ਵਿਸ਼ਵ ਯੁੱਧ-1 ਬਾਰੇ ਬਣੀ ਫ਼ਿਲਮ '1917' ਵਿੱਚ ਸਿੱਖ ਦਿਖਾਏ ਜਾਣ ਬਾਰੇ ਟਿੱਪਣੀ ਨੂੰ ਕੈਪਟਨ ਨੇ 'ਬਕਵਾਸ' ਕਿਉਂ ਕਿਹਾ

ਤਸਵੀਰ ਸਰੋਤ, Getty Images
ਪਹਿਲੇ ਵਿਸ਼ਵ ਯੁੱਧ ਬਾਰੇ ਬਣੀ ਹਾਲੀਵੁੱਡ ਫਿਲਮ "1917" ਬ੍ਰਿਟੇਨ ਦੇ ਅਦਾਕਾਰ ਲੌਰੈਂਸ ਫੌਕਸ ਦੇ ਇੱਕ ਬਿਆਨ ਕਾਰਨ ਚਰਚਾ ਵਿੱਚ ਹੈ।
ਲੌਰੈਂਸ ਦੇ ਬਿਆਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਤੇ ਫੌਜੀ ਇਤਿਹਾਸਕਾਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਪੰਜਾਬ ਵਿੱਚ ਵੀ ਇਸ ਦੀ ਚਰਚਾ ਛੇੜ ਦਿੱਤੀ ਹੈ।
ਆਸਕਰ ਲਈ ਨਾਮਜ਼ਦ ਇਸ ਫ਼ਿਲਮ ਬਾਰੇ ਅਦਾਕਾਰ ਨੇ ਟਿੱਪਣੀ ਕੀਤੀ ਸੀ ਕਿ ਫ਼ਿਲਮ ਵਿੱਚ ਸਿੱਖਾਂ ਨੂੰ ਦਿਖਾਇਆ ਜਾਣਾ ਥੋਪੀ ਹੋਈ ਵਿਭਿੰਨਤਾ ਹੈ ਅਤੇ ਫਿਲਮ "ਸੰਸਥਾਗਤ ਤੌਰ 'ਤੇ ਨਸਲਵਾਦੀ" ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ, "ਇਹ ਬੰਦਾ ਅਦਾਕਾਰ ਹੈ। ਉਸ ਨੂੰ ਫੌਜੀ ਇਤਿਹਾਸ ਬਾਰੇ ਕੀ ਪਤਾ। ਉਹ ਬਕਵਾਸ ਕਰ ਰਿਹਾ ਹੈ ਤੇ ਉਸ ਨੂੰ ਥੋੜ੍ਹਾ ਬਹੁਤ ਫੌਜੀ ਇਤਿਹਾਸ ਪੜ੍ਹਨਾ ਚਾਹੀਦਾ ਹੈ।"
ਇਹ ਵੀ ਪੜ੍ਹੋ:
ਕੈਪਟਨ ਨੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ 1914 ਵਿੱਚ ਯੂਰਪ ਪਹੁੰਚੇ ਭਾਰਤੀ ਫੌਜੀਆਂ ਨੇ ਇੱਕ ਵੱਡੀ ਫੌਜੀ ਤਬਾਹੀ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਕੈਪਟਨ ਨੇ ਕਿਹਾ, “ਇੱਥੋਂ (ਭਾਰਤ) ਤੀਜੀ ਲਾਹੌਰ ਡਿਵੀਜ਼ਨ ਤੇ ਸੱਤਵੀਂ ਮੇਰਠ ਡਵੀਜ਼ਨ, ਦੋ ਡਵੀਜ਼ਨਾਂ ਗਈਆਂ ਸਨ। ਮੇਰੀ ਰੈਜੀਮੈਂਟ ਜਲੰਧਰ ਬ੍ਰਿਗੇਡ ਦਾ ਹਿੱਸਾ ਸੀ ਜਿਸ ਵਿੱਚ 129 ਬਲੋਚ, 47 ਸਿੱਖ ਤੇ 15 ਸਿੱਖ ਸ਼ਾਮਲ ਸਨ। 1857 ਤੋਂ ਬਾਅਦ ਇੱਕ ਬ੍ਰਿਟਿਸ਼ ਰੈਜੀਮੈਂਟ ਵੀ ਸੀ। ਹਰ ਬ੍ਰਿਗੇਡ ਵਿੱਚ ਇੱਕ ਬ੍ਰਿਟਿਸ਼ ਰੈਜੀਮੈਂਟ ਹੁੰਦੀ ਸੀ।”
ਅਸਲ ਵਿੱਚ ਲੌਰੈਂਸ ਨੇ ਕਿਹਾ ਕੀ ਸੀ?
ਬ੍ਰਿਟੇਨ ਦੀ ਖ਼ਬਰ ਵੈਬਸਾਈਟ ਮੈਟਰੋ ਮੁਤਾਬਕ ਲੌਰੈਂਸ ਨੇ ਦਾਅਵਾ ਕੀਤਾ ਕਿ ਫ਼ਿਲਮ 1917 ਸਿੱਖਾਂ ਨੂੰ ਸ਼ਾਮਲ ਕਰਨ ਕਰਕੇ ਨਸਲਵਾਦੀ ਹੈ।
ਅਦਾਕਾਰ ਨੇ ਦਾਅਵਾ ਕੀਤਾ ਕਿ ਆਸਕਰ ਪੁਰਸਕਾਰ ਲਈ ਨਾਮਜ਼ਦ ਫ਼ਿਲਮ ਸਿੱਖਾਂ ਨੂੰ ਸ਼ਾਮਲ ਕਰਕੇ ਦਰਸ਼ਕਾਂ ’ਤੇ ਧੱਕੇ ਨਾਲ ਵਿਭਿੰਨਤਾ ਥੋਪ ਰਹੀ ਹੈ।
ਇਸ ਤੋਂ ਬਾਅਦ ਲੌਰੈਂਸ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿੱਚ ਸਿੱਖਾਂ ਨੂੰ ਸੰਬੋਧਨ ਕਰਕੇ ਮਾਫ਼ੀ ਮੰਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਉਨ੍ਹਾਂ ਲਿਖਿਆ, "ਮੈਂ ਤੁਹਾਡੇ ਰਿਸ਼ਤੇਦਾਰਾਂ ਦੀਆਂ ਕੁਰਬਾਨੀਆਂ ਤੋਂ ਵੀ ਉਨਾ ਹੀ ਪ੍ਰਭਾਵਿਤ ਹਾਂ ਜਿੰਨਾ ਕਿ ਮੈਂ ਯੁੱਧ ਵਿੱਚ ਕਿਸੇ ਵੀ ਹੋਰ ਵਿਅਕਤੀ ਦੇ ਮਾਰੇ ਜਾਣ ਤੇ ਹੁੰਦਾ ਹਾਂ, ਭਾਵੇਂ ਉਹ ਕਿਸੇ ਵੀ ਨਸਲ ਜਾਂ ਰੰਗ ਦਾ ਹੋਵੇ। ਕਿਰਪਾ ਕਰਕੇ ਜਿਸ ਤਰ੍ਹਾਂ ਮੈਂ ਇਸ ਵਿਸ਼ੇ ਵਿੱਚ ਆਪਣੇ ਵਿਚਾਰ ਰੱਖੇ ਹਨ ਉਸ ਬਾਰੇ ਅਸਪਸ਼ਟ ਹੋਣ ਲਈ ਮੇਰੀ ਮਾਫ਼ੀ ਪ੍ਰਵਾਨ ਕਰੋ।"
ਫ਼ੌਕਸ ਵਿਵਾਦ ਹੋਣ ਤੋਂ ਬਾਅਦ ਆਪਣੇ ਕਹੇ ਸ਼ਬਦਾਂ ਨਾਲ ਸੰਘਰਸ਼ ਕਰਦੇ ਨਜ਼ਰ ਆਏ।
ਕੁਝ ਗੱਲਾਂ ਫ਼ਿਲਮ “1917” ਬਾਰੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
- ਇਹ ਫ਼ਿਲਮ ਹਾਲੀਵੁੱਡ ਦੇ ਆਸਕਰ ਜੇਤੂ ਨਿਰਦੇਸ਼ਕ ਸੈਮ ਮੈਂਡਸ ਨੇ ਡਾਇਰੈਕਟ ਹੈ।
- ਫ਼ਿਲਮ ਪਹਿਲੀ ਵਿਸ਼ਵ ਜੰਗ ਦੇ ਦੋ ਮੋਰਚਿਆਂ ਈਪਰ ਤੇ ਸੋਮ ਦੀਆਂ ਘਟਨਾਵਾਂ ਦਰਸਾਉਂਦੀ ਹੈ।
- ਫ਼ਿਲਮ ਦੀ ਵੈਬਸਾਈਟ ਮੁਤਾਬਕ, ਪਹਿਲੀ ਵਿਸ਼ਵ ਯੁੱਧ ਦੌਰਾਨ ਦੋ ਬ੍ਰਿਟਿਨ ਫੌਜੀਆਂ ਨੂੰ ਇੱਕ ਅਸੰਭਵ ਜਿਹੀ ਮੁਹਿੰਮ ਸੌਂਪੀ ਜਾਂਦੀ ਹੈ।
- ਉਨ੍ਹਾਂ ਨੇ ਦੁਸ਼ਮਣ ਸਫ਼ਾਂ ਨੂੰ ਤੋੜ ਕੇ ਇੱਕ ਸੁਨੇਹਾ ਪਹੁੰਚਾਉਣਾ ਸੀ ਜਿਸ ਨਾਲ ਸੈਂਕੜੇ ਫੌਜੀਆਂ ’ਤੇ ਹੋਣ ਵਾਲਾ ਭਿਆਨਕ ਹਮਲਾ ਰੋਕਿਆ ਜਾ ਸਕੇ।
ਪਹਿਲੇ ਵਿਸ਼ਵ ਯੁੱਧ ਬਾਰੇ ਕੁੱਝ ਗੱਲਾਂ
ਫ਼ਿਲਮ ਵਿੱਚ ਦਿਖਾਈਆਂ ਘਟਨਾਵਾਂ ਤੋਂ ਪਹਿਲਾਂ ਪਹਿਲੇ ਵਿਸ਼ਵ ਯੁੱਧ ਬਾਰੇ ਕੁਝ ਜਾਨਣਾ ਠੀਕ ਰਹੇਗਾ।
ਪਹਿਲੇ ਵਿਸ਼ਵ ਯੁੱਧ ਨੂੰ ਸਾਰੇ ਯੁੱਧਾਂ ਨੂੰ ਖ਼ਤਮ ਕਰਨ ਵਾਲਾ ਯੁੱਧ ਕਿਹਾ ਜਾਂਦਾ ਹੈ। ਇਹ 11 ਨਵੰਬਰ 1918 ਨੂੰ ਵਰਸਾਇ ਦੀ ਸੰਧੀ ਨਾਲ ਖ਼ਤਮ ਹੋਇਆ। ਇਸ ਮਹਾਂ ਯੁੱਧ ਵਿੱਚ ਜਰਮਨੀ ਦੀ ਹਾਰ ਹੋਈ ਤੇ ਬ੍ਰਿਟੇਨ ਤੇ ਮਿੱਤਰ ਦੇਸ਼ਾਂ ਦੀ ਜਿੱਤ।
ਭਾਰਤੀ ਫ਼ੌਜੀ ਇਸ ਯੁੱਧ ਦੇ ਸ਼ੁਰੂ ਜਾਣੀ 1914 ਤੋਂ ਹੀ ਸ਼ਾਮਲ ਰਹੇ ਅਤੇ ਬ੍ਰਿਟੇਨ ਫੌਜਾਂ ਵੱਲੋਂ ਯੁੱਧ ਦੇ ਅਖ਼ਰੀ ਤੱਕ ਲੜੇ।
ਇਸ ਯੁੱਧ ਵਿੱਚ ਲੜਨ ਵਾਲੇ ਭਾਰਤੀ ਫ਼ੌਜੀਆਂ ਦੀ ਗਿਣਤੀ ਆਸਟਰੇਲੀਆ, ਨਿਊਜ਼ੀਲੈਂਡ, ਕਨੇਡਾ, ਦੱਖਣੀ ਅਫਰੀਕਾ ਤੇ ਕਰੇਬੀਅਨ ਫੌਜ ਤੋਂ ਚੌਗੁਣੀ ਸੀ।
ਕੁਝ ਸੋਮ ਤੇ ਈਪਰ ਦੇ ਮੋਰਚਿਆਂ ਬਾਰੇ
1914 ਦੀ ਪਤਝੜ ਦੌਰਾਨ ਜਦੋਂ ਹਾਲੇ ਯੁੱਧ ਸ਼ੁਰੂ ਹੀ ਹੋ ਰਿਹਾ ਸੀ ਤੇ ਬ੍ਰਿਟੇਨ ਆਪਣੇ ਫੌਜੀਆਂ ਦੀ ਭਰਤੀ ਤੇ ਸਿਖਲਾਈ ਕਰ ਰਿਹਾ ਸੀ ਭਾਰਤੀ ਫ਼ੌਜੀ ਪਹਿਲੇ ਸਨ ਜਿਨ੍ਹਾਂ ਨੇ ਜਰਮਨੀ ਦੀਆਂ ਫੌਜਾਂ ਨੂੰ ਈਪਰ ਦੇ ਮੋਰਚੇ 'ਤੇ ਠੱਲ੍ਹ ਪਾਈ।
ਪਹਿਲੇ ਵਿਸ਼ਵ ਯੁੱਧ ਦੀਆਂ ਲੜਾਈਆਂ ਬਾਰੇ ਬ੍ਰਿਟਿਸ਼ ਵੈਬਸਾਈਟ ww1battlefields.co.uk ਮੁਤਾਬਕ ਈਪਰ ਬੈਲਜੀਅਮ ਵਿੱਚ ਸਿਥਤ ਸੀ। ਵਰਤਮਾਨ ਵਿੱਚ ਵੀ ਇਹ ਬੈਲਜੀਅਮ ਦਾ ਹਿੱਸਾ ਹੈ।
ਈਪਰ ਵਿੱਚ ਬ੍ਰਿਟੇਨ ਤੇ ਜਰਮਨੀ ਦਰਮਿਆਨ ਪਹਿਲੇ ਵਿਸ਼ਵ ਯੁੱਧ ਦੀਆਂ ਪਹਿਲੀਆਂ ਲੜਾਈਆਂ ਵਿੱਚੋਂ ਇੱਕ ਲੜਾਈ ਲੜੀ ਗਈ।
ਬ੍ਰਿਟੇਨ ਦੀ ਫ਼ੌਜ ਇਸ ਮੋਰਚੇ ਨਾਲ ਵਿਸ਼ਵ ਯੁੱਧ ਦੇ ਅਖ਼ੀਰ ਤੱਕ ਜੁੜੀ ਰਹੀ। ਬ੍ਰਿਟਿਸ਼ ਫ਼ੌਜ ਇਸ ਸਥਾਨ ਦੇ ਨਾਮ ਤੋਂ ਹੀ ਜਾਣੀਆਂ ਜਾਂਦੀਆਂ ਚਾਰੇ ਲੜਾਈਆਂ ਵਿੱਚ ਸ਼ਾਮਲ ਰਹੀ।
ਯੁੱਧ ਦੌਰਾਨ ਇੱਥੇ ਲਗਾਤਾਰ ਗੋਲੇ ਵਰ੍ਹਦੇ ਰਹੇ ਤੇ ਨਤੀਜੇ ਵਜੋਂ ਇਲਾਕਾ ਖੰਡਰ ਵਿੱਚ ਤਬਦੀਲ ਹੋ ਗਿਆ। ਯੁੱਧ ਤੋਂ ਬਾਅਦ ਇੱਥੇ ਮਾਰੇ ਗਏ ਫੌਜੀਆਂ ਦੀ ਇੱਕ ਯਾਦਗਾਰ ਕਾਇਮ ਕੀਤੀ ਗਈ।
ਈਪਰ ਵਿੱਚ ਭਾਰਤੀ ਫੌਜੀਆਂ ਦੀ ਵੱਖਰੀ ਯਾਦਗਾਰ ਵੀ ਮੌਜੂਦ ਹੈ।
ਉਪਰੋਕਤ ਵੈਬਸਾਈਟ ਮੁਤਾਬਕ ਹੀ ਸੋਮ ਉੱਤਰੀ ਫਰਾਂਸ ਦੇ ਪਿਕਾਰਡੀ ਖੇਤਰ ਵਿੱਚ ਸਥਿਤ ਸੀ।
ਵਿਸ਼ਵ ਯੁੱਧ ਦੌਰਾਨ ਸੋਮ ਬ੍ਰਿਟੇਨ ਦੀ ਚਰਚਿਤ ਹਮਲਾਵਰ ਯੁੱਧ ਭੂਮੀ ਸੀ। ਲੜਾਈ ਇੱਥੇ ਪਹਿਲੀ ਜੁਲਾਈ 1916 ਤੋਂ ਹੀ ਸ਼ੁਰੂ ਹੋ ਗਈ ਸੀ। ਪੱਛਮੀ ਮੋਰਚੇ ਤੇ ਜਰਮਨੀ ਨੇ ਇੱਥੇ 1918 ਵਿੱਚ ਇੱਕ ਭਰਵਾਂ ਹਮਲਾ ਕੀਤਾ।
ਵੈਬਸਾਈਟ ਮੁਤਾਬਕ ਇਸ ਖਿੱਤੇ ਵਿੱਚ ਜੰਗ ਦੀ ਲਗਭਗ ਇੱਕ ਸਦੀ ਬਾਅਦ ਵੀ ਕੋਈ ਵੱਡਾ ਭੂਗੋਲਿਕ ਬਦਲਾਅ ਨਹੀਂ ਆਇਆ ਹੈ।
ਸੋਮ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਇੱਕ ਸਿੱਖ ਸਿਪਾਹੀ ਇੰਦਰ ਸਿੰਘ ਨੇ ਆਪਣੇ ਘਰੇ ਲਿਖੀ ਚਿੱਠੀ ਵਿੱਚ ਲਿਖਿਆ ਸੀ," ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਮੈਂ ਜਿਉਂਦਾ ਵਾਪਸ ਮੁੜਾਂ। (ਪਰ) ਮੇਰੀ ਮੌਤ ਦਾ ਸੋਗ ਨਾ ਕਰਨਾ ਕਿਉਂਕਿ ਮੈਂ ਹਥਿਆਰ ਹੱਥ ਵਿੱਚ ਫੜ ਕੇ ਮਰਾਂਗਾ। ਮੇਰੇ ਫੌਜੀ ਵਰਦੀ ਪਾਈ ਹੋਵੇਗੀ। ਇਹ ਕਿਸੇ ਲਈ ਸਭ ਤੋਂ ਖ਼ੁਸ਼ੀ ਵਾਲੀ ਮੌਤ ਹੋ ਸਕਦੀ ਹੈ।"
ਮਰਹੂਮ ਇੰਦਰ ਸਿੰਘ ਨੇ ਇਹ ਚਿੱਠੀ 15 ਸੰਤਬਰ 1916 ਵਿੱਚ ਲੁਧਿਆਣਾ ਵਿੱਚ ਵਸਦੇ ਆਪਣੇ ਪਰਿਵਾਰ ਨੂੰ ਉਰਦੂ ਵਿੱਚ ਲਿਖੀ। ਉਸ ਸਮੇਂ ਸੋਮ ਦੀ ਲੜਾਈ ਪੂਰੇ ਜੋਰਾਂ 'ਤੇ ਲੜੀ ਜਾ ਰਹੀ ਸੀ।
ਇੰਦਰ ਸਿੰਘ ਨੇ ਆਪਣੇ ਬੱਚਿਆਂ ਨੂੰ ਨਸੀਹਤ ਕਰਦਿਆਂ ਲਿਖਿਆ, "ਮੈਨੂੰ ਮਾਫ਼ ਕਰਿਓ ਕਿ ਪਰਿਵਾਰ ਲਈ ਆਪਣੀਆਂ ਜਿੰਮੇਵਾਰੀਆਂ ਨਹੀਂ ਨਿਭਾ ਸਕਿਆ ਕਿਉਂਕਿ ਰੱਬ ਨੇ ਮੈਨੂੰ ਸੱਦ ਲਿਆ। ਕੁਝ ਵੀ ਹੋਵੇ ਤੁਹਾਨੂੰ ਮੈਨੂੰ ਮਾਫ਼ ਤਾਂ ਕਰਨਾ ਹੀ ਪਵੇਗਾ। ਆਪਣੀ ਸਾਰੀ ਦੁਨਿਆਵੀ ਜਾਇਦਾਦ ਮੈਂ ਤੁਹਾਡੇ ਲਈ ਛੱਡ ਦਿੱਤੀ ਹੈ ਜਿਸ ਦੀ ਤੁਸੀਂ ਬੇਝਿਜਕ ਵਰਤੋਂ ਕਰ ਸਕਦੇ ਹੋ।"

ਤਸਵੀਰ ਸਰੋਤ, Getty Images
ਇੰਦਰ ਸਿੰਘ ਨੇ ਆਪਣੇ ਮਾਪਿਆਂ ਲਈ ਵੀ ਸੁਨੇਹਾ ਲਿਖਿਆ, "ਮੇਰੇ ਜਾਣ ਮਗਰੋਂ ਦਾਦਾ-ਦਾਦੀ ਨੂੰ ਤੰਗ ਨਾ ਕਰਨਾ। ਮੇਰੇ ਮਾਪਿਆਂ ਨੂੰ ਮੇਰਾ ਪਿਆਰ ਦੇਣਾ ਤੇ ਕਹਿਣਾ ਕਿ ਮੇਰੀ ਮੌਤ ਤੇ ਦੁੱਖੀ ਨਾ ਹੋਣ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਅਸੀਂ ਸਾਰਿਆਂ ਨੇ ਮਰਨਾ ਹੀ ਹੈ। ਸਗੋਂ ਮੌਤ ਦਾ ਇਹ ਦਿਨ ਤਾਂ ਅਨੰਦ ਕਰਨ ਦਾ ਮੌਕਾ ਹੈ।"
ਹਾਲਾਂਕਿ ਇਹ ਲੜਾਈ ਸਿੱਖ ਫੌਜੀਆਂ ਦੀ ਪਹਿਲੀ ਕੌਮਾਂਤਰੀ ਲੜਾਈ ਸੀ ਉਹ ਵੀ ਦੁਨੀਆਂ ਦੀ ਸਭ ਤੋਂ ਸੰਗਠਿਤ ਫੌਜ ਜਰਮਨ ਖ਼ਿਲਾਫ ਪਰ ਸਿੱਖ ਇਸ ਲੜਾਈ ਵਿੱਚ ਬਹੁਤ ਬਹਾਦਰੀ ਨਾਲ ਲੜੇ।
ਯੁੱਧ ਬਾਰੇ ਅੰਗਰੇਜ਼ਾਂ ਦਾ ਵਾਅਦਾ
ਭਾਰਤ ਵੱਲੋਂ ਲੜ ਰਹੇ ਫੌਜੀਆਂ ਦੀ ਤਰਾਸਦੀ ਇਹ ਸੀ ਕਿ ਉਹ ਉਸੇ ਦੇਸ਼ ਲਈ ਲੜ ਰਹੇ ਸੀ ਜਿਸ ਦੇ ਉਹ ਗ਼ੁਲਾਮ ਸਨ ਤੇ ਜੋ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਸੀ।
ਅੰਗਰੇਜ਼ਾਂ ਨੇ ਭਾਰਤ ਨੂੰ ਪਹਿਲੀ ਜੰਗ ਵਿੱਚ ਸਾਥ ਦੇਣ ਬਦਲੇ ਅਜਾਦ ਕਰ ਦੇਣ ਦਾ ਵਾਅਦਾ ਕੀਤਾ।
ਮਹਾਤਮਾ ਗਾਂਧੀ ਜੋ 1915 ਵਿੱਚ ਦੱਖਣੀ ਅਫ਼ਰੀਕਾ ਤੋਂ ਵਾਪਸ ਆਏ ਸਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਗਰੇਜ਼ਾਂ 'ਤੇ ਭਰੋਸਾ ਕਰਨ ਤੇ ਜੰਗ ਵਿੱਚ ਉਨ੍ਹਾਂ ਦਾ ਸਾਥ ਦੇਣ।
ਬਦਲੇ ਵਿੱਚ ਅੰਗਰੇਜ਼ ਭਾਰਤ ਨੂੰ ਛੱਡ ਜਾਣਗੇ। ਭਾਰਤ ਦੇ ਅਰਥਚਾਰੇ ਦੀ ਇਸ ਜੰਗ ਦੌਰਾਨ ਲਾਏ ਗਏ ਭਾਰੇ ਕਰਾਂ ਨੇ ਰੀੜ੍ਹ ਤੋੜ ਦਿੱਤੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸ਼ਸ਼ੀ ਥਰੂਰ ਆਪਣੀ ਕਿਤਾਬ 'ਐਨ ਇਰਾ ਆਫ਼ ਡਾਰਕਨੈਸ: ਦਿ ਬ੍ਰਿਟੇਸ਼ ਇੰਪਾਇਰ ਇਨ ਇੰਡੀਆ'ਵਿੱਚ ਲਿਖਦੇ ਹਨ ਕਿ ਭਾਰਤ ਉੱਪਰ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਸ ਨੇ ਪਹਿਲੀ ਸਨਅਤੀ ਕ੍ਰਾਂਤੀ ਦੀ ਬਸ ਨਹੀਂ ਫੜੀ। (ਲਾਹਾ ਨਹੀਂ ਲਿਆ)।
ਉਹ ਲਿਖਦੇ ਹਨ ਕਿ ਭਾਰਤ ਉਹ ਬਸ ਨਹੀਂ ਫੜ ਸਕਿਆ ਕਿਉਂਕਿ ਅੰਗਰੇਜ਼ਾਂ ਨੇ ਉਸ ਨੂੰ ਬਸ ਦੇ ਥੱਲੇ ਦੇ ਦਿੱਤਾ ਸੀ।
ਇਤਿਹਾਸ ਤੇ ਸਭਿਆਚਾਰ ਬਾਰੇ ਕਈ ਕਿਤਾਬਾਂ ਦੇ ਲੇਖਕ ਸ਼ਸ਼ੀ ਥਰੂਰ ਮੁਤਾਬਕ ਪਹਿਲੀ ਵਿਸ਼ਵ ਜੰਗ ਵਿੱਚ ਲਗਭਗ 13 ਲੱਖ ਭਾਰਤੀ ਬ੍ਰਿਟੇਨ ਵੱਲੋਂ ਲੜੇ ਜਿਨ੍ਹਾਂ ਵਿੱਚੋਂ 74 ਹਜ਼ਾਰ ਦੀਆਂ ਇਸ ਲੜਾਈ ਵਿੱਚ ਆਪਣੀਆਂ ਜਾਨਾਂ ਗੁਆਈਆਂ।
ਭਾਰਤੀ ਫੌਜੀਆਂ ਦੀ ਉਮੀਦ
ਹਾਲਾਂਕਿ ਜਿਵੇਂ ਇਤਿਹਾਸਕ ਤੱਥ ਹੈ ਕਿ ਅੰਗਰੇਜ਼ਾਂ ਨੇ ਆਪਣਾ ਵਾਅਦਾ ਨਹੀਂ ਵਫ਼ਾ ਨਹੀਂ ਕੀਤਾ।
ਜੇ ਅਜਿਹਾ ਹੋ ਜਾਂਦਾ ਤਾਂ ਸ਼ਾਇਦ ਜੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਕੁਝ ਸਕੂਨ ਮਿਲਦਾ ਕਿ ਦੇਸ਼ ਦੀ ਅਜ਼ਾਦੀ ਵਿੱਚ ਉਨ੍ਹਾਂ ਦਾ ਵੀ ਕੁਝ ਯੋਗਦਾਨ ਹੈ। ਕਿਉਂਕਿ ਬਹੁਤ ਸਾਰੇ ਫੌਜੀ ਭਾਰਤ ਤੋਂ ਇਸ ਲਈ ਵੀ ਗਏ ਸਨ ਕਿ ਜੇ ਅੰਗਰੇਜ਼ ਜੰਗ ਜਿੱਤ ਗਏ ਤਾਂ ਉਹ ਉਨ੍ਹਾਂ ਦਾ ਦੇਸ਼ ਅਜ਼ਾਦ ਕਰ ਦੇਣਗੇ।

ਤਸਵੀਰ ਸਰੋਤ, Mirrorpix
ਪਹਿਲੇ ਯੁੱਧ ਵਿੱਚ ਪੰਜਾਬੀ
ਉਸ ਸਮੇਂ ਪੂਰਬੀ ਤੇ ਪੱਛਮੀ ਪੰਜਾਬ ਇੱਕ ਸਨ। ਪਹਿਲੇ ਵਿਸ਼ਵ ਯੁੱਧ ਦੌਰਾਨ ਪੰਜਾਬ ਨੇ ਹਰ ਪੱਖੋਂ ਬ੍ਰਿਟੇਨ ਦਾ ਬਹੁਤ ਸਾਥ ਦਿੱਤਾ। ਪੰਜਾਬੀ ਫੌਜੀ ਸਾਰੇ ਵੱਡੇ ਮੋਰਚਿਆਂ ’ਤੇ ਬ੍ਰਿਟੇਨ ਦੀ ਤਰਫ਼ੋਂ ਲੜੇ।
ਪੰਜਾਬੀ ਫ਼ੌਜੀ ਜਿਸ ਬਹਾਦਰੀ ਨਾਲ ਇਸ ਲੜਾਈ ਵਿੱਚ ਆਪਣਾ ਫੌਜੀ ਧਰਮ ਨਿਭਾਉਂਦੇ ਹੋਏ ਬ੍ਰਿਟੇਨ ਤੇ ਮਿੱਤਰ ਦੇਸ਼ਾਂ ਲਈ ਲੜੇ ਉਸ ਦੀ ਸਾਂਝੀਆਂ ਫੌਜਾਂ ਦੀ ਜਿੱਤ ਵਿੱਚ ਵੱਡੀ ਭੂਮਿਕਾ ਸੀ।
ਮੌਜੂਦਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 150 ਕਿੱਲੋਮੀਟਰ ਦੂਰ ਦੁਲਮੇਲ ਪਿੰਡ ਤੋਂ ਇਸ ਯੁੱਧ ਵਿੱਚ 460 ਫ਼ੌਜੀ ਗਏ ਸਨ। ਇੱਥੋਂ ਦੇ ਫੌਜੀਆਂ ਨੂੰ ਤਹਿਰਾਨ, ਈਰਾਨ ਤੋਂ ਲੈ ਕੇ ਬਸਰਾ (ਇਰਾਕ) ਤੱਕ ਲੜਨ ਲਈ ਭੇਜਿਆ ਗਿਆ।

ਤਸਵੀਰ ਸਰੋਤ, Getty Images
ਪੰਜਾਬ ਦੇ ਨਜ਼ਰੀਏ ਤੋਂ ਪਹਿਲਾ ਵਿਸ਼ਵ ਯੁੱਧ
ਪੰਜਾਬ 'ਚ ਪਹਿਲੇ ਵਿਸ਼ਵ ਯੁੱਧ ਨੂੰ 'ਲਾਮ' ਜਾਂ ਲੰਬੀ ਲੜਾਈ ਕਿਹਾ ਗਿਆ। ਭਾਰਤ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਆਮ ਆਦਮੀ ਦੀ ਲੜਾਈ ਸੀ, ਜੋ ਸਿਰਫ਼ 15 ਰੁਪਏ ਮਹੀਨੇ ਲਈ ਆਪਣਾ ਘਰ-ਪਰਿਵਾਰ ਛੱਡ ਕੇ ਵਿਦੇਸ਼ ਲੜਨ ਗਏ ਸਨ।
ਇਨ੍ਹਾਂ ਫ਼ੌਜੀਆਂ ਤੋਂ ਇਲਾਵਾ ਇਸ ਲੜਾਈ 'ਚ ਭਾਰਤ ਤੋਂ ਹਜ਼ਾਰਾਂ ਧੋਬੀ, ਖ਼ਾਨਸਾਮੇ, ਨਾਈ ਅਤੇ ਮਜ਼ਦੂਰ ਵੀ ਫਰੰਟ 'ਤੇ ਗਏ ਸਨ।
ਇਸ ਤੋਂ ਇਲਾਵਾ ਭਾਰਤ ਨੇ ਅੱਠ ਕਰੋੜ ਪਾਉਂਡ ਦੇ ਉਪਕਰਨ ਅਤੇ ਸਾਢੇ 14 ਕਰੋੜ ਪਾਉਂਡ ਦੀ ਸਿੱਧੀ ਆਰਥਿਕ ਸਹਾਇਤਾ ਵੀ ਜੰਗੀ ਕਾਰਜਾਂ ਦੇ ਲਈ ਦਿੱਤੀ।
ਯੂਕੇ ਦੇ ਸਮੈਥਕ ਸ਼ਹਿਰ 'ਚ ਇੱਕ ਸਿੱਖ ਫੌਜੀ ਦਾ 10 ਫੁੱਟ ਉੱਚਾ ਬੁੱਤ
ਨਵੰਬਰ 2018 ਵਿੱਚ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ਮੌਕੇ ਯੂਕੇ ਦੇ ਸਮੈਥਕ ਸ਼ਹਿਰ 'ਚ ਇੱਕ ਸਿੱਖ ਫੌਜੀ ਦੇ 10 ਫੁੱਟ ਉੱਚਾ ਬੁੱਤ ਦੇ ਉਦਘਾਟਨ ਕੀਤਾ ਗਿਆ ।

ਤਸਵੀਰ ਸਰੋਤ, SANDWELL COUNCIL
ਤਾਂਬੇ ਦਾ ਬਣਿਆ ਇਹ ਬੁੱਤ ਪਹਿਲੇ ਵਿਸ਼ਵ ਯੁੱਧ ਵਿੱਚ ਅਤੇ ਹੋਰ ਸੰਘਰਸ਼ਾਂ ਦੌਰਾਨ ਬ੍ਰਿਟੇਨ ਲਈ ਲੜਨ ਵਾਲੇ ਭਾਰਤ ਦੇ ਸਾਰੇ ਧਰਮਾਂ ਦੇ ਲੋਕਾਂ ਦੀ ਯਾਦ ਨੂੰ ਸਮਰਪਿਤ ਹੈ।
'ਲਾਇਨਸ ਆਫ ਦਾ ਗ੍ਰੇਟ ਵਾਰ' ਬੁੱਤ ਦੇ ਉਦਘਾਟਨ ਮੌਕੇ ਇੱਕ ਪਰੇਡ ਵੀ ਕੱਢੀ ਗਈ।
ਇਸ ਮੌਕੇ ਸਿਅਸਤਾਦਾਨ ਪ੍ਰੀਤ ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਦੀ ਗਿਣਤੀ ਬ੍ਰਿਟਿਸ਼ ਭਾਰਤੀ ਫੌਜ ਦੇ ਕਰੀਬ 5ਵਾਂ ਹਿੱਸੇ ਤੋਂ ਵੀ ਵੱਧ ਸੀ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਟਿਰਗਿਸ ਦਰਿਆ ਕਿਨਾਰੇ ਸਿੱਖ ਫੌਜੀ
ਤੁਰਕੀ ਵਿੱਚ ਟਿਗਰਿਸ ਨਦੀ ਦਾ ਪਾਣੀ ਕਿਨਾਰਿਆਂ ਤੋਂ ਉੱਤੇ ਵਹਿ ਰਿਹਾ ਸੀ। ਕੋਤਲਆਰਾ 'ਚ 6 ਇੰਡੀਅਨ ਡਿਵੀਜ਼ਨ ਘੇਰੇ 'ਚ ਆ ਗਈ ਸੀ।
ਘਿਰੇ ਹੋਏ ਸਿਪਾਹੀ ਜ਼ਿੰਦਾ ਰਹਿਣ ਲਈ ਘੋੜਿਆਂ ਨੂੰ ਮਾਰ ਕੇ ਖਾ ਰਹੇ ਸਨ, ਭੁੱਖ ਤੋਂ ਬਚਣ ਲਈ ਘਾਹ ਉਬਾਲੀ ਜਾ ਰਹੀ ਸੀ।
53ਵੀਂ ਸਿੱਖ ਬਟਾਲੀਅਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਇਸ ਘੇਰੇ ਨੂੰ ਤੋੜੇ। ਉਨ੍ਹਾਂ ਸਾਹਮਣੇ 2000 ਗਜ ਦਾ ਫ਼ਾਸਲਾ ਸੀ, ਜੋ ਸਾਫ਼ ਮੈਦਾਨ ਸੀ। ਕਵਰ ਲੈਣ ਲਈ ਕੋਈ ਦਰਖ਼ਤ ਤੱਕ ਨਹੀਂ ਸੀ।

ਤਸਵੀਰ ਸਰੋਤ, Getty Images
ਜ਼ਹਿਰੀਲੀ ਗੈਸ ਨੇ ਮੈਦਾਨ ਲਾਸ਼ਾਂ ਨਾਲ ਭਰ ਦਿੱਤਾ
ਇਸ ਲੜਾਈ 'ਚ ਭਾਰਤੀ ਫ਼ੌਜੀਆਂ ਦੇ ਖ਼ਿਲਾਫ਼ ਜਰਮਨੀ ਨੇ ਪਹਿਲੀ ਵਾਰ ਜ਼ਹਿਰੀਲੀ ਗੈਸ ਦੀ ਵਰਤੋਂ ਕੀਤੀ ਜੋ ਉਨ੍ਹਾਂ ਲਈ ਬਹੁਤ ਨਵਾਂ ਅਨੁਭਵ ਸੀ।
ਫ਼ਲੈਂਡਰਸ ਦੇ ਫ਼ੀਲ਼ ਮਿਊਜ਼ੀਅਮ 'ਚ ਇੱਕ ਤਸਵੀਰ ਹੈ ਜਿਸ 'ਚ ਇਸ ਗੈਸ ਦੇ ਅਸਰ ਨੂੰ ਦਿਖਾਇਆ ਗਿਆ।
ਮੈਦਾਨ 'ਚ ਚਾਰੇ ਪਾਸੇ ਲਾਸ਼ਾਂ ਪਈਆਂ ਸਨ। ਇਸ ਲੜਾਈ 'ਚ 47 ਸਿੱਖ ਰੇਜੀਮੇਂਟ ਦੇ 78 ਫ਼ੀਸਦੀ ਫ਼ੌਜੀ ਮਾਰੇ ਗਏ ਸਨ।

ਤਸਵੀਰ ਸਰੋਤ, Getty Images
ਲਾਸ਼ਾ ’ਤੇ ਸੌਂਣਾ ਪੈਂਦਾ ਸੀ
ਭਾਰਤੀ ਫੌਜੀਆਂ ਦੇ ਲੜਾਈ ਵਾਲੀ ਥਾਂ ਤੋਂ ਭੇਜੀਆਂ ਗਈਆਂ ਚਿੱਠੀਆਂ ਨੂੰ ਪੜ੍ਹਣ ਨਾਲ ਜੋ ਚੀਜ਼ ਜ਼ਹਿਨ 'ਚ ਆਉਂਦੀ ਹੈ ਉਹ ਹੈ ਖ਼ਤਰਨਾਕ ਹਾਲਾਤ ਅਤੇ ਚਾਰੇ ਪਾਸੇ ਹੋ ਰਹੀ ਬਰਬਾਦੀ ਦਾ ਸਜੀਵ ਚਿਤਰਨ।
ਰਾਈਫ਼ਲਮੈਨ ਅਮਰ ਸਿੰਘ ਰਾਵਤ ਨੇ ਫਰਾਂਸ ਦੇ ਮੋਰਚੇ ਤੋਂ ਆਪਣੇ ਦੋਸਤ ਨੂੰ ਲਿਖਿਆ, ''ਧਰਤੀ ਮਰੇ ਹੋਏ ਲੋਕਾਂ ਨਾਲ ਭਰ ਗਈ ਹੈ, ਕੋਈ ਵੀ ਥਾਂ ਖਾਲੀ ਨਹੀਂ ਬਚੀ ਹੈ। ਅੱਗੇ ਵਧਣ ਲਈ ਲਾਸ਼ਾਂ ਦੇ ਉੱਪਰੋਂ ਹੋ ਕੇ ਜਾਣਾ ਹੁੰਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਉੱਪਰ ਸੌਂਣਾ ਵੀ ਹੁੰਦਾ ਹੈ ਕਿਉਂਕਿ ਕੋਈ ਖਾਲੀ ਥਾਂ ਬਚੀ ਹੀ ਨਹੀਂ ਹੈ।''
ਅਫ਼ਰੀਕਾ ਅਤੇ ਯੂਰਪ 'ਚ ਲੜਦੇ ਹੋਏ ਇਨ੍ਹਾਂ ਭਾਰਤੀ ਫ਼ੌਜੀਆਂ ਨੂੰ ਅਕਸਰ ਅਜਿਹੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਸੀ ਜਿਸ ਦਾ ਅਨੁਭਵ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ:
ਵੀਡੀਓ: ਸਾਰਾਗੜ੍ਹੀ ਦੀ ਲੜਾਈ ਵਿੱਚ ਕੀ ਹੋਇਆ ਸੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਵੀਡੀਓ: ਇਮਰਾਨ ਖ਼ਾਨ ਨੇ ਮੋਦੀ ਨੂੰ ਹਿਟਲਰ ਕਿਉਂ ਕਿਹਾ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5
ਵੀਡੀਓ: ਮਸੀਤ ਵਿੱਚ ਹੋਇਆ ਹਿੰਦੂ ਰਸਮਾਂ ਨਾਲ ਵਿਆਹ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 6















