ਕਿਤਾਬਾਂ ਪੜ੍ਹਨਾ ਤੁਹਾਡੇ ਦਿਮਾਗ ਨੂੰ ਕਿਵੇਂ ਬਦਲ ਦਿੰਦਾ ਹੈ, 4 ਨੁਕਤਿਆਂ ਵਿੱਚ ਸਮਝੋ

    • ਲੇਖਕ, ਐਨਾ ਪਾਇਸ
    • ਰੋਲ, ਐਰੀਕੁਇਪਾ ਦੇ ਹੇਅ ਫ਼ੈਸਟੀਵਲ ਤੋਂ ਬੀਬੀਸੀ ਪੱਤਰਕਾਰ

ਇਸ ਲੇਖ ਦਾ ਸਿਰਲੇਖ ਭਾਵੇਂ ਤੁਹਾਨੂੰ ਸੱਚ ਨਾ ਲੱਗੇ ਪਰ ਇਹ ਇੱਕ ਸਾਧਾਰਨ ਵਿਗਿਆਨਿਕ ਤੱਥ ਹੈ ਕਿ - ਪੜ੍ਹਨਾ, ਦਿਮਾਗ ਵਿੱਚ ਸਭ ਕੁਝ ਹੀ ਬਦਲ ਦਿੰਦਾ ਹੈ।

ਸਾਡੇ ਦਿਮਾਗ ਦੀ ਬਣਤਰ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ ਕੁਝ ਵੀ ਪੜ੍ਹਨ ਤੋਂ ਅਛੂਤਾ ਨਹੀਂ ਰਹਿੰਦਾ।

ਸਵਾਲ ਇਹ ਹੈ ਕਿ ਕਿੱਥੋਂ ਤੱਕ? ਸਪੇਨ ਦੀ ਇੱਕ ਨਿਊਰੋਲਾਜਿਸਟ ਫ੍ਰਾਂਸਿਸਕੋ ਮੋਰਾ ਦੇ ਅਨੁਸਾਰ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਕਿਤਾਬ ਨੇ ਜਾਂ ਜੋ ਕੁਝ ਵੀ ਤੁਸੀਂ ਪੜ੍ਹ ਰਹੇ ਹੋ ਉਸ ਨੇ ਤੁਹਾਡੀ ਦਿਲਚਸਪੀ ਜਗਾਈ ਹੈ ਜਾਂ ਨਹੀਂ ਅਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਕੀ ਇਸ ਨੇ ਤੁਹਾਡੀਆਂ ਭਾਵਨਾਵਾਂ ਉੱਪਰ ਕਿੰਨਾ ਅਸਰ ਪਾਇਆ ਹੈ।

ਅੱਠ ਸਾਲ ਪਹਿਲਾਂ ਪ੍ਰਕਾਸ਼ਿਤ ਹੋਈ ਕਿਤਾਬ ''ਨਿਊਰੋਐਜੂਕੇਸ਼ਨ'' ਵਿੱਚ ਮੋਰਾ ਕਹਿੰਦੇ ਹਨ ਕਿ ''ਤੁਸੀਂ ਸਿਰਫ਼ ਉਹੀ ਸਿੱਖ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ''। ਇਹ ਕਿਤਾਬ ਇਸ ਗੱਲ 'ਤੇ ਆਧਾਰਿਤ ਹੈ ਕਿ ਦਿਮਾਗ ਵਿਗਿਆਨ ਕਿਸ ਤਰ੍ਹਾਂ ਲੋਕਾਂ ਦੇ ਸਿੱਖਣ-ਸਿਖਾਉਣ ਦੇ ਤਰੀਕੇ ਨੂੰ ਬਿਹਤਰ ਬਣਾ ਸਕਦਾ ਹੈ।

ਪਿਛਲੇ ਸਾਲ, ਯੂਨੀਵਰਸਿਟੀ ਪ੍ਰੋਫ਼ੈਸਰ (ਮੋਰਾ) ਨੇ ਆਪਣੀ ਪਿਛਲੀ ਕਾਮਯਾਬ ਕਿਤਾਬ ਦੇ ਮੁੱਖ ਵਿਸ਼ੇ 'ਤੇ ਵਧੇਰੇ ਪ੍ਰਕਾਸ਼ ਪਾਉਂਦਿਆਂ ਇੱਕ ਹੋਰ ਕਿਤਾਬ ''ਨਿਊਰੋਐਜੂਕੇਸ਼ਨ ਐਂਡ ਰੀਡਿੰਗ'' ਵੀ ਪ੍ਰਕਾਸ਼ਿਤ ਕੀਤੀ। ਇਸ ਨਵੀਂ ਕਿਤਾਬ ਵਿੱਚ ਉਹ ਪੜ੍ਹਨ ਦੀ ਸਮਰੱਥਾ ਨੂੰ ਮਨੁੱਖਤਾ ਦੀ ਅਸਲ ਕ੍ਰਾਂਤੀ ਵਜੋਂ ਪਰਿਭਾਸ਼ਿਤ ਕਰਦੇ ਹਨ।

ਮੋਰਾ ਨੇ ਬੀਬੀਸੀ ਮੁੰਡੋ ਨਾਲ ਗੱਲਬਾਤ ਵਿੱਚ ਦਿਮਾਗ, ਸਿੱਖਿਆ ਤੇ ਪੜ੍ਹਨ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ। ਉਨ੍ਹਾਂ ਦੁਆਰਾ ਕੀਤੀ ਗਈ ਇਸ ਗੱਲਬਾਤ ਨੂੰ ਅਸੀਂ ਮੁੱਖ ਰੂਪ ਨਾਲ ਇਨ੍ਹਾਂ ਚਾਰ ਨੁਕਤਿਆਂ ਰਾਹੀਂ ਸਮਝ ਸਕਦੇ ਹਾਂ।

1. ਪੜ੍ਹਨਾ ਇੱਕ ਬਣਾਉਟੀ ਅਤੇ ਹਾਲੀਆ ਪ੍ਰਕਿਰਿਆ ਹੈ

ਮੋਰਾ ਕਹਿੰਦੇ ਹਨ, ''ਸਾਨੂੰ ਬੋਲਣ ਦੀ ਸਮਰੱਥਾ, ਜਨੈਟਿਕ ਮਿਊਟੇਸ਼ਨ ਦੁਆਰਾ ਲੱਗਭਗ 20 ਤੋਂ 30 ਲੱਖ ਸਾਲ ਪਹਿਲਾਂ ਹਾਸਲ ਹੋਈ ਹੈ।"

ਉਸ ਸਮੇਂ ਤੋਂ ਹੀ ਮਨੁੱਖ ਬੋਲਣ ਲਈ ਲੋੜੀਂਦੀ ਦਿਮਾਗੀ ਸਮਰੱਥਾ (ਨਿਊਰਲ ਸਰਕਟ) ਦੇ ਨਾਲ ਪੈਦਾ ਹੋ ਰਹੇ ਹਨ ਹਾਲਾਂਕਿ ਬੋਲਣਾ ਸਿਰਫ਼ ਦੂਜੇ ਦੇ ਰਾਬਤੇ ਵਿੱਚ ਆ ਕੇ ਹੀ ਸਿੱਖਿਆ ਜਾ ਸਕਦਾ ਹੈ।

ਫ੍ਰਾਂਸਿਸਕੋ ਮੋਰਾ ਨੇ ਇੱਕ ਡਾਕਟਰ ਵਜੋਂ ਟ੍ਰੇਨਿੰਗ ਲਈ ਹੈ ਅਤੇ ਉਹ ਨਿਊਰੋਸਾਇੰਸ ਦੇ ਡਾਕਟਰ ਹਨ।

''ਨਿਊਰੋਐਜੂਕੇਸ਼ਨ ਐਂਡ ਰੀਡਿੰਗ'' ਵਿੱਚ ਉਹ ਲਿਖਦੇ ਹਨ, ''ਅਸੀਂ ਇੱਕ ਬ੍ਰੇਨ ਡਿਸਕ ਨਾਲ ਪੈਦਾ ਹੋਏ ਹਾਂ ਜਿਸ 'ਤੇ ਅਸੀਂ ਰਿਕਾਰਡ ਕਰ ਸਕਦੇ ਹਾਂ। ਪਰ ਜੇ ਕੁਝ ਵੀ ਰਿਕਾਰਡ ਨਹੀਂ ਕਰਾਂਗੇ ਤਾਂ ਇਹ ਖਾਲੀ ਰਹਿ ਜਾਵੇਗੀ।''

ਦੂਜੇ ਪਾਸੇ, ਪੜ੍ਹਨਾ ਲਗਭਗ 6,000 ਸਾਲ ਪਹਿਲਾਂ ਹੋਂਦ ਵਿੱਚ ਆਇਆ, ਜਦੋਂ ਸਾਨੂੰ ਆਪਣੇ ਕਬੀਲੇ ਤੋਂ ਬਾਹਰ ਸੰਚਾਰ ਕਰਨ ਦੀ ਜ਼ਰੂਰਤ ਮਹਿਸੂਸ ਹੋਈ, ਕਿਉਂਕਿ ਮੂੰਹੋਂ ਬੋਲੇ ਸ਼ਬਦਾਂ ਦੀ ਪਹੁੰਚ ਸੀਮਤ ਸੀ।

ਇਸ ਤੋਂ ਇਲਾਵਾ, ਇਸਦਾ ਆਧਾਰ ਵੀ ਜੈਨੇਟਿਕ (ਅਨੁਵੰਸ਼ਿਕ) ਨਹੀਂ ਹੈ ਬਲਕਿ ਇਹ ਸਿੱਖਿਆ ਹੋਇਆ ਜਾਂ ਸੱਭਿਆਚਾਰਕ ਹੈ।

ਮੋਰਾ ਆਪਣੀ ਕਿਤਾਬ ਵਿੱਚ ਦੱਸਦੇ ਹਨ, ''ਪੜ੍ਹਨਾ ਇੱਕ ਅਜਿਹੀ ਪ੍ਰਕਿਰਿਆ ਹੈ ਅਤੇ ਜੋ ਸਾਨੂੰ ਵਿਰਾਸਤ ਵਿੱਚ (ਜੀਨਾਂ ਵਿੱਚ) ਨਹੀਂ ਮਿਲਿਆ ਇਸ ਲਈ ਇਹ ਅਗਲੀ ਪੀੜ੍ਹੀ ਤੱਕ ਆਪਣੇ-ਆਪ ਨਹੀਂ ਜਾ ਸਕਦਾ। ਇਹ ਹਰ ਮਨੁੱਖ ਨੂੰ ਖ਼ੁਦ ਸਿੱਖਣਾ ਪੈਂਦਾ ਹੈ, ਜਿਸਦੇ ਲਈ ਹਰ ਵਾਰ ਸਿੱਖਣ ਅਤੇ ਯਾਦ ਰੱਖਣ ਦੀ ਜ਼ਰੂਰਤ ਪੈਂਦੀ ਹੈ।''

ਉਹ ਅੱਗੇ ਲਿਖਦੇ ਹਨ, ਪੜ੍ਹਨਾ, ਤੇ ਬੇਸ਼ੱਕ ਚੰਗੀ ਤਰ੍ਹਾਂ ਜਾਂ ਵਧੀਆ ਤਰੀਕੇ ਨਾਲ ਪੜ੍ਹਨ ਲਈ, ਮਿਹਨਤ, ਧਿਆਨ, ਯਾਦ ਸ਼ਕਤੀ ਅਤੇ ਸਪੱਸ਼ਟ ਸਿਖਲਾਈ ਦੀ ਲੋੜ ਹੁੰਦੀ ਹੈ ਅਤੇ ਜੇ ਤੁਸੀਂ ਜ਼ਿਆਦਾ ਪੜ੍ਹਨਾ ਚਾਹੁੰਦੇ ਹੋ ਤਾਂ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਇਸ ਵਿੱਚ ਲਗਾਉਣਾ ਪੈਂਦਾ ਹੈ।''

ਇਹ ਵੀ ਪੜ੍ਹੋ:

ਉਨ੍ਹਾਂ ਮੁਤਾਬਕ ਪੜ੍ਹਨਾ ਸਿੱਖਣਾ ਇੱਕ ਮਹਿੰਗਾ ਅਤੇ ਮਿਹਨਤ ਵਾਲਾ ਕੰਮ ਹੈ।

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ 'ਮਹਿੰਗੇ' ਅਤੇ 'ਮਿਹਨਤੀ' ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਸਦੇ ਲਈ ਬਹੁਤ ਕੁਝ ਝੱਲਣਾ ਪਏਗਾ।

ਹਾਲਾਂਕਿ ਜਦੋਂ ਮੋਰਾ ਚਾਰ ਸਾਲ ਦੇ ਸਨ ਤਾਂ ਪੜ੍ਹਾਈ ਵੱਲੋਂ ਬੇਧਿਆਨੀ ਵਰਤਣ ਕਾਰਨ ਸਕੂਲੋਂ ਸਜ਼ਾ ਮਿਲਣੀ ਸ਼ੁਰੂ ਹੋ ਗਈ ਸੀ।

ਇਸ ਦੀ ਵਜ੍ਹਾ ਸੀ ਕਿ ਮੋਰਾ ਦੇ ਅਧਿਆਪਕਾਂ ਨੇ ਇਸ ਗੱਲ 'ਤੇ ਧਿਆਨ ਹੀ ਨਹੀਂ ਦਿੱਤਾ ਕਿ ਇੱਕ ਬੱਚੇ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ।

2. ਛੇਤੀ ਪੜ੍ਹਨਾ ਸਿੱਖਣ ਨਾਲ ਤੁਸੀਂ ਹੁਸ਼ਿਆਰ ਨਹੀਂ ਬਣਦੇ

ਮੋਰਾ ਮੁਤਾਬਕ ਬੱਚੇ ਮਾਂ ਦੀ ਕੁੱਖ ਤੋਂ ''ਸਿੱਖਣ ਵਾਲੀਆਂ ਮਸ਼ੀਨਾਂ'' ਹੁੰਦੇ ਹਨ। ਬਲਕਿ ''ਮਨੁੱਖ ਨੂੰ ਲਗਭਗ ਹਰ ਚੀਜ਼ ਸਿੱਖਣੀ ਪੈਂਦੀ ਹੈ''।

ਪੜ੍ਹਨਾ ਸਿੱਖਣਾ ਬੱਚੇ ਦੇ ਵਿਕਾਸ ਦਾ ਅਹਿਮ ਪੜਾਅ ਹੈ, ਜਿਸ 'ਤੇ ਕਈ ਵਾਰ ਮਾਪੇ ਮਾਣ ਮਹਿਸੂਸ ਕਰਦੇ ਹਨ ਤਾਂ ਕਈ ਵਾਰ ਉਹ ਫਿਕਰ ਕਰਨ ਲੱਗਦੇ ਹਨ।

ਉਹ ਕਹਿੰਦੇ ਹਨ, ''ਜਦੋਂ ਇੱਕ ਮਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਸਦੇ 5 ਸਾਲਾ ਬੱਚੇ ਨੂੰ ਪੜ੍ਹਨਾ ਸਿੱਖਣ ਵਿੱਚ ਦਿੱਕਤ ਆਉਂਦੀ ਹੈ ਜਦਕਿ ਗੁਆਂਢ ਵਿੱਚ ਹੀ ਰਹਿੰਦਾ 4 ਸਾਲਾ ਇੱਕ ਬੱਚਾ ਪੂਰੇ ਫਰਾਟੇ ਨਾਲ ਪੜ੍ਹਦਾ ਹੈ ਤਾਂ ਉਹ ਮਾਂ ਸ਼ਾਇਦ ਆਪਣੇ ਆਪ ਨੂੰ ਪੁੱਛੇਗੀ - ਕੀ ਮੇਰਾ ਬੱਚਾ ਇੰਨਾ ਹੀ ਅਨਾੜੀ ਹੈ?''

ਨਿਊਰੋਸਾਇੰਸ ਨੇ ਦਿਖਾਇਆ ਹੈ ਕਿ ਦਿਮਾਗ ਦੇ ਕੁਝ ਹਿੱਸੇ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਪੜ੍ਹਨਾ ਸਿੱਖਣ ਲਈ ਪਹਿਲਾਂ ਤੋਂ ਪਰਿਪੱਕ ਹੋਣਾ ਪੈਂਦਾ ਹੈ।

ਇਹ ਕੁਝ ਅਜਿਹਾ ਹੈ ਜੋ 3 ਸਾਲ ਦੀ ਉਮਰ ਵਿੱਚ ਹੋ ਸਕਦਾ ਹੈ ਪਰ ਆਮ ਤੌਰ 'ਤੇ 6 ਜਾਂ 7 ਸਾਲ ਦੀ ਉਮਰ ਇਸਦੇ ਲਈ ਸਭ ਤੋਂ ਚੰਗੀ ਮੰਨੀ ਜਾਂਦੀ ਹੈ।

ਇਸੇ ਕਾਰਨ ਉਹ ਲਿਖਦੇ ਹਨ ਕਿ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਰਸਮੀ ਤੌਰ 'ਤੇ ਪੜ੍ਹਨ ਦੀ ਸਿਖਲਾਈ ਦੀ ਸ਼ੁਰੂਆਤ 7 ਸਾਲ ਦੀ ਉਮਰ ਵਿੱਚ ਹੋਣੀ ਚਾਹੀਦੀ ਹੈ, ''ਇੱਕ ਉਮਰ ਜਿਸ ਵਿੱਚ, ਲਗਭਗ ਨਿਸ਼ਚਿਤ ਰੂਪ ਨਾਲ ਸਾਰੇ ਬੱਚਿਆਂ ਵਿੱਚ ਪੜ੍ਹਾਈ ਲਈ ਜ਼ਰੂਰੀ ਹਿੱਸਿਆਂ ਦਾ ਵਿਕਾਸ ਹੋ ਚੁੱਕਿਆ ਹੁੰਦਾ ਹੈ ਅਤੇ ਉਹ ਪੜ੍ਹਨਾ ਸਿੱਖਣ ਦੀ ਹਰ ਭਾਵਨਾ ਅਤੇ ਅਰਥ ਨੂੰ ਸਮਝਣ ਦੇ ਯੋਗ ਹੋ ਚੁੱਕੇ ਹੁੰਦੇ ਹਨ।''

"ਫਿਨਲੈਂਡ ਨੂੰ ਸਿੱਖਿਆ ਦੇ ਮਾਮਲੇ ਵਿੱਚ ਕਾਫੀ ਅੱਗੇ ਮੰਨਿਆ ਜਾਂਦਾ ਹੈ ਅਤੇ ਉੱਥੇ ਇਸੇ ਉਮਰ ਵਿੱਚ ਬੱਚੇ ਪੜ੍ਹਨ ਦੀ ਸਿਖਲਾਈ ਲੈਣਾ ਸ਼ੁਰੂ ਕਰਦੇ ਹਨ।''

ਨਿਊਰੋਐਜੂਕੇਸ਼ਨ ਦੀ ਮਹੱਤਤਾ ਦੱਸਦੇ ਸਮੇਂ ਮੋਰਾ ਕਹਿੰਦੇ ਹਨ ਕਿ ਸਿੱਖਿਆ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਹਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ।

ਇੱਕ ਹੋਰ ਪਹਿਲੂ ਇਹ ਵੀ ਹੈ ਕਿ ਛੋਟੀ ਉਮਰ ਵਿੱਚ ਹੀ ਬੱਚੇ ਨੂੰ ਸਿੱਖਿਆ ਅਤੇ ਪੜ੍ਹਨ ਲਈ ਮਜਬੂਰ ਕਰਨ ਨਾਲ ਉਨ੍ਹਾਂ 'ਤੇ ਬੇਲੋੜਾ ਬੋਝ ਪੈਂਦਾ ਹੈ ਤੇ ਉਹ ਪਰੇਸ਼ਾਨ ਹੋ ਜਾਂਦੇ ਹਨ। ਇਸ ਮਾਮਲੇ ਵਿੱਚ ਵਰਤੀ ਗਈ 3-4 ਸਾਲ ਦੀ ਕਾਹਲੀ ਦਾ ਭਵਿੱਖ ਪੱਖੋਂ ਵੀ ਕੋਈ ਖਾਸ ਮਹੱਤਵ ਨਹੀਂ ਹੈ।

ਸੌਖੇ ਸ਼ਬਦਾਂ ਵਿੱਚ ਕਹੀਏ ਤਾਂ, ਇਸ ਨਾਲ ਤੁਹਾਨੂੰ ਪੜ੍ਹਾਈ ਵਿੱਚ ਕੋਈ ਮਦਦ ਨਹੀਂ ਮਿਲਦੀ ਅਤੇ ਤੁਸੀਂ ਜ਼ਿਆਦਾ ਹੁਸ਼ਿਆਰ ਵੀ ਨਹੀਂ ਹੋ ਜਾਂਦੇ।

ਮੋਰਾ ਦੇ ਅਨੁਸਾਰ, ਦਿਮਾਗ ਦੇ ਪਰਿਪੱਕ ਹੋਣ ਵਿੱਚ ਇੱਕ ਮੌਲਿਕ ਅਨੁਵੰਸ਼ਿਕ ਹਿੱਸਾ ਹੁੰਦਾ ਹੈ, ਪਰ ਇਸਦੇ ਨਾਲ ਹੀ ਇੱਕ ਸੱਭਿਆਚਾਰਕ ਹਿੱਸਾ ਵੀ ਹੁੰਦਾ ਹੈ ਜੋ ਘਰ ਨਾਲ ਜੁੜਿਆ ਹੋਇਆ ਹੁੰਦਾ ਹੈ।

ਮਾਪਿਆਂ ਨਾਲ ਰਹਿੰਦੇ ਹੋਏ ਵੱਡੇ ਹੋਣਾ ਜੋ ਆਪ ਪੜ੍ਹਦੇ ਹਨ ਜਾਂ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਨ, ''ਇੱਕ ਭਾਵਨਾਤਮਕ ਪੱਖ ਹੈ ਜੋ ਪੜ੍ਹਨਾ ਸਿੱਖਣ ਵਿੱਚ ਬਹੁਤ ਮਦਦ ਕਰਦਾ ਹੈ।''

3. ਇੰਟਰਨੈੱਟ ਧਿਆਨ ਭਟਕਾਉਂਦਾ ਹੈ

''ਨਿਊਰੋਐਜੂਕੇਸ਼ਨ ਐਂਡ ਰੀਡਿੰਗ'' ਵਿੱਚ ਮੋਰਾ ਲਿਖਦੇ ਹਨ, ''ਇਸ ਗੱਲ 'ਤੇ ਕਿਸੇ ਨੂੰ ਸ਼ੱਕ ਨਹੀਂ ਹੈ ਕਿ ਇੰਟਰਨੈੱਟ ਇੱਕ ਸਫਲ ਕ੍ਰਾਂਤੀ ਰਹੀ ਹੈ, ਜਿਸਨੇ ਇੱਕ ''ਡਿਜੀਟਲ ਯੁੱਗ'' ਲੈ ਆਂਦਾ ਹੈ ਅਤੇ ਜਿੱਥੇ ਪੜ੍ਹਨ ਦੀ ਕਿਰਿਆ ਨਾ ਸਿਰਫ ਤੇਜ਼ ਹੋਈ ਹੈ ਬਲਕਿ ਇਸਦਾ ਤਰੀਕਾ ਵੀ ਬਹੁਤ ਵੱਖਰਾ ਹੈ।''

ਹਾਲਾਂਕਿ, ਇੱਕ ਅਧਿਐਨ ਵਿੱਚ ਕੁਝ ਨਾਕਾਰਾਤਮਕ ਪਹਿਲੂ ਵੀ ਸਾਹਮਣੇ ਆਏ ਹਨ ਕਿ ਇੰਟਰਨੈੱਟ ਛੋਟੇ ਅਤੇ ਜਵਾਨ ਹੋ ਰਹੇ ਬੱਚਿਆਂ ਦੇ ਦਿਮਾਗ 'ਤੇ ਕੀ ਪ੍ਰਭਾਵ ਪਾਉਂਦਾ ਹੈ।

ਦੇਖਿਆ ਗਿਆ ਹੈ ਕਿ ਇੰਟਰਨੈਟ ਦੇ ਅਸਰ ਕਾਰਨ ਬੱਚਿਆਂ ਵਿੱਚ ਹਮਦਰਦੀ ਦੀ ਭਾਵਨਾ ਘੱਟ ਹੋਣ ਤੋਂ ਲੈ ਕੇ ਫੈਸਲਾ ਲੈਣ ਦੀ ਸਮਰੱਥਾ ਘੱਟ ਹੋਣ ਤੱਕ ਵਰਗੇ ਲੱਛਣ ਪਾਏ ਜਾ ਸਕਦੇ ਹਨ।

''ਨਿਊਰੋਐਜੂਕੇਸ਼ਨ'' ਵਿੱਚ ਮੋਰਾ ਦੱਸਦੇ ਹਨ ਕਿ ਪੜ੍ਹਨ ਸਮੇਂ ਸਾਨੂੰ ਫ਼ਾਲਤੂ ਵਿਚਾਰਾਂ ਤੋਂ ਦਿਮਾਗ ਦੀ ਰੱਖਿਆ ਕਰਨੀ ਪੈਂਦੀ ਹੈ। ਕਈ ਵਾਰ ਤਾਂ 99% ਵਿਚਾਰ ਰੋਕ ਕੇ ਸਿਰਫ਼ 1% ਉੱਪਰ ਹੀ ਧਿਆਨ ਲਗਾਉਣਾ ਹੁੰਦਾ ਹੈ।

ਪੜ੍ਹਨ ਲਈ ਤੁਹਡੇ ਕੋਲ ਢੁਕਵਾਂ ਸਮਾਂ ਵੀ ਹੋਣਾ ਚਾਹੀਦਾ ਹੈ।

ਇਸ ਦੇ ਮੁਕਾਬਲੇ ਇੰਟਰਨੈਟ ਦੀ ਸਰਫ਼ਿੰਗ ਕਰਦਿਆਂ ਤੁਹਾਨੂੰ ਦਿਮਾਗੀ ਇਕਾਗਰਤਾ ਦੀ ਓਨੀ ਦਰਕਾਰ ਨਹੀਂ ਹੁੰਦੀ। ਤੁਸੀਂ ਸਰਸਰੀ ਜਿਹੀ ਨਿਗ੍ਹਾ ਨਾਲ ਹੀ ਇੰਟਰਨੈਟ ਉੱਪਰ ਜ਼ਿਆਦਾਤਰ ਚੀਜ਼ਾਂ ਦੇਖਦੇ ਹੋ।

ਪੜ੍ਹਨਾ ਕਿਹਾ ਜਾਵੇ ਤਾਂ ਯੋਜਨਾ ਬਣਾਉਣ ਵਰਗੀ ਪ੍ਰਕਿਰਿਆ ਹੈ, ਜਿਸ ਵਿੱਚ ਤੁਹਾਨੂੰ ਹੋਰ ਕੁਝ ਯਾਦ ਨਹੀਂ ਰਹਿੰਦਾ।

ਇਹ ਵੀ ਪੜ੍ਹੋ:

ਇਸ ਤਰ੍ਹਾਂ ਇੰਟਰਨੈਟ ਵਰਤਣ ਸਮੇਂ ਜਿੱਥੇ ਅਸੀਂ ਸਰਸਰੇ ਜਿਹੇ ਧਿਆਨ ਤੋਂ ਕੰਮ ਲੈਂਦੇ ਹਾਂ ਉੱਥੇ ਪੜ੍ਹਨ ਸਮੇਂ ਸਾਡਾ ਧਿਆਨ ਟਿਕਿਆ ਹੁੰਦਾ ਹੈ ਅਤੇ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ।

ਅਜਿਹੇ ਵੀ ਲੋਕ ਹਨ ਜੋ ਧਿਆਨ ਦੇ ਇੱਕ ਨਵੇਂ ਪ੍ਰਕਾਰ ਬਾਰੇ ਗੱਲ ਕਰਦੇ ਹਨ ਅਤੇ ਉਸ ਨੂੰ ਡਿਜੀਟਲ ਕਹਿੰਦੇ ਹਨ।

ਮੋਰਾ ਸਵੀਕਾਰ ਕਰਦੇ ਹਨ ਕਿ ਅੱਜ ਕਿਸੇ ਇਤਿਹਾਸਕ ਹਸਤੀ ਦੀ ਜਨਮ ਮਿਤੀ ਯਾਦ ਰੱਖਣ ਦਾ ਕੋਈ ਮੱਲਤਬ ਨਹੀਂ ਰਹਿ ਗਿਆ ਹੈ ਕਿਉਂਕਿ ਇਹ ਕੰਮ ਗੂਗਲ ਤੁਰੰਤ ਅਤੇ ਜ਼ਿਆਦਾ ਸਟੀਕਤਾ ਨਾਲ ਕਰ ਦਿੰਦਾ ਹੈ। ਫ਼ਿਰ ਇਸਦਾ ਮਤਲਬ ਇਹ ਨਹੀਂ ਕਿ ਯਾਦ ਸ਼ਕਤੀ ਸਿਰਫ਼ ਜਮਾਤ ਕਮਰਿਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ।

ਉਹ ਕਹਿੰਦੇ ਹਨ, ''ਤੁਹਾਨੂੰ ਬਹੁਤ ਕੁਝ ਯਾਦ ਰੱਖਣਾ ਪੈਂਦਾ ਹੈ, ਕਿਉਂਕਿ ਤੁਹਾਡੀਆਂ ਯਾਦਾਂ ਹੀ ਤੁਹਾਨੂੰ ਬਣਾਉਂਦੀਆਂ ਹਨ। ਕੀ ਇਹ ਚੰਗਾ ਨਹੀਂ ਹੈ ਕਿ ਤੁਸੀਂ ਕਿਸੇ ਯਾਦ ਕੀਤੀ ਹੋਈ ਕਵਿਤਾ ਜਾਂ ਸਾਹਿਤ ਦੀਆਂ ਕੁਝ ਪੰਕਤੀਆਂ ਨਾਲ ਆਪਣੀ ਗੱਲ ਨੂੰ ਹੋਰ ਸੋਹਣਾ ਬਣਾ ਕੇ ਪੇਸ਼ ਕਰੋ?''

''ਇਹ ਤੁਹਾਡੇ ਵਿਅਕਤੀਤਵ ਦਾ ਬਹੁਤ ਅਹਿਮ ਪਹਿਲੂ ਹੈ, ਜੋ ਤੁਹਾਨੂੰ ਵੱਖਰਾ ਬਣਾਉਂਦਾ ਹੈ।'' ਬਲਕਿ ਉਹ ਦਾਅਵਾ ਕਰਦੇ ਹਨ ਕਿ ਇਹ ਤੁਹਾਨੂੰ ਬਿਹਤਰ ਇਨਸਾਨ ਬਣਾਉਂਦਾ ਹੈ।

4. ਪੜ੍ਹਨਾ ਤੁਹਾਡੇ ਦਿਮਾਗ ਨੂੰ ਬਦਲਦਾ ਹੈ (ਅਤੇ ਤੁਹਾਨੂੰ ਵੀ)

ਹਾਲਾਂਕਿ, ਸਾਡਾ ਦਿਮਾਗ ਅਨੁਵੰਸ਼ਿਕ ਤੌਰ 'ਤੇ ਪੜ੍ਹਨ ਲਈ ਨਹੀਂ ਬਣਿਆ ਹੈ ਪਰ ਇਸ ਅਨੋਖੇ ਅੰਗ ਵਿੱਚ ਇਹ ਵਿਲੱਖਣ ਯੋਗਤਾ ਹੈ ਕਿ ਇਹ ਇਸ ਕੌਸ਼ਲ ਨੂੰ ਸਿੱਖਣ ਲਈ ਜ਼ਰੂਰੀ ਲਚਕੀਲਾਪਣ ਹਾਸਲ ਕਰ ਲੈਂਦਾ ਹੈ।

ਸ਼ਾਇਦ ਇਸਦੀ ਸਭ ਤੋਂ ਚੰਗੀ ਮਿਸਾਲ ਹੈ ਪੜ੍ਹਾਈ ਨਾਲ ਦਿਮਾਗ ਦੇ ਉਸ ਹਿੱਸੇ ਵਿੱਚ ਜ਼ਿਆਦਾ ਕਿਰਿਆਸ਼ੀਲਤਾ ਰਹਿੰਦੀ ਹੈ ਜੋ ਕਿ ਅਸਲ ਵਿੱਚ ਆਕਾਰਾਂ ਅਤੇ ਮੁਹਾਂਦਰਿਆਂ ਦੀ ਪਛਾਣ ਕਰਨ ਲਈ ਜ਼ਿੰਮੇਵਾਰ ਹੈ। ਸਮਾਂ ਪਾ ਕੇ ਉਹੀ ਹਿੱਸਾ ਸ਼ਬਦਾਂ ਨੂੰ ਵੀ ਬਣਾਉਣਾ ਅਤੇ ਪਛਾਨਣਾ ਸ਼ੁਰੂ ਕਰ ਦਿੰਦਾ ਹੈ।

ਪਰ ਇਹ ਬਦਲਾਅ ਸਿਰਫ਼ ਇਸ ਦੀ ਬਣਤਰ ਵਿੱਚ ਹੀ ਨਹੀਂ ਹੁੰਦੇ।

''ਨਿਊਰੋਐਜੂਕੇਸ਼ਨ'' ਵਿੱਚ ਮੋਰਾ ਲਿਖਦੇ ਹਨ," ਬੱਚਿਆਂ ਨੂੰ ਸਿਖਾਉਣ ਵਾਲੇ ਅਧਿਆਪਕ ਵਿੱਚ ਇਹ ਸਮਰੱਥਾ ਹੁੰਦੀ ਹੈ ਕਿ ਉਹ ਬੱਚੇ ਦੇ ਦਿਮਾਗ ਦੀ ਭੌਤਿਕੀ, ਰਸਾਇਣਕ ਬਣਤਰ, ਅਤੇ ਨਾੜੀ ਤੰਤਰ ਤੇ ਸਮੁੱਚੀ ਬਣਤਰ ਵਿੱਚ ਬਦਲਾਅ ਲਿਆ ਸਕਦੇ ਹਨ।

ਇਸ ਦੇ ਸਿੱਟੇ ਵਜੋਂ ਨਵੇਂ ਨਿਊਰਲ ਸਰਕਟ ਬਣਦੇ ਹਨ ਜੋ ਕਿ ਫਿਰ ਵਿਦਿਆਰਥੀ ਦੇ ਵਿਹਾਰ ਵਿੱਚੋਂ ਪ੍ਰਤੱਖ ਹੁੰਦੇ ਹਨ।

ਬਾਅਦ ਵਿੱਚ ਉਹ ''ਨਿਊਰੋਐਜੂਕੇਸ਼ਨ ਐਂਡ ਰੀਡਿੰਗ'' ਵਿੱਚ ਇਸ ਦੱਸਦੇ ਹਨ ਕਿ, ''ਕੋਈ ਵਿਅਕਤੀ ਸਿਰਫ਼ ਆਪਣੇ ਤਜਰਬਿਆਂ ਦੇ ਆਧਾਰ 'ਤੇ ਨਹੀਂ ਬਦਲਦਾ ਸਗੋਂ ਇਸ ਆਧਾਰ 'ਤੇ ਵੀ ਬਦਲਦਾ ਹੈ ਕਿ ਉਹ ਕੀ ਪੜ੍ਹਦਾ ਹੈ।''

ਉਹ ਅੱਗੇ ਕਹਿੰਦੇ ਹਨ, ''ਪੜ੍ਹਨਾ ਮਹਿਜ਼ ਇੱਕ ਸੁਸਤ ਕਿਰਿਆ ਨਹੀਂ ਹੈ ਜਿਸ ਵਿੱਚ ਕਿਸੇ ਵਿਸ਼ੇਸ਼ ਕਿਤਾਬ ਜਾਂ ਦਸਤਾਵੇਜ਼ ਦੀ ਲਿਖਤ ਨੂੰ ਪੜ੍ਹ ਲਿਆ ਜਾਵੇ, ਬਲਕਿ ਇਹ ਤਾਂ ਇੱਕ ਚੁਸਤ ਕਿਰਿਆ ਹੈ।

ਪੜ੍ਹਨਾ ਤਾਂ ਜੋ ਕੁਝ ਵੀ ਲਿਖਤ ਵਿੱਚ ਦੱਸਿਆ ਗਿਆ ਹੈ ਉਸਦੇ ਪੁਨਰ-ਨਿਰਮਾਣ ਦੀ ਕਿਰਿਆ ਹੈ, ਜੇਕਰ ਤੁਸੀਂ ਅਜਿਹਾ ਕਰਦੇ ਹੋ।

ਇਸ ਵਿੱਚ ''ਗਿਆਨ ਸਬੰਧੀ ਇੱਕ ਘੇਰਾ ਬਣਾਉਣਾ ਸ਼ਾਮਲ ਹੈ ਜਿਸ ਵਿੱਚ ਦਿਲਚਸਪੀ, ਧਿਆਨ, ਸਿੱਖਣਾ, ਯਾਦ ਕਰਨਾ, ਭਾਵਨਾਵਾਂ, ਜਾਗਰੂਕਤਾ, ਗਿਆਨ ਅਤੇ ਬਦਲਾਅ ਸ਼ਾਮਲ ਹੁੰਦੇ ਹਨ।''

ਮੋਰਾ, ਇਟਲੀ ਦੇ ਦਾਰਸ਼ਨਿਕ ਉਮਬਰਤੋ ਇਕੋ ਦੁਆਰਾ ਲਿਖੀ ਗੱਲ ਨੂੰ ਯਾਦ ਕਰਦਿਆਂ ਕਹਿੰਦੇ ਹਨ, ''ਜੋ ਵਿਅਕਤੀ ਪੜ੍ਹਦਾ ਨਹੀਂ ਉਹ ਸਿਰਫ਼ ਇੱਕ ਹੀ ਜੀਵਨ ਜਿਉਂਦਾ ਹੈ। ਜੋ ਪੜ੍ਹਦਾ ਹੈ, ਉਹ 5000 ਜੀਵਨ ਜਿਉਂਦਾ ਹੈ। ਪੜ੍ਹਨਾ, ਪਿੱਛੇ ਵੱਲ ਨੂੰ ਅਮਰ ਹੋਣਾ ਹੈ। (ਪੜ੍ਹਨਾ, ਅਮਰ ਹੋਣ ਸਮਾਨ ਹੈ)''

(ਇਹ ਲੇਖ ਹੇਅ ਫੈਸਟੀਵਲ ਡਿਜੀਟਲ ਅਰਕਿਊਪਾ ਦਾ ਇੱਕ ਹਿੱਸਾ ਹੋ। ਲੇਖਕਾਂ ਅਤੇ ਵਿਚਾਰਕਾਂ ਦਾ ਇਹ ਸੰਮੇਲਨ 1 ਤੋਂ 7 ਨਵੰਬਰ 2021 ਤੱਕ ਚੱਲ ਰਿਹਾ ਹੈ।)

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)