You’re viewing a text-only version of this website that uses less data. View the main version of the website including all images and videos.
ਕੋਵਿਡ ਦੇ ਇਲਾਜ ਲਈ ਪਹਿਲੀ ਗੋਲੀ ਨੂੰ ਬ੍ਰਿਟੇਨ ਵਿੱਚ ਮਾਨਤਾ
- ਲੇਖਕ, ਜਿੰਮ ਰੀਡ
- ਰੋਲ, ਸਿਹਤ ਪੱਤਰਕਾਰ
ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ ਲੱਛਣਾਂ ਵਾਲੇ ਕੋਵਿਡ ਦੇ ਇਲਾਜ ਲਈ ਤਿਆਰ ਕੀਤੀ ਗਈ ਪਹਿਲੀ ਗੋਲੀ ਨੂੰ ਮਾਨਤਾ ਦੇ ਦਿੱਤੀ ਹੈ।
ਮੋਲਨੂਪਿਰਾਵਿਰ ਦਿਨ ਵਿੱਚ ਦੋ ਵਾਰ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਹਾਲ ਹੀ ਵਿੱਚ ਕੋਵਿਡ ਦੀ ਪੁਸ਼ਟੀ ਹੋਈ ਹੈ।
ਇਹ ਦਵਾਈ ਮੂਲ ਤੌਰ 'ਤੇ ਫਲੂ ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ। ਇਸ ਨਾਲ ਕੋਵਿਡ ਕਾਰਨ ਮਰੀਜ਼ਾਂ ਦੇ ਹਸਪਤਾਲ ਜਾਣ ਦਾ ਜਾਂ ਮੌਤ ਦਾ ਖ਼ਤਰਾ ਅੱਧੇ ਤੱਕ ਘਟ ਗਿਆ।
ਸਿਹਤ ਮੰਤਰੀ ਸਾਜਿਦ ਜਾਵਿਦ ਨੇ ਦੱਸਿਆ ਕਿ ਇਹ ਇਲਾਜ ''ਰੁੱਖ ਪਲਟਣ'' ਵਾਲਾ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੀ ਰੱਖਿਆ ਪ੍ਰਣਾਲੀ ਪਹਿਲਾਂ ਦਬਾਅ ਹੇਠ ਹੈ।
ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, ''ਅੱਜ ਸਾਡੇ ਦੇਸ਼ ਲਈ ਇੱਕ ਇਤਿਹਾਸਕ ਦਿਨ ਹੈ ਜਦੋਂ ਬ੍ਰਿਟੇਨ ਦੁਨੀਆਂ ਵਿੱਚ ਇੱਕ ਐਂਟੀਵਾਇਰਲ ਦਵਾਈ ਨੂੰ ਕੋਵਿਡ ਦੇ ਘਰ ਵਿੱਚ ਇਲਾਜ ਲਈ ਮਾਨਤਾ ਦੇਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ''।
ਖਾਧੀ ਜਾਣ ਵਾਲੀ ਪਹਿਲੀ ਦਵਾਈ
ਮੋਲਨੂਪਿਰਾਵਿਰ ਨੂੰ ਅਮਰੀਕੀ ਦਵਾਈ ਕੰਪਨੀਆਂ ਮੈਰਕ, ਸ਼ਾਰਪ ਅਥੇ ਡੋਹਮੇ (ਐਮਐਸਡੀ) ਅਤੇ ਰਿਜਬੈਕ ਬਾਈਓਥੈਰਾਪਿਊਟਿਕਸ ਵੱਲੋਂ ਵਿਕਸਿਤ ਕੀਤਾ ਗਿਆ ਹੈ।
ਇਹ ਕੋਵਿਡ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ ਮੂੰਹ ਰਾਹੀਂ ਲਈ ਜਾ ਸਕਣ ਵਾਲੀ ਪਹਿਲੀ ਐਂਟੀਵਾਇਰਲ ਦਵਾਈ ਹੈ।
ਬ੍ਰਿਟੇਨ ਵਿੱਚ ਇਸ ਦੀ 4.8 ਲੱਖ ਕੋਰਸਾਂ ਦੀ ਪਹਿਲੀ ਖੇਪ ਨਵੰਬਰ ਵਿੱਚ ਪਹੁੰਚਣ ਦੀ ਸੰਭਾਵਨਾ ਹੈ।
ਸ਼ੁਰੂ ਵਿੱਚ ਇੱਕ ਦੇਸ਼ ਵਿਆਪੀ ਅਧਿਐਨ ਦੇ ਹਿੱਸੇ ਵਜੋਂ ਟੀਕਾ ਲਗਵਾ ਚੁੱਕੇ ਅਤੇ ਬਿਨਾਂ ਟੀਕੇ ਵਾਲੇ ਦੋਵਾਂ ਕਿਸਮ ਦੇ ਲੋਕਾਂ ਨੂੰ ਦਿੱਤੀ ਜਾਵੇਗੀ, ਤਾਂ ਜੋ ਇਸ ਦੀ ਕਾਰਗਰਤਾ ਬਾਰੇ ਹੋਰ ਡੇਟਾ ਇਕੱਠਾ ਕੀਤਾ ਜਾ ਸਕੇ।
ਦੇਖਿਆ ਗਿਆ ਹੈ ਕਿ ਦਵਾਈ ਸਭ ਤੋਂ ਜ਼ਿਆਦਾ ਕਾਰਗਰ ਉਦੋਂ ਹੁੰਦੀ ਹੈ ਜੇ ਲੱਛਣ ਸਾਹਮਣੇ ਆਉਣ ਤੋਂ ਪਹਿਲੇ ਪੰਜ ਦਿਨਾਂ ਦੌਰਾਨ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ:
ਇਸ ਨਵੇਂ ਇਲਾਜ ਵਿੱਚ ਇੱਕ ਇਨਜ਼ਾਈਮ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਸ ਦੀ ਵਰਤੋਂ ਵਾਇਰਸ ਆਪਣੀਆਂ ਨਕਲਾਂ ਬਣਾਉਣ ਲਈ ਕਰਦਾ ਹੈ।
ਵਾਇਰਸ ਇਸ ਇਨਜਾਈਮ ਦੇ ਜਨੈਟਿਕ ਕੋਡ ਨੂੰ ਵਿਗਾੜ ਦਿੰਦਾ ਹੈ।
ਦਵਾਈ ਨਾਲ ਵਾਇਰਸ ਨੂੰ ਦੂਣਾ-ਚੌਣਾ ਹੋਣ ਤੋਂ ਰੋਕਿਆ ਜਾ ਸਕੇਗਾ। ਇਸ ਦੇ ਸਿੱਟੇ ਵਜੋਂ ਸਰੀਰ ਵਿੱਚ ਵਾਇਰਸ ਦੀ ਮਾਤਰਾ ਸੀਮਤ ਰੱਖੀ ਦਾ ਸਕੇਗੀ ਅਤੇ ਬੀਮਾਰੀ ਵਿਗੜਨ ਤੋਂ ਵੀ ਕਾਬੂ ਕੀਤੀ ਜਾ ਸਕੇਗੀ।
ਮੈਰਕ ਨੇ ਦੱਸਿਆ ਕਿ ਉਮੀਦ ਹੈ ਕਿ ਇਸ ਨਾਲ ਕੋਰੋਨਾਵਾਇਰਸ ਦੇ ਭਵਿੱਖ ਵਿੱਚ ਸਾਹਮਣੇ ਆਉਣ ਵਾਲੇ ਰੂਪਾਂ ਦੇ ਇਲਾਜ ਵਿੱਚ ਵੀ ਮਦਦ ਮਿਲੇਗੀ।
ਬ੍ਰਿਟੇਨ ਦੇ ਰੈਗੂਲੇਟਰ ਨੇ ਕਿਹਾ ਹੈ ਕਿ ਫਿਲਹਾਲ ''ਦਵਾਈ ਉਨ੍ਹਾਂ ਲੋਕਾਂ ਨੂੰ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਨ੍ਹਾਂ ਨੂੰ ਹਲਕੇ ਮਿਆਨਾ ਵਾਲਾ ਕੋਵਿਡ ਹੈ ਅਤੇ ਉਨ੍ਹਾਂ ਵਿੱਚ ਇੱਕ ਜਾਂ ਵਧੇਰੇ ਕਾਰਨ ਹਨ ਜਿਨ੍ਹਾਂ ਕਾਰਨ ਉਨ੍ਹਾਂ ਦੀ ਬੀਮਾਰੀ ਵਿਗੜ ਸਕਦੀ ਹੈ।''
ਇਹ ਕਾਰਨ ਹੋ ਸਕਦੇ ਹਨ- ਮੋਟਾਪਾ, ਬਜ਼ੁਰਗੀ, ਡਾਇਬਿਟੀਜ਼ ਜਾਂ ਦਿਲ ਦੀਆਂ ਬੀਮਾਰੀਆਂ।
ਰੈਗੂਲੇਟਰ ਦੇ ਮੁਖੀ ਜੂਨ ਰੇਇਨ ਨੇ ਕਿਹਾ ਕਿ ਇਸ ਨਾਲ ''ਕੋਵਿਡ-19 ਖ਼ਿਲਾਫ਼ ਸਾਡੇ ਕੋਲ ਇੱਕ ਹੋਰ ਹਥਿਆਰ ਆ ਗਿਆ ਹੈ।''
ਉਨ੍ਹਾਂ ਨੇ ਕਿਹਾ ਕਿ ਇਹ ਇਸ ਬੀਮਾਰੀ ਲਈ ਮਾਨਤਾ ਹਾਸਲ ਕਰਨ ਵਾਲੀ ਪਹਿਲੀ ਦਵਾਈ ਹੈ ਜੋ ਮੂੰਹ ਰਾਹੀਂ ਲਈ ਜਾ ਸਕਦੀ ਹੈ।
ਇਹ ਅਹਿਮ ਹੈ ਕਿਉਂਕਿ ਇਸ ਤੋਂ ਪਹਿਲਾਂ ਕਿ ਕੋਵਿਡ ਵਿਗੜੇ ਇਹ ਘਰੇ ਵੀ ਦਿੱਤੀ ਜਾ ਸਕਦੀ ਹੈ।
ਕਲੀਨੀਕਲ ਟਰਾਇਲ
ਸ਼ੁਰੂਆਤੀ ਤੌਰ 'ਤੇ ਮੋਲਨੂਪਿਰਾਵਿਰ 775 ਅਜਿਹੇ ਮਰੀਜ਼ਾਂ ਨੂੰ ਦਿੱਤੀ ਗਈ ਜਿਨ੍ਹਾਂ ਨੂੰ ਕੋਵਿਡ ਤੇ ਲੱਛਣ ਅਜੇ ਆਏ ਹੀ ਸਨ। ਅਧਿਐਨ ਵਿੱਚ ਦੇਖਿਆ ਗਿਆ ਕਿ-
- ਦਵਾਈ ਵਾਲੇ 7.3% ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
- ਜਦਕਿ ਜਿਨ੍ਹਾਂ ਨੂੰ ਪਲੇਸਬੋ ਦਿੱਤੀ ਗਈ ਸੀ ਉਨ੍ਹਾਂ ਵਿੱਚੋਂ 14.1% ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ।
- ਦਵਾਈ ਵਾਲੇ ਗਰੁੱਪ ਵਿੱਚ ਕਿਸੇ ਦੀ ਜਾਨ ਨਹੀਂ ਗਈ ਜਦਕਿ ਦੂਜੇ ਗਰੁੱਪ ਵਿੱਚੋਂ ਅੱਠ ਜਣਿਆਂ ਦੀ ਜਾਨ ਗਈ
ਇਨ੍ਹਾਂ ਨਤੀਜਿਆਂ ਬਾਰੇ ਇੱਕ ਪ੍ਰੈੱਸ ਨੋਟ ਵਿੱਚ ਜਾਰੀ ਕੀਤਾ ਗਿਆ ਅਤੇ ਅਜੇ ਇਨ੍ਹਾਂ ਦੀ ਪੀਅਰ ਰਿਵੀਊ ਨਹੀਂ ਕੀਤਾ ਗਿਆ ਹੈ।
ਫਿਰ ਵੀ ਡੇਟਾ ਸੁਝਾਉਂਦਾ ਹੈ ਕਿ ਮੋਲਨੂਪਿਰਾਵਿਰ ਲੱਛਣਾਂ ਤੋਂ ਤੁਰੰਤ ਮਗਰੋਂ ਲਈ ਜਾਣੀ ਚਾਹੀਦੀ ਹੈ।
ਜਾਰੀ ਕੀਤੇ ਗਏ ਪ੍ਰਵਾਨਗੀ ਪੱਤਰ ਵਿੱਚ ਲਿਖਿਆ ਗਿਆ ਹੈ, ''ਪੌਜ਼ੀਟਿਵ ਨਤੀਜਾ ਆਉਣ ਤੋਂ ਪੰਜ ਦਿਨਾਂ ਦੇ ਅੰਦਰ-ਅੰਦਰ ਦਵਾਈ ਜਿੰਨੀ ਜਲਦੀ ਹੋ ਸਕੇ ਦਿੱਤੀ ਜਾਣੀ ਚਾਹੀਦੀ ਹੈ।''
ਕਿੰਗਸ ਕਾਲਜ ਲੰਡਨ ਦੇ ਪ੍ਰੋਫ਼ੈਸਰ ਪੈਨੀ ਵਾਰਡ, ਜੋ ਕਿ ਅਧਿਐਨ ਦਾ ਹਿੱਸਾ ਨਹੀਂ ਸਨ ਨੇ ਕਿਹਾ ਕਿ ਜੇ ''ਅਜਿਹੇ ਹੀ ਨਤੀਜੇ ਬ੍ਰਿਟੇਨ ਵਿੱਚ ਮਿਲਦੇ ਹਨ ਤਾਂ ਹਸਪਤਾਲ ਭਰਤੀ ਹੋਣ ਵਾਲਿਆਂ ਦੀ ਗਿਣਤੀ ਅੱਧੀ ਰਹਿ ਜਾਵੇਗੀ ਅਤੇ ਮੌਤਾਂ ਦੀ ਗਿਣਤੀ ਵੀ ਕਾਫ਼ੀ ਘੱਟ ਹੋ ਜਾਵੇਗੀ।''
''ਇਸ ਦੀ ਸੰਭਾਵਨਾ ਹੈ ਕਿ ਇਸ ਦੀ ਵਰਤੋਂ ਉਨ੍ਹਾਂ ਲੋਕਾਂ ਤੱਕ ਸੀਮਤ ਰਹੇ ਜਿਨ੍ਹਾਂ ਦਾ ਕੋਵਿਡ ਵਿਗੜਨ ਦੀ ਸੰਭਾਵਨਾ ਹੋਵੇ। ਮਿਸਾਲ ਵਜੋਂ ਦਿਲ ਦੀਆਂ ਬੀਮਾਰੀਆਂ ਵਾਲੇ, ਫੇਫੜੇ ਜਾਂ ਗੁਰਦਿਆਂ ਦੇ ਰੋਗਾਂ ਵਾਲੇ ਅਤੇ ਡਾਇਬਟੀਜ਼ ਜਾਂ ਕੈਂਸਰ ਵਾਲੇ ਲੋਕ।''
ਬ੍ਰਿਟੇਨ ਤੋਂ ਇਲਾਵਾ ਆਸਟਰੇਲੀਆ, ਸਿੰਗਾਪੁਰ ਅਤੇ ਦੱਖਣੀ ਕੋਰੀਆ ਨੇ ਵੀ ਦਵਾਈ ਖ਼ਰੀਦ ਸਮਝੌਤੇ ਕੀਤੇ ਹਨ।
ਮੈਰਕ ਪਹਿਲੀ ਕੰਪਨੀ ਹੈ ਜਿਸ ਨੇ ਕੋਵਿਡ ਦੀ ਪਹਿਲੀ ਗੋਲੀ ਦੇ ਟਰਾਇਲ ਦੇ ਨਤੀਜੇ ਜਨਤਕ ਕੀਤੇ ਹਨ। ਹੋਰ ਕੰਪਨੀਆਂ ਵੀ ਅਜਿਹੇ ਇਲਾਜ ਉੱਪਰ ਕੰਮ ਕਰ ਰਹੀਆਂ ਹਨ।
ਕੰਪਨੀ ਦੀ ਮੁਕਾਬਲੇਦਾਰ ਫਾਇਜ਼ਰ ਨੇ ਵੀ ਦੋ ਐਂਟੀਵਾਇਰਲ ਦਵਾਈਆਂ ਦੇ ਟਰਾਇਲ ਸ਼ੁਰੂ ਕੀਤੇ ਹਨ। ਸਵਿਟਜ਼ਰਲੈਂਡ ਦੀ ਕੰਪਨੀ ਰੌਸ਼ ਵੀ ਅਜਿਹੇ ਇਲਾਜ ਉੱਪਰ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: