ਅਰਜਨਟੀਨਾ ਵਿਚ ਦਿਖਿਆ ਦਿੱਲੀ ਬਾਰਡਰਾਂ ਵਰਗਾ ਟਰੈਕਰ ਮਾਰਚ ਦਾ ਨਜ਼ਾਰਾ

ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ 'ਚ ਲਗਭਗ 10 ਹਜ਼ਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਹ ਨਜ਼ਾਰਾ ਕੁਝ -ਕੁਝ ਸਾਲ 2020-21 ਭਾਰਤੀ ਕਿਸਾਨ ਅੰਦੋਲਨ ਦੇ ਟਰੈਕਟਰਜ਼ ਮਾਰਚ ਵਰਗਾ ਹੈ।

ਇਹ ਕਿਸਾਨ ਖਾਣ ਦੀਆਂ ਵਸਤੂਆਂ ਦੀ ਬਰਆਮਦਗੀ 'ਤੇ ਟੈਕਸ ਵਧਾਉਣ ਦੇ ਵਿਰੋਧ 'ਚ ਟਰੈਕਟਰ ਰੈਲੀ ਕੱਢ ਕੇ ਪ੍ਰਦਰਸ਼ਨ ਕਰ ਰਹੇ ਹਨ।

ਸ਼ਨੀਵਾਰ ਨੂੰ ਇਹ ਪ੍ਰਦਰਸ਼ਨਕਾਰੀ ਕਿਸਾਨ ਰਾਸ਼ਟਰਪਤੀ ਭਵਨ ਦੇ ਬਾਹਰ ਟਰੈਕਟਰ ਲੈ ਕੇ ਇਕੱਠੇ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਬਰਆਮਦ 'ਤੇ ਪਾਬੰਦੀਆਂ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਤਬਾਹ ਕਰ ਦੇਣਗੀਆਂ ਅਤੇ ਮਹਿੰਗਾਈ ਨੂੰ ਵਧਾ ਦੇਣਗੀਆਂ।

'ਟੈਕਸ ਘੱਟ ਕਰੋ'

ਖ਼ਬਰ ਏਜੰਸੀ ਰਾਈਟਰਜ਼ ਦੇ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਅਰਜਨਟੀਨਾ ਦੇ ਝੰਡੇ ਲਹਿਰਾਉਂਦੇ ਹੋਏ ਦੇਸ਼ ਦੀ ਰਾਜਧਾਨੀ ਵਿੱਚ ਰਾਸ਼ਟਰਪਤੀ ਦੇ ਨਿਵਾਸ ਸਾਹਮਣੇ ਪ੍ਰਦਰਸ਼ਨ ਕੀਤੇ।

ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਜੋ ਤਖਤੀਆਂ ਸਨ, ਉਨ੍ਹਾਂ 'ਤੇ 'ਟੈਕਸ ਘੱਟ ਕਰੋ' ਅਤੇ "ਅਸੀਂ ਸੜਕਾਂ ਲਈ ਭੁਗਤਾਨ ਕਰਦੇ ਹਾਂ ਪਰ ਇਸ ਦੀ ਬਜਾਏ ਸਾਨੂੰ ਦਲਦਲ ਮਿਲਦੀ ਹੈ" ਵਰਗੇ ਸੰਦੇਸ਼ ਲਿਖੇ ਸਨ।

ਉਨ੍ਹਾਂ ਨੇ ਸਰਕਾਰ ਨੂੰ ਲਿਖੇ ਇੱਕ ਪੱਤਰ ਲਿਖ ਕੇ ਟੈਕਸਾਂ ਵਿੱਚ ਕਟੌਤੀ ਕਰਨ ਦੀਆਂ ਆਪਣੀਆਂ ਮੰਗਾਂ ਰੱਖੀਆਂ ਹਨ। ਇਸ ਪੱਤਰ ਨੂੰ ਧਰਨੇ ਦੌਰਾਨ ਪੜ੍ਹਿਆ ਵੀ ਗਿਆ ਅਤੇ ਬਾਅਦ ਵਿੱਚ ਮੀਡੀਆ ਨੂੰ ਦਿੱਤਾ ਗਿਆ।

ਇਹ ਵੀ ਪੜ੍ਹੋ:

ਪੱਤਰ ਵਿੱਚ ਲਿਖਿਆ ਗਿਆ ਹੈ, "ਸਾਡੀ ਇੱਕ ਸਧਾਰਨ ਮੰਗ ਹੈ: ਅਸੀਂ ਹੁਣ ਉਸ ਰੱਸੀ ਲਈ ਫੰਡ ਦੇਣ ਲਈ ਤਿਆਰ ਨਹੀਂ ਹਾਂ ਜੋ ਸਾਡਾ ਹੀ ਗਲ਼ ਘੁੱਟਣ ਲਈ ਵਰਤੀ ਜਾ ਰਹੀ ਹੈ।''

ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਨੇ ਕਿਹਾ ਹੈ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਸੁਣਨਾ ਚਾਹੁੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਪ੍ਰਦਰਸ਼ਨ ਨੂੰ ਦੱਖਣਪੰਥੀ ਵਿਰੋਧੀ ਧਿਰ ਦਾ ਸਿਆਸੀ ਪ੍ਰੋਗਰਾਮ ਦੱਸਿਆ ਹੈ।

ਕਣਕ, ਮੱਕੀ ਅਤੇ ਸੋਇਆ ਦੇ ਨਿਰਯਾਤ 'ਤੇ ਟੈਕਸ

ਅਰਜਨਟੀਨਾ ਦੀ ਪਿਛਲੀ ਸਰਕਾਰ ਨੇ ਕਣਕ, ਮੱਕੀ ਅਤੇ ਸੋਇਆ ਦੀ ਬਰਆਮਦ 'ਤੇ ਟੈਕਸ ਲਗਾਇਆ ਸੀ ਅਤੇ ਦੋ ਸਾਲ ਪਹਿਲਾਂ ਸੱਤਾ 'ਚ ਆਈ ਫਰਨਾਂਡੀਜ਼ ਸਰਕਾਰ ਨੇ ਇਸ ਨੂੰ ਵਧਾ ਦਿੱਤਾ ਹੈ।

ਦਰਅਸਲ, ਦੇਸ਼ ਵਿੱਚ ਵਧਦੀ ਮਹਿੰਗਾਈ ਅਤੇ ਘਰੇਲੂ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਫਰਨਾਂਡੀਜ਼ ਨੇ ਅਨਾਜ ਅਤੇ ਮੀਟ ਉਦਯੋਗ ਵਿੱਚ ਦਖਲਅੰਦਾਜ਼ੀ ਕੀਤੀ ਹੈ ਅਤੇ ਬਰਆਮਦਕਾਰਾਂ 'ਤੇ ਕਿਸੇ ਵੀ ਮਾਲ ਦੀ ਬਰਆਮਦ ਲਈ ਸੀਮਾ ਤੈਅ ਕਰ ਦਿੱਤੀ ਹੈ।

ਲੰਘੇ ਕੁਝ ਸਾਲਾਂ ਦੌਰਾਨ ਅਰਜਨਟੀਨਾ ਨੇ ਵਧਦੀ ਮਹਿੰਗਾਈ ਦਾ ਸਾਹਮਣਾ ਕੀਤਾ ਹੈ ਜੋ ਕਿ ਸਾਲ 2021 ਵਿੱਚ 50 ਫੀਸਦੀ ਦੇ ਨੇੜੇ ਸੀ। ਜਿਸ ਦੇ ਚੱਲਦਿਆਂ ਸਰਕਾਰ ਲਈ ਖਾਦ ਪਦਾਰਥਾਂ ਸਬੰਧੀ ਨੀਤੀ ਇੱਕ ਅਹਿਮ ਤੇ ਗੰਭੀਰ ਮੁੱਦਾ ਰਹੀ ਹੈ।

ਪਿਛਲੇ ਸਾਲ, ਕਿਸਾਨਾਂ ਨੇ ਮੀਟ ਬਰਆਮਦ 'ਤੇ ਤੈਅ ਕੀਤੀਆਂ ਗਈਆਂ ਸੀਮਾਵਾਂ ਦਾ ਵਿਰੋਧ ਵੀ ਕੀਤਾ ਸੀ, ਜਿਨ੍ਹਾਂ ਨੂੰ ਲੈ ਕੇ ਆਖਰਕਾਰ ਫਰਨਾਂਡੀਜ਼ ਸਰਕਾਰ ਨੇ ਢਿੱਲ ਦੇ ਦਿੱਤੀ ਸੀ।

ਉਂਝ, ਰਾਜਧਾਨੀ ਬਿਊਨਸ ਆਇਰਸ ਵਿੱਚ ਕਿਸਾਨਾਂ ਦੁਆਰਾ ਵਿਰੋਧ ਪ੍ਰਦਰਸ਼ਨ ਬਹੁਤ ਘੱਟ ਹੁੰਦਾ ਹੈ, ਕਿਉਂਕਿ ਆਮ ਤੌਰ 'ਤੇ ਉਹ ਪੇਂਡੂ ਖੇਤਰਾਂ ਵਿੱਚ ਹੀ ਅਜਿਹੇ ਪ੍ਰਦਰਸ਼ਨ ਕਰਦੇ ਹਨ।

ਅਰਜਨਟੀਨਾ ਦੁਨੀਆ ਦੇ ਸਭ ਤੋਂ ਵੱਡੇ ਖਾਦ ਸਮੱਗਰੀ ਬਰਆਮਦਕਾਰਾਂ ਵਿੱਚੋਂ ਇੱਕ ਹੈ ਅਤੇ ਇਹ ਲਾਤੀਨੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਹੈ।

ਖ਼ਬਰ ਏਜੰਸੀ ਰਾਈਟਰਜ਼ ਦੀ ਰਿਪੋਰਟ ਮੁਤਾਬਕ, ਇਹ ਰੋਸ ਪ੍ਰਦਰਸ਼ਨ ਕਿਸੇ ਵਿਸ਼ੇਸ਼ ਜੱਥੇਬੰਦੀ ਵੱਲੋਂ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)