ਬਹੁ-ਪਤਨੀ ਪ੍ਰਥਾ ਮੁਸਲਮਾਨਾਂ ਵਿੱਚ ਕਿਵੇਂ ਸ਼ੁਰੂ ਹੋਈ, ਭਾਰਤ ਵਿੱਚ ਕੀ ਹਾਲਾਤ ਹਨ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਇੱਕ 28-ਸਾਲਾ ਮੁਸਲਮਾਨ ਔਰਤ ਵੱਲੋਂ ਅਦਾਲਤ ਵਿੱਚ ਆਪਣੇ ਪਤੀ ਨੂੰ ਦੂਜੀ ਪਤਨੀ ਲਿਆਉਣ ਤੋਂ ਰੋਕਣ ਦੀ ਦਰਖਾਸਤ ਨੇ ਭਾਰਤ ਦੇ ਮੁਸਲਮਾਨ ਸਮਾਜ ਵਿੱਚ ਬਹੁ-ਪਤਨੀ ਪ੍ਰਥਾ ਨੂੰ ਦੁਬਾਰਾ ਬਹਿਸ ਦਾ ਹਿੱਸਾ ਬਣਾ ਦਿੱਤਾ ਹੈ।
ਰੇਸ਼ਮਾ ਚਾਹੁੰਦੇ ਹਨ ਕਿ ਦਿੱਲੀ ਹਾਈ ਕੋਰਟ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਬਣਾਉਣ ਦਾ ਆਦੇਸ਼ ਦੇਵੇ। ਇੱਕ ਕਾਨੂੰਨ ਜੋ ਇਸ ਪਿਛਾਂਹ ਖਿੱਚੂ ਬਹੁ-ਪਤਨੀ ਪ੍ਰਥਾ ਅਤੇ ਦੋ-ਪਤਨੀ ਪ੍ਰਥਾ ਨੂੰ ਨਿਯਮਤ ਕਰੇ।
ਅਦਾਲਤ ਦੇ ਦਸਤਾਵੇਜਾਂ ਮੁਤਾਬਕ ਰੇਸ਼ਮਾ ਦਾ ਨਿਕਾਹ ਮੁਹੰਮਦ ਸ਼ੋਏਬ ਖ਼ਾਨ ਨਾਲ ਜਨਵਰੀ 2019 ਵਿੱਚ ਹੋਇਆ ਸੀ। ਅਗਲੇ ਸਾਲ ਨਵੰਬਰ ਵਿੱਚ ਹੀ ਦੋਵਾਂ ਦੀ ਇੱਕ ਸੰਤਾਨ ਨੇ ਜਨਮ ਲਿਆ।
ਰੇਸ਼ਮਾ ਨੇ ਆਪਣੇ ਪਤੀ ਉਪਰ ਘਰੇਲੂ ਹਿੰਸਾ, ਬੇਰਹਿਮੀ, ਜ਼ਲੀਲ ਕਰਨ ਅਤੇ ਦਾਜ ਮੰਗਣ ਦੇ ਇਲਜ਼ਾਮ ਵੀ ਲਗਾਏ। ਉਸ ਦੇ ਪਤੀ ਨੇ ਵੀ ਕੁਝ ਇਸ ਤਰ੍ਹਾਂ ਦੇ ਇਲਜ਼ਾਮ ਰੇਸ਼ਮਾ ਉਪਰ ਵੀ ਲਗਾਏ ਹਨ।
ਰੇਸ਼ਮਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪਤੀ ਨੇ ਰੇਸ਼ਮਾ ਅਤੇ ਬੱਚੇ ਦੋਵਾਂ ਨੂੰ ਛੱਡ ਦਿੱਤਾ। ਰੇਸ਼ਮਾ ਦਾ ਪਤੀ ਦੂਜਾ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।
ਰੇਸ਼ਮਾ ਨੇ ਆਪਣੇ ਪਤੀ ਦੀ ਇਸ ਕਾਰਵਾਈ ਨੂੰ ''ਗੈਰ-ਸੰਵਿਧਾਨਿਕ, ਗੈਰ-ਸ਼ਰੀਆ, ਗੈਰ-ਕਾਨੂੰਨੀ ਅਤੇ ਗੈਰ-ਮਨੁੱਖੀ'' ਕਰਾਰ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ''ਇਸ ਪ੍ਰਥਾ ਨੂੰ ਨਿਯਮਤ ਕਰਨਾ ਚਾਹੀਦਾ ਹੈ ਤਾਂ ਜੋ ਮੁਸਲਮਾਨ ਔਰਤਾਂ ਦੀ ਦੁਰਦਸ਼ਾ ਨੂੰ ਰੋਕਿਆ ਜਾਵੇ।''
ਅਦਾਲਤ ਨੇ ਉਹਨਾਂ ਦੇ ਤਲਖੀ ਭਰੇ ਰਿਸ਼ਤੇ ਅਤੇ ਬਹੁ-ਪਤਨੀ ਵਿਵਸਥਾ ਉਪਰ ਧਿਆਨ ਕੇਂਦਰਿਤ ਕੀਤਾ ਹੈ।
ਇਹ ਵੀ ਪੜ੍ਹੋ:
ਭਾਰਤ ਵਿੱਚ ਇਹ ਸਿਆਸੀ ਮੁੱਦਾ ਹੈ
ਇਸ ਦੇ ਨਾਲ ਹੀ ਇਸ ਘਟਨਾ ਨੇ ਇਸ ਪ੍ਰਥਾ ਬਾਰੇ ਵੀ ਬਹਿਸ ਛੇੜ ਦਿੱਤੀ ਹੈ ਜੋ ਕਿ ਮੁਸਲਮਾਨਾਂ ਅਤੇ ਕੁਝ ਕਬੀਲਿਆਂ ਨੂੰ ਛੱਡ ਕੇ ਭਾਰਤ ਵਿੱਚ ਗੈਰ-ਕਾਨੂੰਨੀ ਹੈ।
ਪਿਊ ਖੋਜ ਕੇਂਦਰ ਦੀ 2019 ਦੀ ਰਿਪੋਰਟ ਮੁਤਾਬਕ ਸੰਸਾਰ ਵਿੱਚ ਕਰੀਬ 2% ਵਸੋਂ ਬਹੁ-ਪਤਨੀ ਘਰਾਂ ਵਿੱਚ ਰਹਿੰਦੀ ਹੈ।
ਇਹ ਪ੍ਰਥਾ ਤੁਰਕੀ ਅਤੇ ਟੂਨੇਸ਼ੀਆ ਸਮੇਤ ਦੁਨੀਆਂ ਦੇ ਕਈ ਦੇਸਾਂ ਵਿੱਚ ਮੌਜੂਦ ਹੈ। ਇਨ੍ਹਾਂ ਦੇਸਾਂ ਵਿੱਚ ਜ਼ਿਆਦਤਰ ਮੁਸਲਿਮ ਬਹੁਗਿਣਤੀ ਹਨ। ਹਾਲਾਂਕਿ ਕੁਝ ਦੇਸ਼ਾਂ ਵਿੱਚ ਜਿੱਥੇ ਪਹਿਲਾਂ ਇਸ ਦੀ ਆਗਿਆ ਸੀ ਹੁਣ ਇਸ ਨੂੰ ਨਿਯਮਤ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, Getty Images
ਸੰਯੁਕਤ ਰਾਸ਼ਟਰ ਨੇ ਇਸ ਨੂੰ ''ਔਰਤਾਂ ਖਿਲਾਫ਼ ਨਾ-ਮੰਨਣਯੋਗ ਵਿਤਕਰਾ'' ਕਰਾਰ ਦਿੰਦਿਆਂ ਇਸ ਨੂੰ ''ਖਤਮ ਕਰਨ'' ਦਾ ਸੱਦਾ ਦਿੱਤਾ ਹੈ।
ਭਾਰਤ ਵਿੱਚ ਇਹ ਅਜਿਹਾ ਸਿਆਸੀ ਮੁੱਦਾ ਹੈ ਜਿਸ ਨਾਲ ਨਜਿੱਠਣਾ ਮੁਸ਼ਕਲ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਵਾਦੀ ਪਾਰਟੀ ਭਾਜਪਾ ਨੇ ਇੱਕ ਨਾਗਰਿਕ ਸਿਵਿਲ ਕੋਡ ਲਾਗੂ ਕਰਨ ਦਾ ਵਾਅਦਾ ਕੀਤਾ ਹੈ।
ਇਸ ਦਾ ਮਤਲਬ ਹੋਵੇਗਾ ਕਿ ਭਾਰਤ ਵਿੱਚ- ਵਿਆਹ, ਤਲਾਕ ਅਤੇ ਵਿਰਾਸਤੀ ਹੱਕ ਧਾਰਮਿਕ ਕਾਨੂੰਨਾਂ ਮੁਤਾਬਕ ਨਹੀਂ ਸਗੋਂ ਸਾਰੇ ਨਾਗਰਿਕਾਂ ਉੱਪਰ ਬਰਾਬਰ ਲਾਗੂ ਹੋਣ ਵਾਲੇ ਭਾਰਤ ਦੇ ਕਾਨੂੰਨ ਮੁਤਾਬਕ ਹੋਣਗੇ।
ਅਜੋਕੇ ਸਮੇਂ ਵਿੱਚ ਤਾਂ ਦੇਸ਼ ਫਿਰਕੂ ਲਕੀਕਾਂ ਉੱਪਰ ਵੰਡਿਆ ਨਜ਼ਰ ਆ ਰਿਹਾ ਹੈ। ਉਸ ਸਮੇਂ ਸਰਕਾਰ ਵੱਲੋਂ ਲਿਆਂਦਾ ਗਿਆ ਕੋਈ ਵੀ ਕਾਨੂੰਨੀ ਸੁਧਾਰ ਵਿਵਾਦ ਦਾ ਕੇਂਦਰ ਜ਼ਰੂਰ ਬਣੇਗਾ।
ਇਸ ਨੂੰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਦੀ ਧਾਰਮਿਕ ਅਜ਼ਾਦੀ ਉੱਪਰ ਸਰਕਾਰ ਦਾ ਹਮਲਾ ਸਮਝਿਆ ਜਾਣਾ ਵੀ ਤੈਅ ਹੈ।
ਮੁਸਲਮਾਨਾਂ ਵਿੱਚ ਬਹੁ-ਪਤਨੀਆਂ ਦੀ ਪ੍ਰਥਾ ਦਾ ਕੀ ਹਾਲ ਹੈ
ਐਸਵਾਈ ਕੁਰੈਸ਼ੀ ਭਾਰਤੀ ਚੋਣ ਕਮਿਸ਼ਨ ਦੇ ਸਾਬਕਾ ਮੁਖੀ ਹਨ ਤੇ ਇਸਲਾਮਿਕ ਮਾਮਲਿਆਂ ਦੀ ਜਾਣਕਾਰੀ ਰੱਖਦੇ ਹਨ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, “ਭਾਰਤ ਵਿੱਚ ਇਹ ਧਾਰਣਾ ਹੈ ਕਿ ਇੱਥੇ ਹਰ ਦੂਜੇ ਮੁਸਲਮਾਨ ਦੀਆਂ ਚਾਰ ਪਤਨੀਆਂ ਹਨ। ਉਨ੍ਹਾਂ ਦੀਆਂ ਅਣਗਿਣਤ ਸੰਤਾਨਾਂ ਹਨ ਜਿਸ ਦੇ ਸਿੱਟੇ ਵਜੋਂ ਇੱਕ ਦਿਨ ਮੁਸਲਮਾਨ ਹਿੰਦੂਆਂ ਨੂੰ ਜਨਸੰਖਿਆ ਵਿੱਚ ਪਿੱਛੇ ਛੱਡ ਦੇਣਗੇ।”
“ਹਾਲਾਂਕਿ ਇਹ ਸੱਚ ਨਹੀਂ ਹੈ।” (ਭਾਰਤ ਦੀ 1.3 ਖਰਬ ਦੀ ਅਬਾਦੀ ਵਿੱਚੋਂ ਸਿਰਫ਼ 14% ਹੀ ਮੁਸਲਮਾਨ ਹਨ ਅਤੇ 80% ਬਾਕੀ ਲੋਕ ਹਨ।)
ਕੁਰੈਸ਼ੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਮਰਦਾਂ ਨੂੰ ਚਾਰ ਤੱਕ ਔਰਤਾਂ ਨਾਲ ਨਿਕਾਹ ਕਰਵਾਉਣ ਦੀ ਆਗਿਆ ਜ਼ਰੂਰ ਸੀ। ਇਹ ਸੰਕਲਪ ਕੁਰਾਨ ਵਿੱਚੋਂ ਆਉਂਦਾ ਹੈ। ਹਾਲਾਂਕਿ ਅਜਿਹਾ ਬੇਹੱਦ ਸਖ਼ਤ ਸ਼ਰਤਾਂ ਅਤੇ ਪਾਬੰਦੀਆਂ ਤਹਿਤ ਹੀ ਕੀਤਾ ਜਾ ਸਕਦਾ ਸੀ।
ਕੁਰੈਸ਼ੀ ਦੱਸਦੇ ਹਨ,'' ਕੁਰਾਨ ਕਹਿੰਦਾ ਹੈ ਕਿ ਹਰ ਮਰਦ ਦੂਜੀ, ਤੀਜੀ ਜਾਂ ਚੌਥੀ ਪਤਨੀ ਰੱਖ ਸਕਦਾ ਹੈ ਪਰ ਉਹ ਅਨਾਥਾਂ ਅਤੇ ਵਿਧਵਾਵਾਂ ਵਿੱਚੋਂ ਹੋਣੀਆਂ ਚਾਹੀਦੀਆਂ ਹਨ। ਜਿਨ੍ਹਾਂ ਨਾਲ ਕਿ ਉਹ ਬਰਾਬਰੀ ਵਾਲਾ ਵਤੀਰਾ ਰੱਖੇ। ਇਸ ਤੋਂ ਬਾਹਰ ਜੋ ਕੁਝ ਵੀ ਹੈ ਉਹ ਉਲੰਘਣਾ ਹੈ। (ਪਰ) ਬਰਾਬਰ ਪਿਆਰ ਕਰਨਾ ਅਮਲੀ ਰੂਪ ਵਿੱਚ ਤਾਂ ਸੰਭਵ ਨਹੀਂ ਹੈ। ਇਹ ਸਿਰਫ਼ ਇੱਕੋ-ਜਿਹੇ ਕੱਪੜੇ ਖ਼ਰੀਦ ਕੇ ਦੇਣ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਸ ਤੋਂ ਕਿਤੇ ਜ਼ਿਆਦਾ ਹੈ।''
ਕੀ ਹੈ ਇਸ ਦਾ ਇਤਿਹਾਸ?
ਕੁਰੈਸ਼ੀ ਦੱਸਦੇ ਹਨ, ''ਬਹੁ-ਪਤਨੀ ਪ੍ਰਥਾ ਕੁਰਾਨ ਵਿੱਚ ਸੱਤਵੀਂ ਸਦੀ ਦੌਰਾਨ ਜੋੜੀ ਗਈ ਸੀ। ਉਸ ਸਮੇਂ ਅਰਬ ਵਿੱਚ ਜਾਰੀ ਕਬਾਇਲੀ ਲੜਾਈਆਂ ਕਾਰਨ ਮਰਦਾਂ ਦੀ ਮੌਤ ਛੋਟੀ ਉਮਰ ਵਿੱਚ ਹੀ ਹੋ ਜਾਂਦੀ ਸੀ। ਇਸ ਲਈ ਵਿਧਵਾਵਾਂ ਅਤੇ ਅਨਥਾਂ ਦੀ ਮਦਦ ਲਈ ਇਹ ਈਜਾਦ ਕੀਤੀ ਗਈ ਸੀ।''
ਇਸ ਪ੍ਰਥਾ ਦੇ ਆਲੋਚਕ ਕਹਿੰਦੇ ਹਨ ਕਿ ਹੁਣ ਇਸ ਦੀ ਕੋਈ ਲੋੜ ਨਹੀਂ ਹੈ। ਔਰਤਾਂ ਦੇ ਹੱਕਾਂ ਦੇ ਕਾਰਕੁਨ ਜ਼ਕੀਆ ਸੋਮਨ ਕਹਿੰਦੇ ਹਨ, ਅੱਜ ਭਾਰਤ ਵਿੱਚ ਕੋਈ ਲੜਾਈ ਨਹੀਂ ਚੱਲ ਰਹੀ ਹੈ ਅਤੇ ''ਔਰਤਾਂ ਪ੍ਰਤੀ ਬਿਲਕੁਲ ਹੀ ਪੱਖਪਾਤੀ ਅਤੇ ਪਿਤਾਪੁਰਖੀ'' ਰਸਮ ਉੱਪਰ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਸੋਨਮ ਮੁੰਬਈ ਅਧਾਰਿਤ ਭਾਰਤੀ ਮੁਸਲਿਮ ਮਹਿਲਾ ਅੰਦੋਲਨ ਦੇ ਮੋਢੀ ਵੀ ਹਨ।
ਉਹ ਕਹਿੰਦੇ ਹਨ, ''ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇੱਕ ਮਰਦ ਇੱਕ ਤੋਂ ਜ਼ਿਆਦਾ ਪਤਨੀਆਂ ਰੱਖ ਸਕਦਾ ਹੈ? ਸਮਾਜ ਨੂੰ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ? ਅੱਜ ਦੇ ਸਮੇਂ ਦੇ ਭਾਰਤ ਵਿੱਚ ਇਹ ਔਰਤਾਂ ਦੇ ਹੱਕਾਂ ਦੀ ਘੋਰ ਉਲੰਘਣਾ ਹੈ।''
ਸਾਲ 2017 ਵਿੱਚ ਉਨ੍ਹਾਂ ਦੀ ਸੰਸਥਾ ਨੇ 289 ਅਜਿਹੀਆਂ ਮੁਸਲਮਾਨ ਔਰਤਾਂ ਤੇ ਇੱਕ ਸਰਵੇਖਣ ਕੀਤਾ ਜੋ ਕਿ ਬਹੁ-ਪਤਨੀ ਰਿਸ਼ਤਿਆਂ ਵਿੱਚ ਰਹਿ ਰਹੀਆਂ ਸਨ। ਰਿਪੋਰਟ ਵਿੱਚ ਇਨ੍ਹਾਂ ਔਰਤਾਂ ਦੇ ਸਰੀਰਕ, ਬੌਧਿਕ, ਭਾਵੁਕ ਅਤੇ ਵਿੱਤੀ ਹਾਲਾਤ ਦਾ ਜਾਇਜ਼ਾ ਲਿਆ ਗਿਆ। ਅਜਿਹੀਆਂ 50 ਔਰਤਾਂ ਦੇ ਵੇਰਵੇ ਉਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤੇ।
ਅਸੀਂ ਦੇਖਿਆ ਕਿ ਉਹ ਅਜਿਹੇ ਹਾਲਤ ਵਿੱਚ ਫ਼ਸੀਆਂ ਹੋਈਆਂ ਸਨ ਜੋ ਉਨ੍ਹਾਂ ਵਿੱਚੋਂ ਕਿਸੇ ਲਈ ਵੀ ਨਿਆਂਸੰਗਤ ਨਹੀਂ ਸਨ। ਉਨ੍ਹਾਂ ਵਿੱਚੋਂ ਕਈਆਂ ਵਿੱਚ ਮਾਨਸਿਕ ਬੀਮਾਰੀਆਂ ਪੈਦਾ ਹੋ ਗਈਆਂ ਸਨ।
ਉਨ੍ਹਾਂ ਦੀ ਸੰਸਥਾ ਨੇ ਇਸ ਤੋਂ ਪਹਿਲਾਂ ਤਿੰਨ ਤਲਾਕ ਦੇ ਮੁੱਦੇ ਉੱਪਰ ਵੀ ਮੁਹਿੰਮ ਚਲਾਈ ਸੀ। ਤਿੰਨ ਤਲਾਕ ਨੂੰ ਆਖ਼ਰਕਾਰ 2019 ਵਿੱਚ ਸੁਪਰੀਮ ਕੋਰਟ ਨੇ ਪਾਬੰਦੀ ਲਗਾ ਦਿੱਤੀ ਸੀ।
ਇਸ ਤੋਂ ਬਾਅਦ ਵੀ ਕਾਨੂੰਨੀ ਚੁਣੌਤੀਆਂ ਸਨ।
ਰੂੜ੍ਹੀਵਾਦੀ ਮੁਸਲਮਾਨਾਂ ਵੱਲੋਂ ਕਿਹਾ ਗਿਆ ਕਿ ਇਹ ਪ੍ਰਥਾ ਇਸਲਾਮ ਧਰਮ ਦਾ ਹਿੱਸਾ ਹੈ।
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਇਸਤਰੀ ਵਿੰਗ ਦੇ ਮੁਖੀ ਡਾ. ਅਸਮਾ ਜ਼ੋਹਰਾ ਕਹਿੰਦੇ ਹਨ, ''ਇਸਲਾਮ ਵਿੱਚ, ਦੈਵੀ ਕਾਨੂੰਨ ਹਨ। ਅਸੀਂ ਨਿਰਦੇਸ਼ਨਾਂ ਲਈ ਕੁਰਾਨ ਅਤੇ ਹਦੀਸਾਂ ਵੱਲ ਦੇਖਦੇ ਹਾਂ। ਕਿਸੇ ਵੀ ਵਿਅਕਤੀ ਕੋਲ ਅੱਲ੍ਹਾ ਦੇ ਕਾਨੂੰਨ ਵਿੱਚ ਤਬਦੀਲੀ ਕਰਨ ਦਾ ਹੱਕ ਨਹੀਂ ਹੈ।''

ਅੰਕੜੇ ਕੀ ਕਹਿੰਦੇ ਹਨ?
ਉਨ੍ਹਾਂ ਦਾ ਕਹਿਣਾ ਹੈ ਕਿ ਮੁਸਲਮਾਨਾਂ ਵਿੱਚ ਬਹੁ-ਪਤਨੀ ਪ੍ਰਥਾ ਦੁਰਲੱਭ ਹੈ ਅਤੇ ਕੋਈ ਮੁੱਦਾ ਨਹੀਂ ਹੈ। ਅਸਮਾ ਭਾਜਪਾ ਉੱਪਰ ਮੁਸਲਮਾਨ ਘੱਟ ਗਿਣਤੀ ਨੂੰ ਬਹੁਸੰਖਿਅਕ ਏਜੰਡੇ ਮੁਤਾਬਕ ਚਲਾਉਣ ਦਾ ਇਲਜ਼ਾਮ ਲਗਾਉਂਦੇ ਹਨ।
ਉਨ੍ਹਾਂ ਦੀ ਰਾਇ ਡੇਟਾ ਉੱਪਰ ਅਧਾਰਿਤ ਹੈ। ਡੇਟਾ ਵਿੱਚ ਉਨ੍ਹਾਂ ਨੇ ਦੇਖਿਆ ਕਿ ਬਹੁ-ਪਤਨੀ ਪ੍ਰਥਾ ਲਗਭਗ ਸਾਰੇ ਧਰਮਾਂ ਵਿੱਚ ਮੌਜੂਦ ਹੈ।
ਉਨ੍ਹਾਂ ਨੇ ਸਾਲ 1961 ਦੀ ਜਨਗਣਨਾ ਵਿੱਚ ਇੱਕ ਲੱਖ ਵਿਆਹਾਂ ਦੇ ਡੇਟਾ ਦਾ ਅਧਿਐਨ ਕੀਤਾ। ਉਸ ਤੋਂ ਸਾਹਮਣੇ ਆਇਆ ਕਿ ਮੁਸਲਮਾਨਾਂ ਵਿੱਚ ਬਹੁ-ਪਤਨੀ ਵਿਆਹ ਸਿਰਫ਼ 5.7% ਹਨ ਜੋ ਕਿ ਸਾਰੇ ਫਿਰਿਕਿਆਂ ਵਿੱਚੋਂ ਸਭ ਤੋਂ ਘੱਟ ਸੀ।
ਉਸ ਤੋਂ ਬਾਅਦ ਦੀਆਂ ਜਨਗਣਨਾਵਾਂ ਵਿੱਚ ਇਸ ਮੁੱਦੇ ਦੀ ਕੋਈ ਚਰਚਾ ਨਹੀਂ ਸੀ। ਬਹੁ-ਪਤਨੀ ਵਿਆਹਾਂ ਬਾਰੇ ਸਭ ਤੋਂ ਤਾਜ਼ਾ ਅੰਕੜੇ ਕੌਮੀ ਪਰਿਵਾਰਕ ਸਿਹਤ ਸਰਵੇਖਣ 2005-2006 (NFHS-3) ਵਿੱਚੋਂ ਮਿਲਦੇ ਹਨ।
ਰਿਪੋਰਟ ਤੋਂ ਪਤਾ ਚਲਦਾ ਹੈ ਕਿ ਬਹੁ-ਪਤਨੀ ਵਿਆਹ ਦੀ ਪ੍ਰਥਾ ਵਿੱਚ ਸਾਰੇ ਧਰਮਾਂ ਵਿੱਚ ਹੀ ਬਹੁਤ ਤਿੱਖੀ ਕਮੀ ਆਈ ਹੈ।
ਕੁਰੇਸ਼ੀ ਕਹਿੰਦੇ ਹਨ ਕਿ ਕੌਮੀ ਪਰਿਵਾਰਕ ਸਿਹਤ ਸਰਵੇਖਣ ਦੇ ਡੇਟਾ ਇੱਕ ਅਪਵਾਦ ਹੈ। ਉਹ ਕਹਿੰਦੇ ਹਨ, ''ਕਿਉਂਕਿ ਇਹ ਡੇਟਾ ਬਹੁਤ ਪੁਰਾਣਾ ਹੈ, ਇਸ ਲਈ ਸਾਨੂੰ ਰੁਝਾਨ ਦੇਖਣੇ ਪੈਣਗੇ। ਇਸ ਲਈ ਜੇ ਅਸੀਂ 1930 ਤੋਂ 1960 ਤੱਕ ਦੀਆਂ ਜਨਗਣਨਾਵਾਂ ਦੇ ਡੇਟਾ ਦਾ ਵਿਸ਼ਲੇਸ਼ਣ ਕਰੀਏ ਤਾਂ ਹਰ ਦਹਾਕੇ ਦੌਰਾਨ ਬਹੁ-ਪਤਨੀ ਪ੍ਰਥਾ ਵਿੱਚ ਹਰ ਫਿਰਕੇ ਵਿੱਚ ਹੀ ਕਮੀ ਆਈ ਸੀ। ਮੁਸਲਮਾਨਾਂ ਵਿੱਚ ਇਹ ਸਭ ਤੋਂ ਘੱਟ ਸੀ।''

ਸਾਲ 2021 ਵਿੱਚ ਲਿਖੀ ਆਪਣੀ ਕਿਤਾਬ 'ਦਿ ਪਾਪੂਲੇਸ਼ਨ ਮਿੱਥ: ਫੈਮਿਲੀ ਪਲੈਨਿੰਗ ਐਂਡ ਪੋਲੀਟਿਕਸ ਇਨ ਇੰਡੀਆ' ਕੁਰੈਸ਼ੀ ਨੇ ਮੁਸਲਿਮ ਸਮਾਜ ਨੂੰ ਬਹੁ-ਪਤਨੀ ਪ੍ਰਥਾ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਸੀ।
ਹਾਲਾਂਕਿ ਉਨ੍ਹਾਂ ਦਾ ਸਵਾਲ ਹੈ ਕਿ ਜੇ ਕੋਈ ਪ੍ਰਥਾ ਤੁਹਾਡੇ ਇੱਥੇ ਬਹੁ-ਗਿਣਤੀ ਵਿੱਚ ਜਾਰੀ ਹੀ ਨਹੀਂ ਹੈ ਤਾਂ ਤੁਸੀਂ ਇਸ ਉੱਪਰ ਪਾਬੰਦੀ ਕਿਉਂ ਲਗਾਉਣਾ ਚਾਹੁੰਦੇ ਹੋ।
ਡਾ਼ ਜ਼ੋਹਰਾ ਕਹਿੰਦੇ ਹਨ ਕਿ ਇਸਦੇ ਕਾਰਨ ਧਾਰਮਿਕ ਅਤੇ ਸਿਆਸੀ ਹਨ।
ਲੋਕ ਕਹਿ ਰਹੇ ਹਨ ਕਿ ਮੁਸਲਮਾਨ ਰੂੜ੍ਹੀਵਾਦੀ ਲੋਕ ਹਨ ਪਰ ਸਮਲਾ ਤਾਂ ਇਹ ਹੈ ਕਿ ਇਹ ਪਵਿੱਤਰ ਕਿਤਾਬ ਵਿੱਚ ਦਰਜ ਹੈ ਜਿਸ ਨੂੰ ਤੁਸੀਂ ਬਦਲ ਨਹੀਂ ਸਕਦੇ। ਉੱਤਰ-ਪੂਰਬੀ ਭਾਰਤ ਵਿੱਚ ਕਈ ਕਬੀਲਿਆਂ ਵਿੱਚ ਬੰਦਿਆਂ ਦੀਆਂ ਇੱਕ ਤੋਂ ਜ਼ਿਆਦਾ ਪਤਨੀਆਂ ਹਨ ਅਤੇ ਕੋਈ ਉਨ੍ਹਾਂ ਤੇ ਸਵਾਲ ਨਹੀਂ ਚੁੱਕਦਾ ਹੈ। ਤਾਂ ਫਿਰ ਤੁਸੀਂ ਸਾਨੂੰ ਨਿਸ਼ਾਨਾ ਕਿਉਂ ਬਣਾਉਂਦੇ ਹੋ?ਇਹ ਇਸਲਾਮੋਫੋਬੀਆ ਦਾ ਹਿੱਸਾ ਹੈ।''
ਉਹ ਕਹਿੰਦੇ ਹਨ ਕਿ ਬਹੁ-ਪਤਨੀ ਵਿਆਹ ਉੱਪਰ ਪਾਬੰਦੀ ਲਾਉਣ ਦੀਆਂ ਸਾਰੀਆਂ ਗੱਲਾਂ ਭਾਈਚਾਰੇ ਉੱਪਰ ਅਤੇ ਉਨ੍ਹਾਂ ਦੀਆਂ ਨਿੱਜੀ ਕਾਨੂੰਨਾਂ ਉੱਪਰ ਹਮਲਾ ਹੈ।
ਸੋਨਮ ਇਸ ਗੱਲ ਨਾਲ ਸਹਿਮਤ ਹਨ ਕਿ ਜਦੋਂ ਦੇਸ ਧਾਰਮਿਕ ਲੀਹਾਂ ਉੱਪਰ ਵੰਡਿਆ ਹੋਇਆ ਹੈ ਤਾਂ ਮੁਲਮਾਨ ਭਾਜਪਾ ਦੇ ਇਰਾਦਿਆਂ ਪ੍ਰਤੀ ਸੰਦੇਹ ਰੱਖਦੇ ਹਨ।
ਡੇਟਾ ਦੀ ਵਿਆਖਿਆ ਅਤੇ ਚਾਰਟ ਬੀਬੀਸੀ ਵਿਯੂਅਨ ਜਰਨਲਿਸਟ ਸ਼ਾਹਾਦਾਬ ਨਜ਼ਮੀ ਵੱਲੋਂ
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












