ਵੋਲੋਦੀਮੀਰ ਜ਼ੇਲੇਂਸਕੀ: ਇੱਕ ਕਮੇਡੀਅਨ ਜੋ ਜੰਗ ਛਿੜਨ 'ਤੇ ਆਪਣੇ ਦੇਸ਼ ਲਈ ਅੜ ਗਿਆ ਹੈ

ਵੀਡੀਓ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਟੀ ਸੜਕਾਂ 'ਤੇ ਉਤਰੇ: 'ਅਸੀਂ ਲੜਾਂਗੇ, ਹਥਿਆਰ ਨਹੀਂ ਸੁੱਟਣਾ'
    • ਲੇਖਕ, ਸਟੀਫ਼ਨ ਮੁਲਵੇ
    • ਰੋਲ, ਬੀਬੀਸੀ ਨਿਊਜ਼

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਕਿਸੇ ਸਮੇਂ ਇੱਕ ਕਮੇਡੀਅਨ ਰਹੇ ਹਨ। ਉਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ।

ਪਿਛਲੇ ਦੋ ਮਹੀਨਿਆਂ ਦੌਰਾਨ ਉਹ ਅਚਾਨਕ ਇੱਕ ਵੱਡੇ ਆਗੂ ਵਜੋਂ ਉੱਭਰੇ ਹਨ ਜੋ ਭੀੜ ਪੈਣ ਤੇ ਆਪਣੇ ਦੇਸ਼ ਲਈ ਖੜ ਗਿਆ ਹੈ ਅਤੇ ਦੁਨੀਆਂ ਦੇ ਮੰਚ ਉੱਪਰ ਆਪਣੀ ਗੱਲ ਬੇਬਾਕੀ ਨਾਲ ਰੱਖ ਰਿਹਾ ਹੈ।

ਉਹ ਅਕਸਰ ਆਪਣੇ ਸੋਸ਼ਲ ਮੀਡਆ ਹੈਂਡਲ ਤੋਂ ਖੁਦ ਹੀ ਮੋਬਾਈਲ ਫੜ ਕੇ ਲਾਈਵ ਹੋ ਜਾਂਦੇ ਹਨ। ਆਪਣੇ ਦੇਸ਼ ਵਾਸੀਆਂ ਦੇ ਗੁੱਸੇ ਅਤੇ ਰੂਸੀ ਹਮਲੇ ਦੇ ਸਨਮੁੱਖ ਅੜੇ ਰਹਿਣ ਦੇ ਭਾਵਾਂ ਨੂੰ ਜ਼ਬਾਨ ਦਿੰਦੇ ਹਨ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਪਰ ਹਮਲੇ ਤੋਂ ਪਹਿਲਾਂ ਦਾਅਵਾ ਕੀਤਾ ਕਿ ਉੱਥੇ ਰੂਸੀ ਬੋਲਣ ਵਾਲਿਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਇਸ਼ਾਰਾ ਯੂਕਰੇਨ ਦੇ ਬਾਗੀ ਅਧਿਕਾਰ ਹੇਠਲੇ ਦੋ ਖੇਤਰਾਂ ਦੋਨੇਤਸਕ ਅਤੇ ਲੁਹਾਂਸਕ ਵੱਲ ਸੀ। ਇਨ੍ਹਾਂ ਬਾਗੀਆਂ ਨੂੰ 2014 ਤੋਂ ਹੀ ਰੂਸੀ ਹਮਾਇਤ ਹਾਸਲ ਹੈ। ਪੁਤਿਨ ਨੇ ਹਮਲੇ ਤੋਂ ਪਹਿਲਾਂ ਦੋਵਾਂ ਨੂੰ ਅਜ਼ਾਦ ਮੁਲਕਾਂ ਵਜੋਂ ਮਾਨਤਾ ਵੀ ਦੇ ਦਿੱਤੀ।

ਦੂਜੇ ਪਾਸੇ ਜ਼ੇਲੇਂਸਕੀ ਨੇ ਜੋ ਕਿ ਖੁਦ ਰੂਸੀ ਬੋਲਣ ਵਾਲੇ ਯਹੂਦੀ ਪਰਿਵਾਰ ਵਿੱਚੋਂ ਹਨ, ਪੁਤਿਨ ਦੇ ਮੁਕਾਬਲੇ ਬਹੁਤ ਹੀ ਸ਼ਾਂਤ ਅਤੇ ਦ੍ਰਿੜ ਅਤੇ ਮੁਖਰ ਰਹੇ ਹਨ।

ਰਾਸ਼ਟਰਪਤੀ ਜ਼ੇਲੇਂਸਕੀ

ਤਸਵੀਰ ਸਰੋਤ, Getty Images

ਜ਼ੇਲੇਂਸਕੀ ਦੇਸ ਉੱਪਰ ਭੀੜ ਪੈਣ 'ਤੇ ਅਜਿਹਾ ਰੁਖ ਅਪਨਾਉਣਗੇ ਇਹ ਕਿਸੇ ਦੇ ਚਿੱਤ-ਚੇਤੇ ਵਿੱਚ ਨਹੀਂ ਸੀ।

ਸਾਲ 2019 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪ੍ਰਚਾਰ ਦੌਰਾਨ ਕਿਹਾ ਜਾਂਦਾ ਸੀ ਕਿ ਜ਼ੇਲੇਂਸਕੀ ਕੋਲ ਅਹੁਦੇ ਲਈ ਲੁੜੀਂਦੀ ਡੁੰਘਾਈ ਨਹੀਂ ਹੈ। ਹਾਲਾਂਕਿ ਜਦੋਂ ਤੋਂ ਜੰਗ ਛਿੜੀ ਹੈ, ਦੁਨੀਆਂ ਨੂੰ ਉਨ੍ਹਾਂ ਦਾ ਇੱਕ ਅਨੋਖਾ ਰੂਪ ਦੇਖਣ ਨੂੰ ਮਿਲਿਆ ਹੈ।

ਰੂਸ ਦੇ ਹਮਲਾ ਕਰਨ ਤੋਂ ਕੁਝ ਘੰਟੇ ਪਹਿਲਾਂ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਲਾਈਵ ਹੋਏ।

ਉਨ੍ਹਾਂ ਨੇ ਕਿਹਾ, ''ਮੈਂ ਰਾਸ਼ਟਰਪਤੀ ਪੁਤਿਨ ਨੂੰ ਜੰਗ ਟਾਲਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਪੱਲੇ ਖਾਮੋਸ਼ੀ ਹੀ ਪਈ।''

ਆਪਣੀ ਗੱਲ ਅੱਧੀ ਰੂਸੀ ਵਿੱਚ ਕਰਦਿਆਂ ਜ਼ੇਲੇਂਸਕੀ ਨੇ ਅੱਗੇ ਕਿਹਾ, ''ਦੋਵਾਂ ਦੇਸਾਂ ਨੂੰ ਜੰਗ ਦੀ ਕੋਈ ਲੋੜ ਨਹੀਂ ਸੀ। ਸਾਨੂੰ ਠੰਢੀ, ਗਰਮ, ਹਾਈਬਰਿਡ ਕਿਸੇ ਵੀ ਕਿਸਮ ਦੀ, ਜੰਗ ਦੀ ਲੋੜ ਨਹੀਂ ਸੀ। ''

ਆਪਣੇ ਪਹਿਲੇ ਸੰਬੋਧਨ ਵਿੱਚ ਜ਼ੇਲੇਂਸਕੀ ਨੇ ਕਾਲਾ ਸੂਟ-ਬੂਟ ਪਾਇਆ ਹੋਇਆ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, ''ਜੇ ਤੁਸੀਂ ਸਾਡੇ ਉੱਪਰ ਹਮਲਾ ਕੀਤਾ ਤੁਸੀਂ ਸਾਡੇ ਚਿਹਰੇ ਦੇਖੋਗੇ, ਪਿੱਠ ਨਹੀਂ। ਤੁਸੀਂ ਸਾਡੇ ਚਿਹਰੇ ਦੇਖੋਗੇ।''

ਹਮਲੇ ਤੋਂ ਬਾਅਦ ਅੱਧੀ ਰਾਤ ਨੂੰ ਉਨ੍ਹਾਂ ਨੇ ਫਿਰ ਦੇਸ ਨੂੰ ਸੰਬੋਧਨ ਕੀਤਾ। ਇਸ ਵਾਰ ਉਨ੍ਹਾਂ ਨੇ ਫੌਜੀ ਪੁਸ਼ਾਕ ਪਾਈ ਹੋਈ ਸੀ।

ਉਨ੍ਹਾਂ ਨੇ ਕਿਹਾ, ''ਇਹ ਲੋਹਾ ਦਾ ਪਰਦਾ ਡਿੱਗਣ ਦੀ ਅਵਾਜ਼ ਹੈ, ਜੋ ਰੂਸ ਨੂੰ ਸੱਭਿਅਕ ਸਮਾਜ ਨਾਲੋਂ ਕੱਟ ਰਿਹਾ ਹੈ।''

ਜ਼ੇਲੇਂਸਕੀ ਨੇ ਟਵਿੱਟਰ ਉੱਪਰ ਆਪਣੇ ਸੁਨੇਹਿਆਂ ਰਾਹੀਂ ਦੇਸ਼ ਵਾਸੀਆਂ ਨੂੰ ਜੋੜਿਆ ਹੈ।

ਖ਼ਬਰ ਵੈਬਸਾਈਟ ਨੋਵੋਇਆ ਵਰਮਿਆ ਦੇ ਮੁੱਖ ਸੰਪਾਦਕ ਯੂਲੀਆ ਮੈਕਗਫੀ ਦੱਸਦੇ ਹਨ ਕਿ ਜਦੋਂ ਜਲੇਂਸਕੀ ਰਾਸ਼ਟਰਪਤੀ ਬਣੇ ਤਾਂ ਉਹ ਕਾਫ਼ੀ ਸ਼ਸ਼ੋਪੰਜ ਵਿੱਚ ਸਨ। ਉਨ੍ਹਾਂ ਨੂੰ ਨਹੀਂ ਲਗਦਾ ਸੀ ਕਿ ਉਹ ਸਰਕਾਰ ਚਲਾ ਸਕਣਗੇ।

ਹਾਲਾਂਕਿ ਯੂਲੀਆ ਮੰਨਦੇ ਹਨ ਕਿ ਯੂਕਰੇਨ ਵਾਸੀਆਂ ਨੇ ਇਸ ਹਫ਼ਤੇ ਦੌਰਾਨ ਆਪਣੇ ਰਾਸ਼ਟਰਪਤੀ ਦਾ ਹੌਂਸਲਾ ਬਹੁਤ ਵਧਾਇਆ ਹੈ।

ਯੂਲੀਆ ਕਹਿੰਦੇ ਹਨ ਕਿ ਜਿਸ ਤਰ੍ਹਾਂ ਯੂਕਰੇਨ ਨੇ ਆਪਣੇ ਦੇਸ਼ ਨੂੰ ਜੋੜਿਆ ਹੈ ਅਤੇ ਨਿੱਜੀ ਮਿਸਾਲ ਪੇਸ਼ ਕੀਤੀ ਹੈ, ਉਸ ਲਈ ਸਾਰੇ ਹੀ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ ਅਤੇ ਇਜ਼ਤ ਕਰ ਰਹੇ ਹਨ।

ਜ਼ੇਲੇਂਸਕੀ ਦਾ ਸਿਆਸਤ ਵਿੱਚ ਆਉਣਾ ਬੜਾ ਦਿਲਚਸਪ ਰਿਹਾ ਹੈ। ਉਨ੍ਹਾਂ ਦੀ ਸਭ ਤੋਂ ਚਰਚਿਤ ਭੂਮਿਕਾ ਇੱਕ ਪ੍ਰੋਫੈਸਰ ਦੀ ਸੀ। ਪ੍ਰੋਫੈਸਰ ਦੀ ਦੇਸ ਵਿੱਚ ਫੈਲੇ ਭ੍ਰਿਸ਼ਟਾਚਾਰ ਉੱਪਰ ਕੀਤੀ ਟਿੱਪਣੀ ਵਾਇਰਲ ਹੋ ਜਾਂਦੀ ਹੈ।

ਵਿਵਾਦਿਤ ਕਾਰੋਬਾਰੀ ਮੁਗਲ ਇਹੋਰ ਕੋਲੋਮੋਇਸਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ੇਲੇਨਸਕੀ 'ਤੇ ਵਿਵਾਦਿਤ ਕਾਰੋਬਾਰੀ ਮੁਗਲ ਇਹੋਰ ਕੋਲੋਮੋਇਸਕੀ ਦੀ ਕਠਪੁਤਲੀ ਹੋਣ ਦਾ ਦੋਸ਼ ਲਗਾਇਆ ਗਿਆ ਹੈ

ਲੋਕ ਇੰਨੇ ਪ੍ਰਭਾਵਿਤ ਹੁੰਦੇ ਹਨ ਕਿ ਪ੍ਰੋਫੈਸਰ ਨੂੰ ਚੁਣ ਕੇ ਰਾਸ਼ਟਰਪਤੀ ਬਣਾ ਦਿੱਤਾ ਜਾਂਦਾ ਹੈ। ਜ਼ੇਲੇਂਸਕੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣਾ ਕਿਰਦਾਰ ਜਿਉਂ ਰਹੇ ਹਨ।

ਜਦੋਂ ਉਹ ਚੋਣਾਂ ਵਿੱਚ ਖੜੇ ਸਨ ਤਾਂ ਜ਼ਿਆਦਾਤਰ ਲੋਕ ਇਸ ਨੂੰ ਵੀ ਇੱਕ ਮਜ਼ਾਕ ਸਮਝ ਰਹੇ ਸਨ। ਫਿਰ ਜਿੱਤ ਨੂੰ ਵੀ ਮਜ਼ਾਕ ਸਮਝਿਆ ਗਿਆ। ਫਿਰ ਕਿਹਾ ਗਿਆ ਕਿ ਉਹ ਸਰਕਾਰ ਨਹੀਂ ਚਲਾ ਸਕਣਗੇ।

ਜ਼ੇਲੇਂਸਕੀ 73% ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਬਣੇ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਗੇ ਅਤੇ ਪੂਰਬੀ ਹਿੱਸੇ ਵਿੱਚ ਸ਼ਾਂਤੀ ਬਹਾਲ ਕਰਨਗੇ।

ਭਾਵੇਂ ਕਿ ਯੂਕਰੇਨ ਦੇ ਰਾਸ਼ਟਰਪਤੀ ਕੋਲ ਅਥਾਹ ਸ਼ਕਤੀਆਂ ਹਨ ਪਰ ਫਿਰ ਵੀ ਇਨ੍ਹਾਂ ਵਾਅਦਿਆਂ ਨੂੰ ਵਫਾ ਕਰ ਸਕਣਾ ਮੁਸ਼ਕਲ ਹੋਣਾ ਹੀ ਸੀ।

ਸੰਚਾਰ ਸਲਾਹਕਾਰ ਯਾਰਨਿਆ ਕਲੁਚਕੋਵਸਕਾ ਮੁਤਾਬਕ ਖਾਸ ਕਰ ਜ਼ੇਲੇਂਸਕੀ ਵਰਗੇ ਵਿਅਕਤੀ ਲਈ ਤਾਂ ਇੱਕ ਰਸਤਾ ਹੇਠਾਂ ਵੱਲ ਹੀ ਸੀ।

ਯਾਰਨਿਆ ਕਹਿੰਦੇ ਹਨ, ''ਅਜਿਹੇ ਵਾਅਦੇ ਕਰਨਾ ਇੱਕ ਹੋਰ ਗੱਲ ਹੈ ਪਰ ਇਨ੍ਹਾਂ ਨੀਤੀਆਂ ਨੂੰ ਅਮਲੀ ਰੂਪ ਦੇਣਾ ਦੂਜੀ।''

ਵਿਵਾਦਿਤ ਰਿਸ਼ਤੇ

ਜ਼ੇਲੇਂਸਕੀ ਨੇ ਯੂਕਰੇਨ ਵਿੱਚ ਆਪਣੇ ਇੱਕ ਧਨਾਢ ਮਿੱਤਰ ਦੀ ਦੋਸਤੀ ਅਤੇ ਹਮਾਇਤ ਦਾ ਨਿੱਘ ਮਾਣਿਆ ਹੈ। ਕਈਆਂ ਨੇ ਡਰ ਜਾਹਰ ਕੀਤਾ ਕਿ ਉਹ ਵੀ ਬਾਕੀਆਂ ਵਾਂਗ ਪੂੰਜੀਪਤੀਆਂ ਦੀ ਕਠਪੁਤਲੀ ਸਾਬਤ ਹੋਣਗੇ ਕਿਉਂਕਿ ਉਨ੍ਹਾਂ ਦੀਆਂ ਜਿਸ ਵਿਅਕਤੀ ਨਾਲ ਨੇੜਤਾਈਆਂ ਹਨ ਉਸਦਾ ਹਵਾਲੇ ਵਿੱਚ ਨਾਮ ਹੈ ਤੇ ਉਸ ਉੱਪਰ ਅਮਰੀਕਾ ਵਿੱਚ ਜਾਂਚ ਚੱਲ ਰਹੀ ਸੀ।

ਹਾਲਾਂਕਿ ਇਸ ਪੂਰਬ ਧਾਰਨਾ ਦੇ ਬਾਵਜੂਦ ਜ਼ੇਲੇਂਸਕੀ ਯੂਕਰੇਨ ਦੇ ਪਿਛਲੇ ਰਾਸ਼ਟਰਪਤੀਆਂ ਨਾਲੋਂ ਜ਼ਿਆਦਾ ਅਜ਼ਾਦ ਸਾਬਤ ਹੋਏ ਹਨ।

ਉਨ੍ਹਾਂ ਨੇ ਇੱਕ ਕੌਮੀਕ੍ਰਿਤ ਬੈਂਕ ਦੇ ਮੁੜ ਨਿੱਜੀਕਰਨ ਤੋਂ ਇਨਕਾਰ ਕਰ ਦਿੱਤਾ। ਭ੍ਰਿਸ਼ਟਾਚਾਰ ਅਜੇ ਵੀ ਯੂਕਰੇਨ ਵਿੱਚ ਵੱਡਾ ਮਸਲਾ ਹੈ।

ਵੋਲੋਦੀਮੀਰ ਜ਼ੇਲੇਂਸਕੀ

ਤਸਵੀਰ ਸਰੋਤ, Reuters

ਜ਼ੇਲੇਂਸਕੀ ਨੇ ਰੂਸ ਨਾਲ ਗੱਲਬਾਤ ਕਰਕੇ ਪੂਰਬ ਵਿੱਚ ਸ਼ਾਂਤੀ ਲਿਆਉਣ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਉਹ ਵੀ ਜ਼ਿਆਦਾ ਸਫ਼ਲ ਨਹੀਂ ਹੋ ਸਕਿਆਂ। ਉਨ੍ਹਾਂ ਨੇ ਰੂਸ ਨਾਲ ਮਿੰਸਕ ਸਮਝੌਤਾ ਕੀਤਾ। ਸਾਲ 2020 ਦੌਰਾਨ ਉਨ੍ਹਾਂ ਦੀਆਂ ਅਪਰੂਵਲ ਰੇਟਿੰਗਿ ਵਿੱਚ ਲਗਤਾਰ ਕਮੀ ਆਈ।

ਫਿਰ ਜ਼ੇਲੇਂਸਕੀ ਨੇ ਯੂਰਪੀ ਯੂਨੀਅਨ ਅਤੇ ਨਾਟੋ ਦੀ ਮੈਂਬਰਸ਼ਿਪ ਲਈ ਜ਼ਿਆਦਾ ਖੁੱਲ੍ਹ ਕੇ ਵਕਾਲਤ ਕਰਨੀ ਸ਼ੁਰ ਕਰ ਦਿੱਤੀ। ਇਹ ਉਹ ਦੋ ਕਦਮ ਸਨ ਜਿਨ੍ਹਾਂ ਤੋਂ ਰੂਸੀ ਰਾਸ਼ਟਰਪਤੀ ਪੁਤਿਨ ਦਾ ਭੜਕਣਾ ਤੈਅ ਸੀ।

ਫਿਰ ਵੀ...

ਯਾਰਨਿਆ ਕਲੁਚਕੋਵਸਕਾ ਨੋਵੋਇਆ ਵਰਮਿਆ ਦਾ ਮੰਨਣਾ ਹੈ ਕਿ ਜ਼ੇਲੇਂਸਕੀ ਦੇ ਕਾਰਜਕਾਲ ਦੌਰਾਨ ਯੂਕਰੇਨ ਦੇ ਰੂਸ ਨਾਲ ਰਿਸ਼ਤਿਆਂ ਵਿੱਚ ਸੁਧਾਰ ਲਈ ਕੰਮ ਅਤੇ ਫਿਰ ਯੂਕਰੇਨ ਦਾ ਪੱਛਮ ਵੱਲ ਵਧਦਾ ਝੁਕਾਅ ਲਗਾਤਾਰ ਜਾਰੀ ਰਿਹਾ।

ਜ਼ੇਲੇਂਸਕੀ ਨੇ ਯੂਕਰੇਨ ਉੱਪਰ ਰੂਸ ਦੇ ਹਮਲੇ ਬਾਰੇ ਖੂਫੀਆ ਰਿਪੋਰਟਾਂ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ।

ਜ਼ੇਲੇਂਸਕੀ ਵੱਲੋਂ 19 ਫ਼ਰਵਰੀ ਨੂੰ ਮਿਊਨਿਖ ਸਕਿਊਰਿਟੀ ਕਾਨਫ਼ਰੰਸ ਵਿੱਚ ਦਿੱਤੇ ਇੱਕ ਭਾਸ਼ਣ ਤੋਂ ਬਾਅਦ ਤਾਂ ਉਨ੍ਹਾਂ ਦੀ ਆਲੋਚਕ ਰਹੀ ਯਾਰਨਿਆ ਕਲੁਚਕੋਵਸਕਾ ਵੀ ਉਨ੍ਹਾਂ ਦੀ ਫੈਨ ਹੋ ਗਈ।

ਜ਼ੇਲੇਂਸਕੀ ਨੇ ਕੁਝ ਦਿਨ ਪਹਿਲਾਂ ਕੀਤੇ ਇੱਕ ਸਕੂਲੀ ਦੌਰੇ ਤੋਂ ਆਪਣੀ ਗੱਲ ਕੁਝ ਇਸ ਤਰ੍ਹਾਂ ਸ਼ੁਰੂ ਕੀਤੀ, ''ਜਦੋਂ ਸਕੂਲ ਦੇ ਖੇਡ ਮੈਦਾਨ ਵਿੱਚ ਬੰਬ ਨਜ਼ਰ ਆਉਂਦਾ ਹੈ ਤਾਂ ਬੱਚਿਆਂ ਦਾ ਸਵਾਲ ਹੁੰਦਾ ਹੈ ਕੀ ਦੁਨੀਆਂ 19ਵੀਂ ਸਦੀ ਦੇ ਸਬਕ ਭੁੱਲ ਚੁੱਕੀ ਹੈ?''

ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਹਮਲੇ ਬਾਰੇ ਕੋਈ ਕਦਮ ਨਾ ਚੁੱਕਣ 'ਤੇ ਵੀ ਖੁੱਲ੍ਹੇ ਸ਼ਬਦਾਂ ਵਿੱਚ ਆਲੋਚਨਾ ਕੀਤੀ।

ਯਾਰਨਿਆ ਕਲੁਚਕੋਵਸਕਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਯੂਕਰੇਨ ਦਾ ਕੋਈ ਵੀ ਆਗੂ ਕਦੇ ਵੀ ਇੰਨਾ ਖੁੱਲ੍ਹ ਕੇ ਨਹੀਂ ਬੋਲਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੱਛਮੀ ਸੂਹੀਆ ਰਿਪੋਰਟਾਂ ਮੁਤਾਬਕ ਜ਼ੇਲੇਂਸਕੀ ਦਾ ਨਾਮ ਰੂਸੀ ਫੌਜਾਂ ਦੀ ਹਿੱਟਲਿਸਟ ਵਿੱਚ ਸਭ ਤੋਂ ਉੱਪਰ ਹੈ। ਜ਼ੇਲੇਂਸਕੀ ਖੁਦ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਦੂਜੇ ਨੰਬਰ 'ਤੇ ਹੈ। ਫਿਰ ਵੀ ਉਨ੍ਹਾਂ ਨੇ ਕਿਹਾ ਹੈ ਕਿ ਨਾ ਹੀ ਉਹ ਤੇ ਨਾ ਹੀ ਉਨ੍ਹਾਂ ਦਾ ਪਰਿਵਾਰ ਦੇਸ਼ ਛੱਡ ਕੇ ਭੱਜੇਗਾ।

ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਸੈਲਫੀ ਲਾਈਵ ਜਿਨ੍ਹਾਂ ਵਿੱਚ ਉਹ ਜਾਂ ਤਾਂ ਰਾਸ਼ਟਰਪਤੀ ਦਫ਼ਤਰ ਵਿੱਚ ਹੁੰਦੇ ਹਨ ਜਾਂ ਕੀਵ ਦੀਆਂ ਸੜਕਾਂ ਉੱਪਰ, ਨੇ ਵੀ ਉਨ੍ਹਾਂ ਨੂੰ ਇੱਕ ਪਛਾਣ ਦਿੱਤੀ ਹੈ।

ਯਾਰਨਿਆ ਕਲੁਚਕੋਵਸਕਾ ਕਹਿੰਦੇ ਹਨ ਕਿ ਬਿਲਕੁਲ ਉਹ ਇੱਕ ਅਦਾਕਾਰ ਹਨ।

"ਮੈਂ ਨਹੀਂ ਜਾਣਦੀ ਇਹ ਉਨ੍ਹਾਂ ਦਾ ਅਸਲੀ ਰੂਪ ਹੈ ਜਾਂ ਨਹੀਂ ਪਰ ਉਹ ਜੋ ਵੀ ਕਰ ਰਹੇ ਹਨ, ਉਹ ਕੰਮ ਕਰ ਰਿਹਾ ਹੈ।"

ਯੂਕਰੇਨ ਦੇ ਦਰਪੇਸ਼ ਚੁਣੌਤੀਆਂ ਅਜੇ ਘੱਟ ਨਹੀਂ ਹੋਈਆਂ ਹਨ। ਰੂਸ ਦਾ ਹਮਲਾ ਪੂਰਾ ਤਾਕਤ ਵਾਲਾ ਹੈ। ਉਸਦੀ ਫ਼ੌਜ ਕੋਲ ਚੰਗੇ ਹਥਿਆਰ ਹਨ।

ਇਸ ਦੇ ਮੁਕਾਬਲੇ ਉੱਪਰ ਕਾਨੂੰਨ ਦੇ ਇਸ 44 ਸਾਲਾ ਗਰੈਜੂਏਟ, ਜਿਸ ਕੋਲ ਸਿਆਸਤ ਦਾ ਕੋਈ ਤਜ਼ਰਬਾ ਨਹੀਂ ਹੈ, ਉਸ ਨੇ ਇੱਕ ਅਜਿਹੀ ਅਵਾਜ਼ ਬੁਲੰਦ ਕੀਤੀ ਹੈ ਜਿਸ ਨੇ ਯੂਕਰੇਨ ਦਾ ਹੌਂਸਲਾ ਵੀ ਬੁਲੰਦ ਕੀਤਾ ਹੈ।

(ਐਡੀਸ਼ਨਲ ਰਿਪੋਰਟਿੰਗ- ਕੇਟਰੀਨਾ ਖਿੰਕੁਲੋਵਾ)

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)