ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਕਾਰਨ ਅਤੇ ਮੌਜੂਦਾ ਹਾਲਾਤ ਕੀ ਹਨ

ਸ਼੍ਰੀਲੰਕਾ ਸਰਕਾਰ ਨੇ ਦੇਸ਼ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਲੁੱਟ-ਖਸੁੱਟ ਕਰਨ ਵਾਲਿਆਂ ਤੇ ਦੰਗੇ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦੇ ਕੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਹਨ।

ਪਿਛਲੇ ਮਹੀਨੇ ਸ਼ੁਰੂ ਹੋਏ ਰੋਸ-ਮੁਜ਼ਾਹਰਿਆਂ ਤੋਂ ਬਾਅਦ ਰਾਸ਼ਟਰਪਤੀ ਗੋਟਬਾਇਆ ਨੇ ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿੱਚ ਵਾਅਦਾ ਕੀਤਾ ਹੈ ਕਿ ਉਹ ਕਾਨੂੰਨ-ਵਿਵਸਥਾ ਮੁੜ ਬਹਾਲ ਕਰਨਗੇ।

ਦਰਅਸਲ ਸ਼੍ਰੀਲੰਕਾ ਬੜੇ ਹੀ ਡੂੰਘੇ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ। ਇੱਥੋਂ ਦੇ ਲੋਕ ਖਾਣ-ਪੀਣ ਅਤੇ ਪੈਟਰੋਲ-ਡੀਜ਼ਲ ਵਰਗੀਆਂ ਮੁੱਢਲੀਆਂ ਚੀਜ਼ਾਂ ਲਈ ਸੰਘਰਸ਼ ਕਰ ਰਹੇ ਹਨ। ਸੱਤਾ ਉੱਤੇ ਕਾਬਜ਼ ਲੋਕਾਂ ਪ੍ਰਤੀ ਆਵਾਮ ਦਾ ਗੁੱਸਾ ਵਧਦਾ ਜਾ ਰਿਹਾ ਹੈ।

ਸ਼੍ਰੀ ਲੰਕਾ ਦੀ ਅਬਾਦੀ ਮਹਿਜ਼ 2.2 ਕਰੋੜ ਹੈ। ਦੇਸ਼ ਆਪਣੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਡੂੰਘੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ।

ਦੇਸ਼ ਵਿੱਚ ਖਾਣੇ, ਗੈਸ, ਅਤੇ ਪੈਟਰੋਲੀਅਮ ਦੀਆਂ ਕੀਮਤਾਂ ਅਸਾਮਾਨੀ ਪਹੁੰਚ ਰਹੀਆਂ ਹਨ। ਮਹਿੰਗਾਈ ਦੀ ਦਰ ਪਿਛਲੇ ਕਈ ਮਹੀਨਿਆਂ ਤੋਂ ਦੂਹਰੇ ਅੰਕਾਂ ਵਿੱਚ ਜਾ ਰਹੀ ਹੈ।

ਰੂਸ ਅਤੇ ਯੂਕਰੇਨ ਦੀ ਜੰਗ ਨੇ ਸ਼੍ਰੀ ਲੰਕਾ ਦੇ ਸੰਕਟ ਵਿੱਚ ਹੋਰ ਡੂੰਗਾ ਕਰ ਦਿੱਤਾ ਹੈ।

ਸ਼੍ਰੀ ਲੰਕਾ ਦੇ ਵਿੱਤੀ ਸੰਕਟ ਦੇ ਕਾਰਨ, ਵੀਡਿਓ ਰਾਹੀਂ ਸਮਝੋ

ਸ਼੍ਰੀ ਲੰਕਾ 'ਚ ਆਰਥਿਕ ਸੰਕਟ ਦਾ ਕੀ ਕਾਰਨ ਹੈ?

ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੀ ਲੰਕਾ ਵਿੱਚ ਇਹ ਆਰਥਿਕ ਸੰਕਟ ਕਈ ਸਾਲਾਂ ਤੋਂ ਚੱਲ ਰਿਹਾ ਸੀ। ਇਸ ਦੀ ਇੱਕ ਵਜ੍ਹਾ ਸਰਕਾਰ ਦੀ ਬਦਇੰਤਜ਼ਾਮੀ ਨੂੰ ਵੀ ਮੰਨਿਆ ਜਾ ਰਿਹਾ ਹੈ।

ਮਾਹਿਰਾਂ ਦੇ ਅਨੁਸਾਰ, ਪਿਛਲੇ ਇੱਕ ਦਹਾਕੇ ਦੌਰਾਨ ਸ਼੍ਰੀ ਲੰਕਾ ਦੀ ਸਰਕਾਰ ਨੇ ਜਨਤਕ ਸੇਵਾਵਾਂ ਲਈ ਵਿਦੇਸ਼ਾਂ ਤੋਂ ਬਹੁਤ ਜ਼ਿਆਦਾ ਕਰਜ਼ ਲਿਆ।

ਵਧਦੇ ਕਰਜ਼ੇ ਤੋਂ ਇਲਾਵਾ ਹੋਰ ਕਈ ਚੀਜ਼ਾਂ ਨੇ ਵੀ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਵਿੱਚ ਭਾਰੀ ਮੀਂਹ ਵਰਗੀਆਂ ਕੁਦਰਤੀ ਆਫਤਾਂ ਤੋਂ ਲੈ ਕੇ ਮਨੁੱਖ ਵੱਲੋਂ ਪੈਦਾ ਹੋਈਆਂ ਤਬਾਹੀਆਂ ਸ਼ਾਮਲ ਹਨ।

ਇਨ੍ਹਾਂ ਕਾਰਨਾਂ ਵਿੱਚ ਇੱਕ ਸਰਕਾਰ ਵੱਲੋਂ ਰਸਾਇਣਕ ਖਾਦਾਂ 'ਤੇ ਪਾਬੰਦੀ ਲਾਉਣਾ ਵੀ ਸ਼ਾਮਲ ਹੈ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ।

ਇਹ ਵੀ ਪੜ੍ਹੋ-

2018 'ਚ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਸੀ। ਉਸ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੋ ਗਏ ਸਨ। ਇਸ ਤੋਂ ਇੱਕ ਸਾਲ ਬਾਅਦ 2019 ਵਿੱਚ ਹੋਏ ਈਸਟਰ ਬੰਬ ਧਮਾਕਿਆਂ ਵਿੱਚ ਚਰਚਾਂ ਅਤੇ ਵੱਡੇ ਹੋਟਲਾਂ ਵਿੱਚ ਸੈਂਕੜੇ ਜਾਨਾਂ ਦਾ ਨੁਕਸਾਨ ਹੋਇਆ। ਇਸੇ ਤਰ੍ਹਾਂ ਸਾਲ 2020 ਤੋਂ ਬਾਅਦ ਕੋਵਿਡ-19 ਮਹਾਂਮਾਰੀ ਨੇ ਤਬਾਹੀ ਮਚਾਈ।

ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਟੈਕਸਾਂ ਵਿੱਚ ਕਟੌਤੀ ਕਰਨ ਦੀ ਇੱਕ ਅਸਫ਼ਲ ਕੋਸ਼ਿਸ਼ ਕੀਤੀ।

ਹਾਲਾਂਕਿ, ਉਨ੍ਹਾਂ ਦਾ ਇਹ ਕਦਮ ਪੁੱਠਾ ਪੈ ਗਿਆ ਅਤੇ ਸਰਕਾਰੀ ਖਜ਼ਾਨੇ 'ਤੇ ਇਸ ਦਾ ਬੁਰਾ ਅਸਰ ਪਿਆ ਜਿਸ ਦੇ ਨਤੀਜੇ ਵੱਜੋਂ ਕਰੈਡਿਟ ਰੇਟਿੰਗ ਏਜੰਸੀਆਂ ਨੇ ਸ਼੍ਰੀ ਲੰਕਾ ਦੀ ਰੇਟਿੰਗ ਡਿਫਾਲਟ ਪੱਧਰ ਤੱਕ ਹੇਠਾਂ ਕਰ ਦਿੱਤੀ। ਇਸ ਦਾ ਮਤਲਬ ਸੀ ਕਿ ਦੇਸ਼ ਨੇ ਵਿਦੇਸ਼ੀ ਬਾਜ਼ਾਰਾਂ ਤੱਕ ਆਪਣੀ ਪਹੁੰਚ ਖ਼ਤਮ ਕਰ ਲਈ ਹੈ।

ਸ਼੍ਰੀ ਲੰਕਾ ਨੂੰ ਸਰਕਾਰੀ ਕਰਜ਼ੇ ਦਾ ਭੁਗਤਾਨ ਕਰਨ ਲਈ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੀ ਵਰਤੋਂ ਕਰਨੀ ਪਈ। ਇਸ ਕਾਰਨ ਸ਼੍ਰੀ ਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਇਸ ਸਾਲ ਘੱਟ ਕੇ 2.2 ਬਿਲੀਅਨ ਡਾਲਰ ਰਹਿ ਗਿਆ, ਜੋ ਕਿ ਸਾਲ 2018 ਵਿੱਚ 6.9 ਬਿਲੀਅਨ ਡਾਲਰ ਸੀ।

ਇਸ ਦੇ ਸਿੱਟੇ ਵਜੋਂ ਈਂਧਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ਪ੍ਰਭਵਿਤ ਹੋਈ ਅਤੇ ਮਹਿੰਗਾਈ ਵਿੱਚ ਵਾਧਾ ਹੋਇਆ।

ਇਨ੍ਹਾਂ ਕਾਰਨਾਂ ਤੋਂ ਵੀ ਉੱਪਰ ਇਹ ਗੱਲ ਹੈ ਕਿ ਸਰਕਾਰ ਨੇ ਮਾਰਚ ਮਹੀਨੇ ਸ਼੍ਰੀ ਲੰਕਾਈ ਰੁਪਏ ਨੂੰ ਫਲੋਟ ਕੀਤਾ ਭਾਵ ਇਸ ਦੀ ਕੀਮਤ ਵਿਦੇਸ਼ੀ ਮੁਦਰਾ ਬਾਜ਼ਾਰਾਂ ਦੀ ਮੰਗ ਅਤੇ ਸਪਲਾਈ ਦੇ ਅਧਾਰ 'ਤੇ ਨਿਰਧਾਰਤ ਕੀਤੀ ਜਾਣ ਲੱਗੀ।

ਇਹ ਕਦਮ ਮੁਦਰਾ ਦੇ ਮੁੱਲ ਨੂੰ ਘਟਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਸੀ ਤਾਂ ਜੋ ਕੌਮਾਂਤਰੀ ਮੁਦਰਾ ਕੋਸ਼, ਆਈਐਮਐਫ ਤੋਂ ਕਰਜ਼ਾ ਮਿਲ ਸਕੇ।

ਹਾਲਾਂਕਿ ਅਮਰੀਕੀ ਡਾਲਰ ਦੇ ਮੁਕਾਬਲੇ ਸ਼੍ਰੀਲੰਕਾਈ ਰੁਪਏ ਦੀ ਗਿਰਾਵਟ ਨੇ ਆਮ ਲੋਕਾਂ ਲਈ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ।

ਸੰਕਟ ਦੌਰਾਨ ਕੀ-ਕੀ ਹੋ ਰਿਹਾ ਹੈ

ਸੰਕਟ ਪੈਦਾ ਹੋਣ ਬਾਅਤ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।

ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਵਰਤੇ ਗਏ ਹਨ। ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਹੈ।

31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।

ਐਮਰਜੈਂਸੀ ਦੇ ਮਾਅਨੇ

ਬੀਬੀਸੀ ਨਿਊਜ਼ ਦੇ ਏਸ਼ੀਆ ਐਡੀਟਰ ਆਇਸ਼ਾ ਪੇਰੇਰਾ ਮੁਤਾਬਕ ਸ਼੍ਰੀ ਲੰਕਾ ਵਿੱਚ ਇਸ ਨੂੰ ਕਾਨੂੰਨ ਦੇ ਸਭ ਤੋਂ ਸਖ਼ਤ ਹਿੱਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਜਿਹਾ ਕਾਨੂੰਨ ਜਿਸ ਨੂੰ "ਅਸਾਧਾਰਨ ਖ਼ਤਰੇ, ਮੁਸੀਬਤ ਜਾਂ ਆਫ਼ਤ" ਦੀਆਂ ਸਥਿਤੀਆਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਪਿਛਲੀ ਵਾਰ ਐਮਰਜੈਂਸੀ ਸਾਲ 2019 ਵਿੱਚ ਲਾਗੂ ਕੀਤੀ ਸੀ ਜਦੋਂ ਈਸਟਰ ਸੰਡੇ ਨੂੰ ਘਾਤਕ ਬੰਬ ਧਮਾਕਿਆਂ ਨਾਲ ਦੇਸ਼ ਦਹਿਲ ਗਿਆ ਸੀ।

ਇਹ ਕਾਨੂੰਨ ਫ਼ੌਜ ਨੂੰ ਬਿਨਾਂ ਕਿਸੇ ਸਬੂਤ ਜਾਂ ਨਿਰਦੋਸ਼ ਨਾ ਹੋਣ ਦੇ ਖਦਸ਼ੇ ਦੇ ਆਧਾਰ 'ਤੇ ਲੋਕਾਂ ਨੂੰ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ। ਨਾਲ ਹੀ ਇਹ, ਅੰਦੋਲਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਬੁਨਿਆਦੀ ਅਧਿਕਾਰਾਂ 'ਤੇ ਵੀ ਸਖ਼ਤ ਪਾਬੰਦੀ ਲਗਾਉਂਦਾ ਹੈ।

ਇਹ ਪੁਲਿਸ ਅਤੇ ਫੌਜ ਨੂੰ, ਬਿਨਾਂ ਵਾਰੰਟ ਦੇ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਨਜ਼ਰਬੰਦ ਕਰਨ ਦੀ ਆਗਿਆ ਦਿੰਦਾ ਹੈ।

ਇਸ ਨੇ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਸਰਕਾਰ ਪ੍ਰਦਰਸ਼ਨਕਾਰੀਆਂ 'ਤੇ ਬੇਰਹਿਮੀ ਨਾਲ ਕਾਰਵਾਈ ਕਰਨ ਜਾ ਰਹੀ ਹੈ।

ਸਿਵਲ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਘਰ ਦੇ ਬਾਹਰ ਪ੍ਰਦਰਸ਼ਨਾਂ ਵਿੱਚ ਸਿਰਫ ਮੌਜੂਦ ਹੋਣ ਲਈ ਵੀ ਪੁਲਿਸ ਦੁਆਰਾ ਤਸ਼ੱਦਦ ਕੀਤੇ ਜਾਣ ਦੀਆਂ ਰਿਪੋਰਟਾਂ ਪਹਿਲਾਂ ਹੀ ਆ ਰਹੀਆਂ ਹਨ। ਸ਼ੁੱਕਰਵਾਰ ਦੇਰ ਰਾਤ ਇੱਕ ਪ੍ਰਬੰਧਕ ਨੂੰ ਵੀ ਪੁੱਛਗਿੱਛ ਲਈ ਲਿਜਾਇਆ ਗਿਆ ਸੀ।

ਇਸ ਕਾਨੂੰਨ ਦੇ ਲਾਗੂ ਹੋਣ ਨੂੰ ਅਦਾਲਤਾਂ ਵਿੱਚ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਹਾਲਾਂਕਿ ਸੰਸਦ ਨੂੰ ਇਸਦੀ ਘੋਸ਼ਣਾ ਦੇ 14 ਦਿਨਾਂ ਦੇ ਅੰਦਰ ਇਸਦੀ ਪੁਸ਼ਟੀ ਕਰਨ ਦੀ ਜ਼ਰੂਰੀ ਹੁੰਦੀ ਹੈ।

ਇਸ ਨੂੰ ਪਾਸ ਕਰਨ ਲਈ ਸਰਕਾਰ ਨੂੰ ਸੰਸਦ ਵਿੱਚ ਬਹੁਮਤ ਪ੍ਰਾਪਤ ਹੈ। ਇਸ ਤੋਂ ਬਾਅਦ ਇਸ ਨੂੰ ਹਰ ਮੀਨੇ ਵਧਾਉਣ ਦੀ ਲੋੜ ਹੁੰਦੀ ਹੈ।

ਵੀਡੀਓ: ਕੌਣ ਹਨ ਸ਼੍ਰੀ ਲੰਕਾ ਦੇ ਨਵੇਂ ਐਲਾਨੇ ਗਏ ਪ੍ਰਧਾਨ ਮੰਤਰੀ - ਰਨਿਲ ਵਿਕਰਮਾ ਸਿੰਘੇ

ਸ਼੍ਰੀ ਲੰਕਾ ਵਿੱਚ ਮੌਜੂਦਾ ਹਾਲਾਤ

ਕੋਲੰਬੋ ਵਿੱਚ ਬੀਬੀਸੀ ਤਮਿਲ ਨੂੰ ਇੱਕ ਮੁਜ਼ਾਹਰਾਕਾਰੀ ਚੰਦਰਸ਼ੇਖ਼ਰ ਨੇ ਦੱਸਿਆ, "ਅਸੀਂ ਕਰਫਿਊ ਦੇ ਬਾਵਜੂਦ ਇੱਥੇ ਮੁਜ਼ਾਹਰੇ ਵਾਲੀ ਥਾਂ ਆਏ ਹਾਂ। ਅਸੀਂ ਹੁਣ ਵੀ ਜੂਝ ਰਹੇ ਹਾਂ। ਇੱਥੇ ਨਾ ਤਾਂ ਕੈਰੋਸੀਨ ਹੈ, ਨਾ ਡੀਜ਼ਲ ਅਤੇ ਨਾ ਹੀ ਬਿਜਲੀ।"

ਦੇਸ਼ ਵਿੱਚ ਲੱਗੇ ਕਰਫਿਊ ਦੇ ਬਾਵਜੂਦ ਦੋ ਰਾਤਾਂ ਭੀੜ ਨੇ ਅੱਗ ਲਗਾਈ ਅਤੇ ਹਮਲੇ ਕੀਤੇ ਤੇ ਇਨ੍ਹਾਂ ਹਮਲਿਆਂ ਵਿੱਚ ਜ਼ਿਆਦਾਤਰ ਰਾਜਪਕਸ਼ੇ ਪਰਿਵਾਰ ਜਾਂ ਫਿਰ ਸੱਤਾਧਾਰੀ ਪਾਰਟੀ ਦੇ ਆਗੂਆਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਕੋਲੰਬੋ ਕੋਲ ਦੁਕਾਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਦਾ ਰਿਜ਼ਾਰਟ ਵੀ ਸ਼ਾਮਿਲ ਸੀ।

ਇਸ ਵਿਚਾਲੇ ਰਨਿਲ ਵਿਕਰਮਾ ਸਿੰਘੇ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ।

ਰੋਸ-ਮੁਜ਼ਾਹਰਿਆਂ ਦੌਰਾਨ ਲੋਕ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਪਰ ਇਸ ਮੰਗ ਨੂੰ ਨਜ਼ਰਅੰਦਾਜ਼ ਕਰਦਿਆਂ ਰਾਜਪਕਸ਼ੇ ਨੇ ਸੰਸਦ ਨੂੰ ਕੁਝ ਸ਼ਕਤੀਆਂ ਦੇਣ ਦੀ ਗੱਲੀ ਆਖੀ।

ਉਨ੍ਹਾਂ ਦੇ ਭਰਾ ਮਹਿੰਦਾ ਰਾਜਪਕਸ਼ੇ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਦੇ ਵੱਡੇ ਭਰਾ ਅਤੇ ਦੋ ਵਾਰ ਰਾਸ਼ਟਰਪਤੀ ਰਹੇ ਰਾਜਪਕਸ਼ੇ ਆਪਣੀ ਸੁਰੱਖਿਆ ਲਈ ਉੱਤਰ-ਪੂਰਬ ਵਿੱਚ ਜਲ ਸੈਨਾ ਦੇ ਅੱਡੇ 'ਤੇ ਲੁਕੇ ਹੋਏ ਹਨ।

ਰਾਜਪਕਸ਼ੇ ਕਦੇ ਯੁੱਧ ਨਾਇਕ ਰਹੇ ਹੁਣ ਬਣੇ ਖਲਨਾਇਕ

ਮਹਿੰਦਾ ਰਾਜਪਕਸ਼ੇ ਜੋ ਇੱਕ ਸਮੇਂ ਤਮਿਲ ਟਾਈਗਰ ਵਿਦਰੋਹੀਆਂ ਨੂੰ ਹਰਾਉਣ ਤੋਂ ਬਾਅਦ ਦੇਸ਼ ਵਾਸੀਆਂ ਦੀ ਨਜ਼ਰ ਵਿੱਚ ਕਿਸੇ ਯੁੱਧ ਨਾਇਕ ਤੋਂ ਘੱਟ ਨਹੀਂ ਸਨ, ਉਹ ਅਚਾਨਕ ਹੁਣ ਵਿਲੇਨ ਬਣ ਗਏ ਹਨ।

ਬਹੁਤ ਸਾਰੇ ਲੋਕ ਉਨ੍ਹਾਂ ਦੇ ਸਮਰਥਕਾਂ 'ਤੇ ਸਰਕਾਰ ਵਿਰੋਧੀ ਮੁਜ਼ਾਹਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾ ਰਹੇ ਹਨ, ਜਿਸ ਤੋਂ ਬਾਅਦ ਹੀ ਦੇਸ਼ ਵਿੱਚ ਹਿੰਸਕ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ ਹੈ।

ਔਖੇ ਤੋਂ ਔਖੇ ਪਲਾਂ ਵਿੱਚ ਵੀ ਰਾਜਪਕਸ਼ੇ ਪਰਿਵਾਰ ਹਮੇਸ਼ਾ ਇੱਕ-ਦੂਜੇ ਦੇ ਨਾਲ ਖੜ੍ਹਾ ਨਜ਼ਰ ਆਉਂਦਾ ਸੀ ਪਰ ਇਸ ਵਾਰ ਉਨ੍ਹਾਂ ਦੇ ਆਪਸੀ ਮਤਭੇਦ ਖੁੱਲ੍ਹ ਕੇ ਬਾਹਰ ਆ ਗਏ ਹਨ।

ਮੰਨਿਆ ਜਾ ਰਿਹਾ ਹੈ ਕਿ ਇਹ ਸਮੱਸਿਆ ਗੋਟਬਾਇਆ ਰਾਜਪਕਸ਼ੇ ਵੱਲੋਂ ਮਹਿੰਦਾ ਰਾਜਪਕਸ਼ੇ ਤੋਂ ਅਸਤੀਫ਼ਾ ਮੰਗਣ ਤੋਂ ਬਾਅਦ ਸ਼ੁਰੂ ਹੋਈ।

ਹਾਲਾਂਕਿ, ਸ਼੍ਰੀਲੰਕਾ ਦੀ ਸਿਆਸਤ 'ਤੇ ਸਾਲਾਂ ਤੋਂ ਕਾਬਜ਼ ਰਾਜਪਕਸ਼ੇ ਪਰਿਵਾਰ ਇਸ ਸੰਕਟ ਤੋਂ ਕਿਵੇਂ ਬਾਹਰ ਨਿਕਲਦਾ ਹੈ, ਇਹ ਸਵਾਲ ਅਜੇ ਵੀ ਬਰਕਰਾਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)