ਪੇਸ਼ਾਵਰ: ਸ਼ੀਆ ਮਸਜਿਦ ਵਿੱਚ ਧਮਾਕਾ, ਘੱਟੋ-ਘੱਟ 56 ਮੌਤਾਂ, 194 ਜਣੇ ਜਖ਼ਮੀ

ਪਾਕਿਸਤਾਨ ਦੇ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ਇਲਾਕੇ ਦੀ ਇਕ ਮਸਜਿਦ 'ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 56 ਹੋ ਗਈ ਹੈ।

ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਮਰਨ ਵਾਲਿਆਂ ਦੀ 56 ਹੋਣ ਦੀ ਪੁਸ਼ਟੀ ਕੀਤੀ ਹੈ। ਜਦਕਿ 194 ਜਣੇ ਜ਼ਖ਼ਮੀ ਦੱਸੇ ਗਏ ਹਨ।

ਇਸ ਤੋਂ ਪਹਿਲਾਂ ਮੌਤਾਂ ਦੀ ਗਿਣਤੀ 30 ਦੱਸੀ ਗਈ ਸੀ ਅਤੇ 10 ਜਣਿਆਂ ਦੀ ਹਾਲਾਤ ਨੁਾਜ਼ਕ ਦੱਸੀ ਗਈ ਸੀ।

ਪੇਸ਼ਾਵਰ ਦੇ ਐੱਸਐੱਸਪੀ ਆਪਰੇਸ਼ਨ ਹਾਰੂਨ ਰਾਸ਼ੀਦ ਨੇ ਮੀਡੀਆ ਨੂੰ ਦੱਸਿਆ, ਬੰਬ ਧਮਾਕਾ ਆਤਮਘਾਤੀ ਹਮਲਾ ਲੱਗ ਰਿਹਾ ਹੈ। ਹਮਲਾਵਰਾਂ ਨੇ ਪਹਿਲਾਂ ਗੇਟ ਉੱਤੇ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮਸਜਿਦ ਵਿਚ ਜਾਕੇ ਆਪੇ ਆਪ ਨੂੰ ਬੰਬ ਨਾਲ ਉਡਾ ਲਿਆ।

ਪੁਲਿਸ ਮੁਤਾਬਕ ਗੇਟ ਉੱਤੇ ਤੈਨਾਤ ਇੱਕ ਪੁਲਿਸ ਸਿਪਾਹੀ ਦੀ ਮੌਤ ਵੀ ਹੋਈ ਹੈ ਅਤੇ ਇੱਕ ਗੰਭੀਰ ਜ਼ਖ਼ਮੀ ਹੋਇਆ ਹੈ।

ਚਸ਼ਮਦੀਦ ਗਵਾਹਾਂ ਮੁਤਾਬਕ ਧਮਾਕਾ ਕਿੱਸਾ ਖਵਾਨੀ ਬਾਜ਼ਾਰ ਦੇ ਰਿਸਾਲਦਾਰ ਇਲਾਕੇ ਵਿੱਚ ਇਕ ਸ਼ੀਆ ਮਸਜਿਦ ਦੇ ਸਾਹਮਣੇ ਦੁਪਹਿਰ ਤੋਂ ਕੁਝ ਦੇਰ ਬਾਅਦ ਹੋਇਆ, ਉਸ ਵੇਲੇ ਵੱਡੀ ਗਿਣਤੀ ਲੋਕ ਨਮਾਜ਼ ਅਦਾ ਕਰਨ ਪੁੱਜੇ ਹੋਏ ਸਨ।

ਪਾਕਿਸਤਾਨ ਦੇ ਕੇਂਦਰੀ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਬੰਬ ਧਮਾਕੇ ਦੀ ਘਟਨਾ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਜ਼ਖਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ।

ਨਿੱਜੀ ਟੀਵੀ ਚੈਨਲ ਜੀਓ ਨਿਊਜ਼ ਨਾਲ ਗੱਲ ਕਰਦਿਆਂ ਐੱਸਐੱਸਪੀ ਅਪਰੇਸ਼ਨਜ਼ ਹਾਰੂਨ ਰਸ਼ੀਦ ਨੇ ਕਿਹਾ ਕਿ ਇਹ ਇੱਕ ਆਤਮਘਾਤੀ ਹਮਲਾ ਲੱਗ ਰਿਹਾ ਸੀ।

ਉਨ੍ਹਾਂ ਕਿਹਾ ਕਿ ਹਮਲਾਵਰ ਨੇ ਪਹਿਲੇ ਗੇਟ 'ਤੇ ਪੁਲਿਸ ਗਾਰਡਾਂ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ।

'ਨਮਾਜ਼ ਅਦਾ ਕੀਤੀ ਜਾ ਰਹੀ ਸੀ'

ਚਸ਼ਮਦੀਦ ਗਵਾਹ ਅਲੀ ਹੈਦਰ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਹਮਲਾਵਰ ਪਿਸਤੌਲ ਲੈ ਕੇ ਮਸਜਿਦ ਵਿੱਚ ਆਇਆ ਅਤੇ ਸ਼ੁੱਕਰਵਾਰ ਦੀ ਨਮਾਜ਼ ਲਈ ਇਕੱਠੇ ਹੋਏ ਨਮਾਜ਼ ਅਦਾ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।

ਬੰਬ ਧਮਾਕਾ ਪੁਲਿਸ ਸਟੇਸ਼ਨ ਦੇ ਸਾਹਮਣੇ ਹੋਇਆ। ਬੀਬੀਸੀ ਦੇ ਬਿਲਾਲ ਅਹਿਮਦ ਮੁਤਾਬਕ ਧਮਾਕੇ ਤੋਂ ਬਾਅਦ ਇਲਾਕੇ 'ਚ ਭਾਰੀ ਸੋਗ ਅਤੇ ਗੁੱਸਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)