ਭਾਰਤ-ਪਾਕਿਸਤਾਨ ਵੰਡ ਵੇਲੇ ਵਿਛੜੇ ਨਿੱਕੇ-ਨਿੱਕੇ ਭੈਣ ਭਰਾ ਬੁਢਾਪੇ 'ਚ ਇੰਝ ਮਿਲੇ

ਮੁਮਤਾਜ਼ ਅਤੇ ਉਨ੍ਹਾਂ ਦੇ ਭਰਾ

ਤਸਵੀਰ ਸਰੋਤ, Punjabi Sanjh TV/Nasir Dhillon

ਤਸਵੀਰ ਕੈਪਸ਼ਨ, ਮੁਮਤਾਜ਼ 1947 ਵਿੱਚ ਵੰਡ ਵੇਲੇ ਆਪਣੇ ਪਰਿਵਾਰ ਤੋਂ ਵਿੱਛੜ ਗਏ ਸਨ।

ਸਾਲ 1947, ਭਾਰਤ ਪਾਕਿਸਤਾਨ ਦੀ ਵੰਡ ਹੋ ਰਹੀ ਸੀ ਅਤੇ ਦੇਸ਼ 'ਚ ਹਿੰਸਾ ਦਾ ਮਾਹੌਲ ਸੀ। ਇਸੇ ਹਿੰਸਾ ਦਾ ਸ਼ਿਕਾਰ ਇੱਕ ਨਿੱਕੀ ਜਿਹੀ ਬੱਚੀ ਵੀ ਹੋਈ, ਜਿਸ ਦੀ ਮਾਂ ਨੂੰ ਦੰਗਾਈਆਂ ਨੇ ਮਾਰ ਦਿੱਤਾ ਸੀ। ਬੱਚੀ ਦਾ ਬਾਕੀ ਪਰਿਵਾਰ ਵੀ ਉਸ ਤੋਂ ਵਿੱਛੜ ਗਿਆ ਸੀ।

ਉਸ ਵੇਲੇ ਉਹ ਬੱਚੀ ਆਪਣੀ ਮਾਂ ਦੀ ਮ੍ਰਿਤਕ ਦੇਹ ਕੋਲ ਬੈਠੀ ਸੀ, ਜਦੋਂ ਇੱਕ ਮੁਸਲਮਾਨ ਜੋੜੇ ਨੇ ਉਸ ਨੂੰ ਦੇਖਿਆ ਅਤੇ ਆਪਣੇ ਨਾਲ ਲੈ ਗਏ। ਇਕਬਾਲ ਅਤੇ ਅੱਲ੍ਹਾ ਰੱਖੀ ਨਾਂਅ ਦੇ ਇਸ ਜੋੜੇ ਨੇ ਬੱਚੀ ਨੂੰ ਗੋਦ ਲੈ ਲਿਆ ਅਤੇ ਆਪਣੀ ਧੀ ਬਣਾ ਕੇ ਪਾਲ਼ਿਆ। ਬੱਚੀ ਦਾ ਨਾਮ ਮੁਮਤਾਜ਼ ਰੱਖਿਆ ਗਿਆ।

ਹੁਣ 75 ਸਾਲਾਂ ਬਾਅਦ, ਮੁਮਤਾਜ਼ ਅਤੇ ਉਨ੍ਹਾਂ ਦੇ ਭਰਾ ਫਿਰ ਤੋਂ ਮਿਲੇ ਹਨ। ਉਨ੍ਹਾਂ ਦੀ ਇਹ ਮੁਲਾਕਾਤ ਕਰੀਬ 20 ਦਿਨ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਹੋਈ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਵੰਡ ਵੇਲੇ ਹੀ ਵਿੱਛੜੇ ਦੋ ਭਰਾਵਾਂ ਸਿੱਕਾ ਖਾਨ ਅਤੇ ਮੁਹੰਮਦ ਸਦੀਕ ਦੀ ਮੁਲਾਕਾਤ ਹੋਈ ਸੀ।

ਗੋਦ ਲੈਣ ਵਾਲੇ ਮਾਪਿਆਂ ਨੇ ਲੁਕਾਈ ਸੀ ਸੱਚਾਈ

ਵੰਡ ਤੋਂ ਬਾਅਦ ਇਕਬਾਲ (ਮੁਮਤਾਜ਼ ਨੂੰ ਗੋਦ ਲੈਣ ਵਾਲੇ) ਆਪਣੇ ਪਰਿਵਾਰ ਨੂੰ ਲੈ ਕੇ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਵਾਰੀਕਾ ਤੀਆਂ ਪਿੰਡ ਵਿੱਚ ਜਾ ਵਸੇ।

ਦੂਜੇ ਪਾਸੇ, ਮੁਮਤਾਜ਼ ਦਾ ਅਸਲੀ ਪਰਿਵਾਰ ਚੜ੍ਹਦੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸਿਧਰਾਣਾ ਵਿਖੇ ਜਾ ਕੇ ਰਹਿਣ ਲੱਗਾ।

ਡਾਨ ਡਾਟ ਕਾਮ ਦੀ ਖ਼ਬਰ ਮੁਤਾਬਕ, 2 ਸਾਲ ਪਹਿਲਾਂ ਮੁਮਤਾਜ਼ ਦੇ ਪਿਤਾ (ਗੋਦ ਲੈਣ ਵਾਲੇ) ਇਕਬਾਲ ਦੀ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ ਉਨ੍ਹਾਂ ਨੇ ਮੁਮਤਾਜ਼ ਨੂੰ ਉਹ ਸੱਚਾਈ ਦੱਸੀ ਜੋ ਉਨ੍ਹਾਂ ਨੇ ਸਾਲਾਂ ਤੋਂ ਆਪਣੀ ਧੀ ਕੋਲੋਂ ਲੁਕਾਈ ਹੋਈ ਸੀ।

ਇਕਬਾਲ ਨੇ ਮੁਮਤਾਜ਼ ਨੂੰ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ ਬਲਕਿ ਉਸ ਦਾ ਸਬੰਧ ਇੱਕ ਸਿੱਖ ਪਰਿਵਾਰ ਨਾਲ ਹੈ।

ਇਹ ਵੀ ਪੜ੍ਹੋ:

ਮੁਮਤਾਜ਼ ਬੀਬੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਅਸਲੀ ਪਰਿਵਾਰ ਵਾਲੇ ਭਾਰਤ ਦੇ ਪੰਜਾਬ ਸੂਬੇ ਦੇ ਪਟਿਆਲਾ ਜ਼ਿਲ੍ਹੇ 'ਚ ਰਹਿ ਰਹੇ ਹਨ। ਸੋ ਮੁਮਤਾਜ਼ ਨੇ ਆਪਣੇ ਪੁੱਤਰ ਸ਼ਾਹਬਾਜ਼ ਨਾਲ ਮਿਲ ਕੇ ਆਪਣੇ ਪਰਿਵਾਰ ਨੂੰ ਭਾਲਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ।

ਯੂਟਿਊਬ ਚੈਨਲ ਨੂੰ ਦੱਸੀ ਕਹਾਣੀ

ਭਾਰਤ-ਪਾਕਿਸਤਾਨ ਦੀ ਵੰਡ 'ਚ ਵਿਛੜੇ ਲੋਕਾਂ ਦੀਆਂ ਕਹਾਣੀਆਂ ਆਪਣੇ ਯੂਟਿਊਬ ਚੈਨਲ 'ਪੰਜਾਬ ਲਹਿਰ' ਰਾਹੀਂ ਦੱਸਣ ਵਾਲੇ ਨਾਸਿਰ ਢਿੱਲੋਂ ਨੇ ਮੁਮਤਾਜ਼ ਦੀ ਕਹਾਣੀ ਵੀ ਆਪਣੇ ਚੈਨਲ 'ਤੇ ਸ਼ੇਅਰ ਕੀਤੀ ਸੀ। ਨਾਸਿਰ ਨੇ ਮੁਮਤਾਜ਼ ਬੀਬੀ ਅਤੇ ਉਨ੍ਹਾਂ ਦੇ ਪੁੱਤਰ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਵੀ ਕੀਤੀ ਸੀ।

ਇਸ ਮੁਲਾਕਾਤ ਦੌਰਾਨ ਮੁਮਤਾਜ਼ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਦਿਲ ਵਿੱਚ ਭਰਾਵਾਂ ਨੂੰ ਮਿਲਣ ਦੀ ਹੂਕ ਉੱਠਦੀ ਹੈ ਅਤੇ ਉਹ ਸੋਚਦੇ ਸਨ ਕਿ ਕੀ ਪਤਾ ਜ਼ਿੰਦਗੀ 'ਚ ਕਿਤੇ ਮੁਲਾਕਾਤ ਹੋ ਜਾਵੇ।

ਮੁਮਤਾਜ਼ ਨੇ ਕਿਹਾ ਸੀ, ''ਜਦੋਂ ਦਾ ਇਨ੍ਹਾਂ ਨੂੰ ਸੁਣਿਆ ਹੈ, ਖਿੱਚ ਹੈ। ਖਿੱਚ ਪੈਂਦੀ ਹੈ ਵੀ ਮੈਂ ਭਰਾਵਾਂ ਨੂੰ ਮਿਲਾਂ।''

ਮੁਮਤਾਜ਼ ਬੀਬੀ ਅਤੇ ਨਾਸਿਰ ਢਿੱਲੋਂ

ਤਸਵੀਰ ਸਰੋਤ, Nasir Dhillon

ਤਸਵੀਰ ਕੈਪਸ਼ਨ, ਮੁਮਤਾਜ਼ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਿਵਾਰ ਨੂੰ ਲੱਭਣ ਲਈ ਨਾਸਿਰ ਨੂੰ ਸੰਪਰਕ ਕੀਤਾ।

ਉਨ੍ਹਾਂ ਨੇ ਕਿਹਾ ਸੀ, ''ਗੱਲ ਇਹ ਹੈ ਕਿ ਹੁਣ ਖੂਨ ਦਾ ਰਿਸ਼ਤਾ ਹੈ ਤੇ ਹੁਣ ਦਿਲ 'ਤੇ ਅੱਗ ਬਲ਼ਦੀ ਹੈ ਵੀ ਮਿਲਾਂ ਜ਼ਿੰਦਗੀ ਦੇ ਵਿੱਚ। ਸਾਹਾਂ ਦਾ ਕੋਈ ਪਤਾ ਨਹੀਂ, ਮਰ ਜਾਣਾ ਹੈ।''

ਮੁਮਤਾਜ਼ ਨੇ ਨਾਸਿਰ ਨਾਲ ਮੁਲਾਕਾਤ ਦੌਰਾਨ ਕਿਹਾ ਸੀ, ''ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮੇਰੇ ਭਰਾ-ਭਤੀਜੇ ਸਾਰੇ ਹੀ ਮਿਲ ਗਏ ਹਨ।''

'ਖੂਨ ਜਿਹੜਾ ਹੁੰਦਾ ਹੈ, ਉਹ ਖੂਨ ਹੀ ਹੁੰਦਾ ਹੈ'

ਉਨ੍ਹਾਂ ਦੇ ਪੁੱਤਰ ਸ਼ਾਹਬਾਜ਼ ਨੇ ਨਾਸਿਰ ਨੂੰ ਕਿਹਾ ਸੀ, ''ਮਾਂ ਸਾਡੀ ਛੋਟੀ ਸੀ, 75 ਸਾਲ ਹੋ ਗਏ ਨੇ। ਖੂਨ ਜਿਹੜਾ ਹੁੰਦਾ ਹੈ, ਉਹ ਖੂਨ ਹੀ ਹੁੰਦਾ ਹੈ।''

''ਸਾਡੇ ਨਾਨਾ ਪਾਲਾ ਸਿੰਘ ਮੁੱਕ ਚੁੱਕ ਹਨ। ਉਨ੍ਹਾਂ ਦੇ ਤਿੰਨ ਪੁੱਤਰ ਨੇ, ਕੋਸ਼ਿਸ਼ ਕਰ ਰਹੇ ਹਾਂ ਜੇ ਉਨ੍ਹਾਂ ਨਾਲ ਰਾਬਤਾ ਹੋ ਜਾਵੇ ਤਾਂ ਆਪਣੀ ਮਾਂ ਦੀ ਉਨ੍ਹਾਂ ਨਾਲ ਮੁਲਾਕਾਤ ਕਰਵਾ ਦੇਈਏ।''

ਮੁਮਤਾਜ਼ ਅਤੇ ਉਨ੍ਹਾਂ ਦੇ ਪੁੱਤਰ ਸ਼ਾਹਬਾਜ਼

ਤਸਵੀਰ ਸਰੋਤ, Nasir Dhillon

ਤਸਵੀਰ ਕੈਪਸ਼ਨ, ਸ਼ਾਹਬਾਜ਼ ਮੁਤਾਬਕ ਉਨ੍ਹਾਂ ਦੀ ਮਾਂ 24 ਘੰਟੇ ਆਪਣੀ ਮਾਂ, ਪਿਓ ਅਤੇ ਭਰਾ ਬਾਰੇ ਸੇਚਦੀ ਰਹਿੰਦੀ ਹੈ।

ਸ਼ਾਹਬਾਜ਼ ਕਹਿੰਦੇ ਹਨ ਕਿ ''ਪੰਜਾਬੀ ਲਹਿਰ (ਨਾਸਿਰ ਦਾ ਯੂਟਿਊਬ ਚੈਨਲ) ਬਾਰੇ ਬੜਾ ਸੁਣਿਆ ਸੀ, ਪਿੱਛੇ ਜਿਹੇ 2 ਭਰਾ ਮਿਲੇ ਸਨ ਅਤੇ ਉਨ੍ਹਾਂ ਨੂੰ ਫਿਰ ਵੀਜ਼ੇ ਵੀ ਮਿਲ ਗਏ ਸਨ। ਸਾਨੂੰ ਪਤਾ ਲੱਗਾ ਕਿ ਇਸ ਚੈਨਲ ਵੱਲੋਂ ਲੱਭ ਜਾਂਦੇ ਨੇ, ਫਿਰ ਅਸੀਂ ਇਨ੍ਹਾਂ ਨਾਲ ਰਾਬਤਾ ਕੀਤਾ।''

ਨਾਸਿਰ ਦੁਆਰਾ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਮੁਮਤਾਜ਼ ਅਤੇ ਉਨ੍ਹਾਂ ਦੇ ਪੁੱਤਰ ਦਾ ਇੰਟਰਵਿਊ ਯੂਟਿਊਬ ਚੈਨਲ 'ਤੇ ਅਪਲੋਡ ਕਰਨ ਤੋਂ ਕੁਝ ਦਿਨ ਬਾਅਦ ਹੀ ਮੁਮਤਾਜ਼ ਨੂੰ ਉਨ੍ਹਾਂ ਦੇ ਅਸਲੀ ਪਰਿਵਾਰ ਦਾ ਪਤਾ ਲੱਗ ਗਿਆ।

ਜਿਸ ਤੋਂ ਬਾਅਦ, ਆਪਣੀ ਗੁਆਚੀ ਭੈਣ ਨੂੰ ਮਿਲਣ ਲਈ ਪਟਿਆਲਾ 'ਚ ਰਹਿੰਦੇ ਉਨ੍ਹਾਂ ਦੇ ਭਰਾ ਗੁਰਮੀਤ ਸਿੰਘ, ਨਰੇਂਦਰ ਸਿੰਘ ਅਤੇ ਅਮਰਿੰਦਰ ਸਿੰਘ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਕਰਤਾਰਪੁਰ ਸਾਹਿਬ ਪਹੁੰਚੇ।

ਵੰਡ ਦੌਰਾਨ ਵਿਛੜੇ ਇਨ੍ਹਾਂ ਭੈਣ-ਭਰਾਵਾਂ ਦਾ ਜਦੋਂ 75 ਸਾਲਾਂ ਬਾਅਦ ਮੇਲ ਹੋਇਆ ਤਾਂ ਮੁਮਤਾਜ਼ ਨੇ ਆਪਣੇ ਭਰਾਵਾਂ ਨੂੰ ਜੱਫੀ ਪਾ ਲਈ ਅਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਵਗ ਪਏ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)