ਕਿਤਾਬਾਂ ਤੇ ਕਲਾਸਰੂਮ ਤੋਂ ਮੁਕਤ ਨੇ ਫ਼ਿਨਲੈਂਡ ਦੇ ਸਕੂਲ

    • ਲੇਖਕ, ਮਾਰ ਪਿਸ਼ੇਲ
    • ਰੋਲ, ਬੀਬੀਸੀ ਮੁੰਡੋ

ਫ਼ਿਨਲੈਂਡ ਨੂੰ ਸਿੱਖਿਆ ਪ੍ਰਬੰਧ 'ਚ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ।

ਵੱਖ-ਵੱਖ ਦੇਸ ਸਿੱਖਿਆ ਪ੍ਰਬੰਧ ਨੂੰ ਸਿੱਖਣ ਲਈ ਇੱਥੇ ਆਉਂਦੇ ਹਨ।

ਇੱਥੇ ਬੱਚਿਆਂ ਨੂੰ 7 ਸਾਲਾਂ ਦੀ ਉਮਰ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਕੂਲ 'ਚ ਜ਼ਿਆਦਾ ਕੰਮ ਵੀ ਨਹੀਂ ਦਿੱਤਾ ਜਾਂਦਾ।

ਫ਼ਿਨਲੈਂਡ 'ਚ ਸਕੂਲ ਦੇ ਘੰਟੇ ਵੀ ਘੱਟ ਹੁੰਦੇ ਹਨ ਅਤੇ ਛੁੱਟੀਆਂ ਵੀ ਵਧੇਰੇ ਹੁੰਦੀਆਂ ਹਨ।

ਨਹੀਂ ਹੁੰਦੀ ਪ੍ਰੀਖਿਆ

ਸਭ ਤੋਂ ਰੋਚਕ ਗੱਲ ਇਹ ਹੈ ਕਿ ਇੱਥੇ ਸਿੱਖਿਆ ਪ੍ਰਬੰਧ ਵਿੱਚ ਪ੍ਰੀਖਿਆ ਨਹੀਂ ਹੁੰਦੀ।

ਇੱਥੋਂ ਦੇ ਸਿੱਖਿਆ ਮਾਡਲ ਨੂੰ ਕੌਮਾਂਤਰੀ ਪੱਧਰ 'ਤੇ ਸਭ ਤੋਂ ਸਫ਼ਲ ਕਰਾਰ ਦਿੱਤਾ ਗਿਆ ਹੈ।

ਅਜੇ ਵੀ ਇਹ ਦੇਸ ਆਪਣੀ ਸਿੱਖਿਆ ਪ੍ਰਬੰਧ 'ਚ ਲਗਾਤਾਰ ਬਦਲਾਅ ਕਰ ਰਿਹਾ ਹੈ।

ਇੱਕ ਸਾਲ ਪਹਿਲਾਂ ਇਸ ਉੱਤਰ ਯੂਰਪੀ ਦੇਸ 'ਚ 'ਫਿਨਾਮਿਨਾ ਲਰਨਿੰਗ' ਦਾ ਤਰੀਕਾ ਸ਼ੁਰੂ ਕੀਤਾ ਗਿਆ ਸੀ।

ਜਿਸ ਵਿੱਚ ਰਵਾਇਤੀ ਵਿਸ਼ਿਆਂ ਦੀ ਥਾਂ ਥੀਮ ਅਧਾਰਿਤ ਪ੍ਰੋਜੈਕਟ ਦੀ ਸਿੱਖਿਆ ਵਿਓਂਤ ਅਪਣਾਈ ਗਈ।

ਜਿਸ ਦੇ ਤਹਿਤ ਵਿਦਿਆਰਥੀ ਪੜ੍ਹਾਈ ਸੰਬੰਧੀ ਪੂਰੀ ਪ੍ਰਕਿਰਿਆ ਦੀ ਜ਼ਿੰਮੇਦਾਰੀ ਆਪ ਨਿਭਾਉਂਦੇ ਹਨ।

ਡਿਜ਼ੀਟਲ ਤਕਨੀਕ ਦੇ ਇਸਤੇਮਾਲ ਨਾਲ ਉਨ੍ਹਾਂ ਦੀ ਕਿਤਾਬਾਂ 'ਤੇ ਨਿਰਭਰਤਾ ਵੀ ਖ਼ਤਮ ਹੋ ਜਾਂਦੀ ਹੈ।

ਕਿਤਾਬਾਂ ਤੇ ਕਲਾਸਰੂਮ ਤੋਂ ਮੁਕਤ

ਇੱਥੋਂ ਦੇ ਸਕੂਲਾਂ ਵਿੱਚ ਬੰਦ ਕੰਧਾਂ ਵਾਲੀਆਂ ਕਲਾਸਾਂ ਦੇ ਪੁਰਾਣੇ ਤਰੀਕਿਆਂ ਨੂੰ ਬਦਲ ਕੇ ਓਪਨ ਪਲਾਨ ਯਾਨਿ 'ਖੁੱਲ੍ਹੀ ਥਾਂ ਦੀ ਮੁਹਿੰਮ' ਨੂੰ ਲਾਗੂ ਕੀਤਾ ਗਿਆ ਹੈ।

ਪੁਰਾਣੇ ਕਲਾਸ ਰੂਮਜ਼ ਨੂੰ ਮਲਟੀ-ਮਾਡਲ ਸਪੇਸ 'ਚ ਤਬਦੀਲ ਕੀਤਾ ਗਿਆ ਹੈ। ਇਹ ਮਲਟੀ-ਮਾਡਲ ਕਮਰੇ ਕੱਚ ਦੀਆਂ ਕੰਧਾਂ ਨਾਲ ਵੰਡੇ ਹੁੰਦੇ ਹਨ।

ਇਹ ਕੰਧਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਖਿਸਕਾਈਆਂ ਜਾ ਸਕਦੀਆਂ ਹਨ।

ਕਲਾਸਰੂਮ 'ਚ ਡੈਸਕ ਤੇ ਬੈਂਚ ਦੀ ਥਾਂ ਸੋਫ਼ੇ ਤੇ ਗੱਦੇ ਰੱਖੇ ਗਏ ਹਨ।

ਨੈਸ਼ਨਲ ਐਜੂਕੇਸ਼ਨ ਏਜੰਸੀ ਦੇ ਆਰਕੀਟੈਕਟ ਤਪਾਨਿਨੇਨ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਤਰੀਕਿਆਂ ਨਾਲ ਵਿਦਿਆਰਥੀ ਅਤੇ ਅਧਿਆਪਕ ਆਪਣੀ ਸੁਵਿਧਾ ਅਨੁਸਾਰ ਥਾਂ ਚੁਣ ਸਕਦੇ ਹਨ।

ਜੇਕਰ ਕੋਈ ਇਕੱਲਿਆ ਕੰਮ ਕਰਨਾ ਚਾਹੁੰਦਾ ਹੈ ਜਾਂ ਟੀਮ ਦੇ ਨਾਲ, ਇਸ ਦੇ ਹਿਸਾਬ ਨਾਲ ਉਹ ਆਪਣੀ ਥਾਂ ਚੁਣ ਲੈਂਦੇ ਹਨ।

ਮਾਨਸਿਕ ਦਾਇਰਾ ਖੁੱਲ੍ਹਦਾ ਹੈ

ਫ਼ਿਨਲੈਂਡ 'ਚ ਫਰਮ ਐੱਫਸੀਜੀ ਵਿੱਚ ਸਲਾਹਕਾਰ ਰਾਇਲਾ ਓਕਸਾਨੇਨ ਕਹਿੰਦੇ ਹਨ ਕਿ "ਓਪਨ ਸਪੇਸ ਰਾਹੀਂ ਨਾ ਸਿਰਫ਼ ਕਲਾਸ ਦੇ ਦਾਇਰੇ ਨੂੰ ਖੋਲ੍ਹਿਆ ਜਾਂਦਾ ਹੈ ਬਲਕਿ ਵਿਦਿਆਰਥੀਆਂ ਦੇ ਮਾਨਸਿਕ ਦਾਇਰੇ ਨੂੰ ਵੀ ਵੱਡਾ ਕੀਤਾ ਜਾਂਦਾ ਹੈ।"

ਉਨ੍ਹਾਂ ਮੁਤਾਬਕ "ਇਸ ਤਰੀਕੇ ਨਾਲ ਵਿਦਿਆਰਥੀ ਜ਼ਿੰਮੇਦਾਰ ਬਣਦੇ ਹਨ, ਉਹ ਆਪਣੀ ਸਿੱਖਿਆ ਦੀ ਜ਼ਿੰਮੇਦਾਰੀ ਖ਼ੁਦ ਚੁੱਕਣ ਲੱਗਦੇ ਹਨ।

ਉਹ ਆਪਣੇ ਟੀਚੇ ਮਿੱਥਦੇ ਹਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਕੋਸ਼ਿਸ਼ ਕਰਦੇ ਹਨ। "

ਪੁਰਾਣਾ ਹੈ ਓਪਨ ਸਪੇਸ ਦਾ ਵਿਚਾਰ

ਫ਼ਿਨਲੈਂਡ ਓਪਨ ਸਪੇਸ ਦਾ ਵਿਚਾਰ ਕੋਈ ਨਵਾਂ ਨਹੀਂ ਹੈ। ਲਗਭਗ 60 ਅਤੇ 70 ਵੇਂ ਦਹਾਕਿਆਂ 'ਚ ਅਜਿਹੇ ਸਕੂਲ ਖੁੱਲ੍ਹਣ ਲੱਗੇ ਸਨ। ਉਸ ਵੇਲੇ ਵੱਡੇ-ਵੱਡੇ ਹਾਲਾਂ ਨੂੰ ਪਰਦਿਆਂ ਨਾਲ ਵੰਡਿਆ ਜਾਂਦਾ ਸੀ।

ਪਰ ਇੱਕ ਹੀ ਹਾਲ 'ਚ ਬੈਠਣ ਨਾਲ ਰੌਲਾ ਜ਼ਿਆਦਾ ਪੈਂਦਾ ਸੀ। ਇਸ ਲਈ 1980 ਅਤੇ 1990 ਦੇ ਦਹਾਕਿਆਂ 'ਚ ਬੰਦ ਕਲਾਸਰੂਮ ਸ਼ੁਰੂ ਹੋ ਗਏ।

ਸਕੂਲ ਦੀ ਪੜ੍ਹਾਈ ਨੂੰ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਨਹੀਂ ਰੱਖਿਆ ਜਾਂਦਾ ਸਗੋਂ ਵਿਦਿਆਰਥੀਆਂ ਨੂੰ ਕੁਦਰਤ ਦੇ ਨੇੜੇ ਜਾਣ ਦਾ ਮੌਕਾ ਵੀ ਦਿੱਤਾ ਜਾਂਦਾ ਹੈ।

ਉਨ੍ਹਾਂ ਨੂੰ ਮਿਊਜ਼ਮੀਅਮ ਅਤੇ ਹੋਰ ਥਾਵਾਂ 'ਤੇ ਘੁੰਮਾਇਆ ਜਾਂਦਾ ਹੈ।

ਚੁਣੌਤੀਆਂ

ਓਪਨ ਸਪੇਸ ਢੰਗ ਨਾਲ ਕੁਝ ਚੁਣੌਤੀਆਂ ਵੀ ਦਰਪੇਸ਼ ਆਉਂਦੀਆਂ ਹਨ। ਜਿਵੇਂ:

  • ਰੌਲਾ ਘੱਟ ਪਾਉਣਾ

ਇਸ ਲਈ ਕਲਾਸ 'ਚ ਬਿਨਾਂ ਜੁੱਤੀ ਤੋਂ ਆਉਣ ਲਈ ਕਿਹਾ ਗਿਆ, ਤਾਂ ਜੋ ਕਲਾਸ 'ਚ ਘੁੰਮਣ ਫਿਰਨ ਦੀ ਅਵਾਜ਼ ਨਾ ਆਏ ਤੇ ਪੜ੍ਹਣਾ ਸੌਖਾ ਹੋਵੇ।

ਕਲਾਸਰੂਮ ਵਿੱਚ ਫਰਸ਼ 'ਤੇ ਕਲੀਨ ਵਿਛਾਇਆ ਗਿਆ ਤਾਂ ਜੋ ਸ਼ੋਰ ਘੱਟ ਹੋਵੇ।

  • ਸੁਰੱਖਿਆ

ਓਪਨ ਕਲਾਸਰੂਮ ਵਿੱਚ ਸੁਰੱਖਿਆ ਕਾਫ਼ੀ ਮਹੱਤਵਪੂਰਨ ਮੁੱਦਾ ਹੈ। ਸਾਲ 2007 'ਚ ਇੱਕ 18 ਸਾਲਾ ਵਿਦਿਆਰਥੀ ਨੇ ਆਪਣੀ ਕਲਾਸ ਦੇ 8 ਬੱਚਿਆਂ ਨੂੰ ਗੋਲੀ ਮਾਰ ਦਿੱਤੀ ਸੀ।

ਇਸ ਲਈ ਸਕੂਲਾਂ ਵਿੱਚ ਸੁਰੱਖਿਆ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।

ਫ਼ਿਨਲੈਂਡ 'ਚ 4800 ਪ੍ਰਾਈਮਰੀ, ਸੈਕੰਡਰੀ ਅਤੇ ਹਾਈ ਸਕੂਲ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਸਕੂਲ ਓਪਨ ਸਪੇਸ ਦੇ ਮਾਡਲ ਨੂੰ ਅਪਣਾ ਰਹੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)