ਨਿਰਾਸ਼ਾ, ਚਿੰਤਾ ਜਾਂ ਫਿਰ ਗੁੱਸਾ... ਅਜਿਹੇ ਖ਼ਰਾਬ ਮੂਡ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ- ਸਟਡੀ

    • ਲੇਖਕ, ਡੇਵਿਡ ਰੌਬਸਨ
    • ਰੋਲ, ਵਿਗਿਆਨ ਲੇਖਕ

ਕਲਪਨਾ ਕਰੋ ਕਿ ਤੁਸੀਂ ਹੁਣੇ-ਹੁਣੇ ਕੁਝ ਅਣਸੁਖਾਵਾਂ ਅਨੁਭਵ ਕੀਤਾ ਹੈ - ਜਿਵੇਂ ਕਿ ਤੁਹਾਡਾ ਪੱਕਾ ਦੋਸਤ ਤੁਹਾਡਾ ਜਨਮ ਦਿਨ ਭੁੱਲ ਗਿਆ, ਤੁਹਾਨੂੰ ਨਵੀਂ ਨੌਕਰੀ ਨਹੀਂ ਮਿਲੀ ਜਾਂ ਤੁਹਾਨੂੰ ਹੁਣੇ ਯਾਦ ਆਇਆ ਕਿ ਤੁਸੀਂ ਕੰਮ 'ਤੇ ਜਾਣਾ ਹੈ। ਆਮ ਤੌਰ 'ਤੇ ਤੁਸੀਂ ਇਸ ਸਮੇਂ ਹੋਣ ਵਾਲੀਆਂ ਭਾਵਨਾਵਾਂ ਨਾਲ ਕਿਵੇਂ ਨਜਿੱਠਦੇ ਹੋ?

ਸ਼ਾਇਦ ਤੁਸੀਂ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਇਸ ਨੂੰ ਆਪਣੇ ਆਪ 'ਤੇ ਹਾਵੀ ਨਾ ਹੋਣ ਦੇਣ ਦੀ ਕੋਸ਼ਿਸ਼ ਕਰੋਗੇ। ਤੁਸੀਂ ਅਣਸੁਖਾਵੀਂ ਜਾਂ ਬੁਰੀ ਖ਼ਬਰ ਬਾਰੇ ਸੋਚਣ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਜਦੋਂ ਇਹ ਤੁਹਾਡੀ ਚੇਤਨਾ ਵਿੱਚ ਆ ਜਾਵੇਗੀ, ਤਾਂ ਤੁਸੀਂ ਸਵਾਲ ਕਰੋਗੇ ਕਿ ਤੁਸੀਂ ਇੰਨੇ ਸੰਵੇਦਨਸ਼ੀਲ ਕਿਉਂ ਹੋ।

ਇਸ ਤੋਂ ਬਚਣ (ਸਕਰੀਨ ਆਊਟ ਹੋਣ) ਅਤੇ ਆਪਣੇ ਆਪ ਨੂੰ ਸਜ਼ਾ ਦੇਣ ਦੀ ਇਸ ਪ੍ਰਵਿਰਤੀ ਨੂੰ "ਮੂਡ ਸ਼ੇਮ" (ਆਪਣੇ ਮੂਡ ਲਈ ਸ਼ਰਮਿੰਦਾ ਮਹਿਸੂਸ ਕਰਨਾ) ਵਜੋਂ ਦਰਸਾਇਆ ਜਾ ਸਕਦਾ ਹੈ।

ਜਿਸਦੇ ਮੁਤਾਬਕ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੁਰੀਆਂ ਭਾਵਨਾਵਾਂ ਹੋਣਾ ਇੱਕ ਨਿੱਜੀ ਅਸਫ਼ਲਤਾ ਹੈ।

ਜ਼ਿੰਦਗੀ ਦੇ ਖੁਸ਼ੀਆਂ ਭਰੇ ਪੱਖ ਨੂੰ ਲਗਾਤਾਰ ਦੇਖਣਾ ਮਜ਼ਬੂਤ ਤੇ ਦਲੇਰੀ ਵਾਲਾ ਜਾਪ ਸਕਦਾ ਹੈ। ਹਾਲਾਂਕਿ ਜੇਕਰ ਇਸ ਨੂੰ ਹੋਰ ਅੱਗੇ ਲਿਜਾਇਆ ਜਾਵੇ ਤਾਂ ਅਸੀਂ ਘਟਨਾਵਾਂ ਲਈ ਪੂਰੀ ਤਰ੍ਹਾਂ ਵਾਜਬ ਪ੍ਰਤੀਕਿਰਿਆਵਾਂ ਲਈ ਵੀ ਆਪਣੇ ਆਪ ਨਾਲ ਗੁੱਸਾ ਹੋ ਸਕਦੇ ਹਾਂ।

ਹਾਲਾਂਕਿ ਇਹ ਸੁਭਾਵਿਕ ਹੈ ਕਿ ਅਸੀਂ ਨਿਰਾਸ਼ਾ, ਚਿੰਤਾ, ਗੁੱਸੇ ਜਾਂ ਉਦਾਸੀ ਵਰਗੀਆਂ ਅਸਹਿਜ ਭਾਵਨਾਵਾਂ ਤੋਂ ਬਚਣ ਨੂੰ ਤਰਜੀਹ ਦੇਈਏ, ਪਰ ਹਾਲੀਆ ਮਨੋਵਿਗਿਆਨਕ ਅਧਿਐਨ ਮੁਤਾਬਕ ਅਜਿਹੀਆਂ ਭਾਵਨਾਵਾਂ ਸਾਡੇ ਜੀਵਨ ਵਿੱਚ ਉਪਯੋਗੀ ਹੋ ਸਕਦੀਆਂ ਹਨ।

ਉਸ ਫਾਇਦੇ ਬਾਰੇ ਜਾਣਨਾ ਸਿੱਖ ਕੇ ਅਤੇ ਪਹਿਲਾਂ ਹੀ ਕੋਈ ਫੈਸਲਾ ਕੀਤੇ ਬਗੈਰ ਉਨ੍ਹਾਂ ਭਾਵਨਾਵਾਂ ਨੂੰ ਸਵੀਕਾਰ ਕਰਕੇ ਅਸੀਂ ਬਿਹਤਰ ਸਰੀਰਕ ਅਤੇ ਮਾਨਸਿਕ ਸਿਹਤ ਦਾ ਆਨੰਦ ਮਾਣ ਸਕਦੇ ਹਾਂ।

ਇਹ ਵੀ ਪੜ੍ਹੋ:

ਇੱਥੇ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਜਦੋਂ ਮੈਂ ਨਕਾਰਾਤਮਕ ਭਾਵਨਾਵਾਂ ਨੂੰ ਸਵੀਕਾਰ ਕਰਨ ਦੀ ਸਾਡੀ ਜ਼ਰੂਰਤ ਬਾਰੇ ਲਿਖਦਾ ਹਾਂ, ਤਾਂ ਮੇਰਾ ਮਤਲਬ ਗੰਭੀਰ ਉਦਾਸੀ, ਚਿੰਤਾ ਜਾਂ ਮਿਜਾਜ਼ ਸਬੰਧੀ ਕਿਸੇ ਹੋਰ ਪੁਰਾਣੇ ਵਿਕਾਰ ਬਾਰੇ ਨਹੀਂ ਹੈ, ਅਜਿਹਾ ਵਿਕਾਰ ਜਿਸ ਦੇ ਲਈ ਡਾਕਟਰੀ ਮਦਦ ਦੀ ਲੋੜ ਹੁੰਦੀ ਹੈ।

ਜੇ ਤੁਹਾਨੂੰ ਲੰਬੇ ਅਤੇ ਅਸਹਿਣਸ਼ੀਲ ਦੁੱਖਾਂ ਤੋਂ ਰਾਹਤ ਪ੍ਰਾਪਤ ਕਰਨ ਲਈ ਡਾਕਟਰੀ ਇਲਾਜ ਅਤੇ ਮਾਨਸਿਕ ਸਿਹਤ ਸਹਾਇਤਾ ਦੀ ਲੋੜ ਹੈ ਤਾਂ ਅਜਿਹੀਆਂ ਭਾਵਨਾਵਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਇਸ ਦੀ ਬਜਾਏ, ਮੈਂ ਭਾਵਨਾਵਾਂ ਦੇ ਉਨ੍ਹਾਂ ਅਸਥਾਈ ਬਦਲਾਂ ਦਾ ਜ਼ਿਕਰ ਕਰ ਰਿਹਾ ਹਾਂ ਜੋ ਕੁਝ ਘੰਟਿਆਂ ਜਾਂ ਦਿਨਾਂ ਲਈ ਸਾਨੂੰ ਘੇਰ ਲੈਂਦੇ ਹਨ। ਅਸਲ ਵਿੱਚ ਉਹ ਲੰਮੇ ਸਮੇਂ ਲਈ ਸਾਡੀ ਭਲਾਈ ਲਈ ਕੋਈ ਖਤਰਾ ਨਹੀਂ ਹੁੰਦੇ, ਪਰ ਅਸੀਂ ਅਕਸਰ ਅਜਿਹਾ ਸਮਝਦੇ ਹਾਂ ਜਿਵੇਂ ਕਿ ਉਹ ਕੋਈ ਖਤਰਾ ਹੋਣ ਅਤੇ ਫਿਰ ਉਨ੍ਹਾਂ ਭਾਵਨਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ।

ਜਿਵੇਂ ਕਿ ਇਤਾਲਵੀ ਦਾਰਸ਼ਨਿਕ ਇਲਾਰੀਆ ਗਾਸਪਾਰੀ ਨੇ ਆਪਣੀ ਨਵੀਂ ਕਿਤਾਬ 'ਵਿਟਾ ਸੇਗਰੇਟਾ ਡੇਲੇ ਈਮੋਜ਼ੀਓਨੀ' (ਭਾਵਨਾਵਾਂ ਦਾ ਗੁਪਤ ਜੀਵਨ) ਵਿੱਚ ਲਿਖਿਆ ਹੈ ਕਿ ਸਾਡੀਆਂ ਭਾਵਨਾਵਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਸਿਰਫ਼ "ਸ਼ਰਮ" ਅਤੇ "ਡਰ" ਦੀਆਂ ਪਰਤਾਂ ਨੂੰ ਜੋੜ ਸਕਦੀਆਂ ਹਨ, ਜੋ ਅਸੀਂ ਪਹਿਲਾਂ ਹੀ ਮਹਿਸੂਸ ਕਰ ਰਹੇ ਹੁੰਦੇ ਹਾਂ।

ਨਾਲ ਹੀ ਉਨ੍ਹਾਂ ਲੋਕਾਂ ਲਈ ਈਰਖਾ ਹੁੰਦੀ ਹੈ ਜੋ ਆਪਣੀ ਜ਼ਿੰਦਗੀ ਵਿੱਚ ਵਧੇਰੇ ਖੁਸ਼ ਦਿਖਾਈ ਦਿੰਦੇ ਹਨ।

ਉਹ ਲਿਖਦੇ ਹਨ, ਨਤੀਜੇ ਵਜੋਂ ਪੈਦਾ ਹੋਈ ਭਾਵਨਾ, ਉਸ ਚੀਜ਼ ਤੋਂ ਵੀ ਕਿਤੇ "ਮਜ਼ਬੂਤ ਅਤੇ ਵਧੇਰੇ ਦ੍ਰਿੜ" ਹੁੰਦੀ ਹੈ ਜਿਸ ਤੋਂ ਬਚਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀ।

ਗੈਸਪਾਰੀ ਲਿਖਦੇ ਹਨ, "ਮੈਨੂੰ ਇਹ ਸਮਝਣ ਵਿੱਚ ਲੰਮਾ ਸਮਾਂ ਲੱਗਿਆ ਕਿ ਭਾਵਨਾਤਮਕ ਹੋਣ ਦਾ ਮਤਲਬ ਅਸਥਿਰ ਜਾਂ ਅਸੰਤੁਲਿਤ ਹੋਣਾ ਨਹੀਂ ਹੈ, ਬਲਕਿ ਜ਼ਿੰਦਾ ਰਹਿਣਾ, ਖੁੱਲ੍ਹਾ ਅਤੇ ਸੰਸਾਰ ਦੇ ਤਜਰਬੇ ਪ੍ਰਤੀ ਸੰਵੇਦਨਸ਼ੀਲ ਹੋਣਾ ਹੈ।''

ਗੈਸਪਾਰੀ ਇਹ ਆਪਣੇ ਨਿੱਜੀ ਤਜਰਬੇ ਤੋਂ ਲਿਖ ਰਹੇ ਸਨ, ਪਰ ਵਿਗਿਆਨਕ ਅਧਿਐਨਾਂ ਦੀ ਇੱਕ ਲੜੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਾਡੀ "ਮੂਡ ਸ਼ੇਮ" ਸਾਡੀ ਤੰਦਰੁਸਤੀ ਲਈ ਨੁਕਸਾਨਦੇਹ ਹੋ ਸਕਦੀ ਹੈ। ਉਸ ਖੋਜ ਨੂੰ ਸਮਝਣ ਲਈ, ਹੇਠਾਂ ਦਿੱਤੇ ਸਵਾਲਾਂ 'ਤੇ ਵਿਚਾਰ ਕਰੋ।

ਆਓ ਇੱਕ ਟੈਸਟ ਕਰਦੇ ਹਾਂ

ਹੇਠ ਲਿਖੇ ਕਥਨਾਂ ਨੂੰ ਤੁਸੀਂ ਇੱਕ (ਕਦੇ ਨਹੀਂ/ਬਹੁਤ ਘੱਟ ਹੀ ਸੱਚ) ਤੋਂ ਸੱਤ (ਬਹੁਤ ਅਕਸਰ/ਹਮੇਸ਼ਾ ਸੱਚ) ਦੇ ਪੈਮਾਨੇ 'ਤੇ ਕਿੰਨੇ ਨੰਬਰ ਦੇਵੋਗੇ?

- ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਕਿ ਮੈਨੂੰ ਉਵੇਂ ਮਹਿਸੂਸ ਨਹੀਂ ਕਰਨਾ ਚਾਹੀਦਾ, ਜਿਸ ਤਰ੍ਹਾਂ ਮੈਂ ਮਹਿਸੂਸ ਕਰ ਰਿਹਾ ਹਾਂ

- ਮੈਂ ਤਰਕਹੀਣ ਜਾਂ ਅਣਉਚਿਤ ਭਾਵਨਾਵਾਂ ਲਈ ਆਪਣੀ ਆਲੋਚਨਾ ਕਰਦਾ ਹਾਂ

- ਮੈਨੂੰ ਲੱਗਦਾ ਹੈ ਕਿ ਮੇਰੀਆਂ ਕੁਝ ਭਾਵਨਾਵਾਂ ਬੁਰੀਆਂ ਜਾਂ ਅਣਉਚਿਤ ਹਨ ਅਤੇ ਮੈਨੂੰ ਉਨ੍ਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ

1,000 ਉੱਤਰਦਾਤਾਵਾਂ ਤੋਂ ਸਵਾਲ ਕਰਦੇ ਹੋਏ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੇ ਵਿਖੇ ਆਈਰਿਸ ਮੌਸ ਨੇ ਦੇਖਿਆ ਕਿ ਇਸ ਪੈਮਾਨੇ 'ਤੇ ਲੋਕ ਜਿੰਨੇ ਜ਼ਿਆਦਾ ਅੰਕ ਪ੍ਰਾਪਤ ਕਰਦੇ ਹਨ, ਉਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਉਹ ਤਣਾਅ ਅਤੇ ਚਿੰਤਾ ਦੇ ਲੱਛਣਾਂ ਦੀ ਰਿਪੋਰਟ ਕਰਨਗੇ।

ਉਨ੍ਹਾਂ ਲੋਕਾਂ ਵਿੱਚ ਜੀਵਨ ਪ੍ਰਤੀ ਸੰਤੁਸ਼ਟੀ ਅਤੇ ਮਾਨਸਿਕ ਤੰਦਰੁਸਤੀ ਵੀ ਘੱਟ ਸੀ। ਇਸ ਦੇ ਉਲਟ, ਜਿਹੜੇ ਲੋਕ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ "ਬੁਰਾ" ਜਾਂ "ਅਣਉਚਿਤ" ਦਰਸਾਏ ਬਿਨਾਂ ਸਵੀਕਾਰ ਕਰਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ।

ਚੰਗੇ ਅਤੇ ਮਾੜੇ ਦੋਵਾਂ ਪੱਖਾਂ ਨੂੰ ਦੇਖਣਾ

"ਮੂਡ ਸ਼ੇਮ" ਦੇ ਨਤੀਜਿਆਂ ਵਿੱਚ ਮੇਰੀ ਨਿੱਜੀ ਦਿਲਚਸਪੀ ਉਦੋਂ ਸ਼ੁਰੂ ਹੋਈ ਜਦੋਂ ਮੈਂ ਆਪਣੀ ਕਿਤਾਬ 'ਦ ਐਕਸਪੈਕਟੇਸ਼ਨ ਇਫੈਕਟ' ਲਈ ਖੋਜ ਸ਼ੁਰੂ ਕੀਤੀ। ਇੱਥੇ ਬਹੁਤ ਸਾਰੇ ਸਬੂਤ ਹਨ ਕਿ ਅਸੀਂ ਜੀਵਨ ਦੇ ਕਈ ਖੇਤਰਾਂ ਵਿੱਚ ਸਵੈ-ਪੂਰਤੀ ਵਾਲੀਆਂ ਭਵਿੱਖਬਾਣੀਆਂ ਬਣਾ ਸਕਦੇ ਹਾਂ।

ਮਿਸਾਲ ਵਜੋਂ ਦਵਾਈ ਵਿੱਚ, ਅਸੀਂ ਜਾਣਦੇ ਹਾਂ ਲੋਕਾਂ ਦੁਆਰਾ ਕੀਤੀ ਜਾਂਦੀ ਸਰੀਰ ਦੇ ਦਰਦ ਵਰਗੇ ਲੱਛਣਾਂ ਦੀ ਵਿਆਖਿਆ, ਉਨ੍ਹਾਂ ਦੇ ਅਨੁਭਵ ਕਰਨ ਦੇ ਤਰੀਕੇ ਨੂੰ ਬਦਲ ਸਕਦੀ ਹੈ ਅਤੇ ਇਹ ਸਾਡੇ ਸਰੀਰਕ ਪ੍ਰਤੀਕਰਮ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਮੈਂ ਹੈਰਾਨ ਸੀ ਕਿ ਕੀ ਸਾਡੀਆਂ ਭਾਵਨਾਵਾਂ ਬਾਰੇ ਵੀ ਇਹੀ ਗੱਲ ਸੱਚ ਸੀ। ਭਾਵਨਾਵਾਂ ਨੂੰ ਬਦਲਣ ਦੀ ਬਜਾਏ, ਅਸੀਂ ਉਨ੍ਹਾਂ ਬਾਰੇ ਸੋਚਣ ਦੇ ਤਰੀਕੇ ਨੂੰ ਬਦਲਣ ਦੇ ਯੋਗ ਹੋ ਸਕਦੇ ਹਾਂ। ਇਹ ਵਾਕਈ ਸਾਡੇ ਅਨੁਭਵ ਦੇ ਸਾਡੀ ਸਿਹਤ 'ਤੇ ਪੈਣ ਵਾਲੇ ਦੂਰ ਰਸੀ ਪ੍ਰਭਾਵਾਂ ਨੂੰ ਬਿਹਤਰ ਬਣਾ ਸਕਦਾ ਹੈ।

ਉਦਾਹਰਣ ਲਈ, ਨਿਰਾਸ਼ਾ ਅਣਸੁਖਾਵੀਂ ਜਾਂ ਬੁਰੀ ਮਹਿਸੂਸ ਹੋ ਸਕਦੀ ਹੈ ਪਰ ਤੁਸੀਂ ਸਮਝ ਸਕਦੇ ਹੋ ਕਿ ਇਹ ਭਾਵਨਾ ਸਾਡੀਆਂ ਗਲਤੀਆਂ ਤੋਂ ਸਿੱਖਣ ਵਿੱਚ ਸਾਡੀ ਮਦਦ ਕਰਦੀ ਹੈ।

ਇਹ ਮਹਿਸੂਸ ਕਰਨ ਦੀ ਬਜਾਏ ਕਿ ਇਹ ਕਿਸੇ ਤਰ੍ਹਾਂ "ਸਿਹਤਮੰਦ ਨਹੀਂ" ਹੈ, ਇਸ ਭਾਵਨਾ ਨੂੰ ਇੱਕ ਹੋਰ ਸਕਾਰਾਤਮਕ ਅਰਥ ਦੇ ਕੇ ਇਸਦੇ ਸੰਭਾਵੀ ਉਪਯੋਗਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਕਿਸੇ ਪਰੇਸ਼ਾਨੀ ਪ੍ਰਤੀ ਦਿਮਾਗ ਅਤੇ ਸਰੀਰ ਦੀਆਂ ਪ੍ਰਤੀਕਿਰਿਆਵਾਂ ਨੂੰ ਬਦਲ ਸਕਦੇ ਹੋ।

ਮਨੋਵਿਗਿਆਨਕ ਸਾਹਿਤ ਦੀ ਖੋਜ ਕਰਦੇ ਸਮੇਂ ਮੈਨੂੰ ਜਰਮਨੀ ਦੇ ਬਰਲਿਨ ਸਥਿਤ ਮੈਕਸ ਪਲੈਂਕ ਇੰਸਟੀਚਿਊਟ ਫਾਰ ਹਿਊਮਨ ਡਿਵੈਲਪਮੈਂਟ ਤੋਂ ਇੱਕ ਅਧਿਐਨ ਮਿਲਿਆ, ਜਿਸ ਵਿੱਚ ਵੀ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਖੋਜਕਰਤਾਵਾਂ ਨੇ ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਉਨ੍ਹਾਂ ਦੀਆਂ ਵੱਖ-ਵੱਖ ਭਾਵਨਾਵਾਂ, ਜਿਵੇਂ ਬੇਚੈਨੀ, ਘਬਰਾਹਟ, ਗੁੱਸਾ ਜਾਂ ਨਿਰਾਸ਼ਾ ਮਹਿਸੂਸ ਕਰਨ ਲਈ ਕਿਹਾ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਭਾਵਨਾਵਾਂ ਦੀ ਉਪਯੁਕਤਤਾ, ਉਪਯੋਗਤਾ ਅਤੇ ਸਾਰਥਕਤਾ ਬਾਰੇ ਵੀ ਪੁੱਛਿਆ।

ਇਹ ਤਿੰਨ ਮਾਪਦੰਡ ਮਿਲ ਕੇ ਇਹ ਸੁਝਾਉਂਦੇ ਹਨ ਕਿ ਲੋਕ, ਹਰੇਕ ਭਾਵਨਾ ਦਾ ਕਿੰਨਾ ਕੁ "ਮੁੱਲ" ਸਮਝਦੇ ਹਨ।

ਕੁੱਲ ਮਿਲਾ ਕੇ, ਜਿਨ੍ਹਾਂ ਲੋਕਾਂ ਨੇ ਆਪਣੇ "ਬੁਰੇ" ਮਿਜਾਜ਼ ਵਿੱਚ ਇੱਕ ਸਕਾਰਾਤਮਕ ਪੱਖ ਜਾਂ ਮੁੱਲ ਦੇਖਿਆ, ਉਨ੍ਹਾਂ ਨੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇ ਮਾਪਦੰਡਾਂ 'ਤੇ ਬਿਹਤਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਡਾਇਬੀਟੀਜ਼ ਜਾਂ ਦਿਲ ਦੀ ਬਿਮਾਰੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਮਾਸਪੇਸ਼ੀਆਂ ਦੀ ਤਾਕਤ (ਜਿਸ ਨੂੰ ਬਿਮਾਰੀਆਂ ਦਾ ਖਤਰਾ ਮੰਨਿਆ ਜਾਂਦਾ ਹੈ) ਦਾ ਖ਼ਤਰਾ ਘੱਟ ਹੋਣਾ ਵੀ ਸ਼ਾਮਲ ਸੀ।

ਵਿਕਾਸ ਲਈ ਜ਼ਰੂਰੀ

ਮੈਂ ਉਦੋਂ ਤੋਂ ਬਹੁਤ ਸਾਰੇ ਸਬੂਤ ਲੱਭੇ ਹਨ ਜੋ ਇਹ ਦਰਸਾਉਂਦੇ ਹਨ ਕਿ ਕਿਵੇਂ ਭਾਵਨਾ ਦੇ ਸੰਭਾਵੀ ਲਾਭ ਇਸਦੇ ਅਸਰ ਉੱਪਰ ਪ੍ਰਭਾਵਸ਼ਾਲੀ ਅਕਸ ਪਾ ਸਕਦੇ ਹਨ।

ਚਿੰਤਾ ਬਾਰੇ ਸੋਚੋ। ਅਸੀਂ ਇਹ ਮੰਨ ਸਕਦੇ ਹਾਂ ਕਿ ਚਿੰਤਾਜਨਕ ਭਾਵਨਾਵਾਂ ਸਾਡੀ ਇਕਾਗਰਤਾ ਨੂੰ ਤਬਾਹ ਕਰ ਦਿੰਦੀਆਂ ਹਨ ਅਤੇ ਮੁਸ਼ਕਿਲ ਕੰਮਾਂ ਵਿੱਚ ਸਾਡੀ ਕਾਰਗੁਜ਼ਾਰੀ ਨੂੰ ਘਟਾਉਂਦੀਆਂ ਹਨ - ਅਸੀਂ ਕਿਸੇ ਇਮਤਿਹਾਨ ਜਾਂ ਇੰਟਰਵਿਊ ਵਿੱਚ ਸਿਰਫ਼ ਉਦੋਂ ਹੀ ਸਫ਼ਲ ਹੋ ਸਕਦੇ ਹਾਂ ਜੇਕਰ ਅਸੀਂ ਬੇਫਿਕਰੇ ਹੋਣਾ ਸਿੱਖ ਜਾਈਏ।

ਬਦਲ ਦੇ ਤੌਰ 'ਤੇ, ਅਸੀਂ ਭਾਵਨਾਵਾਂ ਨੂੰ ਊਰਜਾ ਦੇ ਸਰੋਤਾਂ ਵਜੋਂ ਦੇਖ ਸਕਦੇ ਹਾਂ। ਹਾਲੀਆ ਵਿਗਿਆਨਕ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਸ ਕਿਸਮ ਦਾ ਰਵੱਈਆ ਥੋੜ੍ਹੇ ਸਮੇਂ ਦੀਆਂ ਚੁਣੌਤੀਆਂ, ਜਿਵੇਂ ਕਿ ਮੁਸ਼ਕਿਲ ਪ੍ਰੀਖਿਆਵਾਂ ਜਾਂ ਜਨਤਕ ਥਾਵਾਂ 'ਤੇ ਬੋਲਣ ਨੂੰ ਬਿਹਤਰ ਬਣਾ ਸਕਦਾ ਹੈ।

ਲੰਬੇ ਸਮੇਂ ਵਿੱਚ, ਇਹ ਬਰਨਆਉਟ (ਥੱਕ ਕੇ ਟੁੱਟ ਜਾਣ) ਅਤੇ ਥਕਾਵਟ ਦੇ ਜੋਖਮ ਨੂੰ ਵੀ ਘਟਾਉਂਦਾ ਹੈ।

ਇਸੇ ਤਰ੍ਹਾਂ ਦਾ ਇੱਕ ਸਮਾਨ ਪ੍ਰਭਾਵ ਗੁੱਸੇ ਵਾਲੀਆਂ ਭਾਵਨਾਵਾਂ 'ਤੇ ਵੀ ਲਾਗੂ ਹੁੰਦਾ ਹੈ।

ਅਸੀਂ ਮੰਨ ਸਕਦੇ ਹਾਂ ਕਿ ਨਿਰਾਸ਼ਾ ਸਾਡੇ ਆਤਮ-ਸੰਜਮ ਨੂੰ ਜਲਦੀ ਘਟਾ ਦਿੰਦੀ ਹੈ, ਪਰ ਅਸੀਂ ਬਦਲ ਦੇ ਤੌਰ 'ਤੇ ਇਸ ਨੂੰ ਇੱਕ ਸ਼ਾਨਦਾਰ ਭਾਵਨਾ ਦੇ ਰੂਪ ਵਿੱਚ ਦੇਖ ਸਕਦੇ ਹਾਂ ਜੋ ਸਾਡੇ ਇਰਾਦੇ ਨੂੰ ਮਜ਼ਬੂਤ ਕਰਦੀ ਹੈ ਅਤੇ ਸਾਨੂੰ ਉਸ ਚੀਜ਼ ਦੀ ਮੰਗ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ ਜੋ ਅਸੀਂ ਚਾਹੁੰਦੇ ਹਾਂ।

ਅਜਿਹੀ ਮਾਨਸਿਕਤਾ, ਕੰਮਾਂ ਵਿੱਚ ਜਿਵੇਂ ਕਿ ਗੱਲਬਾਤ ਵਿੱਚ ਤੁਹਾਡੇ ਪ੍ਰਦਰਸ਼ਨ ਨੂੰ ਵਧਾਉਂਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੇਕਰ ਸਾਡਾ ਇਹ ਵਿਚਾਰ ਹੈ ਕਿ ਹਰੇਕ ਖਰਾਬ ਮੂਡ ਸਾਡੇ ਲਈ ਅਣਉਚਿਤ, ਸ਼ਰਮਨਾਕ ਜਾਂ ਸੰਭਾਵੀ ਤੌਰ 'ਤੇ ਨੁਕਸਾਨਦਾਇਕ ਹੈ, ਤਾਂ ਇਹ ਸਾਡੀ ਕਮਜ਼ੋਰੀ ਅਤੇ ਅਲੱਗ-ਥਲੱਗਤਾ ਦੀ ਭਾਵਨਾ ਨੂੰ ਵਧਾਉਂਦਾ ਹੈ। ਜੋ ਕਿ ਸਾਡੇ ਸਰੀਰ ਲਈ ਲੰਬੇ ਸਮੇਂ ਦੌਰਾਨ ਨੁਕਾਸਨਦਾਇਕ ਸਾਬਤ ਹੋ ਸਕਦਾ ਹੈ।

ਸਾਡੀਆਂ ਭਾਵਨਾਵਾਂ ਦੇ ਅੰਦਰੂਨੀ ਮੁੱਲ ਨੂੰ ਪਛਾਨਣ ਲਈ ਉਨ੍ਹਾਂ ਦਾ ਮੁੜ ਮੁਲਾਂਕਣ ਕਰਨ ਨਾਲ ਤਣਾਅ ਦੀਆਂ ਵਾਧੂ ਪਰਤਾਂ ਹਟਾਈਆਂ ਜਾ ਸਕਦੀਆਂ ਹਨ।

ਇਹ ਸਾਨੂੰ ਸਸ਼ਕਤੀਕਰਨ ਅਤੇ ਖੁਦਮੁਖਤਿਆਰੀ ਦੀ ਭਾਵਨਾ ਵੀ ਦੇ ਸਕਦਾ ਹੈ। ਇਨ੍ਹਾਂ ਭਾਵਨਾਵਾਂ ਪ੍ਰਤੀ ਸਾਡੀ ਸਹਿਮਤੀ ਨਾਲ ਸਰੀਰਕ ਪ੍ਰਤੀਕ੍ਰਿਆ ਨੂੰ ਮੱਧਮ ਕਰ ਸਕਦਾ ਹੈ ਅਤੇ ਸਾਡੇ ਸਰੀਰ 'ਤੇ ਸਮੁੱਚੇ ਤੌਰ 'ਤੇ ਦਬਾਅ ਨੂੰ ਘੱਟ ਕਰਦੇ ਹੋਏ ਵਧੇਰੇ ਤੇਜ਼ੀ ਨਾਲ ਠੀਕ ਹੋਣ ਵਿੱਚ ਸਾਡੀ ਮਦਦ ਕਰਦਾ ਹੈ।

28,000 ਤੋਂ ਵੱਧ ਲੋਕਾਂ 'ਤੇ ਕੀਤੇ ਇੱਕ ਲੰਮੇ ਅਧਿਐਨ ਅਨੁਸਾਰ, ਸਾਡੇ ਵੱਖ-ਵੱਖ ਮਿਜਾਜ਼ਾਂ ਦੇ ਅਰਥਾਂ ਜਾਂ ਵਿਆਖਿਆ ਦੇ ਲੰਬੇ ਸਮੇਂ ਲਈ ਮਹੱਤਵਪੂਰਨ ਨਤੀਜੇ ਹੋ ਸਕਦੇ ਹਨ।

ਇਸ ਅਧਿਐਨ ਵਿੱਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੇ ਮਾਨਸਿਕ ਤਣਾਅ ਅਤੇ ਚਿੰਤਾ ਦੇ ਪੱਧਰਾਂ 'ਤੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਅਤੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਤਣਾਅ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ।

ਇਸ ਨਾਲ ਉਨ੍ਹਾਂ ਦੀ ਮੌਤ ਦੇ ਜੋਖਮ ਬਾਰੇ ਵੀ ਕੁਝ ਸੰਕੇਤ ਮਿਲਦੇ ਨਜ਼ਰ ਆਏ। ਜਿਹੜੇ ਲੋਕ ਬਹੁਤ ਜ਼ਿਆਦਾ ਤਣਾਅ ਤੋਂ ਪੀੜਤ ਸਨ ਅਤੇ ਵਿਸ਼ਵਾਸ ਕਰਦੇ ਸਨ ਕਿ ਤਣਾਅ ਉਨ੍ਹਾਂ ਨੂੰ ਨੁਕਸਾਨ ਪਹੁੰਚਾਏਗਾ, ਅਧਿਐਨ ਦੀ ਮਿਆਦ ਦੇ ਦੌਰਾਨ ਉਨ੍ਹਾਂ ਲੋਕਾਂ ਦੀ ਮੌਤ ਦਰ ਜ਼ਿਆਦਾ ਸੀ ਬਜਾਏ ਉਨ੍ਹਾਂ ਦੇ ਜਿਨ੍ਹਾਂ ਨੇ ਤਣਾਅ ਦਾ ਅਨੁਭਵ ਤਾਂ ਕੀਤਾ ਸੀ ਪਰ ਉਹ ਇਸਦੇ ਜ਼ਿਆਦਾ ਨਕਾਰਾਤਮਕ ਪ੍ਰਭਾਵ ਨਹੀਂ ਮੰਨਦੇ ਸਨ।

ਵਿਗਿਆਨੀਆਂ ਨੇ ਇਸ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਜੀਵਨਸ਼ੈਲੀ ਦੇ ਕਈ ਹੋਰ ਕਾਰਕਾਂ ਜਿਵੇਂ ਕਿ ਆਮਦਨ, ਸਿੱਖਿਆ, ਸਰੀਰਕ ਗਤੀਵਿਧੀ ਅਤੇ ਸਿਗਰਟਨੋਸ਼ੀ ਨੂੰ ਵੀ ਕੰਟਰੋਲ ਕੀਤਾ ਸੀ।

ਨਿਸ਼ਚਤ ਤੌਰ 'ਤੇ ਇਹ ਕਾਰਨ ਨੂੰ ਸਾਬਤ ਨਹੀਂ ਕਰ ਸਕਦਾ, ਇਸ ਲਈ ਅਧਿਐਨ ਨੂੰ ਕੁਝ ਸ਼ੱਕ ਦੀ ਨਿਗ੍ਹਾ ਨਾਲ ਦੇਖੇ ਜਾਣ ਦੀ ਜ਼ਰੂਰਤ ਹੈ - ਪਰ ਇਹ ਨਿਸ਼ਚਿਤ ਤੌਰ 'ਤੇ ਥੋੜ੍ਹੇ ਸਮੇਂ ਦੌਰਾਨ ਕੀਤੇ ਅਧਿਐਨਾਂ ਵਰਗੇ ਪੈਟਰਨ ਵਿੱਚ ਫਿੱਟ ਬੈਠਦਾ ਹੈ, ਜੋ ਕਿ ਸੁਝਾਅ ਦਿੰਦੇ ਹਨ ਕਿ ਸਾਡੀਆਂ ਭਾਵਨਾਵਾਂ ਦੀ ਵਿਆਖਿਆ ਓਨੀ ਹੀ ਮਹੱਤਵਪੂਰਨ ਹੈ ਜਿੰਨੀਆਂ ਕਿ ਖੁਦ ਭਾਵਨਾਵਾਂ।

ਸੂਖਮਤਾਵਾਂ ਵੱਲ ਧਿਆਨ ਦੇਣ ਦੀ ਜ਼ਰੂਰਤ

ਨਵੇਂ ਸਾਲ ਦੀ ਸ਼ੁਰੂਆਤ ਸ਼ਾਇਦ ਸਹੀ ਸਮਾਂ ਹੋਵੇ ਜਦੋਂ ਅਸੀਂ ਭਾਵਨਾਵਾਂ ਦੀ ਇਸ ਵਧੇਰੇ ਸੂਖਮ ਸਮਝ ਨੂੰ ਅਮਲ ਵਿੱਚ ਲਿਆਉਣ ਬਾਰੇ ਸੋਚ ਸਕਦੇ ਹਾਂ।

ਤਿਉਹਾਰਾਂ ਦੇ ਇੱਕ ਹਫ਼ਤੇ ਬਾਅਦ ਕੰਮ 'ਤੇ ਵਾਪਸ ਜਾਣਾ ਇੱਕ ਦਰਦਨਾਕ ਅਨੁਭਵ ਹੋ ਸਕਦਾ ਹੈ। ਸਾਡੇ ਵਿੱਚੋਂ ਕੁਝ ਨੂੰ ਲੱਗ ਸਕਦਾ ਹੈ ਕਿ ਅਸੀਂ ਜਨਵਰੀ ਦੀ ਉਦਾਸੀ ਵਿੱਚ ਫ਼ਸ ਗਏ ਹਾਂ ਅਤੇ ਇੱਕ ਬਿਹਤਰ ਜੀਵਨ ਲਈ ਤਰਸ ਰਹੇ ਹਾਂ। ਇਸ ਸਥਿਤੀ ਵਿੱਚ ਬੋਰੀਅਤ, ਨਿਰਾਸ਼ਾ ਅਤੇ ਉਦਾਸੀ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ।

ਇਨ੍ਹਾਂ ਭਾਵਨਾਵਾਂ ਲਈ ਆਪਣੇ ਆਪ ਨੂੰ ਕਠੋਰਤਾ ਨਾਲ ਦੇਖਣ ਦੀ ਬਜਾਏ, ਤੁਸੀਂ ਉਸ ਖਰਾਬ ਮੂਡ ਵਿੱਚ ਰਹਿ ਸਕਦੇ ਹੋ ਅਤੇ ਆਪਣੇ ਆਪ ਨੂੰ ਇਸ ਵਿੱਚੋਂ ਲੰਘਾਉਣ ਲਈ ਸਵੈ-ਸੰਭਾਲ ਕਰ ਸਕਦੇ ਹੋ।

ਭਾਵਨਾਵਾਂ ਨਾਲ ਲੜਨ ਦੀ ਬਜਾਏ, ਤੁਸੀਂ ਇਹ ਸਵਾਲ ਕਰਨਾ ਸ਼ੁਰੂ ਕਰ ਸਕਦੇ ਹੋ ਕਿ ਕੀ ਉਨ੍ਹਾਂ ਭਾਵਨਾਵਾਂ ਦਾ ਕੋਈ ਮੁੱਲ ਹੈ। ਉਦਾਹਰਨ ਲਈ, ਸ਼ਾਇਦ ਉਹ ਤੁਹਾਡੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਪਛਾਣ ਕਰਨ ਵਿੱਚ ਤੁਹਾਡੀ ਮਦਦ ਕਰਨ ਸਕਦੀਆਂ ਹੋਣ।

ਕਦੇ-ਕਦੇ ਅਸੀਂ ਨਿਰਾਸ਼ਾ ਦਾ ਅਨੁਭਵ ਕਰਦੇ ਹਾਂ ਜਿਸ ਵਿੱਚ ਕੋਈ ਉਮੀਦ ਨਹੀਂ ਹੁੰਦੀ ਅਤੇ ਉਸ ਵਿੱਚੋਂ ਲੰਘਣ ਲਈ ਸਾਨੂੰ ਬਹੁਤ ਸਾਰੇ ਸਹਿਯੋਗ ਦੀ ਲੋੜ ਹੁੰਦੀ ਹੈ।

ਆਮ ਤੌਰ 'ਤੇ, ਹਾਲਾਂਕਿ ਸਾਡੇ ਮੂਡ ਨਾ ਤਾਂ ਪੂਰੀ ਤਰ੍ਹਾਂ ਕਾਲੇ ਹੁੰਦੇ ਹਨ ਅਤੇ ਨਾ ਹੀ ਚਿੱਟੇ, ਨਾ ਹੀ ਚੰਗੇ ਨਾ ਮਾੜੇ, ਬਲਕਿ ਇਹ ਬਹੁਰੰਗੀ ਹੁੰਦੇ ਹਨ - ਅਤੇ ਉਨ੍ਹਾਂ ਸੂਖਮਤਾਵਾਂ ਵੱਲ ਧਿਆਨ ਦੇਣ ਨਾਲ ਸ਼ਾਇਦ ਅਸੀਂ ਜ਼ਿੰਦਗੀ ਦੇ ਤੂਫਾਨਾਂ ਦਾ ਸਾਹਮਣਾ ਥੋੜ੍ਹਾ ਹੋਰ ਸੁਖਾਲੇ ਰਹਿ ਕੇ ਕਰ ਸਕੀਏ।

ਡੇਵਿਡ ਰੌਬਸਨ ਲੰਡਨ, ਯੂਕੇ ਵਿੱਚ ਇੱਕ ਵਿਗਿਆਨ ਲੇਖਕ ਅਤੇ ਰਚਨਾਕਾਰ ਹਨ। ਉਨ੍ਹਾਂ ਦੀ ਅਗਲੀ ਕਿਤਾਬ, ਦ ਐਕਸਪੈਕਟੇਸ਼ਨ ਇਫੈਕਟ: ਹਾਉ ਯੂਅਰ ਮਾਈਂਡਸੈੱਟ ਕੈਨ ਟ੍ਰਾਂਸਫਾਰਮ ਯੂਅਰ ਲਾਈਫ, ਯੂਕੇ ਵਿੱਚ ਕੈਨੋਨਗੇਟ ਦੁਆਰਾ 6 ਜਨਵਰੀ ਨੂੰ ਅਤੇ ਯੂਐਸ ਵਿੱਚ ਹੈਨਰੀ ਹੋਲਟ ਦੁਆਰਾ 15 ਫਰਵਰੀ ਨੂੰ ਪ੍ਰਕਾਸ਼ਤ ਕੀਤੀ ਜਾਵੇਗੀ। ਉਹ ਟਵਿੱਟਰ 'ਤੇ @d_a_robson ਨਾਮ ਨਾਲ ਸਰਗਰਮ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)