ਇਸ ਮੁਲਕ ਵਾਂਗ ਦੁਨੀਆਂ ਭਰ 'ਚ ਬਿਨਾਂ ਡਰਾਈਵਰ ਵਾਲੀਆਂ ਕਾਰਾਂ ਸੜਕਾਂ ’ਤੇ ਆਉਣ ਦੀ ਉਮੀਦ ਕਦੋਂ ਤੱਕ

ਬਿਨਾਂ ਡਰਾਈਵਰ ਕਾਰਾਂ

ਤਸਵੀਰ ਸਰੋਤ, Melpomenem

    • ਲੇਖਕ, ਜੈਨੀ ਕੁਸੈਕ
    • ਰੋਲ, ਬੀਬੀਸੀ ਪੱਤਰਕਾਰ

ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ ਜੇ ਤੁਹਾਡੀ ਕਾਰ ਸੜਕ 'ਤੇ ਦੌੜ ਰਹੀ ਹੋਵੇ, ਤੁਸੀਂ ਪਿੱਛੇ ਵਾਲੀ ਸੀਟ 'ਤੇ ਬੈਠੇ ਹੋਵੋ ਤੇ ਡਰਾਈਵਰ ਦੀ ਸੀਟ ਇਕਦਮ ਖਾਲੀ ਹੋਵੇ?

ਬੇਸ਼ੱਕ ਇਹ ਥੋੜ੍ਹਾ ਡਰਾਉਣਾ ਅਨੁਭਵ ਜਾਪ ਸਕਦਾ ਹੈ ਪਰ ਬਿਨਾਂ ਡਰਾਈਵਰ ਵਾਲੀਆਂ ਕਾਰਾਂ ਵਿੱਚ ਅਜਿਹਾ ਹੀ ਹੋਵੇਗਾ।

ਯੂਐੱਸ ਵਿੱਚ ਅਜਿਹੀ ਹੀ ਇੱਕ ਡਰਾਈਵਰ ਰਹਿਤ ਕਾਰ ਵਾਲੀ ਇੱਕ ਟੈਕਸੀ ਸੇਵਾ, ਵੇਮੋ ਵਨ ਰੋਬੋਟੈਕਸੀ ਦਾ ਇਸਤੇਮਾਲ ਵਧ ਰਿਹਾ ਹੈ। ਜੋ ਇਹ ਸਾਬਿਤ ਕਰਦਾ ਹੈ ਕਿ ਇਹ ਤਕਨੀਕ ਲੋਕਾਂ ਨੂੰ ਪਸੰਦ ਆ ਰਹੀ ਹੈ।

ਪਰ ਬਿਨਾਂ ਡਰਾਈਵਰ ਵਾਲੀ ਕਾਰ ਕੋਈ ਨਵਾਂ ਵਿਚਾਰ ਨਹੀਂ ਹੈ ਬਲਕਿ ਲੰਮੇਂ ਸਮੇਂ ਤੋਂ ਇਸ ਤਕਨੀਕ 'ਤੇ ਵਿਚਾਰ ਕੀਤੇ ਜਾ ਰਹੇ ਹਨ। ਇਹ ਤਕਨੀਕ ਭਵਿੱਖ ਵਿੱਚ ਸਾਡੇ ਸਫ਼ਰ ਨੂੰ ਬਿਹਤਰ ਅਤੇ ਸੁਖਾਲਾ ਬਣਾ ਸਕਦੀ ਹੈ ਤੇ ਨਾਲ ਹੀ ਇਹ ਸਾਡੇ ਉਦਯੋਗਾਂ ਲਈ ਵੀ ਲਾਭਦਾਇਕ ਸਾਬਿਤ ਹੋ ਸਕਦੀ ਹੈ। ਖਾਸ ਕਰਕੇ ਉਨ੍ਹਾਂ ਕੰਮਾਂ ਨੂੰ ਕਰਨ ਲਈ ਜਿਨ੍ਹਾਂ ਵਿੱਚ ਜਾਨ ਦਾ ਖ਼ਤਰਾ ਹੁੰਦਾ ਹੈ।

ਕੀ ਹੋ ਸਕਦੇ ਹਨ ਫ਼ਾਇਦੇ

ਬਿਨਾਂ ਡਰਾਈਵਰ ਵਾਲ਼ੀਆਂ ਇਹ ਕਾਰਾਂ ਸਾਡੀ ਯਾਤਰਾ ਨੂੰ ਸੁਖਾਲਾ ਬਣਾ ਸਕਦੀਆਂ ਹਨ। ਭਵਿੱਖ ਵਿੱਚ ਇਹ ਕਾਰਾਂ ਸਾਨੂੰ ਪੂਰੇ ਦੇ ਪੂਰੇ ਸ਼ਹਿਰ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ, ਕਾਰਬਨ ਨਿਕਾਸੀ ਨੂੰ ਘਟਾ ਸਕਦੀਆਂ ਹਨ ਅਤੇ ਇੱਕ ਸੰਤੁਲਿਤ ਜੀਵਨ ਦੀ ਰਾਹ ਖੋਲ੍ਹ ਸਕਦੀਆਂ ਹਨ।

ਅਤਿ-ਖ਼ਤਰੇ ਵਾਲੇ ਮਾਹੌਲ ਵਿੱਚ ਮਦਦਗਾਰ

ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨਾਂ ਅਨੁਸਾਰ ਹਰ ਸਾਲ 13 ਲੱਖ ਤੋਂ ਜ਼ਿਆਦਾ ਲੋਕ ਸੜਕ ਹਾਦਸਿਆਂ ਵਿੱਚ ਮਾਰੇ ਜਾਂਦੇ ਹਨ।

ਇਹ ਵੀ ਪੜ੍ਹੋ:

ਯੂਕੇ ਦੀ ਟ੍ਰਾਂਸਪੋਰਟ ਰਿਸਰਚ ਲੈਬੋਰੇਟਰੀ (ਟੀਆਰਐਲ) ਦੇ ਆਟੋਮੇਟਿਡ ਟ੍ਰਾਂਸਪੋਰਟ ਦੇ ਮੁਖੀ ਕੈਮਿਲਾ ਫੋਲਰ ਕਹਿੰਦੇ ਹਨ, ''ਅਸੀਂ ਜ਼ਿਆਦਾ ਸੁਰੱਖਿਅਤ ਸੜਕਾਂ ਅਤੇ ਘੱਟ ਤੋਂ ਘੱਟ ਜਾਨੀ ਨੁਕਸਾਨ ਚਾਹੁੰਦੇ ਹਾਂ। ਸਵੈਚਾਲਨ ਅਜਿਹਾ ਕਰ ਸਕਦਾ ਹੈ।''

ਫੋਲਰ ਕਹਿੰਦੇ ਹਨ ਕਿ ਇੱਕ ਨਵੀਂ ਜਗ੍ਹਾ ਜਿੱਥੇ ਅਸੀਂ ਡਰਾਈਵਰ ਰਹਿਤ ਤਕਨੀਕ ਨੂੰ ਵਰਤਣ ਦੀ ਉਮੀਦ ਕਰ ਸਕਦੇ ਹਾਂ, ਉਹ ਹੈ ਬੇਹੱਦ ਖ਼ਤਰਨਾਕ ਵਾਤਾਵਰਣ। ਜਿਵੇਂ ਕਿ ਪ੍ਰਮਾਣੂ ਪਲਾਂਟਾਂ ਤੋਂ ਲੈ ਕੇ ਫ਼ੌਜੀ ਸਥਿਤੀਆਂ ਤੱਕ ਅਤੇ ਮਨੁੱਖੀ ਜੀਵਨ ਲਈ ਖਤਰਿਆਂ ਵਾਲੇ ਕੰਮਾਂ ਨੂੰ ਕਰਨ ਵਿੱਚ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।

ਮਿਸਾਲ ਵਜੋਂ, ਪੱਛਮੀ ਆਸਟ੍ਰੇਲੀਆ ਵਿੱਚ ਰੀਓ ਟਿੰਟੋ ਖਾਣ ਵਰਤਮਾਨ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਸਵੈਚਾਲਿਤ ਕਾਫ਼ਲਾ ਚਲਾ ਰਹੀ ਹੈ। ਇਸ ਵਿੱਚ ਟਰੱਕਾਂ ਨੂੰ ਕਈ ਮੀਲ ਦੂਰ, ਪਰਥ ਤੋਂ ਇੱਕ ਕੇਂਦਰੀ ਪ੍ਰਣਾਲੀ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ।

ਬਿਨਾਂ ਡਰਾਈਵਰ ਕਾਰ

ਤਸਵੀਰ ਸਰੋਤ, Jeff Kowalsky/AFP/Getty Images

ਤਸਵੀਰ ਕੈਪਸ਼ਨ, ਐਮਸਿਟੀ ਆਪਣੀਆਂ ਬਿਨਾਂ ਡਰਾਈਵਰ ਕਾਰਾਂ ਨੂੰ ਅਸਲੀ ਜ਼ਿੰਦਗੀ ਵਰਗੀਆਂ ਸਥਿਤੀਆਂ ਵਿੱਚ ਪਰਖਦੇ ਹਨ। ਜਿਵੇਂ ਅਜਿਹੀਆਂ ਸੜਕਾਂ ਜਿੱਥੇ ਲੋਕ ਸੜਕ ਪਾਰ ਕਰ ਰਹੇ ਹੋਣ

ਡਿਲੀਵਰੀ ਵਾਲੇ ਕੰਮਾਂ ਲਈ

ਓਜ਼ਏ ਦੇ ਅਨੁਸਾਰ "ਸੰਭਵ ਹੈ ਕਿ ਅਸੀਂ ਅਜਿਹੇ ਹਲਕੇ ਰੋਬੋਟਿਕ ਵਾਹਨਾਂ ਨੂੰ ਦੇਖਾਂਗੇ ਜੋ ਕਿ ਸੀਮਤ ਗਤੀ ਦੇ ਨਾਲ ਭੋਜਨ ਅਤੇ ਕਰਿਆਨੇ ਵਰਗੀਆਂ ਚੀਜ਼ਾਂ ਪਹੁੰਚਾਉਣ ਲਈ ਸਾਈਡਵਾਕ (ਸੜਕਾਂ ਨਾਲ ਤੁਰਨ ਲਈ ਬਣੇ ਰਾਹ) ਅਤੇ ਬਾਈਕ ਮਾਰਗਾਂ ਦੀ ਵਰਤੋਂ ਕਰ ਸਕਦੇ ਹਨ।"

ਜ਼ਿਆਦਾਤਰ ਡਰਾਈਵਰ ਰਹਿਤ ਤਕਨੀਕ ਪਹਿਲਾਂ ਤੋਂ ਹੀ ਉਦਯੋਗਿਕ ਖੇਤਰਾਂ ਜਿਵੇਂ ਕਿ ਖਾਣਾਂ, ਵੇਅਰਹਾਊਸਾਂ ਅਤੇ ਬੰਦਰਗਾਹਾਂ ਵਿੱਚ ਇਸਤੇਮਾਲ ਹੋ ਰਹੀ ਹੈ, ਪਰ ਟੀਆਰਐਲ ਦੇ ਸੁਰੱਖਿਆ ਅਤੇ ਜਾਂਚ ਲਈ ਮੁੱਖ ਵਿਗਿਆਨੀ ਡੇਵਿਡ ਹਾਈਂਡ ਦਾ ਮੰਨਣਾ ਹੈ ਕਿ ਅਗਲੇ ਦੋ ਸਾਲਾਂ ਵਿੱਚ ਅਸੀਂ ਇਸ ਨੂੰ "ਅੰਤਿਮ ਮੀਲ ਡਿਲੀਵਰੀ" ਤੱਕ ਵਧਾਉਣ ਦੀ ਉਮੀਦ ਕਰ ਸਕਦੇ ਹਾਂ।

ਜਿਸਦਾ ਮਤਲਬ ਹੈ ਕਿ ਇਸਦਾ ਇਸਤੇਮਾਲ ਹੋਰ ਕੰਮਾਂ ਲਈ ਜਿਵੇਂ ਕਿ ਉਤਪਾਦਾਂ ਅਤੇ ਕਰਿਆਨੇ ਲਈ ਡਿਲੀਵਰੀ ਆਦਿ ਲਈ ਵੀ ਕੀਤਾ ਜਾ ਸਕਦਾ ਹੈ।

ਜਨਤਕ ਵਾਹਨਾਂ ਲਈ

ਆਕਸਫੋਰਡਸ਼ਾਇਰ ਸਥਿਤ ਡਰਾਈਵਰ ਰਹਿਤ ਵਾਹਨ ਸਾਫਟਵੇਅਰ ਕੰਪਨੀ ਔਕਸਬੋਟਿਕਾ, ਯੂਕੇ ਅਤੇ ਯੂਰਪ ਦੇ ਕਈ ਸਥਾਨਾਂ 'ਤੇ ਕਾਰਾਂ ਅਤੇ ਡਿਲੀਵਰੀ ਵਾਹਨਾਂ ਵਿੱਚ ਆਪਣੀ ਤਕਨੀਕ ਦੀ ਜਾਂਚ ਕਰ ਰਹੀ ਹੈ।

ਜਨਤਕ ਵਾਹਨਾਂ ਲਈ ਇਸ ਤਕਨੀਕ ਦੇ ਇਸਤੇਮਾਲ ਬਾਰੇ ਕੰਪਨੀ ਦੇ ਕਮਰਸ਼ੀਅਲ ਵਾਈਸ ਪ੍ਰੈਜ਼ੀਡੈਂਟ ਰਿਚਰਡ ਜਿੰਕਸ ਕਹਿੰਦੇ ਹਨ, "ਅੱਜ ਅਸੀਂ ਹਵਾਈ ਅੱਡਿਆਂ 'ਤੇ ਜਿਹੜੀਆਂ ਸ਼ਟਲਾਂ ਨੂੰ ਰੇਲਾਂ 'ਤੇ ਦੇਖਦੇ ਹਾਂ, ਪੰਜ ਸਾਲਾਂ ਵਿੱਚ ਉਨ੍ਹਾਂ ਰੇਲਾਂ ਦੀ ਜ਼ਰੂਰਤ ਨਹੀਂ ਪਵੇਗੀ। ਇਸਦਾ ਮਤਲਬ ਹੈ ਕਿ ਡਰਾਈਵਰ ਰਹਿਤ ਸ਼ਟਲਾਂ ਵਿੱਚ ਤੁਹਾਨੂੰ ਕਾਰ ਪਾਰਕ ਤੋਂ ਹਵਾਈ ਅੱਡੇ ਤੱਕ, ਫਿਰ ਸਿੱਧੇ ਤੁਹਾਡੇ ਗੇਟ ਅਤੇ ਜਹਾਜ਼ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੀਆਂ ਹਨ।''

ਪਰ ਇਸ ਤਕਨੀਕ ਨੂੰ ਆਮ ਲੋਕਾਂ ਲਈ ਸਹਿਜ ਬਣਾਉਣ ਲਈ ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ।

ਬਿਨਾਂ ਡਰਾਈਵਰ ਕਾਰ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਜਰਮਨੀ ਵਿੱਚ ਚਲਾਈ ਜਾ ਰਹੀ ਇੱਕ ਸਵੈਚਾਲਿਤ ਸ਼ਟਲ

ਕੀ ਹਨ ਚੁਣੌਤੀਆਂ

ਡਰਾਈਵਰ ਰਹਿਤ ਵਾਹਨਾਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਵਿੱਚ ਲਿਆਉਣ ਲਈ ਅਜੇ ਕਈ ਸਮੱਸਿਆਵਾਂ ਦੇ ਹੱਲ ਲੱਭਣੇ ਬਾਕੀ ਹਨ।

ਮਨੁੱਖੀ ਡਰਾਈਵਰਾਂ ਨਾਲ ਮੁਕਾਬਲਾ

ਡੇਵਿਡ ਹਾਈਂਡ ਕਹਿੰਦੇ ਹਨ, "A ਤੋਂ B ਤੱਕ ਜਾਣ ਲਈ ਡਰਾਈਵਰ ਰਹਿਤ ਵਾਹਨ ਦਾ ਬਹੁਤ ਹੀ ਸ਼ਾਂਤ ਤਰੀਕਾ ਹੋਣਾ ਚਾਹੀਦਾ ਹੈ। ਪਰ ਇਸਦੇ ਆਲੇ-ਦੁਆਲੇ ਹਰ ਮਨੁੱਖੀ ਡਰਾਈਵਰ ਇਸੇ ਤਰ੍ਹਾਂ ਦਾ ਵਿਵਹਾਰ ਨਹੀਂ ਕਰੇਗਾ। ਮਿਸਾਲ ਵਜੋਂ, ਇਸ ਨੂੰ ਤੇਜ਼ ਰਫ਼ਤਾਰ ਜਾਂ ਸੜਕ ਦੇ ਨਿਯਮਾਂ ਨੂੰ ਤੋੜਨ ਵਾਲੇ ਮਨੁੱਖੀ ਡਰਾਈਵਰਾਂ ਨਾਲ ਨਜਿੱਠਣ ਦੇ ਯੋਗ ਹੋਣਾ ਚਾਹੀਦਾ ਹੈ।''

ਬੀਮਾ ਕੰਪਨੀਆਂ ਦੀ ਚਿੰਤਾ

ਰਿਚਰਡ ਜਿੰਕਸ ਕਹਿੰਦੇ ਹਨ, "ਪੂਰਾ ਬੀਮਾ ਉਦਯੋਗ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਕਿਸੇ ਵਿਅਕਤੀ ਦੇ ਜ਼ਿੰਮੇਵਾਰ ਹੋਣ ਦੀ ਬਜਾਏ ਵਾਹਨ ਦੇ ਜ਼ਿੰਮੇਵਾਰ ਹੋਣ ਵਾਲੀ ਸਥਿਤੀ ਨਾਲ ਕਿਵੇਂ ਨਜਿੱਠੇਗਾ।"

ਬਿਨਾਂ ਡਰਾਈਵਰ ਕਾਰਾਂ

ਤਸਵੀਰ ਸਰੋਤ, Thomas Lohnes/AFP/Getty Images

ਤਸਵੀਰ ਕੈਪਸ਼ਨ, ਕੀ ਜਦੋਂ ਕਾਰਾਂ ਆਪਣੇ ਆਪ ਚੱਲਣ ਲੱਗਣਗੀਆਂ ਤਾਂ ਯਾਤਰੀਆਂ ਕੋਲ ਹੋਰ ਉਤਪਾਦਕ ਕੰਮਾਂ ਨੂੰ ਜ਼ਿਆਦਾ ਸਮਾਂ ਮਿਲ ਸਕੇਗਾ

ਗੁੰਝਲਦਾਰ ਅਤੇ ਅਸਥਿਰ ਮਨੁੱਖੀ ਵਾਤਾਵਰਣ

ਡਰਾਈਵਰ ਰਹਿਤ ਤਕਨੀਕ ਉਦਯੋਗ ਲਈ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਗੁੰਝਲਦਾਰ ਅਤੇ ਅਸਥਿਰ ਮਨੁੱਖੀ ਵਾਤਾਵਰਣ ਵਿੱਚ ਇਨ੍ਹਾਂ ਕਾਰਾਂ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਚਲਾਇਆ ਜਾਵੇ। ਅਗਲੇ ਦੋ ਸਾਲਾਂ ਵਿੱਚ ਇਸ ਸਮੱਸਿਆ ਦਾ ਹੱਲ ਲੱਭਣ 'ਤੇ ਪੂਰਾ ਧਿਆਨ ਦਿੱਤਾ ਜਾਵੇਗਾ।

ਮਿਸ਼ੀਗਨ ਯੂਨੀਵਰਸਿਟੀ ਵਿੱਚ ਐਮਸਿਟੀ ਟੈਸਟ ਫੈਸਿਲਿਟੀ ਵਿੱਚ, ਮਾਹਰ ਇਸ ਸਮੱਸਿਆ ਦਾ ਹੱਲ ਲੱਭਣ ਵਿੱਚ ਲੱਗੇ ਹੋਏ ਹਨ।

ਐਮਸਿਟੀ, ਆਟੌਨਮਸ ਵਾਹਨਾਂ ਲਈ ਬਣਾਇਆ ਗਿਆ ਦੁਨੀਆ ਦਾ ਪਹਿਲਾ ਟੈਸਟਿੰਗ ਮੈਦਾਨ ਹੈ, ਜੋ ਕਿ ਇੱਕ ਪ੍ਰਕਾਰ ਦਾ ਛੋਟਾ ਸ਼ਹਿਰ ਹੈ। ਇਸ ਵਿੱਚ ਟ੍ਰੈਫਿਕ ਸਿਗਨਲ ਅਤੇ ਚਿੰਨ੍ਹ, ਅੰਡਰਪਾਸ, ਇਮਾਰਤਾਂ, ਪੈਦਲ ਚੱਲਣ ਵਾਲੇ ਰਸਤੇ, ਰੇਲ ਪੱਟੜੀਆਂ ਆਦਿ ਸਭ ਆਮ ਸ਼ਹਿਰ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਮਾਹਰ ਇੱਥੇ ਅਜਿਹੀਆਂ ਸਥਿਤੀਆਂ ਨੂੰ ਜਾਂਚਦੇ ਹਨ ਜਿਨ੍ਹਾਂ ਨੂੰ ਸੰਭਾਲਣ ਲਈ ਸਭ ਤੋਂ ਤਜਰਬੇਕਾਰ ਡਰਾਈਵਰ ਵੀ ਦਬਾਅ ਹੇਠ ਆ ਜਾਂਦੇ ਹਨ।

ਵੱਖ-ਵੱਖ ਨਜ਼ਰੀਏ

ਮਿਸ਼ੀਗਨ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਨੇਕਮੀਏ ਓਜ਼ਏ ਦੱਸਦੇ ਹਨ, "ਇਸ ਤਰ੍ਹਾਂ ਦੀ ਡਰਾਈਵਰ ਰਹਿਤ ਤਕਨੀਕ ਦੀ ਜਾਂਚ ਕਰਨ ਲਈ, ਇਹ ਕਿਸੇ ਵੀ ਸਥਿਤੀ ਵਿੱਚ ਸੈਂਕੜੇ ਵੱਖ-ਵੱਖ ਵੇਰੀਏਬਲਾਂ 'ਤੇ ਨਿਰਭਰ ਕਰਦਾ ਹੈ।''

ਇਸਦੇ ਲਈ ਓਜ਼ਏ ਵੱਖੋ-ਵੱਖਰੇ ਚਿੰਤਕਾਂ ਦਾ ਸਮੂਹ ਬਣਾਉਣ ਦਾ ਹੱਲ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਟੈਸਟਿੰਗ ਵਿੱਚ ਉਹ ਯੂਨੀਵਰਸਿਟੀ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੂੰ ਇਕੱਠਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਵੱਖਰੇ ਨਜ਼ਰੀਏ ਨਾਲ ਸੋਚਦਾ ਹੈ।

ਬਿਨਾਂ ਡਰਾਈਵਰ ਕਾਰਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵੈਚਾਲਿਤ ਕਾਰਾਂ ਆਪਸ ਵਿੱਚ ਕਿਵੇਂ ਤਾਲਮੇਲ ਕਰਨਗੀਆਂ, ਇਹ ਵੀ ਖੋਜ ਦਾ ਵਿਸ਼ਾ ਹੈ (ਸੰਕੇਤਕ ਤਸਵੀਰ)

ਲੰਮੀ ਜਾਂਚ ਦੀ ਲੋੜ

ਉਨ੍ਹਾਂ ਦੀ ਟੀਮ ਇਸ ਟੈਸਟਿੰਗ ਦੇ ਨਾਲ-ਨਾਲ ਇਸ ਗੱਲ 'ਤੇ ਵੀ ਕੰਮ ਕਰ ਰਹੀ ਹੈ ਕਿ ਇਹ ਵਾਹਨ ਆਪਸ ਵਿੱਚ ਇੱਕ ਦੂਜੇ ਨਾਲ ਕਿਵੇਂ ਸੰਪਰਕ ਕਰਨਗੇ ਅਤੇ ਇਸਦੇ ਡਾਟਾ ਨੂੰ ਹੈਕ ਹੋਣ ਤੋਂ ਕਿਵੇਂ ਬਚਾਇਆ ਜਾਵੇਗਾ।

ਹਾਲਾਂਕਿ ਸੈਲਫ-ਡ੍ਰਾਈਵਿੰਗ ਟੈਕਸੀਆਂ ਪਹਿਲਾਂ ਹੀ ਫੀਨਿਕਸ, ਅਰੀਜ਼ੋਨਾ ਦੀਆਂ ਸੜਕਾਂ 'ਤੇ ਦੌੜ ਰਹੀਆਂ ਹਨ, ਪਰ ਉਨ੍ਹਾਂ ਲਈ ਵੀ ਪਹਿਲਾਂ ਓਜ਼ਏ ਦੀ ਟੀਮ ਵਰਗੀ ਹੀ ਇੱਕ ਲੰਮੀ ਜਾਂਚ ਕੀਤੀ ਗਈ ਸੀ।

ਸਿਰਫ਼ ਇਹੀ ਚੁਣੌਤੀਆਂ ਨਹੀਂ ਹਨ। ਨਿਯਮ, ਹਾਈਵੇਅ ਕੋਡ 'ਤੇ ਮੁੜ ਵਿਚਾਰ ਕਰਨਾ, ਜਨਤਕ ਧਾਰਨਾ, ਸਾਡੀਆਂ ਗਲੀਆਂ, ਕਸਬਿਆਂ, ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਅਤੇ ਸੜਕ ਹਾਦਸਿਆਂ ਲਈ ਅੰਤਮ ਜ਼ਿੰਮੇਵਾਰੀ ਦਾ ਵੀ ਵੱਡਾ ਸਵਾਲ ਹੈ।

ਹਾਈਂਡ ਕਹਿੰਦੇ ਹਨ ਕਿ ਸੁਰੱਖਿਆ ਇੱਕ ਵੱਡੀ ਰੁਕਾਵਟ ਹੋਵੇਗੀ, ਖਾਸ ਤੌਰ 'ਤੇ ਉਨ੍ਹਾਂ ਦੇਸ਼ਾਂ ਲਈ ਜੋ ਉੱਚੀ ਲਾਗਤ ਕਾਰਨ ਇਸ ਨੂੰ ਤੇਜ਼ੀ ਨਾਲ ਨਹੀਂ ਆਪਣਾ ਸਕਣਗੇ। ਇਸਦੇ ਨਾਲ ਹੀ ਬੁਨਿਆਦੀ ਢਾਂਚਾ ਵੀ ਇਹ ਨਿਰਧਾਰਤ ਕਰੇਗਾ ਕਿ ਇਹ ਤਕਨਾਲੋਜੀ ਕਿੰਨੀ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੀ ਹੈ।

ਬਿਨਾਂ ਡਰਾਈਵਰ

ਤਸਵੀਰ ਸਰੋਤ, Getty Images

ਅਗਲੇ 10 ਸਾਲਾਂ ਵਿੱਚ ਹੋਣ ਵਾਲੇ ਸਾਰੇ ਵਿਕਾਸ ਅਤੇ ਖਦਸ਼ਿਆਂ ਦੇ ਨਾਲ, ਕੁਝ ਮਾਹਰ ਅਜੇ ਵੀ ਮਹਿਸੂਸ ਕਰਦੇ ਹਨ ਕਿ ਬਿਨਾਂ ਡਰਾਈਵਰ ਵਾਹਨਾਂ ਦੇ ਪੂਰੀ ਤਰ੍ਹਾਂ ਇਸਤੇਮਾਲ ਵਿੱਚ ਅਜੇ ਲੰਮਾ ਸਮਾਂ ਬਾਕੀ ਹੈ।

ਜਿਵੇਂ ਕਿ ਓਜ਼ਏ ਦੇ ਅਨੁਸਾਰ ਸਾਲ 2031 ਤੱਕ ਪੂਰੀ ਤਰ੍ਹਾਂ ਸੈਲਫ-ਡਰਾਈਵਿੰਗ ਵਾਲੀ ਕਾਰ ਦਾ ਆਮ ਹੋਣਾ ਮੁਸ਼ਕਿਲ ਜਾਪਦਾ ਹੈ।

ਪਰ ਕਈ ਮਾਹਰ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਜਿੰਕਸ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ-ਨਾਲ ਚੀਜ਼ਾਂ ਇੱਕ ਦੂਜੇ ਤੋਂ ਸਿੱਖਦੇ ਹੋਏ ਬਿਹਤਰ ਹੁੰਦੀਆਂ ਜਾਣਗੀਆਂ।

ਬਿਲਕੁਲ ਉਸੇ ਤਰ੍ਹਾਂ ਜਿਵੇਂ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਹੌਲੀ-ਹੌਲੀ ਕਾਰ ਪਾਰਕਾਂ, ਸਾਈਡ ਵਾਲੀਆਂ ਗਲੀਆਂ ਅਤੇ ਸਰਵਿਸ ਸਟੇਸ਼ਨਾਂ ਵਿੱਚ ਦਾਖਲ ਹੋਏ ਹਨ, ਉਸੇ ਤਰ੍ਹਾਂ ਆਟੌਨਮਸ ਵਾਹਨ ਵੀ ਆਖ਼ਰਕਾਰ ਸਾਡੀ ਰੋਜ਼ਾਨਾ ਦੁਨੀਆਂ ਵਿੱਚ ਆਪਣਾ ਰਸਤਾ ਬਣਾ ਲੈਣਗੇ।

ਹੁਣ ਤੋਂ ਕਈ ਸਾਲਾਂ ਬਾਅਦ ਸ਼ਾਇਦ ਅਸੀ ਸੋਚ ਰਹੇ ਹੋਵਾਂਗੇ ਕਿ ਅਸੀਂ ਉਨ੍ਹਾਂ ਤੋਂ ਬਿਨਾਂ ਕਿਵੇਂ ਰਹਿ ਰਹੇ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)