ਪੁਤਿਨ ਦੀ 'ਗਰਲਫਰੈਂਡ' ਕੌਣ ਹੈ, ਜਿਸ ਨੂੰ ਰੂਸ ਦੀ 'ਸੀਕ੍ਰੇਟ ਫਸਟ ਲੇਡੀ' ਕਿਹਾ ਜਾਂਦਾ ਹੈ

ਅਲੀਨਾ ਕਾਬਾਏਵਾ

ਤਸਵੀਰ ਸਰੋਤ, Shasha Mordovets/Getty Images

ਤਸਵੀਰ ਕੈਪਸ਼ਨ, ਅਲੀਨਾ, ਸਾਲ 2014 ਵਿੱਚ ਸੋਚੀ ਓਲੰਪਿਕ ਵਿੱਚ ਮਸ਼ਾਲ ਲੈ ਕੇ ਚੱਲਣ ਵਾਲੇ ਖਿਡਾਰੀਆਂ 'ਚ ਸ਼ਾਮਲ ਸਨ।

"ਹਰੇਕ ਪਰਿਵਾਰ ਕੋਲ਼ ਜੰਗ ਦੀ ਇੱਕ ਕਹਾਣੀ ਹੁੰਦੀ ਹੈ ਅਤੇ ਸਾਨੂੰ ਉਨ੍ਹਾਂ ਕਹਾਣੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਸਗੋਂ ਆਪਣੀ ਅਗਲੀ ਪੀੜ੍ਹੀ ਨੂੰ ਸੁਣਾਉਣਾ ਚਾਹੀਦਾ ਹੈ।"

ਇਹ ਕਹਿਣਾ ਹੈ ਅਲੀਨਾ ਕਾਬਾਏਵਾ ਦਾ, ਜਿਨ੍ਹਾਂ ਨੂੰ ਰੂਸ ਦੀ 'ਸੀਕ੍ਰੇਟ ਫਰਸਟ ਲੇਡੀ' ਕਿਹਾ ਜਾਂਦਾ ਹੈ।

ਯੂਕਰੇਨ-ਰੂਸ ਜੰਗ ਦੌਰਾਨ ਅਲੀਨਾ ਸੁਰਖੀਆਂ ਵਿੱਚ ਹਨ। ਇਸਦਾ ਕਾਰਨ ਇਹ ਹੈ ਕਿ ਅਮਰੀਕਾ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਧੀਆਂ ਸਮੇਤ ਉਨ੍ਹਾਂ ਦੇ ਕਰੀਬੀਆਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਪਰ ਅਲੀਨਾ ਅਜੇ ਵੀ ਇਸ ਪਾਬੰਦੀ ਤੋਂ ਬਚੇ ਹੋਏ ਹਨ।

'ਦਿ ਵਾਲ ਸਟਰੀਟ ਜਰਨਲ' ਦੀ ਖ਼ਬਰ ਮੁਤਾਬਕ, ਅਮਰੀਕਾ ਪੁਤਿਨ ਦੀ ਕਥਿਤ 'ਗਰਲਫ੍ਰੈਂਡ' ਅਤੇ ਸਾਬਕਾ ਓਲੰਪਿਕ ਜਿਮਨਾਸਟ ਅਲੀਨਾ ਕਾਬਾਏਵਾ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਸੀ, ਪਰ ਆਖਰੀ ਸਮੇਂ 'ਤੇ ਅਜਿਹਾ ਨਹੀਂ ਕੀਤਾ ਗਿਆ।

ਇਸਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਪੁਤਿਨ ਇਸ ਨੂੰ ਨਿੱਜੀ ਹਮਲਾ ਸਮਝ ਸਕਦੇ ਹਨ ਅਤੇ ਇਸ ਨਾਲ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲਗ ਸਕਦਾ ਹੈ।

ਹਾਲਾਂਕਿ, ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਸੋਮਵਾਰ ਨੂੰ ਦੈਨਿਕ ਪ੍ਰੈਸ ਬ੍ਰੀਫਿੰਗ ਦੌਰਾਨ ਅਜਿਹੇ ਦਾਅਵਿਆਂ ਨੂੰ ਖਾਰਜ ਕੀਤਾ, ਜਿਨ੍ਹਾਂ 'ਚ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਜਾਣਬੁੱਝ ਕੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਕਥਿਤ ਮਹਿਲਾ ਮਿੱਤਰ 'ਤੇ ਪਾਬੰਦੀਆਂ ਨਹੀਂ ਲਗਾ ਰਿਹਾ ਹੈ।

ਪੁਤਿਨ ਅਤੇ ਅਲੀਨਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਲੀਨਾ 2005 ਤੋਂ ਬਾਅਦ ਸਿਆਸਤ 'ਚ ਆਏ ਅਤੇ ਉਨ੍ਹਾਂ ਦਾ ਨਾਮ ਪੁਤਿਨ ਨਾਲ ਜੋੜਿਆ ਜਾਣ ਲੱਗਾ।

ਸਾਕੀ ਤੋਂ ਇਹ ਪੁੱਛੇ ਜਾਣ 'ਤੇ ਕਿ ਰੂਸੀ ਆਗੂ ਅਤੇ ਸਾਬਕਾ ਜਿਮਨਾਸਟ ਰਹਿ ਚੁੱਕੀ ਅਲੀਨਾ ਕਾਬਾਏਵਾ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ, ਉਨ੍ਹਾਂ ਕਿਹਾ ਕਿ "ਅਸੀਂ ਪਾਬੰਦੀਆਂ ਦੀ ਲਗਾਤਾਰ ਸਮੀਖਿਆ ਕਰ ਰਹੇ ਹਾਂ।"

ਕੌਣ ਹਨ ਅਲੀਨਾ ਕਾਬਾਏਵਾ?

ਅਲੀਨਾ ਇੱਕ ਜਿਮਨਾਸਟ ਰਹਿ ਚੁੱਕੇ ਹਨ ਅਤੇ ਸਾਲ 2004 ਦੇ ਏਥਨਜ਼ ਓਲੰਪਿਕ ਵਿੱਚ ਸੋਨ ਤਗਮਾ ਵੀ ਜਿੱਤ ਚੁੱਕੇ ਹਨ। ਸਾਲ 1998 ਵਿੱਚ, 13 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ 2001 ਅਤੇ 2002 ਵਿੱਚ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਵੀ ਉਨ੍ਹਾਂ ਨੇ ਕਈ ਤਗਮੇ ਹਾਸਲ ਕੀਤੇ। 2003 ਵਿੱਚ ਵੀ ਉਨ੍ਹਾਂ ਨੇ ਕਈ ਵਿਸ਼ਵ ਖਿਤਾਬ ਆਪਣੇ ਨਾਂਅ ਕੀਤੇ। ਉਹ ਡੋਪਿੰਗ ਮਾਮਲੇ 'ਚ ਵੀ ਫਸ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਨੂੰ ਇਸ ਦਾ ਵੱਡਾ ਖਾਮਿਆਜ਼ਾ ਨਹੀਂ ਭੁਗਤਣਾ ਪਿਆ।

ਸਾਲ 2005 ਤੋਂ ਬਾਅਦ ਉਹ ਹੌਲੀ-ਹੌਲੀ ਸਿਆਸਤ 'ਚ ਆਏ ਅਤੇ ਉਨ੍ਹਾਂ ਦਾ ਨਾਮ ਪੁਤਿਨ ਨਾਲ ਜੋੜਿਆ ਜਾਣ ਲੱਗਾ।

ਉਹ ਯੂਨਾਈਟਿਡ ਰੂਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ, ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਲਈ ਵੀ ਚੁਣੇ ਜਾ ਚੁੱਕੇ ਹਨ। ਸਾਲ 2014 ਵਿੱਚ, ਉਹ ਸੋਚੀ ਓਲੰਪਿਕ ਵਿੱਚ ਮਸ਼ਾਲ ਲੈ ਕੇ ਚੱਲਣ ਵਾਲੇ ਖਿਡਾਰੀਆਂ 'ਚ ਸ਼ਾਮਲ ਸਨ।

ਅਲੀਨਾ ਕਾਬਾਏਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1998 ਵਿੱਚ, 13 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਿਆ ਸੀ।

'ਦਿ ਮਾਸਕੋ ਟਾਈਮਜ਼' ਦੀ ਖ਼ਬਰ ਅਨੁਸਾਰ, ਅਲੀਨਾ ਕ੍ਰੇਮਲਿਨ-ਸਮਰਥਿਤ ਮੀਡੀਆ ਸਮੂਹ 'ਦਿ ਨੈਸ਼ਨਲ ਮੀਡੀਆ ਗਰੁੱਪ' ਦੀ ਅਗੁਵਾਈ ਵੀ ਕਰਦੇ ਹਨ, ਪਰ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਉਨ੍ਹਾਂ ਦਾ ਨਾਂਅ ਅਪ੍ਰੈਲ ਵਿੱਚ ਵੈੱਬਸਾਈਟ ਤੋਂ ਹਟਾ ਲਿਆ ਗਿਆ।

ਮਾਸਕੋ ਟਾਈਮਜ਼ ਦੀ ਖ਼ਬਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਵਿਟਜ਼ਰਲੈਂਡ, ਅਮਰੀਕਾ ਅਤੇ ਯੂਰਪ ਦੇ ਅਧਿਕਾਰੀਆਂ ਨੇ ਵਾਲ ਸਟਰੀਟ ਜਰਨਲ ਨੂੰ ਦੱਸਿਆ ਕਿ 2015 ਵਿੱਚ ਅਲੀਨਾ ਬੱਚੇ ਨੂੰ ਜਨਮ ਦੇਣ ਲਈ ਸਵਿਟਜ਼ਰਲੈਂਡ ਗਏ ਸਨ।

ਇਸ ਤੋਂ ਬਾਅਦ, 2019 ਵਿੱਚ ਉਨ੍ਹਾਂ ਨੇ ਮਾਸਕੋ ਵਿੱਚ ਕਥਿਤ ਤੌਰ 'ਤੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ, ਪੁਤਿਨ ਨੇ ਕਦੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ।

ਸੁਰਖੀਆਂ ਦੌਰਾਨ ਮਾਸਕੋ 'ਚ 'ਅਲੀਨਾ ਫੈਸਟੀਵਲ'

'ਦਿ ਮਾਸਕੋ ਟਾਈਮਜ਼' ਦੀ ਖ਼ਬਰ ਮੁਤਾਬਕ, ਅਲੀਨਾ ਪਿਛਲੇ ਹਫਤੇ ਸ਼ਨੀਵਾਰ ਨੂੰ ਰੂਸ ਦੀ ਰਾਜਧਾਨੀ 'ਚ 'ਅਲੀਨਾ ਫੈਸਟੀਵਲ' 'ਚ ਨਜ਼ਰ ਆਏ। ਉਹ ਉੱਥੇ ਇੱਕ ਅਜਿਹੀ 'ਜਿਮਨਾਸਟ ਪ੍ਰਦਰਸ਼ਨੀ' ਲਈ ਗਏ ਸਨ, ਜਿਸਦਾ ਪ੍ਰਸਾਰਣ ਮਈ 'ਚ ਰੂਸ ਦੇ 'ਵਿਕਟਰੀ ਡੇ' ਦੇ ਮੌਕੇ 'ਤੇ ਕੀਤਾ ਜਾਣਾ ਹੈ।

ਅਲੀਨਾ ਕਾਬਾਏਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੀਆਂ ਧੀਆਂ ਸਮੇਤ ਉਨ੍ਹਾਂ ਦੇ ਕਰੀਬੀਆਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਪਰ ਅਲੀਨਾ ਅਜੇ ਵੀ ਇਸ ਪਾਬੰਦੀ ਤੋਂ ਬਚੇ ਹੋਏ ਹਨ।

ਇਸ ਦੌਰਾਨ ਉਨ੍ਹਾਂ ਕਿਹਾ, ''ਹਰ ਪਰਿਵਾਰ ਕੋਲ਼ ਜੰਗ ਦੀ ਇੱਕ ਕਹਾਣੀ ਹੁੰਦੀ ਹੈ ਅਤੇ ਸਾਨੂੰ ਉਨ੍ਹਾਂ ਕਹਾਣੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਸਗੋਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੁਣਾਉਣਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਅਤੇ ਰੂਸੀ ਜਿਮਨਾਸਟਾਂ, ਜੱਜਾਂ ਅਤੇ ਕੋਚਾਂ 'ਤੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਪਾਬੰਦੀ ਲਗਾਉਣ ਬਾਰੇ ਕਿਹਾ, ''ਸਾਨੂੰ ਇਸ ਨਾਲ ਸਿਰਫ ਜਿੱਤ ਹੀ ਮਿਲੇਗੀ।''

'ਡੇਲੀ ਮੇਲ' ਦੀ ਖ਼ਬਰ ਅਨੁਸਾਰ, ਅਲੀਨਾ ਦੇ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਖ਼ਬਰਾਂ 'ਤੇ ਵਿਰਾਮ ਲੱਗ ਗਿਆ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਸਵਿਟਜ਼ਰਲੈਂਡ ਜਾਂ ਸਾਇਬੇਰੀਆ ਦੇ ਕਿਸੇ ਬੰਕਰ 'ਚ ਲੁਕੇ ਹੋਏ ਹਨ।।

ਇਸ ਪ੍ਰੋਗਰਾਮ 'ਚ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ ਸੀ ਅਤੇ ਇਸ ਦੌਰਾਨ 'ਜ਼ੈੱਡ' ਚਿੰਨ੍ਹ ਵੀ ਦਿਖਾਈ ਦਿੱਤਾ, ਜੋ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਸਮਰਥਨ ਦਾ ਪ੍ਰਤੀਕ ਬਣ ਚੁੱਕਿਆ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)