ਯੂਕਰੇਨ ਉੱਪਰ ਹਮਲੇ ਤੋਂ ਬਾਅਦ ਰੂਸ 'ਤੇ ਹੋਰ ਦੇਸ਼ਾਂ, ਖੇਡ ਅਦਾਰਿਆਂ ਤੇ ਕੰਪਨੀਆਂ ਵੱਲੋਂ ਕੀ ਪਾਬੰਦੀਆਂ ਲੱਗਾਈਆਂ ਗਈਆਂ

ਤਸਵੀਰ ਸਰੋਤ, Getty Images
ਪੱਛਮ ਦੇ ਰਵਾਇਤੀ ਵਿਰੋਧੀ ਰੂਸ ਨੇ ਪਿਛਲੇ ਹਫ਼ਤੇ ਯੂਕਰੇਨ ਉੱਪਰ ਹਮਲਾ ਕਰ ਦਿਤਾ ਸੀ। ਇਸ ਹਮਲੇ ਤੋਂ ਬਾਅਦ ਪੱਛਮੀ ਮੁਲਕਾਂ ਅਤੇ ਨਾਟੋ ਨੇ ਇਸ ਮਾਮਲੇ ਵਿੱਚ ਸਿੱਧਾ ਫ਼ੌਜੀ ਦਖ਼ਲ ਦੇਣ ਤੋਂ ਪਿੱਛੇ ਰਹਿੰਦਿਆਂ ਰੂਸ ਨੂੰ ਖੂੰਜੇ ਲਗਾਉਣ ਲਈ ਆਰਥਿਕ ਪਾਬੰਦੀਆਂ ਦਾ ਰਾਹ ਚੁਣਿਆ।
ਹੁਣ ਤੱਕ ਕਈ ਯੂਰਪੀ ਦੇਸ, ਕੰਪਨੀਆਂ, ਖੇਡ ਅਦਾਰੇ ਅਤੇ ਕੌਮਾਂਤਰੀ ਵਿੱਤੀ ਅਦਾਰੇ ਰੂਸ ਉੱਪਰ ਆਪੋ-ਆਪਣੇ ਹਿਸਾਬ ਦੀਆਂ ਪਾਬੰਦੀਆਂ ਦਾ ਐਲਾਨ ਕਰ ਚੁੱਕੇ ਹਨ।
ਹਾਲਾਂਕਿ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਨੇ ਆਪਣੇ ਮੁਲਕ ਉੱਪਰ ਪੱਛਮੀ ਦੇਸਾਂ ਵੱਲੋਂ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੌਰਾਨ ਕਿਹਾ ਹੈ ਕਿ 'ਮਾਸਕੋ ਨੂੰ ਪੱਛਮ ਨਾਲ ਕੂਟਨੀਤਿਕ ਰਿਸ਼ਤੇ ਨਹੀਂ ਚਾਹੀਦੇ'।
ਪਾਬੰਦੀ ਕੀ ਹੁੰਦੀ ਹੈ?
ਪਾਬੰਦੀ ਇੱਕ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਜੋ ਇੱਕ ਦੇਸ਼ ਵੱਲੋਂ ਦੂਜੇ ਉੱਪਰ ਲਗਾਈ ਜਾਂਦੀ ਹੈ।
ਇਨ੍ਹਾਂ ਪਾਬੰਦੀਆਂ ਦਾ ਮਕਸਦ ਅਕਸਰ ਨਿਸ਼ਾਨੇ ਹੇਠਲੇ ਦੇਸ, ਉਸ ਦੀ ਸਰਕਾਰ ਦੇ ਮੋਹਰੀ ਪੂੰਜੀਪਤੀਆਂ ਦੀ ਆਰਥਿਕਤਾ ਦਾ ਲੱਕ ਤੋੜਾਨਾ ਹੁੰਦਾ ਹੈ। ਇਨ੍ਹਾਂ ਵਿੱਚ ਸਫ਼ਰੀ ਪਾਬੰਦੀਆਂ ਤੋਂ ਇਲਵਾ ਆਰਜੀ ਰੋਕਾਂ (ਐਮਬਾਰਗੋ) ਸ਼ਾਮਲ ਹੁੰਦੀਆਂ ਹਨ।
ਇਹ ਕਿਸੇ ਦੇਸ ਵੱਲੋਂ ਦੂਜੇ ਖਿਲਾਫ਼ ਵਰਤਿਆ ਜਾ ਸਕਣ ਵਾਲਾ, ਜੰਗ ਤੋਂ ਬਾਅਦ- ਸਭ ਤੋਂ ਮਾਰਮਿਕ ਹਥਿਆਰ ਹੋ ਸਕਦਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Reuters
ਆਖਰ ਦੁਨੀਆਂ ਇਨ੍ਹਾਂ ਪਾਬੰਦੀਆਂ ਤੋਂ ਹਾਸਲ ਕੀ ਕਰਨਾ ਚਾਹੁੰਦੀ ਹੈ?
ਬੀਬੀਸੀ ਦੇ ਆਰਥਿਤ ਮਾਮਲਿਆਂ ਦੇ ਸੰਪਾਦਕ ਫੈਜ਼ਲ ਇਸਲਾਮ ਮੁਤਾਬਕ ਇਸ ਦਾ ਮਕਸਦ ''ਰੂਸ ਨੂੰ ਜਿੰਨਾਂ ਸੰਭਵ ਹੋ ਸਕੇ ਉਨੀ ਡੂੰਘੀ ਆਰਥਿਕ ਮੰਦੀ ਵਿੱਚ ਧੱਕਣਾ ਹੈ।''
ਉਹ ਲਿਖਦੇ ਹਨ, ਇਸ ਨਾਲ ਰੂਸ ਤੋਂ ਯੂਕਰੇਨ ਉੱਪਰ ਹਮਲੇ ਦੀ ਆਰਥਿਕ ਅਤੇ ਸਮਾਜਿਕ ਸਥਿਰਤਾ ਦੇ ਰੂਪ ਵਿੱਚ ਕੀਮਤ ਵਸੂਲੀ ਜਾ ਸਕੇਗੀ। ਇਸ ਦੇ ਨਾਲ ਹੀ ਰੂਸ ਦੇ ਪੂੰਜੀਪਤੀਆਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰਪਤੀ ਦੇ ਕਾਰਜਾਂ ਦੇ ਸਿੱਟਿਆਂ ਬਾਰੇ ਕੋਈ ਗਲਤਫਹਿਮੀ ਨਾ ਰਹੇ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਜੀ-20 ਸਮੂਹ ਦੇ ਮੈਂਬਰਾਂ ਨੇ ਕਿਸੇ ਦੇਸ ਦੇ ਕੇਂਦਰੀ ਬੈਂਕ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਹੋਣ। ਯੂਰਪੀ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਰੂਸ ਦੇ ਕੇਂਦਰੀ ਬੈਂਕ ਨੂੰ ਪੰਗੂ ਕਰਨਾ ਹੈ ਤਾਂ ਜੋ ਉਹ ਦੇਸ ਦੀ ਆਰਥਿਕਤਾ ਨੂੰ ਬਚਾਅ ਨਾ ਸਕੇ।
ਕਿਸੇ ਵੀ ਦੇਸ ਦੇ ਕੇਂਦਰੀ/ਰਿਜ਼ਰਵ ਬੈਂਕ ਆਮ ਤੌਰ 'ਤੇ ਅਜਿਹੀਆਂ ਪਾਬੰਦੀਆਂ ਤੋਂ ਉੱਪਰ ਹੁੰਦੇ ਹਨ। ਆਪਣੇ ਕੇਂਦਰੀ ਬੈਂਕ ਉੱਪਰ ਪਾਬੰਦੀਆਂ ਲੱਗਣ ਦਾ ਇੱਕ ਅਰਥ ਇਹ ਵੀ ਹੈ ਕਿ ਰੂਸ ਆਪਣੀ ਮੁਦਰਾ ਰੂਬਲ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗਣ ਤੋਂ ਬਚਾਅ ਨਹੀਂ ਸਕੇਗਾ।
ਹੁਣ ਤੱਕ ਕਿਹੜੀਆਂ ਪਾਬੰਦੀਆਂ ਅਮਲ ਵਿੱਚ ਆਈਆਂ?

ਤਸਵੀਰ ਸਰੋਤ, Reuters
ਰੂਸ ਖਿਲਾਫ਼ ਯੂਰਪੀ ਯੂਨੀਅਨ, ਬ੍ਰਿਟੇਨ ਅਤੇ ਜਰਮਨੀ ਵੱਲੋਂ ਐਲਾਨੀਆਂ ਪਾਬੰਦੀਆਂ ਵਿੱਚ ਸ਼ਾਮਲ ਹਨ-
- ਰੂਸੀ ਬੈਂਕਾਂ ਨੂੰ ਕੌਮਾਂਤਰੀ ਭੁਗਤਾਨ ਪ੍ਰਣਾਲੀ (ਸਵਿਫਟ) ਵਿੱਚੋਂ ਬਾਹਰ ਕੱਢਣਾ ਤਾਂ ਜੋ ਉਨ੍ਹਾਂ ਰਾਹੀਂ ਵਿਸ਼ਵ ਪੱਧਰ 'ਤੇ ਕਾਰੋਬਾਰ ਨਾ ਕੀਤਾ ਜਾ ਸਕੇ।
- ਰੂਸ ਦੇ ਕੇਂਦਰੀ ਬੈਂਕ ਦੇ ਅਸੈਟ ਫ਼ਰੀਜ਼ ਕਰ ਦਿੱਤੇ ਗਏ ਹਨ। ਇਸ ਨਾਲ ਰੂਸ ਵਿਦੇਸ਼ਾਂ ਵਿੱਚ ਪਈ ਆਪਣੀ ਸੰਪਤੀ ਨੂੰ ਛੂਹ ਨਹੀਂ ਸਕੇਗਾ।
- ਗੋਲਡਨ ਪਾਸਪੋਰਟ ਸਕੀਮ ਰਾਹੀਂ ਅਕਸਰ ਪੂੰਜੀਪਤੀ ਹੋਰ ਦੇਸਾਂ ਦੀ ਨਾਗਰਿਕਤਾ ਖ਼ਰੀਦ ਲੈਂਦੇ ਹਨ। ਉਸ ਦੇ ਦਾਇਰੇ ਨੂੰ ਸੀਮਤ ਕਰ ਦਿੱਤਾ ਗਿਆ ਹੈ।
- ਪਾਬੰਦੀਸ਼ੁਦਾ ਰੂਸੀ ਕੰਪਨੀਆਂ ਅਤੇ ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਫ਼ਰੀਜ਼ ਕਰਨ ਲਈ ਟਰਾਂਸਐਟਲਾਂਟਿਕ ਟਾਸਕ ਫੋਰਸ ਬਣਾਈ ਗਈ ਹੈ।
- ਰੂਸੀ ਸਰਕਾਰ ਦੇ ਨੇੜਲੇ ਪੂੰਜੀਪਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
- ਅਮਰੀਕਾ ਸਣੇ ਕਈ ਦੇਸਾਂ ਨੇ ਰੂਸੀ ਹਵਾਈ ਜਹਾਜ਼ਾਂ ਲਈ ਆਪਣੇ ਅਕਾਸ਼ ਦੇ ਬੂਹੇ ਬੰਦ ਕਰ ਲਏ ਹਨ। ਇਸ ਪਾਬੰਦੀ ਦਾ ਮਕਸਦ ਹੁੰਦਾ ਹੈ ਕਿ ਜਹਾਜ਼ਾਂ ਦਾ ਰਸਤਾ ਲੰਬਾ ਹੋ ਜਾਵੇ। ਉਨ੍ਹਾਂ ਨੂੰ ਘੁੰਮ ਕੇ ਜਾਣਾ ਪਵੇ ਅਤੇ ਉਨ੍ਹਾਂ ਦੇ ਤੇਲ ਤੇ ਸਮੇਂ ਦੀ ਬਰਬਾਦੀ ਹੋਵੇ।
- ਯੂਰਪੀ ਯੂਨੀਅਨ ਨੇ ਰੂਸ ਦੇ ਸਰਕਾਰੀ ਟੀਵੀ ਚੈਨਲਾਂ- ਸਪੂਤਨਿਕ ਅਤੇ ਰਸ਼ੀਆ ਟੂਡੇ ਉੱਪਰ ਪਾਬੰਦੀ ਲਗਾ ਦਿੱਤੀ ਹੈ।
- ਜਰਮਨੀ ਨੇ ਰੂਸ ਦੇ ਕੁਦਰਤੀ ਗੈਸ ਦੀ ਪਾਈਪਲਾਈਨ ਨਾਲ ਜੁੜੇ ਇੱਕ ਵੱਡੇ ਪ੍ਰੋਜੈਕਟ Nord Stream 2 ਦੀ ਮਨਜ਼ੂਰੀ ਨੂੰ ਟਾਲ ਦਿੱਤਾ ਹੈ।
ਨਿੱਜੀ ਪਾਬੰਦੀਆਂ...

ਤਸਵੀਰ ਸਰੋਤ, Getty Images
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਵਿਦੇਸ਼ ਮੰਤਰੀ ਸਰਗੇ ਲਾਵਰੋਵ ਉੱਪਰ ਪੱਛਮੀ ਦੇਸਾਂ ਨੇ ਨਿੱਜੀ ਪਾਬੰਦੀਆਂ ਲਗਾ ਵੀ ਦਿੱਤੀਆਂ ਹਨ।
ਪਾਬੰਦੀਆਂ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਅਮਰੀਕਾ, ਯੂਰਪੀ ਯੂਨੀਅਨ, ਬ੍ਰਿਟੇਨ ਅਤੇ ਕੈਨੇਡਾ ਵਿੱਚ ਮੌਜੂਦ ਜਾਇਦਾਦਾਂ ਨੂੰ ਫ਼ਰੀਜ਼ ਕਰ ਦਿੱਤਾ ਗਿਆ ਹੈ।
ਇਨ੍ਹਾਂ ਦੋਵਾਂ ਉੱਪਰ ਅਮਰੀਕਾ ਵਿੱਚ ਦਾਖਲ ਹੋਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਦੇਸਾਂ ਦੇ ਆਗੂਆਂ ਉੱਪਰ ਅਜਿਹੀਆਂ ਪਾਬੰਦੀਆਂ ਦੁਰਲਭ ਹੁੰਦੀਆਂ ਹਨ ਅਜੇ ਤੱਕ ਯੂਰਪੀ ਯੂਨੀਅਨ ਨੇ ਸੀਰੀਆ ਅਤੇ ਬੇਲਾਰੂਸ ਦੇ ਰਾਸ਼ਟਰ ਮੁਖੀਆਂ ਉੱਪਰ ਹੀ ਅਜਿਹੀਆਂ ਪਾਬੰਦੀਆਂ ਲਾਈਆਂ ਹਨ।
ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਪੁਤਿਨ ਅਤੇ ਲਾਵਰੋਵ ਦੀ ਇਨ੍ਹਾਂ ਦੇਸਾਂ ਵਿੱਚ ਕਿੰਨੀ ਨਿੱਜੀ ਜਾਇਦਾਦ ਹੈ, ਜੋ ਇਨ੍ਹਾਂ ਪਾਬੰਦੀਆਂ ਨਾਲ ਪ੍ਰਭਾਵਿਤ ਹੋਵੇਗੀ।
ਮਾਸਕੋ ਨੇ ਹਾਲਾਂ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਨੇ ਵਿਦੇਸ਼ ਨੀਤੀ ਦੇ ਪੱਖ ਤੋਂ ਪੱਛਮ ਦੀ ''ਨਾਮਰਦਾਨਗੀ'' ਨੂੰ ਉਜਾਗਰ ਕੀਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਖੇਡਾਂ ਦੇ ਖੇਤਰ ਵਿੱਚ...
ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਨਰੇਰੀ ਪ੍ਰਧਾਨਗੀ ਤੇ ਅੰਬੈਸਡਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ।
ਕੌਮਾਂਤਰੀ ਓਲੰਪਿਕ ਕਮੇਟੀ ਨੇ ਖੇਡ ਫੈਡਰੇਸ਼ਨਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਰੂਸ ਅਤੇ ਬੇਲਾਰੂਸ ਦੇ ਖਿਡਾਰਿਆਂ ਨੂੰ ਕੌਮਾਂਤਰੀ ਮੁਕਬਲਿਆਂ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ।
ਫ਼ੀਫਾ ਅਤੇ ਯੂਏਫ਼ਾ ਨੇ ਰੂਸ ਦੇ ਫੁੱਟਬਾਲ ਕਲੱਬਾਂ ਅਤੇ ਕੌਮੀ ਟੀਮਾਂ ਨੂੰ ਸਾਰੇ ਮੁਕਾਬਲਿਆਂ ਤੋਂ ਬਾਹਰ ਕਰ ਦਿੱਤਾ ਹੈ।
ਵਰਲਡ ਰਗਬੀ ਨੇ ਵੀ ਰੂਸ ਅਤੇ ਬੇਲਾਰੂਸ ਨੂੰ ਸਾਰੇ ਕੌਮਾਂਤਰੀ ਅਤੇ ਕਰਾਸਬਾਰਡਰ ਰਗਬੀ ਮੁਕਾਬਲਿਆਂ ਤੋਂ ਮੁਅਤਲ ਕਰ ਦਿੱਤਾ ਹੈ।
ਇੰਟਰਨੈਸ਼ਨਲ ਟੈਨਿਸ ਫ਼ੈਡਰੇਸ਼ਨ ਨੇ ਰੂਸ ਅਤੇ ਬੇਲਾਰੂਸ ਦੀਆਂ ਟੈਨਿਸ ਫ਼ੈਡਰੇਸ਼ਨਾਂ ਦੇ ਆਪਣੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ 'ਤੇ ਰੋਕ ਲਗਾ ਦਿੱਤੀ ਹੈ। ਟੈਨਿਸ ਫੈਡਰੇਸ਼ਨ ਨੇ ਰੂਸ ਵਿੱਚ ਹੋਣ ਵਾਲੇ ਆਪਣੇ ਸਾਰੇ ਟੂਰਨਾਮੈਂਟ ਰੱਦ ਕਰ ਦਿੱਤੇ ਹਨ।
ਮੋਟਰ ਸਪੋਰਟਸ ਦੀ ਗਵਰਨਿੰਗ ਬਾਡੀ ਐਫਆਈਏ ਨੇ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਹਾਲਾਂਕਿ ਰੂਸੀ ਅਤੇ ਬੇਲਾਰੂਸੀ ਖਿਡਾਰੀ ਖੇਡਾਂ ਵਿੱਚ ਸ਼ਾਮਲ ਹੋ ਸਕਣਗੇ ਪਰ ਇਨ੍ਹਾਂ ਦੇਸਾਂ ਦੇ ਕੌਮੀ ਤਰਾਨੇ ਅਤੇ ਝੰਡੇ ਮੁਕਾਬਲਿਆਂ ਦੌਰਾਨ ਨਹੀਂ ਝੁਲਾਏ ਜਾ ਸਕਣਗੇ।
ਰੂਸ ਵਿੱਚ ਹੋਣ ਵਾਲੀ ਫਾਰਮੂਲਾ-1 ਗਰੈਂਡ ਪਰਿਕਸ ਜੋ ਕਿ ਸਤੰਬਰ ਵਿੱਚ ਹੋਣੀ ਸੀ ਰੱਦ ਕਰ ਦਿੱਤੀ ਗਈ ਹੈ। ਫਾਰਮੂਲਾ-1 ਨਿਕਿਤਾ ਮੇਜ਼ਪਿਨ ਰੂਸ ਦੇ ਇਕਲੌਤੇ ਮੋਟਰ ਡਰਾਈਵਰ ਹਨ।
ਇਨ੍ਹਾਂ ਤੋਂ ਇਲਾਵਾ ਗਰਮ ਅਤੇ ਸਰਦ ਰੁੱਤ ਓਲੰਪਿਕ ਨਾਲ ਜੁੜੇ ਕਈ ਖੇਡ ਅਦਾਰਿਆਂ ਨੇ ਰੂਸੀ/ਬੇਲਾਰੂਸੀ ਖਿਡਾਰੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਉੱਪਰ ਰੋਕ ਲਗਾ ਦਿੱਤੀ ਹੈ।
ਕਾਰੋਬਾਰੀ ਕੰਪਨੀਆਂ ਦੀ ਪਹਿਲਕਦਮੀ

ਤਸਵੀਰ ਸਰੋਤ, Getty Images
ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਜਿੱਥੇ ਕਈ ਦੇਸ਼ ਗਰਮਜੋਸ਼ੀ ਨਾਲ ਰੂਸ ਉੱਪਰ ਆਰਥਿਕ ਪਾਬੰਦੀਆਂ ਲਗਾ ਰਹੇ ਹਨ, ਉੱਥੇ ਹੀ ਪੱਛਮੀ ਦੇਸਾਂ ਦੀਆਂ ਕੌਮਾਂਤਰੀ ਕਾਰਪੋਰੇਟ ਕੰਪਨੀਆਂ ਵੀ ਇਸ ਵਿੱਚ ਪਿੱਛੇ ਨਹੀਂ ਹਨ।
ਹਵਾਈ ਜਹਾਜ਼ ਨਿਰਮਾਤਾ ਕੰਪਨੀਆਂ ਏਅਰਬਸ ਅਤੇ ਬੋਇੰਗ ਨੇ ਰੂਸ ਨਾਲ ਆਪਣੇ ਕਾਰੋਬਾਰੀ ਰਿਸ਼ਤੇ ਖ਼ਤਮ ਕਰ ਦਿੱਤੇ ਹਨ। ਏਅਰਬਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਰੂਸੀ ਹਵਾਈ ਕੰਪਨੀਆਂ ਨੂੰ ਵੇਚੇ ਆਪਣੇ ਜਹਾਜ਼ਾਂ ਲਈ ਪੁਰਜਿਆਂ ਦੀ ਸਪਲਾਈ ਅਤੇ ਤਕਨੀਕੀ ਮਦਦ ਰੋਕ ਦਿੱਤੀ ਹੈ।
ਤੇਲ ਕੰਪਨੀ ਐਕਸੋਨ ਮੋਬਿਲ, ਸ਼ੈਲ, ਆਦਿ ਨੇ ਰੂਸ ਵਿੱਚ ਆਪਣਾ ਕੰਮ ਬੰਦ ਕਰਨ ਦਾ ਐਲਾਨ ਕੀਤਾ ਹੈ।
ਕੌਮਾਂਤਰੀ ਟੈਕ ਕੰਪਨੀ ਐਪਲ ਨੇ ਵੀ ਰੂਸ ਵਿੱਚ ਆਪਣੇ ਸਾਰੇ ਉਤਪਾਦਾਂ ਦੀ ਵਿਕਰੀ ਰੋਕ ਦਿੱਤੀ ਹੈ।
ਇਨ੍ਹਾਂ ਤੋਂ ਇਲਵਾ ਹੋਰ ਵੀ ਕਈ ਪੱਛਮੀ/ਯੂਰਪੀ/ਅਮਰੀਕੀ ਕੰਪਨੀਆਂ ਨੇ ਵੀ ਰੂਸ ਵਿੱਚ ਆਪਣੇ ਕਾਰੋਬਾਰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕੀਤੇ ਹਨ।
ਪਾਬੰਦੀਆਂ: ਦੋਧਾਰੀ ਖੰਡਾ
ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਪਾਬੰਦੀਆਂ ਦਾ ਸਿਲਸਿਲਾ ਉਮੀਦ ਨਾਲੋਂ ਜ਼ਿਆਦਾ ਅੱਗੇ ਵਧ ਗਿਆ ਹੈ।
ਦੇਖਣ ਵਿੱਚ ਆ ਰਿਹਾ ਹੈ ਕਿ ਕੰਪਨੀਆਂ ਸਿਆਸਤਦਾਨਾਂ ਤੋਂ ਅੱਗੇ ਵਧ ਕੇ ਰੂਸ ਖਿਲਾਫ਼ ਕਦਮ ਚੁੱਕ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਾਬੰਦੀਆਂ ਬਾਰੇ ਦੋਵੇਂ ਪੱਖਾਂ ਨੇ ਨਾਪਤੋਲ ਕਰਨੀ ਹੈ। ਕੀ ਰੂਸ ਆਪਣੇ ਆਰਥਿਕ ਹਿੱਸੇਦਾਰ ਵਜੋਂ ਪੱਛਮ ਦੇ ਮੁਕਾਬਲੇ ਚੀਨ ਵੱਲ ਝੁਕ ਸਕਦਾ ਹੈ ਜਾਂ ਕੀ ਪੱਛਮ ਕੁਦਰਤੀ ਤੇਲ ਅਤੇ ਗੈਸ ਦੀ ਪੂਰਤੀ ਲਈ ਰੂਸ ਉਪਰੋਂ ਨਿਰਭਰਤਾ ਘਟਾਅ ਸਕਦਾ ਹੈ?
ਪਾਬੰਦੀਆਂ ਨੂੰ ਅਮਲ ਵਿੱਚ ਆਉਣ ਅਤੇ ਆਪਣਾ ਅਸਰ ਦਿਖਾਉਣ ਵਿੱਚ ਸਮਾਂ ਲਗਦਾ ਹੈ। ਇਹ ਬੇਰਹਿਮ ਹਥਿਆਰ ਤੋਂ ਲੈ ਤੇ ਦੋਧਾਰੀ ਖੰਡਾ ਵੀ ਸਾਬਤ ਹੋ ਸਕਦੀਆਂ ਹਨ।
ਜਿਵੇਂ-ਜਿਵੇਂ ਦਿਨ ਬੀਤਣਗੇ ਦੁਨੀਆਂ ਦੇਖੇਗੀ ਕਿ ਦੇਸਾਂ ਵੱਲੋਂ ਇੱਕ ਦੂਜੇ ਦਾ ਹੁੱਕਾਪਾਣੀ ਬੰਦ ਕਰਨ ਦਾ ਖੇਡ ਇੰਨਾ ਵੀ ਸੌਖਾ ਨਹੀਂ ਜਿੰਨਾ ਪਹਿਲੀ ਨਜ਼ਰੇ ਲਗਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












