ਯੂਕਰੇਨ ਰੂਸ ਜੰਗ: ਤੇਲ ਅਤੇ ਗੈਸ ਕੀਮਤਾਂ ਵਿੱਚ ਹੋਣ ਲੱਗਿਆ ਵਾਧਾ, ਕੀ ਹੋਵੇਗਾ ਇਸ ਦਾ ਅਸਰ

ਤਸਵੀਰ ਸਰੋਤ, Getty Images
ਰੂਸ ਦੇ ਯੂਕਰੇਨ ਉਪਰ 24 ਫਰਵਰੀ ਨੂੰ ਕੀਤੇ ਹਮਲੇ ਤੋਂ ਬਾਅਦ ਦੁਨੀਆਂ ਭਰ ਦੇ ਕਈ ਦੇਸ਼ਾਂ ਨੇ ਰੂਸ ਉਪਰ ਵਪਾਰ ਅਤੇ ਹੋਰ ਕਈ ਚੀਜ਼ਾਂ ਦੀਆਂ ਪਾਬੰਦੀਆਂ ਲਗਾਈਆਂ ਹਨ।
ਹੁਣ ਅਮਰੀਕਾ ਨੇ ਆਖਿਆ ਹੈ ਕਿ ਰੂਸ ਤੋਂ ਤੇਲ ਦੀ ਦਰਾਮਦ ਉੱਤੇ ਵੀ ਪਾਬੰਦੀ ਨੂੰ ਲੈ ਕੇ ਵਿਚਾਰ ਚੱਲ ਰਿਹਾ ਹੈ। ਇਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਲੱਗਿਆ ਹੈ।
ਸਾਲ 2008 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਤੇਲ ਦੀ ਕੀਮਤ ਏਨੀ ਜ਼ਿਆਦਾ ਵਧੀ ਹੋਵੇ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 139 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਥੋੜ੍ਹੀ ਘੱਟ ਹੋਣ ਤੋਂ ਬਾਅਦ ਇਹ ਕੀਮਤ 130 ਡਾਲਰ ਪਹੁੰਚ ਗਈ ਸੀ।
ਇਨ੍ਹਾਂ ਦੀਆਂ ਵਧ ਰਹੀਆਂ ਕੀਮਤਾਂ ਦਾ ਅਸਰ ਲੋਕਾਂ ਉਤੇ ਵੀ ਪੈਣ ਲੱਗਿਆ ਹੈ ਕਿਉਂਕਿ ਤੇਲ ਤੋਂ ਲੈ ਕੇ ਘਰ ਦੀ ਬਿਜਲੀ ਤੱਕ ਕੀਮਤ ਵਧ ਰਹੀ ਹੈ ।
ਸੋਮਵਾਰ ਨੂੰ ਇਸ ਦਾ ਅਸਰ ਏਸ਼ੀਆ ਦੇ ਸ਼ੇਅਰ ਬਾਜ਼ਾਰ ਵਿੱਚ ਵੀ ਦੇਖਿਆ ਗਿਆ। ਜਾਪਾਨ ਦੇ ਨਿਕਈ ਅਤੇ ਹਾਂਗਕਾਂਗ ਦੇ ਸੂਚਕ ਅੰਕ ਤਿੰਨ ਫੀਸਦ ਤੱਕ ਥੱਲੇ ਆਏ ਹਨ।
ਰੂਸ ਦੇ ਕੋਲੇ, ਤੇਲ ਅਤੇ ਗੈਸ ਦੀ ਦਰਾਮਦ ਉੱਪਰ ਅਮਰੀਕਾ ਦੀ ਪਾਬੰਦੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਮੰਗਲਵਾਰ ਦੇਰ ਸ਼ਾਮ ਵ੍ਹਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰੂਸ ਦੇ ਕੋਲੇ, ਤੇਲ ਅਤੇ ਗੈਸ ਦੇ ਆਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ।
ਅਮਰੀਕਾ ਵੱਲੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਰੂਸ ਉੱਪਰ ਲਗਾਈਆਂ ਗਈਆਂ ਹਨ।
ਰਾਸ਼ਟਰਪਤੀ ਨੇ ਆਖਿਆ, "ਅਮਰੀਕਾ ਰੂਸ ਦੇ ਤੇਲ, ਗੈਸ ਅਤੇ ਕੋਇਲੇ ਦੀ ਦਰਾਮਦ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਰਿਹਾ ਹੈ।"
ਇਸ ਫੈਸਲੇ ਨਾਲ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਪਰ ਨਾਲ ਹੀ ਉਨ੍ਹਾਂ ਨੇ ਤੇਲ ਨਾਲ ਸੰਬੰਧਤ ਕੰਪਨੀਆਂ ਨੂੰ ਆਖਿਆ ਕਿ 'ਬਹੁਤ ਜ਼ਿਆਦਾ ਭਾਅ' ਨਾ ਵਧਾਏ ਜਾਣ'।
ਇਹ ਵੀ ਪੜ੍ਹੋ:
ਐਤਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਖਿਆ ਸੀ ਕਿ ਸਰਕਾਰ ਅਤੇ ਸਹਿਯੋਗੀ ਦੇਸ਼ ਰੂਸ ਤੋਂ ਤੇਲ ਦੀ ਦਰਾਮਦ ਉੱਤੇ ਪਾਬੰਦੀ ਲਗਾਉਣ ਬਾਰੇ ਸੋਚ ਰਹੇ ਹਨ।
ਅਮਰੀਕੀ ਪ੍ਰਤੀਨਿਧੀ ਸਭਾ ਦੀ ਮੁਖੀ ਨੈਨਸੀ ਪੋਲੇਸੀ ਨੇ ਆਖਿਆ ਸੀ ਕਿ ਸਰਕਾਰ ਇਸ ਬਾਰੇ ਕਾਨੂੰਨ ਉੱਪਰ ਵਿਚਾਰ ਵੀ ਕਰ ਰਹੀ ਹੈ।
ਇਸ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ਉੱਪਰ ਪਿਆ ਹੈ ਜੋ ਪਿਛਲੇ ਇੱਕ ਹਫ਼ਤੇ ਵਿੱਚ ਵੀਹ ਫ਼ੀਸਦ ਤੋਂ ਜ਼ਿਆਦਾ ਵਧ ਗਈ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਪੈ ਰਿਹਾ ਹੈ।
ਦੁਨੀਆਂ ਦੇ ਕਈ ਦੇਸ਼ਾਂ 'ਚ ਕੀਮਤਾਂ ਵਿੱਚ ਵਾਧਾ
ਭਾਰਤ ਵਿੱਚ ਤੇਲ ਦੇ ਭਾਅ ਪਿਛਲੇ ਕੁਝ ਹਫਤਿਆਂ ਵਿੱਚ ਸਥਿਰ ਹਨ। ਮਿਲੀ ਜਾਣਕਾਰੀ ਮੁਤਾਬਕ ਅਜਿਹਾ ਪੰਜ ਸੂਬਿਆਂ ਵਿੱਚ ਚੋਣਾਂ ਕਰਕੇ ਹੈ।
ਯੂਕਰੇਨ ਸੰਕਟ ਦਾ ਅਸਰ ਭਾਰਤ ਵਿੱਚ ਵੀ ਨਜ਼ਰ ਆਵੇਗਾ ਤੇ ਹੋ ਸਕਦਾ ਹੈ ਆਉਣ ਵਾਲੇ ਹਫ਼ਤਿਆਂ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦੇ ਭਾਅ ਵੱਧ ਜਾਣ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਖਿਆ ਕਿ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਤੇ ਨਿਰਭਰ ਹਨ ਪਰ ਅਸੀਂ ਆਪਣੇ ਨਾਗਰਿਕਾਂ ਦੇ ਹਿੱਤਾਂ 'ਚ ਫੈਸਲੇ ਲਵਾਂਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ ਦੇ ਸ਼ੇਅਰ ਬਾਜ਼ਾਰ ਉੱਤੇ ਵੀ ਯੂਕਰੇਨ ਦੇ ਸੰਕਟ ਦਾ ਗੰਭੀਰ ਅਸਰ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਸਟਾਕ ਐਕਸਚੇਂਜ ਦੇ ਸੈਂਸੈਕਸ ਵਿੱਚ 1500 ਅੰਕਾਂ ਦੀ ਵੱਡੀ ਗਿਰਾਵਟ ਆਈ ਹੈ।
ਡਾਲਰ ਦੀ ਤੁਲਨਾ ਵਿੱਚ ਭਾਰਤੀ ਰੁਪਏ ਦੀ ਕੀਮਤ ਵਿੱਚ ਵੀ ਘਾਟਾ ਦਰਜ ਕੀਤਾ ਜਾ ਰਿਹਾ ਹੈ।
ਕੁਝ ਦੇਸ਼ਾਂ ਵਿੱਚ ਇਸ ਦਾ ਅਸਰ ਦਿੱਖ ਰਿਹਾ ਹੈ।
ਐਤਵਾਰ ਨੂੰ ਅਮਰੀਕੀ ਆਟੋਮੋਬਾਇਲ ਐਸੋਸੀਏਸ਼ਨ ਨੇ ਆਖਿਆ ਹੈ ਕਿ ਅਮਰੀਕੀ ਪੈਟਰੋਲ ਪੰਪਾਂ ਉਤੇ ਪਿਛਲੇ ਹਫ਼ਤੇ ਵਿੱਚ 11 ਫ਼ੀਸਦ ਵਾਧਾ ਹੋਇਆ ਹੈ ਜੋ ਕਿ ਜੁਲਾਈ 2008 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਬ੍ਰਿਟੇਨ ਦੇ ਰੌਇਲ ਆਟੋਮੋਬਾਇਲ ਕਲੱਬ ਮੁਤਾਬਕ ਪੈਟਰੋਲ ਦੀ ਔਸਤ ਕੀਮਤ ਵਿੱਚ 1.50 ਪੌਂਡ ਤੱਕ ਇਜ਼ਾਫਾ ਹੋਇਆ ਹੈ।

ਤਸਵੀਰ ਸਰੋਤ, Reuters
ਇਸ ਦੌਰਾਨ ਕਈ ਦੇਸ਼ਾਂ ਵਿੱਚ ਗੈਸ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ਵਿੱਚ ਲੋਕਾਂ ਦਾ ਸਾਲਾਨਾ ਬਿਜਲੀ ਦਾ ਬਿੱਲ 3000 ਪੌਂਡ ਤੱਕ ਪਹੁੰਚ ਸਕਦਾ ਹੈ।
ਬ੍ਰਿਟੇਨ ਅਤੇ ਯੂਰਪ ਵਿੱਚ ਗੈਸ ਦੀਆਂ ਕੀਮਤਾਂ ਰਿਕਾਰਡ ਵਾਧੇ 'ਤੇ ਹਨ।
ਯੂਰਪੀ ਸੰਘ ਫਿਲਹਾਲ ਆਪਣੀ ਜੁਗਤ ਦੀ ਅੱਧੀ ਗੈਸ, ਕੋਲਾ ਅਤੇ ਤਕਰੀਬਨ ਇੱਕ ਤਿਹਾਈ ਤੇਲ ਰੂਸ ਤੋਂ ਪ੍ਰਾਪਤ ਕਰਦਾ ਹੈ।
ਰੂਸ ਉਪਰ ਨਿਰਭਰਤਾ ਨੂੰ ਘੱਟ ਕਰਨ ਲਈ ਯੂਰਪੀ ਸੰਘ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਬੈਠਕ ਸੱਦੀ ਹੈ।
ਰੂਸ ਤੋਂ ਕੱਚਾ ਤੇਲ ਲੈਣ ਨੂੰ ਮਜਬੂਰ ਕੰਪਨੀਆਂ
ਊਰਜਾ ਦੇ ਖੇਤਰ ਦੀ ਵੱਡੀ ਕੰਪਨੀ 'ਸ਼ੈੱਲ' ਨੇ ਰੂਸ ਦੇ ਹਮਲੇ ਦੇ ਬਾਵਜੂਦ ਰੂਸ ਤੋਂ ਕੱਚਾ ਤੇਲ ਖਰੀਦਿਆ ਹੈ ਅਤੇ ਇਸ ਫੈਸਲੇ ਨੂੰ ਸਹੀ ਵੀ ਠਹਿਰਾਇਆ ਹੈ।
ਕੰਪਨੀ ਮੁਤਾਬਕ ਉਨ੍ਹਾਂ ਕੋਲ ਹੋਰ ਕੋਈ ਰਾਹ ਨਹੀਂ ਸੀ। ਵਿਰੋਧ ਤੋਂ ਬਾਅਦ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਨੇ ਰੂਸ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਐਲਾਨ ਵੀ ਕੀਤਾ ਹੈ।
ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾਨੀ ਨੇ ਊਰਜਾ ਕੰਪਨੀਆਂ ਦੇ ਖਿਲਾਫ ਟਵਿੱਟਰ 'ਤੇ ਆਖਿਆ ਸੀ, "ਕੀ ਤੁਹਾਨੂੰ ਇਸ ਤੇਲ ਵਿੱਚੋਂ ਯੂਕਰੇਨੀ ਲੋਕਾਂ ਦੇ ਖ਼ੂਨ ਦੀ ਗੰਧ ਨਹੀਂ ਆਉਂਦੀ?"
ਰੂਸ ਨੇ ਦਿੱਤੀ ਧਮਕੀ
ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਅਤੇ ਚਿਤਾਵਨੀਆਂ ਤੋਂ ਬਾਅਦ ਰੂਸ ਨੇ ਵੀ ਧਮਕੀ ਦਿੱਤੀ ਹੈ। ਰੂਸ ਨੇ ਆਖਿਆ ਹੈ ਕਿ ਜੇਕਰ ਰੂਸੀ ਤੇਲ ਉੱਪਰ ਪਾਬੰਦੀ ਲਗਾਈ ਗਈ ਤਾਂ ਇਸ ਦੇ ਭਾਅ ਤਿੰਨ ਸੌ ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੇ ਹਨ।
ਰੂਸ ਨੇ ਇਹ ਵੀ ਆਖਿਆ ਕਿ ਜਰਮਨੀ ਦੇ ਲਈ ਮੁੱਖ ਗੈਸ ਪਾਈਪ ਲਾਈਨ ਬੰਦ ਵੀ ਕੀਤੀ ਜਾ ਸਕਦੀ ਹੈ।
ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਆਖਿਆ ਹੈ ਕਿ ਰੂਸੀ ਤੇਲ ਨੂੰ ਖਾਰਜ ਕਰ ਦੇਣ ਨਾਲ ਵਿਸ਼ਵ ਬਾਜ਼ਾਰ ਉੱਤੇ ਇਸ ਦੇ ਤਬਾਹਕੁੰਨ ਪ੍ਰਭਾਵ ਪੈਣਗੇ।

ਤਸਵੀਰ ਸਰੋਤ, Getty Images
ਅਮਰੀਕਾ ਨੇ ਫਰਾਂਸ ਜਰਮਨੀ ਅਤੇ ਬ੍ਰਿਟੇਨ ਦੇ ਆਗੂਆਂ ਤੋਂ ਚਰਚਾ ਕਰਕੇ ਉਨ੍ਹਾਂ ਤੋਂ ਪਾਬੰਦੀ ਲਈ ਸਮਰਥਨ ਮੰਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਅਮਰੀਕਾ ਨੂੰ ਸਮਰਥਨ ਨਹੀਂ ਮਿਲਦਾ ਤਾਂ ਉਹ ਇਕੱਲਾ ਹੀ ਇਸ ਉਪਰ ਪਾਬੰਦੀ ਲਗਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਯੂਰਪੀ ਦੇਸ਼ ਰੂਸੀ ਊਰਜਾ ਸਰੋਤਾਂ ਉੱਤੇ ਹੀ ਨਿਰਭਰ ਹਨ।
ਰੂਸ ਦੀ ਪਾਈਪ ਲਾਈਨ ਰਾਹੀਂ ਜਰਮਨੀ ਵਿੱਚ ਗੈਸ ਪਹੁੰਚਦੀ ਹੈ। ਪਿਛਲੇ ਮਹੀਨੇ ਜਰਮਨੀ ਨੇ ਦੂਜੀ ਗੈਸ ਪਾਈਪਲਾਈਨ ਨਾਡ ਸਟ੍ਰੀਮ-2 ਉਪਰ ਰੋਕ ਲਗਾ ਦਿੱਤੀ ਸੀ।
ਰੂਸ ਦੇ ਉਪ ਪ੍ਰਧਾਨ ਮੰਤਰੀ ਨੇ ਆਖਿਆ, "ਸਾਡੇ ਕੋਲ ਵੀ ਮਿਲਦੇ ਜੁਲਦੇ ਫ਼ੈਸਲੇ ਲੈਣ ਦਾ ਅਧਿਕਾਰ ਹੈ। ਨਾਡ ਸਟ੍ਰੀਮ-1 ਉਪਰ ਅਸੀਂ ਵੀ ਪਾਬੰਦੀ ਲਗਾ ਸਕਦੇ ਹਾਂ।"
ਕਿੰਨਾ ਗੈਸ ਅਤੇ ਤੇਲ ਦਿੰਦਾ ਹੈ ਰੂਸ
ਅਮਰੀਕਾ ਅਤੇ ਸਾਊਦੀ ਅਰਬ ਤੋਂ ਬਾਅਦ ਰੂਸ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ। ਦੁਨੀਆਂ ਦੇ ਤੇਲ ਦੀ ਕੁੱਲ ਸਪਲਾਈ ਦਾ 8-10 ਫੀਸਦ ਰੂਸ ਤੋਂ ਹੀ ਆਉਂਦਾ ਹੈ।
ਰੂਸ ਤੋਂ ਹਰ ਰੋਜ਼ 40-50 ਲੱਖ ਬੈਰਲ ਕੱਚਾ ਤੇਲ ਅਤੇ 8500 ਅਰਬ ਕਿਊਬਿਕ ਕੁਦਰਤੀ ਗੈਸ ਬਾਹਰ ਜਾਂਦੀ ਹੈ।
ਇਸ ਦਾ ਜ਼ਿਆਦਾਤਰ ਹਿੱਸਾ ਯੂਰਪ ਨੂੰ ਜਾਂਦਾ ਹੈ। ਰੂਸ ਯੂਰਪੀ ਸੰਘ ਨੂੰ 40 ਫ਼ੀਸਦ ਗੈਸ ਅਤੇ 30 ਫ਼ੀਸਦ ਤੇਲ ਭੇਜਦਾ ਹੈ। ਯੂਰਪੀ ਸੰਘ ਆਪਣੀ ਗੈਸ ਦਾ 61 ਫ਼ੀਸਦ ਹਿੱਸਾ ਦਰਾਮਦ ਕਰਦਾ ਹੈ।
ਜੇਕਰ ਸਪਲਾਈ ਵਿੱਚ ਕਮੀ ਆਉਂਦੀ ਹੈ ਤਾਂ ਇਸ ਦਾ ਦੂਜਾ ਰਾਹ ਲੱਭਣਾ ਵੀ ਸੌਖਾ ਨਹੀਂ ਹੈ।

ਤਸਵੀਰ ਸਰੋਤ, Reuters
ਇਹੀ ਕਾਰਨ ਹੈ ਕਿ ਅਮਰੀਕਾ ਅਤੇ ਯੂਰਪ ਪੂਰੀ ਤਰ੍ਹਾਂ ਰੂਸ ਦੇ ਗੈਸ ਅਤੇ ਤੇਲ ਉਦਯੋਗ ਉਤੇ ਪਾਬੰਦੀ ਨਹੀਂ ਲਗਾ ਸਕੇ ਹਨ।
ਸੋਮਵਾਰ ਨੂੰ ਜਰਮਨੀ ਦੇ ਚਾਂਸਲਰ ਓਲਾਫ ਸ਼ਾਟਸ ਨੇ ਰੂਸ ਦੇ ਤੇਲ ਅਤੇ ਗੈਸ ਉੱਤੇ ਵੱਡੇ ਪੈਮਾਨੇ 'ਤੇ ਪਾਬੰਦੀ ਲਗਾਉਣ ਦੇ ਵਿਚਾਰ ਨੂੰ ਵੀ ਖਾਰਜ ਕਰ ਦਿੱਤਾ ਸੀ।
ਬੋਰਵੈੱਲ ਸਿੰਘ ਟੈਂਕ ਮੁਤਾਬਕ ਰੂਸ ਨੇ ਜੇਕਰ ਯੂਰਪ ਨੂੰ ਗੈਸ ਦੀ ਸਪਲਾਈ ਬੰਦ ਕਰ ਦਿੱਤੀ ਤਾਂ ਇਨ੍ਹਾਂ ਦੇਸ਼ਾਂ ਨੂੰ ਫ਼ਿਲਹਾਲ ਪਹਿਲਾਂ ਦੀ ਜਮ੍ਹਾਂ ਗੈਸ ਉਤੇ ਨਿਰਭਰ ਰਹਿਣਾ ਪਵੇਗਾ। ਇਹ ਇੱਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਅਪ੍ਰੈਲ ਵਿੱਚ ਮੌਸਮ ਬਦਲਣ ਤੋਂ ਬਾਅਦ ਯੂਰਪੀ ਦੇਸ਼ ਗੈਸ ਇਕੱਠੀ ਕਰਨੀ ਸ਼ੁਰੂ ਕਰਦੇ ਹਨ ਤਾਂ ਕਿ ਠੰਢ ਵਿੱਚ ਇਸ ਦੀ ਵਰਤੋਂ ਹੋ ਸਕੇ। ਇਸ ਲਈ ਨਵੇਂ ਸਰੋਤ ਲੱਭਣੇ ਪੈਣਗੇ। ਇਨ੍ਹਾਂ ਹਾਲਾਤਾਂ ਵਿੱਚ ਯੂਰਪ ਦੇ ਦੇਸ਼ ਅਫ਼ਰੀਕਾ ਤੇ ਅਜ਼ਰਬੇਜਾਨ ਵਰਗੇ ਦੇਸ਼ਾਂ ਤੋਂ ਲਿਕੁਡ ਨੈਸ਼ਨਲ ਗੈਸ ਲੈ ਸਕਦੇ ਹਨ।
ਰੂਸ ਦੇ ਤੇਲ ਅਤੇ ਗੈਸ ਦਾ ਬਦਲ ਕੀ ਹੋ ਸਕਦਾ ਹੈ
ਯੂਰਪ ਇਕਦਮ ਰੂਸ ਦੇ ਤੇਲ ਤੇ ਗੈਸ ਨੂੰ ਬੰਦ ਨਹੀਂ ਕਰੇਗਾ ਸਗੋਂ ਯੂਰਪ ਦੇ ਦੇਸ਼ ਰੂਸ ਦੇ ਤੇਲ ਅਤੇ ਗੈਸ ਦੀ ਸਪਲਾਈ ਦਾ ਬਦਲ ਲੱਭਣ ਦੀ ਕੋਸ਼ਿਸ਼ ਕਰਨਗੇ।
ਐਤਵਾਰ ਨੂੰ ਵੱਡੀ ਤੇਲ ਕੰਪਨੀ ਸ਼ੈਰੀ ਨੇ ਰੂਸ ਤੋਂ ਕੱਚਾ ਤੇਲ ਖ਼ਰੀਦਣ ਦੇ ਆਪਣੇ ਫ਼ੈਸਲੇ ਦਾ ਸਮਰਥਨ ਕੀਤਾ ਸੀ। ਕੰਪਨੀ ਨੇ ਆਖਿਆ ਸੀ ਕਿ ਤੇਲ ਦੀ ਸਪਲਾਈ ਜਾਰੀ ਰੱਖਣ ਲਈ ਉਨ੍ਹਾਂ ਨੂੰ ਰੂਸ ਤੋਂ ਤੇਲ ਲੈਣਾ ਪੈ ਰਿਹਾ ਹੈ।
ਕੰਪਨੀ ਦੇ ਬੁਲਾਰੇ ਮੁਤਾਬਕ, "ਕੰਪਨੀਆਂ ਨੂੰ ਕੱਚੇ ਤੇਲ ਦੀ ਲਗਾਤਾਰ ਸਪਲਾਈ ਜਾਰੀ ਹੋਣ ਦੇ ਬਾਵਜੂਦ ਊਰਜਾ ਉਦਯੋਗ ਆਉਣ ਵਾਲੇ ਹਫ਼ਤਿਆਂ ਵਿੱਚ ਪੂਰੀ ਵਰਕ ਵਿੱਚ ਲੋਕਾਂ ਨੂੰ ਜ਼ਰੂਰੀ ਉਤਪਾਦਾਂ ਲਈ ਲੋੜੀਂਦੀ ਬਿਜਲੀ ਦਾ ਅਸ਼ਵਾਸਨ ਨਹੀਂ ਦੇ ਸਕਦਾ।"
ਤੇਲ ਦੀ ਨਿਰਵਿਘਨ ਸਪਲਾਈ ਲਈ ਅਮਰੀਕਾ ਇਸ ਹਫ਼ਤੇ ਸਾਊਦੀ ਅਰਬ ਉੱਤੇ ਕੱਚੇ ਤੇਲ ਦਾ ਉਤਪਾਦਨ ਵਧਾਉਣ ਦਾ ਦਬਾਅ ਪਾ ਸਕਦਾ ਹੈ। ਇਸ ਦੇ ਨਾਲ ਹੀ ਈਰਾਨ ਦੇ ਪਰਮਾਣੂ ਸਮਝੌਤੇ ਉੱਤੇ ਵੀ ਸੌਦਾ ਅੱਗੇ ਵਧ ਸਕਦਾ ਹੈ ਤਾਂ ਕੀ ਉਸ ਦੇ ਤੇਲ ਨਿਰਯਾਤ ਤੋਂ ਪਾਬੰਦੀ ਹਟ ਸਕੇ ਅਤੇ ਤੇਲ ਦੀ ਸਪਲਾਈ ਜਾਰੀ ਰਹੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













