ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਚਾਰਲਸ III ਦੀ ਨਵੇਂ ਰਾਜਾ ਵਜੋਂ ਕੀ ਭੂਮਿਕਾ ਰਹੇਗੀ

ਤਸਵੀਰ ਸਰੋਤ, Getty Images
6 ਮਈ 2023 ਯਾਨਿ ਕਿ ਸ਼ਨੀਵਾਰ ਨੂੰ ਰਾਜਾ ਚਾਰਲਸ III ਵੈਸਟਮਿੰਸਟਰ ਐਬੇ ਵਿੱਚ ਤਾਜ ਪਹਿਨਣ ਤੋਂ ਬਾਅਦ 40ਵੇਂ ਬ੍ਰਿਟਿਸ਼ ਬਾਦਸ਼ਾਹ ਬਣ ਜਾਣਗੇ।
ਰਾਜਾ ਚਾਰਲਸ ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ ਦੂਜੇ ਦੇ ਦੇਹਾਂਤ ਤੋਂ ਬਾਅਦ ਬ੍ਰਿਟੇਨ ਦੇ ਨਵੇਂ ਰਾਜਾ ਬਣ ਗਏ ਸਨ। ਮਹਾਰਾਣੀ ਨੇ 96 ਸਾਲਾਂ ਦੀ ਉਮਰ ਵਿੱਚ ਬਾਲਮੋਰਲ ਵਿੱਚ ਆਖਰੀ ਸਾਹ ਲਏ ਸਨ।
ਰਾਜਾ ਦੀ ਕੀ ਭੂਮਿਕਾ ਹੁੰਦੀ ਹੈ?
ਰਾਜਾ ਬ੍ਰਿਟੇਨ ਦੀ ਸਰਕਾਰ ਦੇ ਮੁਖੀਆ ਹੁੰਦੇ ਹਨ। ਉਨ੍ਹਾਂ ਦੀਆਂ ਸ਼ਕਤੀਆਂ ਸੰਕੇਤਕ ਅਤੇ ਰਸਮੀ ਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਕੋਲ ਕੋਈ ਸਿਆਸੀ ਸ਼ਕਤੀਆਂ ਨਹੀਂ ਹੁੰਦੀਆਂ।
ਉਨ੍ਹਾਂ ਨੂੰ ਰੋਜ਼ਾਨਾ ਸਰਕਾਰ ਵੱਲੋਂ ਡਾਕ ਮਿਲੇਗੀ। ਜ਼ਰੂਰੀ ਬੈਠਕਾਂ ਤੋਂ ਪਹਿਲਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇਗਾ। ਜਿਹੜੇ ਦਸਤਾਵੇਜ਼ਾਂ ਉੱਪਰ ਉਨ੍ਹਾਂ ਦੇ ਦਸਤਖ਼ਤ ਲੋੜੀਂਦੇ ਹੋਣਗੇ, ਉਨ੍ਹਾਂ ਨੂੰ ਭੇਜੇ ਜਾਣਗੇ।
ਪ੍ਰਧਾਨ ਮੰਤਰੀ ਆਮ ਦਿਨਾਂ ਵਿੱਚ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਹਰੇਕ ਬੁੱਧਵਾਰ ਬਕਿੰਘਮ ਪੈਲੇਸ ਆ ਕੇ ਮਿਲਣਗੇ।

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਅਤੇ ਰਾਜਾ ਦੀਆਂ ਇਹ ਬੈਠਕਾਂ ਬਿਲਕੁਲ ਨਿੱਜੀ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਰੱਖਿਆ ਜਾਂਦਾ।
ਇਹ ਵੀ ਪੜ੍ਹੋ:-
ਰਾਜਾ ਦੀਆਂ ਸੰਸਦ ਵਿੱਚ ਵੀ ਕੁਝ ਭੁਮਿਕਾਵਾਂ ਹੁੰਦੀਆਂ ਹਨ-
ਸਰਕਾਰ ਬਣਾਉਣਾ- ਚੋਣਾਂ ਜਿੱਤਣ ਵਾਲੀ ਪਾਰਟੀ ਦੇ ਆਗੂ ਨੂੰ ਅਕਸਰ ਬਕਿੰਘਮ ਪੈਲੇਸ ਸੱਦਿਆ ਜਾਂਦਾ ਹੈ। ਇੱਥੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਰਸਮੀ ਸੱਦਾ ਦਿੱਤਾ ਜਾਂਦਾ ਹੈ। ਸਰਕਾਰ ਚੋਣਾਂ ਤੋਂ ਪਹਿਲਾਂ ਸਰਕਾਰ ਨੂੰ ਰਸਮੀ ਤੌਰ 'ਤੇ ਭੰਗ ਵੀ ਕਰਦੇ ਹਨ।
ਸਰਕਾਰ ਦੇ ਕੰਮਕਾਜ ਦੀ ਸ਼ੁਰੂਆਤ ਅਤੇ ਉਦਘਾਟਨੀ ਸੰਬੋਧਨ- ਸਰਕਾਰੀ ਕੰਮਕਾਜ ਦੇ ਸ਼ੁਰੂਆਤੀ ਸਮਾਗਮ ਵਿੱਚ ਰਾਜਾ ਸੰਸਦੀ ਸਾਲ ਦੀ ਸ਼ੁਰੂਆਤ ਕਰਦੇ ਹਨ। ਹਾਊਸ ਆਫ਼ ਲੌਰਡਸ ਵਿੱਚ ਆਪਣੇ ਭਾਸ਼ਣ ਦੌਰਾਨ ਉਹ ਸਰਕਾਰ ਦੀਆਂ ਨੀਤੀਆਂ ਦੀ ਰੂਪਰੇਖਾ ਸਾਹਮਣੇ ਰੱਖਣਗੇ।
ਸ਼ਾਹੀ ਸਹਿਮਤੀ- ਜਦੋਂ ਕੋਈ ਕਾਨੂੰਨ ਸੰਸਦ ਵੱਲੋਂ ਪਾਸ ਕੀਤਾ ਜਾਂਦਾ ਹੈ ਤਾਂ ਕਾਨੂੰਨ ਬਣਨ ਤੋਂ ਪਹਿਲਾਂ ਇਸ ਲਈ ਰਾਜਾ ਦੀ ਸਹਿਮਤੀ ਮਿਲਣਾ ਜ਼ਰੂਰੀ ਹੁੰਦਾ ਹੈ। ਪਿਛਲੀ ਵਾਰ 1708 ਵਿੱਚ ਕਿਸੇ ਕਾਨੂੰਨ ਨੂੰ ਸ਼ਾਹੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਰਾਜਾ ਦੂਜੇ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੀ ਮੇਜ਼ਬਾਨੀ ਕਰਦੇ ਹਨ। ਉਹ ਯੂਕੇ ਵਿੱਚ ਰਹਿੰਦੇ ਰਾਜਦੂਤਾਂ ਅਤੇ ਉੱਚ-ਆਯੋਗਾਂ ਨਾਲ ਮੁਲਾਕਾਤ ਕਰਦੇ ਹਨ। ਆਮ ਤੌਰ ’ਤੇ ਉਹ ਨਵੰਬਰ ਵਿੱਚ ਕੈਂਟੋਫ਼ ਲੰਡਨ ਵਿੱਚ ਹੋਣ ਵਾਲੇ ਯਾਦਗਾਰੀ ਸਮਾਗਮ ਦੀ ਅਗਵਾਈ ਕਰਨਗੇ।
ਨਵੇਂ ਰਾਜਾ ਰਾਸ਼ਟਰਮੰਡਲ ਦੇ ਮੁਖੀ ਹਨ। ਰਾਸ਼ਟਰਮੰਡਲ 56 ਆਜ਼ਾਦ ਮੁਲਕਾਂ ਦਾ ਸੰਗਠਨ ਹੈ। ਇਨ੍ਹਾਂ ਵਿੱਚੋਂ 14 ਦੇਸ਼ਾਂ ਦੇ ਜਿਨ੍ਹਾਂ ਨੂੰ ਕਾਮਨਵੈਲਥ ਰੀਲਮ ਕਿਹਾ ਜਾਂਦਾ ਹੈ ਦੇ, ਉਹ ਰਾਸ਼ਟਰ ਮੁਖੀ ਹਨ।
ਹਾਲਾਂਕਿ ਜਦੋਂ ਬਾਰਬੇਡੋਸ ਸਾਲ 2021 ਵਿੱਚ ਗਣਰਾਜ ਬਣਿਆ ਤਾਂ ਕਈ ਹੋਰ ਕੈਰੀਬੀਅਨ ਦੇਸ਼ਾਂ ਨੇ ਵੀ ਅਜਿਹਾ ਕਰਨ ਦੀ ਇੱਛਾ ਜਤਾਈ ਸੀ।
ਬ੍ਰਿਟੇਨ ਦੀਆਂ ਡਾਕ ਟਿਕਟਾਂ ਅਤੇ ਬੈਂਕ ਆਫ਼ ਇੰਗਲੈਂਡ ਵੱਲੋਂ ਜਾਰੀ ਕੀਤੇ ਜਾਂਦੇ ਕਰੰਸੀ ਨੋਟਾਂ ਉੱਪਰ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੂਜੇ ਦੀ ਤਸਵੀਰ ਦੀ ਜਗ੍ਹਾ ਨਵੇਂ ਰਾਜਾ ਦੀ ਤਸਵੀਰ ਛਾਪੀ ਜਾਵੇਗੀ।
ਕੌਮੀ ਤਰਾਨਾ ''ਗੌਡ ਸੇਵ ਦਾ ਕਿੰਗ ਹੋ ਗਿਆ ਹੈ।''
ਤਾਜਪੋਸ਼ੀ ਮੌਕੇ ਕੀ ਹੋਵੇਗਾ?

ਤਸਵੀਰ ਸਰੋਤ, Reuters
ਸਮਾਰੋਹ ਦੌਰਾਨ ਵੈਸਟਮਿੰਸਟਰ ਐਬੇ ਵਿੱਚ ਰਾਜਾ ਨੂੰ ਰਾਣੀ ਦੇ ਨਾਲ ਤਾਜ ਪਹਿਨਾਇਆ ਜਾਵੇਗਾ।
ਤਾਜਪੋਸ਼ੀ ਇੱਕ ਐਂਗਲੀਕਨ ਧਾਰਮਿਕ ਸੇਵਾ ਹੈ। ਇਹ ਕੈਂਟਰਬਰੀ ਦੇ ਆਰਚਬਿਸ਼ਪ ਵੱਲੋਂ ਨਿਭਾਈ ਜਾਂਦੀ ਹੈ।
ਰਾਜਾ ਨੂੰ "ਪਵਿੱਤਰ ਤੇਲ" ਲਗਾ ਕੇ ਰਾਜਾ ਐਲਾਨਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸ਼ਾਹੀ ਪਰਿਵਾਰ ਦੇ ਚਿੰਨ ਸੌਂਪੇ ਜਾਂਦੇ ਹਨ।
ਸਮਾਰੋਹ ਦੇ ਸਿਖਰ 'ਤੇ ਆਰਚਬਿਸ਼ਪ ਚਾਰਲਸ ਦੇ ਸਿਰ 'ਤੇ ਸੇਂਟ ਐਡਵਰਡ ਦਾ ਤਾਜ ਰੱਖਿਆ ਜਾਵੇਗਾ। ਇਹ ਇੱਕ ਠੋਸ ਸੋਨੇ ਦਾ ਤਾਜ ਹੈ ਜੋ 1661 ਦਾ ਬਣਿਆ ਹੈ।
ਲੰਡਨ ਦੇ ਟਾਵਰ 'ਤੇ ਇਹ ਤਾਜ ਗਹਿਣਿਆਂ ਦਾ ਕੇਂਦਰ ਹੈ। ਇਹ ਸਿਰਫ ਤਾਜਪੋਸ਼ੀ ਦੇ ਸਮੇਂ ਹੀ ਰਾਜੇ ਵੱਲੋਂ ਪਹਿਨਿਆ ਜਾਂਦਾ ਹੈ।
ਸ਼ਾਹੀ ਵਿਆਹਾਂ ਦੇ ਉਲਟ, ਤਾਜਪੋਸ਼ੀ ਇੱਕ ਸਰਕਾਰੀ ਸਮਾਗਮ ਦਾ ਮੌਕਾ ਹੈ। ਇਸ ਲਈ ਸਰਕਾਰ ਭੁਗਤਾਨ ਕਰਦੀ ਹੈ ਅਤੇ ਸਰਕਾਰ ਹੀ ਆਖਿਰ ਵਿੱਚ ਮਹਿਮਾਨਾਂ ਦੀ ਸੂਚੀ ਦਾ ਫੈਸਲਾ ਕਰਦੀ ਹੈ।
ਵਿਰਾਸਤ ਕਿਵੇਂ ਅੱਗੇ ਵੱਧਦੀ ਹੈ?
ਤਾਜਪੋਸ਼ੀ ਦੀ ਪ੍ਰਕਿਰਿਆ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਜਦੋਂ ਮੌਜੂਦਾ ਰਾਜਸ਼ਾਹ ਦੀ ਮੌਤ ਹੁੰਦੀ ਹੈ ਜਾਂ ਗੱਦੀ ਛੱਡਦਾ ਹੈ ਤਾਂ ਸ਼ਾਹੀ ਪਰਿਵਾਰ ਦਾ ਕਿਹੜਾ ਜੀਅ ਉਸ ਦੀ ਥਾਂ ਲੈਣ ਜਾ ਰਿਹਾ ਹੈ। ਗੱਦੀ ਦੇ ਵਾਰਸਾਂ ਵਿੱਚ ਪਹਿਲਾ ਨੰਬਰ ਰਾਜਸ਼ਾਹ ਦੀ ਜੇਠੀ ਸੰਤਾਨ ਦਾ ਹੁੰਦਾ ਹੈ।
ਮਹਾਰਾਣੀ ਐਲਿਜ਼ਾਬੈਥ ਦੇ ਜੇਠੇ ਪੁੱਤਰ ਹੋਣ ਦੇ ਨਾਤੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਚਾਰਲਸ III ਰਾਜਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਕੈਮਿਲਾ, ਰਾਣੀ ਬਣ ਗਏ ਹਨ।
ਵਿਰਾਸਤ ਦੇ ਨਿਯਮਾਂ ਵਿੱਚ ਸਾਲ 2013 ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਛੋਟੀਆਂ ਨਰ ਸੰਤਾਨ ਆਪਣੀਆਂ ਵੱਡੀਆਂ ਭੈਣਾਂ ਦੇ ਮੁਕਾਬਲੇ ਪਹਿਲ ਨਾ ਲੈ ਸਕਣ।
ਰਾਜਾ ਚਾਰਲਸ ਦੇ ਜੇਠੇ ਪੁੱਤਰ, ਪ੍ਰਿੰਸ ਵਿਲੀਅਮ ਉਨ੍ਹਾਂ ਦੇ ਵਾਰਸ ਹਨ। ਉਨ੍ਹਾਂ ਨੂੰ ਆਪਣੇ ਪਿਤਾ ਦਾ ਖਿਤਾਬ ਡਿਊਕ ਆਫ਼ ਕੌਰਨਵੈਲ ਵਿਰਾਸਤ ਵਿੱਚ ਮਿਲਿਆ ਹੈ। ਹਾਲਾਂਕਿ ਉਹ ਆਪਣੇ-ਆਪ ਪ੍ਰਿੰਸ ਆਫ਼ ਵੇਲਜ਼ ਨਹੀਂ ਬਣ ਸਕਣਗੇ। ਇਹ ਖਿਤਾਬ ਉਨ੍ਹਾਂ ਨੂੰ ਰਾਜਾ ਵੱਲੋਂ ਹੀ ਦਿੱਤਾ ਜਾਵੇਗਾ।
ਪ੍ਰਿੰਸ ਵਿਲੀਅਮ ਦੇ ਜੇਠੇ ਪੁੱਤਰ ਪ੍ਰਿੰਸ ਜੌਰਜ ਉਨ੍ਹਾਂ ਤੋਂ ਅੱਗੇ ਤਾਜਪੋਸ਼ੀ ਦੇ ਹੱਕਦਾਰ ਹਨ। ਪ੍ਰਿੰਸ ਜੌਰਜ ਦੀ ਵੱਡੀ ਧੀ ਤੀਜੇ ਨੰਬਰ 'ਤੇ ਹਨ।

ਤਾਜਪੋਸ਼ੀ ਸਮੇਂ ਕੀ ਹੁੰਦਾ ਹੈ?
ਰਾਜਸ਼ਾਹ ਨੂੰ ਰਸਮੀ ਤੌਰ ਤੇ ਗੱਦੀ ਨਸ਼ੀਨ ਕਰਨ ਦੀ ਰਸਮ ਨੂੰ ਤਾਜਪੋਸ਼ੀ ਕਿਹਾ ਜਾਂਦਾ ਹੈ। ਪਿਛਲੇ ਰਾਜਸ਼ਾਹ ਦੀ ਮੌਤ ਦੇ ਮਾਤਮੀ ਸਮੇਂ ਦੇ ਗੁਜ਼ਰ ਜਾਣ ਤੋਂ ਬਾਅਦ ਇਹ ਸਮਾਗਮ ਕੀਤਾ ਜਾਂਦਾ ਹੈ।
ਐਲਿਜ਼ਾਬੈਥ ਦੂਜੇ ਛੇ ਫ਼ਰਵਰੀ 1952 ਨੂੰ ਮਹਾਰਾਜ ਜੌਰਜ ਛੇਵੇਂ ਦੀ ਥਾਂ ਗੱਦੀ ਉੱਪਰ ਬੈਠੇ ਸਨ ਪਰ 2 ਜੂਨ, 1953 ਤੱਕ ਉਨ੍ਹਾਂ ਦੀ ਤਾਜਪੋਸ਼ੀ ਨਹੀਂ ਕੀਤੀ ਗਈ।
ਉਨ੍ਹਾਂ ਦੀ ਤਾਜਪੋਸ਼ੀ ਪਹਿਲੀ ਸੀ ਜੋ ਟੀਵੀ ਉੱਪਰ ਪ੍ਰਸਾਰਿਤ ਕੀਤੀ ਗਈ ਅਤੇ ਲਗਭਗ ਦੋ ਕਰੋੜ ਲੋਕਾਂ ਨੇ ਇਸ ਦਾ ਸਿੱਧਾ ਪ੍ਰਸਾਰਣ ਦੇਖਿਆ।

ਤਸਵੀਰ ਸਰੋਤ, PA Media
ਪਿਛਲੇ 900 ਸਾਲਾਂ ਤਾਂ ਤਾਜਪੋਸ਼ੀ ਦੀ ਰਸਮ ਵੈਸਟਮਿੰਸਟਰ ਐਬੇ ਵਿੱਚ ਨਿਭਾਈ ਜਾ ਰਹੀ ਹੈ। ਵਿਲਅਮ ਦਿ ਕੌਨਕਰਰ ਪਹਿਲੇ ਰਾਜਸ਼ਾਹ ਸਨ ਜਿਨ੍ਹਾਂ ਦੀ ਤਾਜਪੋਸ਼ੀ ਇੱਥੇ ਕੀਤੀ ਗਈ ਤੇ ਹੁਣ ਕਿੰਗ ਚਾਰਲਸ 40ਵੇਂ ਹਨ ਜਿੰਨ੍ਹਾ ਦੀ ਤਾਜਪੋਸ਼ੀ ਇੱਥੇ ਹੋਈ ਹੈ।
ਇਹ ਐਂਗਲੀਕਨ ਚਰਚ ਦੇ ਤਹਿਤ ਕੈਂਟਬਰੀ ਦੇ ਆਰਕਬਿਸ਼ਪ ਵੱਲੋਂ ਨਿਭਾਈ ਜਾਂਦੀ ਹੈ।
ਰਾਜਸ਼ਾਹ ਨੂੰ ''ਪਵਿੱਤਰ ਤੇਲ'' ਮਲਿਆ ਜਾਂਦਾ ਹੈ ਅਤੇ ਸ਼ਾਹੀ ਚਿੰਨ੍ਹਾਂ ਔਰਬ ਅਤੇ ਰਾਜਦੰਡ ਨਾਲ ਨਿਵਾਜਿਆ ਜਾਂਦਾ ਹੈ। ਸਮਾਗਮ ਦੇ ਸਿਖਰ ਤੇ ਆਰਕਬਿਸ਼ਪ ਸੈਂਟ ਐਡਵਰਡ ਦਾ ਤਾਜ ਚਾਰਲਸ ਦੇ ਸਿਰ ’ਤੇ ਪਾਉਣਗੇ।
ਇਹ ਸ਼ੁੱਧ ਸੋਨੇ ਦਾ ਤਾਜ ਹੈ ਜੋ 1661 ਤੋਂ ਚੱਲਿਆ ਆ ਰਿਹਾ ਹੈ।
ਇਹ ਤਾਜ ਦੇ ਨਗਾਂ ਦਾ ਕੇਂਦਰੀ ਹਿੱਸਾ ਹੈ, ਜੋ ਕਿ ਟਾਵਰ ਆਫ਼ ਲੰਡਨ ਵਿੱਚ ਰੱਖੇ ਗਏ ਹਨ। ਇਸ ਨੂੰ ਰਾਜੇ ਵੱਲੋਂ ਸਿਰਫ਼ ਤਾਜਪੋਸ਼ੀ ਦੇ ਸਮੇਂ ਹੀ ਧਾਰਣ ਕੀਤਾ ਜਾਂਦਾ ਹੈ।
ਸ਼ਾਹੀ ਵਿਆਹਾਂ ਤੋਂ ਉਲਟ ਤਾਜਪੋਸ਼ੀ ਇੱਕ ਸਰਕਾਰੀ ਸਮਾਗਮ ਹੈ। ਸਰਕਾਰ ਇਸ ਦਾ ਖ਼ਰਚਾ ਚੁੱਕਦੀ ਹੈ ਅਤੇ ਮਹਿਮਾਨਾਂ ਦੀ ਸੂਚੀ ਬਾਰੇ ਫ਼ੈਸਲਾ ਕਰਦੀ ਹੈ।
ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਕੌਣ ਹਨ?

ਤਸਵੀਰ ਸਰੋਤ, PA Media
- ਪ੍ਰਿੰਸ ਆਫ਼ ਵੇਲਸ (ਪ੍ਰਿੰਸ ਵਿਲੀਅਮਜ਼) ਰਾਜਾ ਚਾਰਲਸ ਦੀ ਪਹਿਲੀ ਪਤਨੀ ਡਾਇਨਾ (ਪ੍ਰਿੰਸਜ਼ ਆਫ਼ ਵੇਲਜ਼) ਤੋਂ ਉਨ੍ਹਾਂ ਦੀ ਸਭ ਤੋਂ ਵੱਡੀ ਸੰਤਾਨ ਹਨ। ਪ੍ਰਿੰਸ ਵਿਲੀਅਮਜ਼ ਪ੍ਰਿੰਸਸ ਆਫ ਵੇਲਸ (ਕੈਥਰੀਨ) ਦੇ ਪਤੀ ਹਨ।ਪ੍ਰਿੰਸ ਜੌਰਜ, ਪ੍ਰਿੰਸਜ਼ ਸ਼ਾਰਲੌਟ ਆਫ ਵੇਲਸ ਅਤੇ ਪ੍ਰਿੰਸ ਲੂਈਸ ਆਫ ਵੇਲਸ ਉਨ੍ਹਾਂ ਦੀਆ ਸੰਤਾਨਾਂ ਹਨ।
- ਦਿ ਪ੍ਰਿੰਸਜ਼ ਰੌਇਲ (ਪ੍ਰਿੰਸਜ਼ ਐਨੇ) ਮਹਾਰਾਣੀ ਦੀ ਦੂਜੀ ਸੰਤਾਨ ਅਤੇ ਇਕਲੌਤੀ ਧੀ ਸਨ। ਉਹ ਵਾਈਸ ਐਡਮਿਰਲ ਟਿਮੌਥੀ ਲੌਰੈਂਸ ਨੂੰ ਵਿਆਹੇ ਹੋਏ ਹਨ। ਉਨ੍ਹਾਂ ਦੇ ਦੋ ਬੱਚੇ ਪਹਿਲੇ ਪਤੀ ਕੈਪਟਨ ਮਾਰਕ ਫਿਲਿਪਸ ਤੋਂ ਹਨ- ਪੀਟਰ ਫ਼ਿਲਿਪਸ ਅਤੇ ਜ਼ਾਰਾ ਟਿੰਡਾਲ।
- ਦਿ ਅਰਲ ਆਫ਼ ਵਿਸੈਕਸ (ਪ੍ਰਿੰਸ ਐਡਵਰਡ) ਮਹਾਰਾਣੀ ਦੀ ਸਭ ਤੋਂ ਛੋਟੀ ਸੰਤਾਨ ਸਨ। ਉਹ ਕਾਊਂਟੈਸ ਆਫ਼ ਵਿਸੈਕਸ (ਸੋਫ਼ੀ ਰਾਇਸ-ਜੋਨਸ) ਨਾਲ ਵਿਆਹੇ ਹੋਏ ਹਨ। ਦੋਵਾਂ ਦੀਆਂ ਦੋ ਸੰਤਾਨਾਂ ਹਨ ਲੂਈਸ ਅਤੇ ਜੇਮਜ਼ ਮਾਊਂਟਬੈਟਨ-ਵਿੰਡਸਰ।
- ਦਿ ਡਿਊਕ ਆਫ਼ ਯੌਰਕ (ਪ੍ਰਿੰਸ ਐਂਡਰਿਊ) ਮਹਾਰਾਣੀ ਦੇ ਦੂਜੇ ਪੁੱਤਰ ਸਨ। ਉਨ੍ਹਾਂ ਦੀਆਂ ਆਪਣੀ ਸਾਬਕਾ ਪਤਨੀ ਡਚਜ਼ ਆਫ਼ ਯੌਰਕ (ਸਾਰ੍ਹਾ ਫਰਗਸਨ) ਤੋਂ ਦੋ ਧੀਆਂ - ਪ੍ਰਿੰਸਜ਼ ਬੀਟਰਾਈਸ ਅਤੇ ਪ੍ਰਿੰਸਜ਼ ਯੂਜੀਨੀ ਹਨ। ਵਰਜੀਨੀਆ ਗੁਫ਼ਰੀ ਦੇ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਦਰਮਿਆਨ ਨਿਊਜ਼ ਨਾਈਟ ਦੀ ਇੱਕ ਵਿਵਾਦਤ ਇੰਟਰਵਿਊ ਤੋਂ ਬਾਅਦ ਪ੍ਰਿੰਸ ਐਂਡਰਿਊ ਨੇ 2019 ਵਿੱਚ ਸ਼ਾਹੀ ਜੀਵਨ ਤੋਂ ਸੰਨਿਆਸ ਲੈ ਲਿਆ ਸੀ। ਫ਼ਰਵਰੀ 2022 ਵਿੱਚ ਉਨ੍ਹਾਂ ਨੇ ਗੁਫ਼ਰੀ ਵੱਲੋਂ ਅਮਰੀਕਾ ਵਿੱਚ ਕੀਤੇ ਗਏ ਨੂੰ ਜਿਣਸੀ ਸੋਸ਼ਣ ਦੇ ਕੇਸ ਨੂੰ ਨਿਪਟਾਉਣ ਲਈ ਰਾਸ਼ੀ ਚੁਕਾਈ। ਹਾਲਾਂਕਿ ਰਾਸ਼ੀ ਜਨਤਕ ਨਹੀਂ ਕੀਤੀ ਗਈ।
- ਦਿ ਡਿਊਕ ਆਫ਼ ਸੁਸੈਕਸ (ਪ੍ਰਿੰਸ ਹੈਰੀ) ਪ੍ਰਿੰਸ ਵਿਲੀਅਮ ਦੇ ਛੋਟੇ ਭਰਾ ਹਨ। ਉਹ ਡਚਜ਼ ਆਫ਼ ਸੁਸੈਕਸ (ਮੇਘਨ ਮਾਰਕਲ) ਨਾਲ ਵਿਆਹੇ ਹੋਏ ਹਨ। ਉਨ੍ਹਾਂ ਦੇ ਦੋ ਪੁੱਤਰ ਆਰਚੀ ਅਤੇ ਲਿਲੀਬਿਟ ਹਨ। ਸਾਲ 2020 ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਸੀਨੀਅਰ ਰੌਇਲਜ਼ ਦੇ ਖਿਤਾਬ ਨੂੰ ਤਿਆਗ ਕੇ ਅਮਰੀਕਾ ਵਸ ਰਹੇ ਹਨ।
ਸ਼ਾਹੀ ਪਰਿਵਾਰ ਦੇ ਮੈਂਬਰ ਕਿੱਥੇ ਰਹਿੰਦੇ ਹਨ?
ਰਾਜਾ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਬਕਿੰਘਮ ਪੈਲੇਸ ਵਿੱਚ ਰਹਿਣਾ ਸ਼ੁਰੂ ਸਕਦੇ ਹਨ। ਇਸ ਤੋਂ ਪਹਿਲਾਂ ਉਹ ਲੰਡਨ ਦੇ ਕਲੇਰੈਂਸ ਹਾਊਸ ਵਿੱਚ ਰਹਿੰਦੇ ਸਨ।
ਪ੍ਰਿੰਸ ਵਿਲੀਅਮ ਅਤੇ ਕੈਥਰੀਨ, ਡਚਜ਼ ਆਫ਼ ਕੌਰਨਵੈਲ ਐਂਡ ਕੈਂਬਰਿਜ ਹਾਲ ਹੀ ਵਿੱਚ ਪੱਛਮੀ ਲੰਡਨ ਵਿੱਚ ਨਾਈਟਨ ਪੈਲੇਸ ਦੇ ਏਡੇਲਾਇਡ ਕੌਟੇਜ ਵਿੱਚ ਗਏ ਹਨ, ਜੋ ਕਿ ਮਹਾਰਾਣੀ ਦੇ ਵਿੰਡਸਰ ਇਸਟੇਟ ਵਿੱਚ ਹੀ ਸਥਿਤ ਹੈ।

ਤਸਵੀਰ ਸਰੋਤ, PA Media
ਪ੍ਰਿੰਸ ਜੌਰਜ, ਪ੍ਰਿੰਸੈਸ ਸ਼ਾਰਲੇਟ ਅਤੇ ਪ੍ਰਿੰਸ ਲੂਈਸ ਲੈਮਬਰੂਕ ਸਕੂਲ ਜਾਂਦੇ ਹਨ ਜੋ ਕਿ ਬਰਕਸ਼ਾਇਰ ਵਿੱਚ ਐਸਕੌਟ ਦੇ ਨੇੜੇ ਹੈ।
ਪ੍ਰਿੰਸ ਹੈਰੀ ਅਤੇ ਮੇਘਨ ਕੈਲੀਫੋਰਨੀਆ ਵਿੱਚ ਰਹਿੰਦੇ ਹਨ।
ਰਾਜਸ਼ਾਹੀ ਕਿੰਨੀ ਪ੍ਰਸਿੱਧ ਹੈ?
ਯੂਗੋਵ ਦੇ ਇੱਕ ਜਨਮਤ ਸੰਗ੍ਰਿਹ ਮੁਤਾਬਕ ਜੋ ਕਿ ਮਹਾਰਾਣੀ ਦੀ ਤਾਜਪੋਸ਼ੀ ਦੀ 75ਵੀਂ ਵਰ੍ਹੇਗੰਢ ਮੌਕੇ ਕਰਵਾਇਆ ਗਿਆ ਸੀ। ਉਸ ਵਿੱਚ ਸ਼ਾਮਲ 62% ਲੋਕਾਂ ਦਾ ਸੋਚਣਾ ਸੀ ਕਿ ਦੇਸ਼ ਨੂੰ ਰਾਜਸ਼ਾਹੀ ਕਾਇਮ ਰੱਖਣੀ ਚਾਹੀਦੀ ਹੈ। ਜਦਕਿ 22 ਫ਼ੀਸਦੀ ਨੇ ਕਿਹਾ ਕਿ ਦੇਸ਼ ਦਾ ਰਾਜਸ਼ਾਹੀ ਦੀ ਥਾਂ ਕੋਈ ਚੁਣਿਆ ਹੋਇਆ ਮੁਖੀ ਹੋਣਾ ਚਾਹੀਦਾ ਹੈ।
ਸਾਲ 2021 ਵਿੱਚ ਹੋਈਆਂ ਦੋ ਇਪਸੋਸ ਮੋਰੀ ਚੋਣਾਂ ਦੌਰਾਨ ਵੀ ਲਗਭਗ ਇਹੀ ਨਤੀਜੇ ਆਏ ਸਨ। ਉਸ ਵਿੱਚ ਪੰਜ ਪਿੱਛੋਂ ਇੱਕ ਵਿਅਕਤੀ ਦੀ ਰਾਇ ਸੀ ਕਿ ਰਾਜਸ਼ਾਹੀ ਬ੍ਰਿਟੇਨ ਲਈ ਵਧੀਆ ਰਹੇਗੀ।
ਹਾਲਾਂਕਿ ਯੂਗੋਵ ਦੇ ਨਤੀਜਿਆਂ ਨੇ ਸੁਝਾਇਆ ਕਿ ਪਿਛਲੇ ਇੱਕ ਦਹਾਕੇ ਦੌਰਾਨ ਲੋਕਾਂ ਵਿੱਚ ਰਾਜਸ਼ਾਹੀ ਪ੍ਰਤੀ ਪ੍ਰਵਾਨਗੀ ਦੀ ਭਾਵਨਾ ਘਟੀ ਹੈ। ਸਾਲ 2012 ਵਿੱਚ ਇਹ 75% ਸੀ ਜੋ 2022 ਵਿੱਚ ਘਟ ਕੇ 62% ਰਹਿ ਗਈ।
ਰਾਜਸ਼ਾਹੀ ਦੀ ਹਮਾਇਤ ਕਰਨ ਵਾਲੇ ਜ਼ਿਆਦਤਰ ਲੋਕ ਬਜ਼ੁਰਗ ਸਨ। ਪੋਲ ਸੁਝਾਉਂਦੀ ਹੈ ਕਿ ਸ਼ਾਇਦ ਨੌਜਵਾਨ ਪੀੜ੍ਹੀ ਅਜਿਹਾ ਨਹੀਂ ਸੋਚਦੀ ਹੈ।
ਸਾਲ 2011 ਵਿੱਚ ਜਦੋਂ ਯੂਗੋਵ ਨੇ ਪਹਿਲੀ ਵਾਰ ਮੁੱਦੇ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤਾਂ 18 ਤੋਂ 24 ਸਾਲ ਉਮਰ ਵਰਗ ਦੇ 59 % ਲੋਕ ਸੋਚਦੇ ਸਨ ਕਿ ਰਾਜਸ਼ਾਹੀ ਜਾਰੀ ਰਹਿਣੀ ਚਾਹੀਦੀ ਹੈ ਜਦਕਿ 2022 ਵਿੱਚ ਇਹ ਗਿਣਤੀ 33% ਰਹਿ ਗਈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












