You’re viewing a text-only version of this website that uses less data. View the main version of the website including all images and videos.
ਇਹ ਹਨ ਦੁਨੀਆ ਦੇ 5 ਸਭ ਤੋਂ ਮਹਿੰਗੇ ਤੇ ਸਸਤੇ ਸ਼ਹਿਰ
ਤੇਲ ਅਵੀਵ ਨੂੰ ਰਹਿਣ ਲਈ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਮੰਨਿਆ ਗਿਆ ਹੈ, ਕਿਉਂਕਿ ਮਹਿੰਗਾਈ ਅਤੇ ਸਪਲਾਈ-ਚੇਨ ਦੀਆਂ ਸਮੱਸਿਆਵਾਂ ਵਿਸ਼ਵ ਪੱਧਰ 'ਤੇ ਕੀਮਤਾਂ ਨੂੰ ਵਧਾਉਂਦੀਆਂ ਹਨ।
ਇਕਨਾਮਿਸਟ ਇੰਟੈਲੀਜੈਂਸ ਯੂਨਿਟ (ਈਆਈਯੂ) ਦੁਆਰਾ ਕੀਤੇ ਗਏ ਸਰਵੇਖਣ ਵਿੱਚ ਇਹ ਇਜ਼ਰਾਈਲੀ ਸ਼ਹਿਰ ਪਹਿਲੀ ਵਾਰ ਸਿਖਰ 'ਤੇ ਆਇਆ ਹੈ। ਪਿਛਲੇ ਸਾਲ ਇਹ ਪੰਜਵੇਂ ਸਥਾਨ 'ਤੇ ਸੀ।
ਇਸ ਸਾਲ ਇਸ ਨੇ ਸਿਖਰ 'ਤੇ ਆ ਕੇ ਪੈਰਿਸ ਨੂੰ ਸਿੰਗਾਪੁਰ ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਲਿਆ ਦਿੱਤਾ ਹੈ।
ਯੁੱਧਗ੍ਰਸਤ ਸੀਰੀਆ ਵਿੱਚ ਦਮਿਸ਼ਕ ਨੇ ਦੁਨੀਆ ਵਿੱਚ ਸਭ ਤੋਂ ਸਸਤੇ ਸ਼ਹਿਰ ਵਜੋਂ ਆਪਣਾ ਸਥਾਨ ਬਰਕਰਾਰ ਰੱਖਿਆ।
ਇਸ ਸਰਵੇਖਣ ਵਿੱਚ 173 ਸ਼ਹਿਰਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਲਈ ਅਮਰੀਕੀ ਡਾਲਰ ਮੁਤਾਬਕ ਲਾਗਤਾਂ ਦੀ ਤੁਲਨਾ ਕੀਤੀ ਜਾਂਦੀ ਹੈ।
ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਤੇਜ਼ ਮਹਿੰਗਾਈ ਦਰ
ਈਆਈਯੂ ਨੇ ਕਿਹਾ ਕਿ ਅਗਸਤ ਅਤੇ ਸਤੰਬਰ ਵਿੱਚ ਇਕੱਤਰ ਕੀਤੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਥਾਨਕ ਮੁਦਰਾ ਵਿੱਚ ਔਸਤਨ ਕੀਮਤਾਂ ਵਿੱਚ 3.5% ਦਾ ਵਾਧਾ ਹੋਇਆ ਹੈ, ਜੋ ਕਿ ਪਿਛਲੇ ਪੰਜ ਸਾਲਾਂ ਵਿੱਚ ਦਰਜ ਕੀਤੀ ਗਈ ਸਭ ਤੋਂ ਤੇਜ਼ ਮਹਿੰਗਾਈ ਦਰ ਹੈ।
ਟਰਾਂਸਪੋਰਟ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਅਧਿਐਨ ਕੀਤੇ ਗਏ ਸ਼ਹਿਰਾਂ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਵਿੱਚ ਔਸਤਨ 21% ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ:
ਤੇਲ ਅਵੀਵ ਦਾ ਈਆਈਯੂ ਦੀ ਵਰਲਡਜ਼ ਕੌਸਟ ਆਫ ਲਿਵਿੰਗ ਰੈਂਕਿੰਗ ਵਿੱਚ ਸਿਖਰ 'ਤੇ ਆਉਣਾ, ਡਾਲਰ ਦੇ ਮੁਕਾਬਲੇ ਇਜ਼ਰਾਈਲੀ ਮੁਦਰਾ, ਸ਼ੇਕੇਲ ਦੇ ਚੜ੍ਹਦੇ ਮੁੱਲ ਨੂੰ ਦਰਸਾਉਂਦਾ ਹੈ। ਲਗਭਗ 10% ਵਸਤਾਂ ਦੀਆਂ ਸਥਾਨਕ ਕੀਮਤਾਂ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ, ਖਾਸ ਕਰਕੇ ਕਰਿਆਨੇ ਦੀਆਂ ਵਸਤਾਂ ਵਿੱਚ।
ਸਰਵੇਖਣ ਵਿੱਚ ਪਾਇਆ ਗਿਆ ਕਿ ਤੇਲ ਅਵੀਵ ਸ਼ਰਾਬ ਅਤੇ ਆਵਾਜਾਈ ਲਈ ਦੂਜਾ ਸਭ ਤੋਂ ਮਹਿੰਗਾ ਸ਼ਹਿਰ ਸੀ, ਜਦਕਿ ਨਿੱਜੀ ਦੇਖਭਾਲ ਦੀਆਂ ਵਸਤੂਆਂ ਲਈ ਇਹ ਪੰਜਵਾਂ ਅਤੇ ਮਨੋਰੰਜਨ ਲਈ ਛੇਵਾਂ ਸਭ ਤੋਂ ਮਹਿੰਗਾ ਸ਼ਹਿਰ ਸੀ।
'ਸ਼ਹਿਰ ਇੱਕ "ਵਿਸਫੋਟ" ਵੱਲ ਵਧ ਰਿਹਾ ਹੈ'
ਤੇਲ ਅਵੀਵ ਦੇ ਮੇਅਰ, ਰੋਨ ਹੁਲਦਈ ਨੇ ਹਾਰੇਟਜ਼ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਚੇਤਾਵਨੀ ਦਿੱਤੀ ਕਿ ਪ੍ਰਾਪਰਟੀ ਦੀਆਂ ਵਧਦੀਆਂ ਕੀਮਤਾਂ - ਜੋ ਕਿ ਈਆਈਯੂ ਦੀ ਗਣਨਾ ਵਿੱਚ ਸ਼ਾਮਲ ਨਹੀਂ ਹਨ - ਦਾ ਮਤਲਬ ਹੈ ਕਿ ਸ਼ਹਿਰ ਇੱਕ "ਵਿਸਫੋਟ" ਵੱਲ ਵਧ ਰਿਹਾ ਹੈ।
ਉਨ੍ਹਾਂ ਕਿਹਾ, "ਤੇਲ ਅਵੀਵ ਹੋਰ ਮਹਿੰਗਾ ਹੋ ਜਾਵੇਗਾ, ਜਿਵੇਂ ਕਿ ਸਾਰਾ ਦੇਸ਼ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ।"
"ਬੁਨਿਆਦੀ ਸਮੱਸਿਆ ਇਹ ਹੈ ਕਿ ਇਜ਼ਰਾਈਲ ਵਿੱਚ ਕੋਈ ਹੋਰ ਬਦਲ ਵਾਲਾ ਮੈਟਰੋਪੋਲੀਟਨ ਕੇਂਦਰ ਨਹੀਂ ਹੈ। ਸੰਯੁਕਤ ਰਾਜ ਵਿੱਚ ਨਿਊਯਾਰਕ, ਸ਼ਿਕਾਗੋ, ਮਿਆਮੀ ਆਦਿ ਹਨ। ਬ੍ਰਿਟੇਨ ਵਿੱਚ ਗ੍ਰੇਟਰ ਲੰਡਨ, ਮੈਨਚੈਸਟਰ ਅਤੇ ਲਿਵਰਪੂਲ ਹਨ। ਉੱਥੇ ਜੇ ਇੱਕ ਸ਼ਹਿਰ ਵਿੱਚ ਰਹਿਣਾ ਮਹਿੰਗਾ ਹੋ ਜਾਂਦਾ ਹੈ ਤਾਂ ਤੁਸੀਂ ਕਿਸੇ ਹੋਰ ਸ਼ਹਿਰ ਵਿੱਚ ਜਾ ਸਕਦੇ ਹੋ।"
ਪਿਛਲੇ ਸਾਲ ਈਆਈਯੂ ਦੇ ਸਰਵੇਖਣ ਵਿੱਚ ਪੈਰਿਸ, ਜ਼ਿਊਰਿਕ ਅਤੇ ਹਾਂਗਕਾਂਗ ਨੇ ਪਹਿਲਾ ਸਥਾਨ (ਸਾਂਝੇ ਤੌਰ 'ਤੇ) ਪ੍ਰਾਪਤ ਕੀਤਾ ਸੀ। ਇਸ ਸਾਲ ਜ਼ਿਊਰਿਕ ਅਤੇ ਹਾਂਗਕਾਂਗ ਚੌਥੇ ਅਤੇ ਪੰਜਵੇਂ ਸਥਾਨ 'ਤੇ ਸਨ। ਉਨ੍ਹਾਂ ਤੋਂ ਬਾਅਦ ਨਿਊਯਾਰਕ, ਜੇਨੇਵਾ, ਕੋਪੇਨਹੇਗਨ, ਲਾਸ ਏਂਜਲਸ ਅਤੇ ਓਸਾਕਾ ਸਨ।
ਤਹਿਰਾਨ ਰੈਂਕਿੰਗ ਵਿੱਚ ਸਭ ਤੋਂ ਵੱਧ ਚੜ੍ਹਿਆ, 79ਵੇਂ ਤੋਂ 29ਵੇਂ ਸਥਾਨ 'ਤੇ ਪਹੁੰਚ ਗਿਆ, ਕਿਉਂਕਿ ਅਮਰੀਕੀ ਆਰਥਿਕ ਪਾਬੰਦੀਆਂ ਨੇ ਈਰਾਨ ਵਿੱਚ ਵਸਤੂਆਂ ਦੀ ਕਮੀ ਅਤੇ ਵਧਦੀ ਆਯਾਤ ਕੀਮਤਾਂ ਦਾ ਕਾਰਨ ਬਣਨਾ ਜਾਰੀ ਰੱਖਿਆ।
ਕੋਰੋਨਾਵਾਇਰਸ ਦਾ ਅਸਰ
ਈਆਈਯੂ ਨੇ ਕਿਹਾ ਕਿ ਇਹ ਰੈਂਕਿੰਗ ਕੋਰੋਨਾਵਾਇਰਸ ਮਹਾਂਮਾਰੀ ਦੁਆਰਾ ਲਿਆਂਦੀਆਂ ਗਈਆਂ ਤਬਦੀਲੀਆਂ ਪ੍ਰਤੀ ਸੰਵੇਦਨਸ਼ੀਲ ਰਹੀ।
"ਹਾਲਾਂਕਿ ਕੋਵਿਡ-19 ਟੀਕਿਆਂ ਦੇ ਆਉਣ ਨਾਲ ਜ਼ਿਆਦਾਤਰ ਅਰਥਵਿਵਸਥਾਵਾਂ ਹੁਣ ਮੁੜ ਪੱਟੜੀ 'ਤੇ ਆ ਰਹੀਆਂ ਹਨ, ਪਰ ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚ ਅਜੇ ਵੀ ਕੋਵਿਡ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਸਮਾਜਿਕ ਪਾਬੰਦੀਆਂ ਨਵੇਂ ਸਿਰੇ ਤੋਂ ਲਗਾਈਆਂ ਜਾ ਰਹੀਆਂ ਹਨ।"
"ਇਸ ਨਾਲ ਕਈ ਸ਼ਹਿਰਾਂ ਵਿੱਚ ਵਸਤੂਆਂ ਦੀ ਸਪਲਾਈ ਵਿੱਚ ਵਿਘਨ ਪਿਆ ਹੈ, ਜਿਸ ਨਾਲ ਵਸਤੂਆਂ ਦੀ ਘਾਟ ਹੋਈ ਹੈ ਅਤੇ ਕੀਮਤਾਂ ਵਿੱਚ ਵਾਧਾ ਹੋਇਆ ਹੈ।"
ਅੱਗੇ ਕਿਹਾ ਗਿਆ ਹੈ, "ਉਪਭੋਗਤਾ ਦੀ ਮੰਗ ਵਿੱਚ ਉਤਰਾਅ-ਚੜ੍ਹਾਅ ਨੇ ਵੀ ਖਰੀਦਦਾਰੀ ਦੀਆਂ ਆਦਤਾਂ ਨੂੰ ਪ੍ਰਭਾਵਿਤ ਕੀਤਾ ਹੈ, ਜਦਕਿ ਨਿਵੇਸ਼ਕਾਂ ਦੇ ਭਰੋਸੇ ਨੇ ਮੁਦਰਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।"
ਈਆਈਯੂ ਨੇ ਕਿਹਾ ਕਿ ਉਸ ਨੂੰ ਆਉਣ ਵਾਲੇ ਸਾਲ ਵਿੱਚ ਕੀਮਤਾਂ ਦੇ ਦਰਮਿਆਨੇ ਤੱਕ ਵਧਣ ਦੀ ਉਮੀਦ ਹੈ ਕਿਉਂਕਿ ਕੇਂਦਰੀ ਬੈਂਕਾਂ ਨੇ ਮਹਿੰਗਾਈ ਨੂੰ ਰੋਕਣ ਲਈ ਸਾਵਧਾਨੀ ਨਾਲ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।
ਪੰਜ ਸਭ ਤੋਂ ਮਹਿੰਗੇ ਸ਼ਹਿਰ
1 ਤੇਲ ਅਵੀਵ
2 ਪੈਰਿਸ ਅਤੇ ਸਿੰਗਾਪੁਰ ਸਾਂਝੇ ਸਥਾਨ 'ਤੇ ਹਨ
3 ਜ਼ਿਊਰਿਕ
4 ਹਾਂਗਕਾਂਗ
ਪੰਜ ਸਭ ਤੋਂ ਸਸਤੇ ਸ਼ਹਿਰ
1. ਦਮਿਸ਼ਕ
2. ਤ੍ਰਿਪੋਲੀ
3. ਤਾਸ਼ਕੰਦ
4. ਟਿਊਨਿਸ
5. ਅਲਮਾਟੀ
ਸਰੋਤ: ਈਆਈਯੂ ਦਾ ਵਰਲਡ ਕੌਸਟ ਆਫ ਲਿਵਿੰਗ ਇੰਡੈਕਸ
ਇਹ ਵੀ ਪੜ੍ਹੋ:
ਇਹ ਵੀ ਦੇਖੋ: