ਕੋਰੋਨਾਵਾਇਰਸ ਕਿਵੇਂ ਲੋਕਾਂ ਦੀ ਮਾਨਸਿਕ ਸਿਹਤ ’ਤੇ ਅਸਰ ਪਾ ਰਿਹਾ ਹੈ

    • ਲੇਖਕ, ਅਰਾਨਜ਼ਾਜ਼ੂ ਡੂਕ ਮੋਰੇਨੋ ਅਤੇ ਬਾਸੀਲੀਓ ਬਲੈਂਕੋ ਨੁਨੇਜ਼
    • ਰੋਲ, ਦਿ ਕਨਵਰਜ਼ੇਸ਼ਨ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦਾ ਅਨੁਮਾਨ ਹੈ ਕਿ 2030 ਤੱਕ ਮਾਨਸਿਕ ਸਿਹਤ ਸਮੱਸਿਆਵਾਂ ਦੁਨੀਆ ਵਿੱਚ ਅਸਮਰੱਥਤਾ ਦਾ ਮੁੱਖ ਕਾਰਨ ਹੋਣਗੀਆਂ।

ਸਪੇਨ ਦੇ ਸਿਹਤ ਮੰਤਰਾਲੇ ਦੀ ਇੱਕ ਰਿਪੋਰਟ ਅਨੁਸਾਰ, ਅਕਸਰ ਸਭ ਤੋਂ ਵੱਧ ਦਿੱਕਤ ਘਬਰਾਹਟ/ਚਿੰਤਾ ਦੀ ਹੁੰਦੀ ਹੈ: ਇਹ ਆਬਾਦੀ ਦੇ 6.7 ਫੀਸਦ (ਔਰਤਾਂ ਵਿੱਚ 8.8%, ਮਰਦਾਂ ਵਿੱਚ 4.5%) ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਚਿੰਤਾ ਜਾਂ ਘਬਰਾਹਟ ਦੇ ਲੱਛਣ ਵੀ ਸ਼ਾਮਲ ਕੀਤੇ ਜਾਣ ਤਾਂ ਇਹ ਅੰਕੜਾ 10.4% ਤੱਕ ਪਹੁੰਚ ਜਾਂਦਾ ਹੈ।

ਮਾਨਸਿਕ ਸਮੱਸਿਆਵਾਂ ਦੀ ਇਸ ਵੱਡੀ ਸ਼੍ਰੇਣੀ ਦੇ ਅੰਦਰ, ਸਭ ਤੋਂ ਆਮ ਪਾਈ ਜਾਣ ਵਾਲੀ ਦਿੱਕਤ ਹੈ, ਫੋਬਿਕ ਘਬਰਾਹਟ ਜਾਂ ਕੋਈ ਵਿਸ਼ੇਸ਼ ਫੋਬੀਆ।

ਮਾਨਸਿਕ ਰੋਗਾਂ ਦੇ ਡਾਇਗਨੌਸਟਿਕ ਅਤੇ ਸਟੈਟਿਸਟੀਕਲ ਮੈਨੂਅਲ (DSM V) ਦਾ ਨਵੀਨਤਮ ਐਡੀਸ਼ਨ, ਇਨ੍ਹਾਂ ਵਿਕਾਰਾਂ ਨੂੰ ਖਾਸ ਵਸਤੂਆਂ ਜਾਂ ਸਥਿਤੀਆਂ ਦੇ ਸਾਹਮਣੇ ਤੀਬਰ, ਤਤਕਾਲ (ਲਗਭਗ ਹਮੇਸ਼ਾ) ਅਤੇ ਅਸਪਸ਼ਟ ਡਰ ਜਾਂ ਚਿੰਤਾ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।

ਇਸ ਨੂੰ ਕਿ ਆਮ ਤੌਰ 'ਤੇ ਖ਼ਤਰਨਾਕ ਨਹੀਂ ਮੰਨਿਆ ਜਾਂਦਾ ਅਤੇ ਮਰੀਜ਼ ਸਰਗਰਮੀ ਨਾਲ ਇਸ ਤੋਂ ਬਚਣ ਜਾਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ:

ਡਰ, ਜੋ ਸਾਡੀ ਰੱਖਿਆ ਨਹੀਂ ਕਰਦਾ

ਫੋਬੀਆ, ਡਰ ਦੀ ਮੂਲ ਭਾਵਨਾ ਤੋਂ ਪੈਦਾ ਹੁੰਦਾ ਹੈ।

ਆਮ ਤੌਰ 'ਤੇ, ਜ਼ਿੰਦਾ ਰਹਿਣ ਲਈ ਅਜਿਹਾ ਡਰ ਇੱਕ ਮਹੱਤਵਪੂਰਨ ਤੇ ਅਨੁਕੂਲ ਭੂਮਿਕਾ ਨਿਭਾਉਂਦਾ ਹੈ। ਇਹ ਅਸਲ ਵਿੱਚ ਆਉਣ ਵਾਲੇ ਖਤਰਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਲਈ ਢੁਕਵੀਂ ਪ੍ਰਤੀਕਿਰਿਆ ਪੈਦਾ ਕਰਨ ਵਿੱਚ ਮਦਦ ਕਰਦਾ ਹੈ।

ਪਰ ਜਦੋਂ ਇਹ ਡਰ ਵਿਅਕਤੀ ਦੇ ਜੀਵਨ ਦੇ ਕਿਸੇ ਵੀ ਖੇਤਰ ਦੇ ਦੈਨਿਕ ਕੰਮਕਾਜ ਵਿੱਚ ਨਕਾਰਾਤਮਕ ਦਖਲਅੰਦਾਜ਼ੀ ਕਰਦਾ ਹੈ ਤਾਂ ਇਹ ਆਪਣਾ ਅਨੁਕੂਲ ਚਰਿੱਤਰ ਗੁਆ ਦਿੰਦਾ ਹੈ। ਕਿਉਂਕਿ ਉਸ ਸਥਿਤੀ ਵਿੱਚ ਇਹ ਨਿਰੰਤਰ, ਅਨੁਪਾਤਹੀਣ, ਤਰਕਹੀਣ ਅਤੇ ਬੇਬੁਨਿਆਦ ਹੁੰਦਾ ਹੈ।

ਅਮਰੀਕਨ ਸਾਈਕਿਆਟ੍ਰਿਕ ਐਸੋਸੀਏਸ਼ਨ ਦੇ ਡਾਇਗਨੌਸਟਿਕ ਐਂਡ ਸਟੈਟਿਸਟੀਕਲ ਮੈਨੂਅਲ ਆਫ਼ ਮੈਟਲ ਡਿਸਆਰਡਰਜ਼ (DSM V) ਦਾ ਪੰਜਵਾਂ ਐਡੀਸ਼ਨ, ਫੋਬੀਆ ਦੇ ਨਿਦਾਨ ਜਾਂ ਪਛਾਣ ਲਈ ਇਨ੍ਹਾਂ ਮਾਪਦੰਡਾਂ 'ਤੇ ਵਿਚਾਰ ਕਰਦਾ ਹੈ: ਡਰ, ਚਿੰਤਾ ਜਾਂ ਬਚਣਾ/ਟਲਣਾ ਜੋ ਕਿ ਸਮਾਜਿਕ, ਕੰਮ-ਕਾਜ ਜਾਂ ਹੋਰ ਜ਼ਰੂਰੀ ਖੇਤਰਾਂ ਵਿੱਚ ਡਾਕਟਰੀ ਤੌਰ 'ਤੇ ਮਹੱਤਵਪੂਰਨ ਸੰਕਟ ਦਾ ਕਾਰਨ ਬਣਦਾ ਹੈ।

ਇਹ ਇੱਕ ਬੁਨਿਆਦੀ ਵਿਸ਼ੇਸ਼ਤਾ ਹੈ ਜੋ ਫੋਬੀਆ ਨੂੰ ਇੱਕ ਮਾਨਸਿਕ ਸਿਹਤ ਸਮੱਸਿਆ ਬਣਾਉਂਦੀ ਹੈ।

ਫੋਬੀਆ ਦੇ ਜਨਮ ਦਾ ਵੱਡਾ ਕਾਰਨ ਮਹਾਮਾਰੀ

ਕੋਵਿਡ-19 ਮਹਾਂਮਾਰੀ ਨੇ ਸਮਾਜ ਦੇ ਇੱਕ ਵੱਡੇ ਹਿੱਸੇ ਦੀ ਮਾਨਸਿਕ ਸਿਹਤ ਨੂੰ ਵਿਗਾੜ ਦਿੱਤਾ ਹੈ।

ਇਸੇ ਤਰ੍ਹਾਂ, ਇਸ ਨੇ ਕਮਜ਼ੋਰ ਜਾਂ ਸੰਵੇਦਨਸ਼ੀਲ ਲੋਕਾਂ ਵਿੱਚ ਮਾਨਸਿਕ ਵਿਗਾੜਾਂ ਵਿੱਚ ਚਿੰਤਾਜਨਕ ਵਾਧਾ ਕੀਤਾ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਆਮ ਹਨ- ਤਣਾਅ ਅਤੇ ਚਿੰਤਾ।

ਖਾਸ ਤੌਰ 'ਤੇ, ਮਹਾਮਾਰੀ ਵਰਗੀ ਕੋਈ ਵੀ ਚਿੰਤਾਜਨਕ ਜਾਂ ਵਿਨਾਸ਼ਕਾਰੀ ਸਥਿਤੀ, ਬਹੁਤ ਜ਼ਿਆਦਾ ਡਰ ਪੈਦਾ ਕਰਦੀ ਹੈ ਅਤੇ ਸਬੰਧਤ ਵਿਗਾੜਾਂ ਦੇ ਉਭਾਰ ਲਈ ਇੱਕ ਮੁੱਖ ਕਾਰਨ ਹੁੰਦੀ ਹੈ।

ਇਸੇ ਤਰ੍ਹਾਂ, ਛੂਤ ਦੀਆਂ ਬਿਮਾਰੀਆਂ ਦੇ ਪਿਛਲੇ ਪ੍ਰਕੋਪਾਂ ਜਿਵੇਂ ਕਿ 1918 ਵਿੱਚ ਸਪੈਨਿਸ਼ ਫਲੂ ਜਾਂ 2014 ਵਿੱਚ ਪੱਛਮੀ ਅਫ਼ਰੀਕਾ ਵਿੱਚ ਇਬੋਲਾ ਦੇ ਪ੍ਰਕੋਪ ਆਦਿ ਦਾ ਮੁਲਾਂਕਣ ਕਰਨ ਵਾਲੇ ਵੱਖ-ਵੱਖ ਅਧਿਐਨਾਂ ਨੇ ਇਨ੍ਹਾਂ ਨੂੰ ਉਨ੍ਹਾਂ ਨਾਲ ਜੁੜੇ ਕਿਸੇ ਵੀ ਪਹਿਲੂ ਲਈ ਅਸਪਸ਼ਟ, ਪ੍ਰਭਾਵੀ ਜਾਂ ਵਿਵਹਾਰਕ ਪ੍ਰਤੀਕਿਰਿਆਵਾਂ ਨਾਲ ਜੋੜਿਆ ਹੈ।

ਇਸ ਸਬੰਧੀ ਜਿਨ੍ਹਾਂ ਪਹਿਲੂਆਂ 'ਤੇ ਧਿਆਨ ਦਿੱਤਾ ਜਾ ਸਕਦਾ ਹੈ, ਉਹ ਹਨ: ਸਰੀਰਕ ਸੰਪਰਕ ਜਾਂ ਬੰਦ ਥਾਵਾਂ ਕਾਰਨ ਲਾਗ ਦਾ ਜੋਖਮ, ਨਜ਼ਦੀਕੀ ਲੋਕਾਂ ਦੀ ਮੌਤ ਜਾਂ ਲਾਗ, ਰੋਕਥਾਮ ਦੇ ਉਪਾਅ, ਸਮਾਜਿਕ ਅਲੱਗ-ਥਲੱਗਤਾ ਅਤੇ ਇਕੱਲਤਾ, ਰੁਜ਼ਗਾਰ ਦਾ ਭਾਰੀ ਨੁਕਸਾਨ ਜਾਂ ਵਿੱਤੀ ਅਸਥਿਰਤਾ।

ਇਸ ਸੰਦਰਭ ਵਿੱਚ, ਅਸੀਂ ਜਾਣਦੇ ਹਾਂ ਕਿ ਕਿਸੇ ਇੱਕ ਘਟਨਾ ਵਿਸ਼ੇਸ਼ ਦੇ ਮਾਮਲੇ ਵਿੱਚ ਹਰੇਕ ਵਿਅਕਤੀ ਵਿੱਚ ਇੱਕੋ ਜਿਹੇ ਫੋਬੀਆ ਦੇ ਵਿਕਾਸ ਦੀ ਇੱਕੋ ਜਿਹੀ ਸੰਭਾਵਨਾ ਨਹੀਂ ਹੁੰਦੀ। ਹਰੇਕ ਕਿਸਮ ਦੇ ਫੋਬੀਆ ਲਈ ਖਾਸ ਹੋਰ ਕਾਰਕਾਂ ਤੋਂ ਇਲਾਵਾ, ਜੈਨੇਟਿਕ ਅਤੇ ਵਾਤਾਵਰਣਕ ਕਾਰਕਾਂ ਦੀ ਮੌਜੂਦਗੀ ਵੀ ਪ੍ਰਭਾਵ ਪਾਉਂਦੀ ਹੈ।

ਉਦਾਹਰਨ ਲਈ, ਮਹਾਂਮਾਰੀ (ਜਿਵੇਂ ਕਿ ਕੋਵਿਡ-19) ਨਾਲ ਜੁੜੇ ਫੋਬੀਆ ਦੇ ਮਾਮਲੇ ਵਿੱਚ ਇਹ ਦੇਖਿਆ ਗਿਆ ਹੈ ਕਿ ਅਨਿਸ਼ਚਿਤਤਾ ਪ੍ਰਤੀ ਸਹਿਣਸ਼ੀਲਤਾ ਦੀ ਘਾਟ, ਬਿਮਾਰੀ ਪ੍ਰਤੀ ਕਮਜ਼ੋਰੀ ਜਾਂ ਚਿੰਤਾ ਦੀ ਪ੍ਰਵਿਰਤੀ ਇੱਕ ਮੁੱਖ ਭੂਮਿਕਾ ਨਿਭਾਉਂਦੀ ਹੈ।

ਰੋਕਥਾਮ ਨਾਲ ਸਬੰਧਿਤ ਫੋਬੀਆ

ਮਹਾਂਮਾਰੀ ਦੀ ਸ਼ੁਰੂਆਤ ਵਿੱਚ ਵਿਵਹਾਰਕ ਤੌਰ 'ਤੇ ਸਾਰੇ ਦੇਸ਼ਾਂ ਵਿੱਚ ਲਗਾਇਆ ਗਿਆ ਇੱਕ ਉਪਾਅ ਸੀ ਅਲੱਗ-ਥਲੱਗ ਰਹਿਣਾ ਜਾਂ ਰੱਖਣਾ।

ਇਸ ਦੇ ਨਤੀਜੇ ਵਜੋਂ ਸਰੀਰਕ ਅਤੇ ਸਮਾਜਿਕ ਮੇਲ-ਜੋਲ ਬਹੁਤ ਘਟ ਗਿਆ ਹੈ ਅਤੇ ਮਾਨਸਿਕ ਸਿਹਤ 'ਤੇ ਵੀ ਇਸਦਾ ਬਹੁਤ ਅਸਰ ਪਿਆ ਹੈ। ਵਿਹਲੇ ਸਮੇਂ ਅਤੇ ਖਾਲੀ ਸਮੇਂ ਦੀਆਂ ਪਾਬੰਦੀਆਂ ਨੇ ਵੀ ਇਸ 'ਤੇ ਪ੍ਰਭਾਵ ਪਾਇਆ ਹੈ।

ਇਸ ਦੇ ਨਤੀਜੇ ਲੋਕਾਂ ਦੀ ਮਾਨਸਿਕ ਸਿਹਤ ਦੇ ਸਬੰਧ ਵਿੱਚ ਵੱਖ-ਵੱਖ ਹਨ।

ਇੱਕ ਪਾਸੇ, ਸਿੱਧੇ ਤੌਰ 'ਤੇ ਸਮਾਜਿਕ ਅਲੱਗ-ਥਲੱਗਤਾ ਨਾਲ ਜੁੜਿਆ ਹੋਇਆ ਐਗੋਰਾਫੋਬੀਆ ਪੈਦਾ ਹੋ ਗਿਆ ਹੈ। ਇਹ ਇੱਕ ਅਜਿਹਾ ਫੋਬੀਆ ਜਾਂ ਡਰ ਹੁੰਦਾ ਹੈ ਜਿਸ ਵਿੱਚ ਵਿਅਕਤੀ ਨੂੰ ਉਨ੍ਹਾਂ ਸਥਾਨਾਂ ਜਾਂ ਸਥਿਤੀਆਂ ਤੋਂ ਡਰ ਲੱਗਣ ਲੱਗਦਾ ਹੈ ਜਿੱਥੋਂ ਭੱਜਣਾ ਜਾਂ ਐਮਰਜੈਂਸੀ ਵਿੱਚ ਮਦਦ ਮੰਗਣਾ ਮੁਸ਼ਕਿਲ ਹੋਵੇ।

ਦੂਜੇ ਪਾਸੇ, ਅਲੱਗ-ਥਲੱਗਤਾ ਸਾਡੇ ਮੇਲ ਜੋਲ 'ਤੇ ਵੀ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ, ਜਿਸ ਵਿੱਚ ਲੋਕਾਂ ਨੂੰ ਮਿਲਣ ਦਾ ਡਰ ਜਾਂ ਫੋਬੀਆ ਹੋ ਸਕਦਾ ਹੈ।

ਇਸ ਸਭ ਨਾਲ ਆਬਾਦੀ ਦਾ ਜਿਹੜਾ ਸਮੂਹ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਉਹ ਹਨ ਜਵਾਨ ਹੁੰਦੇ ਲੋਕ।

"ਕੋਰੋਨਾਫੋਬੀਆ" ਅਤੇ ਲਾਗ ਨਾਲ ਜੁੜੇ ਹੋਰ ਫੋਬੀਆ

ਮੌਜੂਦਾ ਮਹਾਂਮਾਰੀ ਕੋਰੋਨਾ ਕਾਰਨ ਪੈਦਾ ਹੋਏ ਫੋਬੀਆ ਵਿੱਚੋਂ ਇੱਕ ਨੂੰ 'ਕੋਰੋਨਾਫੋਬੀਆ' ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਵਿਅਕਤੀ ਨੂੰ ਕੋਵਿਡ-19 ਦੀ ਲਾਗ ਬਾਰੇ ਬਹੁਤ ਜ਼ਿਆਦਾ ਚਿੰਤਾ ਹੋ ਜਾਂਦੀ ਹੈ।

ਇਸ ਤਰ੍ਹਾਂ, ਬਹੁਤ ਜ਼ਿਆਦਾ ਡਰਨ ਵਾਲੇ ਲੋਕਾਂ ਨੂੰ ਇਸ ਬਿਮਾਰੀ ਨਾਲ ਸਬੰਧਤ ਵਿਚਾਰਾਂ ਜਾਂ ਜਾਣਕਾਰੀ ਦੁਆਰਾ ਪੈਦਾ ਹੋਏ ਅਸੁਖਾਵੇਂ ਸਰੀਰਕ ਲੱਛਣਾਂ ਦਾ ਅਨੁਭਵ ਹੋਣ ਲੱਗਦਾ ਹੈ।

ਇਹ ਫੋਬੀਆ ਅਸਲ ਵਿੱਚ ਲੋਕਾਂ ਨੂੰ ਅਸਮਰੱਥ ਬਣਾ ਰਿਹਾ ਹੈ ਕਿਉਂਕਿ ਇਹ ਕੰਮ ਕਰਨ ਦੀ ਸ਼ਕਤੀ ਨੂੰ ਘਟਾਉਂਦਾ ਹੈ ਅਤੇ ਮਨੋਵਿਗਿਆਨਕ ਪਰੇਸ਼ਾਨੀ ਪੈਦਾ ਕਰਦਾ ਹੈ। ਇਸ ਲਈ ਇਹ ਮਾਨਸਿਕ ਤੰਦਰੁਸਤੀ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ।

ਇਸੇ ਤਰ੍ਹਾਂ, ਛੂਤ ਦੇ ਬਹੁਤ ਜ਼ਿਆਦਾ ਡਰ ਨਾਲ ਸਬੰਧਤ ਆਬਸੈਸਿਵ ਕੰਪਲਸਿਵ ਡਿਸਆਰਡਰ (ਓਸੀਡੀ) ਵੀ ਧਿਆਨ ਦੇਣ ਯੋਗ ਹੈ। ਇਹ ਵੀ ਚਿੰਤਾ ਨਾਲ ਸਬੰਧਤ ਇੱਕ ਹੋਰ ਵਿਕਾਰ ਹੈ, ਜਿਸ ਦੇ ਲੱਛਣ ਕੋਵਿਡ-19 ਦੇ ਸੰਦਰਭ ਵਿੱਚ ਹੋਰ ਵਧ ਸਕਦੇ ਹਨ।

ਡੀਐੱਸਐੱਮ ਵੀ, ਓਸੀਡੀ ਨੂੰ ਜਨੂੰਨ, ਮਜਬੂਰੀਆਂ ਜਾਂ ਦੋਵਾਂ ਦੀ ਮੌਜੂਦਗੀ ਵਜੋਂ ਪਰਿਭਾਸ਼ਿਤ ਕਰਦਾ ਹੈ।

ਜਨੂੰਨ: ਵਾਰ-ਵਾਰ ਅਣਚਾਹੇ ਅਤੇ ਨਿਰੰਤਰ ਵਿਚਾਰ, ਪ੍ਰਭਾਵ ਜਾਂ ਚਿੱਤਰ ਹਨ। ਉਦਾਹਰਨ ਲਈ, ਮਹਾਮਾਰੀ ਦੇ ਸੰਦਰਭ ਵਿੱਚ, ਲਾਗ ਲੱਗਣ ਜਾਂ ਆਪਣੇ ਕਰੀਬੀਆਂ ਨੂੰ ਲਾਗ ਲੱਗਣ ਦੇ ਵਿਚਾਰ।

ਮਜਬੂਰੀਆਂ: ਜਨੂੰਨ ਦੀ ਵਾਰ-ਵਾਰ ਅਣਚਾਹੇ ਤੇ ਨਿਰੰਤਰ ਪ੍ਰਕਿਰਿਆ ਕਾਰਨ ਪੈਦਾ ਹੋਈ ਅਸਹਿਜਤਾ ਨਾਲ ਨਜਿੱਠਣ ਲਈ ਪੈਦਾ ਹੋਈਆਂ ਮਜਬੂਰੀਆਂ, ਜਿਨ੍ਹਾਂ ਨੂੰ ਵਿਅਕਤੀ ਸਖ਼ਤੀ ਨਾਲ ਲਾਗੂ ਕਰਦਾ ਹੈ।

ਉਦਾਹਰਨ ਲਈ, ਲਾਗ ਨੂੰ ਹੋਣ ਤੋਂ ਰੋਕਣ ਲਈ ਵਾਰ-ਵਾਰ ਹੱਥ ਧੋਣ ਨੂੰ ਰੋਕਥਾਮ ਉਪਾਅ ਵਜੋਂ ਦੱਸਿਆ ਗਿਆ ਹੈ।

ਹਾਲਾਂਕਿ, ਇਹੀ ਵਿਵਹਾਰ ਆਮ ਤੌਰ 'ਤੇ ਪ੍ਰਦੂਸ਼ਣ ਨਾਲ ਜੁੜੇ ਓਸੀਡੀ ਸਬੰਧੀ ਵੀ ਹੋ ਸਕਦਾ ਹੈ।

ਇਸ ਤਰ੍ਹਾਂ, ਇਹ ਨਾ ਸਿਰਫ਼ ਮਹਾਂਮਾਰੀ ਦੇ ਸਮੇਂ ਵਿੱਚ, ਸਗੋਂ ਆਮ ਤੌਰ 'ਤੇ ਵੀ ਢੁਕਵਾਂ ਅਤੇ ਸਿਹਤਮੰਦ ਹੈ ਪਰ ਨਾਲ ਹੀ ਇਹ ਕੋਵਿਡ-19 ਨਾਲ ਸਬੰਧਿਤ ਓਸੀਡੀ ਦੇ ਵਧਣ ਦਾ ਆਧਾਰ ਵੀ ਬਣ ਸਕਦਾ ਹੈ।

ਕੋਰੋਨਾਫੋਬੀਆ ਦਾ ਮੁਲਾਂਕਣ

ਫੋਬੀਆ ਦੇ ਸੰਦਰਭ 'ਚ, ਕੋਰੋਨਾਫੋਬੀਆ ਇੱਕ ਨਵੀਂ ਸਮੱਸਿਆ ਹੈ ਕਿਉਂਕਿ ਇਹ ਫੋਬੀਆ ਖਾਸ ਤੌਰ 'ਤੇ ਕੋਵਿਡ-19 ਨਾਲ ਜੁੜਿਆ ਹੋਇਆ ਹੈ।

ਹਾਲਾਂਕਿ, ਉੱਪਰ ਦੱਸੇ ਅਨੁਸਾਰ ਛੂਤ ਦੀਆਂ ਹੋਰ ਬਿਮਾਰੀਆਂ ਨਾਲ ਸਬੰਧਤ ਫੋਬੀਆ ਬਾਰੇ ਅਧਿਐਨ ਕੀਤੇ ਜਾ ਚੁੱਕੇ ਹਨ।

ਇਸ ਕਾਰਨ ਅਤੇ ਅਮਰੀਕਨ ਸਾਈਕਿਆਟ੍ਰਿਕ ਐਸੋਸੀਏਸ਼ਨ (ਏਪੀਏ) ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਦੇ ਹੋਏ, ਇਸ ਵਧ ਰਹੇ ਵਿਗਾੜ ਦੇ ਸਹੀ ਇਲਾਜ ਲਈ ਮਨੋਵਿਗਿਆਨਕ ਵਿਸ਼ੇਸ਼ਤਾਵਾਂ ਵਾਲੇ ਸਾਧਨ ਵਿਕਸਿਤ ਕੀਤੇ ਜਾ ਰਹੇ ਹਨ।

ਇਸ ਕਿਸਮ ਦੇ ਸਾਧਨ ਦਾ ਇੱਕ ਉਦਾਹਰਨ ਹੈ ਕੋਵਿਡ-19 ਫੋਬੀਆ ਸਕੇਲ ਜਿਸ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਸੰਯੁਕਤ ਰਾਜ, ਕੋਰੀਆ ਅਤੇ ਈਰਾਨ ਦੀ ਆਬਾਦੀ ਵਿੱਚ ਪ੍ਰਮਾਣਿਤ ਕੀਤਾ ਗਿਆ ਹੈ।

ਮਹਾਂਮਾਰੀ ਨਾਲ ਜੁੜੀ ਚਿੰਤਾਜਨਕ ਅਤੇ ਅਨਿਸ਼ਚਿਤਤਾ ਵਾਲੀ ਸਥਿਤੀ ਦੇ ਮੱਦੇਨਜ਼ਰ, ਇਸ ਕਿਸਮ ਦੇ ਯੰਤਰ ਬਹੁਤ ਜ਼ਰੂਰੀ ਹਨ।

ਇਹ ਨਾ ਸਿਰਫ ਕੋਰੋਨਾਫੋਬੀਆ ਦੇ ਨਵੇਂ ਖਾਸ ਮਾਮਲਿਆਂ ਦੀ ਜਾਂਚ ਕਰਨ ਲਈ ਮਹੱਤਵਪੂਰਨ ਹਨ, ਸਗੋਂ ਇਲਾਜ ਅਧੀਨ ਮਰੀਜ਼ਾਂ ਵਿੱਚ ਲੱਛਣਾਂ ਦੇ ਸੰਭਾਵੀ ਵਿਗਾੜ ਲਈ ਵੀ ਮਹੱਤਵਪੂਰਨ ਹਨ।

ਇੱਥੋਂ ਤੱਕ ਕਿ, ਕਿਸੇ ਮਰੀਜ਼ ਵਿੱਚ ਦੁਬਾਰਾ ਲੱਛਣ ਪੈਦਾ ਹੋਣ ਦੀ ਸਥਿਤ ਵਿੱਚ ਵੀ ਲਾਹੇਵੰਦ ਹਨ।

* ਅਰਾਨਜ਼ਾਜ਼ੂ ਡੂਕ ਮੋਰੇਨੋ, ਨਿਊਰੋਸਾਇੰਸ ਵਿੱਚ ਇੱਕ ਡਾਕਟਰ ਹਨ, ਮਨੋਵਿਗਿਆਨ ਵਿੱਚ ਡਿਗਰੀ ਦੇ ਨਿਰਦੇਸ਼ਕ ਅਤੇ ਹੈਲਥਕੇਅਰ ਦੇ ਹਉਮੈਨਾਈਜ਼ੇਸ਼ਨ ਦੀ ਚੇਅਰ ਦੇ ਸਕੱਤਰ ਅਤੇ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਵੈਲੇਂਸੀਆ (ਸਪੇਨ) ਵਿੱਚ ਮਨੋਵਿਗਿਆਨ ਅਤੇ ਜੀਵਨ ਦੀ ਗੁਣਵੱਤਾ ਖੋਜ ਸਮੂਹ ਦੇ ਮੈਂਬਰ ਹਨ।

* ਬੈਸੀਲੀਓ ਬਲੈਂਕੋ ਨੁਨੇਜ਼ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਵੈਲੇਂਸੀਆ (ਸਪੇਨ) ਦੇ ਫੈਕਲਟੀ ਆਫ ਹੈਲਥ ਸਾਇੰਸਿਜ਼ ਵਿੱਚ ਇੱਕ ਖੋਜ ਅਧਿਆਪਨ ਸਟਾਫ ਹਨ।

ਇਹ ਲੇਖ ਅਸਲ ਵਿੱਚ ਦਿ ਕਵਰਜ਼ੇਸ਼ਨ'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇੱਕ ਕਰੀਏਟਿਵ ਕਾਮਨਜ਼ ਲਾਇਸੰਸ ਦੇ ਤਹਿਤ ਬੀਬੀਸੀ ਮੁੰਡੋ 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)