You’re viewing a text-only version of this website that uses less data. View the main version of the website including all images and videos.
ਗਰਭਪਾਤ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਅਮਰੀਕੀ ਸਮਾਜ ਲਈ ਇੰਨਾ ਅਹਿਮ ਕਿਉਂ ਹੈ
- ਲੇਖਕ, ਸਾਰਾ ਸਮਿੱਥ
- ਰੋਲ, ਉੱਤਰੀ ਅਮਰੀਕਾ ਐਡੀਟਰ
ਸੁਪਰੀਮ ਕੋਰਟ ਨੇ ਅਮਰੀਕੀ ਔਰਤਾਂ ਨੂੰ ਪਿਛਲੇ 50 ਸਾਲਾਂ ਤੋਂ ਮਿਲਿਆ ਗਰਭਪਾਤ ਦਾ ਹੱਕ ਆਪਣੇ ਇੱਕ ਫ਼ੈਸਲੇ ਨਾਲ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਗਰਭਪਾਤ ਦੇ ਮੁੱਦੇ ਉੱਪਰ ਪਹਿਲਾਂ ਤੋਂ ਹੀ ਦੋਫ਼ਾੜ ਅਮਰੀਕੀ ਸਮਾਜ ਵਿੱਚ ਇਸ ਨੇ ਬਹਿਸ ਨੂੰ ਹੋਰ ਤੇਜ਼ ਹੀ ਕੀਤਾ ਹੈ।
ਆਪਣੇ ਫ਼ੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਗਰਭਪਾਤ ਕਦੇ ਵੀ ਕਾਨੂੰਨੀ ਅਧਿਕਾਰ ਨਹੀਂ ਰਿਹਾ ਹੈ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਲੱਖਾਂ ਅਮਰੀਕੀ ਔਰਤਾਂ ਦੀ ਗਰਭਪਾਤ ਸਹੂਲਤਾਂ ਤੱਕ ਪਹੁੰਚ ਖਤਮ ਹੋ ਜਾਵੇਗੀ। ਅਮਰੀਕੀ ਸੂਬੇ ਹੁਣ ਇਸ ਬਾਰੇ ਆਪਣੇ ਪੱਧਰ ਉੱਪਰ ਕਾਨੂੰਨ ਬਣਾ ਸਕਣਗੇ।
ਗਰਭਪਾਤ ਵਿਰੋਧੀ ਖੇਮੇ ਲਈ ਇਹ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਹਜ਼ਾਰਾਂ ਬੱਚਿਆਂ ਦੀ ਜਾਨ ਬਚਾਈ ਜਾ ਸਕੇਗੀ।
ਹਾਲਾਂਕਿ ਗਰਭਪਾਤ ਦੇ ਵਕਾਲਤੀ ਬੇਹੱਦ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਅਮਰੀਕਾ ਵਿੱਚ ਔਰਤਾਂ ਦੇ ਹੱਕ 50 ਸਾਲ ਪਿੱਛਾਂਹ ਧੱਕ ਦਿੱਤੇ ਗਏ ਹਨ। ਉਹ ਸਮਾਂ ਜਦੋਂ ਔਰਤਾਂ ਗੈਰ-ਕਾਨੂੰਨੀ ਤੌਰ 'ਤੇ ਗਰਭਪਾਤ ਕਰਵਾਉਂਦੀਆਂ ਸਨ।
- ਅਮਰੀਕੀ ਸਮਾਜ ਵਿੱਚ ਗਰਭਪਾਤ ਕਾਨੂੰਨੀ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ ਇਸ ਬਾਰੇ ਬਹਿਸ ਚਿਰੋਕਣੀ ਹੈ।
- ਸੁਪਰੀਮ ਕੋਰਟ ਨੇ ਤਾਜ਼ਾ ਫ਼ੈਸਲੇ ਵਿੱਚ ਕਿਹਾ ਹੈ ਕਿ ਗਰਭਪਾਤ ਕਰਵਾਉਣਾ ਔਰਤਾਂ ਦਾ ਸੰਵਿਧਾਨਕ ਹੱਕ ਨਹੀਂ ਹੈ।
- ਗਰਭਪਾਤ ਦੇ ਵਿਰੋਧ ਵਿੱਚ ਬੋਲਣ ਵਾਲੇ (ਪ੍ਰੋ-ਲਾਈਫ਼, ਜਿੰਦਗੀ ਪੱਖੀ) ਦਾ ਕਹਿਣਾ ਹੈ ਕਿ ਗਰਭਪਾਤ ਹਜ਼ਾਰਾਂ ਅਣਜੰਮੇ ਬੱਚਿਆਂ ਤੋਂ ਉਨ੍ਹਾਂ ਦਾ ਜਨਮ ਲੈਣ ਦਾ ਹੱਕ ਖੋਹ ਲੈਂਦਾ ਹੈ।
- ਪੱਖ ਵਿੱਚ ਬੋਲਣ ਵਾਲੇ (ਪ੍ਰੋ-ਚੁਆਇਸ, ਔਰਤਾਂ ਦੀ ਚੋਣ ਦੇ ਹੱਕ ਦੇ ਵਕਾਲਤੀ) ਗਰਭਪਾਤ ਨੂੰ ਔਰਤਾਂ ਦਾ ਮਨੁੱਖੀ ਹੱਕ ਮੰਨਦੇ ਹਨ।
- ਸਿਆਸੀ ਪੱਖ ਤੋਂ ਕੰਜ਼ਰਵੇਟਿਵ ਗਰਭਪਾਤ ਉੱਤੇ ਪਾਬੰਦੀ ਦੇ ਅਤੇ ਡੈਮੋਕ੍ਰੇਟ ਗਰਭਪਾਤ ਦੇ ਪੱਖ ਵਿੱਚ ਹਨ।
- ਆਉਣ ਵਾਲੀਆਂ ਕਾਂਗਰਸ ਦੀਆਂ ਚੋਣਾਂ ਉੱਪਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਅਸਰ ਪੈ ਸਕਦਾ ਹੈ।
- ਸਾਲ 2019 ਵਿੱਚ ਅਮਰੀਕਾ ਵਿੱਚ ਹਰ 6 ਗਰਭਵਤੀ ਔਰਤਾਂ ਪਿੱਛੇ 1 ਨੇ ਗਰਭਪਾਤ ਕਰਵਾਇਆ ਸੀ।
ਹਾਲ ਹੀ ਵਿੱਚ ਹੋਏ ਸਰਵੇਖਣਾਂ ਮੁਤਾਬਕ ਲਗਭਗ ਦੋ ਤਿਹਾਈ ਅਮਰੀਕੀ ਨਹੀਂ ਚਾਹੁੰਦੇ ਸਨ ਕਿ ਗਰਭਪਾਤ ਦਾ ਅਧਿਕਾਰ ਖ਼ਤਮ ਕੀਤਾ ਜਾਵੇ।
ਇਸ ਫ਼ੈਸਲੇ ਤੋਂ ਬਾਅਦ ਸਰਬਉੱਚ ਅਦਾਲਤ ਖੁਦ ਵੀ ਬਹਿਸ ਵਿੱਚ ਸਾਲਸ ਦੀ ਥਾਂ ਇੱਕ ਧਿਰ ਬਣ ਗਈ ਹੈ। ਕੁਝ ਦਿਨ ਪਹਿਲਾਂ ਇੱਕ ਵਿਅਕਤੀ ਜਿਸ ਕੋਲੋਂ ਇੱਕ ਬੰਦੂਕ ਅਤੇ ਚਾਕੂ ਬਰਾਮਦ ਕੀਤਾ ਗਿਆ, ਇੱਕ ਕੰਜ਼ਰਵੇਟਿਵ ਜੱਜ ਦੇ ਘਰ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਵਿਅਕਤੀ ਨੇ ਕਿਹਾ ਕਿ ਫ਼ੈਸਲੇ ਦਾ ਜੋ ਖਰੜਾ ਲੀਕ ਹੋਇਆ ਸੀ ਉਸ ਨੂੰ ਲੈਕੇ ਉਹ ਬਹੁਤ ਹਤਾਸ਼ ਸੀ।
ਇਹ ਘਟਨਾ ਆਪਣੇ-ਆਪ ਵਿੱਚ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਅਮਰੀਕਾ ਵਿੱਚ ਗਰਭਪਾਤ ਕਿੰਨਾ ਵੱਡਾ ਮਸਲਾ ਹੈ।
ਟਰੰਪ ਦੀ ਵਿਰਾਸਤ
ਸਰਬਉੱਚ ਅਦਾਲਤ ਦਾ ਫ਼ੈਸਲਾ ਸੰਵਿਧਾਨਕ ਕਾਨੂੰਨ ਦੀ ਵਿਆਖਿਆ ਉੱਪਰ ਅਧਾਰਿਤ ਹੈ, ਜੋ ਕਿ ਡੂੰਘੇ ਤੌਰ 'ਤੇ ਸਿਆਸੀ ਹੈ।
ਅਦਾਲਤ ਦੇ ਜਿਸ ਬੈਂਚ ਨੇ ਇਹ ਫ਼ੈਸਲਾ ਸੁਣਾਇਆ ਹੈ ਉਸ ਵਿੱਚੋਂ ਤਿੰਨ ਜੱਜ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਿਯੁਕਤ ਕੀਤੇ ਗਏ ਸਨ। ਟਰੰਪ ਨੇ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਉਹ ਬੈਂਚ ਵਿੱਚ ਉਹ ਉਹ ਜੱਜ ਲਗਾਉਣਗੇ ਜੋ ਗਰਭਪਾਤ ਦੇ ਹੱਕ ਨੂੰ ਖਤਮ ਕਰ ਦੇਣ।
ਇਸ ਹਿਸਾਬ ਨਾਲ ਇਹ ਫ਼ਸਲਾ ਟਰੰਪ ਦੀ ਸਭ ਤੋਂ ਦੂਰਰਸੀ ਵਿਰਾਸਤ ਕਹੀ ਜਾ ਸਕਦੀ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਦਾ ਅਸਰ ਅਮਰੀਕਾ ਦੇ ਸਾਰੇ 50 ਸੂਬਿਆਂ ਉੱਪਰ ਪਵੇਗਾ। ਹਾਲਾਂਕਿ ਇਨ੍ਹਾਂ ਵਿੱਚੋਂ ਅੱਧਿਆਂ ਵਿੱਚ ਇਹ ਅਸਰ ਬਾਕੀਆਂ ਤੋਂ ਪਹਿਲਾਂ ਦਿਖਾਈ ਦੇਵੇਗਾ।
ਇਨ੍ਹਾਂ ਵਿੱਚ ਓਕਲਾਹੋਮਾ ਸੂਬਾ ਸਭ ਤੋਂ ਮੋਹਰੀ ਹੈ। ਓਕਲਾਹੋਮਾ ਨੇ ਹਾਲ ਹੀ ਵਿੱਚ ਗਰਭਪਾਤ ਬਾਰੇ ਸਭ ਤੋਂ ਸਖਤ ਕਾਨੂੰਨ ਪਾਸ ਕੀਤਾ।
ਬਿਲ ਨੂੰ ਲਿਖਣ ਵਾਲੀ ਵਿਧਾਨਕਾਰ ਵੇਂਡੀ ਸਟੀਅਰਮੈਨ ਨੇ ਟੁਲਸਾ ਵਿੱਚ ਮੈਨੂੰ ਕਿਹਾ ਕਿ ਇਸ ਬਿਲ ਨੂੰ ਲਿਖ ਸਕਣਾ ਉਨ੍ਹਾਂ ਦੀ ਸੁਭਾਗ ਸੀ ਅਤੇ ਇਸ ਰਾਹੀਂ ਉਹ ਹਰ ਸਾਲ 40 ਹਜ਼ਾਰ ਅਣਜੰਮੇ ਬੱਚਿਆਂ ਦੇ ''ਜ਼ਿੰਦਾ ਰਹਿਣ ਦੇ ਮੌਕੇ'' ਨਾਲ ਮਦਦ ਕਰ ਸਕਣਗੇ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਓਕਲਾਹੋਮਾ ਵਿੱਚ ਗਰਭਪਾਤ ਬੰਦ ਤਾਂ ਨਹੀਂ ਹੋਣਗੇ ਪਰ ਉਹ ਮੁਸ਼ਕਲ ਜ਼ਰੂਰ ਹੋਣਗੇ।
ਇਹ ਵੀ ਪੜ੍ਹੋ:
ਉਨ੍ਹਾਂ ਦਾ ਤਰਕ ਹੈ ਕਿ ਬਹੁਤ ਸਾਰੀਆਂ ਔਰਤਾਂ ਗਰਭਧਾਰਨ ਦੇ ਸਮੇਂ ਹੀ ਚੋਣ ਕਰ ਸਕਦੀਆਂ ਹਨ ਅਤੇ ਬਹੁਤ ਸਾਰੀਆਂ ਔਰਤਾਂ ਗਰਭਪਾਤ ਨੂੰ ਮਹਿਜ਼ ਗਰਭਨਿਰੋਧਕ ਉਪਾਅ ਵਜੋਂ ਹੀ ਵਰਤਦੀਆਂ ਹਨ।
ਹਾਲਾਂਕਿ ਟੁਸਲਾ ਵਿੱਚ ਹੀ ਇੱਕ ਗਰਭਪਾਤ ਕਲੀਨਿਕ ਚਲਾਉਣ ਵਾਲੇ ਐਂਡਰੀ ਗਾਲੇਗੋ ਇਸ ਤਰਕ ਦਾ ਘੋਰ ਵਿਰੋਧ ਕਰਦੇ ਹਨ। ਉਨ੍ਹਾਂ ਮੁਤਾਬਕ ਗਰਭਪਾਤ ਤਾਂ ਕਿਸੇ ਵੀ ਔਰਤ ਲਈ ਸਭ ਤੋਂ ਮੁਸ਼ਕਲ ਫ਼ੈਸਲਾ ਹੁੰਦਾ ਹੈ।
ਬਾਕੀ ਸੂਬਿਆਂ ਵਿੱਚ ਵੀ ਸਖਤ ਹੋਣਗੇ ਕਾਨੂੰਨ
ਕੁਝ ਦਿਨ ਪਹਿਲਾਂ ਤੱਕ ਉਨ੍ਹਾਂ ਦੇ ਕਲੀਨਿਕ ਵਿੱਚ ਹਰ ਰੋਜ਼ ਗਰਭਪਾਤ ਲਈ 40 ਕੇਸ ਆਉਂਦੇ ਸਨ ਪਰ ਹੁਣ ਸਭ ਕੁਝ ਖਾਲੀ ਪਿਆ ਸੀ। ਉਨ੍ਹਾਂ ਦੇ ਕਲੀਨਿਕ ਵਿੱਚ ਸੀਮਤ ਸਟਾਫ਼ ਹੈ ਜੋ ਫ਼ੋਨ ਕਰਨ ਵਾਲਿਆਂ ਨੂੰ ਦੂਜੇ ਸੂਬਿਆਂ ਵਿੱਚ ਉਪਲਭਦ ਕਲੀਨਿਕਾਂ ਦੀ ਜਾਣਕਾਰੀ ਦੇ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮਰੀਜ਼ ਮਦਦ ਦੀ ਭੀਖ ਮੰਗ ਰਹੀਆਂ ਸਨ। ਇਸ ਨਾਲ ਸਿਰਫ਼ ਮਾਪਿਆਂ ਉੱਪਰ ਬੋਝ ਵਧੇਗਾ।
- ਅਮਰੀਕਾ ਵਿੱਚ ਗਰਭਪਾਤ ਦੀਆਂ ਸਹੂਲਤਾਂ ਤੱਕ ਪਹੁੰਚ ਸੀਮਤ ਹੋਣ ਤੋਂ ਸਭ ਤੋਂ ਜ਼ਿਆਦਾ ਅਸਰ ਅਮਰੀਕਾ ਦੀਆਂ ਨੌਜਵਾਨ ਔਰਤਾਂ, ਗਰੀਬ ਔਰਤਾਂ ਅਤੇ ਸਿਆਹਫ਼ਾਮ ਔਰਤਾਂ ਦਾ ਵਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ।
- ਇਨ੍ਹਾਂ ਵਰਗਾਂ ਦੀਆਂ ਔਰਤਾਂ ਹੀ ਅਮਰੀਕਾ ਵਿੱਚ ਸਭ ਤੋਂ ਜ਼ਿਆਦ ਗਰਭਪਾਤ ਕਰਵਾਉਂਦੀਆਂ ਹਨ।
- ਸਾਲ 2019 ਵਿੱਚ ਰਿਪੋਰਟ ਕੀਤੇ ਗਏ ਗਰਭਪਾਤਾਂ ਵਿੱਚੋਂ 57%, 20-29 ਸਾਲ ਦੀਆਂ ਔਰਤਾਂ ਦੇ ਕੀਤੇ ਗਏ ਸਨ।
- ਅਮਰੀਕਾ ਵਿੱਚ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਵਿੱਚੋਂ 75% ਔਰਤਾਂ ਘੱਟ ਆਮਦਨ ਵਰਗ ਨਾਲ ਸੰਬੰਧਿਤ ਸਨ।
- ਅਮਰੀਕਾ ਵਿੱਚ 13% ਸਿਆਹਫ਼ਾਮ ਅਬਾਦੀ ਹੈ ਪਰ ਕੁੱਲ ਗਰਭਪਾਤਾਂ ਵਿੱਚੋਂ ਇੱਕ ਤਿਹਾਈ ਗਰਭਪਾਤ ਸਿਆਹਫ਼ਾਮ ਔਰਤਾਂ ਨੇ ਕਰਵਾਏ।
- ਅਮਰੀਕਾ ਦੀ ਕੌਮੀ ਔਸਤ ਮੁਤਾਬਕ ਦੇਸ ਵਿੱਚ 1000 ਪਿੱਛੇ 15-44 ਸਾਲ ਉਮਰ ਵਰਗ ਦੀਆਂ 11 ਔਰਤਾਂ ਗਰਭਪਾਤ ਕਰਵਾਉਂਦੀਆਂ ਹਨ।
ਓਕਲਾਹੋਮਾ ਵਿੱਚ ਜੋ ਹੁਣ ਹੋ ਰਿਹਾ ਹੈ, ਜਲਦੀ ਹੀ ਅਮਰੀਕਾ ਦੇ ਹੋਰ ਸੂਬਿਆਂ ਵਿੱਚ ਵੀ ਹੋਣਾ ਸ਼ੁਰੂ ਹੋ ਜਾਵੇਗਾ।
ਹੁਣ ਜਦੋਂ ਗਰਭਪਾਤ ਦਾ ਹੱਕ ਖਤਮ ਕਰ ਦਿੱਤਾ ਗਿਆ ਹੈ ਤਾਂ 26 ਸੂਬੇ ਗਰਭਪਾਤ ਤੱਕ ਪਹੁੰਚ ਹੋਰ ਮੁਸ਼ਕਲ ਕਰ ਸਕਦੇ ਹਨ। ਇਨ੍ਹਾਂ ਵਿੱਚ 13 ਸੂਬੇ ਉਹ ਵੀ ਹਨ ਜਿਨ੍ਹਾਂ ਦੀ ਗਰਭਪਾਤ ਤੱਕ ਪਹੁੰਚ ਪਹਿਲਾਂ ਤੋਂ ਹੀ ਬਹੁਤ ਮੁਸ਼ਕਲ ਬਣਾਈ ਜਾ ਚੁੱਕੀ ਹੈ।
ਇਨ੍ਹਾਂ ਵਿੱਚੋਂ ਤੀਜਾ ਹਿੱਸਾ ਉਹ ਸੂਬੇ ਵੀ ਹਨ ਜਿਨ੍ਹਾਂ ਵਿੱਚ ਗਰਭਪਾਤ ਦੀ ਬਲਾਤਕਾਰ ਵਰਗੇ ਮਾਮਲਿਆਂ ਵਿੱਚ ਹੀ ਇਜਾਜ਼ਤ ਹੈ।
ਫਿਰ ਵੀ ਅਮਰੀਕਾ ਦੇ 50 ਵਿੱਚੋਂ 20 ਸੂਬਿਆਂ ਵਿੱਚ ਜਿੱਥੇ ਡੈਮੋਕ੍ਰੇਟਿਕ ਸਰਕਾਰ ਹੈ, ਗਰਭਪਾਤ ਇੱਕ ਸੁਰੱਖਿਅਤ ਹੱਕ ਬਣਿਆ ਰਹੇਗਾ। ਇਨ੍ਹਾਂ ਸੂਬਿਆਂ ਵਿੱਚ ਦੂਜੇ ਸੂਬਿਆਂ ਤੋਂ ਆ ਕੇ ਔਰਤਾਂ ਗਰਭਪਾਤ ਕਰਵਾ ਸਕਣਗੀਆਂ।
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਅਮਰੀਕਾ ਵਿੱਚ ਸਾਲ 2019 ਦੌਰਾਨ 6-8 ਲੱਖ ਗਰਭਪਾਤ ਹੋਏ ਸਨ। ਇਸ ਹਿਸਾਬ ਨਾਲ ਹਰਕੇ ਛੇ ਗਰਭਾਂ ਪਿੱਛੇ ਇੱਕ ਗਰਭਪਾਤ ਹੁੰਦਾ ਹੈ। 90% ਗਰਭਪਾਤ ਪਹਿਲੀ ਤਿਮਾਹੀ ਵਿੱਚ ਕਰਵਾਏ ਗਏ।
ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਵਿੱਚੋਂ ਅੱਧੀਆਂ ਔਰਤਾਂ ਪਹਿਲਾਂ ਹੀ ਮਾਵਾਂ ਹਨ ਅਤੇ ਇਹ ਉਨ੍ਹਾਂ ਦਾ ਪਹਿਲਾ ਗਰਭਪਾਤ ਸੀ।
ਆਉਣ ਵਾਲੀਆਂ ਚੋਣਾਂ ਦੇ ਨਤੀਜਿਆਂ 'ਤੇ ਪੈ ਸਕਦਾ ਹੈ ਅਸਰ
ਸਰਬਉੱਚ ਅਦਾਲਤ ਦੇ ਫ਼ੈਸਲੇ ਦਾ ਇਸ ਤੋਂ ਢੁਕਵਾਂ ਸਮਾਂ ਕੋਈ ਹੋਰ ਨਹੀਂ ਹੋ ਸਕਦਾ ਸੀ, ਇਸੇ ਸਾਲ ਅਮਰੀਕੀਆਂ ਨੇ ਕਾਂਗਰਸ ਲਈ ਆਪਣੇ ਸਾਂਸਦ ਚੁਣਨੇ ਹਨ।
ਨਵੰਬਰ ਦੀਆਂ ਚੋਣਾਂ ਵਿੱਚ ਕਈ ਥਾਈਂ ਮੂੰਹ ਦੀ ਖਾਣ ਤੋਂ ਡੈਮੋਕ੍ਰੇਟਾਂ ਨੂੰ ਉਮੀਦ ਹੈ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦਾ ਕੁਝ ਬਚਾਅ ਹੋਵੇਗਾ।
ਹਾਲਾਂਕਿ ਡੈਮੋਕ੍ਰੇਟਸ ਪਹਿਲਾਂ ਹੀ ਕਾਂਗਰਸ ਵਿੱਚ ਅਜਿਹਾ ਕੋਈ ਕਾਨੂੰਨੀ ਕਦਮ ਲਿਆਉਣ ਵਿੱਚ ਸਫ਼ਲ ਨਹੀਂ ਹੋ ਸਕੇ ਹਨ, ਜਿਸ ਨਾਲ ਉਹ ਸੂਬਿਆਂ ਨੂੰ ਗਰਭਪਾਤ ਉੱਪਰ ਪਾਬੰਦੀ ਲਗਾਉਣ ਤੋਂ ਸੰਘੀ ਕਾਨੂੰਨ ਰਾਹੀਂ ਰੋਕ ਸਕਦੇ।
ਭਾਵੇਂ ਡੈਮੋਕ੍ਰੇਟਸ ਕੋਲ ਹਾਊਸ ਅਤੇ ਸੈਨੇਟ ਵਿੱਚ ਬਹੁਮਤ ਹੈ ਪਰ ਉਹ ਸ਼ਾਇਦ ਹੀ ਸਰਬਉੱਚ ਅਦਾਲਤ ਦੇ ਫ਼ੈਸਲੇ ਨੂੰ ਪਲਟ ਸਕਣ।
ਜਦਕਿ ਅਜਿਹੇ ਬਹੁਤ ਸਾਰੇ ਰਿਪਬਲੀਕਨ ਹਨ ਜੋ ਇਸ ਪਾਬੰਦੀ ਨੂੰ ਕਾਨੂੰਨੀ ਰੂਪ ਦੇਣ ਦੀ ਕੋਸ਼ਿਸ਼ ਕਰਨਗੇ। ਜੇ ਅਗਾਮੀ ਚੋਣਾਂ ਵਿੱਚ ਰਿਪਬਲਿਕਨ ਉੱਭਰ ਕੇ ਸਾਮਹਣੇ ਆਉਂਦੇ ਹਨ ਤਾਂ ਡੈਮੋਕ੍ਰੇਟਸ ਲਈ ਰਾਹ ਹੋਰ ਮੁਸ਼ਕਲ ਹੋ ਜਾਵੇਗਾ।
ਅਮਰੀਕਾ ਇਸ ਸਮੇਂ ਅਜਿਹਾ ਦੇਸ ਹੈ ਜਿਸ ਦੇ ਅੰਦਰ ਹੀ ਦੋ ਵੱਖੋ-ਵੱਖ ਦੇਸ ਮੌਜੂਦ ਹੋਣ, ਜਿਨ੍ਹਾਂ ਵਿੱਚ ਵਿਰੋਧੀ ਕਦਰਾਂ ਕੀਮਤਾਂ ਵਾਲੇ ਦੋ ਵੱਖ-ਵੱਖ ਕਬੀਲੇ ਹਨ। ਹੁਣ ਇਹ ਕਬੀਲੇ ਇੱਕ ਦੂਜੇ ਤੋਂ ਹੋਰ ਦੂਰ ਹੋ ਗਏ ਹਨ।
ਰੋਅ ਬਨਾਮ ਵੇਡ ਕੇਸ ਕੀ ਸੀ?
ਸਾਲ 1969 ਵਿੱਚ ਇੱਕ 25 ਸਾਲਾ ਮਹਿਲਾ ਨੋਰਮਾ ਮੈਕੋਰਵੀ ਨੇ ''ਜੇਨ ਰੋਅ'' ਨਾਮ ਨਾਲ ਟੈਕਸਸ ਵਿੱਚ ਗਰਭਪਾਤ ਦੇ ਕਾਨੂੰਨਾਂ ਨੂੰ ਚੁਣੌਤੀ ਦਿੱਤੀ।
ਉਸ ਸਮੇਂ ਗਰਭਪਾਤ ਨੂੰ ਗੈਰ-ਸੰਵਿਧਾਨਕ ਮੰਨਿਆ ਜਾਂਦਾ ਸੀ ਅਤੇ ਅਜਿਹਾ ਕਰਨ ਦੀ ਮਨਾਹੀ ਸੀ ਅਤੇ ਸਿਰਫ਼ ਅਜਿਹੇ ਮਾਮਲਿਆਂ 'ਚ ਛੋਟ ਦਿੱਤੀ ਗਈ ਸੀ ਜਿੱਥੇ ਮਾਂ ਦੀ ਜਾਨ ਨੂੰ ਖਤਰਾ ਹੋਵੇ।
ਇਸ ਮਾਮਲੇ ਵਿੱਚ, ਡਿਸਟਰਿਕਟ ਅਟੌਰਨੀ ਹੇਨਰੀ ਵੇਡ ਗਰਭਪਾਤ ਦੇ ਵਿਰੁੱਧ ਕਾਨੂੰਨ ਦੇ ਪੱਖ ਵਿੱਚ ਲੜ ਰਹੇ ਸਨ। ਇਸ ਤਰ੍ਹਾਂ ਇਸ ਕੇਸ ਦਾ ਨਾਮ 'ਰੋਅ ਵਰਸਜ਼ ਵੇਡ' ਪੈ ਗਿਆ।
ਮਾਮਲੇ ਦੀ ਸੁਣਵਾਈ ਤੋਂ ਬਾਅਦ ਸੱਤ ਅਤੇ ਦੋ ਵੋਟਾਂ ਦੇ ਫਰਕ ਨਾਲ ਜੱਜਾਂ ਨੇ ਫੈਸਲਾ ਸੁਣਾਇਆ ਕਿ ਸਰਕਾਰਾਂ ਕੋਲ ਗਰਭਪਾਤ 'ਤੇ ਪਾਬੰਦੀ ਲਗਾਉਣ ਦੀਆਂ ਸ਼ਕਤੀਆਂ ਨਹੀਂ ਹਨ।
ਉਨ੍ਹਾਂ ਫੈਸਲਾ ਸੁਣਾਇਆ ਕਿ ਗਰਭਪਾਤ ਕਰਾਉਣ ਦਾ ਕਿਸੇ ਮਹਿਲਾ ਦਾ ਅਧਿਕਾਰ ਅਮਰੀਕੀ ਸੰਵਿਧਾਨ ਦੇ ਅਨੁਸਾਰ ਸੀ।
ਇਸ ਦੇ ਨਤੀਜੇ ਵਜੋਂ ਅਮਰੀਕੀ ਔਰਤਾਂ ਨੂੰ ਗਰਭ ਦੀ ਪਹਿਲੀ ਤਿਮਾਹੀ ਦੇ ਦੌਰਾਨ ਗਰਭਪਾਤ ਕਰਵਾਉਣ ਦਾ ਹੱਕ ਮਿਲਿਆ। ਜਦਕਿ ਦੂਜੀਆਂ ਸਥਿਤੀਆਂ ਵਿੱਚ ਕੁਝ ਪ੍ਰਕਿਰਿਆਵਾਂ ਦੇ ਪਾਲਣ ਤੋਂ ਬਾਅਦ ਗਰਭਪਾਤ ਕਰਵਾਇਆ ਜਾ ਸਕਦਾ ਸੀ।
ਹਾਲਾਂਕਿ ਗਰਭ ਅਵਸਥਾ ਦੇ ਆਖਰੀ ਟ੍ਰਾਇਮੇਸਟਰ ਜਾਂ ਚਰਣ ਵਿੱਚ ਗਰਭਪਾਤ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਇਸ ਨੂੰ ਬੈਨ ਕਰ ਸਕਦੀ ਸੀ ਕਿਉਂਕਿ ਇਸ ਸਥਿਤੀ ਵਿੱਚ ਭਰੂਣ ਉਸ ਅਵਸਥਾ ਵਿੱਚ ਹੁੰਦਾ ਹੈ ਜਦੋਂ ਉਹ ਬਾਹਰਲੀ ਦੁਨੀਆ ਵਿੱਚ ਵੀ ਜਿਉਂਦਾ ਰਹਿ ਸਕਦਾ ਹੈ।
ਇਹ ਵੀ ਪੜ੍ਹੋ: