You’re viewing a text-only version of this website that uses less data. View the main version of the website including all images and videos.
ਡੌਨਲਡ ਟਰੰਪ ਜੇ ਮਹਾਦੋਸ਼ ਦਾ ਮੁਕੱਦਮਾ ਹਾਰ ਗਏ ਤਾਂ ਕੀ ਹੋਵੇਗਾ
- ਲੇਖਕ, ਪੌਲ ਐਡਮਸ
- ਰੋਲ, ਬੀਬੀਸੀ ਪੱਤਰਕਾਰ
ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਮਹਾਦੋਸ਼ ਦਾ ਮੁਕਦਮਾ ਚੱਲ ਰਿਹਾ ਹੈ। ਡੌਨਲਡ ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ 'ਤੇ ਦੋ ਵਾਰ ਮਹਾਦੋਸ਼ ਦਾ ਮੁਕੱਦਮਾ ਚੱਲਿਆ ਹੈ।
ਇਸ ਦੇ ਨਾਲ ਹੀ ਉਹ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ 'ਤੇ ਅਹੁਦਾ ਛੱਡਣ ਤੋਂ ਬਾਅਦ ਮੁਕੱਦਮਾ ਚੱਲ ਰਿਹਾ ਹੈ।
ਕੀ ਹੈ ਮਾਮਲਾ
ਡੌਨਲਡ ਟਰੰਪ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਹਿੰਸਾ ਭੜਕਾਈ ਹੈ। 6 ਜਨਵਰੀ ਨੂੰ ਅਮਰੀਕੀ ਕਾਂਗਰਸ ਦੀ ਕੈਪੀਟਲ ਬਿਲਡਿੰਗ ਵਿੱਚ ਹਜ਼ਾਰਾਂ ਟਰੰਪ ਸਮਰਥਕਾਂ ਦੀ ਭੀੜ ਇਕੱਠੀ ਹੋਈ ਸੀ।
ਇਹ ਘਟਨਾ ਟਰੰਪ ਵੱਲੋਂ ਦਿੱਤੇ ਇੱਕ ਭਾਸ਼ਣ ਤੋਂ ਬਾਅਦ ਵਾਪਰੀ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕੈਪੀਟਲ ਬਿਲਡਿੰਗ ਵੱਲ ਮਾਰਚ ਕਰਨ ਨੂੰ ਕਿਹਾ ਸੀ।
ਇਹ ਵੀ ਪੜ੍ਹੋ:-
ਇੱਥੇ ਇਹ ਵੀ ਦੱਸਣਯੋਗ ਹੈ ਕਿ ਟਰੰਪ ਨੇ ਇਹ ਅਪੀਲ ਕਰਨ ਵੇਲੇ ਉਨ੍ਹਾਂ ਨੂੰ ਸ਼ਾਂਤਮਈ ਤਰੀਕੇ ਨਾਲ ਕੈਪਟੀਲ ਬਿਲਡਿੰਗ ਵੱਲ ਮਾਰਚ ਕਰਨ ਨੂੰ ਕਿਹਾ ਸੀ।
ਪਰ ਇਸ ਅਪੀਲ ਮਗਰੋਂ ਵੱਡੀ ਗਿਣਤੀ ਵਿੱਚ ਸਮਰਥਕ ਕੈਪੀਟਲ ਬਿਲਡਿੰਗ ਵੱਲ ਵਧੇ ਅਤੇ ਉਸ ਦੇ ਅੰਦਰ ਵੀ ਦਾਖ਼ਲ ਹੋ ਗਏ।
ਇਸ ਦੌਰਾਨ ਹਿੰਸਾ ਵਾਪਰੀ ਸੀ ਜਿਸ ਵਿੱਚ 5 ਲੋਕਾਂ ਦੀ ਮੌਤ ਵੀ ਹੋ ਗਈ ਸੀ। ਟਰੰਪ 'ਤੇ ਇਲਜ਼ਾਮ ਲਗਾਉਣ ਵਾਲੇ ਇਸ ਹਿੰਸਾ ਲਈ ਟਰੰਪ ਨੂੰ ਜ਼ਿੰਮੇਵਾਰ ਮੰਨਦੇ ਹਨ।
ਇੱਕ ਹੋਰ ਵੀ ਇਲਜ਼ਾਮ ਲੱਗਿਆ
ਨਵੰਬਰ 2020 ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਟਰੰਪ ਨੇ ਕਈ ਬੇਬੁਨਿਆਦ ਸਵਾਲ ਖੜ੍ਹੇ ਕੀਤੇ ਸਨ।
ਉਨ੍ਹਾਂ ਨੇ ਕਈ ਭਾਸ਼ਣਾਂ ਵਿੱਚ ਇਨ੍ਹਾਂ ਚੋਣਾਂ ਵਿੱਚ ਧਾਂਦਲੀ ਹੋਣ ਦੇ ਇਲਜ਼ਾਮ ਲਗਾਏ ਸਨ ਜਿਨ੍ਹਾਂ ਦਾ ਕੋਈ ਵੀ ਆਧਾਰ ਨਹੀਂ ਸੀ।
ਇਹੀ ਨਹੀਂ ਜਦੋਂ ਜੌਰਜੀਆ ਵਿੱਚ ਸੀਨੈਟ ਦੀਆਂ ਦੋ ਸੀਟਾਂ ਦੇ ਫਸਵੇਂ ਮੁਕਾਬਲੇ ਮਗਰੋਂ ਦੂਜੇ ਦੌਰ ਦੀ ਵੋਟਿੰਗ ਹੋਈ ਤਾਂ ਟਰੰਪ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਇਸ ਵਿੱਚ ਦਖ਼ਲ ਦੇਣ ਦੇ ਇਲਜ਼ਾਮ ਲੱਗੇ ਸਨ।
ਉਨ੍ਹਾਂ ਦੀ ਰਿਪਬਲੀਕਨ ਸਕੱਤਰ ਆਫ ਸਟੇਟ ਬਰੇਡ ਰੈਫੈਂਸਪੈਗਰ ਨਾਲ ਇੱਕ ਫੋਨ ਕਾਲ ਲੀਕ ਹੋਈ, ਜਿਸ ਵਿੱਚ ਉਹ ਕਹਿ ਰਹੇ ਸਨ , "ਮੈਨੂੰ 11,000 ਵੋਟਾਂ ਦੀ ਲੋੜ ਹੈ।"
ਹੁਣ ਸੀਨੈਟ ਦੇ 100 ਮੈਂਬਰ ਇਹ ਤੈਅ ਕਰਨਗੇ ਕਿ ਟਰੰਪ ਦੋਸ਼ੀ ਹਨ ਜਾਂ ਨਹੀਂ। ਡੈਮੋਕ੍ਰੇਟਸ ਨੂੰ ਟਰੰਪ ਨੂੰ ਦੋਸ਼ੀ ਕਰਾਰ ਦੇਣ ਲਈ ਘੱਟੋ-ਘੱਟ 17 ਰਿਪਬਲੀਕਨ ਸੀਨੈਟ ਮੈਂਬਰਾਂ ਦੇ ਵੋਟਾਂ ਦੀ ਲੋੜ ਹੋਵੇਗੀ।
ਪਰ ਇਹ ਕਾਫੀ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਕਈ ਰਿਪਬਲੀਕਨ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਟ੍ਰਾਇਲ ਹੋਣਾ ਹੀ ਨਹੀਂ ਚਾਹੀਦਾ।
ਰਿਪਬਲੀਕਨ ਸੀਨੈਟ ਮੈਂਬਰ ਸੈਨ ਰੈਂਟ ਪੌਲ ਨੇ ਇਸ ਟ੍ਰਾਇਲ ਨੂੰ ਗ਼ੈਰ-ਸੰਵਿਧਾਨਿਕ ਕਿਹਾ ਸੀ।
ਜੇ ਟਰੰਪ ਦੋਸ਼ੀ ਸਾਬਿਤ ਹੋਏ ਤਾਂ...
ਡੌਨਲਡ ਟਰੰਪ ਇਸ ਮਹਾਦੋਸ਼ ਦੇ ਮੁਕਦਮੇ ਵਿੱਚ ਦੋਸ਼ੀ ਸਾਬਿਤ ਹੋ ਜਾਂਦੇ ਤਾਂ ਉਹ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ 'ਤੇ ਮਹਾਦੋਸ਼ ਦਾ ਮੁਕਦਮਾ ਚੱਲਿਆ ਤੇ ਉਹ ਦੋਸ਼ੀ ਵੀ ਸਾਬਿਤ ਹੋਏ।
ਜੇ ਇਲਜ਼ਾਮ ਸਾਬਿਤ ਹੋ ਜਾਂਦੇ ਹਨ ਤਾਂ ਟਰੰਪ ਕਿਸੇ ਵੀ ਸਰਕਾਰੀ ਅਹੁਦੇ ਨੂੰ ਨਹੀਂ ਸਾਂਭ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਰਾਸ਼ਟਰਪਤੀ ਦੀ ਪੈਨਸ਼ਨ ਤੇ ਹੋਰ ਸਹੂਲਤਾਂ ਵੀ ਗੁਆਉਣੀਆਂ ਪੈ ਸਕਦੀਆਂ ਹਨ।
ਜੇ ਉਹ ਜਿੱਤ ਗਏ ਤਾਂ....
ਜੇ ਡੌਨਲਡ ਟਰੰਪ ਇਹ ਮਹਾਦੋਸ਼ ਦਾ ਮੁਕਦਮਾ ਜਿੱਤ ਜਾਂਦੇ ਹਨ ਤਾਂ ਡੈਮੋਕ੍ਰੇਟਸ ਸਾਬਕਾ ਰਾਸ਼ਟਰਪਤੀ ਨੂੰ ਸਜ਼ਾ ਦੇਣ ਦਾ ਕੋਈ ਹੋਰ ਤਰੀਕਾ ਲੱਭ ਸਕਦੇ ਹਨ।
ਪਰ ਇੱਕ ਸਾਲ ਦੇ ਅੰਦਰ ਦੋ ਵਾਰ ਮਹਾਦੋਸ਼ ਦੇ ਮੁਕਦਮੇ ਤੋਂ ਬਰੀ ਹੋਣਾ ਡੌਨਲਡ ਟਰੰਪ ਦੇ ਹਮਾਇਤੀਆਂ ਲਈ ਜਿੱਤ ਤੋਂ ਘੱਟ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਅਗਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਾਅਵੇਦਾਰੀ ਪੇਸ਼ ਕਰਨ ਲਈ ਵੀ ਇਹ ਜਿੱਤ ਕਾਫੀ ਅਹਿਮ ਸਾਬਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ: