ਗਰਭਪਾਤ ਝੱਲ ਚੁੱਕੀਆਂ ਔਰਤਾਂ ਕਿਸ ਦਰਦ ਵਿੱਚੋਂ ਲੰਘਦੀਆਂ ਹਨ, ਇੱਕ ਪੱਤਰਕਾਰ ਦਾ ਨਿੱਜੀ ਤਜਰਬਾ

    • ਲੇਖਕ, ਟਿਊਲਿਪ ਮਜ਼ੂਮਦਾਰ
    • ਰੋਲ, ਗਲੋਬਲ ਹੈਲਥ ਪੱਤਰਕਾਰ

ਬੀਬੀਸੀ ਪੱਤਰਕਾਰ ਟਿਊਲਿਪ ਮਜ਼ੂਮਦਾਰ ਨੇ ਮਾਵਾਂ ਦੀ ਸਿਹਤ ਅਤੇ ਦੁਨੀਆ ਭਰ 'ਚ ਔਰਤਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਰਿਪੋਰਟਿੰਗ ਕੀਤੀ ਹੈ। ਇਸ ਰਿਪੋਰਟ ਵਿੱਚ ਉਹ ਗਰਭ ਅਵਸਥਾ ਅਤੇ ਬੱਚੇ ਨੂੰ ਗੁਆਉਣ ਦੇ ਆਪਣੇ ਤਜਰਬਿਆਂ ਨੂੰ ਪੇਸ਼ ਕਰ ਰਹੇ ਹਨ।

ਤੁਸੀ ਕਦੇ ਨਹੀਂ ਸੋਚ ਸਕਦੇ ਹੋ ਕਿ ਇਹ ਤੁਹਾਡੇ ਨਾਲ ਵਾਪਰੇਗਾ। ਪਰ ਫਿਰ ਤੁਸੀਂ ਸਕੈਨ ਕਮਰੇ ਵਿੱਚ ਬੈਠੈ ਹੋ ਅਤੇ ਉਡੀਕ ਕਰ ਰਹੇ ਹੋ ਕਿ ਸੋਨੋਗ੍ਰਾਫਰ ਆਕੇ ਤੁਹਾਨੂੰ ਕੁਝ ਦੱਸੇਗਾ।

ਫਿਰ ਅਚਾਨਕ ਉਹ ਬਾਹਰ ਆਉਂਦਾ ਹੈ ਪਰ ਤੁਹਾਨੂੰ ਸੱਦਣ ਦੀ ਥਾਂ ਕਿਸੇ ਹੋਰ ਨੂੰ ਬੁਲਾ ਲੈਂਦਾ ਹੈ, ਤੁਹਾਨੂੰ ਲਗਦਾ ਹੈ ਕਿ ਤੁਸੀਂ ਇੱਕ ਡੂੰਘੀ ਖੱਡ ਵਿੱਚ ਡਿੱਗ ਰਹੇ ਹੋ।

ਮੈਨੂੰ ਮਾਫ਼ ਕਰਨਾ…

ਪਿਛਲੇ ਦੋ ਸਾਲਾਂ 'ਚ ਮੇਰਾ ਚਾਰ ਵਾਰੀ ਗਰਭਪਾਤ ਹੋ ਚੁੱਕਿਆ ਹੈ। ਦੋ ਗਰਭਪਾਤ ਪਹਿਲੇ ਤਿੰਨ ਮਹੀਨਿਆਂ 'ਚ ਹੋਏ ਅਤੇ ਦੋ ਗਰਭਪਾਤ ਦੂਜੀ ਤਿਮਾਹੀ ਦੌਰਾਨ ਹੋਏ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਯੂਕੇ 'ਚ ਚਾਰਾਂ 'ਚੋਂ ਘੱਟ ਤੋਂ ਘੱਟ ਇੱਕ ਗਰਭ ਅਵਸਥਾ ਦਾ ਅੰਤ ਗਰਭਪਾਤ ਨਾਲ ਹੁੰਦਾ ਹੈ।

ਲਗਭਗ 50% ਮਾਮਲਿਆਂ 'ਚ ਇਹ ਇੱਕ ਕ੍ਰੋਮੋਸੋਮਲ ਅਸਧਾਰਨਤਾ ਦੇ ਕਾਰਨ ਹੁੰਦਾ ਹੈ, ਜਿੱਥੇ ਬੱਚਾ ਕਦੇ ਵੀ ਜਿਉਂਦਾ ਨਹੀਂ ਰਹਿ ਸਕਦਾ ਹੈ ਅਤੇ ਵਧੇਰੇ ਔਰਤਾਂ ਇੱਕ ਸਿਹਤਮੰਦ ਗਰਭ ਅਵਸਥਾ ਦੇ ਨਾਲ ਅੱਗੇ ਵੱਧਦੀਆਂ ਹਨ।

ਪਰ ਮੇਰੀ ਤਰ੍ਹਾਂ 100 'ਚੋਂ ਇੱਕ ਔਰਤ ਵਾਰ-ਵਾਰ ਗਰਭਪਾਤ ਦਾ ਸ਼ਿਕਾਰ ਹੁੰਦੀ ਹੈ। ਕੋਈ ਔਰਤ ਜਿੰਨਾ ਜ਼ਿਆਦਾ ਗਰਭਪਾਤ ਦਾ ਸ਼ਿਕਾਰ ਹੁੰਦੀ ਹੈ, ਉਨ੍ਹਾਂ ਹੀ ਉਸਦੇ ਸਫਲ ਗਰਭਧਾਰਨ ਕਰਨ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ।

ਇਨ੍ਹਾਂ 'ਚੋਂ ਤਕਰੀਬਨ ਅੱਧੇ ਗਰਭਪਾਤ ਕੁਝ ਆਮ ਕਾਰਨਾ ਕਰਕੇ ਹੁੰਦੇ ਹਨ, ਜਿਵੇਂ ਕਿ ਖੂਨ ਦਾ ਜੰਮਣਾ ਜਾਂ ਬੱਚੇਦਾਨੀ 'ਚ ਕੋਈ ਸੱਮਸਿਆ। ਹਾਲਾਂਕਿ ਕਈ ਜੋੜਿਆਂ ਨੂੰ ਇਹ ਕਾਰਨ ਪਤਾ ਹੀ ਨਹੀਂ ਚੱਲਦੇ ਕਿਉਂਕਿ ਇਸ ਸੰਬਧੀ ਬਹੁਤ ਘੱਟ ਖੋਜ ਹੁੰਦੀ ਹੈ। ਔਰਤਾਂ ਦੀ ਸਿਹਤ ਨਾਲ ਸਬੰਧਤ ਮੁੱਦਿਆਂ 'ਤੇ ਬਹੁਤ ਘੱਟ ਖੋਜ ਕੀਤੀ ਜਾਂਦੀ ਹੈ।

ਮੇਰੇ ਗਰਭਪਾਤ ਬਦ ਤੋਂ ਬਦਤਰ ਹੁੰਦੇ ਗਏ। ਸਭ ਤੋਂ ਪਹਿਲਾ ਇੱਕ ਸ਼ੁਰੂਆਤੀ ਗਰਭ ਅਵਸਥਾ ਦਾ ਟੈਸਟ ਸੀ, ਜਿਸ ਤੋਂ ਬਾਅਦ ਦੇਰੀ ਨਾਲ ਅਤੇ ਲੰਬਾ ਸਮਾਂ ਚੱਲੀ ਮਾਹਵਾਰੀ, ਜਿਸ ਨੂੰ ਕਿ ਰਸਾਇਣਕ ਗਰਭ ਅਵਸਥਾ ਕਿਹਾ ਜਾਂਦਾ ਹੈ।

ਦੂਜਾ ਉਹ ਸੀ ਜਿਸ ਨੂੰ ਕਿ 'ਬਲਾਈਟਿਡ ਓਵਮ' ਕਿਹਾ ਜਾਂਦਾ ਸੀ, ਜਿਸ 'ਚ ਇੱਕ ਗਰਭ ਥੈਲੀ ਤਾਂ ਬਣ ਗਈ ਸੀ ਪਰ ਉਸ ਵਿੱਚ ਕੋਈ ਭਰੂਣ ਵਿਕਸਤ ਨਹੀਂ ਹੋਇਆ ਸੀ। ਇੱਕ ਗਰੀਸ ਦੇ ਇੱਕ ਸ਼ਰਨਾਰਥੀ ਕੈਂਪ 'ਚ ਜਣੇਪਾ ਸਿਹਤ ਬਾਰੇ ਪੱਤਰਕਾਰੀ ਕਰਦਿਆਂ ਮੇਰਾ ਗਰਭਪਾਤ ਹੋ ਗਿਆ ਸੀ।

ਫਿਰ ਮੇਰੇ ਨੰਨ੍ਹੇ ਜਿਹੇ ਪੁੱਤਰ ਰੀਵ੍ਹਾ ਦਾ ਜਨਮ ਹੋਇਆ।

ਜਨਮ ਸਮੇਂ ਉਸ ਦਾ ਦਿਲ ਧੜਕ ਨਹੀਂ ਰਿਹਾ ਸੀ। ਕੁਝ ਲੋਕ ਇਸ ਨੂੰ 'ਬੋਰਨ ਸਲੀਪਿੰਗ' ਕਹਿੰਦੇ ਹਨ।

ਮੈਂ ਇਹ ਸਵੀਕਾਰ ਕਰਨ 'ਚ ਬਹੁਤ ਵਿਲੱਖਣ ਅਹਿਸਾਸ ਕੀਤਾ ਕਿ ਮੈਂ ਬੱਚੇ ਨੂੰ ਜਨਮ ਦੇਣ ਦਾ ਆਨੰਦ ਲਿਆ ਹੈ। ਇਹ ਇੱਕੋ ਅਜਿਹੀ ਚੀਜ਼ ਸੀ ਜਿਸ ਨੂੰ ਕਿ ਅਸੀਂ ਇੱਕਠੇ ਕਰ ਸਕੇ ਸੀ। ਮੇਰੇ ਪਤੀ ਨੇ ਮੇਰਾ ਹੱਥ ਫੜਿਆ ਹੋਇਆ ਸੀ ਅਤੇ ਮੇਰਾ ਬੱਚਾ ਜਨਮ ਲੈ ਰਿਹਾ ਸੀ।

ਅਗਲੇ ਕੁਝ ਹਫ਼ਤੇ ਅਸਪੱਸ਼ਟ ਸਨ। ਮੇਰੇ ਕੋਲ ਯਾਦਾਂ ਦੇ ਕੁਝ ਹਿੱਸੇ ਹੀ ਹਨ- ਪੋਸਟਮਾਰਟਮ ਕਰਵਾਉਣ ਜਾਂ ਨਾ ਕਰਵਾਉਣ ਦੀ ਕਸ਼ਮਕਸ਼, ਵਿਸ਼ਵ ਪੁਸਤਕ ਦਿਵਸ ਲਈ ਮੇਰੇ ਛੋਟੇ ਜਿਹੇ ਬੱਚੇ ਨੂੰ ਰਿੱਛ ਦੇ ਰੂਪ 'ਚ ਤਿਆਰ ਕਰਨਾ, ਉਸ ਦੀ ਅੰਤਿਮ ਵਿਦਾਈ ਲਈ ਲਈ ਛੋਟੇ-ਛੋਟੇ ਤਾਬੂਤਾਂ ਦੀ ਸੂਚੀ ਵਿਖਾਈ ਜਾਣੀ, ਪਹਿਲੀ ਵਾਰ ਆਪਣੇ ਭਤੀਜੇ ਨੂੰ ਮਿਲਣਾ ਆਦਿ।

ਮੈਂ ਜਾਣਦੀ ਹਾਂ ਕਿ ਇਹ ਸਭ ਪੜ੍ਹਨਾ ਕਿੰਨਾ ਝੰਜੋੜਨ ਵਾਲਾ ਹੋ ਸਕਦਾ ਹੈ ਪਰ ਬਹੁਤ ਸਾਰੀਆਂ ਔਰਤਾਂ ਅਤੇ ਪਰਿਵਾਰਾਂ ਨੂੰ ਇਸ ਸਭ ਨਾਲ ਨਜਿੱਠਣਾ ਪੈਂਦਾ ਹੈ ਪਰ ਫਿਰ ਵੀ ਬਹੁਤ ਘੱਟ ਪਰਿਵਾਰ ਇਸ ਬਾਰੇ 'ਚ ਖੁੱਲ੍ਹ ਕੇ ਗੱਲ ਕਰ ਪਾਉਂਦੇ ਹਨ।

ਜਦੋਂ ਮੈਂ ਵੇਖਿਆ ਕਿ ਮੇਰੀ ਬੁਰੀਆਂ ਖ਼ਬਰਾਂ ਸੁਣ ਕੇ ਦੂਜੇ ਉਦਾਸ ਹੋ ਗਏ ਹਨ ਅਤੇ ਉਨ੍ਹਾਂ ਨੂੰ ਬੁਰਾ ਲੱਗ ਰਿਹਾ ਹੈ ਤਾਂ ਮੈਂ ਉਨ੍ਹਾਂ ਤੋਂ ਮਾਫ਼ੀ ਮੰਗੀ। ਸਾਡੇ ਦੋਵਾਂ ਲਈ ਇਹ ਜਾਣਨਾ ਔਖਾ ਹੈ ਕਿ ਇਸ ਮੌਕੇ ਸਾਨੂੰ ਕੀ ਕਹਿਣਾ ਚਾਹੀਦਾ ਹੈ।

ਮੇਰੇ ਵਰਗੀਆਂ ਲੱਖਾਂ ਹੀ ਔਰਤਾਂ ਨੂੰ ਇਸ ਗੱਲ ਦਾ ਜਵਾਬ ਨਹੀਂ ਮਿਲਦਾ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਕਿਉਂ ਹੋਈ ਹੈ। ਮੈਂ ਆਪਣੇ ਆਪ ਨੂੰ ਉਨ੍ਹਾਂ ਖੁਸ਼ਕਿਸਮਤ ਲੋਕਾਂ 'ਚੋਂ ਇੱਕ ਸਮਝਦੀ ਹਾਂ, ਜਿਸਦੀ ਯੂਕੇ 'ਚ ਬਹੁਤ ਵਧੀਆ ਢੰਗ ਨਾਲ ਦੇਖਭਾਲ ਹੋਈ।

ਮੈਂ ਦੁਨੀਆ ਦੇ ਕਈ ਹਿੱਸਿਆਂ ਤੋਂ ਮਾਵਾਂ ਦੀ ਸਿਹਤ ਬਾਰੇ ਰਿਪੋਰਟਿੰਗ ਕੀਤੀ ਹੈ ਅਤੇ ਮੈਂ ਪਹਿਲੀ ਵਾਰ ਵੇਖਿਆ ਕਿ ਕਿੰਨੀਆਂ ਔਰਤਾਂ ਖਾਸ ਤੌਰ 'ਤੇ ਕੁਝ ਵਿਕਾਸਸ਼ੀਲ ਦੇਸ਼ਾਂ 'ਚ ਆਪਣੇ ਗਰਭਪਾਤ ਜਾਂ ਬੱਚੇ ਨੂੰ ਗੁਆਉਣ ਤੋਂ ਪਹਿਲਾਂ ਤਕੇ ਬਾਅਦ 'ਚ ਡਾਕਟਰੀ ਪੇਸ਼ੇਵਰਾਂ ਕੋਲ ਨਹੀਂ ਜਾਂਦੀਆਂ ਹਨ।

ਮੈਨੂੰ ਯੂਗਾਂਡਾ 'ਚ 17 ਸਾਲਾਂ ਦੀ ਸੁਲੇਨਾ ਨਾਲ ਆਪਣੀ ਮੁਲਾਕਾਤ ਯਾਦ ਹੈ। ਉਹ ਦੋ ਦਿਨਾਂ ਤੋਂ ਆਪਣੀ ਛੋਟੀ ਜਿਹੀ ਝੌਂਪੜੀ 'ਚ ਫਰਸ਼ 'ਤੇ ਜਣੇਪੇ ਦੀ ਦਰਦ 'ਚ ਸੀ ਅਤੇ ਬਾਅਦ ਵਿੱਚ 2 ਘੰਟੇ ਦੀ ਦੂਰੀ 'ਤੇ ਸਥਿਤ ਨਜ਼ਦੀਕੀ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ। ਹੁਣ ਉਸਦੀ ਬੱਚੀ ਦੇ ਸਾਹ ਨਹੀਂ ਚੱਲ ਰਹੇ ਸਨ।

ਸੁਲੇਨਾ ਨੇ ਮੈਨੂੰ ਦੱਸਿਆ ਕਿ ਉਹ ਆਪਣੀ ਬੱਚੀ ਨੂੰ ਆਪਣੇ ਹੱਥਾਂ 'ਚ ਲੈ ਵੀ ਨਹੀਂ ਸਕੀ ਅਤੇ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੇ ਭਾਈਚਾਰੇ ਦੇ ਲੋਕਾਂ ਨੇ ਉਸ ਤੋਂ ਕਿਨਾਰਾ ਕਰ ਲਿਆ ਸੀ।

ਦੂਜੀ ਤਿਮਾਹੀ 'ਚ ਗਰਭਪਾਤ ਬਹੁਤ ਦੱਸੇ ਜਾਂਦੇ ਹਨ ਮਿਸਾਲ ਵਜੋਂ 100 'ਚੋਂ 1 ਮਾਮਲੇ ਵਿੱਚ ਅਜਿਹੀ ਖ਼ਬਰ ਆਉਂਦੀ ਹੈ।

ਯੂਕੇ 'ਚ ਜੇਕਰ 24 ਹਫ਼ਤਿਆਂ ਬਾਅਦ ਜਾਂ ਯੂਐਸ 'ਚ 20 ਹਫ਼ਤਿਆਂ ਬਾਅਦ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਸਟਿਲਬਰਥ ਕਿਹਾ ਜਾਂਦਾ ਹੈ ਅਤੇ ਉਸ ਬੱਚੇ ਨੂੰ ਅਧਿਕਾਰਤ ਤੌਰ 'ਤੇ ਸਟਿਲਬਰਥ ਬੱਚੇ ਵੱਜੋਂ ਰਜਿਸਟਰ ਕੀਤਾ ਜਾਂਦਾ ਹੈ।

ਜੇਕਰ ਬੱਚੇ ਦਾ ਜਨਮ ਵੀ ਪਹਿਲਾਂ ਹੋ ਜਾਂਦਾ ਹੈ ਤਾਂ ਉਸ ਨੂੰ ਗਰਭਪਾਤ ਕਿਹਾ ਜਾਂਦਾ ਹੈ ਅਤੇ ਯੂਕੇ ਸਮੇਤ ਹੋਰ ਲਈ ਦੇਸ਼ਾਂ 'ਚ ਇੰਨ੍ਹਾਂ ਮਾਮਲਿਆਂ ਨੂੰ ਗਿਣਿਆ ਵੀ ਨਹੀਂ ਜਾਂਦਾ ਹੈ।

ਇਸ ਲਈ ਮੈਨੂੰ ਸਿਰਫ ਬਦਕਿਸਮਤ ਹੀ ਕਿਹਾ ਗਿਆ ਸੀ। ਮੇਰੇ ਸਾਰੇ ਜਾਂਚ ਟੈਸਟ ਨਾਰਮਲ ਆਏ ਅਤੇ ਸਾਨੂੰ ਮੁੜ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ ਗਈ।

ਅਸੀਂ ਯਤਨ ਕੀਤਾ ਅਤੇ ਉਸੇ ਸਾਲ ਹੀ ਮੈਂ ਮੁੜ ਗਰਭਧਾਰਨ ਕੀਤਾ। ਉਸ ਸਮੇਂ ਮੈਂ ਡਰੀ ਹੋਈ ਅਤੇ ਉਦਾਸ ਤੇ ਰੁਆਂਸੀ ਹੋਈ ਸੀ। ਦੂਜੇ ਪਾਸੇ ਮੇਰੀ ਉਮਰ 40 ਨੂੰ ਪਹੁੰਚ ਰਹੀ ਸੀ ਅਤੇ ਇਸ ਲਈ ਗਰਭਧਾਰਨ ਕਰਨ ਵਿੱਚ ਦੇਰੀ ਕਰਨਾ ਚੰਗਾ ਬਦਲ ਨਹੀਂ ਸੀ।

ਮੈਂ ਉਹੀ ਕੀਤਾ, ਜਿਸ ਦੀ ਕਿ ਤੁਹਾਨੂੰ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੈਂ ਰੋਜ਼ਾਨਾ ਘਰ 'ਚ ਹੀ ਆਪਣੇ ਬੱਚੇ ਦੀ ਧੜਕਨ ਸੁਣਦੀ ਸੀ। ਇਹ ਬਹੁਤ ਹੀ ਸੋਹਣਾ, ਕੀਮਤੀ ਅਤੇ ਨਾਜ਼ੁਕ ਅਹਿਸਾਸ ਸੀ।

ਮੇਰੇ ਸਥਾਨਕ ਹਸਪਤਾਲ ਦੀ ਦਾਈ ਸਰਾਹ ਵੱਲੋਂ ਸਮਰਥਤ ਕਈ ਭਰੋਸੇ ਵਾਲੇ ਸਕੈਨ ਸਨ। ਮੈਂ ਆਪਣੇ ਕੰਮ 'ਤੇ ਵਾਪਸ ਪਰਤ ਆਈ ਅਤੇ ਇਨ੍ਹਾਂ ਦਿਨਾਂ, ਹਫ਼ਤਿਆਂ ਅਤੇ ਮਹੀਨਿਆਂ 'ਚੋਂ ਲੰਘਣ ਦਾ ਯਤਨ ਕੀਤਾ।

ਫਿਰ ਆਪਣੀ ਦੂਜੀ ਤਿਮਾਹੀ 'ਚ ਮੈਂ ਸਕੈਨਿੰਗ ਕਮਰੇ ਵਿੱਚ ਆ ਗਈ ਸੀ। ਅਜੇ ਚਾਰ ਦਿਨ ਪਹਿਲਾਂ ਹੀ ਮੇਰਾ ਸਕੈਨ ਹੋਇਆ ਸੀ ਅਤੇ ਮੇਰੇ ਬੱਚੇ ਦੀ ਦਿਲ ਦੀ ਧੜਕਨ ਤੇਜ਼ ਸੀ।

ਸਭ ਕੁਝ ਠੀਕ ਸੀ। ਜਦੋਂ ਉਨ੍ਹਾਂ ਨੇ ਠੰਢਾ ਜੈੱਲ ਲਗਾਇਆ ਤਾਂ ਸਭ ਕੁਝ ਠੀਕ ਹੋਣ ਦੇ ਬਾਵਜੂਦ ਮੇਰੀਆਂ ਅੱਖਾਂ ਨਮ ਹੋ ਗਈਆਂ ਸਨ। ਰਿਵਾਹ ਨੂੰ ਗੁਆਉਣ ਤੋਂ ਬਾਅਦ ਹਰ ਸਕੈਨ ਦੌਰਾਨ ਇਹ ਮੇਰੀ ਰੁਟੀਨ ਪ੍ਰਤਿਕਿਰਿਆ ਸੀ। ਜਿਵੇਂ ਹੀ ਉਸ ਨੇ ਮੇਰੇ ਢਿੱਡ ਦੇ ਚਾਰੇ ਪਾਸੇ ਮਸ਼ੀਨ ਘੁੰਮਾਈ ਤਾਂ ਉੱਥੇ ਚੁੱਪ ਛਾ ਗਈ।

ਮੈਨੂੰ ਅਫਸੋਸ ਹੈ

ਚਾਰ ਦਿਨ ਬਾਅਦ ਰੇਅ ਦਾ ਜਨਮ ਹੋਇਆ ਸੀ। ਉਸ ਦਾ ਜਨਮ ਬਹੁਤ ਹੀ ਦੁਖਦਾਈ ਸੀ। ਮੇਰਾ ਬਹੁਤ ਸਾਰਾ ਖੂਨ ਵਹਿ ਗਿਆ ਸੀ ਜਿਸ ਕਰਕੇ ਮੈਨੂੰ ਆਪਰੇਸ਼ਨ ਥਿਏਟਰ ਜਾਣਾ ਪਿਆ ਸੀ।

ਜਿਸ ਤਰ੍ਹਾਂ ਮੈਂ ਰਿਵਾਹ ਨਾਲ ਰਹੀ ਸੀ ਉਸੇ ਤਰ੍ਹਾਂ ਹੀ ਮੈਂ ਰੇਅ ਨਾਲ ਰਾਤ ਬਿਤਾਈ। ਉਹ ਮੇਰੇ ਕੋਲ ਲੇਟਿਆ ਸੀ।

ਉਸ ਨੂੰ ਇੱਕ ਛੋਟੇ ਜਿਹੇ ਪੀਲੇ ਗਾਊਨ 'ਚ ਲਪੇਟਿਆ ਗਿਆ ਸੀ ਅਤੇ ਇੱਕ ਖਾਸ ਬਿਸਤਰੇ 'ਚ ਰੱਖਿਆ ਗਿਆ ਸੀ, ਜਿਸ ਨੂੰ ਕਿ ਠੰਢਾ ਰੱਖਿਆ ਗਿਆ ਸੀ। ਮੈਂ ਰਿਵਾਹ ਦੀ ਯਾਦ 'ਚ ਲਗਾਏ ਗਏ ਰੁੱਖ ਦੇ ਪੱਤੇ ਅਤੇ ਗੁਲਾਬ ਦੀਆਂ ਪੱਤੀਆਂ ਉਸ ਦੇ ਹੇਠਾਂ ਰੱਖੀਆਂ। (ਬੱਚਾ ਮ੍ਰਿਤ ਪੈਦਾ ਹੋਇਆ ਸੀ)।

ਮੈਨੂੰ ਇਸ ਪਲ ਦਾ ਤਜਰਬਾ ਸੀ ਅਤੇ ਮੈਨੂੰ ਪਤਾ ਸੀ ਕਿ ਕਿਵੇਂ ਇਸ ਸਮੇਂ ਨੂੰ ਯਾਦਗਾਰ ਬਣਾਉਣਾ ਹੈ। ਮੈਂ ਐੱਲਈਡੀ ਮੋਮਬੱਤੀਆਂ ਖਰੀਦੀਆਂ, ਉਸ ਨੂੰ ਪੜ੍ਹ ਕੇ ਸੁਣਾਉਣ ਲਈ ਇੱਕ ਕਿਤਾਬ ਖਰੀਦੀ ਅਤੇ ਜਿਸ ਚਿੱਟੇ ਬਕਸੇ 'ਚ ਉਸ ਨੂੰ ਰੱਖਿਆ ਗਿਆ ਸੀ ਉਸ ਨੂੰ ਸਜਾਇਆ। ਮੈਂ ਆਪਣੀ ਯਾਦ 'ਚ ਇੱਕ ਛੋਟਾ ਜਿਹਾ ਬੁਣਿਆ ਹੋਇਆ ਟੈੱਡੀ ਉਸ ਦੇ ਨਾਲ ਰੱਖਿਆ।

ਮੈਨੂੰ ਪਤਾ ਸੀ ਕਿ ਇਹ ਸਭ ਆਵਾਜ਼ਾਂ ਕਿੰਨੀਆਂ ਦੁਖਦਾਈ ਅਤੇ ਉਦਾਸੀ ਨਾਲ ਭਰੀਆਂ ਸਨ। ਪਰ ਮੇਰੇ ਲਈ ਇਹ ਸਭ ਕਰਨਾ ਇੱਕ ਖਾਸ ਅਹਿਸਾਸ ਸੀ।

ਮੈਂ ਜਾਣਦੀ ਹਾਂ ਕਿ ਬਹੁਤ ਸਾਰੀਆਂ ਔਰਤਾਂ ਅਤੇ ਉਨ੍ਹਾਂ ਦੇ ਸਾਥੀ ਅਜਿਹਾ ਕਰਨ ਤੋਂ ਝਿਜਕਦੇ ਹਨ ਜਾਂ ਅਜਿਹਾ ਕਰਨ ਦੀ ਹਿੰਮਤ ਨਹੀਂ ਰੱਖਦੇ ਹਨ। ਮੇਰੇ ਪਤੀ ਨੇ ਵੀ ਇਹ ਸਭ ਨਾ ਕਰਨਾ ਚੁਣਿਆ।

ਪਰ ਮੈਂ ਇੱਥੇ ਇਸ ਦਾ ਜ਼ਿਕਰ ਇਸ ਸਥਿਤੀ ਦੀ ਦਹਿਸ਼ਤ ਨੂੰ ਦੂਰ ਕਰਨ ਅਤੇ ਇਸ ਨੂੰ ਇੱਕ ਪਿਆਰੇ ਅਹਿਸਾਸ 'ਚ ਬਦਲਣ ਦੀ ਕੋਸ਼ਿਸ ਲਈ ਕੀਤਾ ਹੈ। ਇੱਕ ਮਾਂ ਦਾ ਆਪਣੇ ਬੱਚੇ ਲਈ ਕਿੰਨਾ ਪਿਆਰ ਹੁੰਦਾ ਹੈ।

ਜੇਕਰ ਤੁਹਾਡਾ ਗਰਭ ਸਫਲ ਨਹੀਂ ਹੋਇਆ ਹੈ ਤਾਂ ਮੈਨੂੰ ਅਫ਼ਸੋਸ ਹੈ।

ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਨੇ ਬਹੁਤ ਹੀ ਲੋੜੀਂਦੀ ਗਰਭ ਅਵਸਥਾ ਨੂੰ ਗੁਆ ਲਿਆ ਹੈ, ਤਾਂ ਤੁਸੀਂ ਉਸ ਤੋਂ ਇਸ ਬਾਰੇ ਪੁੱਛਣ ਦੀ ਕੋਸ਼ਿਸ਼ ਕਰੋ।

ਇਹ ਜਾਣਨਾ ਬਹੁਤ ਔਖਾ ਹੈ ਕਿ ਅਜਿਹੇ ਪਲ 'ਚ ਕੀ ਕਹਿਣਾ ਚਾਹੀਦਾ ਹੈ ਅਤੇ ਹਰ ਕੋਈ ਵੱਖਰਾ ਹੈ। ਜਦੋਂ ਰਿਵਾਹ ਦਾ ਜਨਮ ਹੋਇਆ ਸੀ, ਉਸ ਤੋਂ ਬਾਅਦ ਮੈਂ ਜੋ ਕੁਝ ਵੀ ਕਰਨਾ ਚਾਹੁੰਦੀ ਸੀ ਉਸ ਬਾਰੇ ਮੈਂ ਹਰ ਇੱਕ ਚੀਜ਼ ਦੱਸਣਾ ਚਾਹੁੰਦੀ ਸੀ।

ਪਰ ਰਾਏ ਦੇ ਸਮੇਂ ਸਥਿਤੀ ਇਸ ਦੇ ਉਲਟ ਸੀ। ਮੈਂ ਚੁੱਪੀ ਧਾਰ ਲਈ ਸੀ।

ਪਰ ਮੇਰੇ ਲਈ ਇਹ ਇਸ ਤਰ੍ਹਾਂ ਨਾਲ ਹੈ ਕਿ ਮੈਂ ਉਸ ਸਮੇਂ ਆਪਣੇ ਗਰਭਪਾਤ ਬਾਰੇ ਗੱਲ ਕਰ ਸਕਦੀ ਹਾਂ ਜਦੋਂ ਮੈਨੂੰ ਜ਼ਰੂਰਤ ਹੋਵੇ ਜਾਂ ਮੇਰਾ ਮਨ ਕਰੇ ਅਤੇ ਇਸ ਲਈ ਉਦਾਸ ਹੋਣ ਦੀ ਲੋੜ ਨਹੀਂ ਹੈ, ਜਿਸ ਬਾਰੇ ਸਿਰਫ ਸ਼ਾਂਤ, ਨਰਮ ਅਤੇ ਧੀਮੇ ਸੁਰ 'ਚ ਗੱਲ ਕੀਤੀ ਜਾ ਸਕਦੀ ਹੈ।

ਇਹ ਉਨ੍ਹਾਂ ਪਿਆਰੀਆਂ ਜ਼ਿੰਦਗੀਆਂ ਨੂੰ ਮਾਨਤਾ ਦੇਣ ਦਾ ਢੰਗ ਹੈ ਜੋ ਕਿ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀਆਂ ਹਨ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)