You’re viewing a text-only version of this website that uses less data. View the main version of the website including all images and videos.
ਰਿਸ਼ੀ ਸੁਨਕ ਕੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਟਿਕੇ ਰਹਿਣਗੇ
- ਲੇਖਕ, ਟੌਮ ਏਸਪਾਇਨਰ, ਲੂਸੀ ਹੂਕਰ
- ਰੋਲ, ਕਾਰੋਬਾਰੀ ਪੱਤਰਕਾਰ, ਬੀਬੀਸੀ
ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਵਾਲੀ ਦੌੜ ਵਿੱਚ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੋਰਿਸ ਜੌਨਸਨ ਦੀ ਥਾਂ ਕੰਜ਼ਰਵੇਟਿਵ ਆਗੂ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਗੂ ਦੀ ਚੋਣ ਦੀ ਪ੍ਰਕਿਰਿਆ ਅਜੇ ਚੱਲ ਰਹੀ ਹੈ।
ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਸੰਸਦ ਮੈਂਬਰਾਂ ਵਿਚਕਾਰ ਹੋਣ ਵਾਲੀਆਂ ਪਹਿਲੀਆਂ ਤਿੰਨ ਚੋਣਾਂ ਜਿੱਤ ਲਈਆਂ ਹਨ ਪਰ ਉਨ੍ਹਾਂ ਨੂੰ ਬੋਰਿਸ ਜੌਨਸਨ ਦੇ ਸਹਿਯੋਗੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਦਰਅਸਲ, ਜੌਨਸਨ ਦੇ ਸਹਿਯੋਗੀ ਬੋਰਿਸ ਜੌਨਸਨ ਦੇ ਅਸਤੀਫ਼ੇ ਦਾ ਕਾਰਨ ਮੰਤਰੀ ਮੰਡਲ ਤੋਂ ਸੁਨਕ ਦੇ ਅਸਤੀਫ਼ੇ ਨੂੰ ਮੰਨ ਰਹੇ ਹਨ।
ਹਾਲਾਂਕਿ, ਰਿਸ਼ੀ ਸੁਨਕ ਨੂੰ ਜੌਨਸਨ ਦੇ ਮੰਤਰਾਲੇ ਦੇ ਕੁਝ ਮਜ਼ਬੂਤ ਮੰਤਰੀਆਂ ਦਾ ਸਮਰਥਨ ਵੀ ਮਿਲਿਆ ਹੈ।
ਖਾਸ ਗੱਲ ਇਹ ਹੈ ਕਿ ਸੁਨਕ ਨੇ ਆਪਣੇ ਆਪ ਨੂੰ ਇੱਕ ਅਜਿਹੇ ਆਗੂ ਵਜੋਂ ਪੇਸ਼ ਕੀਤਾ ਹੈ ਜੋ ਕਹਿ ਰਿਹਾ ਹੈ ਕਿ ਜਦੋਂ ਤੱਕ ਮਹਿੰਗਾਈ ਕਾਬੂ ਵਿੱਚ ਨਹੀਂ ਆਉਂਦੀ, ਉਦੋਂ ਤੱਕ ਟੈਕਸ ਨਹੀਂ ਵਸੂਲੇ ਜਾਣਗੇ ਅਤੇ ਇਹ ਉਨ੍ਹਾਂ ਦੇ ਵਿਰੋਧੀ ਆਗੂਆਂ ਦੇ ਬਿਲਕੁਲ ਉਲਟ ਹੈ।
ਸੁਨਕ, ਫਰਵਰੀ 2020 ਵਿੱਚ ਬ੍ਰਿਟੇਨ ਦੇ ਵਿੱਤ ਮੰਤਰੀ ਬਣੇ ਸਨ ਅਤੇ ਕੁਝ ਹੀ ਹਫ਼ਤਿਆਂ ਵਿੱਚ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਦੌਰਾਨ ਯੂਕੇ ਦੀ ਆਰਥਿਕਤਾ ਨੂੰ ਚਲਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ।
ਪਹਿਲੀ ਤਾਲਾਬੰਦੀ ਦੌਰਾਨ ਆਪਣਾ 40ਵਾਂ ਜਨਮਦਿਨ ਮਨਾਉਣ ਵਾਲੇ ਸੁਨਕ ਨੇ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਦੀ ਅਰਥਵਿਵਸਥਾ ਦੀ ਵਾਗਡੋਰ ਪੂਰੇ ਆਤਮਵਿਸ਼ਵਾਸ ਨਾਲ ਸੰਭਾਲੀ ਹੈ।
ਉਨ੍ਹਾਂ ਨੇ 2020 ਦੀਆਂ ਗਰਮੀਆਂ ਵਿੱਚ ਕਿਹਾ ਸੀ ਕਿ ਕੋਰੋਨਾ ਸੰਕਰਮਣ ਦੌਰਾਨ ਉਹ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨਗੇ ਅਤੇ 350 ਬਿਲੀਅਨ ਪਾਊਂਡ ਦੀ ਸਹਾਇਤਾ ਦਾ ਐਲਾਨ ਵੀ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਕਾਫ਼ੀ ਵਾਧਾ ਹੋਇਆ।
ਹਾਲਾਂਕਿ, ਕੋਰੋਨਾ ਸੰਕਟ ਤੋਂ ਬਾਅਦ ਤੋਂ ਬ੍ਰਿਟੇਨ ਦੀ ਆਰਥਿਕਤਾ ਦੀਆਂ ਚੁਣੌਤੀਆਂ ਬਰਕਰਾਰ ਹਨ।
ਜੂਨ 2020 ਵਿੱਚ, ਸੁਨਕ ਨੂੰ ਡਾਊਨਿੰਗ ਸਟ੍ਰੀਟ ਵਿੱਚ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਵੀ ਭਰਨਾ ਪਿਆ ਸੀ।
ਇਸ ਸਾਲ ਅਪ੍ਰੈਲ ਵਿੱਚ, ਕੰਜ਼ਰਵੇਟਿਵ ਪਾਰਟੀ ਦੇ ਆਲੋਚਕਾਂ ਨੇ ਸਵਾਲ ਚੁੱਕਿਆ ਸੀ ਕਿ ਕੀ ਕਰੋੜਪਤੀ ਸੁਨਕ ਬ੍ਰਿਟੇਨ ਦੇ ਆਮ ਲੋਕਾਂ ਦੇ ਘਰ ਚਲਾਉਣ ਅਤੇ ਜੀਵਨ ਬਸਰ ਦੀਆਂ ਚੁਣੌਤੀਆਂ ਨੂੰ ਸਮਝ ਚੁੱਕੇ ਹਨ।
ਇਸੇ ਮਹੀਨੇ, ਸੁਨਕ ਅਤੇ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਲੈ ਕੇ ਵੀ ਮਾਮਲਾ ਗਰਮਾ ਗਿਆ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾਂ ਮੂਰਤੀ ਦੇ ਟੈਕਸ ਭੁਗਤਾਨ ਨੂੰ ਲੈ ਕੇ ਵਿਵਾਦ ਸੁਰਖੀਆਂ ਵਿੱਚ ਆ ਗਿਆ।
ਮੂਰਤੀ ਯੂਕੇ ਦੇ ਕਾਨੂੰਨਾਂ ਅਨੁਸਾਰ ਆਪਣੀ ਵਿਦੇਸ਼ੀ ਕਮਾਈ 'ਤੇ ਟੈਕਸ ਭੁਗਤਾਨ ਤੋਂ ਛੋਟ ਦਾ ਲਾਭ ਲੈ ਰਹੇ ਸਨ।
ਬਾਅਦ ਵਿੱਚ ਅਕਸ਼ਤਾ ਮੂਰਤੀ ਨੇ ਐਲਾਨ ਕੀਤਾ ਕਿ ਉਹ ਬ੍ਰਿਟਿਸ਼ ਕਾਨੂੰਨ ਦੇ ਤਹਿਤ ਟੈਕਸ ਅਦਾ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ 'ਤੇ ਸਿਆਸੀ ਦਬਾਅ ਘੱਟ ਹੋਇਆ।
ਬੋਰਿਸ ਦੇ ਸਮਰਥਕ ਸਨ ਸੁਨਕ
ਵਿਰੋਧੀ ਲੇਬਰ ਪਾਰਟੀ ਨੇ ਸੁਨਕ ਦੀ ਵਿੱਤੀ ਸਥਿਤੀ ਨੂੰ ਲੈ ਕੇ ਕਈ ਸਵਾਲ ਚੁੱਕੇ, ਜਿਨ੍ਹਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਕੀ ਕਦੇ ਸੁਨਕ ਨੇ ਟੈਕਸ ਛੋਟ ਦਾ ਲਾਭ ਉਠਾਇਆ ਹੈ?
ਬ੍ਰਿਟਿਸ਼ ਅਖਬਾਰ ਇੰਡੀਪੈਂਡੈਂਟ ਨੇ ਦਾਅਵਾ ਕੀਤਾ ਸੀ ਕਿ ਸੁਨਕ ਦਾ ਨਾਂ 2020 ਵਿੱਚ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਅਤੇ ਕੇਮੈਨ ਆਈਲੈਂਡਜ਼ ਦੇ ਟੈਕਸ ਹੈਵਨ ਟਰੱਸਟ ਦੇ ਲਾਭਪਾਤਰੀਆਂ ਵਿੱਚ ਸੂਚੀਬੱਧ ਸੀ।
ਇਹ ਵੀ ਪੜ੍ਹੋ:
ਹਾਲਾਂਕਿ, ਸੁਨਕ ਦੇ ਬੁਲਾਰੇ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।
ਸੁਨਕ ਨੇ ਕੋਰੋਨਾ ਮਹਾਮਾਰੀ ਦੌਰਾਨ ਹੌਸਪੀਟੈਲੀਟੀ ਖੇਤਰ ਦੀ ਮਦਦ ਲਈ, ਲੋਕਾਂ ਨੂੰ ਬਾਹਰ ਦਾ ਖਾਣਾ ਖਾ ਕੇ ਮਦਦ ਕਰਨ ਦੀ ਅਪੀਲ ਕੀਤੀ ਸੀ, ਹਾਲਾਂਕਿ ਬਾਅਦ ਵਿੱਚ ਇਸ ਨੂੰ ਲਾਗ ਵਧਣ ਦੇ ਕਾਰਨਾਂ ਵਿੱਚ ਗਿਣਿਆ ਗਿਆ।
ਰਿਸ਼ੀ ਸੁਨਕ ਦਾ ਪਿਛੋਕੜ
ਸੁਨਕ ਦੇ ਭਾਰਤੀ ਮੂਲ ਦੇ ਮਾਤਾ-ਪਿਤਾ ਪੂਰਬੀ ਅਫਰੀਕਾ ਤੋਂ ਬ੍ਰਿਟੇਨ ਆਏ ਸਨ। ਉਨ੍ਹਾਂ ਦਾ ਜਨਮ 1980 ਵਿੱਚ ਸਾਉਥੈਂਪਟਨ ਵਿੱਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਇੱਕ ਡਾਕਟਰ ਸਨ ਅਤੇ ਮਾਂ ਫਾਰਮੇਸੀ ਦਾ ਕੰਮ ਦੇਖਦੇ ਸਨ।
ਉਨ੍ਹਾਂ ਨੇ ਮਹਿੰਗੇ ਸਕੂਲ ਵਿਨਚੈਸਟਰ ਕਾਲਜ ਵਿੱਚ ਸਿੱਖਿਆ ਪ੍ਰਾਪਤ ਕੀਤੀ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹ ਸਾਊਥੈਂਪਟਨ ਕਰੀ ਹਾਊਸ ਵਿੱਚ ਵੇਟਰ ਵਜੋਂ ਕੰਮ ਕਰਦੇ ਸਨ।
ਬਾਅਦ ਵਿੱਚ ਦਰਸ਼ਨ ਸ਼ਾਸਤਰ, ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਦਾ ਅਧਿਐਨ ਕਰਨ ਲਈ ਉਹ ਆਕਸਫੋਰਡ ਯੂਨੀਵਰਸਿਟੀ ਗਏ।
ਸਟੈਨਫੋਰਡ ਯੂਨੀਵਰਸਿਟੀ ਤੋਂ ਐਮਬੀਏ ਦੀ ਪੜ੍ਹਾਈ ਕਰਦੇ ਹੋਏ, ਉਨ੍ਹਾਂ ਦੀ ਮੁਲਾਕਾਤ ਅਕਸ਼ਤਾਂ ਮੂਰਤੀ ਨਾਲ ਹੋਈ ਅਤੇ ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।
ਅਕਸ਼ਤਾ ਮੂਰਤੀ, ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਹੈ। ਸੁਨਕ ਅਤੇ ਮੂਰਤੀ ਦੀਆਂ ਦੋ ਧੀਆਂ ਹਨ।
ਸੁਨਕ ਨੇ 2001 ਤੋਂ 2004 ਦਰਮਿਆਨ ਗੋਲਡਮੈਨ ਸਾਕਸ ਵਿੱਚ ਵਿਸ਼ਲੇਸ਼ਕ ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ ਦੋ ਵੱਡੇ ਫੰਡਾਂ ਦੇ ਹਿੱਸੇਦਾਰ ਬਣ ਗਏ।
ਉਨ੍ਹਾਂ ਨੂੰ ਬ੍ਰਿਟੇਨ ਦੇ ਸਭ ਤੋਂ ਅਮੀਰ ਸੰਸਦ ਮੈਂਬਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਪਰ ਜਨਤਕ ਤੌਰ 'ਤੇ ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
2015 ਤੋਂ ਸੁਨਕ ਕੰਜ਼ਰਵੇਟਿਵ ਪਾਰਟੀ ਵੱਲੋਂ ਯੌਰਕਸ਼ਾਇਰ ਦੇ ਰਿਚਮੰਡ ਖੇਤਰ ਦੇ ਸੰਸਦ ਮੈਂਬਰ ਰਹੇ ਹਨ।
ਉਹ ਟੈਰੀਜ਼ਾ ਮੇਅ ਦੀ ਸਰਕਾਰ ਵਿੱਚ ਇੱਕ ਜੂਨੀਅਰ ਮੰਤਰੀ ਸਨ ਪਰ ਬੋਰਿਸ ਜੌਨਸਨ ਦੀ ਸਰਕਾਰ ਵਿੱਚ ਇਸ ਤੋਂ ਪਹਿਲਾਂ ਉਹ ਜਨਵਰੀ 2018 ਤੋਂ ਜੁਲਾਈ 2019 ਤੱਕ ਹਾਊਸਿੰਗ, ਕਮਿਊਨਿਟੀਜ਼ ਅਤੇ ਸਥਾਨਕ ਸਰਕਾਰ ਮੰਤਰਾਲੇ ਵਿੱਚ ਸੰਸਦੀ ਅਵਰ-ਸਕੱਤਰ ਸਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਸਾਜਿਦ ਜਾਵੇਦ ਦੇ ਵਿੱਤ ਮੰਤਰਾਲੇ ਵਿੱਚ ਮੁੱਖ ਸਕੱਤਰ ਬਣਾਇਆ ਗਿਆ।
ਫਰਵਰੀ 2020 ਵਿੱਚ ਉਹ ਬ੍ਰਿਟੇਨ ਦੇ ਵਿੱਤ ਮੰਤਰੀ ਬਣੇ। ਪਹਿਲਾਂ ਤਾਂ ਉਹ ਬੋਰਿਸ ਜੌਨਸਨ ਦੇ ਵੱਡੇ ਸਮਰਥਕ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਆਰਥਿਕਤਾ ਬਾਰੇ ਉਨ੍ਹਾਂ ਦੀ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸੋਚ ਬਿਲਕੁਲ ਵੱਖਰੀ ਸੀ।
ਸੁਨਕ ਨੇ ਯੂਰਪੀ ਸੰਘ ਨੂੰ ਲੈ ਕੇ ਹੋਏ ਜਨਮਤ ਸੰਗ੍ਰਹਿ ਵਿੱਚ, ਇਸ ਨੂੰ ਛੱਡਣ ਦੇ ਪੱਖ 'ਚ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੇ ਹਲਕੇ 'ਚ ਯੂਰਪੀ ਸੰਘ ਨੂੰ ਛੱਡਣ ਦੇ ਪੱਖ 'ਚ 55 ਫੀਸਦੀ ਲੋਕਾਂ ਨੇ ਮਤਦਾਨ ਕੀਤਾ।
ਉਨ੍ਹਾਂ ਨੇ ਯੌਰਕਸ਼ਾਇਰ ਪੋਸਟ ਨੂੰ ਕਿਹਾ ਸੀ ਕਿ ਇਸ ਨਾਲ ਬ੍ਰਿਟੇਨ ਕਿਤੇ ਵਧੇਰੇ ਆਜ਼ਾਦ ਅਤੇ ਖੁਸ਼ਹਾਲ ਹੋਵੇਗਾ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਬ੍ਰੈਕਸਿਟ ਸੌਦੇ 'ਤੇ ਤਿੰਨੇ ਵਾਰ ਵੋਟ ਪਾਈ।
ਉਨ੍ਹਾਂ ਨੇ ਯੂਰਪੀ ਸੰਘ ਤੋਂ ਵੱਖ ਹੋਣ ਦਾ ਇੱਕ ਹੋਰ ਕਾਰਨ ਇਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀਆਂ ਕਿਹਾ ਸੀ।
ਉਨ੍ਹਾਂ ਨੇ ਕਿਹਾ, "ਮੇਰਾ ਵਿਸ਼ਵਾਸ ਹੈ ਕਿ ਉਪਯੁਕਤ ਇਮੀਗ੍ਰੇਸ਼ਨ ਨਿਯਮਾਂ ਨਾਲ ਸਾਡੇ ਦੇਸ਼ ਨੂੰ ਫਾਇਦਾ ਹੋਵੇਗਾ, ਸਾਡੀਆਂ ਸਰਹੱਦਾਂ 'ਤੇ ਸਾਡਾ ਕੰਟਰੋਲ ਹੋਣਾ ਚਾਹੀਦਾ ਹੈ।"
ਪ੍ਰਧਾਨ ਮੰਤਰੀ ਨਾਲ ਤਕਰਾਰ ਕਾਰਨ ਜਦੋਂ ਸਾਜਿਦ ਜਾਵੇਦ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਸੁਨਕ ਨੂੰ ਇਹ ਜ਼ਿੰਮੇਵਾਰੀ ਮਿਲੀ।
ਦਰਅਸਲ, ਬੋਰਿਸ ਜੌਨਸਨ ਦੇ ਹੱਕ ਵਿੱਚ ਖੜ੍ਹਨ ਕਾਰਨ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਤਰੱਕੀ ਮਿਲੀ ਸੀ। ਪਹਿਲਾਂ ਉਨ੍ਹਾਂ ਨੂੰ ਜੂਨੀਅਰ ਮੰਤਰੀ ਤੋਂ ਬ੍ਰਿਟਿਸ਼ ਖਜ਼ਾਨਾ ਮੰਤਰੀ ਬਣਾਇਆ ਗਿਆ ਅਤੇ ਬਾਅਦ ਵਿੱਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ।
ਏਸ਼ੀਅਨ ਪਛਾਣ 'ਤੇ ਸੁਨਕ
ਸਾਜਿਦ ਜਾਵੇਦ ਵਾਂਗ ਹੀ ਸੁਨਕ ਦਾ ਪਰਿਵਾਰ ਵੀ ਕਿਸੇ ਹੋਰ ਦੇਸ਼ ਤੋਂ ਆ ਕੇ ਬ੍ਰਿਟੇਨ ਵਿੱਚ ਵੱਸ ਗਿਆ ਸੀ, ਪਰ ਉਨ੍ਹਾਂ ਦਾ ਜਨਮ ਬ੍ਰਿਟੇਨ ਵਿੱਚ ਹੀ ਹੋਇਆ।
ਰਿਸ਼ੀ ਸੁਨਕ ਪਹਿਲਾਂ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਏਸ਼ੀਆਈ ਪਛਾਣ ਉਨ੍ਹਾਂ ਦੇ ਲਈ ਮਾਅਨੇ ਰੱਖਦੀ ਹੈ।
ਅਕਤੂਬਰ 2019 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ, "ਮੈਂ ਪਹਿਲੀ ਪੀੜ੍ਹੀ ਦਾ ਆਪਰਵਾਸੀ ਹਾਂ। ਮੇਰੇ ਪਰਿਵਾਰ ਦੇ ਮੈਂਬਰ ਇੱਥੇ ਆਏ ਸਨ, ਇਸ ਲਈ ਤੁਹਾਨੂੰ ਉਸ ਪੀੜ੍ਹੀ ਦੇ ਲੋਕ ਮਿਲੇ ਹਨ ਜੋ ਇੱਥੇ ਪੈਦਾ ਹੋਏ, ਉਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਪੈਦਾ ਨਹੀਂ ਹੋਏ ਸਨ ਅਤੇ ਉਹ ਇਸ ਦੇਸ਼ ਵਿੱਚ ਆਪਣੀ ਜ਼ਿੰਦਗੀ ਬਣਾਉਣ ਆਏ ਸਨ।"
"ਸੱਭਿਆਚਾਰਕ ਪਰਵਰਿਸ਼ ਦੇ ਮਾਮਲੇ 'ਚ ਗੱਲ ਕਰੀਏ ਤਾਂ ਮੈਂ ਵੀਕਐਂਡ ਨੂੰ ਮੰਦਰ ਵਿੱਚ ਹੁੰਦਾ ਹਾਂ। ਮੈਂ ਇੱਕ ਹਿੰਦੂ ਹਾਂ, ਪਰ ਸ਼ਨੀਵਾਰ ਨੂੰ ਮੈਂ ਸੇਂਟਸ ਗੇਮ ਵਿੱਚ ਵੀ ਹੁੰਦਾ ਹਾਂ। ਤੁਸੀਂ ਸਭ ਕੁਝ ਕਰਦੇ ਹੋ, ਤੁਸੀਂ ਦੋਵੇਂ ਕਰਦੇ ਹੋ।"
ਉਨ੍ਹਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਉਹ ਖੁਸ਼ਕਿਸਮਤ ਰਹੇ ਹਨ ਕਿ ਵੱਡੇ ਹੋਣ ਦੌਰਾਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਨਸਲਵਾਦ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਉਹ ਅੱਜ ਵੀ ਇੱਕ ਘਟਨਾ ਨੂੰ ਨਹੀਂ ਭੁੱਲੇ ਹਨ।
ਘਟਨਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, "ਮੈਂ ਆਪਣੇ ਛੋਟੇ ਭਰਾ ਅਤੇ ਛੋਟੀ ਭੈਣ ਨਾਲ ਬਾਹਰ ਗਿਆ ਹੋਇਆ ਸੀ। ਮੈਂ ਸ਼ਾਇਦ ਬਹੁਤ ਛੋਟਾ ਸੀ, ਇਹੀ ਕੋਈ 15-17 ਸਾਲ ਦੀ ਉਮਰ ਸੀ।''
''ਅਸੀਂ ਇੱਕ ਫਾਸਟ ਫੂਡ ਰੈਸਟੋਰੈਂਟ ਗਏ ਅਤੇ ਮੈਂ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਸੀ। ਉੱਥੇ ਕੁਝ ਲੋਕ ਬੈਠੇ ਸਨ, ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਮੈਂ ਕੁਝ ਬੁਰਾ ਸੁਣਿਆ ਸੀ। ਉਹ ਇੱਕ 'ਪੀ' ਸ਼ਬਦ ਸੀ।"
ਹਾਲਾਂਕਿ, ਸੁਨਕ ਦਾ ਕਹਿਣਾ ਹੈ ਕਿ ਉਹ ਅੱਜ ਬ੍ਰਿਟੇਨ ਵਿੱਚ ਇਸਦੀ ਕਲਪਨਾ ਵੀ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ: