ਅਫ਼ਗਾਨਿਸਤਾਨ: 'ਤਾਲਿਬਾਨ ਨੇ ਮੈਨੂੰ ਕਿਹਾ ਸ਼ੁਕਰ ਮਨਾ ਕਿ ਤੇਰਾ ਸਿਰ ਕਲਮ ਨਹੀਂ ਕੀਤਾ'

ਅਫ਼ਗਾਨਿਸਤਾਨ
    • ਲੇਖਕ, ਸਿਕੰਦਰ ਕਿਰਮਾਨੀ
    • ਰੋਲ, ਬੀਬੀਸੀ ਪੱਤਰਕਾਰ, ਕਾਬੁਲ

ਇੱਕ ਜਮਾਤ ਵਿੱਚ ਬੈਠੀਆਂ ਛੇ-ਸੱਤ ਸਾਲ ਦੀਆਂ ਕੁੜੀਆਂ ਬਹੁਤ ਹੀ ਉਤਸ਼ਾਹ ਨਾਲ ਆਪਣੇ ਹੱਥ ਹਵਾ 'ਚ ਹਿਲਾ ਕੇ ਆਪਣੇ ਅਧਿਆਪਕ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ। ਹਰ ਇੱਕ ਵਿਦਿਆਰਥੀ ਫ਼ਾਰਸੀ ਵਿਆਕਰਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਲਈ ਬੇਚੈਨ ਹੈ।

ਸਾਲ 2001 ਵਿੱਚ ਅਮਰੀਕੀ ਹਮਲੇ ਅਤੇ ਤਾਲਿਬਾਨ ਦੀ ਹਾਰ ਤੋਂ ਬਾਅਦ ਕਾਬੁਲ 'ਚ ਕੁੜੀਆਂ ਲਈ ਖੁੱਲ੍ਹਣ ਵਾਲੇ ਸਕੂਲਾਂ 'ਚੋਂ ਇੱਕ ਮਨੌਚੇਹਰੀ ਪ੍ਰਾਇਮਰੀ ਸਕੂਲ ਸੀ।

ਉਸ ਸਮੇਂ ਇਹ ਸਿਰਫ ਇੱਕ ਕਮਰੇ ਵਾਲਾ ਸਕੂਲ ਸੀ ਅਤੇ ਵਿਦਿਆਰਥੀ ਕੱਚੇ ਫਰਸ਼ 'ਤੇ ਬੈਠ ਕੇ ਸਿੱਖਿਆ ਹਾਸਲ ਕਰਦੇ ਸਨ।

ਤਾਲਿਬਾਨ ਦੇ ਸ਼ਾਸਨ ਦੌਰਾਨ, ਜੋ ਕੁਝ ਕਾਬੁਲ ਵਿੱਚ 1996 ਵਿੱਚ ਸ਼ੁਰੂ ਹੋਇਆ ਸੀ, ਕੁੜ੍ਹੀਆਂ ਨੂੰ ਸਿੱਖਿਆ ਹਾਸਲ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਔਰਤ ਅਧਿਆਪਕਾਂ ਨੂੰ ਘਰ ਰਹਿਣ ਦੇ ਹੀ ਹੁਕਮ ਦਿੱਤੇ ਗਏ ਸਨ।

ਆਇਸ਼ਾ ਮਿਸਬਾਹ ਵੀ ਉਨ੍ਹਾਂ 'ਚੋਂ ਹੀ ਇੱਕ ਸੀ। ਹੁਣ ਉਹ ਹੈੱਡਟੀਚਰ ਹੈ ਅਤੇ ਬਹੁਤ ਹੀ ਮਾਣ ਨਾਲ ਆਪਣੇ ਸਕੂਲ ਦੇ ਨਵੇਂ ਬਣੇ ਕਲਾਸਰੂਮ ਵਿਖਾਉਂਦੇ ਹਨ।

ਇਹ ਵੀ ਪੜ੍ਹੋ:

ਆਇਸ਼ਾ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਪੜ੍ਹਾਏ ਗਏ ਬਹੁਤ ਸਾਰੇ ਵਿਦਿਆਰਥੀ ਹੁਣ ਡਾਕਟਰ, ਇੰਜੀਨੀਅਰ ਜਾਂ ਅਧਿਆਪਕ ਵੱਜੋਂ ਸੇਵਾਵਾਂ ਨਿਭਾ ਰਹੇ ਹਨ।

"ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਸਾਡੇ ਵਿਦਿਆਰਥੀ ਬਹੁਤ ਹੀ ਹੋਣਹਾਰ ਹਨ। ਉਹ ਇੰਨ੍ਹੇ ਰਚਨਾਤਮਕ ਹਨ ਅਤੇ ਅਜਿਹੀਆਂ ਖੂਬਸੂਰਤ ਚੀਜ਼ਾਂ ਦਾ ਨਿਰਮਾਣ ਕਰਦੇ ਹਨ, ਜਿੰਨ੍ਹਾਂ ਨੂੰ ਵੇਖ ਕੇ ਅਸੀਂ ਵੀ ਦੰਗ ਰਹਿ ਜਾਂਦੇ ਹਾਂ। ਮੈਂ ਉਮੀਦ ਕਰਦੀ ਹਾਂ ਕਿ ਤਾਲਿਬਾਨ ਇਸ ਸਫ਼ਰ ਨੂੰ ਜਾਰੀ ਰੱਖਣ ਦੀ ਇਜਾਜ਼ਤ ਜ਼ਰੂਰ ਦੇਵੇਗਾ।"

ਵੀਡੀਓ ਕੈਪਸ਼ਨ, 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ

ਹੁਣ ਦੂਜੀ ਵਾਰ ਅਫ਼ਗਾਨਿਸਤਾਨ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਨੇ ਕੁੜ੍ਹੀਆਂ ਨੂੰ ਸਕੂਲ ਜਾਣ ਦੀ ਖੁੱਲ੍ਹ ਦੇ ਦਿੱਤੀ ਹੈ।

ਫਿਲਹਾਲ, ਅਜੇ ਤੱਕ ਸਿਰਫ ਪ੍ਰਾਇਮਰੀ ਸਕੂਲਾਂ ਵਿੱਚ ਹੀ ਸਹਿ-ਸਿੱਖਿਆ ਦੀ ਇਜਾਜ਼ਤ ਦਿੱਤੀ ਗਈ ਹੈ। ਅਧਿਆਪਕ ਸੈਕੰਡਰੀ ਸਕੂਲਾਂ ਨੂੰ ਚਲਾਉਣ ਲਈ ਨਵੇਂ ਨਿਯਮਾਂ ਦੇ ਪ੍ਰਕਾਸ਼ਨ ਦੀ ਉਡੀਕ ਕਰ ਰਹੇ ਹਨ।

ਕੁਝ ਹੋਰ ਪੇਂਡੂ ਖੇਤਰਾਂ 'ਚ, ਲੰਮੇ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਤਾਲਿਬਾਨ ਕਮਾਂਡਰ ਕੁੜੀਆਂ ਨੂੰ ਉਦੋਂ ਤੱਕ ਸਕੂਲ ਜਾਣ ਦੀ ਇਜਾਜ਼ਤ ਦੇ ਰਹੇ ਹਨ ਜਦੋਂ ਤੱਕ ਉਹ ਜਵਾਨੀ ਵਿੱਚ ਪੈਰ ਨਹੀਂ ਧਰ ਲੈਂਦੀਆਂ ਹਨ।

ਅਫ਼ਗਾਨਿਸਤਾਨ

ਵਿਸ਼ਵ ਬੈਂਕ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਲਗਭਗ 40% ਅਫ਼ਗਾਨ ਕੁੜੀਆਂ ਪ੍ਰਾਇਮਰੀ ਸਕੂਲ 'ਚ ਹਾਜ਼ਰ ਹੋ ਰਹੀਆਂ ਹਨ, ਜੋ ਕਿ ਤਾਲਿਬਾਨ ਦੇ ਪਿਛਲੇ ਸ਼ਾਸਨਕਾਲ ਦੌਰਾਨ ਦੇ ਅੰਕੜੇ ਤੋਂ ਕਿਤੇ ਵਧੇਰੇ ਹੈ। ਪਰ ਇਹ ਅੰਕੜਾ ਇਸ ਖੇਤਰ ਦੇ ਦੂਜੇ ਇਲਾਕਿਆਂ ਦੇ ਮੁਕਾਬਲੇ ਬਹੁਤ ਘੱਟ ਹੈ।

ਅਜਿਹੀ ਸਥਿਤੀ ਹੀ ਹੈਲਥ ਕੇਅਰ ਖੇਤਰ ਦੀ ਵੀ ਹੈ, ਜਿੱਥੇ ਜੱਚਾ ਅਤੇ ਬੱਚਾ ਦੀ ਮੌਤ ਦਰ 'ਚ ਸੁਧਾਰ ਹੋਇਆ ਹੈ, ਪਰ ਅਜੇ ਵੀ ਅੰਕੜੇ ਚਿੰਤਾਜਨਕ ਹਨ।

ਤਾਲਿਬਾਨ ਜ਼ੋਰ ਦੇ ਕੇ ਕਹਿ ਰਿਹਾ ਹੈ ਕਿ ਇਸ ਵਾਰ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਉਨ੍ਹਾਂ ਦੀ ਇਸ ਗੱਲ 'ਤੇ ਅਜੇ ਵੀ ਕਈਆਂ ਨੂੰ ਸ਼ੱਕ ਹੈ, ਕਿਉਂਕਿ ਹਾਲ 'ਚ ਹੀ ਤਾਲਿਬਾਨ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਔਰਤਾਂ ਤੋਂ ਇਲਾਵਾ ਜ਼ਿਆਦਤਰ ਔਰਤਾਂ ਨੂੰ ਸੁਰੱਖਿਆ ਵਿੱਚ ਸੁਧਾਰ ਹੋਣ ਤੱਕ ਘਰ 'ਚ ਹੀ ਰਹਿਣਾ ਚਾਹੀਦਾ ਹੈ।

1990 ਦੇ ਦਹਾਕੇ ਦੌਰਾਨ ਵੀ ਇਹੀ ਕਿਹਾ ਗਿਆ ਸੀ ਅਤੇ ਔਰਤਾਂ ਦੇ ਪੂਰੀ ਤਰ੍ਹਾਂ ਨਾਲ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

ਪਰ ਮਨੌਚੇਹਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਹੋਰ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਖੇਡ ਦੇ ਮੈਦਾਨ ਵਿੱਚ ਤਿੰਨ ਵੱਡੇ ਟੈਂਟ ਲਗਾਏ ਗਏ ਹਨ। ਜਿੰਨ੍ਹਾਂ 'ਚ ਡੈਸਕ ਅਤੇ ਬਲੈਕਬੋਰਡ ਰੱਖੇ ਗਏ ਹਨ। ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਇੰਨ੍ਹੀ ਵਧੇਰੇ ਹੈ ਕਿ ਤਕਰੀਬਨ ਅੱਧੇ ਵਿਦਿਆਰਥੀਆਂ ਨੂੰ ਬਾਹਰ ਹੀ ਪੜ੍ਹਨਾ ਪੈਂਦਾ ਹੈ।

ਪਿਛਲੀ ਸਰਕਾਰ ਅੱਗੇ ਕਈ ਵਾਰ ਬੇਨਤੀਆਂ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਕੰਨ 'ਤੇ ਜੂੰ ਨਾ ਸਰਕੀ ਅਤੇ ਜਦੋਂ ਗੈਰ ਸਰਕਾਰੀ ਸੰਗਠਨਾਂ ਨੇ ਸਹਾਇਤਾ ਦੀ ਪੇਸ਼ਕਸ਼ ਕੀਤੀ ਤਾਂ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਦਦ ਰਾਸ਼ੀ ਪਹਿਲਾਂ ਸਿੱਖਿਆ ਮੰਤਰਾਲੇ ਨੂੰ ਸੌਂਪਣ।

ਅਫ਼ਗਾਨਿਸਤਾਨ
ਤਸਵੀਰ ਕੈਪਸ਼ਨ, ਕਾਬੁਲ ਵਿੱਚ ਕੁਝ ਮੁਜਾਹਰਾਕਰੀ ਔਰਤਾਂ ਨੇ ਕਿਹਾ ਕਿ ਸਾਨੂੰ ਮੌਤ ਤੋਂ ਡਰ ਨਹੀਂ ਲਗਦਾ

ਪਿਛਲੇ ਦੋ ਦਹਾਕਿਆਂ ਤੋਂ ਦੇਸ਼ ਭ੍ਰਿਸ਼ਟਾਚਾਰ ਦੀ ਦਲਦਲ 'ਚ ਫਸਿਆ ਹੋਇਆ ਸੀ। ਇਸ ਦਾ ਮਤਲਬ ਇਹ ਹੈ ਕਿ ਅਰਬਾਂ ਡਾਲਰ ਦੀ ਅੰਤਰਰਾਸ਼ਟਰੀ ਸਹਾਇਤਾ ਕਦੇ ਵੀ ਲੋੜਵੰਦਾਂ ਤੱਕ ਨਹੀਂ ਪਹੁੰਚੀ ਹੈ।

ਹਾਲਾਂਕਿ ਸਿੱਖਿਆ ਪ੍ਰਣਾਲੀ ਨੇ ਨੌਜਵਾਨ ਔਰਤਾਂ ਅਤੇ ਮਰਦਾਂ ਦੀ ਇੱਕ ਪੀੜ੍ਹੀ ਨੂੰ ਢਾਲਣ ਵਿੱਚ ਮਦਦ ਕੀਤੀ ਹੈ, ਜੋ ਕਿ ਤਾਲਿਬਾਨ ਨੂੰ ਚੁਣੌਤੀ ਦੇਣ ਸਮੇਤ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਰੱਖਣ ਦੀ ਹਿੰਮਤ ਰੱਖਦੇ ਹਨ।

ਕਾਬੁਲ ਵਿਖੇ ਰੋਸ ਪ੍ਰਦਰਸ਼ਨ ਕਰ ਰਹੀ ਇੱਕ ਔਰਤ ਨੇ ਮੈਨੂੰ ਦੱਸਿਆ ਕਿ "ਅਸੀਂ 20 ਸਾਲ ਪਹਿਲਾਂ ਦੇ ਉਹ ਮਰਦ ਜਾਂ ਔਰਤਾਂ ਨਹੀਂ ਹਾਂ, ਜਿੰਨ੍ਹਾਂ ਨੂੰ ਅਧੀਨਤਾ ਦੌਰਾਨ ਮਾਰਿਆ ਗਿਆ ਸੀ।"

ਭਾਵੁਕ ਹੋ ਕੇ ਉਹ ਅੱਗੇ ਕਹਿੰਦੀ ਹੈ ਕਿ " ਅਸੀਂ ਮੌਤ ਤੋਂ ਨਹੀਂ ਡਰਦੇ ਹਾਂ। ਅਸੀਂ ਨੌਜਵਾਨ ਪੀੜ੍ਹੀ ਦੇ ਨੁਮਾਇੰਦੇ ਹਾਂ ,ਜੋ ਸ਼ਾਂਤੀ ਦੀਆਂ ਕਲੀਆਂ ਨੂੰ ਅੱਗੇ ਲਿਆਉਣਗੇ।"

ਤਾਲਿਬਾਨ ਵੱਲੋਂ ਐਲਾਨੀ ਗਈ ਨਵੀਂ ਸਰਕਾਰ ਵਿੱਚ ਸਾਰੇ ਹੀ ਮਰਦ ਹਨ।

ਇੰਨ੍ਹਾਂ 'ਚੋਂ ਕਈ 1990 ਦੇ ਦਹਾਕੇ ਦੌਰਾਨ ਤਾਲਿਬਾਨ ਦੇ ਰਾਜ 'ਚ ਸੀਨੀਅਰ ਅਹੁਦਿਆਂ 'ਤੇ ਰਹਿ ਚੁੱਕੇ ਹਨ। ਇਹ ਉਹ ਦੌਰ ਸੀ ਜਦੋਂ ਸ਼ਰੀਆ ਕਾਨੂੰਨ ਨੂੰ ਬਹੁਤ ਹੀ ਬੇਰਹਿਮੀ ਨਾਲ ਲਾਗੂ ਕੀਤਾ ਗਿਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਜ਼ਿਆਦਾਤਰ ਦਿਹਾਤੀ ਖੇਤਰਾਂ 'ਚ , ਜਿੱਥੇ ਵਧੇਰੇ ਰੂੜੀਵਾਦੀ ਸੋਚ ਮੌਜੂਦ ਹੈ, ਉੱਥੋਂ ਦੇ ਬਹੁਤ ਸਾਰੇ ਲੋਕ ਆਪਣੇ ਨਾਲ ਹੋ ਰਹੇ ਜ਼ੁਲਮ ਦੀ ਤੁਲਨਾ ਵੱਡੇ ਸ਼ਹਿਰਾਂ ਦੇ ਲੋਕਾਂ ਨਾਲ ਕਰਨ 'ਤੇ ਅਸਹਿਜ ਮਹਿਸੂਸ ਕਰ ਰਹੇ ਸਨ।

ਕੁਝ ਅਫ਼ਗਾਨ ਲੋਕ ਜੰਗ ਤੋਂ ਪ੍ਰਭਾਵਿਤ ਨਹੀਂ ਹੋਏ ਹਨ, ਭਾਵੇਂ ਕਿ ਉਨ੍ਹਾਂ ਦਾ ਪਿਛੋਕੜ ਕੋਈ ਵੀ ਰਿਹਾ ਹੋਵੇ। ਪਰ ਖੂਨੀ ਮੋਰਚਿਆਂ 'ਚ ਫਸੇ ਪਿੰਡਾਂ 'ਚ, ਕਈ ਲੋਕਾਂ ਨੇ ਤਾਲਿਬਾਨ ਦੀ ਵਾਪਸੀ ਦਾ ਨਿੱਘਾ ਸਵਾਗਤ ਕੀਤਾ ਹੈ। ਇਸ ਪਿੱਛੇ ਦਾ ਘੱਟੋ-ਘੱਟ ਇੱਕ ਕਾਰਨ ਹਿੰਸਾ ਨੂੰ ਖ਼ਤਮ ਕਰਨਾ ਵੀ ਹੈ।

ਜੇਕਰ ਸ਼ਾਂਤੀ ਦੀ ਕੀਮਤ ਵਧੇਰੇ ਸੱਭਿਆਚਾਰਕ ਤਾਨਾਸ਼ਾਹੀਵਾਦ ਹੈ ਤਾਂ ਕੁਝ ਲੋਕ ਕਿਸੇ ਹੋਰ ਚੀਜ਼ ਦੇ ਮੁਕਾਬਲੇ ਇਹ ਚੁਕਾਉਣ ਲਈ ਤਿਆਰ ਹਨ।

ਤਾਲਿਬਾਨ ਵੱਲੋਂ ਕਾਬੁਲ 'ਤੇ ਕਬਜ਼ਾ ਕਰਨ ਤੋਂ ਇੱਕ ਹਫ਼ਤੇ ਬਾਅਦ ਸ਼ਹਿਰ ਦੇ ਇੱਕ ਸਨੂਕਰ ਕਲੱਬ 'ਚ ਮੇਰੀ ਮੁਲਾਕਾਤ ਸ਼ਹਿਰ ਦੇ ਮੱਧ ਵਰਗ ਦੇ ਕੁਝ ਨੌਜਵਾਨਾਂ ਨਾਲ ਹੋਈ।

ਇਸ ਸਮੂਹ ਵਿੱਚ ਵਿਦਿਆਰਥੀ ਅਤੇ ਕਾਰੋਬਾਰੀ ਮਾਲਕ ਦੋਵੇਂ ਹੀ ਨੌਜਵਾਨ ਸਨ। ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਉਹ ਤਾਲਿਬਾਨ ਦੇ ਖ਼ਿਲਾਫ ਹਨ।

ਉਨ੍ਹਾਂ 'ਚੋਂ ਇੱਕ ਨੇ ਕਿਹਾ ਕਿ ਉਹ 'ਜ਼ੌਮਬੀਜ਼' ਵਰਗੇ ਹਨ। ਕੁਝ ਗੰਭੀਰ ਆਵਾਜ਼ 'ਚ ਉਸ ਨੇ ਕਿਹਾ ਕਿ ਤਾਲਿਬਾਨ ਜਲਦ ਹੀ ਆਪਣੇ ਤਾਨਾਸ਼ਾਹੀ ਰਵੱਈਏ ਨੂੰ ਅਪਣਾ ਲੈਣਗੇ ਅਤੇ ਨਿਰਧਾਰਤ ਕਰ ਦੇਣਗੇ ਕਿ ਮਰਦ ਦਾੜੀ ਕਟਵਾ ਸਕਦੇ ਹਨ ਕਿ ਨਹੀਂ ਜਾਂ ਫਿਰ ਉਹ ਆਪਣੇ ਵਾਲਾਂ ਨੂੰ ਕਿਸ ਢੰਗ ਨਾਲ ਬੰਨ੍ਹ ਸਕਦੇ ਹਨ।

ਜਦਕਿ ਦੂਜੇ ਨੌਜਵਾਨ ਸਵਾਲ ਕਰਦੇ ਹਨ ਕਿ ਉਹ ਅਜਿਹੇ ਸਮੂਹ 'ਤੇ ਕਿਵੇਂ ਭਰੋਸਾ ਕਰ ਸਕਦੇ ਹਨ, ਜਿਸ ਦੇ ਸਿਰ 'ਤੇ ਬਹੁਤ ਸਾਰੇ ਆਤਮਘਾਤੀ ਬੰਬ ਧਮਾਕਿਆਂ ਅਤੇ ਹਮਲਿਆਂ ਦੀ ਜ਼ਿੰਮੇਵਾਰੀ ਹੋਵੇ।

ਪਰ ਉਹ ਸਾਰੇ ਅਫ਼ਗਾਨਿਸਤਾਨ ਦੀ ਰਾਜਨੀਤਿਕ ਸ਼੍ਰੇਣੀ ਬਾਰੇ ਵੀ ਸ਼ਰਮਿੰਦਾ ਹੈ। ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਹੀ ਦੂਜੇ ਦੇਸ਼ ਭੱਜ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸ਼ਰਫ ਗਨੀ ਨੂੰ 'ਗ੍ਰਿਫਤਾਰ' ਕੀਤਾ ਜਾਣਾ ਚਾਹੀਦਾ ਹੈ।

ਅਫ਼ਗਾਨਿਸਤਾਨ

ਨੌਜਵਾਨਾਂ 'ਚੋਂ ਇੱਕ ਨੇ ਕਿਹਾ ਕਿ "ਉਸ ਨੇ ਸਾਰੇ ਹੀ ਨੌਜਵਾਨਾਂ ਦਾ ਭਵਿੱਖ ਦਾਅ 'ਤੇ ਲਗਾ ਦਿੱਤਾ ਹੈ।"

ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ 'ਤੇ ਲੱਖਾਂ ਡਾਲਰ ਲੈ ਕੇ ਫਰਾਰ ਹੋਣ ਦਾ ਇਲਜ਼ਾਮ ਵੀ ਲਗਾਇਆ। ਪਰ ਅਸ਼ਰਫ ਗਨੀ ਨੇ ਆਪਣੇ 'ਤੇ ਲੱਗੇ ਇੰਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।

ਉਹ ਸਾਰੇ ਨੌਜਵਾਨ ਦੇਸ਼ 'ਚ ਰਹਿ ਰਹੇ ਸਾਰੇ ਸਿਆਸੀ ਆਗੂਆਂ ਦੀ ਮੌਜੂਦਗੀ ਨੂੰ ਵੀ ਖਾਰਜ ਕਰ ਰਹੇ ਹਨ। ਇਹ ਉਹ ਆਗੂ ਹਨ ਜਿੰਨ੍ਹਾਂ ਨੇ ਸਾਲਾਂ ਤੋਂ ਅਕਸਰ ਹੀ ਡੂੰਘੀ ਰੁਕਾਵਟ ਵਾਲੇ ਰਾਜਨੀਤਿਕ ਮਸਲਿਆ 'ਚ ਸ਼ਿਰਕਤ ਕੀਤੀ ਹੈ।

"ਉਹ ਆਮ ਲੋਕਾਂ ਲਈ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ ਨਹੀਂ ਕਰ ਰਹੇ ਸਨ, ਬਲਕਿ ਸਿਰਫ ਤੇ ਸਿਰਫ ਆਪਣੀਆਂ ਜੇਬ੍ਹਾਂ ਭਰਨ ਅਤੇ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਅਹੁਦੇ ਦਾ ਲਾਭ ਪਹੁੰਚਾਉਣ ਦੇ ਯਤਨਾਂ 'ਚ ਰੁੱਝੇ ਹੋਏ ਸਨ।"

ਅਫ਼ਗਾਨਿਸਤਾਨ 'ਚ ਹੋਈਆਂ ਪਿਛਲੀਆਂ ਦੋ ਰਾਸ਼ਟਰਪਤੀ ਚੋਣਾਂ ਵੋਟਰਾਂ ਨਾਲ ਧੋਖਾਧੜੀ ਦੇ ਵਿਆਪਕ ਇਲਜ਼ਾਮਾਂ ਦੇ ਨਾਲ-ਨਾਲ ਹੋਰ ਕਈ ਰੁਕਾਵਟਾਂ ਨਾਲ ਸਮਾਪਤ ਹੋਈਆਂ ਸਨ।

ਹਾਲਾਂਕਿ ਪਿਛਲੀ ਲੋਕਤੰਤਰੀ ਪ੍ਰਣਾਲੀ 'ਚ ਕਈ ਖਾਮੀਆਂ ਸਨ, ਪਰ ਫਿਰ ਵੀ ਸਨੂਕਰ ਕਲੱਬ ਦੇ ਨੌਜਵਾਨਾਂ ਨੇ ਇਸ ਦੇ ਰੱਦ ਹੋਣ 'ਤੇ ਰੋਸ ਦਾ ਪ੍ਰਗਟਾਵਾ ਕੀਤਾ।

ਅਫ਼ਗਾਨਿਸਤਾਨ

ਤਸਵੀਰ ਸਰੋਤ, MARCUS YAM/LOS ANGELES TIMES/SHUTTERSTOCK

ਤਸਵੀਰ ਕੈਪਸ਼ਨ, ਇਤਿਲਾਤਾਰੋਜ਼ ਦੇ ਫੋਟੋਗ੍ਰਾਫਰ ਨਿਮੇਤੁੱਲ੍ਹਾ ਨਾਕਦੀ ਅਤੇ ਪੱਤਰਕਾਰ ਤਕੀ ਦਰਿਆਬੀ (ਖੱਬੇ)

"ਅਸੀਂ ਸਖ਼ਤ ਮਿਹਨਤ ਕੀਤੀ ਹੈ ਅਤੇ ਪੜ੍ਹੇ ਲਿਖੇ ਹਾਂ। ਅਸੀਂ ਦੇਸ਼ ਨੂੰ ਉੱਚਾ ਚੁੱਕ ਸਕਦੇ ਸੀ ਪਰ ਹੁਣ ਅਸੀਂ ਇਸ ਦੀ ਸੇਵਾ ਲਈ ਕੁਝ ਵੀ ਨਹੀਂ ਕਰ ਸਕਦੇ ਹਾਂ।"

ਪਿਛਲੇ ਦੋ ਦਹਾਕਿਆਂ ਦੌਰਾਨ ਹੋਏ ਸਾਰੇ ਹੀ 'ਲਾਭਾਂ' 'ਚੋਂ ਇੱਕ ਸੁਤੰਤਰ ਸਥਾਨਕ ਮੀਡੀਆ ਦੀ ਸਿਰਜਣਾ ਸਫ਼ਲਤਾ ਦੀਆਂ ਪ੍ਰਮੁੱਖ ਕਹਾਣੀਆਂ 'ਚੋਂ ਇੱਕ ਹੈ।

ਦਹਿਸ਼ਤਗਰਦਾਂ ਵੱਲੋਂ ਹਿੰਸਕ ਢੰਗ ਨਾਲ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਸਮਾਚਾਰ ਸੰਗਠਨ ਇਸ ਖੇਤਰ 'ਚ ਆਜ਼ਾਦ ਸਨ।

ਪੱਤਰਕਾਰਾਂ ਨੂੰ ਕਈ ਵਾਰ ਸਰਕਾਰ ਤੋਂ ਧਮਕੀਆਂ ਵੀ ਮਿਲੀਆਂ ਸਨ।

ਉਦਾਹਰਣ ਦੇ ਤੌਰ 'ਤੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ, ਜੋ ਕਿ ਹੁਣ ਰਾਸ਼ਟਰੀ ਵਿਰੋਧ ਮੋਰਚੇ ਦੀ ਇੱਕ ਪ੍ਰਮੁੱਖ ਹਸਤੀ ਹਨ, ਨੇ ਇੱਕ ਵਾਰ ਤਖਰ ਸੂਬੇ 'ਚ ਸਾਲ 2020 ਦੇ ਸਰਕਾਰੀ ਹਵਾਈ ਹਮਲੇ ਕਾਰਨ ਨਾਗਰਿਕਾਂ ਦੀ ਮੌਤ ਬਾਰੇ 'ਜਾਅਲੀ ਖ਼ਬਰਾਂ' ਦੇਣ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕੀਤਾ ਸੀ।

ਜ਼ਿਕਰਯੋਗ ਹੈ ਕਿ ਇਸ ਸਰਕਾਰੀ ਹਵਾਈ ਹਮਲੇ 'ਚ 12 ਬੱਚਿਆਂ ਦੀ ਮੌਤ ਹੋਈ ਸੀ।

ਵੀਡੀਓ ਕੈਪਸ਼ਨ, ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ

ਭਾਵੇਂ ਕਿ ਹਾਲ ਹੀ ਦਿਨਾਂ 'ਚ ਇਹ ਡਰ ਬਹੁਤ ਵੱਧ ਗਿਆ ਹੈ ਕਿ ਤਾਲਿਬਾਨ ਆਪਣੇ ਖ਼ਿਲਾਫ਼ ਕਿਸੇ ਨਕਾਰਾਤਨਕ ਕਵਰੇਜ ਨੂੰ ਬਰਦਾਸ਼ਤ ਨਹੀਂ ਕਰੇਗਾ।

ਹਾਲਾਂਕਿ ਸਮੂਹ ਨੇ ਸ਼ੂਰੂ 'ਚ ਦਾਅਵਾ ਕੀਤਾ ਸੀ ਜਦੋਂ ਤੱਕ ਪੱਤਰਕਾਰ 'ਇਸਲਾਮੀ ਕਦਰਾਂ-ਕੀਮਤਾਂ' ਜਾਂ 'ਕੌਮੀ ਹਿੱਤਾਂ ' ਦੀ ਉਲੰਘਣਾ ਨਹੀਂ ਕਰਨਗੇ, ਉਦੋਂ ਤੱਕ ਉਨ੍ਹਾਂ ਨੂੰ ਆਜ਼ਾਦ ਪ੍ਰੈਸ ਦੀ ਇਜਾਜ਼ਤ ਦਿੱਤੀ ਜਾਵੇਗੀ।

ਤਾਲਿਬਾਨ ਦੇ ਵਿਰੁੱਧ ਹਾਲ ਵਿੱਚ ਹੀ ਸ਼ਾਂਤਮਈ ਢੰਗ ਨਾਲ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਨੂੰ ਕਈ ਵਾਰ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਗਈ।

ਇਸ ਹਫ਼ਤੇ ਦੇ ਸ਼ੁਰੂ 'ਚ ਹੀ, 22 ਸਾਲਾ ਤਕੀ ਦਰਿਆਬੀ ਅਤੇ ਉਸ ਦੇ ਇੱਕ ਸਹਿਯੋਗੀ ਨੂੰ ਤਾਲਿਬਾਨ ਨੇ ਇੱਕ ਪ੍ਰਦਰਸ਼ਨ ਤੋਂ ਚੁੱਕ ਲਿਆ ਸੀ। ਉਹ ਉਸ ਸਮੇਂ ਇੱਕ ਪੁਲਿਸ ਸਟੇਸ਼ਨ ਨੂੰ ਕਵਰ ਕਰ ਰਹੇ ਸਨ।

ਤਕੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ "ਇੱਕ ਕਮਰੇ ਵਿੱਚ ਲਗਭਗ ਸੱਤ ਤੋਂ ਦੱਸ ਆਦਮੀ ਮੌਜੂਦ ਸਨ। ਉਨ੍ਹਾਂ ਸਾਰਿਆਂ ਨੇ ਮੈਨੂੰ ਲੱਤਾਂ ਨਾਲ ਕੁੱਟਣਾ ਸ਼ੁਰੂ ਕੀਤਾ ਅਤੇ ਨਾਲ ਹੀ ਡੰਡਿਆਂ ਅਤੇ ਰਬੜ ਦੀਆਂ ਪਾਈਪਾਂ ਨਾਲ ਵੀ ਮਾਰਿਆ।"

ਉਸ ਦੀ ਪਿੱਠ ਅਤੇ ਚਿਹਰਾ ਅਜੇ ਵੀ ਸੱਟਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਹੈ।

ਅਫ਼ਗਾਨਿਸਤਾਨ
ਤਸਵੀਰ ਕੈਪਸ਼ਨ, ਕਾਬੁਲ ਦੇ ਬੁਸ਼ ਬਜ਼ਾਰ ਵਿੱਚ ਹੁਣ ਤਾਲਿਬਾਨ ਲੜਾਕਿਆਂ ਦਾ ਦਬਦਬਾ ਹੈ

ਤਕੀ ਨੇ ਅੱਗੇ ਦੱਸਿਆ ਕਿ, "ਇੱਕ ਤਾਲਿਬਾਨੀ ਨੇ ਮੈਨੂੰ ਕਿਹਾ ਕਿ ਸ਼ੁਕਰ ਮਨਾ ਕਿ ਤੇਰਾ ਸਿਰ ਕਲਮ ਨਹੀਂ ਕੀਤਾ।"

"ਹੁਣ ਜਦੋਂ ਤਾਲਿਬਾਨ ਇੱਥੇ ਹਨ, ਅਜਿਹੀ ਸਥਿਤੀ 'ਚ ਜੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ ਹੈ। ਅਤੀਤ 'ਚ ਅਸੀਂ ਉਨ੍ਹਾਂ ਨੂੰ ਪੱਤਰਕਾਰਾਂ ਨੂੰ ਮਾਰਦੇ, ਅਗਵਾ ਕਰਦੇ ਅਤੇ ਮਾਰਦੇ ਕੁੱਟਦੇ ਵੇਖਿਆ ਹੈ…. ਉਨ੍ਹਾਂ ਨੂੰ ਸਾਨੂੰ ਆਜ਼ਾਦੀ ਨਾਲ ਆਪਣਾ ਕੰਮ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।"

ਅਫ਼ਗਾਨਿਸਤਾਨ 'ਚ ਅਮਰੀਕੀ ਅਤੇ ਅੰਤਰਰਾਸ਼ਟਰੀ ਦਖਲ ਦੀ ਵਿਰਾਸਤ ਦਾ ਡੂੰਘਾ ਵਿਰੋਧ ਕੀਤਾ ਜਾਵੇਗਾ।

ਅਮਰੀਕੀ ਪ੍ਰਭਾਵ ਦੇ ਸੰਕੇਤ ਪਹਿਲਾਂ ਹੀ ਫਿੱਕੇ ਪੈ ਰਹੇ ਹਨ।

"ਬੁਸ਼ ਬਾਜ਼ਾਰ' 'ਚ, ਜਿਸ ਦਾ ਨਾਮ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਨਾਮ 'ਤੇ ਪਿਆ ਸੀ ਅਤੇ ਇਹ ਬਾਜ਼ਾਰ ਅੰਤਰਰਾਸ਼ਟਰੀ ਟਿਕਾਣਿਆਂ ਤੋਂ ਤਸਕਰੀ ਕਰਕੇ ਲਿਆਂਦੇ ਗਏ ਫੌਜੀ ਉਪਕਰਣ ਵੇਚਣ ਲਈ ਮਸ਼ਹੂਰ ਹੈ, ਹੁਣ ਜ਼ਿਆਦਾਤਰ ਫਲੈਕ ਜੈਕਟਾਂ ਜਾਂ ਰਾਈਫਲ ਸਕੋਪ ਹੁਣ ਚੀਨੀ ਬਦਲ ਨੂੰ ਦਰਸਾਉਂਦੇ ਹਨ।

ਪਹਿਲਾਂ ਰਾਜਨੀਤਿਕ ਤੌਰ 'ਤੇ ਸ਼ਕਤੀਸ਼ਾਲੀ ਅਫ਼ਗਾਨਾਂ ਵੱਲੋਂ ਨਿਯੁਕਤ ਕੀਤੇ ਗਏ ਫੌਜੀ ਜਵਾਨ ਜਾਂ ਨਿੱਜੀ ਸੁਰੱਖਿਆ ਗਾਰਡ ਇੱਥੋਂ ਦੇ ਮੁੱਖ ਗਾਹਕ ਹੋਇਆ ਕਰਦੇ ਸਨ, ਪਰ ਹੁਣ ਤਾਲਿਬਾਨ ਲੜਾਕੇ ਦੁਕਾਨਾਂ ਦੇ ਸਾਹਮਣਿਓਂ ਲੰਘਦੇ ਹਨ।

ਪੂਰਬੀ ਖੋਸਤ ਸੂਬੇ ਦਾ ਵਸਨੀਕ ਫਤਿਹ ਨਵੇਂ ਜੁੱਤੇ ਖਰੀਦਣ ਲਈ ਬਾਜ਼ਾਰ 'ਚ ਉਨ੍ਹਾਂ ਦੀ ਭਾਲ ਕਰ ਰਿਹਾ ਹੈ। ਉਹ ਅਮਰੀਕੀ ਬ੍ਰਾਂਡ ਖਰੀਦਣਾ ਚਾਹੁੰਦਾ ਸੀ ਪਰ ਬਾਜ਼ਾਰ 'ਚ ਹੁਣ ਸਿਰਫ ਚੀਨੀ ਮਾਲ ਹੀ ਮਿਲਦਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)