9/11 ਅੱਤਵਾਦੀ ਹਮਲੇ ਦਾ ਇੱਕ 'ਮਾਸਟਰਮਾਈਂਡ' ਅਮਰੀਕੀ ਖੁਫ਼ੀਆਂ ਏਜੰਸੀਆਂ ਦੇ ਹੱਥੋਂ ਕਿਵੇਂ ਬਚ ਨਿੱਕਲਿਆ ਸੀ

ਤਸਵੀਰ ਸਰੋਤ, Reuters
- ਲੇਖਕ, ਗੌਰਡਨ ਕੋਰੇਰਾ ਅਤੇ ਸਟੀਵ ਸਵਾਨ
- ਰੋਲ, ਬੀਬੀਸੀ ਨਿਊਜ਼
20 ਸਾਲ ਪਹਿਲਾਂ ਅਮਰੀਕਾ ਵਿੱਚ ਹੋਏ 9/11 ਦੇ ਹਮਲਿਆਂ ਦੀ ਸਾਜ਼ਿਸ਼ ਦਾ ਇੱਕ ਮਾਸਟਰਮਾਈਂਡ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਆਪਣੇ ਟ੍ਰਾਇਲ ਦੀ ਉਡੀਕ ਕਰ ਰਿਹਾ ਹੈ। ਪਰ ਕੀ ਉਸ ਮਾਸਟਰਮਾਈਂਡ ਨੂੰ ਕਈ ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ?
ਜਿਸ ਵੇਲੇ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਤਸਵੀਰਾਂ ਟੀਵੀ ਉੱਤੇ ਦਿਖਾਈਆਂ ਜਾ ਰਹੀਆਂ ਸਨ, ਉਸ ਸਮੇਂ ਫਰੈਂਕ ਪੇਲੇਗ੍ਰਿਨੋ ਮਲੇਸ਼ੀਆ ਦੇ ਇੱਕ ਹੋਟਲ ਦੇ ਕਮਰੇ ਵਿੱਚ ਬੈਠੇ ਸਨ।
ਉਨ੍ਹਾਂ ਦੇ ਮਨ 'ਚ ਜੋ ਪਹਿਲੀ ਗੱਲ ਆਈ ਉਹ ਇਹ ਸੀ ਕਿ "ਹਾਏ ਰੱਬਾ, ਇਹ ਤਾਂ ਸ਼ੇਖ ਮੁਹੰਮਦ ਹੋਣਾ ਚਾਹੀਦਾ ਹੈ।"
ਖ਼ਾਲਿਦ ਸ਼ੇਖ ਮੁਹੰਮਦ ਦੇ ਇਰਾਦੇ ਅਤੇ ਟੀਚੇ ਵੀ ਇਹੀ ਸਨ। ਫਰੈਂਕ ਪੇਲੇਗ੍ਰਿਨੋ ਆਪਣੀ ਜ਼ਿੰਮੇਵਾਰੀ ਕਾਰਨ ਖ਼ਾਲਿਦ ਸ਼ੇਖ ਮੁਹੰਮਦ ਦੇ ਇਸ ਟੀਚੇ ਤੋਂ ਜਾਣੂ ਸਨ।
ਐਫ਼ਬੀਆਈ ਦੇ ਸਾਬਕਾ ਵਿਸ਼ੇਸ਼ ਏਜੰਟ ਫਰੈਂਕ ਨੇ ਲਗਭਗ ਤਿੰਨ ਦਹਾਕਿਆਂ ਤੋਂ ਖ਼ਾਲਿਦ ਸ਼ੇਖ ਮੁਹੰਮਦ 'ਤੇ ਨਜ਼ਰ ਰੱਖੀ ਹੋਈ ਸੀ। ਖ਼ਾਲਿਦ ਅਜੇ ਵੀ 11 ਸਤੰਬਰ ਦੀ ਘਟਨਾ ਦੇ ਕਥਿਤ ਮਾਸਟਰਮਾਈਂਡ ਹਨ ਅਤੇ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ:
ਖ਼ਾਲਿਦ ਸ਼ੇਖ ਮੁਹੰਮਦ ਦੇ ਇੱਕ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਮੁਕੱਦਮੇ ਦਾ ਫੈਸਲਾ ਆਉਣ ਵਿੱਚ ਹੋਰ 20 ਸਾਲ ਲੱਗ ਸਕਦੇ ਹਨ।
ਖ਼ਾਲਿਦ ਸ਼ੇਖ ਮੁਹੰਮਦ 'ਤੇ ਅਮਰੀਕੀਆਂ ਦੀ ਨਜ਼ਰ
11 ਸਤੰਬਰ ਦੇ ਹਮਲਿਆਂ ਲਈ ਮੁੱਖ ਤੌਰ 'ਤੇ ਅਲ-ਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਪਰ ਇਨ੍ਹਾਂ ਹਮਲਿਆਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੀ ਰਿਪੋਰਟ ਵਿੱਚ ਖ਼ਾਲਿਦ ਸ਼ੇਖ ਮੁਹੰਮਦ ਜਾਂ ਕੇਐਸਐਮ ਨੂੰ ਇਸ ਸਾਜ਼ਿਸ਼ ਦਾ 'ਮੁੱਖ ਮਾਸਟਰਮਾਈਂਡ' ਕਿਹਾ ਗਿਆ ਸੀ।
ਖ਼ਾਲਿਦ ਸ਼ੇਖ ਮੁਹੰਮਦ ਹੀ ਉਹ ਵਿਅਕਤੀ ਸਨ ਜੋ ਇਸ ਵਿਚਾਰ ਨੂੰ ਲੈ ਕੇ ਆਏ ਅਤੇ ਇਸ ਨੂੰ ਅਲ-ਕਾਇਦਾ ਤੱਕ ਪਹੁੰਚਾਇਆ।
ਕੁਵੈਤ ਵਿੱਚ ਜਨਮੇ ਖ਼ਾਲਿਦ ਸ਼ੇਖ ਮੁਹੰਮਦ ਦੀ ਪੜ੍ਹਾਈ ਅਮਰੀਕਾ ਵਿੱਚ ਹੋਈ ਹੈ। 80 ਦੇ ਦਹਾਕੇ ਵਿੱਚ ਉਹ ਅਫ਼ਗਾਨਿਸਤਾਨ ਵਿੱਚ ਲੜੇ। 9/11 ਦੇ ਹਮਲੇ ਤੋਂ ਕਈ ਸਾਲ ਪਹਿਲਾਂ, ਐਫਬੀਆਈ ਏਜੰਟ ਫਰੈਂਕ ਪੇਲੇਗ੍ਰਿਨੋ ਨੂੰ ਇਸ ਜਿਹਾਦੀ 'ਤੇ ਨਜ਼ਰ ਰੱਖਣ ਦਾ ਕੰਮ ਦਿੱਤਾ ਗਿਆ ਸੀ।
9/11 ਦੇ ਹਮਲੇ ਤੋਂ ਬਹੁਤ ਪਹਿਲਾਂ 1993 ਵਿੱਚ ਵੀ ਅੱਤਵਾਦੀ ਵਰਲਡ ਟ੍ਰੇਡ ਸੈਂਟਰ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਸਨ। ਫਰੈਂਕ ਨੂੰ ਇਸੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਖ਼ਾਲਿਦ ਸ਼ੇਖ ਮੁਹੰਮਦ ਸਭ ਤੋਂ ਪਹਿਲਾਂ ਅਮਰੀਕੀਆਂ ਦੀ ਨਜ਼ਰ ਵਿੱਚ ਉਸ ਸਮੇਂ ਆਏ ਜਦੋਂ ਉਨ੍ਹਾਂ ਨੇ ਇਸ ਘਟਨਾ ਨਾਲ ਜੁੜੇ ਕਿਸੇ ਵਿਅਕਤੀ ਨੂੰ ਪੈਸੇ ਭੇਜੇ।
ਐਫਬੀਆਈ ਏਜੰਟ ਫਰੈਂਕ ਨੂੰ ਕੇਐਸਐਮ ਦੇ ਇਰਾਦਿਆਂ ਦੀ ਸਮਝ ਉਸ ਵੇਲੇ ਆਈ ਜਦੋਂ ਸਾਲ 1995 ਵਿੱਚ ਉਨ੍ਹਾਂ ਦਾ ਨਾਮ ਪ੍ਰਸ਼ਾਂਤ ਮਹਾਂਸਾਗਰ ਦੇ ਉੱਪਰ ਕੁਝ ਅੰਤਰਰਾਸ਼ਟਰੀ ਜਹਾਜ਼ਾਂ ਨੂੰ ਉਡਾਉਣ ਦੀ ਸਾਜ਼ਿਸ਼ ਵਿੱਚ ਸਾਹਮਣੇ ਆਇਆ।
ਕਤਰ ਵਿੱਚ ਕੇਐਸਐਮ ਦੀ ਮੌਜੂਦਗੀ
90 ਦੇ ਦਹਾਕੇ ਦੇ ਅੱਧ ਵਿੱਚ, ਫਰੈਂਕ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੇ ਕਾਫੀ ਨੇੜੇ ਪਹੁੰਚ ਗਏ ਸਨ। ਉਨ੍ਹਾਂ ਨੇ ਕੇਐਸਐਮ ਨੂੰ ਕਤਰ ਵਿੱਚ ਲੱਭ ਲਿਆ ਸੀ।
ਫਰੈਂਕ ਅਤੇ ਉਨ੍ਹਾਂ ਦੀ ਟੀਮ ਕੇਐਸਐਮ ਨੂੰ ਗ੍ਰਿਫ਼ਤਾਰ ਕਰਨ ਲਈ ਓਮਾਨ ਪਹੁੰਚੀ, ਜਿੱਥੋਂ ਉਹ ਕਤਰ ਜਾਣ ਵਾਲੇ ਸਨ। ਕੇਐਸਐਮ ਨੂੰ ਲਿਆਉਣ ਲਈ ਇੱਕ ਜਹਾਜ਼ ਵੀ ਤਿਆਰ ਰੱਖਿਆ ਗਿਆ ਸੀ। ਪਰ ਜ਼ਮੀਨੀ ਪੱਧਰ 'ਤੇ ਅਮਰੀਕੀ ਡਿਪਲੋਮੈਟ ਇਸ ਕਾਰਵਾਈ ਨੂੰ ਲੈ ਕੇ ਝਿਜਕ ਰਹੇ ਸਨ।

ਤਸਵੀਰ ਸਰੋਤ, FRANK PELLEGRINO
ਫਰੈਂਕ ਕਤਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਅਮਰੀਕੀ ਰਾਜਦੂਤ ਅਤੇ ਦੂਤਾਵਾਸ ਦੇ ਹੋਰ ਅਧਿਕਾਰੀਆਂ ਨੂੰ ਕੇਐਸਐਮ ਨੂੰ ਫੜਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਪਰ ਫਰੈਂਕ ਦਾ ਕਹਿਣਾ ਹੈ ਕਿ ਅਮਰੀਕੀ ਡਿਪਲੋਮੈਟ ਕਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਪੈਦਾ ਨਹੀਂ ਕਰਨਾ ਚਾਹੁੰਦੇ ਸਨ।
ਫਰੈਂਕ ਯਾਦ ਕਰਦੇ ਹਨ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਇਸ ਨਾਲ ਉੱਥੇ ਹੰਗਾਮਾ ਖੜ੍ਹਾ ਹੋ ਜਾਵੇਗਾ।"
ਅੰਤ ਵਿੱਚ, ਅਮਰੀਕੀ ਰਾਜਦੂਤ ਨੇ ਕਤਰ ਅਧਿਕਾਰੀਆਂ ਦੇ ਹਵਾਲੇ ਨਾਲ ਫਰੈਂਕ ਨੂੰ ਦੱਸਿਆ ਕਿ ਕੇਐਸਐਮ ਹੱਥੋਂ ਨਿੱਕਲ ਗਏ ਹਨ। ਫਰੈਂਕ ਦੱਸਦੇ ਹਨ, "ਉਸ ਸਮੇਂ ਬਹੁਤ ਗੁੱਸਾ ਆਇਆ, ਬਹੁਤ ਨਿਰਾਸ਼ਾ ਹੋਈ। ਸਾਨੂੰ ਉਸ ਸਮੇਂ ਪਤਾ ਸੀ ਕਿ ਅਸੀਂ ਮੌਕਾ ਗੁਆ ਦਿੱਤਾ ਹੈ।"
ਹਾਲਾਂਕਿ, ਫਰੈਂਕ ਇਹ ਵੀ ਮੰਨਦੇ ਹਨ ਕਿ 90 ਦੇ ਦਹਾਕੇ ਦੇ ਅੱਧ ਵਿੱਚ, ਕੇਐਸਐਮ ਨੂੰ ਜ਼ਿਆਦਾ ਤਰਜੀਹ ਨਹੀਂ ਦਿੱਤੀ ਗਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਖ਼ਾਲਿਦ ਸ਼ੇਖ ਮੁਹੰਮਦ ਦੇ ਸੰਪਰਕ ਅਤੇ ਸਰਗਰਮੀ
ਫਰੈਂਕ ਪੇਲੇਗ੍ਰਿਨੋ ਤਾਂ ਕੇਐਸਐਮ ਦਾ ਨਾਮ ਵੀ ਅਮਰੀਕਾ ਦੇ ਮੁੱਖ 10 ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਨਹੀਂ ਕਰਵਾ ਪਾਏ ਸਨ। ਉਹ ਕਹਿੰਦੇ ਹਨ, "ਮੈਨੂੰ ਦੱਸਿਆ ਗਿਆ ਹੈ ਕਿ ਇਸ ਸੂਚੀ ਵਿੱਚ ਪਹਿਲਾਂ ਹੀ ਬਹੁਤ ਸਾਰੇ ਅੱਤਵਾਦੀ ਹਨ।"

ਤਸਵੀਰ ਸਰੋਤ, Getty Images
ਖ਼ਾਲਿਦ ਸ਼ੇਖ ਮੁਹੰਮਦ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕਿ ਅਮਰੀਕਾ ਉਨ੍ਹਾਂ 'ਤੇ ਨਜ਼ਰ ਰੱਖ ਰਿਹਾ ਹੈ। ਉਹ ਕਤਰ ਭੱਜ ਗਏ ਅਤੇ ਉਥੋਂ ਅਫ਼ਗਾਨਿਸਤਾਨ ਪਹੁੰਚ ਗਏ।
ਆਉਣ ਵਾਲੇ ਕੁਝ ਸਾਲਾਂ ਵਿੱਚ, ਕੇਐਸਐਮ ਦਾ ਨਾਮ ਸਮੇਂ-ਸਮੇਂ 'ਤੇ ਸਾਹਮਣੇ ਆਉਂਦਾ ਰਿਹਾ। ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਅੱਤਵਾਦੀਆਂ ਦੀਆਂ ਫ਼ੋਨਬੁੱਕਾਂ ਵਿੱਚ ਉਨ੍ਹਾਂ ਦਾ ਨਾਮ ਦਿਖਾਈ ਦਿੰਦਾ ਰਿਹਾ। ਇਸ ਤੋਂ ਇਹ ਗੱਲ ਤਾਂ ਸਮਝ ਆ ਗਈ ਕਿ ਕੇਐਸਐਮ ਦੇ ਸੰਪਰਕ ਅਤੇ ਸਰਗਰਮੀ ਬਣੀ ਹੋਈ ਹੈ।
ਉਨ੍ਹਾਂ ਦਿਨਾਂ ਵਿੱਚ ਹੀ ਖ਼ਾਲਿਦ ਸ਼ੇਖ ਮੁਹੰਮਦ ਭਾਵ ਕੇਐਸਐਮ 9/11 ਦੇ ਹਮਲਿਆਂ ਦਾ ਵਿਚਾਰ ਲੈ ਕੇ ਓਸਾਮਾ ਬਿਨ ਲਾਦੇਨ ਕੋਲ ਪਹੁੰਚੇ।
ਕੇਐਸਐਮ ਚਾਹੁੰਦੇ ਸਨ ਕਿ ਕੱਟੜਪੰਥੀਆਂ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦਿੱਤੀ ਜਾਵੇ ਅਤੇ ਉਹ ਅਮਰੀਕਾ ਦੇ ਅੰਦਰ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਲਈ ਉਡਾਣ ਭਰਨ ਅਤੇ ਫਿਰ 11 ਸਤੰਬਰ ਨੂੰ ਸਾਜ਼ਿਸ਼ ਨੂੰ ਅੰਜਾਮ ਦੇ ਦਿੱਤਾ ਗਿਆ।
ਸੀਆਈਏ ਦੀ ਬਲੈਕ ਸਾਈਟ
ਪੇਲੇਗ੍ਰਿਨੋ ਦੱਸਦੇ ਹਨ, "ਸਾਰਿਆਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਤਾਂ ਫਰੈਂਕ ਵਾਲਾ ਆਦਮੀ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਦੋਂ ਸਾਨੂੰ ਪਤਾ ਲੱਗਾ ਕਿ ਇਹ ਉਹੀ ਆਦਮੀ ਹੈ, ਸਭ ਤੋਂ ਬੁਰੀ ਹਾਲਤ ਮੇਰੀ ਹੀ ਸੀ।"

ਤਸਵੀਰ ਸਰੋਤ, Getty Images
ਸਾਲ 2003 ਵਿੱਚ ਸੁਰਾਗ ਮਿਲਿਆ ਕਿ ਕੇਐਸਐਮ ਪਾਕਿਸਤਾਨ ਵਿੱਚ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਰੈਂਕ ਨੂੰ ਉਮੀਦ ਸੀ ਕਿ ਕੇਐਸਐਮ ਦੇ ਵਿਰੁੱਧ ਜੋ ਸਬੂਤ ਉਨ੍ਹਾਂ ਨੇ ਇਕੱਠੇ ਕੀਤੇ ਸਨ, ਉਨ੍ਹਾਂ ਦੇ ਆਧਾਰ 'ਤੇ ਮੁਕੱਦਮਾ ਚਲਾਇਆ ਜਾਏਗਾ ਪਰ ਕੇਐਸਐਮ ਫਿਰ ਲਾਪਤਾ ਹੋ ਗਏ।
ਕੇਐਸਐਮ ਨੂੰ ਸੀਆਈਏ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਪੁੱਛਗਿੱਛ ਲਈ ਏਜੰਸੀ ਦੀ ਇੱਕ ਬਲੈਕ ਸਾਈਟ 'ਤੇ ਰੱਖਿਆ ਗਿਆ ਸੀ। ਉਸ ਸਮੇਂ ਸੀਆਈਏ ਦੇ ਇੱਕ ਅਧਿਕਾਰੀ ਨੇ ਕਿਹਾ ਸੀ, "ਉਹ ਜੋ ਕੁਝ ਵੀ ਜਾਣਦਾ ਹੈ, ਮੈਂ ਛੇਤੀ ਤੋਂ ਛੇਤੀ ਉਹ ਸਭ ਕੁਝ ਜਾਣ ਲੈਣਾ ਚਾਹੁੰਦਾ ਹਾਂ।"
ਸੀਆਈਏ ਦੀ ਹਿਰਾਸਤ ਵਿੱਚ ਕੇਐਸਐਮ ਨੂੰ ਘੱਟੋ-ਘੱਟ 183 ਵਾਰ ਪਾਣੀ ਵਿੱਚ ਡੁਬੋ ਕੇ ਰੱਖਿਆ ਗਿਆ ਸੀ, ਜਿਸ ਵਿੱਚ ਆਦਮੀ ਲਗਭਗ ਡੁੱਬਿਆ ਹੋਇਆ ਮਹਿਸੂਸ ਕਰਦਾ ਹੈ। ਸੀਆਈਏ ਵੱਲੋਂ ਤਸ਼ੱਦਦ ਦੇ ਇਨ੍ਹਾਂ ਤਰੀਕਿਆਂ ਵਿੱਚ ਰੇਕਟਲ ਰੀਹਾਈਡਰੇਸ਼ਨ (ਗੁਦਾ ਦੇ ਰਸਤੇ "ਭੋਜਨ" ਖੁਆਉਣਾ), ਸੌਣ ਨਾ ਦੇਣਾ, ਜ਼ਬਰਦਸਤੀ ਨੰਗੇ ਕਰਨਾ ਅਤੇ ਬੱਚਿਆਂ ਨੂੰ ਮਾਰਨ ਦੀ ਧਮਕੀ ਦੇਣਾ ਸ਼ਾਮਲ ਹੈ।
ਕੇਐਸਐਮ ਨੂੰ ਇਨ੍ਹਾਂ ਸਭ ਵਿੱਚੋਂ ਲੰਘਣਾ ਪਿਆ। ਉਸ ਨੇ ਉਸ ਸਮੇਂ ਅੱਤਵਾਦੀ ਗਤੀਵਿਧੀਆਂ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ। ਪਰ ਸੀਨੇਟ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਜ਼ਿਆਦਾਤਰ ਖੂਫੀਆ ਜਾਣਕਾਰੀ ਹਿਰਾਸਤ ਵਿੱਚ ਰੱਖੇ ਗਏ ਲੋਕਾਂ ਤੋਂ ਕੱਢਵਾਈ ਗਈ।
ਕੇਐਸਐਮ ਨੂੰ ਮਿਲਣ ਦਾ ਮੌਕਾ
ਸੀਆਈਏ ਦੇ ਇਸ ਪ੍ਰੋਗਰਾਮ ਦੀਆਂ ਜਾਣਕਾਰੀਆਂ ਸਾਹਮਣੇ ਆਉਣ ਤੋਂ ਬਾਅਦ ਕੇਐਸਐਮ ਨੂੰ 2006 ਵਿੱਚ ਗੁਆਂਟਾਨਾਮੋ ਬੇ ਭੇਜ ਦਿੱਤਾ ਗਿਆ। ਫਿਰ ਉਸ ਵੇਲੇ ਕਿਤੇ ਜਾ ਕੇ ਐਫਬੀਆਈ ਨੂੰ ਕੇਐਮਐਸ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮਿਲੀ।
ਫਰੈਂਕ ਪੇਲੇਗ੍ਰਿਨੋ ਨੇ ਸਾਲਾਂ ਤੋਂ ਜਿਸ ਆਦਮੀ 'ਤੇ ਨਜ਼ਰ ਰੱਖੀ ਹੋਈ ਸੀ, ਆਖਿਰਕਾਰ ਜਨਵਰੀ, 2007 ਵਿੱਚ ਉਨ੍ਹਾਂ ਨੂੰ ਉਸ ਵਿਅਕਤੀ ਭਾਵ ਕੇਐਸਐਮ ਨੂੰ ਮਿਲਣ ਦਾ ਮੌਕਾ ਮਿਲਿਆ।

ਤਸਵੀਰ ਸਰੋਤ, Getty Images
ਫਰੈਂਕ ਦੱਸਦੇ ਹਨ, "ਮੈਂ ਉਸ ਨੂੰ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਿ ਉਹ 90 ਦੇ ਦਹਾਕੇ ਤੋਂ ਮੇਰੇ ਰਡਾਰ 'ਤੇ ਸੀ। ਮੈਂ 11 ਸਤੰਬਰ ਦੇ ਹਮਲਿਆਂ ਬਾਰੇ ਉਸ ਤੋਂ ਜਾਣਕਾਰੀ ਲੈਣਾ ਚਾਹੁੰਦਾ ਸੀ।"
ਹਾਲਾਂਕਿ ਫਰੈਂਕ ਨੇ ਉਸ ਗੱਲਬਾਤ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ, "ਤੁਸੀਂ ਯਕੀਨ ਕਰੋ ਜਾਂ ਨਾ ਕਰੋ, ਉਸ ਦਾ ਸੇਂਸ ਆਫ਼ ਹਿਊਮਰ ਬਹੁਤ ਚੰਗਾ ਸੀ। ਉਸ ਨੇ ਖੁੱਲ੍ਹ ਕੇ ਗੱਲਬਾਤ ਕੀਤੀ।"
ਕੇਐਸਐਮ ਨੂੰ ਗੁਆਂਟਾਨਾਮੋ ਬੇ ਵਿੱਚ ਅਦਾਲਤੀ ਸੁਣਵਾਈ ਦੌਰਾਨ ਕਈ ਵਾਰ ਦੇਖਿਆ ਗਿਆ। ਫਰੈਂਕ ਕਹਿੰਦੇ ਹਨ ਕਿ ਦੁਨੀਆ ਦੇ ਸਭ ਤੋਂ ਬਦਨਾਮ ਅੱਤਵਾਦੀਆਂ ਵਿੱਚੋਂ ਇੱਕ, ਕੇਐਸਐਮ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਸੀ।
ਕੀ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਜਾਂ ਉਹ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੁੰਦੇ ਹਨ?
ਇਸ ਸਵਾਲ 'ਤੇ, ਫਰੈਂਕ ਕਹਿੰਦੇ ਹਨ, "ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੋ ਵੀ ਉਸ ਨੇ ਕੀਤਾ, ਉਹ ਉਸਦੀ ਨਜ਼ਰ ਵਿੱਚ ਵਾਜਬ ਸੀ, ਪਰ ਉਸ ਨੂੰ ਇਹ ਸਭ ਠੀਕ ਲੱਗ ਰਿਹਾ ਸੀ।"
9/11 ਦੀ 20ਵੀਂ ਬਰਸੀ
ਫਰੈਂਕ ਚੇਤੇ ਕਰਦੇ ਹਨ, ''ਛੇ ਦਿਨਾਂ ਤੱਕ ਗੱਲ ਕਰਨ ਤੋਂ ਬਾਅਦ ਆਖਿਰਕਾਰ ਕੇਐਸਐਮ ਨੇ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ।''
9/11 ਦੇ ਦੋਸ਼ੀਆਂ ਨੂੰ ਨਿਆਂ ਦਿਵਾਉਣ ਦੇ ਯਤਨ ਲਗਾਤਾਰ ਅਸਫਲ ਹੁੰਦੇ ਰਹੇ। ਨਿਊਯਾਰਕ ਵਿੱਚ ਜਦੋਂ ਇਸ ਮੁਕੱਦਮੇ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤਾਂ ਉਨ੍ਹਾਂ ਨੂੰ ਰਾਜਨੀਤਕ ਵਿਰੋਧ ਅਤੇ ਆਮ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਫਰੈਂਕ ਆਪ ਵੀ ਨਿਊਯਾਰਕ ਦੇ ਰਹਿਣ ਵਾਲੇ ਹਨ ਅਤੇ ਦੱਸਦੇ ਹਨ "ਹਰ ਕੋਈ ਰੌਲਾ ਪਾ ਰਿਹਾ ਸੀ ਕਿ ਅਸੀਂ ਇਸ ਆਦਮੀ ਨੂੰ ਇੱਥੇ ਨਹੀਂ ਚਾਹੁੰਦੇ। ਇਸ ਨੂੰ ਗੁਆਂਟਾਨਾਮੋ ਵਿੱਚ ਹੀ ਰੱਖੋ।"
ਇਸ ਤੋਂ ਬਾਅਦ, ਗੁਆਂਟਾਨਾਮੋ ਦੇ ਮਿਲਟਰੀ ਟ੍ਰਿਬਿਊਨਲ ਵਿੱਚ ਸੁਣਵਾਈ ਸ਼ੁਰੂ ਹੋਈ, ਪਰ ਪ੍ਰਕਿਰਿਆ ਦੀਆਂ ਸਮੱਸਿਆਵਾਂ ਅਤੇ ਕੋਰੋਨਾ ਮਹਾਂਮਾਰੀ ਦੇ ਕਾਰਨ ਸੁਣਵਾਈ ਮੁਲਤਵੀ ਹੁੰਦੀ ਰਹੀ। ਇਸ ਹਫ਼ਤੇ ਕੇਐਸਐਮ ਦੇ ਮਾਮਲੇ ਦੀ ਹੋਰ ਸੁਣਵਾਈ ਹੋਣੀ ਹੈ ਪਰ ਅੰਤਿਮ ਫੈਸਲੇ ਲਈ ਲੰਮੀ ਉਡੀਕ ਬਾਕੀ ਹੈ।
ਖ਼ਾਲਿਦ ਸ਼ੇਖ ਮੁਹੰਮਦ ਦੇ ਵਕੀਲ ਡੇਵਿਡ ਨੇਵਿਨ ਦਾ ਕਹਿਣਾ ਹੈ ਕਿ ਨਵੀਨਤਮ ਸੁਣਵਾਈ ਦਾ ਸਮਾਂ ਸੋਚ-ਸਮਝ ਕੇ ਰੱਖਿਆ ਗਿਆ ਹੈ ਤਾਂ ਜੋ ਮੀਡੀਆ ਨੂੰ ਇਹ ਦਿਖਾਇਆ ਜਾ ਸਕੇ ਕਿ 9/11 ਦੀ 20ਵੀਂ ਬਰਸੀ 'ਤੇ ਕੁਝ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਪ੍ਰਕਿਰਿਆ ਅਗਲੇ 20 ਸਾਲਾਂ ਵਿੱਚ ਵੀ ਖ਼ਤਮ ਹੁੰਦੀ ਨਜ਼ਰ ਨਹੀਂ ਆਉਂਦੀ। ਅਪਰਾਧਿਕ ਬਚਾਅ ਪੱਖ ਦੇ ਵਕੀਲ ਡੇਵਿਡ ਨੇਵਿਨ 2008 ਤੋਂ ਇਸ ਮੁਕੱਦਮੇ ਨਾਲ ਜੁੜੇ ਹੋਏ ਹਨ। ਉਹ ਕਹਿੰਦੇ ਹਨ ਕਿ ਮੁਕੱਦਮੇ ਨੂੰ ਸ਼ੁਰੂ ਕਰਨ ਦੀ ਯੋਜਨਾ ਉਸੇ ਵੇਲੇ ਸੀ ਪਰ ਉਹ ਹਾਲੇ ਤੱਕ ਸ਼ੁਰੂ ਹੁਣ ਦੇ ਨੇੜੇ ਵੀ ਨਹੀਂ ਪਹੁੰਚ ਸਕੀ।
ਸਭ ਤੋਂ ਲੰਮੇ ਅਤੇ ਵਿਵਾਦਪੂਰਨ ਅਪਰਾਧਿਕ ਮੁਕੱਦਮਿਆਂ ਵਿੱਚੋਂ ਇੱਕ
ਡੇਵਿਡ ਦੱਸਦੇ ਹਨ ਕਿ ਇਸ ਮਾਮਲੇ ਦੀ ਸੁਣਵਾਈ ਲਈ ਨਵੇਂ ਨਿਯੁਕਤ ਜੱਜ, ਇਸ ਕਾਰਜ ਲਈ ਨਿਯੁਕਤ ਕੀਤੇ ਗਏ 8ਵੇਂ ਜਾਂ ਨੌਵੇਂ ਸ਼ਖ਼ਸ ਹਨ। ਨਵੇਂ ਜੱਜ ਨੇ ਮੁਕੱਦਮੇ ਦੇ 35,000 ਪੰਨਿਆਂ ਤੋਂ ਜਾਣੂ ਹੋਣਾ ਹੈ। ਡੇਵਿਡ ਦੱਸਦੇ ਹਨ ਕਿ ਇਹ ਅਮਰੀਕੀ ਇਤਿਹਾਸ ਦੇ ਸਭ ਤੋਂ ਲੰਮੇ ਅਤੇ ਸਭ ਤੋਂ ਵੱਧ ਵਿਵਾਦਪੂਰਨ ਅਪਰਾਧਿਕ ਮੁਕੱਦਮਿਆਂ ਵਿੱਚੋਂ ਇੱਕ ਹੈ।
ਇਸ ਦਾ ਇੱਕ ਮੁਖ ਕਾਰਨ ਇਹ ਵੀ ਸੀ ਕਿ ਇਸ ਕੇਸ ਦੇ ਪੰਜ ਦੋਸ਼ੀਆਂ ਨੂੰ ਸੀਆਈਏ ਦੇ ਖੂਫੀਆ ਅੱਡਿਆਂ 'ਤੇ ਹਿਰਾਸਤ 'ਚ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਤਸ਼ੱਦਦ ਦੇ ਕੇ ਪੁੱਛਗਿੱਛ ਕੀਤੀ ਗਈ ਸੀ। ਇਹ ਦਲੀਲਾਂ ਦਿੱਤੀਆਂ ਗਈਆਂ ਕਿ ਇਸ ਤਰ੍ਹਾਂ ਇਕੱਠੇ ਕੀਤੇ ਗਏ ਸਬੂਤਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਤਸਵੀਰ ਸਰੋਤ, POOL
ਡੇਵਿਡ ਨੇਵਿਨ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਇਨ੍ਹਾਂ ਲੋਕਾਂ ਦੇ ਤਸ਼ੱਦਦ ਲਈ ਸਖਤ ਪ੍ਰਬੰਧ ਹਨ। ਪਰ ਕਿਸੇ ਨੂੰ ਦੋਸ਼ੀ ਠਹਿਰਾਏ ਜਾਣ ਦੇ ਮਾਮਲੇ ਵਿੱਚ, ਅਪੀਲ ਵੀ ਇਸੇ ਆਧਾਰ 'ਤੇ ਦਾਇਰ ਕੀਤੀ ਜਾ ਸਕਦੀ ਹੈ ਅਤੇ ਮੁਕੱਦਮਾ ਸਾਲਾਂ ਤੱਕ ਚੱਲ ਸਕਦਾ ਹੈ।
ਅਮਰੀਕਾ ਦੇ ਸਭ ਤੋਂ ਬਦਨਾਮ ਦੋਸ਼ੀਆਂ ਵਿੱਚੋਂ ਇੱਕ ਦਾ ਬਚਾਅ ਕਰਨਾ ਕਿਹੋ ਜਿਹਾ ਅਨੁਭਵ ਹੈ?
ਡੇਵਿਡ ਨੇ ਇਸ ਸਵਾਲ 'ਤੇ ਜ਼ਿਆਦਾ ਕੁਝ ਨਹੀਂ ਕਿਹਾ। ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕੇ ਉਨ੍ਹਾਂ ਦੇ ਮੁਵੱਕਿਲ ਸ਼ੁਰੂ ਤੋਂ ਇਸ ਗੱਲ ਨੂੰ ਲੈ ਕੇ ਖਦਸ਼ੇ ਵਿੱਚ ਸਨ ਕਿ ਇੱਕ ਅਮਰੀਕੀ ਵਕੀਲ ਉਨ੍ਹਾਂ ਦਾ ਬਚਾਅ ਕਰ ਰਿਹਾ ਹੈ। ਪਰ ਇੱਕ-ਦੂਜੇ ਨਾਲ ਤਾਲਮੇਲ ਬਿਠਾਉਣ ਵਿੱਚ ਉਨ੍ਹਾਂ ਨੂੰ ਸਮਾਂ ਲੱਗਿਆ।
ਜਦੋਂ ਖ਼ਾਲਿਦ ਸ਼ੇਖ ਮੁਹੰਮਦ ਨੂੰ ਇੱਕ ਖੂਫੀਆ ਜਲ ਸੈਨਾ ਅੱਡੇ 'ਤੇ ਰੱਖਿਆ ਗਿਆ ਸੀ, ਉਨ੍ਹਾਂ ਦੇ ਵਕੀਲਾਂ ਨੂੰ 45 ਮਿੰਟਾਂ ਤੱਕ ਇੱਕ ਵੈਨ ਵਿੱਚ ਘੁਮਾਉਣ ਤੋਂ ਬਾਅਦ ਉੱਥੇ ਪਹੁੰਚਾਇਆ ਗਿਆ ਸੀ। ਉਸ ਵੈਨ ਦੇ ਬਾਹਰ ਕੁਝ ਵੀ ਵੇਖਣਾ ਸੰਭਵ ਨਹੀਂ ਸੀ। ਹਾਲਾਂਕਿ, ਡੇਵਿਡ ਦੱਸਦੇ ਹਨ ਕਿ ਕੇਐਸਐਮ ਨੂੰ ਹੁਣ ਘੱਟ ਖੂਫੀਆ ਕੈਂਪ 5 ਵਿੱਚ ਰੱਖਿਆ ਗਿਆ ਹੈ।
ਇਸ ਮਾਮਲੇ ਨਾਲ ਜੁੜੇ ਵਕੀਲ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ ਕਿ 9/11 ਦੇ ਪੀੜਤਾਂ ਦੇ ਪਰਿਵਾਰ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ। ਕੁਝ ਰਿਸ਼ਤੇਦਾਰਾਂ ਨੇ ਤਾਂ ਨੇ ਇਸ ਸਬੰਧ ਵਿੱਚ ਡੇਵਿਡ ਨੇਵਿਨ ਤੋਂ ਸਵਾਲ ਵੀ ਪੁੱਛੇ ਹਨ।
ਡੇਵਿਡ ਕਹਿੰਦੇ ਹਨ, "ਸਾਡੇ ਲਈ ਇਹ ਮੁਸ਼ਕਿਲ ਹੁੰਦਾ ਹੈ, ਪਰ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਅਜਿਹਾ ਕੁਝ ਨਾ ਹੋਵੇ ਜਿਸ ਨਾਲ ਉਨ੍ਹਾਂ ਦੀ ਤਕਲੀਫ਼ ਹੋਰ ਵਧੇ।"
ਇਸ ਮੁਕੱਦਮੇ ਕਾਰਨ, ਫਰੈਂਕ ਦੀ ਰਿਟਾਇਰਮੈਂਟ ਨੂੰ ਤਿੰਨ ਸਾਲਾਂ ਲਈ ਅੱਗੇ ਵਧਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਗਵਾਹੀ ਦੇਣੀ ਸੀ। ਫਰੈਂਕ ਦੱਸਦੇ ਹਨ ਕਿ "ਚੰਗਾ ਰਹਿੰਦਾ ਜੇ ਮੈਂ ਸੇਵਾ ਦੇ ਦੌਰਾਨ ਅਜਿਹਾ ਕਰ ਪਾਉਂਦਾ।" ਪਰ ਫਰੈਂਕ ਹੁਣ ਸੇਵਾਮੁਕਤ ਹੋ ਗਏ ਹਨ ਅਤੇ ਹਾਲ ਹੀ ਵਿੱਚ ਬਿਊਰੋ ਛੱਡ ਦਿੱਤਾ ਹੈ।
ਉਨ੍ਹਾਂ ਨੂੰ ਹੁਣ ਅਸਫ਼ਲਤਾ ਦਾ ਅਹਿਸਾਸ ਹੁੰਦਾ ਹੈ ਤੇ ਲੱਗਦਾ ਹੈ ਕਿ ਜੇ ਉਹ 1990 ਵਿੱਚ ਖ਼ਲਿਦ ਸ਼ੇਖ ਮੁਹੰਮਦ ਨੂੰ ਫੜ ਲੈਂਦੇ ਤਾਂ ਸ਼ਾਇਦ 9/11 ਨੂੰ ਰੋਕ ਸਕਦੇ ਸਨ।
ਉਹ ਕਹਿੰਦੇ ਹਨ, "ਉਸ ਦਾ ਨਾਮ ਹਰ ਰੋਜ਼ ਮੇਰੇ ਜ਼ਹਿਨ ਵਿੱਚ ਆਉਂਦਾ ਹੈ ਅਤੇ ਇਹ ਬਹੁਤ ਬੁਰਾ ਅਹਿਸਾਸ ਹੈ।"
"ਸਮੇਂ ਨਾਲ ਚੀਜ਼ਾਂ ਠੀਕ ਹੋ ਜਾਂਦੀਆਂ ਹੈਂ, ਪਰ ਜੋ ਹੈ ਉਹ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












