You’re viewing a text-only version of this website that uses less data. View the main version of the website including all images and videos.
ਪਾਕਿਸਤਾਨ: 'ਇੱਕ ਵਾਰ ਅੜ ਜਾਵੇ ਤਾਂ ਫਿਰ ਇਮਰਾਨ ਖ਼ਾਨ, ਇਮਰਾਨ ਖ਼ਾਨ ਦੀ ਵੀ ਨਹੀਂ ਸੁਣਦਾ'- ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਪੰਜਾਬੀ ਦੀ ਇੱਕ ਫਿਲਮ ਸੀ 'ਮੌਲਾ ਜੱਟ', ਉਸ ਵਿੱਚ ਸੁਲਤਾਨ ਰਾਹੀ ਦਾ ਬੜਾ ਮਸ਼ਹੂਰ ਡਾਇਲੋਗ ਸੀ, 'ਮੌਲੇ ਨੂੰ ਮੌਲਾ ਨਾ ਮਾਰੇ ਤਾਂ ਮੌਲਾ ਨਹੀਂ ਮਰਦਾ।'
ਅੱਲ੍ਹਾ ਇਮਰਾਨ ਖ਼ਾਨ ਨੂੰ ਲੰਬੀ ਹਯਾਤੀ (ਜ਼ਿੰਦਗੀ) ਦੇਵੇ, ਉਹ ਫਰਮਾਉਂਦੇ ਹਨ ਕਿ ਉਨ੍ਹਾਂ ਨੂੰ ਅਮਰੀਕਾ ਨੇ ਕੱਢਵਾਇਆ ਤੇ ਇੱਥੋਂ ਦੇ ਗੱਦਾਰਾਂ ਨੇ ਮਿਲ ਕੇ ਕੱਢਿਆ।
ਪਰ ਕੁਝ ਭਰਾ ਇਹ ਕਹਿੰਦੇ ਹਨ ਕਿ ਇਮਰਾਨ ਖ਼ਾਨ ਨੂੰ ਇਮਰਾਨ ਖ਼ਾਨ ਨੇ ਆਪ ਹੀ ਕੱਢਵਾਇਆ ਹੈ।
ਉਹ ਕਹਿੰਦੇ ਹਨ ਕਿ ਵਜ਼ੀਰ-ਏ-ਆਜ਼ਮ ਦੇ ਦਫ਼ਤਰ ਬੈਠੇ-ਬੈਠੇ ਥੋੜ੍ਹੇ ਬੋਰ ਹੋ ਗਏ ਸਨ, ਕਿੱਥੇ ਜਲਸੇ, ਜਲੂਸਾਂ ਦੀਆਂ ਰੌਣਕਾਂ, ਕੰਟੇਨਰ 'ਤੇ ਚੜ੍ਹ ਕੇ ਬੜਕਾਂ ਤੇ ਕਿੱਥੇ ਠੰਢੇ ਕਮਰਿਆਂ ਵਿੱਚ ਆਈਐੱਮਐੱਫ ਦੇ ਨਾਲ ਲੰਬੀਆਂ ਮੀਟਿੰਗਾਂ, ਕੌਰਨਰ ਟਾਈਗਰ ਕਿਤੇ ਪਿੰਜਰੇ ਵਿੱਚ ਫਸ ਗਿਆ ਸੀ ਤੇ ਹੁਣ ਫਿਰ ਆਜ਼ਾਦ ਹੈ।
ਇੱਕ ਗੱਲ ਤਾਂ ਹੈ ਕਿ ਖ਼ਾਨ ਸਾਬ੍ਹ ਵਰਗਾ ਲੀਡਰ ਕਿਸੇ ਹੋਰ ਕੌਮ ਨੂੰ ਲੱਭਾ ਹੋਵੇ ਜਾਂ ਨਾ ਲੱਭਾ ਹੋਵੇ, ਸਾਨੂੰ 'ਤੇ ਕਦੇ ਨਹੀਂ ਲੱਭਿਆ।
ਇੰਨਾਂ ਸੋਹਣਾ ਕਿ, ਮੁੰਡੇ-ਕੁੜੀਆਂ, ਬਾਬੇ-ਮਾਈਆਂ ਸਾਰੇ ਹੀ ਆਸ਼ਿਕ ਤੇ ਇੰਨਾ ਫਿੱਟ ਕਿ ਅੱਜ ਵੀ ਕਿਸੇ ਪੁਤਿਨ ਨਾਲ, ਮੋਦੀ ਨਾਲ ਜਾਂ ਕਿਸੇ ਜਵਾਨ ਲੀਡਰ ਨਾਲ ਡੰਢ-ਬੈਠਕ ਦਾ ਮੁਕਾਬਲਾ ਕਰਵਾ ਲਓ ਤੇ ਤੁਹਾਨੂੰ ਪਤਾ ਹੈ ਕੌਣ ਜਿੱਤੇਗਾ।
ਉਤੋਂ ਕੌਮ ਦੇ ਗ਼ਮ ਵਿੱਚ ਪੂਰਾ ਪਾਗ਼ਲ, 20 ਸਾਲ ਤੱਕ ਖ਼ਾਨ ਸਾਬ੍ਹ ਜਦੋਂ ਵੀ ਕਹਿੰਦੇ ਸਨ ਕਿ ਹਾਮਿਦ ਜਦੋਂ ਮੈਂ ਵਜ਼ੀਰ-ਏ-ਆਜ਼ਮ ਬਣਾਂਗਾ, ਤੇ ਪੂਰੀ ਕੌਮ ਹੱਸਦੀ ਸੀ, ਜੁਗਤਾਂ ਲਗਾਉਂਦੀ ਸੀ, ਚੰਦਾ ਦੇਣ ਨੂੰ ਹਰ ਵਕਤ ਤਿਆਰ, ਧੀਆਂ-ਭੈਣਾਂ ਦੇ ਰਿਸ਼ਤੇ ਵੀ ਹਾਜ਼ਿਰ ਪਰ ਵੋਟ ਨਹੀਂ ਦਿੰਦੇ ਸਨ।
ਪਰ ਖ਼ਾਨ ਬਾਜ ਨਹੀ ਆਇਆ, ਅੜੀਅਲ ਆਦਮੀ ਹੈ, ਇੱਕ ਵਾਰ ਅੜ ਜਾਵੇ ਤਾਂ ਫਿਰ ਇਮਰਾਨ ਖ਼ਾਨ, ਇਮਰਾਨ ਖ਼ਾਨ ਦੀ ਵੀ ਨਹੀਂ ਸੁਣਦਾ।
ਇਹ ਵੀ ਪੜ੍ਹੋ:
ਵੈਰੀ ਕਹਿੰਦੇ ਹਨ ਕਿ ਖ਼ਾਨ ਨੂੰ ਫੌਜ ਨੇ ਵਜ਼ੀਰ-ਏ-ਆਜ਼ਮ ਬਣਵਾਇਆ, ਇਹ ਸੱਚੀ ਗੱਲ ਹੈ ਕਿ ਸਾਡੇ ਫੌਜੀ ਜਨਰਲ ਜ਼ਿਆਦਾਤਰ ਸਿਆਸਤਦਾਨਾਂ ਨੂੰ ਜੁੱਤਾ ਪਾਲਿਸ਼ ਕਰਨ 'ਤੇ ਲਾਈ ਰੱਖਦੇ ਹਨ ਪਰ ਮੈਨੂੰ ਯਕੀਨ ਹੈ ਕਿ ਇਮਰਾਨ ਖ਼ਾਨ ਨੂੰ ਉਹ ਵੀ ਦਿਲੋਂ ਸਲੂਟ ਕਰਦੇ ਸਨ।
ਮੇਰਾ ਖ਼ਿਆਲ ਹੈ ਇਮਰਾਨ ਖ਼ਾਨ ਨੂੰ ਵਜ਼ੀਰ-ਏ-ਆਜ਼ਮ ਆਪ ਇਮਰਾਨ ਖ਼ਾਨ ਨੇ ਬਣਵਾਇਆ ਸੀ ਅਤੇ ਨਾਲ ਹੀ ਸਿਰ 'ਤੇ ਪਾਕਪਟਨ ਵਾਲੇ ਬਾਬਾ ਫੀਰਦ ਦਾ ਹੱਥ ਸੀ।
ਚੋਣਾਂ ਤੋਂ ਪਹਿਲਾਂ ਦੀ ਇੱਕ ਫੋਟੋ ਹੈ, ਜਿੱਥੇ ਖ਼ਾਨ ਸਾਬ੍ਹ ਪਾਕਪਟਨ ਦੇ ਦਰਬਾਰ 'ਤੇ ਹਾਜ਼ਰੀ ਦੇ ਰਹੇ ਹਨ।
ਉਹ ਦਰਬਾਰ ਦੀ ਕੰਧ ਨਾਲ ਟੇਕ ਲਗਾ ਕੇ ਜ਼ਮੀਨ 'ਤੇ ਬੈਠੇ ਹਨ, ਇਸ ਤਰ੍ਹਾਂ ਦੇ ਤੁਸੀਂ ਕਈ ਮਜਬੂਰ-ਮੁਆਲੀ ਦਰਬਾਰਾਂ 'ਤੇ ਦੇਖੇ ਹੋਣਗੇ।
ਜਿਨ੍ਹਾਂ ਦੀਆਂ ਸ਼ਕਲਾਂ ਵੇਖ ਕੇ ਬੰਦਾ ਭਾਪ ਜਾਂਦਾ ਹੈ ਕਿ ਜੇ ਇਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਇਨ੍ਹਾਂ ਨੇ ਦਰਬਾਰ ਛੱਡ ਕੇ ਨਹੀਂ ਜਾਣਾ।
ਖ਼ਾਨ ਸਾਬ੍ਹ ਦੀ ਤਲਬ ਵੀ ਸੱਚੀ ਸੀ, ਉਨ੍ਹਾਂ ਦੀ ਸੁਣੀ ਗਈ, ਬਾਬਾ ਫਰੀਦ ਦਾ ਕਰਮ ਹੋਇਆ ਤੇ ਉਹ ਵਜ਼ੀਰ-ਏ-ਆਜ਼ਮ ਬਣ ਗਏ।
ਪਰ ਬਾਬਾ ਜੀ ਨੇ ਸਿਰਫ਼ ਵਜ਼ੀਰ-ਏ-ਆਜ਼ਮ ਬਣਵਾਉਣਾ ਸੀ, ਆਟੇ, ਦਾਲਾਂ, ਪੈਟਰੋਲ ਦਾ ਭਾਅ, ਇਹ ਸਭ ਕੁਝ ਖ਼ਾਨ ਸਾਬ੍ਹ ਦੇ ਆਪਣੇ ਹੱਥ ਵਿੱਚ ਸੀ।
ਤੁਸੀਂ ਵੇਖਿਆ ਹੋਣਾ ਇੱਕ ਵਕਤ ਆਇਆ ਸੀ ਜਦੋਂ ਖ਼ਾਨ ਸਾਬ੍ਹ ਨੇ ਤਸਬੀਹ ਫੜ੍ਹ ਲਈ ਸੀ ਅਤੇ ਇਸ ਨੂੰ ਹਰ ਵਕਤ ਘੁਮਾਉਂਦੇ ਰਹਿੰਦੇ ਸਨ।
ਪਰ ਮੁਲਕ ਚਲਾਉਣਾ ਰੂਹਾਨੀਅਤ ਦਾ ਕੰਮ ਨਹੀਂ, ਇਹ ਸ਼ਾਹੂਕਾਰੀ ਦਾ ਕੰਮ ਹੈ ਤੇ ਸ਼ਾਹੂਕਾਰਾਂ ਦੇ ਸੀਨੇ ਵਿੱਚ ਦਿਲ ਕੋਈ ਨਹੀਂ ਹੁੰਦਾ।
ਵੈਸੇ ਵੀ ਹਰ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਦੋ-ਢਾਈ ਸਾਲ ਬਾਅਦ ਆਪਣੇ ਆਪ ਨੂੰ ਸੱਚਮੁੱਚ ਵਜ਼ੀਰ-ਏ-ਆਜ਼ਮ ਸਮਝਣ ਲੱਗ ਪੈਂਦਾ।
ਪੁਰਾਣੇ ਵੈਰ ਕੱਢ ਬੈਠਦਾ ਹੈ, ਜਨਰਲਾਂ ਨੂੰ ਸ਼ੱਕ ਹੋਣ ਲੱਗਦਾ ਹੈ ਕਿ ਇਹ ਬੰਦਾ ਹੁਣ ਕੁਝ ਕਰੇਗਾ।
ਕੁਝ ਮਹੀਨਿਆਂ ਪਹਿਲਾਂ ਤਾਂ ਖ਼ਾਨ ਸਾਬ੍ਹ ਨੇ ਵਿਰੋਧੀ ਧਿਰ ਨੂੰ ਨੱਥ ਪਾਈ ਹੋਈ ਸੀ, ਮੀਡੀਆ ਵਿੱਚ ਵੀ ਕੋਈ ਘੁਸਕਦਾ (ਬੋਲਦਾ) ਨਹੀਂ ਸੀ, ਫੇਰ ਖ਼ਬਰੇ ਕੀ ਹੋਇਆ ਕਿ ਜਨਰਲ ਬਾਜਵਾ ਸਾਬ੍ਹ, ਜਿਹੜੇ ਖ਼ਾਨ ਸਾਬ੍ਹ ਨੂੰ ਇੰਝ ਦੇਖਦੇ ਸਨ, ਜਿਵੇਂ ਹੀਰ-ਰਾਂਝੇ ਨੂੰ ਦੇਖਦੀ ਹੋਵੇ, ਉਨ੍ਹਾਂ ਨੇ ਨਜ਼ਰਾਂ ਫੇਰ ਲਈਆਂ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸਾਰਾ ਜ਼ਮਾਨਾ ਇੱਕ ਦਮ ਹੀ ਵੈਰੀ ਹੋ ਗਿਆ। ਹੁਣ ਖ਼ਾਨ ਸਾਬ੍ਹ ਦੇ ਪਿਆਰ ਕਰਨ ਵਾਲਿਆਂ ਨੂੰ ਇਹ ਸਮਝ ਨਹੀਂ ਆਉਂਦੀ, ਕਿ ਉਨ੍ਹਾਂ ਨੇ ਗਾਲ੍ਹ ਅਮਰੀਕਾ ਨੂੰ ਕੱਢਣੀ ਹੈ ਜਾਂ ਬਾਜਵਾ ਸਾਬ੍ਹ ਨੂੰ।
ਮੇਰਾ ਖ਼ਿਆਲ ਹੈ ਕਿ ਖ਼ਾਨ ਸਾਬ੍ਹ ਅਤੇ ਉਨ੍ਹਾਂ ਦੇ ਪਿਆਰ ਕਰਨ ਵਾਲਿਆਂ ਨੂੰ ਗਾਲ੍ਹ-ਮੰਦਾ ਛੱਡ ਦੇਣਾ ਚਾਹੀਦਾ ਹੈ।
ਖ਼ਾਨ ਸਾਬ੍ਹ ਨੂੰ ਚਾਹੀਦਾ ਹੈ ਕਿ ਇੱਕ ਵਾਰ ਫਿਰ ਪੁਰਾਣਾ ਰੂਟ ਫੜ੍ਹਨ, ਬਾਬਾ ਫਰੀਦ 'ਤੇ ਇੱਕ ਵਾਰ ਫਿਰ ਹਾਜ਼ਰੀ ਦੇਣ ਤੇ ਮੈਦਾਨ ਵਿੱਚ ਆ ਜਾਣ।
ਹੁਣ ਤਸਬੀਹ ਫੇਰਨ ਦਾ ਵੇਲਾ ਲੰਘ ਗਿਆ, ਵਕਤ ਹੈ ਧਮਾਲ ਪਾਉਣ ਦਾ ਤੇ ਖ਼ਾਨ ਸਾਬ੍ਹ ਇੱਕ ਵਾਰ ਫੇਰ ਦਮਾਦਮ ਮਸਤ ਕਲੰਦਰ ਕਰਾ ਹੀ ਦੇਣ।
ਰੱਬ ਰਾਖਾ !
ਇਹ ਵੀ ਪੜ੍ਹੋ: