ਪਾਕਿਸਤਾਨ 'ਚ ਸਪੇਨ ਦੀਆਂ ਦੋ ਭੈਣਾਂ ਦਾ ਕਤਲ: 'ਮੈਨੂੰ ਕੁੜੀਆਂ ਦੀਆਂ ਚੀਕਾਂ ਸੁਣਾਈ ਦਿੱਤੀਆਂ ਜੋ ਹੌਲੀ-ਹੌਲੀ ਗਾਇਬ ਹੋ ਗਈਆਂ'

ਅਨੀਸਾ ਅਤੇ ਉਰੋਜ਼

ਤਸਵੀਰ ਸਰੋਤ, IHTESHAM SHAMI

ਤਸਵੀਰ ਕੈਪਸ਼ਨ, ਅਨੀਸਾ ਅਤੇ ਉਰੋਜ਼
    • ਲੇਖਕ, ਇਹਤਿਸ਼ਾਮ ਅਹਿਮਦ ਸ਼ਮੀ
    • ਰੋਲ, ਬੀਬੀਸੀ ਪੱਤਰਕਾਰ

''ਮੈਂ ਆਪਣੀਆਂ ਧੀਆਂ ਨੂੰ ਦਰਿੰਦਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ। ਮੈਂ ਉਨ੍ਹਾਂ ਅੱਗੇ ਹੱਥ ਜੋੜੇ, ਉਨ੍ਹਾਂ ਦੇ ਪੈਰੀਂ ਪਈ। ਇਸੇ ਦੌਰਾਨ ਕਿਸੇ ਨੇ ਮੈਨੂੰ ਖਿੱਚਿਆ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ।''

"ਮੈਂ ਕੁੜੀਆਂ ਦੀਆਂ ਚੀਕਾਂ ਸੁਣੀਆਂ, ਜੋ ਹੌਲੀ-ਹੌਲੀ ਘੱਟ ਗਈਆਂ। ਬਾਅਦ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਆਈ, ਪਰ ਸ਼ਾਇਦ ਗੋਲੀਆਂ ਲੱਗਣ ਤੋਂ ਪਹਿਲਾਂ ਹੀ ਉਹ ਮਰ ਚੁੱਕੀਆਂ ਸਨ।"

ਇਹ ਬਿਆਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕੇਂਦਰੀ ਜ਼ਿਲ੍ਹੇ ਗੁਜਰਾਤ ਵਿੱਚ ਰਹਿਣ ਵਾਲੀ ਅਜ਼ਰਾ ਬੀਬੀ ਨੇ ਪੁਲਿਸ ਨੂੰ ਦਿੱਤਾ ਹੈ। ਬੀਤੀ ਰਾਤ ਅਜ਼ਰਾ ਬੀਬੀ ਦੀਆਂ ਦੋ ਧੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਹੋਈਆਂ ਕੁੜੀਆਂ ਦੇ ਨਾਂਅ ਅਨੀਸਾ ਅਤੇ ਉਰੋਜ਼ ਹਨ।

ਪੁਲਿਸ ਦਾ ਕਹਿਣਾ ਹੈ ਕਿ ਕਤਲ ਕੀਤੀਆਂ ਗਈਆਂ ਦੋਵੇਂ ਕੁੜੀਆਂ ਸਪੇਨ ਦੀਆਂ ਨਾਗਰਿਕ ਸਨ। ਪੁਲਿਸ ਮੁਤਾਬਕ, ਕੁੜੀਆਂ ਵੱਲੋਂ ਕਥਿਤ ਤੌਰ 'ਤੇ ਆਪਣੇ ਪਤੀਆਂ ਨੂੰ ਸਪੇਨ ਨਾਲ ਲੈ ਕੇ ਜਾਣ ਤੋਂ ਇਨਕਾਰ 'ਤੇ ਉਨ੍ਹਾਂ ਦੇ ਚਾਚੇ ਸਮੇਤ ਨੌਂ ਲੋਕਾਂ ਨੇ ਕੁੜੀਆਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ।

ਪਾਕਿਸਤਾਨ ਦੇ ਗੁਜਰਾਤ ਦੇ ਗਲਿਆਨਾ ਥਾਣੇ ਦੀ ਪੁਲਿਸ ਨੇ ਮ੍ਰਿਤਕ ਕੁੜੀਆਂ ਦੇ ਚਾਚੇ ਅਤੇ ਉਨ੍ਹਾਂ ਦੇ ਪਤੀਆਂ ਸਮੇਤ 9 ਲੋਕਾਂ ਖ਼ਿਲਾਫ਼ ਦੋਹਰੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।

ਅਜ਼ਰਾ ਬੀਬੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਨਹੀਂ ਬਣਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ। ਅਜ਼ਰਾ ਵੱਲੋਂ ਸ਼ਿਕਾਇਤ ਨਾ ਦਰਜ ਕਰਵਾਉਣ ਕਾਰਨ ਹੁਣ ਪੁਲਿਸ ਆਪ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਬਣ ਗਈ ਹੈ।

ਅਜ਼ਰਾ ਬੀਬੀ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਇਹ ਵੀ ਦੱਸਿਆ ਹੈ ਕਿ ਉਹ ਹੁਣ ਸਪੇਨ ਵਾਪਸ ਚਲੇ ਜਾਣਗੇ। ਉਨ੍ਹਾਂ ਕਿਹਾ, ''ਧੀਆਂ ਨੂੰ ਨਾਲ ਲਿਆਈ ਸੀ, ਹੁਣ ਮੈਂ ਖਾਲੀ ਹੱਥ ਵਾਪਸ ਜਾਵਾਂਗੀ।''

ਅਨੀਸਾ ਅਤੇ ਉਰੋਜ਼

ਤਸਵੀਰ ਸਰੋਤ, IHTESHAM SHAMI

ਤਸਵੀਰ ਕੈਪਸ਼ਨ, ਦੋ ਸਾਲ ਪਹਿਲਾਂ ਆਪਣੇ ਵਿਆਹ ਵੇਲੇ ਅਨੀਸਾ ਅਤੇ ਉਰੋਜ਼ ਦੀ ਤਸਵੀਰ

'ਮੁੰਡੇ ਸਪੇਨ ਜਾਣਾ ਚਾਹੁੰਦੇ ਸਨ'

ਪਾਕਿਸਤਾਨੀ ਗੁਜਰਾਤ ਦੇ ਗਲਿਆਣਾ ਕਸਬੇ ਦੇ ਨੇੜੇ ਪੈਂਦੇ ਪਿੰਡ ਨੋਥੀਆ ਦੇ ਰਹਿਣ ਵਾਲੇ ਮੁਹੰਮਦ ਅੱਬਾਸ ਕੁਝ ਦਹਾਕੇ ਪਹਿਲਾਂ ਪਾਕਿਸਤਾਨ ਤੋਂ ਸਪੇਨ ਆ ਕੇ ਵੱਸ ਗਏ ਸਨ। 24 ਸਾਲਾ ਅਨੀਸਾ ਅਤੇ 20 ਸਾਲਾ ਉਰੋਜ਼ ਉਨ੍ਹਾਂ ਦੀਆਂ ਹੀ ਦੋ ਧੀਆਂ ਸਨ।

ਆਪਣੇ ਪਰਿਵਾਰ ਦੇ ਕਥਿਤ ਦਬਾਅ ਹੇਠ ਆ ਕੇ ਮੁਹੰਮਦ ਅੱਬਾਸ ਨੇ ਆਪਣੀਆਂ ਇਨ੍ਹਾਂ ਦੋਹਾਂ ਧੀਆਂ ਦਾ ਵਿਆਹ ਪਾਕਿਸਤਾਨ ਵਿੱਚ ਹੀ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਇੱਕ ਧੀ ਦਾ ਵਿਆਹ ਆਪਣੇ ਛੋਟੇ ਭਰਾ ਦੇ ਪੱਤਰ ਨਾਲ ਅਤੇ ਦੂਜੀ ਧੀ ਦਾ ਵਿਆਹ ਆਪਣੀ ਭੈਣ ਦੇ ਪੁੱਤਰ ਨਾਲ ਕਰ ਦਿੱਤਾ ਸੀ।

ਐੱਫ਼ਆਈਆਰ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਦੋਵਾਂ ਕੁੜੀਆਂ ਨੂੰ ਪਾਕਿਸਤਾਨ ਲਿਆਉਣ ਲਈ ਇਹ ਝਾਂਸਾ ਦਿੱਤਾ ਗਿਆ ਸੀ ਕਿ ਜੇਕਰ ਉਨ੍ਹਾਂ ਨੂੰ ਮੁੰਡੇ ਪਸੰਦ ਨਹੀਂ ਆਏ ਤਾਂ ਉਹ ਆਪਣਾ ਫੈਸਲਾ ਕਰਨ ਲਈ ਆਜ਼ਾਦ ਹੋਣਗੀਆਂ।

ਇਹ ਵੀ ਪੜ੍ਹੋ:

ਪਾਕਿਸਤਾਨ ਆਉਣ ਤੋਂ ਬਾਅਦ ਜਦੋਂ ਇਨ੍ਹਾਂ ਕੁੜੀਆਂ ਨੇ ਇਹ ਵਿਆਹ ਰਜਿਸਟਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ।

ਐੱਫ਼ਆਈਆਰ ਅਨੁਸਾਰ, 'ਮੁੰਡਿਆਂ ਦੇ ਮਾਤਾ-ਪਿਤਾ ਨੇ ਵਿਆਹ ਤੋਂ ਬਾਅਦ ਮੁੰਡਿਆਂ ਨੂੰ ਸਪੇਨ ਭੇਜਣ ਦੀ ਯੋਜਨਾ ਬਣਾਈ ਸੀ, ਇਸ ਲਈ ਇਹ ਫੈਸਲਾ ਕੀਤਾ ਗਿਆ ਸੀ ਕਿ ਫਿਲਹਾਲ ਸਿਰਫ ਵਿਆਹ ਹੀ ਕੀਤਾ ਜਾਵੇਗਾ ਅਤੇ ਵਿਆਹ ਦੇ ਕਾਗਜ਼ਾਤ ਤੇ ਫੋਟੋਆਂ ਸਪੇਨ ਭੇਜੀਆਂ ਜਾਣਗੀਆਂ ਤਾਂ ਕਿ ਦੋਵੇਂ ਮੁੰਡਿਆਂ ਦਾ ਵੀਜ਼ਾ ਲੱਗ ਸਕੇ।''

ਗੁਜਰਾਤ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਅਤਾ-ਉਰ-ਰਹਿਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਆਪਣੇ ਵਿਆਹ ਲਈ ਰਾਜ਼ੀ ਨਹੀਂ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਆਪਣੇ ਪਰਿਵਾਰ ਵਿੱਚ ਦੋਹਾਂ ਧੀਆਂ ਦਾ ਵਿਆਹ ਕਰ ਦਿੱਤਾ ਸੀ।''

''ਕੁੜੀਆਂ ਦੇ ਚਾਚਿਆਂ ਅਤੇ ਮਾਸੀ ਨੇ ਤੈਅ ਕੀਤਾ ਸੀ ਕਿ ਜਦੋਂ ਉਨ੍ਹਾਂ ਦੇ ਪੁੱਤਰਾਂ ਦੇ ਕਾਗਜ਼ ਤਿਆਰ ਹੋ ਜਾਣਗੇ ਅਤੇ ਤਾਂ ਉਹ ਸਪੇਨ ਜਾ ਸਕਣਗੀਆਂ।''

ਉਨ੍ਹਾਂ ਅੱਗੇ ਦੱਸਿਆ ਕਿ ''ਕੁੜੀਆਂ ਦੋ ਦਿਨ ਪਹਿਲਾਂ ਹੀ ਆਪਣੀ ਮਾਂ ਨਾਲ ਸਪੇਨ ਤੋਂ ਗੁਜਰਾਤ ਆਈਆਂ ਸਨ ਅਤੇ ਬੀਤੀ ਰਾਤ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।''

ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਦੋਹਾਂ ਧਿਰਾਂ ਵਿਚਕਾਰ ਵਿਵਾਦ ਸ਼ੁੱਕਰਵਾਰ ਰਾਤ ਨੂੰ ਉਦੋਂ ਸ਼ੁਰੂ ਹੋਇਆ ਜਦੋਂ ਕੁੜੀਆਂ ਨੇ ਆਪਣੇ ਚਾਚਿਆਂ ਅਤੇ ਮਾਸੀ ਨੂੰ ਇਹ ਗੱਲ ਸਾਫ਼ ਕਰ ਦਿੱਤੀ ਕਿ ਉਹ ਉਨ੍ਹਾਂ ਦੇ ਮੁੰਡਿਆਂ ਨਾਲ ਵਿਆਹ ਰਜਿਸਟਰ ਨਹੀਂ ਕਰਵਾਉਣਾ ਚਾਹੁੰਦੀਆਂ ਅਤੇ ਇਸ ਕਾਰਨ ਉਨ੍ਹਾਂ ਨੇ ਕਾਨੂੰਨੀ ਦਸਤਾਵੇਜ਼ ਵੀ ਤਿਆਰ ਨਹੀਂ ਕਰਵਾਏ ਸਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ "ਕੁੜੀਆਂ ਦਾ ਚਾਚਾ ਆਪਣੀਆਂ ਭਤੀਜੀਆਂ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਘਰ ਦੇ ਅੰਦਰ ਹੀ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋਵੇਂ ਭਤੀਜੀਆਂ ਅਨੀਸਾ ਅਤੇ ਉਰੋਜ਼ ਦੀ ਮੌਤ ਹੋ ਗਈ ਅਤੇ ਚਾਚੇ ਮੌਕੇ ਤੋਂ ਫਰਾਰ ਹੋ ਗਏ।''

ਲਾੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋਵੇਂ ਭੈਣਾਂ ਕਤਲ ਹੋਣ ਤੋਂ ਦੋ ਦਿਨ ਪਹਿਲਾਂ ਹੀ ਪਾਕਿਸਤਾਨ ਆਈਆਂ ਸਨ ਅਤੇ ਵਿਆਹ ਤੋਂ ਇਨਕਾਰ ਕਰਨ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਨਾਰਾਜ਼ ਹੋ ਗਏ ਸਨ।

ਪੁਲਿਸ ਦੀ ਜਾਂਚ ਕਿੱਥੋਂ ਤੱਕ ਪਹੁੰਚੀ?

ਗੁਜਰਾਤ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗਲਿਆਣਾ ਥਾਣੇ ਦੇ ਨਥੀਆ ਇਲਾਕੇ ਵਿੱਚ ਦੋ ਭੈਣਾਂ ਦੇ ਕਤਲ ਦੇ ਮਾਮਲੇ ਵਿੱਚ ਡੀਪੀਓ ਗੁਜਰਾਤ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਡੀਐੱਸਪੀ ਖਾਰੀਆਂ ਤੋਂ ਰਿਪੋਰਟ ਮੰਗੀ ਹੈ।

ਉਨ੍ਹਾਂ ਕਿਹਾ ਕਿ ''ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਛਾਪੇਮਾਰੀ ਵਾਲੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।''

ਬੁਲਾਰੇ ਅਨੁਸਾਰ, ਕੁੜੀਆਂ ਦੇ ਚਾਚੇ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਵੀ ਕੀਤਾ ਸੀ।

ਧਿਆਨ ਦੇਣਯੋਗ ਹੈ ਕਿ ਪਾਕਿਸਤਾਨ ਦੇ ਗੁਜਰਾਤ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੀਆਂ ਕੁੜੀਆਂ ਦੇ ਕਤਲ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

ਇਸ ਤੋਂ ਪਹਿਲਾਂ 12 ਜਨਵਰੀ, 2020 ਨੂੰ ਗੁਜਰਾਤ ਦੇ ਦੌਲਤਨਗਰ ਖੇਤਰ ਵਿੱਚ 18 ਸਾਲਾ ਨਾਦੀਆ ਅਤੇ ਉਸ ਦੀ 24 ਸਾਲਾ ਭੈਣ ਮਾਰੀਆ ਆਪਣੇ ਘਰ ਵਿੱਚ ਰਹੱਸਮਈ ਹਾਲਤਾਂ ਵਿੱਚ ਮ੍ਰਿਤਕ ਪਾਏ ਗਏ ਸਨ।

ਉਹ ਦੋਵੇਂ ਭੈਣਾਂ ਬ੍ਰਿਟੇਨ ਦੇ ਸ਼ਹਿਰ ਪ੍ਰੇਸਟਨ ਤੋਂ ਆਪਣੇ ਦਾਦਾ ਜੀ ਦੀ ਵਰ੍ਹੇਗੰਢ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਆਈਆਂ ਸਨ। ਉਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਆਪਣੀ ਜਾਂਚ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੋਵਾਂ ਦੀ ਮੌਤ ਬਾਥਰੂਮ ਵਿਚ ਗੈਸ ਲੀਕ ਹੋਣ ਕਾਰਨ ਹੋਈ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)