9/11 ਅੱਤਵਾਦੀ ਹਮਲਾ: ਪੁੱਤ ਨਾਲ ਖੇਡਣ ਕਰਕੇ ਸਵੇਰ ਦੀ ਡਿਊਟੀ ਕਰਨ ਗਿਆ ਪਿਤਾ, ਜੋ ਕਦੇ ਮੁੜ ਨਾ ਸਕਿਆ

ਜੁਪੀਟਰ ਯੈਂਬਮ ਆਪਣੇ ਪੁੱਤਰ ਸੈਂਟੀ ਨਾਲ ਬੀਕਨ, ਨਿਊਯਾਰਕ ਵਿੱਚ

ਤਸਵੀਰ ਸਰੋਤ, NAncy Yambem

ਤਸਵੀਰ ਕੈਪਸ਼ਨ, ਜੁਪੀਟਰ ਯੈਂਬਮ ਆਪਣੇ ਪੁੱਤਰ ਸੈਂਟੀ ਨਾਲ ਬੀਕਨ, ਨਿਊਯਾਰਕ ਵਿੱਚ ( ਇਹ ਤਸਵੀਰ ਸੈਂਟੀ ਨੂੰ ਪਹਿਲੀ ਵਾਰ ਚੌਲ ਖਿਲਾਉਣ ਦੇ ਸਮਾਗਮ ਦੀ ਹੈ)
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਜੁਪੀਟਰ ਯੈਂਬਮ ਨੇ ਆਪਣੇ ਪੰਜ ਸਾਲਾ ਪੁੱਤਰ ਸੈਂਟੀ ਨਾਲ ਵਧੇਰੇ ਸਮਾਂ ਬਿਤਾਉਣ ਲਈ 11 ਸਤੰਬਰ, 2001 ਨੂੰ ਵਰਲਡ ਟ੍ਰੇਡ ਸੈਂਟਰ ਦੇ ਇੱਕ ਰੈਸਟੋਰੈਂਟ ਵਿੱਚ ਉਸ ਦਿਨ ਸਵੇਰ ਦੀ ਸ਼ਿਫਟ ਵਿੱਚ ਕੰਮ ਕਰਨ ਦੀ ਸੋਚੀ।

ਨਿਊਯਾਰਕ ਸ਼ਹਿਰ ਦੀਆਂ ਗਗਨ ਚੁੰਭੀ ਇਮਾਰਤਾਂ ਦੇ ਉੱਤਰੀ ਟਾਵਰ ਵਿੱਚ ਉੱਪਰ ਬਣੇ ਰੈਸਟੋਰੈਂਟ, ਵਿੰਡੋਜ਼ ਆਨ ਦਿ ਵਰਲਡ ਵਿੱਚ ਰਾਤ ਦੀ ਸ਼ਿਫਟ ਕਰਨ ਨਾਲ ਉਨ੍ਹਾਂ ਕੋਲ ਆਪਣੇ ਪਰਿਵਾਰ ਲਈ ਬਹੁਤ ਘੱਟ ਸਮਾਂ ਬਚਦਾ ਸੀ।

ਉਹ ਸਿਰਫ ਸੈਂਟੀ ਨਾਲ ਫੁੱਟਬਾਲ ਖੇਡਣਾ ਚਾਹੁੰਦੇ ਸਨ, ਉਸ ਨੂੰ ਸਾਈਕਲ ਚਲਾਉਣਾ ਸਿਖਾਉਣਾ ਅਤੇ ਉਹ ਸਾਰੇ ਆਮ ਕੰਮ ਕਰਨਾ ਚਾਹੁੰਦੇ ਸਨ ਜੋ ਇੱਕ ਪਿਤਾ ਕਰਦਾ ਹੈ।

ਉਸ ਮੰਗਲਵਾਰ, ਜੁਪੀਟਰ ਨੀਂਦ ਤੋਂ ਜਾਗੇ, ਨਹਾਏ, ਕੱਪੜੇ ਪਾਏ, ਆਪਣੀ ਪਤਨੀ ਨੈਂਸੀ ਨੂੰ ਚੁੰਮਿਆ, ਅਤੇ ਮੂੰਹ-ਹਨ੍ਹੇਰੇ ਹੀ ਘਰੋਂ ਨਿਕਲ ਗਏ। ਜਲਦੀ ਹੀ ਪਹੁ ਫੁੱਟ ਪਈ ਤੇ ਦਿਨ ਚੜ੍ਹ ਗਿਆ।

ਇਹ ਵੀ ਪੜ੍ਹੋ:

ਜੁਪੀਟਰ, ਸਾਲ 1981 ਵਿੱਚ ਭਾਰਤ ਦੇ ਮਨੀਪੁਰ ਸੂਬੇ ਤੋਂ ਅਮਰੀਕਾ ਦੇ ਵਰਮੋਂਟ ਵਿਖੇ ਨੇਤਰਹੀਣ ਬੱਚਿਆਂ ਦੇ ਸਮਰ ਕੈਂਪ ਵਿੱਚ ਸ਼ਾਮਲ ਹੋਣ ਲਈ ਆਏ ਸਨ। ਫਿਰ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਇਸ ਵੱਡੇ ਰੈਸਟੋਰੈਂਟ ਵਿੱਚ ਇੱਕ ਦਾਅਵਤ ਪ੍ਰਬੰਧਕ (ਬੈਂਕੁਇਟ ਮੈਨੇਜਰ) ਦਾ ਅਹੁਦਾ ਪ੍ਰਾਪਤ ਕੀਤਾ।

ਪੂਰੇ ਪੰਜ ਸਾਲਾਂ ਤੱਕ, ਇਹ 110 ਮੰਜ਼ਿਲਾ ਦੋਹਰੀਆਂ ਇਮਾਰਤਾਂ ਉਨ੍ਹਾਂ ਦਾ ਕਾਰਜ ਸਥਾਨ ਸਨ।

16 ਏਕੜ ਦੇ ਇਸ ਕੰਪਲੈਕਸ ਵਿੱਚ ਲਗਭਗ 50,000 ਲੋਕਾਂ ਨੇ ਕੰਮ ਕੀਤਾ, ਅਤੇ ਲਗਭਗ ਹਜ਼ਾਰਾਂ ਲੋਕ ਇੱਥੇ ਹਰ ਰੋਜ਼ ਕਾਰੋਬਾਰ, ਖਰੀਦਦਾਰੀ ਅਤੇ ਖਾਣੇ ਲਈ ਰੋਜ਼ਾਨਾ ਵਿੰਡੋਜ਼ ਆਨ ਦਿ ਵਰਲਡ ਵਿਖੇ ਆਉਂਦੇ।

11 ਸਤੰਬਰ ਨੂੰ, ਜੁਪੀਟਰ ਦਾ ਰੈਸਟੋਰੈਂਟ ਇੱਕ ਟੈਕਨਾਲੌਜੀ ਕਾਨਫਰੰਸ ਹੋਸਟ ਕਰ ਰਿਹਾ ਸੀ ਜਿਸਦੀ ਜ਼ਿੰਮੇਦਾਰੀ ਜੁਪੀਟਰ ਦੀ ਹੀ ਸੀ।

ਵਿੰਡੋਜ਼ ਔਨ ਦਾ ਵਰਲਡ ਨਿਊ ਯਾਰਕ ਦਾ ਮਸ਼ਹੂਰ ਰੈਸਟੋਰੈਂਟ ਸੀ ਜਿੱਥੇ ਲੋਕ ਸ਼ਹਿਰ ਦੇ ਨਜ਼ਾਰਿਆਂ ਦੇ ਨਾਲ਼ ਖਾਣੇ ਦਾ ਲੁਤਫ਼ ਲੈਂਦੇ ਸਨ। ਇਹ ਵਰਲਡ ਟਰੇਡ ਸੈਂਟਰ ਦੀ 107ਵੀਂ ਮੰਜ਼ਿਲ ਉੱਪਰ ਸਥਿਤ ਸੀ

ਤਸਵੀਰ ਸਰੋਤ, Bettmann/Getty Images

ਤਸਵੀਰ ਕੈਪਸ਼ਨ, ਵਿੰਡੋਜ਼ ਆਨ ਦਾ ਵਰਲਡ ਨਿਊਯਾਰਕ ਦਾ ਮਸ਼ਹੂਰ ਰੈਸਟੋਰੈਂਟ ਸੀ ਜਿੱਥੇ ਲੋਕ ਸ਼ਹਿਰ ਦੇ ਨਜ਼ਾਰਿਆਂ ਦੇ ਨਾਲ਼ ਖਾਣੇ ਦਾ ਲੁਤਫ਼ ਲੈਂਦੇ ਸਨ। ਇਹ ਵਰਲਡ ਟਰੇਡ ਸੈਂਟਰ ਦੀ 107ਵੀਂ ਮੰਜ਼ਿਲ ਉੱਪਰ ਸਥਿਤ ਸੀ

ਉੱਧਰ ਬੀਕਨ ਵਿੱਚ, ਨੈਨਸੀ ਘਰ ਵਿੱਚ ਇੱਕ ਵਿਅਸਤ ਦਿਨ ਦੀ ਤਿਆਰੀ ਕਰ ਰਹੇ ਸਨ।

ਸੈਂਟੀ ਕਿੰਡਰਗਾਰਟਨ ਦੇ ਆਪਣੇ ਦੂਜੇ ਹਫ਼ਤੇ ਵਿੱਚ ਸੀ, ਉਸਦੀ ਸਕੂਲ ਬੱਸ ਹਮੇਸ਼ਾ ਛੁੱਟ ਜਾਂਦੀ ਸੀ ਇਸ ਲਈ ਨੈਨਸੀ ਉਸਦੀ ਬੱਸ ਦਾ ਪਿੱਛਾ ਕਰਦੇ ਹੋਏ ਸਕੂਲ ਪਹੁੰਚੇ ਕਿਉਂਕਿ ਨੈਨਸੀ ਜਾਣਨਾ ਚਾਹੁੰਦੇ ਸਨ ਕਿ ਉਸਦੇ ਪ੍ਰਿੰਸੀਪਲ ਨੂੰ ਰਿਪੋਰਟ ਕਰਨ ਦਾ ਸਮਾਂ ਕੀ ਸੀ।

ਫਿਰ ਉੱਥੋਂ ਉਹ ਕੰਮ 'ਤੇ ਚਲੇ ਗਏ। ਨੈਨਸੀ, ਲਗਭਗ 40 ਮੀਲ (64 ਕਿਲੋਮੀਟਰ) ਦੂਰ ਮਾਨਸਿਕ ਸਿਹਤ ਅਤੇ ਨਸ਼ਿਆਂ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਇੱਕ ਕੇਂਦਰ ਵਿੱਚ ਕੰਮ ਕਰਦੇ ਸਨ।

ਜਦੋਂ ਉਹ ਕੰਮ 'ਤੇ ਪਹੁੰਚੇ, ਤਾਂ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਜੈੱਟ ਜਹਾਜ਼ ਵਰਲਡ ਟ੍ਰੇਡ ਸੈਂਟਰ ਨਾਲ ਟਕਰਾ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਨੈਨਸੀ ਨੇ ਆਪਣੇ ਨਿਊਯਾਰਕ ਵਾਲੇ ਘਰ ਤੋਂ ਦੱਸਿਆ। "ਹਰ ਕੋਈ ਟੀਵੀ ਦੇਖ ਰਿਹਾ ਸੀ। ਮੈਂ ਜਹਾਜ਼ਾਂ ਨੂੰ ਇਮਾਰਤਾਂ ਨਾਲ ਟਕਰਾਉਂਦੇ ਨਹੀਂ ਦੇਖਿਆ।"

ਸਥਾਨਕ ਸਮੇਂ ਅਨੁਸਾਰ 8:46 ਵਜੇ (12:46 GMT) ਅਮਰੀਕਨ ਏਅਰਲਾਈਨਜ਼ ਦੀ ਫਲਾਈਟ 11 ਨੇ ਉੱਤਰੀ ਟਾਵਰ ਨੂੰ 93ਵੀਂ ਅਤੇ 99ਵੀਂ ਮੰਜ਼ਿਲ ਦੇ ਵਿਚਕਾਰ ਟੱਕਰ ਮਾਰੀ, ਜਿਸ ਨਾਲ ਉੱਪਰਲੀਆਂ ਮੰਜ਼ਲਾਂ ਦੇ ਸਾਰੇ ਲੋਕ ਉੱਥੇ ਹੀ ਫਸ ਗਏ।

ਸੰਘਣਾ, ਕਾਲਾ ਧੂੰਆਂ ਵਿੰਡੋਜ਼ ਆਨ ਦਿ ਵਰਲਡ ਰੈਸਟੋਰੈਂਟ ਵਿੱਚ ਭਰ ਗਿਆ ਅਤੇ ਲੋਕਾਂ ਦਾ ਦਮ ਘੁਟਣ ਲੱਗਾ। ਰੈਸਟੋਰੈਂਟ ਦੇ ਸਹਾਇਕ ਜਨਰਲ ਮੈਨੇਜਰ ਨੇ ਘਬਰਾ ਕੇ ਅਧਿਕਾਰੀਆਂ ਨੂੰ ਫੋਨ ਕੀਤਾ ਕਿ "ਜਿੰਨੀ ਛੇਤੀ ਹੋ ਸਕੇ ਸਾਡੇ ਮਹਿਮਾਨਾਂ ਅਤੇ ਸਾਡੇ ਕਰਮਚਾਰੀਆਂ ਨੂੰ ਨਿਰਦੇਸ਼ ਦੇਣ" ।

ਜੂਪੀਟਰ ਅਤੇ ਨੈਨਸੀ ਨੇ ਸਾਲ 1991 ਵਿੱਚ ਮਨੀਪੁਰ ਵਿੱਚ ਵਿਆਹ ਕਰਵਾਇਆ ਸੀ

ਤਸਵੀਰ ਸਰੋਤ, NAncy Yambem

ਤਸਵੀਰ ਕੈਪਸ਼ਨ, ਜੂਪੀਟਰ ਅਤੇ ਨੈਨਸੀ ਨੇ ਸਾਲ 1991 ਵਿੱਚ ਮਨੀਪੁਰ ਵਿੱਚ ਵਿਆਹ ਕਰਵਾਇਆ ਸੀ

ਕਾਨਫਰੰਸ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਆਪਣੇ ਸਹਿਕਰਮੀ ਨੂੰ ਫੋਨ ਕਰਕੇ ਕਿਹਾ ਕਿ "ਇੱਕ ਬਹੁਤ ਵੱਡਾ ਧਮਾਕਾ ਹੋਇਆ ਸੀ, ਸਾਰੀਆਂ ਖਿੜਕੀਆਂ ਟੁੱਟ ਗਈਆਂ ਸਨ, ਸਾਰੀਆਂ ਛੱਤਾਂ ਦੀ ਸੀਲਿੰਗ ਹੇਠਾਂ ਆ ਰਹੀ ਸੀ, ਹਰ ਕੋਈ ਜ਼ਮੀਨ 'ਤੇ ਡਿੱਗ ਗਿਆ ਸੀ, ਪਰ ਸਾਰੇ ਠੀਕ ਸਨ ਅਤੇ ਹਰ ਕਿਸੇ ਨੂੰ ਕੱਢ ਲਿਆ ਜਾਵੇਗਾ"।

ਪਰ ਉਨ੍ਹਾਂ ਵਿੱਚੋਂ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ।

ਰਸੋਈਆ, ਜਿਸ ਨੇ ਸਵੇਰੇ 8:30 ਵਜੇ ਕੰਮ 'ਤੇ ਆਉਣਾ ਸੀ, ਉਹ ਟਾਵਰ ਦੇ ਹੇਠਾਂ ਹੀ ਇੱਕ ਦੁਕਾਨ ਵਿੱਚ ਨਵੀਆਂ ਐਨਕਾਂ ਲੈਣ ਲਈ ਰੁਕ ਗਿਆ ਸੀ ਅਤੇ ਉਹ ਬਚ ਗਿਆ।

ਰੈਸਟੋਰੈਂਟ ਵਿੱਚ ਮ੍ਰਿਤਕਾਂ ਦੀ ਗਿਣਤੀ ਕਰਨ ਵਿੱਚ ਕਈ ਦਿਨ ਲੱਗੇ - ਉਸ ਭਿਆਨਕ ਸਵੇਰ ਨੂੰ ਵਿੰਡੋਜ਼ ਆਨ ਦਿ ਵਰਲਡ ਵਿੱਚ 72 ਲੋਕਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਅਮਰੀਕਾ 9/11 ਹਮਲਾ: 102 ਮਿੰਟ ਜਿਸ ਨੇ ਅਮਰੀਕਾ ਤੇ ਦੁਨੀਆਂ ਨੂੰ ਹਿਲਾ ਦਿੱਤਾ

ਨੈਨਸੀ ਨੇ ਕਿਹਾ, "ਮੈਂ ਟਾਵਰਾਂ ਨੂੰ ਟੁੱਟਦੇ ਅਤੇ ਤਬਾਹ ਹੁੰਦੇ ਵੇਖਿਆ। ਮੈਂ ਉਨ੍ਹਾਂ ਨੂੰ ਵਾਰ-ਵਾਰ ਫੋਨ ਕੀਤਾ। ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।"

ਬਚਾਅ ਕਰਮਚਾਰੀਆਂ ਨੇ ਛੇਤੀ ਹੀ ਜੁਪੀਟਰ ਦੀ ਲਾਸ਼ ਨੂੰ ਮਲਬੇ ਉੱਪਰੋਂ ਬਰਾਮਦ ਕਰ ਲਿਆ। ਪਰਿਵਾਰ ਨੇ ਉਸ ਦੇ ਕੰਘੇ ਵਿਚੋਂ ਡੀਐਨਏ ਨਮੂਨਾ ਮੁਹੱਈਆ ਕਰਵਾਇਆ ਅਤੇ ਹਫਤੇ ਦੇ ਅੰਤ ਤੱਕ ਉਨ੍ਹਾਂ ਦੀ ਪਛਾਣ ਹੋ ਗਈ।

ਨੈਨਸੀ ਨੇ ਕਿਹਾ, "ਇਹ ਸਾਡੀ ਕਿਸਮਤ ਸੀ ਕਿ ਅਸੀਂ ਉਨ੍ਹਾਂ ਦਾ ਵਿਧੀ ਨਾਲ ਅੰਤਿਮ ਸੰਸਕਾਰ ਕਰ ਪਾਏ ਅਤੇ ਉਨ੍ਹਾਂ ਦੀਆਂ ਅਸਥੀਆਂ ਚੁੱਕ ਪਾਏ। ਬਹੁਤਿਆਂ ਨੂੰ ਤਾਂ ਇਹ ਵੀ ਨਸੀਬ ਨਹੀਂ ਹੋਇਆ।"

ਘਟਨਾ ਦੇ ਦੋ ਦਹਾਕਿਆਂ ਬਾਅਦ 2,754 ਪੀੜਤਾਂ ਵਿੱਚੋਂ ਕਰੀਬ 1,600 ਦੇ ਅਵਸ਼ੇਸ਼ਾਂ ਦੀ ਪਛਾਣ ਹੋ ਸਕੀ।

ਜਿਸ ਸਮੇਂ ਜੁਪੀਟਰ ਦੀ ਮੌਤ ਹੋਈ, ਉਸ ਵੇਲੇ ਉਹ 42 ਸਾਲਾਂ ਦੇ ਸਨ ਅਤੇ ਨੈਨਸੀ ਦੀ ਉਮਰ 40 ਸਾਲਾਂ ਦੀ ਸੀ। ਉਹ ਦੋ ਦਹਾਕਿਆਂ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਸਨ।

1981 ਵਿੱਚ ਜਦੋਂ ਉਹ ਕਾਲਜ ਵਿੱਚ ਮਿਲੇ ਸਨ ਤਾਂ ਜੁਪੀਟਰ ਅਰਥਸ਼ਾਸਤਰ ਅਤੇ ਨੈਨਸੀ ਮਿਊਜ਼ਿਕ ਥੈਰੇਪੀ ਦੀ ਪੜ੍ਹਾਈ ਕਰ ਰਹੇ ਸਨ।

ਨੈਨਸੀ ਇੱਕ ਪੇਸਟਰੀ ਦੀ ਦੁਕਾਨ ਵਿੱਚ ਕੰਮ ਕਰਦੇ ਸਨ ਜਿੱਥੇ ਜੁਪੀਟਰ ਉਨ੍ਹਾਂ ਨੂੰ ਮਿਲਣ ਆਉਂਦੇ ਸਨ ਅਤੇ ਉਹ ਦੋਵੇਂ ਕੈਰੇਟ ਕੇਕ ਦੇ ਇੱਕ ਸਲਾਇਸ ਦਾ ਮਜ਼ਾ ਲੈਂਦੇ ਹੋਏ ਸਮਾਂ ਬਿਤਾਉਂਦੇ।

1991 ਵਿੱਚ ਜਦੋਂ ਉਨ੍ਹਾਂ ਨੇ ਵਿਆਹ ਕਰਵਾਇਆ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਕੈਰੇਟ ਕੇਕ ਹੀ ਮੰਗਵਾਇਆ ਸੀ।

ਜੁਪੀਟਰ ਯੈਂਬਮ

ਤਸਵੀਰ ਸਰੋਤ, NAncy Yambem

ਤਸਵੀਰ ਕੈਪਸ਼ਨ, ਜੁਪੀਟਰ ਸਾਲ 1981 ਵਿੱਚ ਅਮਰੀਕਾ ਆਏ ਸਨ ਅਤੇ ਫਿਰ ਮਿਹਨਤ ਕਰਕੇ ਉੱਥੇ ਹੀ ਆਪਣੀ ਜਗ੍ਹਾ ਬਣਾਉਣ ਵਿੱਚ ਸਫ਼ਲ ਹੋ ਗਏ ਸਨ

ਉੱਤਰ-ਪੂਰਬੀ ਭਾਰਤ ਵਿੱਚ ਪੈਦਾ ਹੋਏ ਜੁਪੀਟਰ ਦੇ ਮਾਤਾ ਜੀ ਇੱਕ ਡਾਕਟਰ ਸਨ ਅਤੇ ਪਿਤਾ ਇੱਕ ਬੈਂਕ ਕਰਮਚਾਰੀ ਸਨ। ਪੰਜ ਭਰਾਵਾਂ ਵਿੱਚੋਂ ਜੁਪੀਟਰ ਸਭ ਤੋਂ ਛੋਟੇ ਸਨ। ਸਕੂਲ ਖ਼ਤਮ ਕਰਨ ਤੋਂ ਬਾਅਦ, ਉਨ੍ਹਾਂ ਨੇ ਦਿੱਲੀ ਵਿੱਚ ਜਰਮਨ ਭਾਸ਼ਾ ਸਿੱਖੀ।

ਉਹ ਇੱਕ ਮਿਲਣਸਾਰ ਅਤੇ ਦੋਸਤਾਨਾ ਵਿਅਕਤੀ ਸਨ। ਉਨ੍ਹਾਂ ਦੇ ਵੱਡੇ ਭਰਾ ਯਾਮਬੇਮ ਲਾਬਾ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, "ਸੱਚਮੁੱਚ, ਮੇਰੇ ਸਭ ਤੋਂ ਚੰਗੇ ਦੋਸਤ"।

ਨੈਨਸੀ ਉਨ੍ਹਾਂ ਨੂੰ "ਇੱਕ ਅਸਲੀ ਯਾਰ ... ਰੰਨਾਂ ਦਾ ਧੰਨਾ" ਕਹਿੰਦੇ ਹਨ। ਜੁਪੀਟਰ ਇੱਕ "ਚੰਗੇ ਖਿਡਾਰੀ ਸਨ, ਭਾਰਤ ਵਿੱਚ ਉਨ੍ਹਾਂ ਨੇ ਆਪਣੇ ਸਕੂਲ ਵਿੱਚ ਲੰਬੀ ਛਾਲ ਮਾਰਨ ਦਾ ਰਿਕਾਰਡ ਬਣਾਇਆ ਸੀ। ਉਨ੍ਹਾਂ ਨੂੰ ਸੰਗੀਤ ਪਸੰਦ ਸੀ।"

"ਪਤਾ ਹੈ, ਉਹ ਬਹੁਤ ਹੀ ਰੌਣਕੀ ਸਨ। ਉਨ੍ਹਾਂ ਨਾਲ਼ ਮਹੌਲ ਖਿੜ ਜਾਂਦਾ ਸੀ।"

ਜੁਪੀਟਰ ਨੂੰ ਵਿੰਡੋਜ਼ ਆਨ ਦਿ ਵਰਲਡ ਦੀ ਆਪਣੀ ਨੌਕਰੀ 'ਤੇ ਮਾਣ ਸੀ। ਜਦੋਂ ਉਹ ਘਰ ਪਰਤਦੇ ਤਾਂ ਆਪਣੇ ਹੋਟਲ ਵਿੱਚ ਮਸ਼ਹੂਰ ਹਸਤੀਆਂ ਦੇ ਡਿਨਰ ਆਦਿ ਨੂੰ ਲੈ ਕੇ ਬਹੁਤ ਖੁਸ਼ੀ ਜ਼ਾਹਿਰ ਕਰਦੇ ਸਨ: ਬਿਲ ਕਲਿੰਟਨ; ਪ੍ਰਸਾਰਕ ਬਾਰਬਰਾ ਵਾਲਟਰਸ; ਫਿਗਰ ਸਕੇਟਰ ਕ੍ਰਿਸਟੀ ਯਾਮਾਗੁਚੀ।

ਨੈਨਸੀ ਨੇ ਦੱਸਿਆ, "ਉਨ੍ਹਾਂ ਨੂੰ ਸਭ ਤੋਂ ਵੱਡਾ ਪਛਤਾਵਾ ਇਹ ਸੀ ਕਿ ਉਹ ਆਪਣੇ ਸਭ ਤੋਂ ਪਸੰਦੀਦਾ ਰਾਸ਼ਟਰਪਤੀ ਕਲਿੰਟਨ ਨਾਲ਼ ਸੈਲਫੀ ਨਹੀਂ ਖਿੱਚ ਸਕੇ ਸਨ।"

ਅਤੇ ਫਿਰ ਉਸ ਮੰਗਲਵਾਰ ਦੀ ਸਵੇਰ ਨੂੰ ਇਹ ਸਭ ਖਤਮ ਹੋ ਗਿਆ। ਇਸ ਤੋਂ ਬਾਅਦ ਨੈਨਸੀ ਦੇ ਜੀਵਨ ਵਿੱਚ ਇੱਕ ਦਰਦਨਾਕ ਖਾਲੀਪਣ ਭਰ ਗਿਆ।

ਨੈਨਸੀ ਨੇ ਕਿਹਾ, "ਪਹਿਲੇ ਸਾਲ ਤਾਂ ਮੈਂ ਸੌਂ ਵੀ ਨਹੀਂ ਸਕੀ। ਹਰ ਰਾਤ ਸੌਣ ਤੋਂ ਪਹਿਲਾਂ ਮੈਂ ਰੌਂਦੀ ਸੀ।"

"ਮੈਂ ਹੈਰਾਨ ਸੀ ਕਿ ਇਹ ਸਭ ਕਿਵੇਂ ਹੋ ਗਿਆ। ਲੋਕ ਸਾਡੇ ਨਾਲ ਇੰਨੀ ਨਫ਼ਰਤ ਕਿਵੇਂ ਕਰ ਸਕਦੇ ਹਨ? ਮੈਂ ਪੜ੍ਹਨਾ ਸ਼ੁਰੂ ਕੀਤਾ, ਮੈਂ ਸਿੱਖਣਾ ਸ਼ੁਰੂ ਕੀਤਾ ਅਤੇ ਮੇਰੇ ਦਿਲੇ ਹੀ ਦਿਲ ਵਿੱਚ, ਮੈਂ ਅੱਤਵਾਦੀਆਂ ਨੂੰ ਮੁਆਫ ਕਰ ਦਿੱਤਾ।"

"ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਨਫ਼ਰਤ ਨਾਲ ਨਹੀਂ ਜੀਅ ਸਕਦੀ। ਮੈਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਜ਼ਰੂਰਤ ਸੀ। ਮੈਂ ਇੱਕ ਵਾਰ ਫਿਰ ਇਹ ਪਤਾ ਲਾਉਣਾ ਸੀ ਕਿ ਮੈਂ ਕੌਣ ਹਾਂ।"

ਲਗਭਗ ਡੇਢ ਸਾਲ ਬਾਅਦ, ਨੈਨਸੀ ਨੇ ਡੇਟਿੰਗ ਸ਼ੁਰੂ ਕੀਤੀ। ਸਾਲ 2006 ਵਿੱਚ, ਉਨ੍ਹਾਂ ਨੇ ਇੱਕ ਸਿਵਲ ਇੰਜੀਨੀਅਰ ਜੇਰੇਮੀ ਫੇਲਡਮੈਨ ਨਾਲ ਵਿਆਹ ਕਰ ਲਿਆ। ਉਨ੍ਹਾਂ ਕਿਹਾ "ਅੰਤ ਵਿੱਚ ਪਿਆਰ ਹੀ ਤੁਹਾਨੂੰ ਬਚਾਉਂਦਾ ਹੈ।"

ਸੈਂਟੀ ਯੈਂਬਲ, ਜੈਰੀ ਫੈਲਡਮੈਨ ਅਤੇ ਨੈਨਸੀ ਯੈਂਬਲ

ਤਸਵੀਰ ਸਰੋਤ, Nancy Yambem

ਤਸਵੀਰ ਕੈਪਸ਼ਨ, ਸੈਂਟੀ ਯੈਂਬਲ, ਜੈਰੀ ਫੈਲਡਮੈਨ ਅਤੇ ਨੈਨਸੀ ਯੈਂਬਲ, ਨਿਊ ਯਾਰਕ ਸ਼ਹਿਰ ਵਿੱਚ

ਉਹ ਕਹਿੰਦੇ ਹਨ ਕਿ ਇੱਕ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਉਹ ਜੁਪੀਟਰ ਬਾਰੇ ਨਹੀਂ ਸੋਚਦੇ। ਉਨ੍ਹਾਂ ਨੂੰ ਯਾਦ ਕਰਨ ਲਈ ਘਰ ਵਿੱਚ ਇੱਕ ਛੋਟਾ ਜਿਹਾ ਖੂੰਜਾ ਵੀ ਹੈ।

ਜੁਪੀਟਰ ਨੂੰ ਵਿੰਡੋਜ਼ ਆਨ ਦਿ ਵਰਲਡ ਤੋਂ ਜੋ ਚੀਜ਼ਾਂ ਪ੍ਰਾਪਤ ਹੋਈਆਂ ਸਨ, ਨੈਨਸੀ ਨੇ ਉਹ ਚੀਜ਼ਾਂ 9/11 ਦੇ ਅਜਾਇਬ ਘਰ ਵਿੱਚ ਦਾਨ ਕਰ ਦਿੱਤੀਆਂ: ਉਸਦਾ ਬਿਜ਼ਨਸ ਕਾਰਡ, ਇੱਕ ਵਿਸ਼ੇਸ਼ ਸਮਾਗਮ ਤੋਂ ਮਿਲੀਆਂ ਵਾਈਨ ਦੀਆਂ ਦੋ ਬੋਤਲਾਂ ਅਤੇ ਲੱਕੜ ਦਾ ਇੱਕ ਵਾਈਨ ਕਿਟ ਬਾਕਸ।

ਇਹ ਪਰਿਵਾਰ ਥੋੜ੍ਹੇ-ਥੋੜ੍ਹੇ ਸਾਲਾਂ ਬਾਅਦ ਮਣੀਪੁਰ ਵਿੱਚ ਜੁਪੀਟਰ ਦੇ ਘਰ ਜਾਂਦਾ ਰਹਿੰਦਾ ਹੈ। ਸੈਂਟੀ, ਜੋ ਕਿ ਹੁਣ 25 ਸਾਲ ਦੇ ਹਨ ਅਤੇ ਬੀਕਨ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਹਨ, ਨੇ ਰਵਾਇਤੀ ਮਨੀਪੁਰੀ ਡ੍ਰਮ (ਢੋਲ) ਪੁੰਗ ਵਜਾਉਣਾ ਸਿੱਖਿਆ ਹੈ।

ਨੈਨਸੀ ਨੇ ਕਿਹਾ "ਮਣੀਪੁਰ ਵਿੱਚ ਸਾਡਾ ਦੂਜਾ ਘਰ ਜੁਪੀਟਰ ਦੇ ਪਿਤਾ ਨਾਲ ਹੈ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ।"

ਜੇ ਜੁਪੀਟਰ ਜਿੰਦਾ ਹੁੰਦੇ, ਤਾਂ ਇਹ ਜੋੜਾ ਅਕਤੂਬਰ ਵਿੱਚ ਆਪਣੀ ਵਿਆਹ ਦੀ 30ਵੀਂ ਸਾਲਗਿਰਹ ਮਨਾ ਰਿਹਾ ਹੁੰਦਾ।

ਨੈਨਸੀ ਕਹਿੰਦੇ ਹਨ "ਸਦਮਾ ਇੱਕ ਅਜੀਬ ਚੀਜ਼ ਹੈ।" ਭੁੱਲਣਾ "ਕੋਈ ਬਦਲ ਨਹੀਂ ਹੈ", ਪਰ ਹਰ ਸਾਲ 9/11 ਨੂੰ ਜੀਉਣਾ ਮੁਸ਼ਕਿਲ ਹੋ ਸਕਦਾ ਹੈ।

"ਦਰਦ ਇੱਕ ਨਸ਼ਤਰ ਵਰਗਾ ਹੁੰਦਾ ਹੈ ਜੋ ਸ਼ੁਰੂ ਵਿੱਚ ਬਹੁਤ ਤਿੱਖਾ ਅਤੇ ਦਰਦਨਾਕ ਹੁੰਦਾ ਹੈ। ਸਮੇਂ ਦੇ ਨਾਲ, ਇਹ ਜ਼ਖਮ ਭਰ ਜਾਂਦਾ ਹੈ ਅਤੇ ਦਰਦ ਘੱਟ ਜਾਂਦਾ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)