ਰੋਮਨ ਅਬਰਾਮੋਵਿਚ: ਰੂਸ ਵਿੱਚ ਇੱਕ ਅਨਾਥ ਬੱਚੇ ਦੇ ਅਰਬਪਤੀ ਬਣਨ ਦੀ ਕਹਾਣੀ

ਤਸਵੀਰ ਸਰੋਤ, Getty Images
ਰੋਮਨ ਅਬਰਾਮੋਵਿਚ ਮਹਿਜ਼ ਤਿੰਨ ਸਾਲਾਂ ਦੇ ਸਨ ਜਦੋਂ ਉਹ ਅਨਾਥ ਹੋ ਗਏ ਪਰ ਫਿਰ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਬਣ ਗਏ। ਰੂਸ ਦੇ ਵੱਡੇ ਕਾਰੋਬਾਰੀ ਅਬਰਾਮੋਵਿਚ ਦੇ ਵਲਾਦੀਮੀਰ ਪੁਤਿਨ ਨਾਲ ਬਹੁਤ ਖਾਸ ਸਬੰਧ ਹਨ ਅਤੇ ਇਸੇ ਕਾਰਨ ਹੁਣ ਉਨ੍ਹਾਂ ਦੇ ਕਾਰੋਬਾਰਾਂ ਅਤੇ ਸਾਖ 'ਤੇ ਵੀ ਪ੍ਰਭਾਵ ਪੈ ਰਿਹਾ ਹੈ।
ਜਦੋਂ ਰੂਸੀ ਅਰਬਪਤੀ ਅਬਰਾਮੋਵਿਚ ਨੇ ਸਾਲ 2003 ਵਿੱਚ ਚੇਲਸੀਆ ਫੁੱਟਬਾਲ ਕਲੱਬ ਖਰੀਦਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ "ਮੈਨੂੰ ਯਕੀਨ ਹੈ ਕਿ ਲੋਕ ਤਿੰਨ ਜਾਂ ਚਾਰ ਦਿਨਾਂ ਲਈ ਮੇਰੇ 'ਤੇ ਧਿਆਨ ਦੇਣਗੇ ਪਰ ਫਿਰ ਇਹ ਖ਼ਤਮ ਹੋ ਜਾਵੇਗਾ। ਉਹ ਭੁੱਲ ਜਾਣਗੇ ਕਿ ਮੈਂ ਕੌਣ ਹਾਂ ਅਤੇ ਮੈਨੂੰ ਇਹ ਪਸੰਦ ਹੈ।''
ਪਰ ਪਿਛਲੇ ਕੁਝ ਹਫ਼ਤਿਆਂ ਦੀਆਂ ਘਟਨਾਵਾਂ ਨੂੰ ਦੇਖਦਿਆਂ, ਹੁਣ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਲੋਕ ਉਨ੍ਹਾਂ ਨੂੰ ਭੁੱਲ ਜਾਣਗੇ। ਅਬਰਾਮੋਵਿਚ ਦੇ ਸੌਦਿਆਂ ਦੀ ਜਾਂਚ ਲਈ ਕਈ ਸਾਲਾਂ ਤੋਂ ਮੰਗਾਂ ਉੱਠ ਰਹੀਆਂ ਸਨ, ਜਿਸ ਤੋਂ ਬਾਅਦ ਯੂਕੇ ਸਰਕਾਰ ਨੇ ਉਨ੍ਹਾਂ ਦੀਆਂ ਯੂਕੇ-ਅਧਿਕਾਰਤ ਸੰਪਤੀਆਂ - ਉਨ੍ਹਾਂ ਦਾ ਘਰ, ਕਲਾਕ੍ਰਿਤੀਆਂ ਅਤੇ ਚੇਲਸੀਆ ਫੁੱਟਬਾਲ ਕੱਲਬ ਨੂੰ ਫ੍ਰੀਜ਼ ਕਰ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ 'ਤੇ ਯਾਤਰਾ ਪਾਬੰਦੀ ਵੀ ਲਗਾ ਦਿੱਤੀ ਹੈ।
ਉਨ੍ਹਾਂ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਯੂਕਰੇਨ ਉੱਤੇ ਹਮਲੇ ਵਿੱਚ ਰਾਸ਼ਟਰਪਤੀ ਪੁਤਿਨ ਨਾਲ ਸ਼ਾਮਲ ਹਨ।
ਬ੍ਰਿਟਿਸ਼ ਫੁੱਟਬਾਲ 'ਤੇ ਦਬਦਬਾ ਰੱਖਣ ਵਾਲੇ ਵਿਅਕਤੀ ਦੇ ਰੁਤਬੇ ਨੂੰ ਇਸ ਪ੍ਰਕਾਰ ਦਾ ਧੱਕਾ ਵੱਡੀ ਗੱਲ ਹੈ ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਚੁਣੌਤੀਆਂ ਨੂੰ ਪਾਰ ਕੀਤਾ ਹੈ, ਖਾਸ ਤੌਰ 'ਤੇ ਆਪਣੇ ਸ਼ੁਰੂਆਤੀ ਜੀਵਨ ਵਿੱਚ।
ਇੱਕ ਅਨਾਥ ਬੱਚੇ ਤੋਂ ਵੱਡੇ ਕਾਰੋਬਾਰੀ ਤੱਕ
ਰੋਮਨ ਅਰਕਾਡੇਵਿਚ ਅਬਰਾਮੋਵਿਚ ਦਾ ਜਨਮ 1966 ਵਿੱਚ ਯੂਕਰੇਨ ਦੀ ਸਰਹੱਦ ਤੋਂ ਕੁਝ ਸੌ ਮੀਲ ਦੂਰ ਦੱਖਣ-ਪੱਛਮੀ ਰੂਸ ਦੇ ਸਾਰਾਟੋਵ ਵਿੱਚ ਹੋਇਆ ਸੀ। ਜਦੋਂ ਉਹ ਇੱਕ ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਂ, ਇਰੀਨਾ ਦੀ ਬੱਲਡ ਪੁਆਈਜ਼ਨਿੰਗ (ਖੂਨ ਸਬੰਧੀ ਰੋਗ) ਕਾਰਨ ਮੌਤ ਹੋ ਗਈ ਸੀ ਅਤੇ ਫਿਰ ਦੋ ਸਾਲਾਂ ਬਾਅਦ ਇੱਕ ਹਾਦਸੇ ਵਿੱਚ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਗਈ।

ਤਸਵੀਰ ਸਰੋਤ, Getty Images
ਅਬਰਾਮੋਵਿਚ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪਾਲਿਆ। ਉਨ੍ਹਾਂ ਦਾ ਇਹ ਸਮਾਂ ਰੂਸ ਦੇ ਉੱਤਰ-ਪੱਛਮ ਵਿੱਚ ਇੱਕ ਬੇਹੱਦ ਠੰਢੇ ਇਲਾਕੇ ਕੋਮੀ ਵਿਖੇ ਲੰਘਿਆ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਗੰਭੀਰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇੱਕ ਵਾਰ 'ਗਾਰਡੀਅਨ' ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ, "ਸੱਚ ਦੱਸਣ ਲਈ ਮੈਂ ਆਪਣੇ ਬਚਪਨ ਨੂੰ ਬੁਰਾ ਨਹੀਂ ਕਹਿ ਸਕਦਾ। ਬਚਪਨ ਵਿੱਚ ਤੁਸੀਂ ਚੀਜ਼ਾਂ ਦੀ ਤੁਲਨਾ ਨਹੀਂ ਕਰ ਸਕਦੇ- ਕੋਈ ਗਾਜਰ ਖਾਂਦਾ ਹੈ, ਕੋਈ ਕੈਂਡੀ ਖਾਂਦਾ ਹੈ, ਦੋਵਾਂ ਦਾ ਸੁਆਦ ਚੰਗਾ ਹੈ। ਇੱਕ ਬੱਚੇ ਵਜੋਂ ਤੁਸੀਂ ਫਰਕ ਨਹੀਂ ਦੱਸ ਸਕਦੇ।"
16 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਅਤੇ ਇੱਕ ਮਕੈਨਿਕ ਵਜੋਂ ਕੰਮ ਸ਼ੁਰੂ ਕੀਤਾ, ਰੈੱਡ ਆਰਮੀ ਵਿੱਚ ਸੇਵਾ ਕੀਤੀ ਅਤੇ ਫਿਰ ਮਾਸਕੋ ਵਿੱਚ ਪਲਾਸਟਿਕ ਦੇ ਖਿਡੌਣੇ ਵੇਚਣ ਦਾ ਕੰਮ ਵੀ ਕੀਤਾ।
ਇਹ ਵੀ ਪੜ੍ਹੋ:
ਜਦੋਂ ਸੋਵੀਅਤ ਆਗੂ ਮਿਖਾਇਲ ਗੋਰਬਾਚੇਵ ਨੇ ਕਾਰੋਬਾਰੀਆਂ ਲਈ ਵਧੇਰੇ ਮੌਕੇ ਉਪਲੱਬਧ ਕਰਾਉਣ 'ਤੇ ਜ਼ੋਰ ਦਿੱਤਾ ਤਾਂ ਅਬਰਾਮੋਵਿਚ ਨੇ ਪਰਫਿਊਮ ਅਤੇ ਡੀਓਡੋਰੈਂਟਸ ਦਾ ਕੰਮ ਸ਼ੁਰੂ ਕੀਤਾ ਅਤੇ ਅਮੀਰੀ ਵੱਲ ਆਪਣੇ ਕਦਮ ਵਧਾਏ।
ਕਿਸਮਤ ਦਾ ਸਾਥ
ਸੋਵੀਅਤ ਸੰਘ ਦੇ ਟੁੱਟਣ ਨਾਲ ਖਣਿਜ ਸੰਪਤੀਆਂ ਦੀ ਕਮਾਂਡ ਰੂਸ ਦੇ ਹੱਥ ਆ ਗਈ ਅਤੇ ਇਸਨੇ ਅਬਰਾਮੋਵਿਚ ਨੂੰ ਹੋਰ ਮੌਕੇ ਦਿੱਤੇ।
ਸਾਲ 1995 ਵਿੱਚ ਉਨ੍ਹਾਂ ਨੇ ਹੇਰਾ-ਫੇਰੀ ਵਾਲੀ ਇੱਕ ਨਿਲਾਮੀ ਵਿੱਚ ਰੂਸੀ ਸਰਕਾਰ ਤੋਂ ਤੇਲ ਕੰਪਨੀ ਸਿਬਨੇਫਟ ਨੂੰ ਲਗਭਗ 250 ਮਿਲੀਅਨ ਡਾਲਰ ਵਿੱਚ ਖਰੀਦ ਲਿਆ। ਫਿਰ ਸਾਲ 2005 ਵਿੱਚ ਉਨ੍ਹਾਂ ਨੇ ਇਸ ਕੰਪਨੀ ਨੂੰ ਮੁੜ ਸਰਕਾਰ ਨੂੰ 13 ਬਿਲੀਅਨ ਡਾਲਰ ਵਿੱਚ ਵੇਚ ਦਿੱਤਾ।
ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਇਲਜ਼ਾਮ ਦਾ ਕੋਈ ਆਧਾਰ ਨਹੀਂ ਹੈ ਕਿ ਉਨ੍ਹਾਂ ਨੇ ਕਿਸੇ ਅਪਰਾਧ ਰਾਹੀਂ ਬਹੁਤ ਜ਼ਿਆਦਾ ਜਾਇਦਾਦ ਇਕੱਠੀ ਕੀਤੀ ਹੈ। ਹਾਲਾਂਕਿ, 2012 ਵਿੱਚ ਉਨ੍ਹਾਂ ਨੇ ਯੂਕੇ ਦੀ ਇੱਕ ਅਦਾਲਤ ਵਿੱਚ ਇਹ ਮੰਨਿਆ ਸੀ ਕਿ ਉਨ੍ਹਾਂ ਨੇ ਸਿਬਨੇਫਟ ਸੌਦੇ ਨੂੰ ਜਾਰੀ ਰੱਖਣ ਲਈ ਭ੍ਰਿਸ਼ਟਚਾਰ ਕਰਦੇ ਹੋਏ ਭੁਗਤਾਨ ਕੀਤੇ ਸਨ।
1990 ਦੇ ਦਹਾਕੇ ਦੇ "ਐਲੂਮੀਨੀਅਮ ਯੁੱਧਾਂ" ਵਿੱਚ ਵੀ ਉਹ ਸ਼ਾਮਲ ਹੋਏ, ਜਿਸ ਵਿੱਚ ਉਹ ਧਨਾਢ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਬੇਹੱਦ ਲਾਭ ਹੋਇਆ ਸੀ ਅਤੇ ਜਿਨ੍ਹਾਂ ਦਾ ਸਿਆਸੀ ਦਬਦਬਾ ਵਧਿਆ ਸੀ।
ਅਬਰਾਮੋਵਿਚ ਨੇ 2011 ਵਿੱਚ ਕਿਹਾ ਸੀ, "ਹਰ ਤਿੰਨ ਦਿਨਾਂ ਵਿੱਚ ਕਿਸੇ ਦੀ ਹੱਤਿਆ ਕੀਤੀ ਜਾ ਰਹੀ ਸੀ'' ਅਤੇ ਇਸੇ ਖਤਰੇ ਨੂੰ ਦੇਖਦਿਆਂ, ਆਪਣੀ ਰੱਖਿਆ ਲਈ ਉਨ੍ਹਾਂ ਨੂੰ ਵੀ ਇਸ 'ਯੁੱਧ' ਵਿੱਚ ਸ਼ਾਮਲ ਹੋਣਾ ਪਿਆ।
ਪਰ ਅਬਰਾਮੋਵਿਚ ਨੇ ਇਸ ਹਫੜਾ-ਦਫੜੀ ਦੇ ਦੌਰਾਨ ਵੀ ਸੈਂਕੜੇ ਮਿਲੀਅਨ ਪਾਊਂਡ ਇਕੱਠੇ ਕੀਤੇ।

ਤਸਵੀਰ ਸਰੋਤ, Reuters
ਸਿਆਸਤ ਵਿੱਚ ਕਦਮ
ਉਹ ਰਾਸ਼ਟਰਪਤੀ ਬੋਰਿਸ ਯੇਲਤਸਿਨ ਦੇ ਸਹਿਯੋਗੀ ਬਣ ਗਏ ਅਤੇ ਸੋਵੀਅਤ ਤੋਂ ਪਹਿਲਾਂ ਦੇ ਮਾਸਕੋ ਦੀ ਸਿਆਸਤ ਦੇ ਇੱਕ ਅਹਿਮ ਖਿਡਾਰੀ ਬਣੇ। ਇੱਥੋਂ ਤੱਕ ਕਿ ਕੁਝ ਸਮੇਂ ਲਈ ਉਨ੍ਹਾਂ ਕੋਲ ਕ੍ਰੇਮਲਿਨ ਵਿੱਚ ਇੱਕ ਅਪਾਰਟਮੈਂਟ ਵੀ ਸੀ।
ਜਦੋਂ ਯੇਲਤਸਿਨ ਨੇ 1999 ਵਿੱਚ ਅਸਤੀਫਾ ਦਿੱਤਾ ਤਾਂ ਅਬਰਾਮੋਵਿਚ ਕਥਿਤ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਸਾਬਕਾ ਕੇਜੀਬੀ ਜਾਸੂਸ ਵਲਾਦੀਮੀਰ ਪੁਤਿਨ ਨੂੰ ਸਮਰਥਨ ਦਿੱਤਾ ਸੀ।
ਜਿਵੇਂ-ਜਿਵੇਂ ਪੁਤਿਨ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ, ਉਨ੍ਹਾਂ ਨੇ ਧਨਾਢ ਲੋਕਾਂ ਉੱਤੇ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਵਫ਼ਾਦਾਰੀ ਨਾ ਦਿਖਾ ਸਕਣ ਕਾਰਨ ਕੁਝ ਨੂੰ ਜੇਲ੍ਹ ਜਾਣਾ ਪਿਆ ਅਤੇ ਬਾਕੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ।
ਅਬਰਾਮੋਵਿਚ ਦੀ ਕਿਸਮਤ ਨੇ ਇੱਥੇ ਵੀ ਉਨ੍ਹਾਂ ਦਾ ਸਾਥ ਦਿੱਤਾ। ਸਾਲ 2000 ਵਿੱਚ ਉਹ ਰੂਸ ਦੇ ਉੱਤਰ-ਪੂਰਬੀ ਹਿੱਸੇ 'ਤੇ ਚੁਕੋਟਕਾ ਦੇ ਅਬਾਦੀ ਵਾਲੇ ਖੇਤਰ ਦੇ ਗਵਰਨਰ ਚੁਣੇ ਗਏ। ਸਮਾਜਿਕ ਸੇਵਾਵਾਂ ਵਿੱਚ ਆਪਣਾ ਨਿੱਜੀ ਪੈਸਾ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਪ੍ਰਸਿੱਧੀ ਹਾਸਲ ਕੀਤੀ ਪਰ ਫਿਰ 2008 ਵਿੱਚ ਅਹੁਦਾ ਛੱਡ ਦਿੱਤਾ।
ਹਰ ਸਮੇਂ ਉਨ੍ਹਾਂ ਨੇ ਆਪਣੇ ਵਪਾਰਕ ਹਿੱਤਾਂ ਨੂੰ ਪੂਰਾ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਆਪਣੇ ਪੈਸੇ ਨਾਲ ਪੇਂਟਿੰਗਾਂ, ਘਰ ਤੇ ਕਾਰਾਂ ਖਰੀਦੀਆਂ।

ਤਸਵੀਰ ਸਰੋਤ, PA Media
ਲੰਡਨ ਵਿੱਚ ਸੰਪੱਤੀ
ਅਬਰਾਮੋਵਿਚ ਨੂੰ ਇੱਕ ਸ਼ਾਂਤ, ਬਲਕਿ ਇੱਕ ਸ਼ਰਮੀਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਪਰ ਉਹ ਉਸ ਵੇਲੇ ਸਭ ਦੀਆਂ ਨਜ਼ਰਾਂ 'ਚ ਆਏ ਜਦੋਂ ਉਨ੍ਹਾਂ ਨੇ 2003 ਵਿੱਚ ਫੁੱਟਬਾਲ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ 140 ਮਿਲੀਅਨ ਪਾਊਂਡ ਵਿੱਚ ਪੱਛਮੀ ਲੰਡਨ ਦੇ ਸਭ ਤੋਂ ਵੱਧ ਵਿਕਣ ਵਾਲੇ ਕਲੱਬ ਚੇਲਸੀਆ ਨੂੰ ਖਰੀਦ ਲਿਆ।
ਉਨ੍ਹਾਂ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਕਿਹਾ ਸੀ, "ਜੀਵਨ ਵਿੱਚ ਮੇਰਾ ਪੂਰਾ ਫਲਸਫਾ ਪੇਸ਼ੇਵਰ ਟੀਮਾਂ ਨੂੰ ਲਿਆਉਣਾ ਹੈ। ਚੁਕੋਟਕਾ ਵਿੱਚ ਮੇਰੇ ਕੋਲ ਜ਼ਮੀਨੀ ਤੌਰ 'ਤੇ ਪੇਸ਼ੇਵਰ ਟੀਮਾਂ ਹਨ ਅਤੇ ਮੈਂ ਇੱਥੇ ਵੀ ਅਜਿਹਾ ਹੀ ਕਰਾਂਗਾ''।
ਜੋਸ ਮੋਰਿੰਹੋ ਅਤੇ ਹੋਰਾਂ ਦੇ ਪ੍ਰਬੰਧਨ ਹੇਠ, ਅਬਰਾਮੋਵਿਚ ਦੀ ਦੌਲਤ ਨੇ ਚੈਲਸੀਆ ਨੂੰ ਪੰਜ ਪ੍ਰੀਮੀਅਰ ਲੀਗ, ਦੋ ਚੈਂਪੀਅਨਜ਼ ਲੀਗ ਅਤੇ ਪੰਜ ਐਫਏ ਕੱਪ ਜਿੱਤਣ ਵਿੱਚ ਮਦਦ ਕੀਤੀ।
ਹਾਲ ਹੀ ਦੇ ਸਾਲਾਂ ਵਿੱਚ ਧਨਾਢ (ਅਲੀਗਾਰਚਾਂ) ਦਾ ਪੈਸਾ ਲੰਡਨ ਵਿੱਚ ਆਇਆ ਹੈ। ਅਬਰਾਮੋਵਿਚ ਦੇ ਆਪਣੇ ਪ੍ਰਾਪਰਟੀ ਪੋਰਟਫੋਲੀਓ ਵਿੱਚ ਪੱਛਮੀ ਲੰਡਨ ਦੇ ਕੇਨਸਿੰਗਟਨ ਪੈਲੇਸ ਗਾਰਡਨ ਵਿੱਚ ਇੱਕ 15 ਬੈੱਡਰੂਮ ਵਾਲਾ ਮਹਿਲ ਸ਼ਾਮਲ ਮੰਨਿਆ ਜਾਂਦਾ ਹੈ, ਜਿਸਦੀ ਕੀਮਤ 150 ਮਿਲੀਅਨ ਪਾਊਂਡ ਤੋਂ ਵੱਧ ਹੈ।
ਇਸ ਤੋਂ ਇਲਾਵਾ ਚੈਲਸੀ ਵਿੱਚ ਇੱਕ ਫਲੈਟ, ਕੋਲੋਰਾਡੋ ਵਿੱਚ ਇੱਕ ਖੇਤ ਅਤੇ ਫ੍ਰੈਂਚ ਰਿਵੇਰਾ ਵਿਖੇ ਛੁੱਟੀਆਂ ਬਿਤਾਉਣ ਲਈ ਇੱਕ ਹੌਲੀਡੇ ਹੋਮ ਵੀ ਸ਼ਾਮਲ ਹੈ।
ਸੋਲਾਰਿਸ ਅਤੇ ਇਕਲਿਪਸ ਨਾਮ ਦੀਆਂ ਉਨ੍ਹਾਂ ਦੀਆਂ ਕਿਸ਼ਤੀਆਂ (ਯਾਟਸ) ਦੁਨੀਆ ਦੀਆਂ ਸਭ ਤੋਂ ਵੱਡੀਆਂ ਕਿਸ਼ਤੀਆਂ ਵਿੱਚੋਂ ਹਨ ਤੇ ਉਨ੍ਹਾਂ ਕੋਲ ਇੱਕ ਪ੍ਰਾਈਵੇਟ ਜੈੱਟ ਵੀ ਹੈ।

ਤਸਵੀਰ ਸਰੋਤ, Reuters
ਜੇ ਵਿਆਹੁਤਾ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਤਿੰਨ ਵਾਰ ਤਲਾਕ ਹੋ ਚੁੱਕਾ ਹੈ।
'ਪੈਸਾ ਤੁਹਾਡੇ ਲਈ ਖੁਸ਼ੀ ਨਹੀਂ ਖਰੀਦ ਸਕਦਾ'
ਸਾਲ 2006 ਵਿੱਚ 'ਗਾਰਡੀਅਨ' ਦੁਆਰਾ ਪੁੱਛੇ ਸਵਾਲ 'ਤੇ ਕਿ ਪੈਸਾ ਇੱਕ ਵਿਅਕਤੀ ਲਈ ਕੀ ਕਰ ਸਕਦਾ ਹੈ, ਉਨ੍ਹਾਂ ਜਵਾਬ ਦਿੱਤਾ ਸੀ- "ਇਹ ਤੁਹਾਡੇ ਲਈ ਖੁਸ਼ੀ ਨਹੀਂ ਖਰੀਦ ਸਕਦਾ। ਹਾਂ, ਕੁਝ ਆਜ਼ਾਦੀ ਦੇ ਸਕਦਾ ਹੈ।"
ਯਕੀਨਨ ਉਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੈ। ਵਿੱਤੀ ਮੀਡੀਆ ਦਿੱਗਜ ਬਲੂਮਬਰਗ ਨੇ ਅਬਰਾਮੋਵਿਚ ਦੀ ਕੁੱਲ ਜਾਇਦਾਦ 13.7 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਹੈ ਅਤੇ ਇਸਦੇ ਨਾਲ ਹੀ ਉਹ ਦੁਨੀਆ ਦੇ 128ਵੇਂ ਸਭ ਤੋਂ ਅਮੀਰ ਵਿਅਕਤੀ ਵਜੋਂ ਸੂਚੀਬੱਧ ਹਨ।
ਜਦਕਿ ਫੋਰਬਸ ਨੇ ਉਨ੍ਹਾਂ ਦੀ ਸੰਪੱਤੀ 12.3 ਬਿਲੀਅਨ ਡਾਲਰ ਦੱਸੀ ਹੈ ਅਤੇ ਅਮੀਰਾਂ ਦੀ ਸੂਚੀ ਵਿੱਚ ਉਨ੍ਹਾ ਨੂੰ 142ਵੇਂ ਸਥਾਨ 'ਤੇ ਰੱਖਿਆ ਹੈ।

ਤਸਵੀਰ ਸਰੋਤ, Reuters
ਲੰਘੇ ਸਾਲ, ਅਬਰਾਮੋਵਿਚ ਨੇ ਕੈਥਰੀਨ ਬੇਲਟਨ ਦੀ ਕਿਤਾਬ ਪੁਟਿੰਗ ਪੀਪਲ ਨੂੰ ਲੈ ਕੇ ਪਬਲਿਸ਼ਿੰਗ ਹਾਊਸ ਹਾਰਪਰਕੋਲਿਨਸ ਉੱਤੇ ਮੁਕੱਦਮਾ ਦਾਇਰ ਕੀਤਾ ਸੀ। ਦਰਅਸਲ ਇਸ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਉਨ੍ਹਾਂ ਨੂੰ ਚੈਲਸੀਆ ਖਰੀਦਣ ਦਾ ਹੁਕਮ ਦਿੱਤਾ ਸੀ।
ਬਾਅਦ ਵਿੱਚ ਪ੍ਰਕਾਸ਼ਕ ਨੇ ਕੁਝ ਸਪੱਸ਼ਟੀਕਰਨ ਦੇਣ ਲਈ ਸਹਿਮਤੀ ਦਿੱਤੀ ਅਤੇ ਦੋਵੇਂ ਧਿਰਾਂ ਨੇ ਅਦਾਲਤ ਤੋਂ ਬਾਹਰ ਹੀ ਇਸ ਮਸਲੇ ਨੂੰ ਸੁਲਝਾ ਲਿਆ।
ਪਰ ਅਬਰਾਮੋਵਿਚ ਦੇ ਰਾਸ਼ਟਰਪਤੀ ਪੁਤਿਨ ਨਾਲ ਸਬੰਧਾਂ ਨੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਰੇਸ਼ਾਨ ਕਰਨਾ ਜਾਰੀ ਰੱਖਿਆ, ਖਾਸ ਤੌਰ 'ਤੇ ਜਦੋਂ ਰੂਸੀ ਫੌਜਾਂ ਯੂਕਰੇਨ ਦੀ ਸਰਹੱਦ 'ਤੇ ਇਕੱਠੀਆਂ ਹੋਈਆਂ ਅਤੇ ਫਿਰ ਹਮਲਾ ਕਰ ਦਿੱਤਾ।
ਜਦੋਂ ਅਬਰਾਮੋਵਿਚ ਅਤੇ ਛੇ ਹੋਰ ਧਨਾਢਾਂ ਦੀ ਜਾਇਦਾਦ ਨੂੰ ਯੂਕੇ ਵਿੱਚ ਫ੍ਰੀਜ਼ ਕਰਨ ਦਾ ਐਲਾਨ ਕੀਤਾ ਗਿਆ ਤਾਂ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ- "ਪੁਤਿਨ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਦੇ ਚੱਲਦਿਆਂ, ਉਹ ਵੀ ਇਸ ਹਮਲੇ 'ਚ ਸ਼ਾਮਲ ਹਨ। ਉਨ੍ਹਾਂ ਦੇ ਹੱਥਾਂ 'ਤੇ ਯੂਕਰੇਨੀ ਲੋਕਾਂ ਦਾ ਖੂਨ ਲੱਗਾ ਹੈ''।
ਇਨ੍ਹਾਂ ਪਾਬੰਦੀਆਂ ਤੋਂ ਅੱਠ ਦਿਨ ਪਹਿਲਾਂ ਹੀ ਅਬਰਾਮੋਵਿਚ ਨੇ ਚੇਲਸੀਆ ਕੱਲਬ ਨੂੰ ਵੀ ਵੇਚ ਦਿੱਤਾ ਸੀ। ਕੁਝ ਪ੍ਰਸ਼ੰਸਕ ਅਜੇ ਵੀ ਅਬਰਾਮੋਵਿਚ ਦੇ ਪੱਖ 'ਚ ਹਨ ਪਰ ਬਹੁਤ ਸਾਰੇ ਸਿਆਸੀ ਆਗੂਆਂ ਦੀ ਮੰਗ ਹੈ ਕਿ ਉਨ੍ਹਾਂ ਦੀ ਜਾਇਦਾਦ ਨੂੰ ਸਿਰਫ਼ ਫ੍ਰੀਜ਼ ਨਹੀਂ ਬਲਕਿ ਜ਼ਬਤ ਕਰ ਲਿਆ ਜਾਵੇ।
ਅਬਰਾਮੋਵਿਚ ਨੇ ਚੈਲਸੀਆ ਸਮਰਥਕਾਂ ਨੂੰ ਕਿਹਾ, "ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਵਿਅਕਤੀਗਤ ਤੌਰ 'ਤੇ ਅਲਵਿਦਾ ਕਹਿਣ ਲਈ ਇੱਕ ਆਖਰੀ ਵਾਰ ਸਟੈਮਫੋਰਡ ਬ੍ਰਿਜ ਜਾ ਸਕਾਂਗਾ"। ਪਰ ਫਿਲਹਾਲ ਪੱਛਮੀ ਲੰਡਨ ਵਿੱਚ ਉਨ੍ਹਾਂ ਦੀ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਹੈ।
ਹਾਲ ਹੀ ਵਿੱਚ, ਮਾਰਚ ਦੇ ਸ਼ੁਰੂ ਵਿੱਚ ਯੂਕਰੇਨ-ਬੇਲਾਰੂਸ ਸਰਹੱਦ 'ਤੇ ਯੂਕਰੇਨ ਦੇ ਸੀਨੀਅਰ ਵਾਰਤਾਕਾਰਾਂ ਨਾਲ ਸ਼ਾਂਤੀ ਵਾਰਤਾ ਦੌਰਾਨ ਅਬਰਾਮੋਵਿਚ ਵਿੱਚ ਜ਼ਹਿਰ ਦੇ ਲੱਛਣ ਦਿਖਾਈ ਦੇਣ ਦਾ ਖਦਸ਼ਾ ਵੀ ਹੋਇਆ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












