'ਸੂਰ' ਦਾ ਦਿਲ ਜਿਸ ਬੰਦੇ ਨੂੰ ਲਗਾਇਆ ਗਿਆ, ਡਾਕਟਰ ਉਸ ਦੀ ਬਚੀ ਜ਼ਿੰਦਗੀ ਬਾਰੇ ਕੀ ਕਹਿੰਦੇ

ਅਮਰੀਕਾ ਦੇ ਇੱਕ ਵਿਅਕਤੀ ਨੂੰ ਜੈਨੇਟਿਕ ਤੌਰ 'ਤੇ ਸੋਧੇ ਹੋਏ ਸੂਰ ਦਾ ਦਿਲ ਲਗਾਇਆ ਗਿਆ ਹੈ ਅਤੇ ਅਜਿਹਾ ਟ੍ਰਾਂਸਪਲਾਂਟ ਕਰਵਾਉਣ ਵਾਲੇ ਉਹ ਦੁਨੀਆਂ ਦੇ ਪਹਿਲਾ ਵਿਅਕਤੀ ਬਣ ਗਏ ਹਨ।

57 ਸਾਲਾ ਡੇਵਿਡ ਬੇਨੇਟ ਦਾ ਇਹ ਆਪ੍ਰੇਸ਼ਨ ਸੱਤ ਘੰਟਿਆਂ ਤੱਕ ਚੱਲਿਆ ਅਤੇ ਡਾਕਟਰਾਂ ਮੁਤਾਬਕ, ਸਰਜਰੀ ਤੋਂ ਤਿੰਨ ਦਿਨਾਂ ਬਾਅਦ ਡੇਵਿਡ ਦੀ ਹਾਲਤ ਠੀਕ ਹੈ।

ਇਸ ਟ੍ਰਾਂਸਪਲਾਂਟ ਨੂੰ ਡੇਵਿਡ ਦੀ ਜ਼ਿੰਦਗੀ ਬਚਾਉਣ ਦੀ ਆਖਰੀ ਉਮੀਦ ਮੰਨਿਆ ਜਾ ਰਿਹਾ ਸੀ, ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਲੰਮੇਂ ਸਮੇਂ ਤੱਕ ਬਚਣ ਦੀਆਂ ਕੀ ਸੰਭਾਵਨਾਵਾਂ ਹਨ।

'ਜਾਂ ਤਾਂ ਮਰਨਾ ਸੀ ਜਾਂ ਇਹ ਟ੍ਰਾਂਸਪਲਾਂਟ ਕਰਨਾ ਸੀ'

ਡੇਵਿਡ ਕਹਿੰਦੇ ਹਨ, "ਮੈਂ ਜਾਣਦਾ ਹਾਂ ਕਿ ਇਹ ਹਨੇਰੇ ਵਿੱਚ ਤੀਰ ਚਲਾਉਣ ਬਰਾਬਰ ਹੈ, ਪਰ ਇਹ ਮੇਰੇ ਲਈ ਆਖਰੀ ਚੋਣ ਹੈ।"

ਉਨ੍ਹਾਂ ਕਿਹਾ "ਜਾਂ ਤਾਂ ਮਰਨਾ ਸੀ ਜਾਂ ਇਹ ਟ੍ਰਾਂਸਪਲਾਂਟ ਕਰਨਾ ਸੀ।"

ਇਹ ਵੀ ਪੜ੍ਹੋ:

ਇਸ ਆਧਾਰ 'ਤੇ ਕਿ ਨਹੀਂ ਤਾਂ ਡੇਵਿਡ ਦੀ ਮੌਤ ਹੋ ਜਾਵੇਗੀ, ਯੂਨੀਵਰਸਿਟੀ ਆਫ਼ ਮੈਰੀਲੈਂਡ ਮੈਡੀਕਲ ਸੈਂਟਰ ਦੇ ਡਾਕਟਰਾਂ ਨੂੰ ਯੂਐਸ ਮੈਡੀਕਲ ਰੈਗੂਲੇਟਰ ਦੁਆਰਾ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਛੂਟ ਦਿੱਤੀ ਗਈ ਸੀ।

ਟ੍ਰਾਂਸਪਲਾਂਟ ਕਰਨ ਵਾਲੀ ਮੈਡੀਕਲ ਟੀਮ ਲਈ, ਇਹ ਸਾਲਾਂ ਦੀ ਖੋਜ ਦੇ ਸਿਖਰ ਨੂੰ ਦਰਸਾਉਂਦਾ ਹੈ ਅਤੇ ਦੁਨੀਆਂ ਭਰ ਦੀਆਂ ਜ਼ਿੰਦਗੀਆਂ ਨੂੰ ਬਦਲ ਸਕਦਾ ਹੈ।

ਉਨ੍ਹਾਂ ਨੂੰ ਮਨੁੱਖੀ ਟ੍ਰਾਂਸਪਲਾਂਟ ਲਈ ਅਯੋਗ ਸਮਝਿਆ ਗਿਆ ਸੀ। ਡਾਕਟਰ ਮਰੀਜ਼ ਨੂੰ ਉਸ ਸਮੇਂ ਅਯੋਗ ਮੰਨਦੇ ਹਨ ਜਦੋਂ ਮਰੀਜ਼ ਦੀ ਸਿਹਤ ਬਹੁਤ ਮਾੜੀ ਹੁੰਦੀ ਹੈ।

ਡਾਕਟਰਾਂ ਨੇ ਕਿਹਾ - 'ਕਿੰਨੀ ਦੇਰ ਜੀ ਸਕਣਗੇ ਨਹੀਂ ਪਤਾ'

ਯੂਨੀਵਰਸਿਟੀ ਆਫ਼ ਮੈਰੀਲੈਂਡ ਸਕੂਲ ਆਫ਼ ਮੈਡੀਸਨ ਦੀ ਇੱਕ ਰਿਲੀਜ਼ ਮੁਤਾਬਕ, ਸਰਜਨ ਬਾਰਟਲੇ ਗ੍ਰਿਫਿਥ ਨੇ ਕਿਹਾ ਕਿ ਇਹ ਸਰਜਰੀ ਦੁਨੀਆਂ ਨੂੰ "ਅੰਗਾਂ ਦੀ ਕਮੀ ਦੇ ਸੰਕਟ ਨੂੰ ਹੱਲ ਕਰਨ ਦੇ ਇੱਕ ਕਦਮ ਹੋਰ ਨੇੜੇ" ਲੈ ਆਵੇਗੀ।

ਇਸ ਸੰਕਟ ਦਾ ਮਤਲਬ ਹੈ ਕਿ ਯੂਐਸ ਵਿੱਚ ਪ੍ਰਤੀ ਦਿਨ 17 ਲੋਕ ਟ੍ਰਾਂਸਪਲਾਂਟ ਦੀ ਉਡੀਕ ਵਿੱਚ ਆਪਣੀ ਜਾਨ ਗੁਆ ਦਿੰਦੇ ਹਨ ਅਤੇ 100,000 ਤੋਂ ਵੱਧ ਲੋਕ ਕਥਿਤ ਤੌਰ 'ਤੇ ਉਡੀਕ ਸੂਚੀ ਵਿੱਚ ਹਨ।

ਡਾ.ਗ੍ਰਿਫਿਥ ਨੇ ਕਿਹਾ, "ਅਸੀਂ ਮਨੁੱਖ ਵਿੱਚ ਅਜਿਹਾ ਕਦੇ ਨਹੀਂ ਕੀਤਾ ਹੈ ਅਤੇ ਮੈਨੂੰ ਇਹ ਸੋਚਣਾ ਚੰਗਾ ਲੱਗਦਾ ਹੈ ਕਿ ਅਸੀਂ, ਅਸੀਂ ਉਸਦੇ ਪੁਰਾਣੇ ਇਲਾਜ ਨਾਲੋਂ ਉਸ ਨੂੰ ਇੱਕ ਬਿਹਤਰ ਬਦਲ ਦਿੱਤਾ ਹੈ। ਪਰ ਕੀ ਉਹ ਇੱਕ ਦਿਨ, ਹਫ਼ਤਾ, ਮਹੀਨਾ, ਸਾਲ ਲਈ ਜੀ ਸਕਣਗੇ, ਮੈਨੂੰ ਨਹੀਂ ਪਤਾ।"

ਪਹਿਲਾਂ ਤੋਂ ਇਸਤੇਮਾਲ ਹੋ ਰਹੇ ਸੂਰ ਦੇ ਦਿਲ ਦੇ ਵਾਲਵ

ਜ਼ੇਨੋਟ੍ਰਾਂਸਪਲਾਂਟੇਸ਼ਨ ਲਈ ਜਾਨਵਰਾਂ ਦੇ ਅੰਗਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਬਾਰੇ ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸੂਰ ਦੇ ਦਿਲ ਦੇ ਵਾਲਵ ਦੀ ਵਰਤੋਂ ਪਹਿਲਾਂ ਹੀ ਆਮ ਹੈ।

ਅਕਤੂਬਰ 2021 ਵਿੱਚ, ਨਿਊਯਾਰਕ ਵਿੱਚ ਸਰਜਨਾਂ ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਨੇ ਇੱਕ ਵਿਅਕਤੀ ਵਿੱਚ ਸੂਰ ਦੇ ਗੁਰਦੇ ਨੂੰ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਹੈ। ਉਸ ਸਮੇਂ ਇਹ ਓਪਰੇਸ਼ਨ, ਇਸ ਸਬੰਧੀ ਹੋਏ ਪ੍ਰਯੋਗਾਂ ਵਿੱਚ ਹੁਣ ਤੱਕ ਦਾ ਸਭ ਤੋਂ ਉੱਨਤ ਪ੍ਰਯੋਗ ਸੀ।

ਹਾਲਾਂਕਿ, ਜਿਸ ਵਿਅਕਤੀ ਵਿੱਚ ਇਹ ਗੁਰਦਾ ਟ੍ਰਾਂਸਪਲਾਂਟ ਕੀਤਾ ਗਿਆ ਸੀ, ਉਹ ਦਿਮਾਗੀ ਤੌਰ 'ਤੇ ਪਹਿਲਾਂ ਹੀ ਮ੍ਰਿਤ ਸੀ ਅਤੇ ਉਸ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਸੀ।

ਜਿਉਣ ਦੀ ਉਮੀਦ

ਹਾਲਾਂਕਿ ਡੇਵਿਡ ਉਮੀਦ ਕਰਦੇ ਹਨ ਕਿ ਇਹ ਟ੍ਰਾਂਸਪਲਾਂਟ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਵੇਗਾ। ਸਰਜਰੀ ਤੋਂ ਪਹਿਲਾਂ ਉਹ ਛੇ ਹਫ਼ਤਿਆਂ ਤੱਕ ਬਿਸਤਰ 'ਤੇ ਹੀ ਪਏ ਸਨ।

ਟਰਮੀਨਲ ਦਿਲ ਦੀ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ, ਇਸ ਦੌਰਾਨ ਉਨ੍ਹਾਂ ਨੂੰ ਇੱਕ ਮਸ਼ੀਨ ਨਾਲ ਜੋੜ ਕੇ ਰੱਖਿਆ ਹੋਇਆ ਸੀ ਜੋ ਕਿ ਉਨ੍ਹਾਂ ਨੂੰ ਜ਼ਿੰਦਾ ਰਹਿਣ ਵਿੱਚ ਮਦਦ ਕਰਦੀ ਸੀ।

ਪਿਛਲੇ ਹਫ਼ਤ ਡੇਵਿਡ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਮੈਂ ਠੀਕ ਹੋਣ ਤੋਂ ਬਾਅਦ ਬਿਸਤਰ ਤੋਂ ਉੱਠ ਜਾਵਾਂਗਾ।"

ਡੇਵਿਡ ਦੀ ਪੂਰੀ ਤਰ੍ਹਾਂ ਨਿਰਗਰਾਨੀ ਕੀਤੀ ਜਾ ਰਹੀ ਹੈ ਅਤੇ ਸੋਮਵਾਰ ਨੂੰ ਉਨ੍ਹਾਂ ਵੱਲੋਂ ਆਪਣੇ ਆਪ ਸਾਂਹ ਲੈਣ ਦੀ ਰਿਪੋਰਟ ਵੀ ਦਿੱਤੀ ਗਈ।

ਪਰ ਅਸਲ ਵਿੱਚ ਅੱਗੇ ਕੀ ਹੋਵੇਗਾ, ਇਹ ਸਪਸ਼ਟ ਨਹੀਂ ਹੈ। ਏਐੱਫਪੀ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਟ੍ਰਾਂਸਪਲਾਂਟ ਵਿੱਚ ਵਰਤੇ ਗਏ ਸੂਰ ਵਿੱਚੋਂ ਕਈ ਜੀਨਾਂ ਨੂੰ ਬਾਹਰ ਕੱਢਣ ਲਈ, ਉਸਨੂੰ ਜੈਨੇਟਿਕ ਤੌਰ 'ਤੇ ਸੋਧਿਆ ਗਿਆ ਸੀ ਤਾਂ ਜੋ ਦਿਲ ਦੇ ਟ੍ਰਾਂਸਪਲਾਂਟ ਤੋਂ ਬਾਅਦ ਡੇਵਿਡ ਦਾ ਸ਼ਰੀਰ ਉਸ ਅੰਗ ਨੂੰ ਅਸਵੀਕਾਰ ਨਾ ਕਰੇ।

ਡਾ.ਗ੍ਰਿਫਿਥ ਨੇ ਕਿਹਾ ਕਿ ਉਹ ਸਾਵਧਾਨੀ ਨਾਲ ਅਤੇ ਧਿਆਨ ਨਾਲ ਡੇਵਿਡ ਦੀ ਨਿਗਰਾਨੀ ਕਰ ਰਹੇ ਹਨ, ਜਦਕਿ ਡੇਵਿਡ ਦੇ ਪੁੱਤਰ ਡੇਵਿਡ ਬੇਨੇਟ ਜੂਨੀਅਰ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਪਰਿਵਾਰ ਨੂੰ "ਇਸ ਸਮੇਂ ਜ਼ਿਆਦਾ ਜਾਣਕਾਰੀ ਨਹੀਂ" ਸੀ।

ਪਰ ਉਸਨੇ ਅੱਗੇ ਕਿਹਾ, "ਜੋ ਕੀਤਾ ਗਿਆ ਸੀ, ਉਹ ਸਮਝਦਾ ਹੈ ਕਿ ਉਹ ਕਿੰਨਾ ਵੱਡਾ ਸੀ ਅਤੇ ਉਸ ਨੂੰ ਵਾਕਈ ਇਸਦੀ ਮਹੱਤਤਾ ਦਾ ਅਹਿਸਾਸ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)