'ਇੰਝ ਲਗਦਾ ਹੈ ਹਰ ਪਲ ਅਸੀਂ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਹਾਂ, ਸ਼ਾਇਦ ਕੱਲ੍ਹ ਮੇਰੀ ਵਾਰੀ ਹੈ'

ਜਦੋਂ ਤਾਲਿਬਾਨ ਨੇ ਅਗਸਤ ਵਿੱਚ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ ਤਾਂ ਨਿਆਂ ਪ੍ਰਣਾਲੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਜਿੰਦਗੀ ਰਾਤੋਂ-ਰਾਤ ਬਦਲ ਗਈ।

ਕੱਟੜਪੰਥੀਆਂ ਨੇ ਦੇਸ਼ ਦੀਆਂ ਜੇਲ੍ਹਾਂ ਨੂੰ ਖੋਲ੍ਹ ਦਿੱਤਾ ਸੀ ਅਤੇ ਇਸ ਵਿੱਚ ਕੈਦ ਸਜ਼ਾਯਾਫਤਾ ਉਹ ਲੋਕ ਵੀ ਆਜ਼ਾਦ ਹੋ ਗਏ ਜਿਨ੍ਹਾਂ ਨੂੰ ਕਦੇ ਮਹਿਲਾ ਜੱਜਾਂ ਨੇ ਸਜ਼ਾਵਾਂ ਦਿੱਤੀਆਂ ਸਨ।

ਤਾਲਿਬਾਨ ਵੱਲੋਂ ਸਰਕਾਰੀ ਕਰਮੀਆਂ ਲਈ ਆਮ ਮੁਆਫ਼ੀ ਦੇ ਬਾਵਜੂਦ ਵੀ ਕੌਮਾਂਤਰੀ ਅਧਿਕਾਰ ਸਮੂਹਾਂ ਨੇ ਦੇਖਿਆ ਹੈ ਕਿ ਕਤਲ ਕਰਨ ਅਤੇ ਅਗਵਾ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਕਈ ਵਕੀਲ, ਜੱਜ ਅਤੇ ਸਰਕਾਰੀ ਵਕੀਲ, ਜੋ ਕਦੇ ਕਾਨੂੰਨ ਦੇ ਰਖਵਾਲੇ ਸਨ ਉਹ ਕਿਧਰੇ ਲੁਕ ਗਏ ਅਤੇ ਕਈਆਂ ਨੂੰ ਬਾਹਰ ਕੱਢ ਲਿਆ ਗਿਆ।

ਬੀਬੀਸੀ 100 ਵੂਮੈੱਨ 'ਅਰਜੈਂਟ ਲੇਟਰ ਫਰਾਮ ਆਫ਼ਗਾਨਿਸਤਾਨ' ਸੀਰੀਜ਼ ਦੇ ਹਿੱਸੇ ਵਜੋਂ ਬ੍ਰਿਟੇਨ ਦੀ ਵਕੀਲ ਬਾਰੋਨੈੱਸ ਹੇਲੇਨਾ ਕੈਨੇਡੀ ਕਿਊਸੀ ਮਾਸੂਮਾ (ਬਦਲਿਆ ਹੋਇਆ ਨਾਮ) ਕੋਲੋਂ ਉਨ੍ਹਾਂ ਦਾ ਦਰਦ ਸੁਣਦੀ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਵਿੱਚ ਔਰਤਾਂ ਦੇ ਭਵਿੱਖ ਲਈ ਆਪਣੇ ਡਰ ਬਾਰੇ ਲਿਖਿਆ ਹੈ।

ਮਾਸੂਮਾ ਅਫ਼ਗਾਨਿਸਤਾਨ ਵਿੱਚ ਇੱਕ ਸਾਬਕਾ ਵਕੀਲ ਹਨ। ਸੁਰੱਖਿਆ ਦੇ ਮੱਦੇਨਜ਼ਰ ਅਸੀਂ ਉਨ੍ਹਾਂ ਦਾ ਅਸਲ ਨਾਮ ਉਜਾਗਰ ਨਹੀਂ ਕਰ ਰਹੇ ਹਾਂ।

ਮਾਸੂਮਾ ਸਬੂਤ ਇਕੱਠੇ ਕਰਨ ਅਤੇ ਕਾਨੂੰਨੀ ਕੇਸ ਬਣਾਉਣ ਲਈ ਕੰਮ ਕਰਦੇ ਹਨ।

ਲਾਅ ਗ੍ਰੇਜੂਏਟ ਮਾਸੂਮਾ ਅਫ਼ਗਾਨਿਸਤਾਨ ਵਿੱਚ 20 ਸਾਲਾਂ ਵਿੱਚ ਸਿੱਖਿਅਤ ਹੋਣ ਵਾਲੀਆਂ ਕਈ ਔਰਤਾਂ ਵਿੱਚੋਂ ਇੱਕ ਸਨ।

ਉਨ੍ਹਾਂ ਨੇ ਅਟਾਰਨੀ ਜਨਰਲ ਦੇ ਦਫ਼ਤਰ ਵਿੱਚ ਪੰਜ ਸਾਲ ਤੋਂ ਵੱਧ ਸਮੇਂ ਲਈ ਕੰਮ ਕੀਤਾ ਅਤੇ ਲੋਕਾਂ ਲਈ ਕੰਮ ਕਰਨ ਕਰਕੇ ਮਾਣ ਮਹਿਸੂਸ ਕਰਦੇ ਹਨ।

ਇਹ ਉਨ੍ਹਾਂ ਕਈ ਔਰਤਾਂ ਵਿੱਚੋਂ ਵੀ ਇੱਕ ਹਨ ਜੋ ਅੱਜ ਕੱਲ੍ਹ ਲੁਕੀਆਂ ਹੋਈਆਂ ਹਨ।

ਡੀਅਰ ਹੇਲੇਨਾ

ਮੈਂ ਹਰ ਰੋਜ਼ ਹੋਣ ਵਾਲੀ ਸਵੇਰ ਵਾਂਗ ਹੀ ਮਹਿਸੂਸ ਕੀਤਾ ਪਰ ਉਸ ਦਿਨ ਮੈਂ ਆਪਣੇ ਕੰਮ 'ਤੇ ਜਾਣ ਵਾਲੇ ਰਸਤੇ 'ਤੇ ਦੇਖਿਆ ਕਿ ਲੋਕ ਮੇਰੇ ਵੱਲ ਨਾਲ ਭੱਜੇ ਆ ਰਹੇ ਹਨ।

ਮੈਂ ਇੱਕ ਨੌਜਵਾਨ ਨੂੰ ਪੁੱਛਿਆ ਕਿ ਕੀ ਹੋਇਆ ਹੈ ਅਤੇ ਉਸ ਨੇ ਕਿਹਾ, "ਭੈਣ, ਅੱਜ ਕੰਮ 'ਤੇ ਨਾ ਜਾਓ। ਤਾਲਿਬਾਨ ਕਾਬੁਲ ਵਿੱਚ ਦਾਖ਼ਲ ਹੋ ਗਏ ਹਨ।"

ਇਹ ਵੀ ਪੜ੍ਹੋ-

ਮੈਂ ਸੁੰਨ ਹੋ ਗਈ। ਉਸ ਪਲ ਵਿੱਚ ਮੇਰੇ ਸਾਰੇ ਸੁਪਨੇ ਅਤੇ ਆਸਾਂ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੇ, ਜਿਵੇਂ ਮੈਂ ਆਪਣੇ ਭਵਿੱਖ ਬਾਰੇ ਕੋਈ ਫਿਲਮ ਦੇਖ ਰਹੀ ਹੋਵਾਂ।

ਮੈਂ ਵਾਪਸ ਮੁੜੀ ਅਤੇ ਆਪਣੇ ਹੋਰਨਾਂ ਸਾਥੀਆਂ ਸਣੇ ਘਰ ਵਾਪਸ ਆ ਗਈ। ਤੁਰਦਿਆਂ ਹੋਇਆਂ ਮੇਰੇ ਜ਼ਿਹਨ ਵਿੱਚ ਸੋਚਾਂ ਦਾ ਦਰਿਆ ਵਹਿ ਰਿਹਾ ਸੀ, ਕੀ ਇਸ ਦਾ ਮਤਲਬ ਔਰਤਾਂ ਦੀਆਂ ਉਪਲਬਧੀਆਂ ਅਤੇ ਸੰਘਰਸ਼ ਪਲਕ ਝਮਕਦਿਆਂ ਹੀ ਖ਼ਤਮ ਹੋ ਗਏ?

ਮੇਰੇ ਦਿਮਾਗ਼ ਵਿੱਚ ਲਗਾਤਾਰ ਸਵਾਲ ਦੌੜ ਰਹੇ ਸਨ, ਕੀ ਮੇਰੇ ਕੋਲ ਹੁਣ ਹੋਰ ਕੰਮ ਕਰਨਾ ਦਾ ਅਧਿਕਾਰ ਨਹੀਂ ਰਿਹਾ? ਕੀ ਮੈਨੂੰ ਹੁਣ ਘਰੇ ਹੀ ਰਹਿਣਾ ਹੋਵੇਗਾ? ਮੇਰੇ ਸਾਥੀਆਂ ਦਾ ਕੀ, ਜੋ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਦਾ ਜ਼ਰੀਆ ਹਨ?

ਮੈਨੂੰ ਮਾਣ ਹੈ ਕਿ ਮੈਂ ਇੱਕ ਸਰਕਾਰੀ ਵਕੀਲ ਵਜੋਂ ਨਿਆਂਪਾਲਿਕਾ ਵਿੱਚ ਕੰਮ ਕੀਤਾ। ਮੈਂ ਹਮੇਸ਼ਾ ਆਪਣੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ।

ਹੁਣ ਮੈਂ ਉਸ ਕੰਮ 'ਤੇ ਵਾਪਸ ਨਹੀਂ ਜਾ ਸਕਦੀ, ਜਿਸ ਨੂੰ ਮੈਂ ਪਿਆਰ ਕਰਦੀ ਹਾਂ। ਸ਼ਾਸਨ ਬਦਲਣ ਨਾਲ ਅਫ਼ਾਗਨਿਸਤਾਨ ਵਿੱਚ ਔਰਤਾਂ ਦੇ ਸੁਨਹਿਰੇ ਭਵਿੱਖ ਦੀ ਕੋਈ ਆਸ ਨਹੀਂ ਬਚੀ।

ਜੋ ਸਾਥੀ ਨਿਆਂਪਾਲਿਕਾ ਅਤੇ ਅਟਾਰਨੀ ਦਫ਼ਤਰ ਵਿੱਚ ਵਿੱਚ ਕੰਮ ਕਰਦੇ ਸਨ, ਉਹ ਮੁਲਕ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।

ਇੰਝ ਲਗਦਾ ਹੈ ਹਰ ਪਲ ਅਸੀਂ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਹਾਂ, ਸ਼ਾਇਦ ਕੱਲ੍ਹ ਮੇਰੀ ਵਾਰੀ ਹੈ।

ਔਰਤਾਂ ਅਤੇ ਕੁੜੀਆਂ ਵਿਸ਼ਵ ਦੀ ਅੱਧੀ ਆਬਾਦੀ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਜੇ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਔਰਤਾਂ ਪੁਰਸ਼ਾਂ ਵਾਂਗ ਹੀ ਆਪਣੇ ਦੇਸ਼ ਅਤੇ ਲੋਕਾਂ ਦੀ ਸੇਵਾ ਕਰ ਸਕਦੀਆਂ ਹਨ।

ਨਿਆਂਪਾਲਿਕਾ ਵਿੱਚ ਅਸੀਂ ਕੌਮੀ ਜਾਇਦਾਦ ਵਾਂਗ ਸੀ ਅਤੇ ਪਿਛਲੇ 20 ਸਾਲਾਂ ਵਿੱਚ ਅਫ਼ਗਾਨ ਔਰਤਾਂ ਜੋ ਸਿੱਖਿਆ ਅਤੇ ਗਿਆਨ ਹਾਸਿਲ ਕੀਤਾ, ਉਸ ਦੀ ਚੰਗੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਕੌਮਾਂਤਰੀ ਭਾਈਚਾਰੇ ਨੂੰ ਔਰਤਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਾਡਾ ਸਮਰਥਨ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਇਤਿਹਾਸ ਦੇ ਪੀੜਤ ਨਾ ਬਣ ਕੇ ਜਾਈਏ।

ਇੱਕ ਅਫ਼ਗਾਨ ਹੋਣ ਦੇ ਨਾਤੇ, ਮੈਂ ਇਹ ਕਹਾਂਗੀ ਕਿ ਜਦੋਂ ਨਸਲ, ਭਾਸ਼ਾ, ਧਰਮ ਅਤੇ ਲਿੰਗ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਵੇਗਾ ਤਾਂ ਹੀ ਅਸੀਂ ਅੱਗੇ ਵਧਾਂਗੇ।

ਤੁਹਾਡਾ ਸ਼ੁਭਚਿੰਤਕ,

ਮਾਸੂਮਾ

ਬਾਰੋਨੈੱਸ ਹੇਲੇਨਾ ਕੈਨੇਡੀ ਕਿਊਸੀ 40 ਸਾਲਾਂ ਤੋਂ ਕ੍ਰਿਮੀਨਲ ਲਾਅ ਦਾ ਅਭਿਆਸ ਕਰ ਰਹੇ ਹਨ।

ਉਹ ਕੌਮਾਂਤਰੀ ਬਾਰ ਐਸੋਸੀਏਸ਼ਨ ਦੇ ਹਿਊਮੈਨ ਰਾਈਟਸ ਇੰਸਟੀਚਿਊਟ ਦੀ ਡਾਇਰੈਕਰ ਵੀ ਹਨ।

#EvacuateHer ਮੁੰਹਿਮ ਦੇ ਹਿੱਸੇ ਵਜੋਂ, ਉਨ੍ਹਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਜਿਸ ਵਿੱਚ ਯੂਕੇ ਸਰਕਾਰ ਨੂੰ ਅਫ਼ਗਾਨ ਜੱਜਾਂ ਅਤੇ ਵਕੀਲਾਂ ਨੂੰ ਖ਼ਤਰੇ ਦੀ ਘੜੀ 'ਚ ਪਨਾਹ ਦੇਣ ਲਈ ਆਖਿਆ ਹੈ।

"ਪਿਆਰੀ ਭਾਬੀ",

ਭਾਬੀ ਅਸੀਂ ਆਪਣੇ ਭਰਾ ਦੀ ਪਤਨੀ ਨੂੰ ਕਹਿੰਦੇ ਹਾਂ ਪਰ ਮੇਰੇ ਲਈ ਸਨੇਹ ਭਰੇ ਬੰਧਨ ਦਾ ਖ਼ਾਸ ਵਰਣਨ ਹੈ, ਜੋ ਮੈਂ ਉਨ੍ਹਾਂ ਲੋਕਾਂ ਲਈ ਮਹਿਸੂਸ ਕਰਦੀ ਹਾਂ ਜੋ ਮੇਰੇ ਪੇਸ਼ੇ ਵਿੱਚ ਹਨ।

ਸਾਡੇ ਮਨੁੱਖੀ ਅਧਿਕਾਰ ਉਦੋਂ ਤੱਕ ਬੇਮਾਅਨੇ ਹਨ, ਜਦੋਂ ਤੱਕ ਸਾਡੇ ਮਾਮਲਿਆਂ 'ਤੇ ਬਹਿਸ ਕਰਨ ਲਈ ਕੋਈ ਵਕੀਲ ਨਾ ਹੋਵੇ ਅਤੇ ਆਜ਼ਾਦ ਜੱਜ, ਜਿਸ ਵਿੱਚ ਔਰਤਾਂ ਅਤੇ ਪੁਰਸ਼ ਦੋਵੇਂ, ਉਨ੍ਹਾਂ ਦੀ ਜਾਂਚ ਕਰਨ।

ਨਿਆਂ ਇੱਕ ਮੌਲਿਕ ਕਦਰਾਂ-ਕਮੀਤਾਂ ਵਿੱਚੋਂ ਇੱਕ ਹੈ, ਫਿਰ ਵੀ ਕੱਟੜਪੰਥੀ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅਫ਼ਗਾਨਿਸਤਾਨ ਦੀਆਂ ਔਰਤ ਵਕੀਲਾਂ ਅਤੇ ਜੱਜ ਮੇਰੀਆਂ ਭੈਣਾਂ ਹਨ। ਉਨ੍ਹਾਂ ਨੂੰ ਇਸ ਕੰਮ ਨਾਲ ਪਿਆਰ ਹੈ, ਜਿਵੇਂ ਕਿ ਮੈਨੂੰ ਅਤੇ ਉਹ ਜਾਣਦੇ ਹਨ ਕਿ ਕਾਨੂੰਨ ਇੱਕ ਨਿਆਂਪੂਰਨ ਸਮਾਜ ਅਤੇ ਸਮਾਜਿਕ ਤਬਦੀਲੀ ਲਈ ਮਹੱਤਵਪੂਰਨ ਹੈ।

ਵੱਡੇ ਸਮਾਜ ਨੂੰ ਇੱਕ ਸੰਦੇਸ਼ ਦੇਣਾ ਕਿ ਕੀ ਸਵੀਕਾਰਨਯੋਗ ਹੈ ਅਤੇ ਕੀ ਨਹੀਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਜਾਣਦੇ ਹਨ ਕਿ ਜੇਕਰ ਔਰਤਾਂ ਨੂੰ ਵਿਆਹ ਲਈ ਮਜਬੂਰ ਕੀਤਾ ਜਾਵੇ, ਪੜ੍ਹਾਈ ਤੋਂ ਵਰਜਿਆ ਜਾਵੇ, ਜੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਸਮਝਿਆ ਜਾਵੇ, ਜੇ ਉਨ੍ਹਾਂ ਨਾਲ ਤਸ਼ੱਦਦ ਹੋਵੇ ਅਤੇ ਹਰ ਕਿਸਮ ਦੇ ਮਾੜੇ ਵਤੀਰੇ ਦਾ ਤਜਰਬਾ ਰੱਖਦੀਆਂ ਹੋਣ ਤਾਂ ਉਹ ਕਦੇ ਵੀ ਪੂਰਨ ਜੀਵਨ ਦਾ ਆਨੰਦ ਨਹੀਂ ਮਾਣ ਸਕਦੀਆਂ।

ਮੈਂ ਆਪਣੇ ਦੇਸ਼ ਦੀਆਂ ਅਦਾਲਤਾਂ ਵਿੱਚ ਔਰਤਾਂ ਲਈ ਲੜਦੀ ਹਾਂ ਅਤੇ ਮੈਂ ਆਪਣੀ ਸੰਸਦ ਵਿੱਚ ਔਰਤਾਂ ਅਤੇ ਬੱਚਿਆਂ ਲਈ ਕਾਨੂੰਨ ਸੁਧਾਰਕ ਵਜੋਂ ਕੰਮ ਕਰਦੀ ਹਾਂ।

ਹੁਣ, ਮੇਰਾ ਬਹੁਤ ਸਾਰਾ ਕੰਮ ਕੌਮਾਂਤਰੀ ਖੇਤਰ ਵਿੱਚ ਹੈ। ਮੈਂ ਉਦੋਂ ਰੋਈ ਜਦੋਂ ਕੱਟੜਪੰਥੀਆਂ ਨੇ ਜਨਵਰੀ ਵਿੱਚ ਸੁਪਰੀਮ ਕੋਰਟ ਦੀਆਂ ਮਹਿਲਾ ਜੱਜਾਂ ਦਾ ਕਤਲ ਕਰ ਦਿੱਤਾ।

ਇਹ ਚਿਤਾਵਨੀ ਸੀ ਅਤੇ ਭਵਿੱਖਵਾਣੀ ਕਿ ਅੱਗੇ ਕੀ ਹੋਣ ਵਾਲਾ ਹੈ।

ਜਦੋਂ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕੀਤਾ ਤਾਂ ਮੈਂ ਜਾਣਦੀ ਸੀ ਔਰਤਾਂ ਖ਼ਿਲਾਫ਼ ਯੁੱਧ ਦਾ ਆਗਾਜ਼, ਸਿਰਫ਼ ਉਨ੍ਹਾਂ ਔਰਤਾਂ ਦੇ ਸਾਹਸੀ ਹੋਣ ਕਰਕੇ ਕੀਤਾ ਜਾਵੇਗਾ, ਜੋ ਪੁਰਸ਼ਾਂ ਬਾਰੇ ਫ਼ੈਸਲੇ ਕਰ ਸਕਦੀਆਂ ਹਨ, ਜਨਤਕ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਜੋ ਅਧੀਨ ਰਹਿਣ ਲਈ ਤਿਆਰ ਨਹੀਂ ਹੋ ਸਕਦੀਆਂ।

ਫਿਰ ਮੈਨੂੰ ਤੁਹਾਡੇ ਵਿੱਚੋਂ ਕੁਝ ਲੋਕਾਂ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ।

ਮੈਨੂੰ ਮਹਿਲਾ ਜੱਜਾਂ, ਵਕੀਲਾਂ ਅਤੇ ਨੌਜਵਾਨ ਔਰਤਾਂ ਦੇ ਅਧਿਕਾਰਾਂ ਦੇ ਕਾਰਕੁਨਾਂ ਤੋਂ ਸੰਦੇਸ਼ ਮਿਲੇ ਅਤੇ ਮੇਰਾ ਦਿਲ ਛੱਲੀ ਹੋ ਗਿਆ।

ਮੈਂ ਉਨ੍ਹਾਂ ਦੀ ਦਹਿਸ਼ਤ ਸੁਣੀ, ਤੁਹਾਡੀ ਦਹਿਸ਼ਤ ਸੁਣੀ।

ਮੈਂ ਸੁਰੱਖਿਅਤ ਘਰਾਂ, ਸੁਰੱਖਿਅਤ ਆਵਾਜਾਈ ਬਾਰੇ ਸਿੱਖਣ ਦੀ ਕਾਹਲੀ ਕੀਤੀ।

ਚਾਰਟਰਿੰਗ ਪਲੇਨ: ਅੰਡਰਕਵਰ ਆਪਰੇਸ਼ਨਾਂ ਦੀ ਨਵੀਂ ਦੁਨੀਆਂ। ਮੈਂ ਬਸ ਉਨ੍ਹਾਂ ਨੂੰ ਨੁਕਸਾਨ ਦੇ ਰਾਹ ਤੋਂ ਦੂਰ ਕਰਨਾ ਚਾਹੁੰਦਾ ਸੀ।

ਹਿਊਮਨ ਰਾਈਟਸ ਇੰਸਟੀਚਿਊਟ ਵਿੱਚ ਆਪਣੇ ਸਾਥੀਆਂ ਦੇ ਨਾਲ ਅਸੀਂ ਆਪਣੀਆਂ ਭਾਬੀਆਂ ਨੂੰ ਕੱਢਣਾ ਆਪਣਾ ਮਿਸ਼ਨ ਬਣਾਇਆ।

ਅਫ਼ਗਾਨਿਸਤਾਨ ਦੇ ਪਿਆਰੇ ਸਾਥਿਓਂ, ਪਿਆਰੀ ਮਾਸੂਮਾ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਦੁਨੀਆਂ ਵਿੱਚ ਕਾਨੂੰਨ ਨਾਲ ਸਬੰਧਤ ਮਰਦ ਅਤੇ ਔਰਤਾਂ ਤੁਹਾਡੇ ਨਾਲ ਹਨ।

ਅਸੀਂ ਤੁਹਾਨੂੰ ਬਾਹਰ ਕੱਢਣ ਦੇ ਯਤਨਾਂ ਲਈ ਪੈਸਾ ਇਕੱਠਾ ਕਰ ਰਹੇ ਹਾਂ। ਅਸੀਂ ਆਪਣੀਆਂ ਸਰਕਾਰਾਂ 'ਤੇ ਤੁਹਾਨੂੰ ਵੀਜ਼ਾ ਦੇਣ ਲਈ ਦਬਾਅ ਬਣਾ ਰਹੇ ਹਾਂ।

ਤੁਸੀਂ ਸਾਡੇ ਲਈ ਇੱਕ ਅਜਿਹੀ ਦੁਨੀਆਂ ਲਈ ਸਾਡੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦੇ ਹੋ ਜਿੱਥੇ ਮਰਦ ਅਤੇ ਔਰਤ ਆਜ਼ਾਦੀ ਅਤੇ ਸਮਾਨਤਾ ਵਿੱਚ, ਮਾਣ ਅਤੇ ਆਪਸੀ ਸਨਮਾਨ ਨਾਲ ਰਹਿ ਸਕਦੇ ਹਨ।

ਅਸੀਂ ਤੁਹਾਡੇ ਸਾਹਸ ਨੂੰ ਗਲੇ ਲਗਾਉਂਦੇ ਹਾਂ ਅਤੇ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ।

ਬਾਰੋਨੈੱਸ ਹੇਲੇਨਾ ਕੈਨੇਡੀ ਕਿਊਸੀ।

ਇਹ ਜੌਰਜੀਨਾ ਪੀਅਰਸ, ਲਾਰਾ ਓਵੇਨ, ਕਾਵੂਨ ਖਾਮੂਸ਼, ਜ਼ੁਹਲ ਅਹਦ, ਮਹਿਫੂਜ਼ ਜ਼ੁਬੈਦੇ ਦੁਆਰਾ ਨਿਰਮਿਤ ਅਤੇ ਵੈਲੇਰੀਆ ਪੇਰਾਸੋ ਦੁਆਰਾ ਸੰਪਾਦਿਤ ਹੈ।

ਇਲਸਟ੍ਰੇਸ਼ਨ-ਜਿਲਾ ਦਸਤਮਾਲਚੀ ਅਤੇ ਜੋਏ ਰੌਕਸਾਸ

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)