ਵਿਸ਼ਵ ਜੰਗ -1: ਕਰੀਬ ਇੱਕ ਸਦੀ ਬਾਅਦ ਕਿੱਥੋਂ ਤੇ ਕਿਵੇਂ ਮਿਲਿਆ 3 ਲੱਖ ਤੋਂ ਵੱਧ ਪੰਜਾਬੀ ਫ਼ੌਜੀਆਂ ਦਾ ਰਿਕਾਰਡ

ਤਸਵੀਰ ਸਰੋਤ, Alamy
- ਲੇਖਕ, ਗੱਗਨ ਸੱਭਰਵਾਲ ਤੇ ਅਲੀ ਕਾਜ਼ਮੀ
- ਰੋਲ, ਬੀਬੀਸੀ ਪੱਤਰਕਾਰ
ਬਰਮਿੰਘਮ ਦੀ ਰਹਿਣ ਵਾਲੀ 22 ਸਾਲਾ ਜੈਸਮੀਨ ਅਠਵਾਲ ਪਿਛਲੇ ਸਾਲ ਯੂਕੇ ਦੇ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਨਾਲ ਵਾਲੰਟੀਅਰ ਵਜੋਂ ਕਰ ਰਹੀ ਸੀ।
ਉਦੋਂ ਉਸ ਨੂੰ ਅਚਾਨਕ ਉਹ ਰਿਕਾਰਡ ਲੱਭਿਆ ਜੋ ਦਿਖਾਉਂਦਾ ਸੀ ਕਿ ਉਸ ਦਾ ਨੱਕੜ ਨਾਨਾ ਕਿਰਪਾ ਸਿੰਘ ਅਤੇ ਉਨ੍ਹਾਂ ਦੇ ਭਰਾ ਗੁਰਦਿਆਲ ਸਿੰਘ ਪਹਿਲੇ ਵਿਸ਼ਵ ਯੁੱਧ ਦੌਰਾਨ ਲੜੇ ਸਨ। ਦੋਵੇਂ ਜ਼ਿਲ੍ਹਾ ਜਲੰਧਰ ਦੇ ਪਿੰਡ ਮੰਗੋਵਾਲ ਦੇ ਜੰਮਪਲ ਸਨ।
ਜੈਸਮੀਨ ਦੇ ਨੱਕੜ ਨਾਨੇ ਅਤੇ ਉਨ੍ਹਾਂ ਦੇ ਭਰਾ ਦਾ ਰਿਕਾਰਡ ਅਣਵੰਡੇ ਪੰਜਾਬ ਦੇ ਉਨ੍ਹਾਂ 3,20,000 ਸੈਨਿਕਾਂ ਦੇ ਰਿਕਾਰਡ ਵਿੱਚ ਸ਼ਾਮਲ ਹੈ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਸਨ। ਇਸ ਰਿਕਾਰਡ ਨੂੰ ਪਹਿਲੀ ਵਾਰ ਜਨਤਕ ਕੀਤਾ ਗਿਆ ਹੈ।
'ਪੰਜਾਬ ਰਿਕਾਰਡਜ਼' ਵਜੋਂ ਲੇਬਲ ਕੀਤੇ ਗਏ ਰਜਿਸਟਰ ਅਣਵੰਡੇ ਪੰਜਾਬ ਦੇ 20 ਜ਼ਿਲ੍ਹਿਆਂ ਦੇ ਹਨ ਅਤੇ ਲਗਭਗ ਇੱਕ ਸਦੀ ਤੋਂ ਲਾਹੌਰ, ਪਾਕਿਸਤਾਨ ਦੇ ਇੱਕ ਅਜਾਇਬ ਘਰ ਵਿੱਚ ਪਏ ਹਨ।
ਇਹ ਰਜਿਸਟਰ ਪੰਜਾਬ ਸਰਕਾਰ ਨੇ 1918 ਵਿੱਚ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਤਿਆਰ ਕੀਤੇ ਸਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Toor collection
'ਇਹ ਜਾਣਕਾਰੀ ਸੱਚ ਹੈ, ਮੈਨੂੰ ਇਸ 'ਤੇ ਵਿਸ਼ਵਾਸ ਨਹੀਂ ਹੋਇਆ'
ਇਨ੍ਹਾਂ ਰਿਕਾਰਡਾਂ ਰਾਹੀਂ ਜੈਸਮੀਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨੱਕੜ ਨਾਨਾ ਕਿਰਪਾ ਸਿੰਘ ਇੱਕ ਤੋਪਖਾਨੇ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੀ ਤਾਇਨਾਤੀ ਮੈਸੋਪੋਟੇਮੀਆ ਵਿੱਚ ਸਥਿਤ ਇੱਕ ਪਹਾੜੀ ਬਟਾਲੀਅਨ ਵਿੱਚ ਸੀ।
ਵਿਸ਼ਵ ਯੁੱਧ ਵਿੱਚ ਉਨ੍ਹਾਂ ਦੀ ਭੂਮਿਕਾ ਇੱਕ ਅਜਿਹੇ ਵਿਅਕਤੀ ਦੀ ਰਹੀ ਹੋਵੇਗੀ, ਜੋ ਬੰਦੂਕਾਂ ਨੂੰ ਸੰਭਾਲਣ, ਸੰਚਾਲਨ ਅਤੇ ਉਨ੍ਹਾਂ ਨੂੰ ਇੱਧਰ-ਉੱਧਰ ਲੈ ਕੇ ਜਾਣ ਦੇ ਕਾਰਜ ਵਿੱਚ ਲੱਗੇ ਹੋਏ ਹੋਣਗੇ।
ਜੈਸਮੀਨ ਅਤੇ ਉਸ ਦੇ ਪਰਿਵਾਰ ਨੂੰ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੇ ਨੱਕੜ ਚਾਚਾ ਗੁਰਦਿਆਲ ਸਿੰਘ 36 ਸਿੱਖ ਰੈਜੀਮੈਂਟ ਦਾ ਹਿੱਸਾ ਸਨ। ਉਨ੍ਹਾਂ ਦੀ ਰੈਜੀਮੈਂਟ ਚੀਨ ਵਿੱਚ ਇੱਕਲੌਤੀ ਭਾਰਤੀ ਰੈਜੀਮੈਂਟ ਸੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੀ ਜਲ ਸੈਨਾ ਨਾਲ ਲੜ ਰਹੀ ਸੀ।

ਤਸਵੀਰ ਸਰੋਤ, Alamy
ਨਾ ਤਾਂ ਜੈਸਮੀਨ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਇਹ ਪਤਾ ਸੀ ਕਿ ਕਿਰਪਾ ਸਿੰਘ ਅਤੇ ਗੁਰਦਿਆਲ ਸਿੰਘ ਦੋਵੇਂ ਭਰਾ ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਸਨ। ਇਹ ਖੁਲਾਸਾ ਜੈਸਮੀਨ ਅਤੇ ਉਨ੍ਹਾਂ ਦੇ ਪਰਿਵਾਰ ਦੋਵਾਂ ਲਈ ਬਹੁਤ ਵੱਡਾ ਅਚੰਭਾ ਸੀ।
ਜੈਸਮੀਨ ਅਠਵਾਲ ਨੇ ਬੀਬੀਸੀ ਨੂੰ ਦੱਸਿਆ, 'ਸ਼ੁਰੂਆਤ ਵਿੱਚ ਮੇਰੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਮੈਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਬਹੁਤ ਵਧੀਆ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਇਹ ਰਿਕਾਰਡ ਦੇਖਿਆ।'
'ਫਿਰ ਮੈਨੂੰ ਮਾਣ ਮਹਿਸੂਸ ਹੋਇਆ ਕਿ ਪਹਿਲੇ ਵਿਸ਼ਵ ਯੁੱਧ ਨਾਲ ਮੇਰਾ ਸਿੱਧਾ ਸਬੰਧ ਹੈ, ਜਿਸ ਬਾਰੇ ਮੈਂ ਪ੍ਰਾਇਮਰੀ ਸਕੂਲ ਤੋਂ ਸੁਣਦੀ ਤੇ ਸਿੱਖਦੀ ਰਹੀ ਹਾਂ। ਮੇਰੇ ਲਈ ਇਹ ਪਲ ਬਹੁਤ ਭਾਵੁਕ ਸੀ।'
ਬਰਮਿੰਘਮ ਵਿੱਚ ਹੈਰੀਟੇਜ ਸਲਾਹਕਾਰ ਰਾਜ ਪਾਲ ਵੀ ਇਨ੍ਹਾਂ ਰਿਕਾਰਡਾਂ ਦੀ ਮਦਦ ਨਾਲ ਪੁਸ਼ਟੀ ਕਰਨ ਵਿੱਚ ਕਾਮਯਾਬ ਰਿਹਾ ਹੈ ਕਿ ਉਸ ਦਾ ਨੱਕੜ ਨਾਨਾ ਅਤੇ ਉਨ੍ਹਾਂ ਦਾ ਭਰਾ ਜੋ ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ ਵਿੱਚ ਰਹਿੰਦੇ ਸਨ, ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਸਨ।

ਤਸਵੀਰ ਸਰੋਤ, AFP
ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਖੋਜ ਕੀਤੀ ਕਿ ਉਨ੍ਹਾਂ ਦੇ ਪਿੰਡ ਦੇ ਚਾਰ ਵਿਅਕਤੀ ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਸਨ। ਉੱਤਰ-ਪੂਰਬੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਨ੍ਹਾਂ ਦੇ ਪੜਦਾਦਾ ਮੀਹਾਂ ਸਿੰਘ ਮੈਸੋਪੋਟੇਮੀਆ ਵਿੱਚ ਸਿਪਾਹੀ ਸਨ।
ਰਜਿਸਟਰਾਂ ਨੇ ਉਨ੍ਹਾਂ ਦੇ ਇਸ ਪਰਿਵਾਰਕ ਪਿਛੋਕੜ ਦੀ ਪੁਸ਼ਟੀ ਕਰਨ ਵਿੱਚ ਮਦਦ ਕੀਤੀ ਹੈ ਕਿ ਮੀਹਾਂ ਸਿੰਘ ਜੰਗ ਵਿੱਚ ਜ਼ਖਮੀ ਹੋ ਗਏ ਸਨ।
ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਨੇ ਵੀ ਆਨਲਾਈਨ ਰਿਕਾਰਡਾਂ ਨੂੰ ਦੇਖਿਆ ਹੈ ਅਤੇ ਉਸ ਨੂੰ ਪਤਾ ਲੱਗਾ ਹੈ ਕਿ 51 ਸਿਪਾਹੀ ਉਸ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਤੋਂ ਇਸ ਵਿੱਚ ਸ਼ਾਮਲ ਹੋਏ ਸਨ। ਜਿਨ੍ਹਾਂ ਵਿੱਚੋਂ ਇੱਕ ਪੱਛਮੀ ਮੋਰਚੇ 'ਤੇ ਕਾਰਵਾਈ ਵਿੱਚ ਮਾਰਿਆ ਗਿਆ ਸੀ।
ਪਰ ਇਹ ਰਜਿਸਟਰ ਪਾਕਿਸਤਾਨ ਵਿੱਚ ਕਿਵੇਂ ਪਹੁੰਚੇ?

ਤਸਵੀਰ ਸਰੋਤ, Toor collection
ਲਾਹੌਰ ਮਿਊਜ਼ੀਅਮ ਰਿਸਰਚ ਐਂਡ ਰੈਫਰੈਂਸ ਲਾਇਬ੍ਰੇਰੀ ਦੇ ਮੁਖੀ ਬਸ਼ੀਰ ਭੱਟੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਕਿ ਇਹ ਰਜਿਸਟਰ ਲਾਹੌਰ ਅਜਾਇਬ ਘਰ ਵਿੱਚ ਕਿਵੇਂ ਆਏ।
ਭੱਟੀ ਮੁਤਾਬਕ 1977 ਵਿੱਚ ਇਹ ਰਜਿਸਟਰ ਅਧਿਕਾਰਤ ਤੌਰ 'ਤੇ ਸੂਚੀਬੱਧ ਕੀਤੇ ਗਏ ਸਨ ਅਤੇ ਅਜਾਇਬ ਘਰ ਵੱਲੋਂ ਇਨ੍ਹਾਂ ਨੂੰ ਡਿਜੀਟਲਾਈਜ਼ ਕੀਤਾ ਗਿਆ।
ਉਨ੍ਹਾਂ ਵੱਲੋਂ ਇਨ੍ਹਾਂ ਰਜਿਸਟਰਾਂ ਨੂੰ ਡਿਜੀਟਲਾਈਜ਼ ਕਰਨ ਦਾ ਫੈਸਲਾ ਕਰਨ ਦਾ ਕਾਰਨ ਇਹ ਸੀ ਕਿ ਇਨ੍ਹਾਂ ਨੂੰ ਕਿਸੇ ਵੀ ਵਿਅਕਤੀ ਲਈ ਆਸਾਨੀ ਨਾਲ ਅਤੇ ਦੂਰੀ ਤੋਂ ਪਹੁੰਚਯੋਗ ਬਣਾਇਆ ਜਾ ਸਕੇ ਅਤੇ ਭਵਿੱਖ ਦੀ ਪੀੜ੍ਹੀ ਲਈ ਇਨ੍ਹਾਂ ਦੁਰਲੱਭ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਸੁਰੱਖਿਅਤ ਰੱਖਿਆ ਜਾ ਸਕੇ।
ਲਾਹੌਰ ਵਿੱਚ ਬੀਬੀਸੀ ਦੀ ਟੀਮ ਨਾਲ ਗੱਲ ਕਰਦਿਆਂ ਭੱਟੀ ਨੇ ਕਿਹਾ, 'ਇਹ ਰਿਕਾਰਡ ਬਹੁਤ ਮਹੱਤਵਪੂਰਨ ਹਨ ਕਿਉਂਕਿ ਹਰ ਵਿਅਕਤੀ ਆਪਣੇ ਪੁਰਖਿਆਂ ਬਾਰੇ ਹੋਰ ਜਾਣਨਾ ਚਾਹੁੰਦਾ ਹੈ ਜੋ ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਸਨ। ਉਹ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਉਸ ਨੇ ਕਿਸ ਯੂਨਿਟ ਵਿੱਚ ਸਰਵਿਸ ਕੀਤੀ, ਕਿੱਥੇ ਕੀਤੀ? ਕੀ ਉਹ ਲੜਿਆ ਸੀ, ਕੀ ਉਹ ਮਾਰਿਆ ਗਿਆ ਸੀ ਜਾਂ ਜ਼ਖਮੀ ਹੋਇਆ ਸੀ?'
'ਜਦੋਂ ਉਹ ਆਉਂਦੇ ਹਨ ਅਤੇ ਇਨ੍ਹਾਂ ਰਿਕਾਰਡ ਬੁੱਕਸ ਵਿੱਚ ਇਹ ਸਾਰੀ ਜਾਣਕਾਰੀ ਦੇਖਦੇ ਹਨ, ਤਾਂ ਉਹ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਬਾਕੀ ਇਹ ਕੀਮਤੀ ਇਤਿਹਾਸਕ ਡੇਟਾ ਵੀ ਹੈ।'

ਤਸਵੀਰ ਸਰੋਤ, Amandeep singh
ਲਾਹੌਰ ਅਜਾਇਬ ਘਰ ਵਿੱਚ 34 ਰਜਿਸਟਰ ਹਨ, ਜਿਨ੍ਹਾਂ ਵਿੱਚ ਪੰਜਾਬ ਦੇ 20 ਜ਼ਿਲ੍ਹਿਆਂ ਦੇ ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਸੈਨਿਕਾਂ ਦੇ ਸਰਵਿਸ ਰਿਕਾਰਡ ਹਨ।
ਇਨ੍ਹਾਂ ਵਿੱਚੋਂ 10 ਜ਼ਿਲ੍ਹੇ ਭਾਰਤੀ ਪੰਜਾਬ ਵਿੱਚ ਹਨ ਅਤੇ ਬਾਕੀ 10 ਪਾਕਿਸਤਾਨੀ ਪੰਜਾਬ ਵਿੱਚ ਹਨ। ਇਹ 26,000 ਪੰਨਿਆਂ ਦੇ ਹੱਥ ਲਿਖਤ ਰਜਿਸਟਰ ਅਣਵੰਡੇ ਪੰਜਾਬ ਤੋਂ ਭਰਤੀ ਕੀਤੇ ਗਏ ਸੈਨਿਕਾਂ ਦੀਆਂ ਜੰਗੀ ਸੇਵਾਵਾਂ ਅਤੇ ਪੈਨਸ਼ਨਾਂ ਬਾਰੇ ਪਿੰਡ-ਦਰ-ਪਿੰਡ ਵੇਰਵਾ ਪ੍ਰਦਾਨ ਕਰਦੇ ਹਨ।
ਇਸ ਦੇ ਨਾਲ ਹੀ ਹਰੇਕ ਸਿਪਾਹੀ ਬਾਰੇ ਜਾਣਕਾਰੀ ਜਿਵੇਂ ਕਿ ਨਾਮ, ਰੈਂਕ, ਰੈਜੀਮੈਂਟ, ਸਰਵਿਸ ਨੰਬਰ, ਪਤਾ, ਪਰਿਵਾਰਕ ਵੇਰਵੇ ਅਤੇ ਕੀ ਉਹ ਜੰਗ ਦੌਰਾਨ ਜ਼ਖਮੀ ਹੋਇਆ ਸੀ ਜਾਂ ਮਾਰਿਆ ਗਿਆ ਸੀ।
ਇਸ ਤੋਂ ਇਲਾਵਾ ਇਹ ਰਜਿਸਟਰ ਇੱਕ ਸਦੀ ਪਹਿਲਾਂ ਬ੍ਰਿਟਿਸ਼ ਇੰਡੀਅਨ ਆਰਮੀ ਦੀਆਂ ਭਰਤੀ ਕਰਨ ਦੀਆਂ ਪ੍ਰਥਾਵਾਂ ਦਾ ਵਿਸਤਾਰ ਵੀ ਪੇਸ਼ ਕਰਦੇ ਹਨ।
ਯੂਕੇ ਚੈਰਿਟੀ ਨੇ ਇਨ੍ਹਾਂ ਰਿਕਾਰਡਾਂ ਤੱਕ ਕਿਵੇਂ ਪਹੁੰਚ ਹਾਸਲ ਕੀਤੀ?
ਯੂ.ਕੇ. ਦੀ ਪ੍ਰਮੁੱਖ ਹੈਰੀਟੇਜ ਚੈਰਿਟੀ- ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ (ਯੂ.ਕੇ.ਪੀ.ਐੱਚ.ਏ.) ਨੇ ਇਨ੍ਹਾਂ ਰਿਕਾਰਡਾਂ ਤੱਕ ਪਹੁੰਚਣ ਲਈ ਕਈ ਸਾਲਾਂ ਤੱਕ ਅਣਥੱਕ ਮਿਹਨਤ ਕੀਤੀ ਹੈ।
ਜੇਕਰ ਉਹ ਇਨ੍ਹਾਂ ਰਿਕਾਰਡਾਂ ਤੱਕ ਪਹੁੰਚ ਨਾ ਪ੍ਰਾਪਤ ਕਰਦੀ ਤਾਂ ਇਹ ਰਿਕਾਰਡ ਲੁਕੇ ਹੋਏ ਅਤੇ ਅਣ-ਖੋਜੇ ਹੀ ਪਏ ਰਹਿੰਦੇ।

ਤਸਵੀਰ ਸਰੋਤ, Dr Gavin Rand
ਯੂ.ਕੇ.ਪੀ.ਐੱਚ.ਏ. ਦੇ ਸਹਿ ਸੰਸਥਾਪਕ ਅਤੇ ਮੁਖੀ ਅਮਨਦੀਪ ਸਿੰਘ ਮਦਰਾ ਨੂੰ ਇਨ੍ਹਾਂ ਰਜਿਸਟਰਾਂ ਤੱਕ ਪਹੁੰਚ ਪ੍ਰਾਪਤ ਕਰਨ ਤੋਂ ਪਹਿਲਾਂ ਲਾਹੌਰ ਅਜਾਇਬ ਘਰ ਨਾਲ ਇਸ ਸਬੰਧੀ ਪੱਤਰ ਵਿਹਾਰ ਕਰਨ ਅਤੇ ਸਬੰਧ ਬਣਾਉਣ ਲਈ ਸੱਤ ਸਾਲ ਲੱਗ ਗਏ।
ਮਦਰਾ ਨੇ ਪਹਿਲੀ ਵਾਰ 2014 ਵਿੱਚ ਇਨ੍ਹਾਂ ਰਿਕਾਰਡਾਂ ਬਾਰੇ ਲਾਹੌਰ ਅਜਾਇਬ ਘਰ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਨੂੰ ਇਨ੍ਹਾਂ ਬਾਰੇ ਭਾਰਤੀ ਫੌਜੀ ਇਤਿਹਾਸਕਾਰਾਂ ਦੁਆਰਾ ਦੱਸਿਆ ਗਿਆ ਸੀ ਜੋ ਉਨ੍ਹਾਂ ਦੀ ਹੋਂਦ ਬਾਰੇ ਜਾਣਦੇ ਸਨ, ਪਰ ਉਨ੍ਹਾਂ ਤੱਕ ਕਦੇ ਵੀ ਪਹੁੰਚ ਨਹੀਂ ਕੀਤੀ ਗਈ।
ਇਸ ਲਈ ਇਹ ਮਦਰਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਅਤੇ ਸਖ਼ਤ ਮਿਹਨਤ ਦੇ ਕਾਰਨ ਸੰਭਵ ਹੋਇਆ ਹੈ ਕਿ ਪਰਿਵਾਰ ਹੁਣ ਆਪਣੇ ਪਰਿਵਾਰਕ ਇਤਿਹਾਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਉਹ ਪਹਿਲੇ ਵਿਸ਼ਵ ਯੁੱਧ ਵਿੱਚ ਆਪਣੇ ਪੁਰਖਿਆਂ ਦੇ ਯੋਗਦਾਨ ਬਾਰੇ ਹੋਰ ਜਾਣ ਸਕਦੇ ਹਨ।
ਗ੍ਰੀਨਵਿਚ ਯੂਨੀਵਰਸਿਟੀ, ਜਿਸ ਨੇ ਇਸ ਪ੍ਰਾਜੈਕਟ ਨੂੰ ਫੰਡ ਦਿੱਤਾ, ਨੇ ਇਨ੍ਹਾਂ ਰਿਕਾਰਡਾਂ ਨੂੰ ਟ੍ਰਾਂਸਕ੍ਰਾਈਬ ਕਰਨ ਵਿੱਚ ਮਦਦ ਕੀਤੀ। ਫਿਰ ਇਨ੍ਹਾਂ ਨੂੰ ਡਿਜੀਟਾਈਜ਼ ਕੀਤਾ ਗਿਆ ਅਤੇ ਯੂਕੇਪੀਐੱਚਏ ਦੀ ਵੈੱਬਸਾਈਟ 'ਤੇ ਪੰਜਾਬ ਅਤੇ ਵਿਸ਼ਵ ਯੁੱਧ ਸਿਰਲੇਖ ਅਧੀਨ ਅਪਲੋਡ ਕੀਤਾ ਗਿਆ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਅਮਨਦੀਪ ਸਿੰਘ ਮਦਰਾ ਨੇ ਕਿਹਾ, 'ਪਹਿਲੇ ਵਿਸ਼ਵ ਯੁੱਧ ਦੌਰਾਨ ਪੰਜਾਬ ਭਾਰਤੀ ਫ਼ੌਜ ਲਈ ਭਰਤੀ ਕਰਨ ਦਾ ਮੁੱਖ ਸਥਾਨ ਸੀ। ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਸਮੇਤ ਸਾਰੇ ਧਰਮਾਂ ਦੇ ਪੰਜਾਬੀ - ਭਾਰਤੀ ਫੌਜ ਦਾ ਲਗਭਗ ਇੱਕ ਤਿਹਾਈ ਅਤੇ ਬ੍ਰਿਟਿਸ਼ ਸਾਮਰਾਜ ਦੀਆਂ ਵਿਦੇਸ਼ੀ ਫੌਜਾਂ ਦਾ ਲਗਭਗ ਛੇਵਾਂ ਹਿੱਸਾ ਬਣਦੇ ਹਨ।

ਤਸਵੀਰ ਸਰੋਤ, Jasmin Athwal
ਫਿਰ ਵੀ ਇਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਵੱਡੇ ਪੱਧਰ 'ਤੇ ਮਾਨਤਾ ਨਹੀਂ ਦਿੱਤੀ ਗਈ। ਜ਼ਿਆਦਾਤਰ ਮਾਮਲਿਆਂ ਵਿੱਚ ਅਸੀਂ ਉਨ੍ਹਾਂ ਦੇ ਨਾਮ ਵੀ ਨਹੀਂ ਜਾਣਦੇ ਸੀ।'
''ਇਨ੍ਹਾਂ ਰਿਕਾਰਡਾਂ ਨੂੰ ਡਿਜੀਟਾਈਜ਼ ਕਰਨ ਵਿੱਚ ਅਸੀਂ ਵਿਸ਼ਵਵਿਆਪੀ ਪੰਜਾਬੀ ਡਾਇਸਪੋਰਾ ਦੇ ਨਾਲ-ਨਾਲ ਦੁਨੀਆ ਭਰ ਦੇ ਖੋਜੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਡੇਟੇ ਦੇ ਵੱਡੇ ਸੋਮੇ ਤੱਕ ਪਹੁੰਚ ਪ੍ਰਦਾਨ ਕਰਵਾ ਰਹੇ ਹਾਂ।
''ਅਜਿਹਾ ਡੇਟਾ ਜੋ ਇੱਕ ਦੂਜੇ ਨਾਲ ਅਤੇ ਹੋਰ ਬ੍ਰਿਟਿਸ਼ ਅਤੇ ਸਹਿਯੋਗੀ ਫੌਜਾਂ ਨਾਲ ਪੱਛਮੀ ਮੋਰਚੇ ਦੀਆਂ ਖਾਈਆਂ, ਗੈਲੀਪੋਲੀ ਵਿਖੇ ਅਤੇ ਅਫ਼ਰੀਕਾ ਅਤੇ ਮੱਧ ਪੂਰਬ ਦੇ ਰੇਗਿਸਤਾਨਾਂ ਅਤੇ ਗਰਮੀ ਵਿੱਚ ਇੱਕ ਦੂਜੇ ਨਾਲ ਲੜਨ ਵਾਲੇ ਸਾਰੇ ਪਿਛੋਕੜ ਵਾਲੇ ਲੋਕਾਂ ਦੀਆਂ ਕਹਾਣੀਆਂ ਨੂੰ ਦੱਸਣ ਵਿੱਚ ਮਦਦ ਕਰਦਾ ਹੈ।''
ਅਮਨਦੀਪ ਸਿੰਘ ਮਦਰਾ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਕਿ 2014 ਵਿੱਚ ਉਨ੍ਹਾਂ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਚਾਚੇ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਲੜਿਆ ਸੀ। ਇਹ ਇਕ ਅਜਿਹੀ ਗੱਲ ਸੀ ਜੋ ਅਮਨਦੀਪ ਨੇ ਪਹਿਲਾਂ ਨਹੀਂ ਸੁਣੀ ਸੀ। ਇਸ ਲਈ ਇਹ ਉਸ ਲਈ ਹੈਰਾਨੀ ਵਾਲੀ ਗੱਲ ਸੀ।
ਉਸ ਨੇ ਕਿਹਾ, ''ਮੇਰੇ ਪਿਤਾ ਜੀ ਨੂੰ ਆਪਣੇ ਚਾਚੇ ਨੂੰ ਆਪਣੇ ਸਥਾਨਕ ਸ਼ਹਿਰ ਰੋਪੜ ਤੋਂ ਪੈਨਸ਼ਨ ਲੈਣ ਲਈ ਜਾਣ ਦੀਆਂ ਅਸਪੱਸ਼ਟ ਜਿਹੀਆਂ ਯਾਦਾਂ ਸਨ।''
''ਮੇਰੇ ਪਿਤਾ ਜੀ ਨੂੰ ਇਹ ਵੀ ਯਾਦ ਸੀ ਕਿ ਉਨ੍ਹਾਂ ਦੇ ਚਾਚੇ ਦੀ ਨਜ਼ਰ ਕਮਜ਼ੋਰ ਸੀ ਕਿਉਂਕਿ ਜਦੋਂ ਉਹ ਬਸਰਾ ਵਿੱਚ ਯੁੱਧ ਵਿੱਚ ਤਾਇਨਾਤ ਸਨ ਤਾਂ ਉਨ੍ਹਾਂ ਨੇ ਰੇਤ ਦੇ ਤੂਫਾਨ ਦਾ ਸਾਹਮਣਾ ਕੀਤਾ ਸੀ। ਪਰ ਇਸ ਤੋਂ ਇਲਾਵਾ ਸਾਨੂੰ ਸਭ ਨੂੰ ਪਤਾ ਸੀ ਕਿ ਉਨ੍ਹਾਂ ਦਾ ਨਾਮ ਬਿਸ਼ਨ ਸਿੰਘ ਸੀ ਅਤੇ ਉਹ ਰੋਪੜ ਜ਼ਿਲ੍ਹੇ ਦੇ ਪਿੰਡ ਮਾਦਪੁਰ ਦਾ ਰਹਿਣ ਵਾਲਾ ਸੀ।''

ਤਸਵੀਰ ਸਰੋਤ, Dr Arun Kumar
'ਇਸ ਲਈ ਜਦੋਂ ਮੈਂ ਸੁਣਿਆ ਕਿ ਇਹ ਰਜਿਸਟਰ ਮੌਜੂਦ ਹਨ ਤਾਂ ਅਚਾਨਕ ਮੇਰੇ ਅੱਗੇ ਬਿਸ਼ਨ ਸਿੰਘ ਦੀ ਕਹਾਣੀ ਆ ਗਈ। ਮੈਨੂੰ ਤੁਰੰਤ ਮਹਿਸੂਸ ਹੋਇਆ ਕਿ ਇਹ ਮਹੱਤਵਪੂਰਨ ਹਨ ਕਿਉਂਕਿ ਇਹ ਮੇਰੇ ਵਰਗੇ ਹੋਰ ਲੋਕਾਂ ਨੂੰ ਆਪਣੇ ਨਾਲ ਸਬੰਧਿਤ ਵਿਅਕਤੀ ਦੇ ਫੌਜੀ ਇਤਿਹਾਸ ਨੂੰ ਸਮਝਣ ਵਿੱਚ ਮਦਦ ਕਰਨਗੇ।'
ਹੁਣ ਤੱਕ 20 ਜ਼ਿਲ੍ਹਿਆਂ ਵਿੱਚੋਂ ਭਾਰਤ ਨਾਲ ਸਬੰਧਿਤ ਜਲੰਧਰ ਅਤੇ ਲੁਧਿਆਣਾ ਅਤੇ ਪਾਕਿਸਤਾਨ ਵਿੱਚੋਂ ਸਿਆਲਕੋਟ ਤੋਂ 44,000 ਦੇ ਕਰੀਬ ਸੇਵਾ ਰਿਕਾਰਡ ਆਨਲਾਈਨ ਅਪਲੋਡ ਕੀਤੇ ਜਾ ਚੁੱਕੇ ਹਨ।
ਮਦਰਾ ਨੂੰ ਉਮੀਦ ਹੈ ਕਿ ਇਸ ਪ੍ਰਾਜੈਕਟ ਰਾਹੀਂ ਇਸ ਯੁੱਧ ਵਿੱਚ ਸੇਵਾ ਨਿਭਾਉਣ ਵਾਲੇ ਵਿਅਕਤੀਆਂ ਦੇ ਵੰਸ਼ਜ ਆਪਣੇ ਪਰਿਵਾਰਕ ਇਤਿਹਾਸ ਦੇ ਖੱਪਿਆਂ ਨੂੰ ਭਰ ਸਕਦੇ ਹਨ।
ਇਹ ਉਸ ਦੀ ਟੀਮ ਨੂੰ ਯੁੱਧ ਵਿੱਚ ਪੰਜਾਬ ਦੇ ਯੋਗਦਾਨ ਦੀ ਤਸਵੀਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਯੁੱਧ ਅਤੇ ਵਿਅਕਤੀਆਂ ਦੀ ਪੂਰੀ ਕਹਾਣੀ ਦੱਸਣ ਅਤੇ ਉਨ੍ਹਾਂ ਦੇ ਪਰਿਵਾਰਕ ਪੱਖੋਂ ਬਹੁਤ ਮਹੱਤਵਪੂਰਨ ਹਨ।
ਇਸ ਤੋਂ ਇਲਾਵਾ, ਉਹ ਇਹ ਵੀ ਉਮੀਦ ਕਰਦਾ ਹੈ ਕਿ ਉਸ ਦਾ ਪ੍ਰਾਜੈਕਟ ਪੰਜਾਬ ਦੇ ਲੜਾਕੂ ਲੋਕਾਂ ਦੀ ਸਮੂਹਿਕ ਸੇਵਾ ਨਾਲ ਨਿਆਂ ਕਰਨ ਵਿੱਚ ਮਦਦ ਕਰੇਗਾ ਅਤੇ ਪੰਜਾਬ ਅਤੇ ਪਹਿਲੇ ਵਿਸ਼ਵ ਯੁੱਧ ਦਾ ਇੱਕ ਸਹੀ ਆਰਕਾਈਵ ਬਣਾਉਣ ਵਿੱਚ ਮਦਦ ਕਰੇਗਾ।
'ਪਹਿਲੇ ਵਿਸ਼ਵ ਯੁੱਧ ਵਿੱਚ ਪੰਜਾਬ ਦੀ ਭੂਮਿਕਾ ਦਾ ਅਨੋਖਾ ਰਿਕਾਰਡ'

ਤਸਵੀਰ ਸਰੋਤ, Shrabani Basu
ਹੁਣ ਤੱਕ ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੇ ਪਰਿਵਾਰਾਂ ਲਈ ਅਜਿਹਾ ਕੋਈ ਡੇਟਾ ਮੌਜੂਦ ਨਹੀਂ ਸੀ, ਜਦੋਂ ਕਿ ਇਤਿਹਾਸਕਾਰ ਅਤੇ ਬ੍ਰਿਟਿਸ਼ ਅਤੇ ਆਇਰਿਸ਼ ਸੈਨਿਕਾਂ ਦੇ ਵੰਸ਼ਜ ਸਰਵਿਸ ਰਿਕਾਰਡਾਂ ਦੇ ਜਨਤਕ ਡੇਟਾਬੇਸ ਦੀ ਖੋਜ ਕਰ ਸਕਦੇ ਹਨ ਅਤੇ ਇਸ ਯੁੱਧ ਵਿੱਚ ਲੜਨ ਵਾਲੇ ਆਪਣੇ ਰਿਸ਼ਤੇਦਾਰਾਂ ਬਾਰੇ ਹੋਰ ਜਾਣ ਸਕਦੇ ਹਨ।
ਇਸ ਲਈ ਇਸ ਪ੍ਰਾਜੈਕਟ ਨੂੰ ਬਹੁਤ ਵਧੀਆ ਫੀਡਬੈਕ ਅਤੇ ਪ੍ਰਤੀਕਿਰਿਆ ਮਿਲੀ ਹੈ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਯੁੱਧ ਵਿੱਚ ਬਸਤੀਵਾਦੀ ਸੈਨਿਕਾਂ ਦੇ ਯੋਗਦਾਨ ਦਾ ਅਧਿਐਨ ਕਰਨ ਵਿੱਚ ਇੱਕ ਮਹੱਤਵਪੂਰਨ ਕੰਮ ਵਜੋਂ ਸਲਾਹਿਆ ਹੈ।
ਗ੍ਰੀਨਵਿਚ ਯੂਨੀਵਰਸਿਟੀ ਦੇ ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ ਡਾ. ਗੇਵਿਨ ਰੈਂਡ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, 'ਇਹ ਰਿਕਾਰਡ ਬ੍ਰਿਟਿਸ਼ ਰਾਜ ਦੇ ਪ੍ਰਮੁੱਖ ਭਰਤੀ ਮੈਦਾਨ ਵਜੋਂ ਪੰਜਾਬ ਦੀ ਭੂਮਿਕਾ ਦਾ ਇੱਕ ਵਿਲੱਖਣ ਅਤੇ ਬਾਰੀਕ ਰਿਕਾਰਡ ਪ੍ਰਦਾਨ ਕਰਦਾ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਸਾਮਰਾਜ ਦੀ ਤਰਫੋਂ ਲੜਨ ਵਾਲੇ ਬਸਤੀਵਾਦੀ ਸਿਪਾਹੀਆਂ ਬਾਰੇ ਰੈਂਕ ਤੱਕ ਦੀ ਬੇਮਿਸਾਲ ਜਾਣਕਾਰੀ ਅਤੇ ਸਮਝ ਪ੍ਰਦਾਨ ਕਰਦਾ ਹੈ।'

ਤਸਵੀਰ ਸਰੋਤ, Amandeep Singh Madra
''ਯੂਕੇ ਵਿੱਚ ਅੰਦਾਜ਼ਨ 10 ਲੱਖ ਸਿੱਖ, ਮੁਸਲਿਮ ਅਤੇ ਹਿੰਦੂ, ਪੰਜਾਬੀ ਮੂਲ ਦੇ ਹਨ ਅਤੇ ਵਿਸ਼ਵ ਪੱਧਰ 'ਤੇ 102 ਮਿਲੀਅਨ ਹਨ - ਇਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਖੇਤਰਾਂ ਦੇ ਹਨ ਜਿਨ੍ਹਾਂ ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਵੱਡੀ ਗਿਣਤੀ ਵਿੱਚ ਭਰਤੀ ਕੀਤਾ ਗਿਆ ਸੀ।'
'ਰਜਿਸਟਰਾਂ ਵਿੱਚ ਦਰਜ ਕੀਤੇ ਕੁਝ ਵਿਲੱਖਣ ਡੇਟਾ ਨੂੰ ਪਹਿਲੀ ਵਾਰ ਵਿਆਪਕ ਤੌਰ 'ਤੇ ਉਪਲੱਬਧ ਕਰਵਾ ਕੇ, ਇਹ ਪ੍ਰਾਜੈਕਟ ਪੰਜਾਬੀ ਭਾਈਚਾਰੇ ਨਾਲ ਯੂਕੇ ਵਿੱਚ ਅਤੇ ਇਸ ਤੋਂ ਬਾਹਰ ਵਿਆਪਕ ਜੁੜਾਅ ਦਾ ਆਧਾਰ ਪ੍ਰਦਾਨ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀਆਂ ਜੰਗੀ ਸੇਵਾਵਾਂ ਦੇ ਰਿਕਾਰਡ ਤੱਕ ਪਹੁੰਚ ਸਕਣਗੇ। ਇਹ ਨਾਲ ਹੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਪਿੰਡਾਂ ਬਾਰੇ ਵਿਲੱਖਣ ਜਾਣਕਾਰੀ ਪ੍ਰਦਾਨ ਕਰਦਾ ਹੈ।'
ਨਾਟਿੰਘਮ ਯੂਨੀਵਰਸਿਟੀ ਵਿੱਚ ਬ੍ਰਿਟਿਸ਼ ਇੰਪੀਰੀਅਲ, ਕਲੋਨੀਅਲ, ਅਤੇ ਪੋਸਟ-ਕੋਲੋਨੀਅਲ ਹਿਸਟਰੀ ਦੇ ਸਹਾਇਕ ਪ੍ਰੋਫੈਸਰ ਡਾ. ਅਰੁਣ ਕੁਮਾਰ ਨੇ ਵੀ ਇਸ ਪ੍ਰਾਜੈਕਟ ਦਾ ਸਵਾਗਤ ਕੀਤਾ ਹੈ ਅਤੇ ਕਿਹਾ, '…ਲੰਬੇ ਸਮੇਂ ਤੋਂ ਪਹਿਲੇ ਵਿਸ਼ਵ ਯੁੱਧ ਨੂੰ ਯੂਰਪੀਅਨ/ਪੱਛਮੀ ਯੁੱਧ ਵਜੋਂ ਦਰਸਾਇਆ ਗਿਆ ਹੈ। ਪੱਛਮੀ ਮੀਡੀਆ ਅਤੇ ਫਿਲਮਾਂ ਵਿੱਚ ਪੇਸ਼ ਇਸ ਦੀ ਤਸਵੀਰ ਇੰਨੀ ਗੁੰਮਰਾਹਕੁੰਨ ਅਤੇ ਅਨੈਤਿਕ ਹੈ ਕਿ ਇਹ ਭਾਰਤੀ ਸੈਨਿਕਾਂ ਅਤੇ ਅਫ਼ਰੀਕਾ ਦੇ ਹੋਰ ਬਸਤੀਵਾਦੀ ਸੈਨਿਕਾਂ ਦੇ ਯੋਗਦਾਨ ਨੂੰ ਪਛਾਣਨ ਵਿੱਚ ਵੀ ਅਸਫਲ ਰਹਿੰਦੀ ਹੈ।'

ਤਸਵੀਰ ਸਰੋਤ, Amandeep Singh Madra
ਡਾ. ਕੁਮਾਰ ਨੇ ਇਹ ਵੀ ਕਿਹਾ ਕਿ ਜੋ ਉਸ ਨੂੰ ਬਹੁਤ ਦਿਲਚਸਪ ਅਤੇ ਰੁਮਾਂਚਕ ਲੱਗਿਆ, ਉਹ ਸੀ ਕਿ ਕਾਰੀਗਰ ਜਾਤਾਂ (ਜਿਵੇਂ ਕਿ ਜੁਲਾਹੇ, ਸੁਨਿਆਰੇ, ਤਰਖਾਣ) ਅਤੇ ਦਲਿਤਾਂ ਨੇ ਵੀ ਪਹਿਲੇ ਵਿਸ਼ਵ ਯੁੱਧ ਵਿੱਚ ਯੋਗਦਾਨ ਪਾਇਆ।
ਲੰਡਨ ਸਥਿਤ ਭਾਰਤੀ ਪੱਤਰਕਾਰ ਅਤੇ 'ਸਪਾਈ ਪ੍ਰਿੰਸੈੱਸ : ਦਿ ਲਾਈਫ ਆਫ ਨੂਰ ਇਨਾਇਤ ਖਾਨ ਐਂਡ ਵਿਕਟੋਰੀਆ ਐਂਡ ਅਬਦੁੱਲ: ਦਿ ਟਰੂ ਸਟੋਰੀ ਆਫ ਕੁਈਨ' (ਜਿਸ 'ਤੇ ਬਾਅਦ ਵਿੱਚ ਫਿਲਮ ਵੀ ਬਣੀ) ਸਮੇਤ ਕਈ ਕਿਤਾਬਾਂ ਦੀ ਲੇਖਕਾ ਸ਼੍ਰਾਬਨੀ ਬਾਸੂ ਨੇ ਬੀਬੀਸੀ ਨੂੰ ਕਿਹਾ, '"ਇਹ ਸਕੂਲਾਂ ਅਤੇ ਯੂਨੀਵਰਸਿਟੀਆਂ ਅਤੇ ਅਕਾਦਮਿਕਾਂ ਲਈ ਇੱਕ ਮਹੱਤਵਪੂਰਨ ਵਿਦਿਅਕ ਸਰੋਤ ਵੀ ਹੈ। ਇਹ ਸਾਹਮਣੇ ਲਿਆਉਂਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਪੰਜਾਬ ਦੇ ਸੈਨਿਕਾਂ ਨੇ ਕਿਸ ਹੱਦ ਤੱਕ ਸਵੈ ਇੱਛਾ ਨਾਲ ਕੰਮ ਕੀਤਾ ਸੀ।'
ਪਰ ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੇ ਯੋਗਦਾਨ ਨੂੰ ਕਿਉਂ ਭੁਲਾਇਆ ਗਿਆ ਹੈ?

ਤਸਵੀਰ ਸਰੋਤ, Amandeep Singh Madra
ਡਾ. ਗੇਵਿਨ ਰੈਂਡ ਨੇ ਬੀਬੀਸੀ ਨੂੰ ਦੱਸਿਆ, 'ਮੈਨੂੰ ਲੱਗਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਬ੍ਰਿਟਿਸ਼ ਯੁੱਧ ਦੇ ਯਤਨਾਂ ਵਿੱਚ ਦੱਖਣੀ ਏਸ਼ੀਆਈ ਸ਼ਾਸਨ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਕਰਨ ਦਾ ਰੁਝਾਨ ਰਿਹਾ ਹੈ। ਯੂਕੇ ਵਿੱਚ ਅਸੀਂ ਯੁੱਧ ਨੂੰ ਗਲਤ ਸਮਝਿਆ ਜਾਂ ਗਲਤ ਤੌਰ 'ਤੇ ਯਾਦ ਕੀਤਾ ਹੈ ਕਿ ਇਹ ਅਸਲ ਵਿੱਚ ਫਰਾਂਸ ਅਤੇ ਬੈਲਜੀਅਮ ਕਾਰਨ ਯੂਰਪੀਅਨ ਹੀ ਸੀ।
ਪਰ ਅਸੀਂ ਲੰਬੇ ਸਮੇਂ ਤੋਂ ਉਸ ਭੂਮਿਕਾ ਨੂੰ ਭੁੱਲ ਚੁੱਕੇ ਹਾਂ ਜਾਂ ਨਜ਼ਰਅੰਦਾਜ਼ ਕਰ ਰਹੇ ਹਾਂ ਜੋ ਨਾ ਸਿਰਫ਼ ਦੱਖਣੀ ਏਸ਼ੀਆਈਆਂ ਨੇ, ਬਲਕਿ ਰਾਸ਼ਟਰਮੰਡਲ ਅਤੇ ਸਾਡੇ ਬਸਤੀਵਾਦੀ ਸੈਨਿਕਾਂ ਨੇ ਸੰਘਰਸ਼ ਵਿੱਚ ਨਿਭਾਈ ਸੀ।'
ਦੂਜੇ ਪਾਸੇ ਡਾ. ਅਰੁਣ ਕੁਮਾਰ ਇਸ ਲਈ ਬਸਤੀਵਾਦ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਹਿੰਦੇ ਹਨ, 'ਬਸਤੀਵਾਦ ਕੁਝ ਪਹਿਲੂਆਂ ਨੂੰ ਭੁੱਲਣ ਦੀ ਪ੍ਰਕਿਰਿਆ ਸੀ ਅਤੇ ਜੋ ਅਸੀਂ ਯਾਦ ਕਰਦੇ ਹਾਂ ਅਤੇ ਜੋ ਅਸੀਂ ਭੁੱਲ ਜਾਂਦੇ ਹਾਂ, ਉਸ ਨੂੰ ਆਕਾਰ ਦੇਣਾ ਜਾਰੀ ਰੱਖਦਾ ਹੈ। ਇਹ ਬਸਤੀਵਾਦ ਵਿੱਚ ਮੌਜੂਦ ਸੀ ਜੋ ਉਪਨਿਵੇਸ਼ਵਾਦੀ ਸੰਸਥਾ ਨੂੰ ਜਾਇਜ਼, ਤਰਕਸ਼ੀਲ, ਅਧਿਕਾਰਤ ਸੰਸਥਾ ਦੇ ਰੂਪ ਵਿੱਚ ਨਕਾਰਨ 'ਤੇ ਆਧਾਰਿਤ ਸੀ।

ਤਸਵੀਰ ਸਰੋਤ, AMandeep Singh Madra
ਇਹ ਮੰਨਿਆ ਜਾਂਦਾ ਸੀ ਕਿ ਬਸਤੀਵਾਦੀ ਸੰਸਥਾਵਾਂ ਨਕਾਰਾ ਹੁੰਦੀਆਂ ਹਨ ਅਤੇ ਇਸ ਲਈ ਬਸਤੀਵਾਦੀ ਰਾਜ ਨੇ ਉਨ੍ਹਾਂ ਲੋਕਾਂ ਲਈ ਬਹੁਤ ਘੱਟ ਕੰਮ ਕੀਤਾ ਜੋ ਯੁੱਧ ਤੋਂ ਬਾਅਦ ਭੰਗ ਹੋ ਗਏ ਸਨ ਅਤੇ ਸਥਾਈ ਰੂਪ ਨਾਲ ਨੁਕਸਾਨੇ ਗਏ ਸਨ।'
ਸ਼੍ਰਾਬਨੀ ਬਾਸੂ ਨੇ ਬੀਬੀਸੀ ਨੂੰ ਦੱਸਿਆ, 'ਜਦੋਂ ਕਿ ਬਰਤਾਨੀਆ ਦੇ ਹਰ ਪਿੰਡ ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਮਰਨ ਵਾਲਿਆਂ ਦੀਆਂ ਯਾਦਗਾਰਾਂ ਮੌਜੂਦ ਹਨ, ਅਜਿਹਾ ਭਾਰਤ ਵਿੱਚ ਨਹੀਂ ਹੈ।
ਜਦੋਂ ਬ੍ਰਿਟਿਸ਼ਾਂ ਵੱਲੋਂ ਭਾਰਤੀ ਪਿੰਡਾਂ ਵਿੱਚ ਯਾਦਗਾਰਾਂ ਬਣਾਈਆਂ ਗਈਆਂ ਸਨ, ਤਾਂ ਇਹ ਮਾਰੇ ਗਏ ਲੋਕਾਂ ਦੀਆਂ ਯਾਦਗਾਰਾਂ ਸਨ। ਇਨ੍ਹਾਂ ਨੂੰ ਉਨ੍ਹਾਂ ਦੇ ਨਾਮ ਨਾਲ ਕਦੇ ਯਾਦ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਸਿਰਫ਼ ਗਿਣਤੀ ਪੱਖੋਂ ਦਰਜ ਕੀਤਾ ਗਿਆ ਸੀ।'

ਤਸਵੀਰ ਸਰੋਤ, Getty Images
ਉਸ ਨੇ ਅੱਗੇ ਕਿਹਾ ਕਿ ਇਸ ਦਾ ਕਾਰਨ ਇਹ ਸੀ ਕਿ ਭਾਰਤੀ ਸੈਨਿਕਾਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਯਾਦ ਕਰਨਾ ਇੰਨਾ ਮਹੱਤਵਪੂਰਣ ਨਹੀਂ ਸਮਝਿਆ ਗਿਆ ਅਤੇ ਬ੍ਰਿਟੇਨ ਦੇ ਹਰ ਪਿੰਡ ਵਿੱਚ ਸਥਾਨਕ ਤੌਰ 'ਤੇ ਇਕੱਠੇ ਕੀਤੇ ਫੰਡਾਂ ਨਾਲ ਉਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਸਨ।
ਦੂਜੇ ਪਾਸੇ ਭਾਰਤ ਵਿੱਚ ਪਿੰਡਾਂ ਦੇ ਲੋਕਾਂ ਕੋਲ ਮ੍ਰਿਤਕਾਂ ਦੀਆਂ ਯਾਦਗਾਰਾਂ ਬਣਾਉਣ ਲਈ ਕੋਈ ਸਾਧਨ ਨਹੀਂ ਸਨ। ਉਨ੍ਹਾਂ ਨੇ ਅਜਿਹਾ ਕਰਨਾ ਅੰਗਰੇਜ਼ਾਂ 'ਤੇ ਛੱਡ ਦਿੱਤਾ ਸੀ।
ਇਸ ਲਈ ਭਾਰਤੀਆਂ ਦੀਆਂ ਯਾਦਗਾਰਾਂ ਵਿੱਚ ਸਾਰੇ ਵੇਰਵੇ ਸ਼ਾਮਲ ਨਹੀਂ ਸਨ ਅਤੇ ਅੰਤ ਵਿੱਚ ਭਾਰਤੀ ਸੈਨਿਕਾਂ ਨੂੰ ਅੰਗਰੇਜ਼ਾਂ ਅਤੇ ਭਾਰਤੀਆਂ ਦੋਵਾਂ ਵੱਲੋਂ ਭੁਲਾ ਦਿੱਤਾ ਗਿਆ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ, ਭਾਰਤ ਦੇ ਨਵੇਂ ਨਾਇਕ ਉਹ ਸਨ ਜੋ ਆਜ਼ਾਦੀ ਲਈ ਲੜਦੇ ਹੋਏ ਸ਼ਹੀਦ ਹੋ ਗਏ ਸਨ। ਜੋ ਸੈਨਿਕ ਬਸਤੀਵਾਦੀ ਸ਼ਾਸਕ ਲਈ ਲੜਦੇ ਹੋਏ ਸ਼ਹੀਦ ਹੋਏ ਸਨ, ਹੁਣ ਉਹ ਮਹੱਤਵਪੂਰਨ ਨਹੀਂ ਸਨ। ਬ੍ਰਿਟੇਨ ਲਈ ਹੁਣ ਉਹ ਭਾਰਤ ਦੇ ਇਤਿਹਾਸ ਦਾ ਹਿੱਸਾ ਸਨ, ਇਸ ਲਈ ਹੁਣ ਉਨ੍ਹਾਂ ਦੀ ਚਿੰਤਾ ਨਹੀਂ ਸੀ।
ਇਸ ਤਰ੍ਹਾਂ ਸਿੱਟੇ ਵਜੋਂ ਇਹ ਸੈਨਿਕ ਅਤੇ ਉਨ੍ਹਾਂ ਦਾ ਯੋਗਦਾਨ ਦੋਵਾਂ ਦੇਸ਼ਾਂ ਦੇ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਹੋ ਗਿਆ।
ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ, ਕੁਝ ਹੋਰ ਜ਼ਿਲ੍ਹਿਆਂ ਦੇ ਸਰਵਿਸ ਰਿਕਾਰਡਾਂ ਨੂੰ ਅਪਲੋਡ ਕਰਨ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ, ਤਾਂ ਜੋ ਹੋਰ ਪਰਿਵਾਰ ਆਪਣੇ ਪਰਿਵਾਰਕ ਇਤਿਹਾਸ ਅਤੇ ਪਹਿਲੇ ਵਿਸ਼ਵ ਯੁੱਧ ਵਿੱਚ ਆਪਣੇ ਪੁਰਖਿਆਂ ਦੀ ਭੂਮਿਕਾ ਬਾਰੇ ਜਾਣ ਸਕਣ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












