ਇਹ ਪ੍ਰਤੀਕ ਦੁਨੀਆਂ ਦੇ ਕਈ ਧਰਮਾਂ ਤੇ ਸੱਭਿਆਚਾਰਾਂ ਵਿੱਚ ਸਾਂਝਾ ਹੈ ਤੇ ਕੀ ਹੈ ਇਸ ਦਾ ਪਿਛੋਕੜ

    • ਲੇਖਕ, ਮੈਥਿਊ ਵਿਲਸਨ
    • ਰੋਲ, ਬੀਬੀਸੀ ਕਲਚਰ

ਈਸਾਈ ਧਰਮ, ਬੁੱਧ ਧਰਮ, ਹਿੰਦੂ ਧਰਮ, ਪਾਰਸੀ ਧਰਮ ਅਤੇ ਯੂਨਾਨੀ ਮਿਥਿਹਾਸ ਨੂੰ ਅਕਸਰ ਹੀ ਪੂਰੀ ਤਰ੍ਹਾਂ ਨਾਲ ਵੱਖਰੇ ਧਰਮ ਵੱਜੋਂ ਮਾਨਤਾ ਦਿੱਤੀ ਜਾਂਦੀ ਹੈ, ਜੋ ਕਿ ਵੱਡੇ ਪੱਧਰ 'ਤੇ ਉਨ੍ਹਾਂ ਵਿਚਲੇ ਅੰਤਰਾਂ ਨੂੰ ਪਰਿਭਾਸ਼ਿਤ ਕਰਦੇ ਹਨ।

ਪਰ ਜੇਕਰ ਇੰਨ੍ਹਾਂ ਸਾਰੇ ਹੀ ਧਰਮਾਂ ਨੂੰ ਨੇੜਿਓਂ ਵੇਖਿਆ ਜਾਵੇ ਤਾਂ ਇੱਕ ਅਜਿਹਾ ਪ੍ਰਤੀਕ ਹੈ ਜੋ ਕਿ ਇੰਨ੍ਹਾਂ ਨੂੰ ਆਪਸ 'ਚ ਜੋੜਦਾ ਹੈ, ਉਹ ਹੈ- ਆਭਾ ਮੰਡਲ (Aura)।

ਇੱਕ ਧਾਰਮਿਕ, ਪਵਿੱਤਰ ਸਖਸ਼ੀਅਤ ਦੇ ਸਿਰ ਦੇ ਚਾਰੇ ਪਾਸੇ ਇੱਕ ਵੱਖਰੀ ਜਿਹੀ ਰੌਸ਼ਨੀ ਦਾ ਚੱਕਰ ਵਿਖਾਈ ਦਿੰਦਾ ਹੈ ਜੋ ਕਿ ਉਸ ਦੀ ਮਹਿਮਾ ਜਾਂ ਬ੍ਰਹਮਤਾ ਨੂੰ ਦਰਸਾਉਂਦਾ ਹੈ ਅਤੇ ਦੁਨੀਆ ਭਰ ਦੀ ਕਲਾ 'ਚ ਇਸ ਦਾ ਵਰਣਨ ਮਿਲਦਾ ਹੈ।

ਇਸ ਚੱਕਰ ਦੇ ਬਹੁਤ ਸਾਰੇ ਰੂਪ ਹਨ, ਮਿਸਾਲ ਵਜੋਂ ਧਾਰੀਦਾਰ ਚੱਕਰ, ਜਿਵੇਂ ਕਿ ਸਟੈਚੂ ਆਫ਼ ਲਿਬਰਟੀ ਦੇ ਪਿੱਛੇ ਵਿਖਾਈ ਦਿੰਦਾ ਹੈ ਅਤੇ ਫਲੇਮਿੰਗ ਚੱਕਰ ਜੋ ਕਿ ਕੁਝ ਇਸਲਾਮਿਕ ਕਲਾ ਓਟੋਮੈਨ, ਮੁਗ਼ਲ ਅਤੇ ਫ਼ਾਰਸੀ ਕਲਾ 'ਚ ਵਿਖਾਇਆ ਗਿਆ ਹੈ।

ਪਰ ਸਭ ਤੋਂ ਵਿਲੱਖਣ ਅਤੇ ਸਰਬ-ਵਿਆਪਕ ਰੂਪ 'ਚ ਇਹ ਇੱਕ ਚੱਕਰ ਦੇ ਰੂਪ 'ਚ ਮੌਜੂਦ ਹੈ।

ਇਸ ਪ੍ਰਤੀਕ ਦੀ ਖੋਜ ਕਿਉਂ ਕੀਤੀ ਗਈ ਸੀ ?

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਅਸਲ ਰੂਪ 'ਚ ਇੱਕ ਤਾਜ ਦੇ ਨਮੂਨੇ ਵਰਗਾ ਹੋ ਸਕਦਾ ਹੈ।

ਬਦਲ ਵਜੋਂ ਇਹ ਕਿਸੇ ਪਵਿੱਤਰ ਆਤਮਾ ਦੇ ਮਨ ਤੋਂ ਨਿਕਲਣ ਵਾਲੀ ਬ੍ਰਹਮ ਆਭਾ ਦਾ ਪ੍ਰਤੀਕ ਹੋ ਸਕਦਾ ਹੈ।

ਪਰ ਸ਼ਾਇਦ ਇਹ ਇੱਕ ਸਧਾਰਨ ਸਜਾਵਟੀ ਗਹਿਣਾ ਸੀ।

ਇੱਕ ਹੋਰ ਸਿਧਾਂਤ ਕੁਝ ਵਧੇਰੇ ਮਜ਼ੇਦਾਰ ਹੈ, ਜਿਸ ਅਨੁਸਾਰ ਇਹ ਚੱਕਰ ਉਨ੍ਹਾਂ ਸੁਰੱਖਿਆ ਪਲੇਟਾਂ ਤੋਂ ਨਿਕਲਿਆ ਹੈ, ਜਿੰਨ੍ਹਾਂ ਨੂੰ ਦੇਵਤਿਆਂ ਦੀਆਂ ਮੂਰਤੀਆਂ 'ਤੇ ਲਗਾਇਆ ਗਿਆ ਸੀ ਤਾਂ ਜੋ ਮੂਰਤੀਆਂ ਨੂੰ ਪੰਛੀਆਂ ਦੀ ਰਹਿੰਦ ਖੁਹੰਦ ਤੋਂ ਬਚਾਇਆ ਜਾ ਸਕੇ।

ਧਾਰਮਿਕ ਕਲਾ 'ਚ ਅਸਲ ਚੱਕਰ ਆਭਾ ਮੰਡਲ ਦੀ ਭੂਮਿਕਾ ਦੀ ਜਾਂਚ ਸਿਰਫ ਪਹਿਲੀ ਸਦੀ ਈਸਾ ਪੂਰਵ 'ਚ ਹੈ।

ਇਹ ਮੰਨਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਇਹ ਕਿਸੇ ਵੀ ਧਰਮ 'ਚ ਮੌਜੂਦ ਨਹੀਂ ਸੀ ਅਤੇ ਫਿਰ ਵੀ ਇਹ ਕੁਝ ਸਦੀਆਂ 'ਚ ਹੀ ਯੂਰੇਸ਼ੀਆ 'ਚ ਧਾਰਮਿਕ ਮੂਰਤੀ ਵਿਗਿਆਨ ਦਾ ਇੱਕ ਹਮੇਸ਼ਾ ਕਾਇਮ ਰਹਿਣ ਵਾਲਾ ਹਿੱਸਾ ਬਣ ਗਿਆ।

ਇਹ ਵੀ ਪੜ੍ਹੋ-

ਇਹ ਸੰਭਾਵਨਾ ਹੈ ਕਿ ਇਹ ਬਹੁਤ ਹੀ ਸ਼ੁਰੂਆਤੀ ਕਲਾਤਮਕ ਪਰੰਪਰਾਵਾਂ ਤੋਂ ਵਿਕਸਤ ਹੋਇਆ ਹੈ।

ਪ੍ਰਾਚੀਨ ਮਿਸਰ 'ਚ, ਸੂਰਜੀ ਦੇਵਤਾ ਰਾ ਨੂੰ ਆਮ ਤੌਰ 'ਤੇ ਸੂਰਜ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਚੱਕਰ ਨਾਲ ਦਰਸਾਇਆ ਜਾਂਦਾ ਸੀ। ਹਾਲਾਂਕਿ ਇਹ ਸੂਰਜ ਰੂਪੀ ਚੱਕਰ ਉਨ੍ਹਾਂ ਦੇ ਸਿਰ ਦੇ ਪਿੱਛੇ ਹੋਣ ਦੀ ਬਜਾਏ ਉਨ੍ਹਾਂ ਦੇ ਸਿਰ ਦੇ ਉੱਤੇ ਸੀ।

ਦੂਜੇ ਪਾਸੇ, 2000ਵਿਆਂ ਈਸਾ ਪੂਰਵ ਦੇ ਦਹਾਕੇ ਦੌਰਾਨ ਮੋਹਨਜੋ-ਦੜੋ (ਸਿੰਧੂ ਘਾਟੀ) ਸ਼ਹਿਰ ਦੀਆਂ ਕੁਝ ਕਲਾਕ੍ਰਿਤੀਆਂ 'ਚ ਇਹ ਚੱਕਰ ਫੈਲਿਆ ਹੋਇਆ ਵਿਖਾਈ ਦਿੰਦਾ ਹੈ।

ਹਾਲਾਂਕਿ ਇਸ ਮਾਮਲੇ 'ਚ ਇਹ ਵਿਲੱਖਣ ਰੌਸ਼ਨੀ ਨੂੰ ਦਰਸਾਉਂਦਾ ਚੱਕਰ ਪਵਿੱਤਰ ਸਖਸ਼ੀਅਤਾਂ ਦੇ ਸਰੀਰ ਦੇ ਆਲੇ-ਦੁਆਲੇ ਵਿਖਾਈ ਦਿੰਦਾ ਹੈ ਨਾ ਕਿ ਸਿਰਫ ਉਨਾਂ ਦੇ ਸਿਰ ਦੇ ਪਿੱਛੇ।

ਇਸੇ ਤਰ੍ਹਾਂ ਹੀ ਪ੍ਰਾਚੀਨ ਯੂਨਾਨੀ ਕਲਾ 'ਚ ਕਈ ਵਾਰ ਪੌਰਾਣਿਕ ਨਾਇਕਾਂ ਦੇ ਸਿਰਾਂ 'ਤੇ ਤੇਜ਼ ਰੌਸ਼ਨੀ ਦੇ ਚੱਕਰ ਵਾਲੇ ਤਾਜ ਦਰਸਾਏ ਗਏ ਹਨ, ਜੋ ਕਿ ਉਨ੍ਹਾਂ ਦੀਆਂ ਵਿਲੱਖਣ ਬ੍ਰਹਮ ਸ਼ਕਤੀਆਂ ਨੂੰ ਪ੍ਰਗਟ ਕਰਦੇ ਹਨ।

ਪਰ ਡਿਸਕ ਦਾ ਵੱਖਰਾ ਗੋਲਾਕਾਰ ਹਾਲੋ/ਆਭਾ ਮੰਡਲ ਬਾਅਦ ਦੇ ਸਮੇਂ ਦੀ ਕਾਢ ਹੈ ਅਤੇ ਸੰਭਵ ਤੌਰ 'ਤੇ ਵਿਲੱਖਣ ਧਾਰਮਿਕ ਵਿਚਾਰਾਂ ਦਾ ਨਤੀਜਾ ਹੈ।

ਇਸ ਆਭਾ ਮੰਡਲ ਦੀ ਸਭ ਤੋਂ ਪਹਿਲੀ ਮਿਸਾਲ ਪ੍ਰਾਚੀਨ ਈਰਾਨ ਦੀ ਧਾਰਮਿਕ ਕਲਾ 'ਚ 300 ਈਸਾ ਪੂਰਬ ਸਮੇਂ ਦੌਰਾਨ ਮਿਲੀ ਸੀ।

ਸੂਰਜ ਦੀ ਚਮਕ

ਅਜਿਹਾ ਲੱਗਦਾ ਹੈ ਕਿ ਪਾਰਸੀ ਧਰਮ 'ਚ ਰੌਸ਼ਨੀ, ਪ੍ਰਕਾਸ਼ ਦੇ ਦੇਵਤੇ ਮਿਥਰਾ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਵੱਜੋਂ ਕਲਪਨਾ ਕੀਤੀ ਗਈ ਸੀ।

ਇਹ ਸਵਾਲ ਕੀਤਾ ਗਿਆ ਹੈ ਕਿ ਪਾਰਸੀ ਧਰਮ 'ਚ ਬ੍ਰਹਮ ਮਹਿਮਾ, ਜੋ ਕਿ ਖਵਾਰੇਨਾਹ ਵੱਜੋਂ ਜਾਣੀ ਜਾਂਦੀ ਹੈ, ਦੀ ਧਾਰਨਾ ਸੂਰਜ ਦੀ ਚਮਕ ਨਾਲ ਨੇੜੇ ਤੋਂ ਜੁੜੀ ਹੋਈ ਹੈ ਅਤੇ ਇਹ ਆਭਾ ਮੰਡਲ ਇਸ ਗੁਣ ਨੂੰ ਮਿਥਰਾਸ ਨਾਲ ਜੋੜਨ ਦਾ ਚਿਤ੍ਰਿਤ ਸਾਧਨ ਸੀ, ਜਿਵੇਂ ਕਿ ਇਹ ਭਗਵਾਨ ਰਾ ਲਈ ਕੀਤਾ ਗਿਆ ਹੋਵੇ।

ਕਲਾ ਦੇ ਇਤਿਹਾਸ ਦੇ ਸਦੰਰਭ 'ਚ ਜਿਸ ਤੇਜ਼ ਗਤੀ ਨਾਲ ਡਿਸਕ ਦਾ ਇਹ ਆਭਾ ਮੰਡਲ ਸੱਭਿਆਚਾਰਾਂ 'ਚ ਆਪਣੀ ਮੌਜੂਦਗੀ ਕਾਇਮ ਕਰਦਾ ਗਿਆ, ਉਹ ਇਸ ਨੂੰ ਧਾਰਮਿਕ ਮੂਰਤੀ ਦੇ ਇੱਕ ਹਿੱਸੇ ਵੱਜੋਂ ਵਿਸ਼ੇਸ਼ ਬਣਾਉਂਦਾ ਹੈ।

100 ਈਸਵੀ 'ਚ ਇਸ ਦੀ ਸਿਰਜਣਾ ਤੋਂ ਲਗਭਗ ਦੋ ਸੌ ਸਾਲ ਬਾਅਦ, ਟਿਊਨੀਸ਼ੀਆ ਦੇ ਅਲ ਡਿਜੇਮ, ਤੁਰਕੀ ਦੇ ਸ਼ਹਿਰ ਸਮੋਸਾਤਾ ਅਤੇ ਪਾਕਿਸਤਾਨੀ ਸ਼ਹਿਰ ਸਾਹਰੀ-ਬਹਿਲੋਲ ਵਰਗੀਆਂ ਦੂਰ ਦਰਾਡੇ ਥਾਵਾਂ 'ਤੇ ਇਸ ਦੀ ਮੌਜੂਦਗੀ ਪਾਈ ਗਈ ਸੀ।

400 ਦੇ ਦਹਾਕੇ ਤੱਕ, ਰੋਮ 'ਚ ਈਸਾਈ ਕਲਾ ਅਤੇ ਚੀਨ 'ਚ ਬੋਧੀ ਕਲਾ 'ਚ ਇਹ ਆਭਾ ਮੰਡਲ ਸ਼ਾਮਲ ਹੋ ਗਏ ਸਨ।

ਕਿਸੇ ਤਰ੍ਹਾਂ ਨਾਲ ਕੁਝ ਹੀ ਸਦੀਆਂ 'ਚ ਉਹ ਯੂਰੇਸ਼ੀਅਨ ਬ੍ਰਹਮਤਾ ਦੇ ਵਿਸ਼ਵ ਵਿਆਪੀ ਧਾਰਮਿਕ ਚਿੰਨ੍ਹ ਬਣ ਗਏ ਸਨ।

ਤਾਂ ਫਿਰ ਇੰਨ੍ਹਾਂ ਆਭਾ ਮੰਡਲਾਂ ਦਾ ਪ੍ਰਭਾਵ ਪੂਰੀ ਦੁਨੀਆ ਅਤੇ ਵੱਖ-ਵੱਖ ਧਰਮਾਂ ਵਿਚਾਲੇ ਕਿਵੇਂ ਪਿਆ?

ਧਾਰਮਿਕ ਮੂਰਤੀ ਵਿਗਿਆਨ ਦੇ ਇਸ ਟੁੱਕੜੇ ਦੀ ਸ਼ੂਰੂਆਤੀ ਲਹਿਰ ਦਾ ਆਗਾਜ਼ ਆਪਣੇ ਜਨਮ ਸਥਾਨ ਈਰਾਨ 'ਚ, ਅਤੀਤ ਦੇ ਸਭ ਤੋਂ ਸ਼ਕਤੀਸ਼ਾਲੀ ਸਾਮਰਾਜਾਂ ਦੇ ਹੱਥੋਂ ਪੂਰਬ ਤੋਂ ਪੱਛਮ ਵੱਲ ਹੋਇਆ।

ਪਹਿਲੀ ਸਦੀ ਈਸਵੀ 'ਚ ਇੰਡੋ ਸਿਥੀਅਨ (ਈਰਾਨ ਤੋਂ ਖਾਨਾਬਦੋਸ) ਅਤੇ ਕੁਸ਼ਾਨਾਂ ( ਬੈਕਟਰੀਆ, ਅਫਗਾਨਿਸਤਾਨ) ਨੇ ਦੱਖਣ-ਪੂਰਬ ਵੱਲ ਦੇ ਖੇਤਰਾਂ 'ਤੇ ਹਮਲਾ ਕੀਤਾ, ਭਾਵ ਕਿ ਇਹ ਉਹ ਖੇਤਰ ਸਨ ਜੋ ਕਿ ਅਜੋਕੇ ਪਾਕਿਸਤਾਨ, ਅਫਗਾਨਿਸਤਾਨ ਅਤੇ ਉੱਤਰੀ ਭਾਰਤ ਦੀ ਹਦੂਦ ਅੰਦਰ ਆਉਂਦੇ ਹਨ।

ਦੋਵੇਂ ਸਾਮਰਾਜ, ਜੋ ਕਿ ਪ੍ਰਾਚੀਨ ਈਰਾਨੀ ਸੱਭਿਆਚਾਰਕ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੇ ਸਨ, ਉਨ੍ਹਾਂ ਨੇ ਮਿਥਰਾਸ ਨੂੰ ਇੱਕ ਆਭਾ ਮੰਡਲ ਨਾਲ ਪੇਸ਼ ਕਰਨ ਲਈ ਸਿੱਕੇ ਜਾਰੀ ਕੀਤੇ।

ਇਸ ਨੌਜਵਾਨ ਦੇਵਤੇ ਨੇ ਆਪਣੀ ਦੈਵੀ ਚਮਕ ਨਾਲ ਹਿੰਦੂ ਕੁਸ਼ ਦੇ ਆਲੇ-ਦੁਆਲੇ ਵੱਧਦੀ ਗਿਣਤੀ ਲਈ ਸਪੱਸ਼ਟ ਤੌਰ 'ਤੇ ਅਪੀਲ ਕੀਤੀ ਸੀ।

ਬੁੱਧ ਦੀ ਮੂਰਤੀ ਵਿਗਿਆਨ, ਇੱਥੋਂ ਤੱਕ ਕਿ ਉਸ ਦੀਆਂ ਪਹਿਲੀਆਂ ਦ੍ਰਿਸ਼ ਪ੍ਰਤੀਨਿਧਤਾਵਾਂ ਵੀ, ਜਿਵੇਂ ਕਿ ਬਿਮਾਰਨ (ਜੋ ਕਿ ਪਹਿਲੀ ਸਦੀ ਈਸਵੀ ਦੇ ਅੰਤ 'ਚ ਹੋ ਸਕਦਾ ਹੈ) ਉਸ ਦੇ ਮਿਥਰਾਈਕ ਆਭਾ ਮੰਡਲ ਨੂੰ ਦਰਸਾਉਂਦੀਆਂ ਹਨ।

ਇਸ ਦੌਰਾਨ ਮਿਥਰਾਸ ਨੇ ਪੱਛਮ 'ਚ ਹਮਲਾਵਰ ਰੋਮਨ ਸਾਮਰਾਜ ਦੇ ਦਿਲਾਂ 'ਤੇ ਵੀ ਆਪਣੀ ਛਾਪ ਛੱਡੀ, ਕਿਉਂਕਿ ਮਿਥਰਾਵਾਦ ਇੱਕ ਪ੍ਰਮੁੱਖ ਰੋਮਨ ਧਰਮ ਵੱਜੋਂ ਉਭਰਿਆ ਸੀ।

ਮਿਥਰਾਸ ਨੇ ਬਾਅਦ 'ਚ ਇੱਕ ਹੋਰ ਰੋਮਨ ਦੇਵਤਾ ਸੋਲ ਇਨਵਿਕਟਸ (ਅਜੈਤੂ ਸੂਰਜ) ਦੇ ਮੂਰਤੀ ਵਿਗਿਆਨ ਨੂੰ ਵੀ ਪ੍ਰਭਾਵਿਤ ਕੀਤਾ।

ਦੋਵੇਂ ਦੇਵਤਿਆਂ ਨੇ ਸੁੰਦਰ ਨਰ ਸਰੀਰਾਂ ਨੂੰ ਬ੍ਰਹਮ ਸ਼ਕਤੀਆਂ ਨਾਲ ਜੋੜਿਆ, ਜੋ ਕਿ ਸੂਰਜ ਦੀ ਚਮਕ ਅਤੇ ਅਧਿਕਾਰ ਨਾਲ ਜੁੜਿਆ ਹੈ, ਇਹੀ ਕਾਰਨ ਹੈ ਕਿ ਸਮਾਜ ਦੇ ਸਭ ਤੋਂ ਤਾਕਤਵਰ ਮੈਂਬਰਾਂ, ਖਾਸ ਕਰਕੇ ਰੋਮਨ ਸਮਰਾਟਾਂ ਵੱਲੋਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ।

ਸਮਰਾਟ ਕੋਂਸਟੈਂਟੀਨ (306-337 ਸੀਈ) ਨੇ ਆਭਾ ਮੰਡਲ ਦੇ ਮੂਰਤੀ ਵਿਗਿਆਨ ਦੀ ਸ਼ਕਤੀ ਨੂੰ ਮਾਨਤਾ ਦਿੱਤੀ। ਇਸ ਲਈ ਉਹ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਹੰਕਾਰੀ ਰੂਪ 'ਚ ਪੇਸ਼ ਕੀਤਾ ਗਿਆ ਅਤੇ ਉਸ ਸਥਿਤੀ ਨੂੰ ਖੁਦ ਦੀ ਕਲਾਤਮਕ ਪ੍ਰਤੀਨਿਧਤਾ 'ਚ ਵਰਤਿਆ ਗਿਆ।

ਬਾਅਦ 'ਚ ਰੋਮ ਸਾਮਰਾਜ 'ਚ ਈਸਾਈ ਧਰਮ ਦੀ ਵੱਧ ਰਹੀ ਮਾਨਤਾ ਦੇ ਨਾਲ ਹੀ ਕਲਾਕਾਰਾਂ ਨੇ ਯਿਸ਼ੂ ਦੀ ਮੂਰਤੀ ਤੇ ਤਸਵੀਰ ਨੂੰ ਇੱਕ ਆਭਾ ਮੰਡਲ ਦੇ ਨਾਲ ਦਰਸਾਉਣਾ ਸ਼ੁਰੂ ਕੀਤਾ, ਜਿਸ ਨੂੰ ਕਿ ਮੌਜੂਦਾ ਸਮੇਂ ਪ੍ਰਮਾਤਮਾ ਵੱਲੋਂ ਪ੍ਰਵਾਨਿਤ ਅਧਿਕਾਰ ਦਾ ਸਭ ਤੋਂ ਉੱਚਾ ਪ੍ਰਤੀਕ ਮੰਨਿਆ ਜਾਂਦਾ ਹੈ।

ਈਸਾਈ ਮੂਰਤੀ ਵਿਗਿਆਨ 'ਚ ਇਹ ਨਵੀਂ ਸ਼ੁਰੂਆਤ 300 ਈਸਵੀ ਦੇ ਆਸ-ਪਾਸ ਹੋਈ ਸੀ ਜੋ ਕਿ ਬੁੱਧ ਧਰਮ 'ਚ ਇਸ ਦੀ ਮੌਜੂਦਗੀ ਤੋਂ ਲਗਭਗ ਦੋ ਸਦੀਆਂ ਬਾਅਦ ਸੀ।

ਇਹ ਇੱਕ ਹਾਸ਼ੀਏ 'ਤੇ ਰਹਿ ਗਏ ਧਰਮ ਤੋਂ ਪੱਛਮ 'ਚ ਇੱਕ ਅਧਿਕਾਰਤ ਸ਼ਕਤੀ ਢਾਂਚੇ ਦੇ ਰੂਪ 'ਚ ਈਸਾਈ ਧਰਮ ਦੇ ਰੂਪਾਂਤਰਣ ਦਾ ਸੰਕੇਤ ਸੀ।

ਉਦੋਂ ਤੋਂ ਹੀ ਇਹ ਆਭਾ ਮੰਡਲ ਈਸਾਈ ਧਰਮ ਦਾ ਅਨਿਖੜਵਾਂ ਹਿੱਸਾ ਬਣਿਆ ਹੋਇਆ ਹੈ, ਹਾਂਲਾਕਿ ਸਮੇਂ ਦੇ ਨਾਲ-ਨਾਲ ਇਸ 'ਚ ਵੀ ਕੁਝ ਬਦਲਾਅ ਜਰੂਰ ਆਏ ਹਨ।

ਕਦੇ-ਕਦਾਈਂ ਤੁਸੀਂ ਪ੍ਰਮਾਤਮਾ ਨੂੰ ਇੱਕ ਤਿਕੋਣੀ ਆਭਾ ਮੰਡਲ, ਯਿਸ਼ੂ ਨੂੰ ਇੱਕ ਕਰਾਸ ਦੇ ਆਕਾਰ ਦੇ ਆਭਾ ਮੰਡਲ ਅਤੇ ਜੀਵਤ ਸੰਤਾਂ ਨੂੰ ਇੱਕ ਵਰਗਾਕਾਰ ਦੇ ਆਭਾ ਮੰਡਲ ਦੇ ਨਾਲ ਵੇਖ ਸਕਦੇ ਹੋ।

ਬੁੱਧ ਧਰਮ, ਜੈਨ ਧਰਮ ਅਤੇ ਹਿੰਦੂ ਧਰਮ ਪਹਿਲੀ ਹਜ਼ਾਰ ਸਾਲ ਈਸਵੀ 'ਚ ਭਾਰਤ 'ਚ ਸ਼ਾਂਤੀਪੂਰਵਕ ਢੰਗ ਨਾਲ ਸਹਿ ਮੌਜੂਦ ਸਨ ਅਤੇ ਇੰਨ੍ਹਾਂ ਤਿੰਨ੍ਹਾਂ ਧਰਮਾਂ ਨੇ ਵਿਚਾਰਾਂ ਅਤੇ ਕਲਾਤਾਮਕ ਮੂਰਤੀ ਵਿਗਿਆਨ ਦੇ ਨਾਲ ਨਾਲ ਆਭਾ ਮੰਡਲ ਨੂੰ ਵੀ ਸਾਂਝਾ ਕੀਤਾ।

ਭਾਰਤੀ ਧਾਰਮਿਕ ਕਲਾ 'ਚ ਆਭਾ ਮੰਡਲ ਦੀਆਂ ਸਭ ਤੋਂ ਪੁਰਾਣੀਆਂ ਮੂਰਤੀਆਂ ਕਲਾਤਮਕਤਾ ਦੇ ਉਤਪਾਦਨ ਦੇ ਦੋ ਮਹਾਨ ਕੇਂਦਰਾਂ-ਗੰਧਾਰ (ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ 'ਤੇ) ਅਤੇ ਮਥੁਰਾ (ਦਿੱਲੀ ਤੋਂ 90 ਮੀਲ ਦੱਖਣ ਵੱਲ) ਤੋਂ ਮਿਲਦੀਆਂ ਹਨ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਵਿਚਾਰਾਂ ਦਾ ਅਦਾਨ-ਪ੍ਰਦਾਨ

ਪੁਰਾਤਨਤਾ ਦੇ ਅੰਤ ਅਤੇ ਮੱਧ ਯੁੱਗ 'ਚ ਗੰਧਾਰ ਵਪਾਰਕ ਮਾਰਗਾਂ ਦੇ ਇੱਕ ਵਿਸ਼ਾਲ ਨੈੱਟਵਰਕ ਦੇ ਕੇਂਦਰ ਵੱਜੋਂ ਜਾਣਿਆ ਜਾਂਦਾ ਸੀ, ਜੋ ਕਿ ਪੂਰਬ 'ਚ ਚੀਨ ਅਤੇ ਪੱਛਮ 'ਚ ਭੂਮੱਧ ਸਾਗਰ ਤੱਖ ਫੈਲਿਆ ਹੋਇਆ ਸੀ।

ਬੋਧੀ ਮੱਠ ਪ੍ਰਮੁੱਖ ਵਪਾਰਕ ਮਾਰਗਾਂ ਦੇ ਨਾਲ-ਨਾਲ ਵਿਖਾਈ ਦਿੰਦੇ ਹਨ, ਜੋ ਕਿ ਧਰਮ ਦੇ ਪ੍ਰਚਾਰ ਲਈ ਸਥਾਪਤ ਕੀਤੇ ਜਾਂਦੇ ਸਨ।

ਇੰਨ੍ਹਾਂ ਮੱਠਾਂ ਨੇ ਵਪਾਰੀਆਂ ਨੂੰ ਆਰਾਮ ਕਰਨ, ਪ੍ਰਾਰਥਨਾ ਕਰਨ ਅਤੇ ਠੀਕ ਹੋਣ ਲਈ ਇੱਕ ਜਗ੍ਹਾ ਮੁਹੱਈਆ ਕਰਵਾਈ ਅਤੇ ਇਹ ਬੁੱਧ ਧਰਮ ਦਾ ਗੜ੍ਹ ਬਣ ਗਏ ਅਤੇ ਇੱਥੋਂ ਹੀ ਬੁੱਧ ਧਰਮ ਪੂਰੇ ਚੀਨ 'ਚ ਫੈਲਿਆ, ਜਿੱਥੇ ਕਲਾਕਾਰਾਂ ਨੇ ਧਰਮ ਦੇ ਮੂਰਤੀ ਵਿਗਿਆਨ ਦੀ ਨਕਲ ਕੀਤੀ।

500 ਈਸਵੀ 'ਚ ਕੋਰੀਆ ਅਤੇ ਜਾਪਾਨ ਦੀ ਕਲਾ 'ਚ ਵੀ ਆਭਾ ਮੰਡਲ ਦੀ ਛਾਪ ਮਿਲੀ, ਜੋ ਕਿ ਇੰਨ੍ਹਾਂ ਖੇਤਰਾਂ 'ਚ ਬੁੱਧ ਧਰਮ ਦੇ ਆਗਮਨ ਦੀ ਗਵਾਹੀ ਭਰਦੀ ਹੈ।

ਹਿੰਦੂ ਧਰਮ ਦਾ ਵੀ ਇਸੇ ਤਰ੍ਹਾਂ ਹੀ ਪ੍ਰਸਾਰ ਹੋਇਆ, ਜੋ ਕਿ ਜ਼ਮੀਨੀ ਅਤੇ ਸਮੁੰਦਰੀ ਵਪਾਰਕ ਮਾਰਗਾਂ ਰਾਹੀਂ ਪੂਰੇ ਏਸ਼ੀਆ 'ਚ ਫੈਲਿਆ ਅਤੇ ਧਾਰਮਿਕ ਰਵੱਈਏ ਅਤੇ ਕਲਾਤਮਕ ਸ਼ੈਲੀਆਂ ਨੂੰ ਇੰਡੋਨੇਸ਼ੀਆ, ਮਲੇਸ਼ੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਖੇਤਰਾਂ 'ਚ ਲੈ ਕੇ ਗਿਆ।

ਇਹ ਵਿਸ਼ਾਲ ਵਪਾਰਕ ਧਮਨੀਆਂ, ਜੋ ਕਿ ਪੂਰਬ ਅਤੇ ਪੱਛਮ ਨੂੰ ਪ੍ਰਾਚੀਨ ਪੁਰਾਤਨਤਾ ਅਤੇ ਮੱਧ ਯੁੱਗ ਨਾਲ ਜੋੜਦੀਆਂ ਸਨ, ਨੂੰ ਅਕਸਰ ਹੀ 'ਸਿਲਕ ਰੋਡਜ਼' ਕਿਹਾ ਜਾਂਦਾ ਹੈ, ਕਿਉਂਕਿ ਇਸ ਰਾਹੀਂ ਆਲੀਸ਼ਾਨ ਚੀਜ਼ਾਂ ਦੀ ਆਵਾਜਾਈ ਕੀਤੀ ਜਾਂਦੀ ਸੀ।

ਪਰ ਵਿਦੇਸ਼ੀ ਵਪਾਰ ਦੇ ਨਾਲ-ਨਾਲ ਇੰਨ੍ਹਾਂ ਮਾਰਗਾਂ ਨੇ ਧਰਮ, ਗਿਆਨ ਅਤੇ ਮੂਰਤੀ ਵਿਗਿਆਨ ਦਾ ਵੀ ਅਦਾਨ ਪ੍ਰਦਾਨ ਕੀਤਾ।

ਸਰਕੂਲਰ ਡਿਸਕ ਆਭਾ ਮੰਡਲ ਦੂਰ ਅਤੀਤ 'ਚ ਮੌਜੂਦ ਵਿਚਾਰਾਂ ਦੇ ਇਸ ਗਤੀਸ਼ੀਲ ਅਦਾਨ ਪ੍ਰਦਾਨ ਦਾ ਪ੍ਰਤੀਕ ਹੈ।

ਇਸ ਆਭਾ ਮੰਡਲ ਨੇ ਸੂਰਜੀ ਬ੍ਰਹਮਤਾ ਦੇ ਇੱਕ ਪਾਰਸੀ ਚਿੰਨ੍ਹ ਵੱਜੋਂ ਆਪਣਾ ਆਗਾਜ਼ ਕੀਤਾ, ਪਰ ਪ੍ਰਾਚੀਨ ਸਾਮਰਾਜਾਂ ਅਤੇ ਵਪਾਰਕ ਨੈੱਟਵਰਕਾਂ , ਜੋ ਕਿ ਜਾਣੇ ਪਛਾਣੇ ਸੰਸਾਰ ਦੀਆਂ ਸੀਮਾਵਾਂ ਨੂੰ ਆਪਸ 'ਚ ਜੋੜਦੇ ਸਨ, ਰਾਹੀਂ ਸਮੁੱਚੇ ਯੂਰੇਸ਼ੀਆ 'ਚ ਫੈਲ ਗਿਆ।

21ਵੀਂ ਸਦੀ 'ਚ ਇਹ ਮਨੁੱਖਤਾ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਇੱਕ ਮਜਬੂਤ ਅਤੇ ਸ਼ਕਤੀਸ਼ਾਲੀ ਯਾਦ ਵੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)