍ਹਾਂ ਲਈ ਜ਼ਮੀਨ ਉਪਰ ਉਤਾਰਨਾ ਕਾਫ਼ੀ ਮੁਸ਼ਕਲ ਸੀ।"

ਉਨ੍ਹਾਂ ਦੇ ਕੰਮ ਉਪਰ ਰਾਜਨੀਤਿਕ ਦਖਲਅੰਦਾਜ਼ੀ ਦੇ ਦੋਸ਼ ਲਗਾਏ ਗਏ। ਖ਼ਾਸ ਤੌਰ 'ਤੇ ਅਖੌਤੀ "ਬਲੈਕ ਸਪਾਈਡਰ ਮੈਮੋ" ਦੇ ਆਲੇ ਦੁਆਲੇ। ਚਾਰਲਸ ਨੇ ਆਪਣੀ ਮੰਤਰੀਆਂ ਨੂੰ ਨਿੱਜੀ ਪੱਤਰ ਲਿਖੇ ਸਨ। ਉਨ੍ਹਾਂ ਪੱਤਰਾਂ ਦੇ ਅਧਾਰ 'ਤੇ ਇਹ ਨਾਮ ਲਏ ਜਾਂਦੇ ਹਨ।

ਇਹਨਾਂ ਪੱਤਰਾਂ ਵਿੱਚ ਖੇਤੀ, ਸ਼ਹਿਰੀ ਯੋਜਨਾਬੰਦੀ, ਆਰਕੀਟੈਕਚਰ, ਸਿੱਖਿਆ ਅਤੇ ਇੱਥੋਂ ਤੱਕ ਕਿ ਪੈਟਾਗੋਨੀਅਨ ਟੂਥਫਿਸ਼ ਦੀ ਸੁਰੱਖਿਆ ਵਰਗੇ ਮੁੱਦਿਆਂ 'ਤੇ ਸਰਕਾਰ ਦੀ ਪਹੁੰਚ ਉਪਰ ਸਵਾਲ ਉਠਾਏ ਗਏ ਸਨ।

ਚਾਰਲਸ ਦੀ ਲਾਬਿੰਗ ਵਿੱਚ ਘਿਰੇ ਇੱਕ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਬਹੁਤ ਦਬਾਅ ਵਿੱਚ ਮਹਿਸੂਸ ਨਹੀਂ ਕੀਤਾ ਪਰ ਨਵੇਂ ਰਾਜੇ ਬਾਰੇ ਉਨ੍ਹਾਂ ਦੀਆਂ ਯਾਦਾਂ ਨਿਸ਼ਚਤ ਰਾਇ ਵਾਲੇ ਵਿਅਕਤੀ ਦੀ ਹੈ।

ਉਨ੍ਹਾਂ ਨੇ ਰਾਜਾ ਨੂੰ ਇੱਕ ਪੂਰਵ-ਨਿਰਧਾਰਿਤ ਰਾਇ ਨਾਲ ਕਿਸੇ ਕੰਮ ਵੱਲ ਲੱਗਣ ਵਾਲੇ ਵਿਅਕਤੀ ਵਜੋਂ ਦੇਖਿਆ ਹੈ ਜੋ ਵਿਰੋਧੀ ਦਲੀਲ ਨਾਲ ਨਹੀਂ ਜੁੜਨਾ ਚਾਹੁੰਦਾ ਸੀ।

ਉਹ ਕਹਿੰਦੇ ਹਨ, "ਮੈਨੂੰ ਭੋਰਾ ਘੁਟਿਆ ਮਹਿਸੂਸ ਨਹੀਂ ਹੋਇਆ। ਉਹ ਦਖਲ ਦੇਣਗੇ ਅਤੇ ਤੁਹਾਨੂੰ ਚਿੱਠੀਆਂ ਮਿਲਣਗੀਆਂ। ਉਸਨੇ ਦਾਅਵਾ ਨਹੀਂ ਕੀਤਾ ਪਰ ਉਨ੍ਹਾਂ ਨੇ ਧੱਕਾ ਵੀ ਨਹੀਂ ਕੀਤਾ।"

ਦਖਲਅੰਦਾਜ਼ੀ ਦੇ ਦਾਅਵਿਆਂ 'ਤੇ ਬੋਲਦਿਆਂ 2006 ਦੀ ਇੱਕ ਇੰਟਰਵਿਊ ਵਿੱਚ ਚਾਰਲਸ ਨੇ ਕਿਹਾ: "ਜੇ ਇਹ ਦਖਲਅੰਦਾਜ਼ੀ ਹੈ ਤਾਂ ਮੈਨੂੰ ਇਸ 'ਤੇ ਬਹੁਤ ਮਾਣ ਹੈ।" ਪਰ ਉਹਨਾਂ ਨੇ ਸਵੀਕਾਰ ਕੀਤਾ ਕਿ ਉਹ "ਕਿਸੇ ਤਰ੍ਹਾਂ ਦੀ ਜਿੱਤ ਦੀ ਸਥਿਤੀ" ਵਿੱਚ ਨਹੀਂ ਸੀ।

ਉਨ੍ਹਾਂ ਨੇ ਕਿਹਾ, "ਜੇ ਤੁਸੀਂ ਬਿਲਕੁਲ ਕੁਝ ਨਹੀਂ ਕਰਦੇ ਤਾਂ ਉਹ ਇਸ ਬਾਰੇ ਸ਼ਿਕਾਇਤ ਕਰਨ ਜਾ ਰਹੇ ਹਨ। ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਅਤੇ ਫ਼ਸ ਜਾਂਦੇ ਹੋ ਅਤੇ ਮਦਦ ਲਈ ਕੁਝ ਕਰਦੇ ਹੋ ਤਾਂ ਵੀ ਉਹ ਸ਼ਿਕਾਇਤ ਕਰਨਗੇ।"

ਬਾਅਦ ਵਿੱਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੀ ਰਾਜਨੀਤੀ ਤੋਂ ਪਰਹੇਜ਼ ਕਰਦੇ ਸਨ ਪਰ "ਜਿਨ੍ਹਾਂ ਹਾਲਤਾਂ ਵਿੱਚ ਲੋਕ ਰਹਿ ਰਹੇ ਸਨ" ਉਹਨਾਂ ਨੇ ਬੋਲਣ ਲਈ ਮਜਬੂਰ ਕੀਤਾ।

ਸਾਬਕਾ ਲੇਬਰ ਮੰਤਰੀ ਕ੍ਰਿਸ ਮੁਲਿਨ ਨੇ ਆਪਣੀਆਂ ਡਾਇਰੀਆਂ ਵਿੱਚ ਚਾਰਲਸ ਨਾਲ ਇੱਕ ਗੱਲਬਾਤ ਦਾ ਵਰਣਨ ਕੀਤਾ ਹੈ।

"ਉਹ ਉਸੇ ਨੁਕਤੇ 'ਤੇ ਵਾਪਸ ਆਉਂਦੇ ਹਨ। ਨੌਜਵਾਨਾਂ ਦੀ ਦ੍ਰਿਸ਼ਟੀ ਨੂੰ ਕਿਵੇਂ ਵੱਡਾ ਕਰਨਾ ਹੈ, ਖ਼ਾਸ ਤੌਰ 'ਤੇ ਅਸੰਤੁਸ਼ਟ ਅਤੇ ਬਦਕਿਸਮਤਾਂ ਦਾ। ਮੈਂ ਮੰਨਦਾ ਹਾਂ ਕਿ ਮੈਂ ਪ੍ਰਭਾਵਿਤ ਹਾਂ। ਇਹ ਉਹ ਆਦਮੀ ਹੈ ਜੋ ਜੇ ਚਹੁੰਦਾ ਤਾਂ ਆਪਣੀ ਜ਼ਿੰਦਗੀ ਵਿਹਲ ਅਤੇ ਭੋਗ-ਵਿਲਾਸ ਵਿੱਚ ਗੁਜ਼ਾਰ ਸਕਦਾ ਸੀ।"

ਕਿੰਗ ਚਾਰਲਸ ਦਾ ਰਾਜ ਸ਼ੁਰੂ ਹੋਣ 'ਤੇ ਕਿੰਨਾ ਜਨਤਕ ਸਮਰਥਨ ਮਿਲੇਗਾ?

ਚਾਰਲਸ ਕਹਿ ਚੁੱਕੇ ਹਨ ਕਿ, "ਰਾਜਸ਼ਾਹੀ ਵਰਗੀ ਚੀਜ਼ ਉਦੋਂ ਤੱਕ ਨਹੀਂ ਬਚੇਗੀ ਜਦੋਂ ਤੱਕ ਤੁਸੀਂ ਲੋਕਾਂ ਦੇ ਰਵੱਈਏ ਦਾ ਹਿਸਾਬ ਨਹੀਂ ਰੱਖਦੇ। ਆਖ਼ਰ ਜੇ ਲੋਕ ਨਹੀਂ ਚਾਹੁੰਦੇ ਤਾਂ ਇਹ ਨਹੀਂ ਰਹੇਗੀ।"

ਦਸੰਬਰ 2021 ਵਿੱਚ ਯੂਗੋਵ ਵੱਲੋਂ ਕੀਤੀ ਗਈ ਰਾਇਸ਼ੁਮਾਰੀ ਦੇ ਅਨੁਸਾਰ ਉਹ ਪ੍ਰਸਿੱਧੀ ਵਿੱਚ ਵੱਧ ਰਹੇ ਹਨ ਅਤੇ ਲਗਭਗ ਦੋ ਤਿਹਾਈ ਲੋਕ ਉਨ੍ਹਾਂ ਨੂੰ ਚੰਗੇ ਰੂਪ ਵਿੱਚ ਦੇਖਦੇ ਹਨ।

ਹਾਲਾਂਕਿ ਇੱਕ ਸਰਵੇਖਣ ਮੁਤਾਬਕ ਉਹ ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ II ਅਤੇ ਪੁੱਤਰ ਪ੍ਰਿੰਸ ਵਿਲੀਅਮ ਨਾਲੋਂ ਘੱਟ ਪ੍ਰਸਿੱਧ ਹਨ। ਇਸ ਲਈ ਲੋਕਾਂ ਦਾ ਇੱਕ ਵੱਡਾ ਹਿੱਸਾ ਅਜੇ ਵੀ ਜਿੱਤਿਆ ਜਾਣਾ ਬਾਕੀ ਹੈ। ਖ਼ਾਸ ਤੌਰ 'ਤੇ ਨੌਜਵਾਨਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਘੱਟ ਹੈ।

ਵਿਕਟੋਰੀਆ ਮਰਫੀ ਦਾ ਕਹਿਣਾ ਹੈ ਕਿ ਉਹਨਾਂ ਦੀ ਬਹਮਦਰਦ ਸਖਸ਼ੀਅਤ ਆਪਣੀ ਪਹਿਲੀ ਪਤਨੀ ਡਾਇਨਾ ਨਾਲ ਰਿਸ਼ਤੇ ਬਾਰੇ ਟੀਵੀ ਸ਼ੋਆਂ ਅਤੇ ਫਿਲਮਾਂ ਵਿੱਚ ਪੇਸ਼ਕਾਰੀ ਕਰਕੇ ਹੈ।

ਇਹ ਤੱਥ ਅਤੇ ਗੱਪ ਦਾ ਮਿਸ਼ਰਣ ਹੋ ਸਕਦਾ ਹੈ ਪਰ ਇਸ ਦਾ ਵਿਆਪਕ ਅਸਰ ਹੈ।

ਮਰਫੀ ਮੁਤਾਬਕ, "ਪਿਛਲੇ ਕੁਝ ਸਾਲਾਂ ਵਿੱਚ ਜੋ ਅਸਲ ਵਿੱਚ ਦਿਲਚਸਪ ਰਿਹਾ ਹੈ ਉਹ ਇਹ ਹੈ ਕਿ ਡਾਇਨਾ ਸ਼ਾਹੀ ਪਰਿਵਾਰ ਦੇ ਆਲੇ ਦੁਆਲੇ ਇੱਕ ਬਿਰਤਾਂਤ ਵਜੋਂ ਕਿੰਨੀ ਵੱਡੀ ਬਣ ਰਹੀ ਹੈ।"

ਲੰਡਨ ਯੂਨੀਵਰਸਿਟੀ ਦੇ ਰੌਇਲ ਹੋਲੋਵੇਅ ਦੇ ਸੈਂਟਰ ਫਾਰ ਦਿ ਸਟੱਡੀ ਆਫ ਮਾਡਰਨ ਮੋਨਾਰਕੀ ਦੇ ਪ੍ਰੋਫੈਸਰ ਪੌਲੀਨ ਮੈਕਲਰਨ ਕਹਿੰਦੇ ਹਨ ਕਿ ਜਿਵੇਂ ਹੀ ਚਾਰਲਸ ਸੱਤਾ ਦੇ ਨੇੜੇ ਆਏ, ਜਨਤਕ ਧਾਰਨਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪ੍ਰੋ. ਮੈਕਲਰਨ ਕਹਿੰਦੇ ਹਨ ਕਿ ਕਾਮੇਡੀ ਸ਼ੋਅ ਵਿੱਚ ਥੁੱਕਣ ਵਾਲੀ ਤਸਵੀਰ ਤੋਂ ਉਹਨਾਂ ਨੂੰ ਹੌਲੀ-ਹੌਲੀ ਇੱਕ ਵਧੇਰੇ ਮਾਣ ਵਾਲੀ ਸ਼ਖਸੀਅਤ ਅਤੇ ਵਾਤਾਵਰਣ ਬਾਰੇ ਗੱਲਾਂ ਕਰਨ ਵਾਲੇ "ਰਿਸ਼ੀ" ਦੇ ਰੂਪ ਵਿੱਚ ਬਦਲ ਦਿੱਤਾ ਗਿਆ ਹੈ।

ਜਨਤਾ ਦੇ ਹਿੱਤ ਹਮੇਸ਼ਾ ਵੱਡੇ ਨਹੀਂ ਰਹਿੰਦੇ। ਸ਼ਾਹੀ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਨੂੰ ਪ੍ਰਿੰਸ ਹੈਰੀ, ਮੇਘਨ, ਸਸੈਕਸ ਦੇ ਡਚੇਸ ਅਤੇ ਸ਼ਾਹੀ ਪਰਿਵਾਰ ਨਾਲ ਸਬੰਧਾਂ ਬਾਰੇ ਕਹਾਣੀਆਂ ਦਾ ਸਾਹਮਣਾ ਕਰਨਾ ਪਏਗਾ।

ਰਾਜਾ ਚਾਰਲਸ ਨੂੰ ਸਖ਼ਤ ਪਰਿਵਾਰਕ ਫੈਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਪ੍ਰਿੰਸ ਐਂਡਰਿਊ ਦੇ ਭਵਿੱਖ ਜਾਂ ਵਰਜੀਨੀਆ ਗਿਫਰੇ ਦੇ ਜਿਨਸੀ ਸ਼ੋਸ਼ਣ ਦੇ ਦਾਅਵਿਆਂ ਤੋਂ ਬਾਅਦ ਦਾ ਸਮਝੌਤਾ ਆਦਿ ਸ਼ਾਮਿਲ ਹੈ।

ਯੂਕੇ ਤੋਂ ਇਲਾਵਾ ਇੱਕ ਵੱਡੀ ਚੁਣੌਤੀ ਰਾਸ਼ਟਰਮੰਡਲ ਨਾਲ ਹੋਰ ਆਧੁਨਿਕ ਸਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨਾ ਹੋਵੇਗਾ। ਨਵੇਂ ਮੁਖੀ ਹੋਣ ਦੇ ਨਾਤੇ ਰਾਸ਼ਟਰਮੰਡਲ ਦੇਸ਼ਾਂ ਦੇ ਉਨ੍ਹਾਂ ਦੇ ਦੌਰੇ ਬਸਤੀਵਾਦ ਦੀ ਵਿਰਾਸਤ ਅਤੇ ਗੁਲਾਮੀ ਵਰਗੇ ਮੁੱਦਿਆਂ ਨੂੰ ਕਿਵੇਂ ਲੈਂਦੇ ਹਨ?

ਕਿੰਗ ਚਾਰਲਸ 14 ਦੇਸ਼ਾਂ ਅਤੇ ਯੂਕੇ ਦੇ ਰਾਜ ਮੁਖੀ ਬਣ ਗਏ ਹਨ। ਇਨ੍ਹਾਂ ਵਿੱਚੋਂ ਕੁਝ ਰਾਸ਼ਟਰਮੰਡਲ ਦੇ ਮੈਂਬਰ ਰਹਿੰਦੇ ਹੋਏ ਗਣਰਾਜ ਬਣਨਾ ਚਾਹ ਸਕਦੇ ਹਨ। ਚਾਰਲਸ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਤਬਦੀਲੀ ਬਾਰੇ ਗੱਲਬਾਤ ਲਈ ਤਿਆਰ ਹਨ।

ਅਜਿਹੇ ਫੈਸਲੇ ਪਹਿਲਾਂ ਹੀ ਲਏ ਜਾ ਚੁੱਕੇ ਹਨ ਜਿਨ੍ਹਾਂ ਨੇ ਉਹਨਾਂ ਦੇ ਨਵੇਂ ਸ਼ਾਸਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਹ ਜ਼ਰੂਰ ਖੁਸ਼ ਹੋਣਗੇ ਜਦੋਂ ਉਹਨਾਂ ਦੀ ਮਾਂ ਨੇ ਇਹ ਕਿਹਾ ਸੀ ਕਿ ਕਮਿਲਾ ਨੂੰ ਰਾਜਕੁਮਾਰੀ ਦੀ ਬਜਾਏ ਕੁਈਨ ਕੰਨਸੌਰਟ (ਰਾਜਸ਼ਾਹ ਦੀ ਪਤਨੀ/ ਜਾਂ ਪਤੀ) ਬੁਲਾਇਆ ਜਾਵੇ।

ਕਮਿਲਾ ਉਹਨਾਂ ਲਈ ਇੱਕ ਮਹੱਤਵਪੂਰਣ ਸਹਾਇਕ ਹੋਣਗੇ ਕਿਉਂਕਿ ਉਹ ਇੱਕ ਅਜਿਹੀ ਉਮਰ ਵਿੱਚ ਦੁਨੀਆਂ ਵਿੱਚ ਸਭ ਤੋਂ ਉੱਚੀਆਂ ਭੂਮਿਕਾਵਾਂ ਵਿੱਚੋਂ ਇੱਕ ਦੀ ਸ਼ੁਰੂਆਤ ਕਰ ਰਹੇ ਹਨ ਜਦੋਂ ਜ਼ਿਆਦਾਤਰ ਲੋਕ ਸੇਵਾ ਮੁਕਤ ਹੋ ਚੁੱਕੇ ਹੋਣਗੇ।

ਇਹ ਪਲ ਸਾਰੀ ਜ਼ਿੰਦਗੀ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।

ਇਹ ਸਮਾਂ ਹੁਣ ਕਿੰਗ ਚਾਰਲਸ ਲਈ ਦਾ ਹੈ।