ਨਰਿੰਦਰ ਮੋਦੀ ਦੇ ਜਨਮਦਿਨ ਨੂੰ ‘ਥੈਂਕਯੂ ਮੋਦੀਜੀ’ ਵਜੋਂ ਮਨਾਉਣ ਪਿੱਛੇ ਭਾਜਪਾ ਦੀ ਕੀ ਸੋਚ ਹੋ ਸਕਦੀ ਹੈ

ਤਸਵੀਰ ਸਰੋਤ, PMINDIA.GOV.IN
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
17 ਸਤੰਬਰ ਯਾਨਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਨੇੜੇ ਹੈ ਅਤੇ ਭਾਰਤੀ ਜਨਤਾ ਪਾਰਟੀ ਤਿੰਨ ਹਫਤਿਆਂ ਤੱਕ ਵੱਖ-ਵੱਖ ਪ੍ਰੋਗਰਾਮਾਂ ਤਹਿਤ ਪੂਰੇ ਦੇਸ਼ ਵਿੱਚ ਇਸ ਨੂੰ ਮਨਾਉਣ ਦੀ ਤਿਆਰੀ ਕਰ ਰਹੀ ਹੈ।
ਇਹ ਪ੍ਰੋਗਰਾਮ 17 ਸਤੰਬਰ ਤੋਂ 7 ਅਕਤੂਬਰ ਤੱਕ ਚੱਲਣਗੇ।
ਇੰਡੀਅਨ ਐਕਸਪ੍ਰੈੱਸ ਵਿੱਚ ਸਭ ਤੋਂ ਪਹਿਲਾਂ ਛਪੀ ਇਸ ਖ਼ਬਰ ਮੁਤਾਬਕ ਆਮ ਲੋਕਾਂ ਵਿੱਚ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ 14 ਕਰੋੜ ਪਲਾਸਟਿਕ ਰਾਸ਼ਨ ਬੈਗ਼ ਵੰਡੇ ਜਾਣਗੇ।
ਇਸ ਤੋਂ ਇਲਾਵਾ ਪੰਜ ਕਰੋੜ 'ਥੈਂਕਯੂ ਮੋਦੀਜੀ' ਪੋਸਟਕਾਰਡ ਭੇਜੇ ਜਾਣਗੇ ਅਤੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਪ੍ਰੋਗਰਾਮਾਂ ਦਾ ਪ੍ਰਚਾਰ ਕੀਤਾ ਜਾਵੇਗਾ।
ਬੀਬੀਸੀ ਨਾਲ ਗੱਲਬਾਤ ਵਿੱਚ ਭਾਜਪਾ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਇਨ੍ਹਾਂ ਪ੍ਰੋਗਰਾਮਾਂ ਦੀ ਪੁਸ਼ਟੀ ਕੀਤੀ।
ਅਰੁਣ ਸਿੰਘ ਨੇ ਕਿਹਾ ਹੈ ਕਿ ਇਸ ਦੌਰਾਨ ਖ਼ੂਨਦਾਨ ਕੈਂਪ ਲਗਾਏ ਜਾਣਗੇ, ਮੁਫ਼ਤ ਹੈਲਥ ਚੈੱਕ ਕੈਂਪ ਲੱਗਣਗੇ, ਵੈਕਸੀਨ ਡ੍ਰਾਈਵ ਨੂੰ ਤੇਜ਼ ਕੀਤਾ ਜਾਵੇਗਾ ਅਤੇ ਹੋਰ ਵੀ ਕਈ ਪ੍ਰੋਗਰਾਮਾਂ ਦੀ ਪ੍ਰਬੰਧ ਹੋਵੇਗਾ।
ਇਹ ਵੀ ਪੜ੍ਹੋ-
ਪਾਰਟੀ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦਾ ਪ੍ਰਬੰਧ ਅਜਿਹੇ ਵੇਲੇ ਕੀਤਾ ਜਾ ਰਿਹਾ ਹੈ ਜਦੋਂ ਉੱਤਰ ਪ੍ਰਦੇਸ਼ ਦੀਆਂ ਮਹੱਤਵਪੂਰਨ ਚੋਣਾਂ ਨੇੜੇ ਹਨ।
ਇਸ ਤੋਂ ਇਲਾਵਾ ਕੋਵਿਡ ਦੀ ਦੂਜੀ ਲਹਿਰ ਵਿੱਚ ਸਰਕਾਰੀ ਇੰਤਜ਼ਾਮਾਂ, ਆਕਸੀਜਨ ਦੀ ਘਾਟ ਨਾਲ ਮੌਤ ਆਦਿ 'ਤੇ ਨਰਿੰਦਰ ਮੋਦੀ ਸਰਕਾਰ ਦੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਆਲੋਚਨਾ ਹੋਈ ਅਤੇ ਹਾਲ ਹੀ ਵਿੱਚ ਛਪੇ 'ਇੰਡੀਆ ਟੂਡੇ' ਦੇ ਇੱਕ ਸਰਵੇ ਤੋਂ ਸੰਕੇਤ ਮਿਲਿਆ ਹੈ ਕਿ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਘੱਟ ਹੋਈ ਹੈ।

ਤਸਵੀਰ ਸਰੋਤ, ANI
ਭਾਰਤ ਵਿੱਚ ਕੋਵਿਡ ਨਾਲ ਹੁਣ ਤੱਕ ਚਾਰ ਲੱਖ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪ੍ਰਧਾਨ ਮੰਤਰੀ ਅਜੇ ਵੀ ਭਾਰਤ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ ਪਰ ਇਸ ਸਰਵੇ ਮੁਤਾਬਕ ਸਿਰਫ਼ 24 ਫੀਸਦ ਲੋਕਾਂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਸਭ ਤੋਂ ਸਹੀ ਹਨ।
ਜਦਕਿ ਇਹ ਅੰਕੜਾ ਪਿਛਲੇ ਅਗਸਤ ਵਿੱਚ 66 ਫੀਸਦ ਅਤੇ ਇਸ ਜਨਵਰੀ ਵਿੱਚ 38 ਫੀਸਦ ਸੀ।
ਇਸ ਸਰਵੇ ਮੁਤਾਬਕ 54 ਫੀਸਦ ਲੋਕਾਂ ਨੇ ਮੋਦੀ ਸਰਕਾਰ ਦੇ ਪ੍ਰਦਰਸ਼ਨ ਨੂੰ ਚੰਗਾ ਦੱਸਿਆ ਹੈ ਜਦਕਿ ਇਹ ਅੰਕੜਾ ਜਨਵਰੀ ਵਿੱਚ 74 ਫੀਸਦ ਸੀ।
ਇੰਡੀਆ ਟੂਡੇ ਦੇ ਪੋਲ ਤੋਂ ਪਹਿਲਾਂ ਮਈ ਵਿੱਚ ਰਿਪੋਰਟ ਹੋਏ ਦੋ ਹੋਰ ਪੋਲਸ ਵਿੱਚ ਕਿਹਾ ਗਿਆ ਸੀ ਕਿ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਘਟੀ ਹੈ।
"ਪੀਐੱਮ ਦੀ ਲੋਕਪ੍ਰਿਯਤਾ ਵਧੀ ਹੈ"
ਭਾਜਪਾ ਨੇਤਾ ਅਰੁਣ ਸਿੰਘ ਨੇ ਇੰਡੀਆ ਟੂਡੇ ਦੇ ਸਰਵੇ ਨੂੰ ਗ਼ਲਤ ਦੱਸਿਆ ਅਤੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਪ੍ਰਧਾਨ ਮੰਤਰੀ ਜੀ ਦੀ ਲੋਕਪ੍ਰਿਯਤਾ ਵਧੀ ਹੈ। ਅਸੀਂ ਜਨਤਾ ਦੇ ਸਰਵੇ ਦੇਖ ਰਹੇ ਹਾਂ।"

ਤਸਵੀਰ ਸਰੋਤ, Getty Images
"ਸਾਡੀਆਂ ਚੋਣਾਂ ਦੇ ਨਤੀਜੇ ਵੀ ਆ ਰਹੇ ਹਨ। ਲੋਕਲ ਬਾਡੀਜ਼ ਵਿੱਚ ਵੀ ਭਾਜਪਾ ਨੂੰ ਬਹੁਤ ਵੱਡੀ ਸਫ਼ਲਤਾ ਹਾਸਲ ਹੋ ਰਹੀ ਹੈ।"
ਕੌਮੀ ਪੱਧਰ 'ਤੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਅਕਸ ਅਤੇ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ ਭਾਜਪਾ ਦੇ ਕੇਂਦਰੀ, ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਪ੍ਰਦਰਸ਼ਨੀ ਲੱਗੇਗੀ ਅਤੇ ਪ੍ਰੋਗਰਾਮਾਂ ਵਿੱਚ ਸੀਨੀਅਰ ਪਾਰਟੀ ਨੇਤਾ ਕੈਲਾਸ਼ ਵਿਜੇਵਰਗੀਏ ਅਤੇ ਪੁਰੰਦੇਸ਼ਵਰੀ ਦੀ ਵੀ ਮੁੱਖ ਭੂਮਿਕਾ ਰਹੇਗੀ।
ਹਾਲ ਹੀ ਵਿੱਚ ਪੀਐੱਮ ਮੋਦੀ ਨੇ ਆਪਣੀ ਕੈਬਨਿਟ ਵਿੱਚ ਕਈ ਬਦਲਾਅ ਕੀਤੇ ਸਨ ਅਤੇ ਮੰਨਿਆ ਗਿਆ ਸੀ ਕਿ ਇਸ ਦਾ ਮਕਸਦ ਸਰਕਾਰ ਨੂੰ ਇੱਕ ਨਵੀਂ ਟੀਮ ਦੇ ਨਾਲ ਪੇਸ਼ ਕਰਨਾ ਸੀ।
ਤਿੰਨ ਹਫ਼ਤਿਆਂ ਤੱਕ ਚੱਲਣ ਵਾਲੇ ਇਨ੍ਹਾਂ ਪ੍ਰੋਗਰਾਮਾਂ 'ਤੇ ਸੀਨੀਅਰ ਪੱਤਰਕਾਰ ਰਾਧਿਕਾ ਰਾਮਸੇਸ਼ਨ ਸਾਬਕਾ ਪ੍ਰਧਾਨ ਮੰਤਰੀਆਂ ਦੇ ਮਨਾਏ ਗਏ ਜਨਮ ਦਿਨਾਂ ਨੂੰ ਯਾਦ ਕਰਦੀ ਹੈ।
ਰਾਧਿਕਾ ਦੱਸਦੀ ਹੈ, "ਮਨਮੋਹਨ ਸਿੰਘ ਦਾ ਜਨਮ ਦਿਨ ਤਾਂ ਪਤਾ ਹੀ ਨਹੀਂ ਲੱਗਦਾ ਸੀ ਅਤੇ ਅਟਲ ਜੀ ਦੇ ਜਨਮ ਦਿਨ ਨੂੰ ਵੀ ਛੋਟੇ ਪੱਧਰ 'ਤੇ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਜਾਂਦਾ ਸੀ ਨਾ ਕਿ ਇਸ ਪੱਧਰ 'ਤੇ।"
ਇਹ ਵੀ ਪੜ੍ਹੋ-
"ਇਹ ਆਪਣੇ ਅਕਸ ਨੂੰ ਲੈ ਕੇ ਖਦਸ਼ੇ ਵਿੱਚ ਹੋਣ ਦਾ ਸੰਕੇਤ"
ਉੱਧਰ ਸਿਆਸੀ ਵਿਸ਼ਲੇਸ਼ਕ ਅਭੇ ਕੁਮਾਰ ਦੂਬੇ ਇਨ੍ਹਾਂ ਪ੍ਰੋਗਰਾਮਾਂ ਦੀ ਟਾਈਮਿੰਗ ਵੱਲ ਇਸ਼ਾਰਾ ਕਰਦੇ ਹਨ।
ਉਹ ਕਹਿੰਦੇ ਹਨ, "ਇਸ ਵੇਲੇ ਅਰਥਚਾਰਾ ਬੁਰੀ ਹਾਲਤ ਵਿੱਚ, ਕਿਸਾਨ ਅੰਦੋਲਨ ਸਿਖ਼ਰਾਂ 'ਤੇ ਹੈ, ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ। ਨਾ ਪਹਿਲਾਂ ਪੈਟ੍ਰੋਲ-ਡੀਜ਼ਲ ਕਦੇ ਇੰਨਾਂ ਮਹਿੰਗਾ ਹੋਇਆ।"
"ਅਜਿਹੇ ਵਿੱਚ ਆਪਣੇ ਜਨਮ ਦਿਨ ਮੌਕੇ ਉਹ (ਪ੍ਰਧਾਨ ਮੰਤਰੀ ਮੋਦੀ) ਚਾਹੁੰਦੇ ਹਨ ਕਿ ਇੱਕ ਵਾਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਿੱਕਾ ਜਮਾਇਆ ਜਾਵੇ ਅਤੇ ਇਸ ਲਈ ਵੱਡੇ ਪੈਮਾਨੇ 'ਤੇ ਪ੍ਰੋਗਰਾਮ ਹੋ ਰਹੇ ਹਨ।"

ਤਸਵੀਰ ਸਰੋਤ, ANI
ਅਭੈ ਦੁਬੈ ਕਹਿੰਦੇ ਹਨ, "21 ਦਿਨ ਜੇਕਰ ਕਿਸੇ ਪ੍ਰਧਾਨ ਮੰਤਰੀ ਦੀ ਸ਼ਖ਼ਸੀਅਤ ਦੇ ਆਲੇ-ਦੁਆਲੇ ਜਨਮ ਦਿਨ ਮਨਾਇਆ ਜਾਂਦਾ ਹੈ ਤਾਂ ਇਹ ਆਪਣੇ ਆਪ ਵਿੱਚ ਸੰਕੇਤ ਹੈ ਕਿ ਉਹ ਆਪਣੇ ਅਕਸ ਨੂੰ ਲੈ ਕੇ ਕਿਸ ਤਰ੍ਹਾਂ ਆਪ ਖਦਸ਼ੇ ਵਿੱਚ ਆ ਗਏ ਹਨ।
ਜੇਕਰ ਇੰਡੀਆ ਟੂਡੇ ਦਾ ਪੋਲ ਨਹੀਂ ਆਉਂਦਾ ਤਾਂ ਉਦੋਂ ਵੀ ਇਹੀ ਹੁੰਦਾ ਕਿਉਂਕਿ ਸਮੱਸਿਆਵਾਂ ਬਹੁਤ ਹਨ।"
ਕੋਵਿਡ ਕੰਟ੍ਰੋਲ
ਦੂਜੀ ਕੋਵਿਡ ਲਹਿਰ ਦੌਰਾਨ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਕੋਵਿਡ ਸੰਕਟ ਦੀ ਹੈਂਡਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਕ ਤੱਕ ਨਾਰਾਜ਼ ਸਨ ਅਤੇ ਪਾਰਟੀ ਵਿੱਚ ਸੂਬੇ ਦੀ ਯੋਗੀ ਸਰਕਾਰ ਖ਼ਿਲਾਫ਼ ਨਾਰਾਜ਼ਗੀ ਦੇ ਸੁਰ ਵੀ ਉੱਠੇ ਹਨ।
ਭਾਰਤ ਅੰਦਰ ਅਤੇ ਦੁਨੀਆਂ ਵਿੱਚ ਤਸਵੀਰਾਂ ਗਈਆਂ ਕਿ ਕਿਸ ਤਰ੍ਹਾਂ ਕੋਵਿਡ ਮਰੀਜ਼ ਆਕਸੀਜਨ ਅਤੇ ਆਈਸੀਯੂ ਬੈੱਡ ਦੀ ਘਾਟ ਕਾਰਨ ਦਮ ਤੋੜ ਰਹੇ ਹਨ।
ਉੱਧਰ ਅਰੁਣ ਸਿੰਘ ਦਾਅਵਾ ਕਰਦੇ ਹਨ, "ਉੱਤਰ ਪ੍ਰਦੇਸ਼ ਵਿੱਚ ਯੋਗੀ ਜੀ ਨੇ ਕੋਵਿਡ ਹੋਣ ਦੇ ਬਾਵਜੂਦ ਚੌਥੇ ਦਿਨ ਨਿਕਲ ਕੇ ਇੱਕ-ਇੱਕ ਜ਼ਿਲ੍ਹੇ ਦਾ ਦੌਰਾ ਕੀਤਾ, ਆਸ਼ਾ ਵਰਕਰਾਂ ਨੂੰ ਲਗਾਇਆ ਗਿਆ, ਦਵਾਈਆਂ ਘਰ-ਘਰ ਪਹੁੰਚਾਈਆਂ ਗਈਆਂ...ਜਿੰਨੀ ਛੇਤੀ ਉੱਤਰ ਪ੍ਰਦੇਸ਼ ਦਾ ਕੰਟ੍ਰੋਲ ਹੋਇਆ, ਓਨੀ ਛੇਤੀ ਕਿਤੇ ਕੰਟ੍ਰੋਲ ਨਹੀਂ ਹੋਇਆ।"
ਅਰੁਣ ਸਿੰਘ ਤਿੰਨ ਹਫ਼ਤੇ ਚੱਲ ਵਾਲੇ ਪ੍ਰੋਗਰਾਮਾਂ ਨੂੰ "ਸੇਵਾ ਅਤੇ ਸਮਰਪਣ ਮੁਹਿੰਮ" ਦੱਸਦੇ ਹਨ ਅਤੇ ਕਹਿਦੇ ਹਨ, "(ਪ੍ਰਧਾਨ ਮੰਤਰੀ) ਗਰੀਬਾਂ ਨੂੰ ਰਾਸ਼ਨ ਦੇਣ ਦਾ ਕੰਮ ਕੀਤਾ। ਆਕਸੀਜਨ ਲਈ 24 ਘੰਟੇ ਕੰਮ ਕੀਤਾ ਹੈ। ਜਲ, ਥਲ ਅਤੇ ਹਵਾ, ਤਿੰਨਾ ਮਾਧਿਅਮਾਂ ਰਾਹੀਂ ਆਕਸੀਜਨ ਪਹੁੰਚਾਈ ਹੈ।"
"ਪ੍ਰਧਾਨ ਮੰਤਰੀ ਜੋ ਕੰਮ ਕਰ ਰਹੇ ਹਨ, ਉਸ 'ਤੇ ਲੋਕਾਂ ਨੂੰ ਪੂਰਾ ਵਿਸ਼ਵਾਸ਼ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪ੍ਰੋਗਰਾਮ ਵਿੱਚ ਕੀ-ਕੀ ਹੋਵੇਗਾ?
ਉਹ ਕਹਿੰਦੇ ਹਨ, "ਆਮ ਜਨਮਾਨਸ ਜਿਨ੍ਹਾਂ ਨੂੰ ਵੈਕਸੀਨ ਲਗਾਇਆ ਗਿਆ ਹੈ, ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਿਲੀ ਹੈ, ਜਿਨ੍ਹਾਂ ਨੂੰ ਉਜਵਲਾ ਯੋਜਨਾ ਮਿਲੀ, ਜਿਨ੍ਹਾਂ ਨੂੰ ਘਰ 'ਚ ਪਾਣੀ ਮਿਲ ਰਿਹਾ ਹੈ,"
"ਜਿਨ੍ਹਾਂ ਦੇ ਅਕਾਉਂਟ ਖੋਲ੍ਹ ਕੇ ਪੈਸੇ ਪਹੁੰਚਾਏ ਹਨ, ਉਹ ਪ੍ਰਧਾਨ ਮੰਤਰੀ ਜੀ ਨੂੰ ਧੰਨਵਾਦ ਕਰਨਗੇ, ਜਿਸ ਵਿੱਚ ਕਹਿਣਗੇ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਸਾਡੀ ਭਲਾਈ ਲਈ ਕੰਮ ਕੀਤਾ ਹੈ।"
ਅਰੁਣ ਸਿੰਘ ਮੁਤਾਬਕ ਇਨ੍ਹਾਂ ਪ੍ਰੋਗਰਾਮਾਂ ਵਿੱਚ ਪਾਰਟੀ ਵਰਕਰ ਇੱਕ ਥਾਂ ਇਕੱਠੇ ਨਹੀਂ ਹੋਣਗੇ, ਵੱਡੇ ਪ੍ਰੋਗਰਾਮ ਅਤੇ ਰੈਲੀਆਂ ਨਹੀਂ ਹੋਣਗੀਆਂ ਅਤੇ ਸਾਰੇ ਪ੍ਰੋਗਰਾਮ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਹੋਇਆ ਹੋਣਗੇ।
ਉਹ ਕਹਿੰਦੇ ਹਨ, "ਬਿਪਤਾ ਨੂੰ ਤਾਂ ਕੋਈ ਰੋਕ ਨਹੀਂ ਸਕਾ, ਬਿਪਤਾ 'ਤੇ ਪਾਰਟੀ ਸੰਗਠਨ, ਸਰਕਾਰ ਕਿਸ ਤਰ੍ਹਾਂ ਕੰਮ ਕਰਦੇ ਹਨ ਉਸ ਨੂੰ ਜਨਤਾ ਦੇਖਦੀ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












