ਓਮੀਕਰੋਨ : ਪੰਜਾਬ ਅਤੇ ਹਰਿਆਣਾ ਨੇ ਕੀਤੇ ਸਖ਼ਤ ਐਲਾਨ, ਜਾਣੋ ਕਿਹੜੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ

ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਕੋਵਿਡ ਟੀਕਾਕਰਨ ਲਈ ਉਤਾਸ਼ਾਹਿਤ ਕਰਨ ਦੇ ਇਰਾਦੇ ਨਾਲ ਸਰਕੂਲ ਜਾਰੀ ਕਰਕੇ ਕਿਹਾ ਹੈ ਕਿ ਜਿਨਾਂ ਮੁਲਾਜ਼ਮਾਂ ਨੇ ਟੀਕਾ ਨਹੀਂ ਲਗਵਾਇਆ ਹੈ ਉਨ੍ਹਾਂ ਦੀ ਤਨਖ਼ਾਹ ਨਹੀਂ ਬਣਆ ਜਾ ਸਕੇਗੀ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਭਾਰਤ ਵਿੱਚ ਓਮੀਕਰੋਨ ਦੇ 200 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਾਰਾਸ਼ਟਰ ਅਤੇ ਰਾਜਧਾਨੀ ਦਿੱਲੀ ਵਿੱਚ ਹਨ।

ਕੋਰੋਨਾਵਾਇਰਸ ਦਾ ਨਵਾਂ ਰੂਪ ਓਮੀਕਰੋਨ ਯੂਰਪੀਅਨ ਮਹਾਂਦੀਪ ਵਿੱਚ ਲਗਾਤਾਰ ਫੈਲਣਾ ਜਾਰੀ ਹੈ ਅਤੇ ਇਸਦੇ ਚੱਲਦਿਆਂ ਯੂਰਪੀਅਨ ਮੁਲਕ ਇੱਕ ਵਾਰ ਫਿਰ ਕੋਰੋਨਵਾਇਰਸ ਪਾਬੰਦੀਆਂ ਨੂੰ ਬਹਾਲ ਕਰ ਰਹੇ ਹਨ।

ਜਰਮਨੀ ਅਤੇ ਪੁਰਤਗਾਲ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਕ੍ਰਿਸਮਸ ਤੋਂ ਬਾਅਦ ਦੀਆਂ ਪਾਬੰਦੀਆਂ ਅਤੇ ਵਧੇਰੇ ਸਮਾਜਿਕ ਦੂਰੀ ਬਣਾਏ ਰੱਖਣ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਪੰਜਾਬ ਸਰਕਾਰ ਨੇ ਸਰਕੂਲਰ ਵਿੱਚ ਕੀ ਕਿਹਾ ਹੈ?

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਇੱਕ ਸਰਕੂਲਰ ਮੁਤਾਬਕ ਜਿਹੜੇ ਮਲਾਜ਼ਮ ਨੇ ਕੋਰੋਨਾਵਾਇਰਸ ਦੀ ਵੈਕਸੀਨ ਨਹੀਂ ਲਗਵਾਈ ਹੋਵੇਗੀ, ਉਸ ਨੂੰ ਤਨਖਾਹ ਨਹੀਂ ਮਿਲੇਗੀ।

ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਦੋਵੇਂ ਖੁਰਾਕਾਂ ਲਈਆਂ ਹਨ ਜਾਂ ਇੱਕ ਖੁਰਾਕ ਲਈ ਹੈ, ਉਸ ਦਾ ਸਰਟੀਫਿਰੇਟ ਸਰਕਾਰੀ ਜੌਬ ਪੋਰਟਲ ਉੱਤੇ ਅਪਲੋਡ ਕਰਨ ਪਵੇਗਾ ਤਾਂ ਹੀ ਤਨਖਾਹ ਮਿਲੇਗੀ।

ਹਾਲਾਂਕਿ, ਸਰਕਾਰੀ ਹੁਕਮਾਂ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਉਹਨਾਂ ਮੁਲਾਜ਼ਮਾਂ ਬਾਰੇ ਸਰਕਾਰ ਕੀ ਕਰਨ ਦਾ ਇਰਾਦਾ ਰੱਖਦੀ ਹੈ ਜਿਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ।

ਹਰਿਆਣਾ ਦਾ ਪਹਿਲਾ ਕੇਸ

ਕਰੋਨਾਵਾਇਰਸ ਦੇ ਓਮੀਕਰੋਨ ਵੇਰੀਐਂਟ ਦਾ ਹਰਿਆਣਾ ਵਿਚ ਪਹਿਲਾ ਕੇਸ ਆਇਆ ਹੈ। ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਹਰਿਆਣਾ ਵਿਚ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਗਈ ਹੈ।

ਕਰਨਾਲ ਦੇ ਕਸਬੇ ਨੀਲੋਖੇੜੀ ਦੇ ਪਿੰਡ ਬਿਨੌਰ ਖਾਲਸਾ ਦਾ 35 ਸਾਲਾ ਵਿਅਕਤੀ ਪੌਜੀਟਿਵ ਪਾਇਆ ਗਿਆ ਹੈ, ਇਹ ਵਿਅਕਤੀ ਪੁਰਤਗਾਲ ਤੋਂ ਆਇਆ ਹੈ।

ਸਿਹਤ ਪ੍ਰਸਾਸ਼ਨ ਮੁਤਾਬਕ ਇਸ ਨੂੰ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਆਈਸੋਲੇਟ ਕੀਤਾ ਗਿਆ ਹੈ।

ਹਰਿਆਣਾ ਸਰਕਾਰ ਪਹਿਲਾਂ ਹੀ ਕੋਰੋਨਾਵਾਇਰਸ ਨੂੰ ਲੈ ਕੇ ਕਾਫ਼ੀ ਸਖ਼ਤ ਹੋ ਚੁੱਕੀ ਹੈ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਜਿਹੜਾ ਵਿਅਕਤੀ ਵੈਕਸੀਨ ਨਹੀਂ ਲਿਆ, ਉਸ ਨੂੰ ਪਹਿਲੀ ਜਨਵਰੀ ਤੋਂ ਸੂਬੇ ਵਿਚ ਕਿਸੇ ਜਨਤਕ ਸਮਾਗਮ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਯੂਰਪ ਨੇ ਮੁੜ ਲਾਈਆਂ ਪਾਬੰਦੀਆਂ

ਓਮੀਕਰੋਨ ਪਹਿਲਾਂ ਹੀ ਬਹੁਤ ਸਾਰੇ ਯੂਰਪੀਅਨ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਉੱਚ ਅਧਿਕਾਰੀ ਦੁਆਰਾ ਦਿੱਤੀ ਗਈ ਚੇਤਾਵਨੀ ਦੇ ਅਨੁਸਾਰ ਲਾਗ ਦੇ ਮਾਮਲਿਆਂ ਵਿੱਚ ਇਹ ਵਾਧਾ ਸਿਹਤ ਪ੍ਰਣਾਲੀਆਂ 'ਤੇ ਬਹੁਤ ਭੈੜਾ ਅਸਰ ਪਾ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਮਾਹਰ ਡਾਕਟਰ ਹੰਸ ਕਲੂਗੇ ਨੇ ਕਿਹਾ ਕਿ ''ਇੱਕ ਹੋਰ ਤੂਫਾਨ'' ਆ ਰਿਹਾ ਹੈ ਅਤੇ ਸਰਕਾਰਾਂ ਨੂੰ (ਲਾਗ ਦੇ) ਮਾਮਲਿਆਂ ਵਿੱਚ ਵੱਡੇ ਵਾਧੇ ਲਈ ਤਿਆਰ ਰਹਿਣਾ ਚਾਹੀਦਾ ਹੈ।

ਜਰਮਨੀ ਨੇ ਐਲਾਨ ਕੀਤਾ ਕਿ 28 ਦਸੰਬਰ ਤੋਂ ਪਾਬੰਦੀਆਂ ਮੁੜ ਲੱਗ ਜਾਣਗੀਆਂ, ਜਿਨ੍ਹਾਂ ਅਨੁਸਾਰ ਨਿੱਜੀ ਇਕੱਠਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 10 ਤੱਕ ਸੀਮਤ ਰਹਿ ਜਾਵੇਗੀ ਅਤੇ ਨਾਈਟ ਕਲੱਬ ਬੰਦ ਹੋ ਜਾਣਗੇ।

ਉਸ ਤਰੀਕ ਤੋਂ ਫੁੱਟਬਾਲ ਮੈਚ ਵੀ ਬੰਦ ਦਰਵਾਜ਼ਿਆਂ ਪਿੱਛੇ ਖੇਡੇ ਜਾਣਗੇ।

ਇਹ ਵੀ ਪੜ੍ਹੋ:

ਜਰਮਨੀ ਦੇ ਚਾਂਸਲਰ ਓਲਫ ਸਕੋਲਜ਼ ਨੇ ਮੰਗਲਵਾਰ ਨੂੰ ਕਿਹਾ, ''ਕੋਰੋਨਾਵਾਇਰਸ ਕ੍ਰਿਸਮਸ ਦੀ ਛੁੱਟੀ ਨਹੀਂ ਲੈਂਦਾ ਹੈ।''

ਉਨ੍ਹਾਂ ਅੱਗੇ ਕਿਹਾ, "ਇਸ ਅਗਲੀ ਲਹਿਰ ਨੂੰ ਦੇਖਦਿਆਂ ਅਸੀਂ ਬਿਲਕੁਲ ਵੀ ਆਪਣੀਆਂ ਅੱਖਾਂ ਬੰਦ ਨਹੀਂ ਨਹੀਂ ਕਰ ਸਕਦੇ - ਅਤੇ ਕਰਨੀਆਂ ਵੀ ਨਹੀਂ ਚਾਹੀਦੀਆਂ।''

ਇਸ ਦੌਰਾਨ ਪੁਰਤਗਾਲ ਨੇ ਬਾਰਾਂ ਅਤੇ ਨਾਈਟ ਕਲੱਬਾਂ ਨੂੰ 26 ਦਸੰਬਰ ਤੋਂ ਬੰਦ ਹੋਣ ਦਾ ਆਦੇਸ਼ ਦਿੱਤਾ ਹੈ, ਅਤੇ ਉਸ ਮਿਤੀ ਤੋਂ 9 ਜਨਵਰੀ ਤੱਕ ਘਰ ਤੋਂ ਕੰਮ ਕਰਨਾ ਲਾਜ਼ਮੀ ਕਰ ਦਿੱਤਾ। ਇਸ ਸਮੇਂ ਦੌਰਾਨ, ਬਾਹਰੀ ਇਕੱਠ ਵਿੱਚ ਲੋਕਾਂ ਦੀ ਗਿਣਤੀ 10 ਤੱਕ ਸੀਮਤ ਰਹੇਗੀ।

ਫਿਨਲੈਂਡ ਵਿੱਚ ਬਾਰਾਂ ਅਤੇ ਰੈਸਟੋਰੈਂਟਾਂ ਨੂੰ 24 ਦਸੰਬਰ ਨੂੰ ਰਾਤ 22:00 ਵਜੇ ਬੰਦ ਕਰਨਾ ਪਏਗਾ, ਕਿਉਂਕਿ ਨੋਰਡਿਕ ਰਾਸ਼ਟਰ ਵਿੱਚ ਲਾਗਾਂ ਦੇ ਮਾਮਲੇ ਰਿਕਾਰਡ ਪੱਧਰ 'ਤੇ ਦਰਜ ਹੋ ਰਹੇ ਹਨ।

28 ਦਸੰਬਰ ਤੋਂ ਤਿੰਨ ਹਫ਼ਤਿਆਂ ਲਈ, ਰੈਸਟੋਰੈਂਟਾਂ ਨੂੰ ਸੀਮਤ ਸੀਟਾਂ ਦੇ ਨਾਲ ਖੁੱਲ੍ਹਣਾ ਅਤੇ 18:00 ਵਜੇ ਬੰਦ ਕਰਨਾ ਪਏਗਾ।

ਈਯੂ ਦੇ ਬਾਰਡਰ-ਫ੍ਰੀ ਸ਼ੈਂਗੇਨ ਜ਼ੋਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਇੱਕ ਕੋਵਿਡ ਟੈਸਟ ਦੀ ਨਕਾਰਾਤਮਕ ਰਿਪੋਰਟ ਦਿਖਾਉਣੀ ਪਏਗੀ।

ਯੂਕੇ ਵਿੱਚ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕ੍ਰਿਸਮਿਸ ਤੋਂ ਪਹਿਲਾਂ ਇੰਗਲੈਂਡ ਲਈ ਕਿਸੇ ਵੀ ਨਵੀਂ ਪਾਬੰਦੀ ਨੂੰ ਰੱਦ ਕਰ ਦਿੱਤਾ ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੇ ਸਮਾਜਿਕ ਮੇਲਜੋਲ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਸਵੀਡਨ ਵਿੱਚ, ਬਾਰ, ਕੈਫੇ ਅਤੇ ਰੈਸਟੋਰੈਂਟ ਬੁੱਧਵਾਰ ਤੋਂ ਸਿਰਫ ਬੈਠੇ ਮਹਿਮਾਨਾਂ ਨੂੰ ਸਰਵਿਸ ਦਿੱਤੀ ਜਾਵੇਗੀ ਅਤੇ ਨਾਲ ਹੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਸੰਭਵ ਹੋਵੇ ਤਾਂ ਘਰ ਤੋਂ ਹੀ ਕੰਮ ਕਰਨ।

ਸਿਹਤ ਮੰਤਰੀ ਲੀਨਾ ਹੈਲੇਨਗ੍ਰੇਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਓਮਿਕਰੋਨ ਦੇ ਕੇਸ ਵਧਣਗੇ ਅਤੇ ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ "ਸਿਹਤ ਦੇਖਭਾਲ ਪ੍ਰਣਾਲੀ 'ਤੇ ਬੋਝ ਵੱਧ ਰਿਹਾ ਹੈ"।

ਨੀਦਰਲੈਂਡ ਨੇ ਸੋਮਵਾਰ ਨੂੰ ਸਖਤ ਤਾਲਾਬੰਦੀ ਦੀ ਘੋਸ਼ਣਾ ਕਰਦਿਆਂ, ਪਹਿਲਾਂ ਹੀ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ, ਪਰ ਬੀਬੀਸੀ ਯੂਰਪ ਦੇ ਪੱਤਰਕਾਰ ਨਿਕ ਬੀਕ ਦਾ ਕਹਿਣਾ ਹੈ ਕਿ ਹੋਰ ਯੂਰਪੀਅਨ ਨੇਤਾ ਕੋਸ਼ਿਸ਼ ਕਰ ਰਹੇ ਹਨ ਕਿ ਤਿਉਹਾਰਾਂ ਦੇ ਲੰਘਣ ਤੱਕ ਜੇ ਸੰਭਵ ਹੋਵੇ ਤਾਂ ਸਖਤ ਪਾਬੰਦੀਆਂ ਨਾ ਲਗਾਈਆਂ ਜਾਣ।

ਯੂਰਪੀਅਨ ਯੂਨੀਅਨ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਯੂਰਪ ਵਿੱਚ ਪਹਿਲਾਂ ਹੀ 89 ਮਿਲੀਅਨ ਤੋਂ ਵੱਧ ਮਾਮਲੇ ਅਤੇ 1.5 ਮਿਲੀਅਨ ਕੋਵਿਡ-ਸਬੰਧਤ ਮੌਤਾਂ ਹੋਈਆਂ ਹਨ।

ਪਿਛਲੇ ਮਹੀਨੇ ਦੱਖਣੀ ਅਫਰੀਕਾ ਵਿੱਚ ਮਿਲੇ ਕੋਰੋਨਾਵਾਇਰਸ ਦੇ ਨਵੇਂ ਰੇਵੀਐਂਟ ਓਮੀਕਰੋਨ ਨੇ ਦੁਨੀਆ ਭਰ ਵਿੱਚ ਆਪਣੇ ਪੈਰ ਪਸਾਰ ਲੈ ਹਨ। ਦੁਨੀਆ ਭਰ ਦੇ ਡੇਟਾ ਤੋਂ ਸੰਕੇਤ ਮਿਲ ਰਹੇ ਹਨ ਕਿ ਓਮੀਕਰੋਨ ਵਧੇਰੇ ਲਾਗ ਵਾਲਾ ਹੋ ਸਕਦਾ ਹੈ, ਪਰ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਹੋ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਹ ਵੇਰੀਐਂਟ WHO ਦੇ ਯੂਰਪੀਅਨ ਖੇਤਰ ਦੇ 53 ਦੇਸ਼ਾਂ ਵਿੱਚੋਂ ਘੱਟੋ-ਘੱਟ 38 ਵਿੱਚ ਪਾਇਆ ਗਿਆ ਹੈ, ਜਿਸ ਵਿੱਚ ਰੂਸ ਅਤੇ ਤੁਰਕੀ ਵੀ ਸ਼ਾਮਲ ਹਨ ਅਤੇ ਕਈ ਦੇਸ਼ਾਂ ਵਿੱਚ ਵਧੇਰੇ ਪ੍ਰਭਾਵੀ ਹੈ।

ਡਾ. ਕਲੂਗੇ ਨੇ ਰਾਇਟਰਜ਼ ਦੇ ਹਵਾਲੇ ਨਾਲ ਕਿਹਾ, "ਅਸੀਂ ਇੱਕ ਹੋਰ ਤੂਫ਼ਾਨ ਆਉਂਦਾ ਦੇਖ ਸਕਦੇ ਹਾਂ। ਹਫ਼ਤਿਆਂ ਦੇ ਅੰਦਰ ਹੀ, ਓਮੀਕਰੋਨ ਇਸ ਖੇਤਰ ਦੇ ਹੋਰ ਦੇਸ਼ਾਂ ਵਿੱਚ ਹਾਵੀ ਹੋ ਜਾਵੇਗਾ, ਜੋ ਪਹਿਲਾਂ ਹੀ ਚਰਮਰਾਈਆਂ ਹੋਈਆਂ ਸਿਹਤ ਪ੍ਰਣਾਲੀਆਂ ਨੂੰ ਹੋਰ ਕੰਢੇ ਵੱਲ ਧੱਕੇਗਾ।"

"ਨਵੇਂ ਕੋਵਿਡ -19 ਲਾਗਾਂ ਦੀ ਅਸਲ ਸੰਖਿਆ ਕਾਰਨ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਸਥਿਤੀ ਵਧੇਰੇ ਬਣ ਸਕਦੀ ਹੈ ਅਤੇ ਇਹ ਸਿਹਤ ਪ੍ਰਣਾਲੀਆਂ ਅਤੇ ਹੋਰ ਨਾਜ਼ੁਕ ਸੇਵਾਵਾਂ ਵਿੱਚ ਵਿਆਪਕ ਵਿਘਨ ਦਾ ਕਾਰਨ ਬਣ ਸਕਦੀ ਹੈ।

ਉਨ੍ਹਾਂ ਕਿਹਾ, "ਸਰਕਾਰਾਂ ਅਤੇ ਅਧਿਕਾਰੀਆਂ ਨੂੰ ਸਾਡੀਆਂ ਪ੍ਰਣਾਲੀਆਂ ਨੂੰ ਮਹੱਤਵਪੂਰਨ ਵਾਧੇ ਲਈ ਤਿਆਰ ਕਰਨ ਦੀ ਲੋੜ ਹੈ।"

ਭਾਰਤ ਵਿੱਚ ਓਮੀਕਰੋਨ ਦੀ ਸਥਿਤੀ

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਭਾਰਤ ਵਿੱਚ ਓਮੀਕਰੋਨ ਦੇ 200 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਾਰਾਸ਼ਟਰ ਅਤੇ ਰਾਜਧਾਨੀ ਦਿੱਲੀ ਵਿੱਚ ਹਨ।

ਸਥਿਤੀ ਦਾ ਜਿਆਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਚ ਪੱਧਰੀ ਬੈਠਕ ਕਰਨਗੇ।

ਇਸ ਤੋਂ ਇਲਾਵਾ ਕੇਂਦਰ ਨੇ ਮੰਗਲਵਾਰ ਨੂੰ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਸਖ਼ਤ ਪਾਬੰਜੀਆਂ ਲਗਾਈਆਂ ਜਾਣ ਜਿੱਥੇ ਕੋਵਿਡ ਦੀ ਲਾਗ ਦੇ ਮਾਮਲੇ ਜ਼ਿਆਦਾ ਹਨ।

ਇਨ੍ਹਾਂ ਹਦਾਇਤਾਂ ਵਿੱਚ ਰਾਤ ਦਾ ਕਰਫਿਊ ਲਗਾਉਣਾ, ਵੱਡੇ ਪੱਧਰ 'ਤੇ ਸਖ਼ਤ ਨਿਯਮਾਂ ਨੂੰ ਲਾਗੂ ਕਰਨਾ ਅਤੇ ਇਕੱਠ 'ਤੇ ਰੋਕਥਾਮ ਦੇ ਉਪਾਅ ਕਰਨੇ ਸ਼ਾਮਲ ਹਨ।

ਕੇਂਦਰ ਨੇ ਸੂਬਿਆਂ ਨੂੰ ਵਾਰ ਰੂਮਜ਼ ਨੂੰ "ਤਿਆਰ" ਕਰਨ ਅਤੇ ਕੋਵਿਡ ਦੇ ਰੁਝਾਨਾਂ ਅਤੇ ਵਾਧੇ ਦਾ ਵਿਸ਼ਲੇਸ਼ਣ ਕਰਦੇ ਰਹਿਣ ਲਈ ਵੀ ਕਿਹਾ ਤੇ ਹਦਾਇਤ ਦਿੱਤੀ ਕਿ "ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਸ਼ੁਰੂਆਤੀ ਸੰਕੇਤਾਂ ਦੇ ਨਾਲ-ਨਾਲ ਵੇਰੀਐਂਟ ਆਫ ਕਰਨਸਰਨ ਓਮੀਕਰੋਨ ਵਿੱਚ ਵਾਧੇ'' ਦੇ ਮੱਦੇਨਜ਼ਰ ਖਾਸ ਉਪਾਅ ਕੀਤੇ ਜਾਣ ਦੀ ਲੋੜ ਹੈ।"

ਭਾਰਤ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 200 ਦੇ ਅੰਕੜੇ ਨੂੰ ਛੂਹ ਗਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਦੇਸ਼ ਦੇ ਜੋ ਸੱਤ ਸੂਬੇ ਹੁਣ ਦੂਹਰੇ ਅੰਕਾਂ ਵਿੱਚ ਓਮਾਈਕਰੋਨ ਦੇ ਕੇਸਾਂ ਦੀ ਰਿਪੋਰਟ ਕਰ ਰਹੇ ਹਨ, ਉਨ੍ਹਾਂ ਵਿੱਚ - ਮਹਾਰਾਸ਼ਟਰ (54), ਦਿੱਲੀ (54), ਤੇਲੰਗਾਨਾ (20), ਕਰਨਾਟਕ (19), ਰਾਜਸਥਾਨ (18), ਕੇਰਲ (15) ਅਤੇ ਗੁਜਰਾਤ (14) ਸ਼ਾਮਲ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)