ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਪਰਿਵਾਰ ਤੇ ਕੁੜੀਆਂ ਬਾਰੇ ਜਾਣੋ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਪਰਿਵਾਰ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਹਮੇਸ਼ਾ ਟਾਲ ਜਾਂਦੇ ਹਨ।
ਸਾਲ 2015 ਵਿੱਚ ਆਪਣੀ ਇੱਕ ਸੰਖੇਪ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਆਪਣੀਆਂ ਬੇਟੀਆਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਘੁਮਾ ਦਿੱਤੇ ਸਨ।
"ਮੇਰੀਆਂ ਬੇਟੀਆਂ ਰੂਸ ਵਿੱਚ ਰਹਿੰਦੀਆਂ ਹਨ ਅਤੇ ਰੂਸ ਵਿੱਚ ਹੀ ਪੜ੍ਹੀਆਂ ਹਨ। ਮੈਨੂੰ ਉਨ੍ਹਾਂ ਉੱਪਰ ਫ਼ਖਰ ਹੈ। ਉਹ ਤਿੰਨ ਵਿਦੇਸ਼ੀ ਭਾਸ਼ਾਵਾਂ ਫਰਾਟੇਦਾਰ ਬੋਲ ਲੈਂਦੀਆਂ ਹਨ। ਮੈਂ ਕਦੇ ਕਿਸੇ ਨਾਲ ਆਪਣੇ ਪਰਿਵਾਰ ਬਾਰੇ ਚਰਚਾ ਨਹੀਂ ਕਰਦਾ।"
ਆਪਣੀਆਂ ਬੇਟੀਆਂ ਬਾਰੇ ਉਨ੍ਹਾਂ ਨੇ ਅੱਗੇ ਕਿਹਾ, "ਹਰ ਵਿਅਕਤੀ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਹੱਕ ਹੈ। ਉਹ ਵੀ ਆਪਣੀਆਂ ਜ਼ਿੰਦਗੀਆਂ ਸਨਮਾਨ ਨਾਲ ਜਿਉਂ ਰਹੀਆਂ ਹਨ।"
ਪੁਤਿਨ ਭਾਵੇਂ ਆਪਣੀਆਂ ਬੇਟੀਆਂ ਦੇ ਨਾਮ ਨਾ ਦੱਸਣਾ ਚਾਹੁੰਦੇ ਹੋਣ ਪਰ ਦੂਸਰੇ ਲੋਕ ਚਾਹੁੰਦੇ ਹਨ।
ਰੂਸ ਦੇ ਯੂਕਰੇਨ ਉੱਪਰ ਹਮਲੇ ਦੇ ਜਵਾਬ ਵਿੱਚ ਅਮਰੀਕਾ ਨੇ ਜਿਨ੍ਹਾਂ ਰੂਸੀ ਨਾਗਰਿਕਾਂ ਉੱਪਰ ਪਾਬੰਦੀਆਂ ਲਗਾਈਆਂ ਹਨ ਉਨ੍ਹਾਂ ਵਿੱਚ ਪੁਤਿਨ ਦੀਆਂ ਦੋ ਬੇਟੀਆਂ 36 ਸਾਲਾ ਮਾਰੀਆ ਵੋਰੇਂਤਸੋਵਾ ਅਤੇ 35 ਸਾਲਾ ਕੈਟਰੀਨਾ ਤਿਖ਼ੋਨੋਵਾ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ:
ਵੀਡੀਓ:ਪੁਤਿਨ ਦੇ ਇੱਕ ਜਾਸੂਸ ਤੋਂ ਰਾਸ਼ਟਰਪਤੀ ਬਣਨ ਤੱਕ ਦੀ ਕਹਾਣੀ
ਅਮਰੀਕੀ ਅਧਿਕਾਰੀ ਨੇ ਕਿਹਾ, "ਪੁਤਿਨ ਦੀਆਂ ਕਈ ਜਾਇਜਾਦਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਪਿੱਛੇ ਲਕੋਈਆਂ ਹੋਈਆਂ ਹਨ ਅਤੇ ਅਸੀਂ ਇਸੇ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ।"
ਹਾਲਾਂਕਿ ਰਾਸ਼ਟਰਪਤੀ ਪੁਤਿਨ ਦੀ ਪਰਿਵਾਰਕ ਜ਼ਿੰਦਗੀ ਬਾਰੇ ਕੁਝ ਵੀ ਅਧਿਕਾਰਿਤ ਤੌਰ 'ਤੇ ਨਹੀਂ ਦੱਸਿਆ ਗਿਆ ਪਰ ਦਸਤਾਵੇਜ਼, ਮੀਡੀਆ ਰਿਪੋਰਟਾਂ ਅਤੇ ਗਾਹੇ-ਬਗਾਹੇ ਹੋਏ ਜਨਤਕ ਐਲਾਨ ਪੁਤਿਨ ਦੀਆਂ ਬੇਟੀਆਂ ਬਾਰੇ ਬਹੁਤ ਕੁਝ ਦੱਸਦੇ ਹਨ।
ਕੈਟਰੀਨਾ ਅਤੇ ਮਾਰੀਆ ਪੁਤਿਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਲਿਊਡਿਮਿਲਾ ਦੀ ਸੰਤਾਨ ਹਨ। ਜਦੋਂ ਪੁਤਿਨ ਅਤੇ ਲਿਊਡਿਮਿਲਾ ਦਾ ਵਿਆਹ 1985 ਵਿੱਚ ਹੋਇਆ, ਉਸ ਸਮੇਂ ਪੁਤਿਨ ਕੇਜੀਬੀ ਵਿੱਚ ਇੱਕ ਅਧਿਕਾਰੀ ਸਨ ਅਤੇ ਲਿਊਡਿਮਿਲਾ ਇੱਕ ਫਲਾਈਟ ਅਟੈਂਡੈਂਟ ਸਨ।
ਉਨ੍ਹਾਂ ਦਾ ਵਿਆਹ 30 ਸਾਲ ਚੱਲਿਆ। ਇਹ ਉਹ ਅਰਸਾ ਸੀ ਜਦੋਂ ਪੁਤਿਨ ਤੇਜ਼ੀ ਨਾਲ ਸਿਆਸੀ ਸੱਤਾ ਦੀਆਂ ਪੌੜੀਆਂ ਚੜ੍ਹਦੇ ਹੋਏ ਇਸ ਦੇ ਸਿਖਰ 'ਤੇ ਪਹੁੰਚੇ ਅਤੇ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਰੁੱਝੇ ਹੋਏ ਸਨ।

ਤਸਵੀਰ ਸਰੋਤ, AFP
ਪੁਤਿਨ ਅਤੇ ਲਿਊਡਮਿਲਾ ਦੀ ਅਲਹਿਦਗੀ
ਸਾਲ 2013 ਵਿੱਚ ਉਹ ਵੱਖ ਹੋ ਗਏ। ਉਦੋਂ ਪੁਤਿਨ ਨੇ ਕਿਹਾ ਸੀ, ''ਇਹ ਸਾਂਝਾ ਫ਼ੈਸਲਾ ਸੀ। ਅਸੀਂ ਇੱਕ-ਦੂਜੇ ਨੂੰ ਬਹੁਤ ਘੱਟ ਮਿਲਦੇ ਹਾਂ। ਸਾਡੀ ਹਰੇਕ ਦੀ ਆਪਣੀ ਜ਼ਿੰਦਗੀ ਹੈ।''
ਜਦਿਕ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਪੁਤਿਨ ''ਕੰਮ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਹਨ''।
ਪੁਤਿਨ ਅਤੇ ਲਿਊਡਿਮਿਲਾ ਦੀ ਸਭ ਤੋਂ ਵੱਡੀ ਬੇਟੀ ਮਾਰੀਆ ਵੋਰੇਂਤਸੋਵਾ ਦਾ ਜਨਮ 1985 ਵਿੱਚ ਹੋਇਆ ਸੀ। ਉਨ੍ਹਾਂ ਨੇ ਸੈਂਟ ਪੀਟਰਜ਼ਬਰਰਗ ਯੂਨੀਵਰਸਿਟੀ ਤੋਂ ਬਾਇਓਲੋਜੀ ਅਤੇ ਮਾਸਕੋ ਸਟੇਟ ਯੂਨੀਵਰਸਿਟੀ ਤੋਂ ਮੈਡੀਸਨ ਦੀ ਪੜ੍ਹਾਈ ਕੀਤੀ ਹੈ।
ਮਾਰੀਆ ਵੋਰੇਂਤਸੋਵਾ ਹੁਣ ਪੜ੍ਹਨ-ਪੜ੍ਹਾਉਣ ਵਿੱਚ ਹਨ ਅਤੇ ਇੰਡੋਕ੍ਰਾਈਨ ਪ੍ਰਣਾਲੀ ਦੇ ਮਾਹਰ ਹਨ। ਉਹ ਬੱਚਿਆਂ ਦੇ ਵਿਕਾਸ ਨਾਲ ਜੁੜੀਆਂ ਗੜਬੜੀਆਂ ਬਾਰੇ ਕਿਤਾਬ ਦੇ ਵੀ ਸਹਿ-ਲੇਖਕ ਹਨ। ਉਹ ਮਾਸਕੋ ਦੇ ਇੰਡੋਕ੍ਰਈਨੋਲੋਜੀ ਰਿਸਰਚ ਸੈਂਟਰ ਵਿੱਚ ਰਿਸਰਚਰ ਵਜੋਂ ਲਿਸਟਡ ਹਨ।
ਇਸ ਤੋਂ ਇਲਾਵਾ ਉਹ ਇੱਕ ਕਾਰੋਬਾਰੀ ਮਹਿਲਾ ਵੀ ਹਨ। ਬੀਬੀਸੀ ਰੂਸੀ ਸੇਵਾ ਮੁਤਾਬਕ ਉਹ ਇੱਕ ਵਿਸ਼ਾਲ ਸਿਹਤ ਸੈਂਟਰ ਬਣਾਉਣ ਜਾ ਰਹੀ ਵੱਡੀ ਕੰਪਨੀ ਵਿੱਚ ਸਹਿ-ਮਾਲਕਣ ਵੀ ਹਨ।
ਵੋਰੇਂਤਸੋਵਾ ਦਾ ਵਿਆਹ ਨੀਦਰਲੈਂਡ ਦੇ ਇੱਕ ਕਾਰੋਬਾਰੀ ਜੋਰਿਟ ਜੂਸਟ ਫਾਸੇਨ ਨਾਲ ਹੋਇਆ। ਫਾਸੇਨ ਪਹਿਲਾਂ ਰੂਸ ਦੀ ਇੱਕ ਵੱਡੀ ਸਰਕਾਰੀ ਕੰਪਨੀ ਵਿੱਚ ਮੁਲਾਜ਼ਮ ਸਨ।

ਤਸਵੀਰ ਸਰੋਤ, Reuters
ਜਿਨ੍ਹਾਂ ਲੋਕਾਂ ਨੇ ਵੋਰੇਂਤਸੋਵਾ ਨਾਲ ਪੁਤਿਨ ਵੱਲੋਂ ਯੂਕਰੇਨ ਉੱਪਰ ਕੀਤੇ ਹਮਲੇ ਤੋਂ ਬਾਅਦ ਮੁਲਾਕਾਤ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਕਦਮ ਲਈ ਆਪਣੇ ਪਿਤਾ ਦੀ ਹਮਾਇਤ ਕਰਦੇ ਹਨ। ਉਨ੍ਹਾਂ ਨੇ ਸੰਕਟ ਬਾਰੇ ਕੌਮਾਂਤਰੀ ਮੀਡੀਆ ਵੱਲੋਂ ਕੀਤੀ ਜਾ ਰਹੀ ਕਵਰੇਜ ਉੱਪਰ ਵੀ ਸਵਾਲ ਚੁੱਕੇ ਹਨ।
ਆਪਣੀ ਭੈਣ ਦੇ ਮੁਕਾਬਲੇ ਕੈਟਰੀਨਾ ਤਿਖੋਨੋਵਾ ਕਿਤੇ ਜ਼ਿਆਦਾ ਜਨਤਕ ਜੀਵਨ ਵਿੱਚ ਦੇਖੇ ਗਏ ਹਨ। ਉਹ ਇੱਕ ਰੌਕ-ਐਂਡ-ਰੋਲ ਡਾਂਸਰ ਰਹੇ ਹਨ। ਸਾਲ 2013 ਵਿੱਚ ਉਹ ਆਪਣੇ ਸਾਥੀ ਦੇ ਨਾਲ ਇੱਕ ਕੌਮਾਂਤਰੀ ਮੁਕਾਬਲੇ ਵਿੱਚ ਪੰਜਵੇਂ ਨੰਬਰ 'ਤੇ ਆਏ ਸਨ।
ਉਸੇ ਸਾਲ ਉਨ੍ਹਾਂ ਨੇ ਕਿਰਿਲ ਸ਼ਾਮਾਲੋਵ ਨਾਲ ਵਿਆਹ ਕਰਵਾ ਲਿਆ। ਕਿਰਿਲ ਰਾਸ਼ਟਰਪਤੀ ਪੁਤਿਨ ਦੇ ਇੱਕ ਪੁਰਾਣੇ ਦੋਸਤ ਦੇ ਪੁੱਤਰ ਹਨ।
ਦੋਵਾਂ ਦਾ ਵਿਆਹ ਸੈਂਟ ਪੀਟਰਜ਼ਬਰਗ ਦੇ ਨਜ਼ਦੀਕ ਇੱਖ ਖ਼ਾਸ ਸਕੀ ਰਿਜ਼ੋਰਟ ਵਿੱਚ ਹੋਇਆ। ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਜੋੜਾ ਤਿੰਨ ਚਿੱਟੇ ਘੋੜਿਆਂ ਵੱਲੋਂ ਖਿੱਚੀ ਜਾ ਰਹੀ ਬਰਫ਼ ਵਾਲੀ ਬੱਗੀ ਵਿੱਚ ਬੈਠ ਕੇ ਪਹੁੰਚਿਆ ਸੀ।
ਸ਼ਾਮਾਲੋਵ ਦੀ ਰੂਸ ਦੇ ਊਰਜਾ ਖੇਤਰ ਵਿੱਚ ਭੂਮਿਕਾ ਕਾਰਨ ਉਨ੍ਹਾਂ 'ਤੇ ਅਮਰੀਕਾ ਨੇ ਸਾਲ 2018 ਵਿੱਚ ਪਾਬੰਦੀਆਂ ਲਗਾਈਆਂ ਸਨ। ਅਮਰੀਕਾ ਮੁਤਾਬਕ ਸ਼ਾਮਾਲੋਵ ਦੀ ''ਜਾਇਦਾਦ ਵਿਆਹ ਤੋਂ ਬਾਅਦ ਬਹੁਤ ਜ਼ਿਆਦਾ ਵਧੀ ਹੈ।'' ਹਾਲਾਂਕਿ ਜੋੜਾ ਉਸ ਤੋਂ ਬਾਅਦ ਵੱਖ ਹੋ ਗਿਆ।
ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਦੋ ਰੂਸੀ ਕਾਰਕੁਨਾਂ ਨੂੰ ਸ਼ਾਮਾਲੋਵ ਦੀ ਇੱਕ ਵੈਭਵਸ਼ਾਲੀ ਵਿਲਾ ਉੱਪਰ ਕਬਜ਼ਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਸਵੀਰ ਸਰੋਤ, Reuters
ਤਿਖੋਨੋਵਾ ਵੀ ਹੁਣ ਆਪਣੀ ਵੱਡੀ ਭੈਣ ਵਾਂਗ ਹੀ ਪੜ੍ਹਨ-ਪੜ੍ਹਾਉਣ ਵਿੱਚ ਰੁੱਝੇ ਹੋਏ ਹਨ ਅਤੇ ਇੱਕ ਕਾਰੋਬਾਰੀ ਮਹਿਲਾ ਹਨ। ਉਹ ਰੂਸ ਦੇ ਸਰਕਾਰੀ ਮੀਡੀਆਂ ਉੱਪਰ ਦੋ ਮੌਕਿਆਂ 'ਤੇ ਨਜ਼ਰ ਆਏ ਸਨ। ਸਾਲ 2018 ਵਿੱਚ ਜਦੋਂ ਉਨ੍ਹਾਂ ਨੇ ਨਿਊਰੋਟੈਕਨੋਲੋਜੀ ਬਾਰੇ ਚਰਚਾ ਵਿੱਚ ਹਿੱਸਾ ਲਿਆ ਸੀ ਅਤੇ ਫਿਰ ਸਾਲ 2012 ਵਿੱਚ ਇੱਕ ਬਿਜ਼ਨਸ ਫੌਰਮ ਵਿੱਚ ਸ਼ਾਮਲ ਹੋਏ ਸਨ।
ਹਾਲਾਂਕਿ ਦੋਵਾਂ ਹੀ ਮੌਕਿਆਂ ਉੱਪਰ ਉਨ੍ਹਾਂ ਦੇ ਰਾਸ਼ਟਰਪਤੀ ਪੁਤਿਨ ਨਾਲ ਰਿਸ਼ਤੇ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।
ਕਿਹਾ ਜਾਂਦਾ ਹੈ ਕਿ ਪੁਤਿਨ ਦੀ ਕਿਸੇ ਵੀ ਬੇਟੀ ਨੇ ਉਨ੍ਹਾਂ ਨਾਲ ਬਹੁਤ ਜ਼ਿਆਦਾ ਸਮਾਂ ਨਹੀਂ ਬਿਤਾਇਆ ਹੈ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦੋਹਤੇ-ਦੋਹਤੀਆਂ ਵੀ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੇ ਇੱਕ ਫੋਨ-ਇਨ ਦੌਰਾਨ ਸਾਲ 2017 ਵਿੱਚ ਜ਼ਿਕਰ ਕੀਤਾ ਸੀ। ਹਾਲਾਂਕਿ ਪੁਤਿਨ ਨੇ ਨਾ ਤਾਂ ਉਨ੍ਹਾਂ ਦੀ ਗਿਣਤੀ ਹੀ ਦੱਸੀ ਅਤੇ ਨਾ ਹੀ ਇਹ ਕਿ ਉਹ ਕਿਸ ਬੇਟੀ ਦੇ ਬੱਚੇ ਹਨ।
ਮੇਰੇ ਦੋਹਤੇ-ਦੋਹਤੀਆਂ ਬਾਰੇ, ਇੱਕ ਤਾਂ ਨਰਸਰੀ ਸਕੂਲ ਵਿੱਚ ਹੈ। ਕਿਰਪਾ ਕਰਕੇ ਸਮਝੋ, ਮੈਂ ਨਹੀਂ ਚਾਹੁੰਦਾ ਕਿ ਉਹ ਸ਼ਿਹਜ਼ਾਦਿਆਂ ਵਾਂਗ ਵੱਡੇ ਹੋਣ। ਸਗੋਂ ਮੈਂ ਚਾਹੁੰਦਾ ਹੈ ਕਿ ਉਹ ਇੱਕ ਆਮ ਆਦਮੀ ਵਾਂਗ ਵੱਡੇ ਹੋਣ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














