You’re viewing a text-only version of this website that uses less data. View the main version of the website including all images and videos.
ਡੌਨਲਡ ਟਰੰਪ ਦੇ ਘਰ ਐੱਫਬੀਆਈ ਦੇ ਛਾਪੇ ਪਿੱਛੇ ਕਾਰਨ ਅਤੇ ਭੜਕੇ ਟਰੰਪ ਦਾ ਪ੍ਰਤੀਕਰਮ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਫਲੋਰਿਡਾ ਸਥਿਤ ਉਨ੍ਹਾਂ ਦੇ ਘਰ ਵਿਖੇ ਐਫਬੀਆਈ ਨੇ ਛਾਪਾ ਮਾਰਿਆ ਹੈ।
ਆਪਣੇ ਬਿਆਨ ਵਿੱਚ ਟਰੰਪ ਨੇ ਆਖਿਆ ਕਿ ਉਨ੍ਹਾਂ ਦੇ ਘਰ 'ਮਾਰ -ਆ-ਲਾਗੋ' ਨੂੰ 'ਵੱਡੀ ਗਿਣਤੀ ਵਿਚ ਮੌਜੂਦ ਐਫਬੀਆਈ ਏਜੰਟਸ' ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਰੇਡ ਕੁਝ ਅਧਿਕਾਰਿਤ ਦਸਤਾਵੇਜ਼ਾਂ ਨਾਲ ਸਬੰਧਿਤ ਹੈ ਅਤੇ ਇਹ ਉਸ ਸਮੇਂ ਹੋਈ ਹੈ, ਜਦੋਂ ਟਰੰਪ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਤਿਆਰੀ ਕਰ ਰਹੇ ਹਨ।
ਜੇਕਰ ਉਹ ਇਹ ਚੋਣਾਂ ਲੜਦੇ ਹਨ ਤਾਂ ਰਾਸ਼ਟਰਪਤੀ ਲਈ ਇਹ ਉਨ੍ਹਾਂ ਦੀਆਂ ਤੀਜੀਆਂ ਚੋਣਾਂ ਹੋਣਗੀਆਂ।
ਸੀਐੱਨਐੱਨ ਮੁਤਾਬਕ ਜਦੋਂ ਇਹ ਰੇਡ ਹੋਈ ਤਾਂ ਡੋਨਲਡ ਟਰੰਪ ਨਿਊਯਾਰਕ ਸਿਟੀ ਦੇ ਟਰੰਪ ਟਾਵਰ ਵਿਖੇ ਮੌਜੂਦ ਸਨ।
ਕੀ ਹੈ ਦਸਤਾਵੇਜ਼ਾਂ ਨਾਲ ਜੁੜਿਆ ਮਾਮਲਾ
ਦਰਅਸਲ ਫਰਵਰੀ ਵਿੱਚ ਅਮਰੀਕਾ ਦੇ ਨੈਸ਼ਨਲ ਆਰਕਾਈਵਜ਼ ਵਿਭਾਗ ਨੇ ਨਿਆਂ ਵਿਭਾਗ ਨੂੰ ਆਖਿਆ ਕਿ ਡੋਨਲਡ ਟਰੰਪ ਜਿਸ ਸਮੇਂ ਰਾਸ਼ਟਰਪਤੀ ਸਨ, ਉਸ ਸਮੇਂ ਦੇ ਦਸਤਾਵੇਜ਼ਾਂ ਦੀ ਛਾਣਬੀਣ ਕੀਤੀ ਜਾਵੇ।
ਇਨ੍ਹਾਂ ਦਸਤਾਵੇਜ਼ਾਂ ਨੂੰ ਉਨ੍ਹਾਂ ਨੇ ਕਿਵੇਂ ਸੰਭਾਲਿਆ ਸੀ, ਇਸ ਬਾਰੇ ਵੀ ਜਾਂਚ ਹੋਵੇ।
ਨੈਸ਼ਨਲ ਆਰਕਾਈਵਜ਼ ਅਮਰੀਕਾ ਦਾ ਸਰਕਾਰੀ ਦਸਤਾਵੇਜ਼ਾਂ ਦੀ ਸੰਭਾਲ ਕਰਨ ਵਾਲਾ ਵਿਭਾਗ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਰਾਸ਼ਟਰਪਤੀ ਨਾਲ ਸਬੰਧਤ ਦਸਤਾਵੇਜ਼ ਵੀ ਸ਼ਾਮਲ ਹੁੰਦੇ ਹਨ।
ਨੈਸ਼ਨਲ ਆਰਕਾਈਵਜ਼ ਵੱਲੋਂ ਦਾਅਵਾ ਕੀਤਾ ਗਿਆ ਕਿ ਡੋਨਲਡ ਟਰੰਪ ਦੇ ਫਲੋਰਿਡਾ ਸਥਿਤ ਘਰ ਵਿਚੋਂ 15 ਡੱਬੇ ਇਨ੍ਹਾਂ ਦਸਤਾਵੇਜ਼ਾਂ ਦੇ ਮਿਲੇ ਹਨ।
ਜਿਨ੍ਹਾਂ ਵਿੱਚੋਂ ਕੁਝ ਵਰਗੀਕ੍ਰਿਤ ਦਸਤਾਵੇਜ਼ ਹਨ, ਭਾਵ ਅਹਿਮ ਗੁਪਤ ਦਸਤਾਵੇਜ਼ ਹਨ।
ਕਾਨੂੰਨ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਣੇ ਸਾਰੇ ਦਸਤਾਵੇਜ਼, ਈਮੇਲ ਅਤੇ ਚਿੱਠੀਆਂ ਨੈਸ਼ਨਲ ਆਰਕਾਈਵਜ਼ ਨੂੰ ਦੇਣੀਆਂ ਪੈਂਦੀਆਂ ਹਨ।
ਪਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਅਜਿਹੇ ਕੁਝ ਦਸਤਾਵੇਜ਼ਾਂ ਨੂੰ ਪਾੜ ਦਿੱਤਾ ਹੈ ਅਤੇ ਤਬਾਹ ਕਰ ਦਿੱਤਾ ਹੈ।
ਨੈਸ਼ਨਲ ਆਰਕਾਈਵਜ਼ ਵੱਲੋਂ ਆਖਿਆ ਗਿਆ ਕਿ ਇਨ੍ਹਾਂ ਵਿਚੋਂ ਕੁਝ ਦਸਤਾਵੇਜ਼ਾਂ ਨੂੰ ਦੁਬਾਰਾ ਜੋੜਿਆ ਗਿਆ ਹੈ। ਡੋਨਲਡ ਟਰੰਪ ਵੱਲੋਂ ਇਨ੍ਹਾਂ ਸਾਰੀਆਂ ਖ਼ਬਰਾਂ ਅਤੇ ਰਿਪੋਰਟਾਂ ਨੂੰ ਖਾਰਜ ਕਰਦੇ ਹੋਏ ਆਖਿਆ ਗਿਆ ਸੀ ਕਿ ਇਹ 'ਫੇਕ ਨਿਊਜ਼' ਹਨ।
ਫਲੋਰਿਡਾ ਸਥਿਤ ਘਰ ਵਿੱਚ ਮੌਜੂਦ ਟਰੰਪ ਦੇ ਇੱਕ ਸੀਨੀਅਰ ਸਲਾਹਕਾਰ ਨੇ ਸੀਬੀਐਸ ਨਿਊਜ਼ ਨੂੰ ਦੱਸਿਆ ਕਿ ਇਹ ਰੇਡ ਰਾਸ਼ਟਰਪਤੀ ਉਨ੍ਹਾਂ ਦੇ ਅਹੁਦੇ ਨਾਲ ਸਬੰਧਤ ਦਸਤਾਵੇਜ਼ਾਂ ਬਾਰੇ ਹੈ।
'ਪ੍ਰੈਜ਼ੀਡੈਂਟ ਰਿਕਾਰਡਜ਼ ਐਕਟ ਦੀ ਉਲੰਘਣਾ ਨਾਲ ਸਬੰਧਤ'
ਇੱਕ ਸੂਤਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ," ਇਹ ਰਾਸ਼ਟਰਪਤੀ ਨਾਲ ਸੰਬੰਧਤ ਦਸਤਾਵੇਜ਼ਾਂ ਬਾਰੇ ਐਕਟ ਦੀ ਉਲੰਘਣਾ ਨੂੰ ਲੈ ਕੇ ਹੈ।"
"ਐਫਬੀਆਈ ਅਧਿਕਾਰੀ ਹੁਣ ਵਾਪਸ ਚਲੇ ਗਏ ਹਨ।"
ਇਹ ਵੀ ਪੜ੍ਹੋ:
'ਦਿ ਨਿਊਯਾਰਕ ਟਾਈਮਜ਼' ਦੀ ਪੱਤਰਕਾਰ ਮੈਗੀ ਹਬਰਮੈਨ ਵੱਲੋਂ ਇੱਕ ਕਿਤਾਬ ਲਿਖੀ ਜਾ ਰਹੀ ਹੈ ਜਿਸ ਦਾ ਸਿਰਲੇਖ ਹੈ 'ਕੌਨਫੀਡੈਂਸ ਮੈਨ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਕਿਤਾਬ ਵਿੱਚ ਕੁਝ ਅਜਿਹੇ ਅੰਸ਼ ਹੋਣਗੇ ਜਿਨ੍ਹਾਂ ਮੁਤਾਬਕ ਵ੍ਹਾਈਟ ਹਾਊਸ ਦੀ ਟੁਆਇਲਟ ਵਿੱਚ ਕੁਝ ਕਾਗਜ਼ ਮਿਲੇ ਸਨ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਉਹ ਟਰੰਪ ਨੇ ਸੁੱਟੇ ਸਨ।
ਉਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹੀਆਂ ਤਸਵੀਰਾਂ ਵੀ ਮੌਜੂਦ ਹਨ।
ਅਮਰੀਕਾ ਦੇ ਰਾਸ਼ਟਰਪਤੀ ਨਾਲ ਸਬੰਧਿਤ ਵ੍ਹਾਈਟ ਹਾਊਸ ਨੇ ਆਖਿਆ ਗਿਆ ਹੈ ਕਿ ਉਹ ਨਿਆਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਆਪਣਾ ਰਾਬਤਾ ਘਟਾ ਰਹੇ ਹਨ ਤਾਂ ਜੋ ਅਜਿਹੇ ਇਲਜ਼ਾਮ ਨਾ ਲੱਗਣ ਕਿ ਇਸ ਪਿੱਛੇ ਕੋਈ ਰਾਜਨੀਤਿਕ ਦਬਾਅ ਹੈ।
ਰਾਸ਼ਟਰਪਤੀ ਚੋਣਾਂ ਦੌਰਾਨ ਆਪਣੇ ਪ੍ਰਚਾਰ ਵਿੱਚ ਜੋਅ ਬਾਇਡਨ ਨੇ ਆਖਿਆ ਸੀ ਕਿ ਉਹ ਨਿਆਂ ਵਿਭਾਗ ਦੇ ਕੰਮਕਾਜ ਤੋਂ ਦੂਰ ਰਹਿਣਗੇ।
ਡੋਨਲਡ ਟਰੰਪ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿੱਚ ਹੇਰਾਫੇਰੀ ਹੋਈ ਹੈ ਅਤੇ ਨਿਆਂ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ।
'ਇਹ ਦੇਸ਼ ਲਈ ਕਾਲਾ ਦੌਰ ਹੈ'
ਆਪਣੇ ਬਿਆਨ ਦੀ ਸ਼ੁਰੂਆਤ ਵਿੱਚ ਡੋਨਲਡ ਟਰੰਪ ਨੇ ਆਖਿਆ ਕਿ ਇਹ ਦੇਸ਼ ਲਈ ਕਾਲਾ ਦੌਰ ਹੈ।
ਉਨ੍ਹਾਂ ਕਿਹਾ, ''ਮੇਰੇ ਘਰ ਉੱਤੇ ਬਿਨਾਂ ਜਾਣਕਾਰੀ ਤੋਂ ਕੀਤੀ ਗਈ ਇਹ ਰੇਡ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਸਾਰੀਆਂ ਸਰਕਾਰੀ ਜਾਂਚ ਏਜੰਸੀਆਂ ਨਾਲ ਹਮੇਸ਼ਾਂ ਸਹਿਯੋਗ ਕੀਤਾ ਹੈ।''
ਆਪਣੇ ਬਿਆਨ ਵਿੱਚ ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਇਹ 'ਮੁਕੱਦਮੇ ਨਾਲ ਜੁੜਿਆ ਦੁਰਵਿਵਹਾਰ' ਅਤੇ 'ਨਿਆਂ ਪ੍ਰਣਾਲੀ ਦੀ ਦੁਰਵਰਤੋਂ' ਹੈ ਤਾਂ ਜੋ ਉਨ੍ਹਾਂ ਨੂੰ ਰਾਸ਼ਟਰਪਤੀ ਚੋਣਾਂ ਲੜਨ ਤੋਂ ਰੋਕਿਆ ਜਾ ਸਕੇ।
ਆਪਣੇ ਬਿਆਨ ਵਿੱਚ ਉਨ੍ਹਾਂ ਨੇ ਅੱਗੇ ਆਖਿਆ ਹੈ ਕਿ ਅਜਿਹਾ 'ਹਮਲਾ' ਕੇਵਲ ਤੀਸਰੀ ਦੁਨੀਆਂ ਦੇ ਦੇਸ਼ਾਂ ਵਿੱਚ ਹੁੰਦਾ ਹੈ ਅਤੇ ਹੁਣ ਅਮਰੀਕਾ ਵੀ ਉਨ੍ਹਾਂ ਦਾ ਹਿੱਸਾ ਬਣ ਗਿਆ ਹੈ।
"ਦੁੱਖ ਦੀ ਗੱਲ ਹੈ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਵਰਗਾ ਬਣ ਗਿਆ ਹੈ ਅਤੇ ਅਜਿਹਾ ਭ੍ਰਿਸ਼ਟਾਚਾਰ ਪਹਿਲਾਂ ਕਦੇ ਨਹੀਂ ਦੇਖਿਆ ਗਿਆ।"
ਇਹ ਵੀ ਪੜ੍ਹੋ: