ਅਫ਼ਗਾਨਿਸਤਾਨ: ਵੀਜ਼ਾ ਹੋਣ ਦੇ ਬਾਵਜੂਦ ਵੀ ਭਾਰਤ ਕਿਉਂ ਨਹੀਂ ਆ ਸਕੇ ਇਹ ਅਫ਼ਗਾਨ ਸਿੱਖ

ਤਸਵੀਰ ਸਰੋਤ, igurudwara
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ, ਦਿੱਲੀ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੌਜੂਦ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਤੀਰਥ ਯਾਤਰਾ ਉੱਤੇ ਭਾਰਤ ਜਾਣਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਛੇ ਮਹੀਨੇ ਪਹਿਲਾਂ ਤੋਂ ਹੀ ਵੀਜ਼ਾ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਹੁਤ ਪਹਿਲਾਂ ਹੀ ਉਨ੍ਹਾਂ ਨੂੰ ਇਸ ਲਈ ਵੀਜ਼ਾ ਵੀ ਮਿਲ ਗਏ ਸਨ।
ਕਾਬੁਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਫ਼ੋਨ 'ਤੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮੇਸ਼ਾ ਤੋਂ ਹੀ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਅਫ਼ਗਾਨਿਸਤਾਨ ਵਿੱਚ ਰਹਿਣ ਵਾਲੇ ਸਿੱਖ ਭਾਰਤ ਆਉਂਦੇ ਰਹੇ ਹਨ।
ਇਸ ਵਾਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੂਰਬ ਦੇ ਮੌਕੇ 'ਤੇ ਦਿੱਲੀ ਦੇ ਮਹਾਵੀਰ ਨਗਰ ਸਥਿਤ ਗੁਰਦੁਆਰੇ ਵਿੱਚ ਮੁੱਖ ਸਮਾਗਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਤੋਂ ਸਿੱਖ ਯਾਤਰੀ ਪਹਿਲਾਂ ਤੋਂ ਹੀ ਦਿੱਲੀ ਪਹੁੰਚ ਚੁੱਕੇ ਹਨ।
ਗੁਰਨਾਮ ਸਿੰਘ ਕਹਿੰਦੇ ਹਨ, ''ਇਸ ਨੂੰ ਸਾਡੀ ਕਿਸਮਤ ਕਹਿ ਲਓ। ਜਦੋਂ ਸਾਡੇ ਜਾਣ ਦੀ ਵਾਰੀ ਆਈ ਤਾਂ ਕਾਬੁਲ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਸਾਡਾ ਜੱਥਾ ਭਾਰਤ ਜਾਣ ਦੀਆਂ ਤਿਆਰੀਆਂ ਕਰ ਚੁੱਕਿਆ ਸੀ।''
''ਅਸੀਂ ਬੱਸਾਂ ਵਿੱਚ ਬਹਿ ਕੇ ਕਾਬੁਲ ਏਅਰਪੋਰਟ ਜਾ ਰਹੇ ਸੀ ਪਰ ਏਅਰਪੋਰਟ ਦੇ ਬਾਹਰ ਮੌਜੂਦ ਤਾਲਿਬਾਨ ਦੇ ਲੜਾਕਿਆਂ ਨੇ ਸਾਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਵਾਪਸ ਜਾਣ ਨੂੰ ਕਿਹਾ।''
ਇਸ ਤੋਂ ਪਹਿਲਾਂ ਤਾਲਿਬਾਨ ਨੇ ਫ਼ਰਮਾਨ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ''ਅਫ਼ਗਾਨਿਸਤਾਨ ਦਾ ਕੋਈ ਵੀ ਨਾਗਰਿਕ ਦੇਸ਼ ਛੱਡ ਕੇ ਨਹੀਂ ਜਾ ਸਕਦਾ।''
ਹਾਲਾਂਕਿ ਵਿਦੇਸ਼ੀ ਨਾਗਰਿਕਾਂ ਦੇ ਲਈ ਕੋਈ ਰੋਕ ਨਹੀਂ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਕਈ ਭਾਰਤੀ ਨਾਗਰਿਕ ਅਜੇ ਵੀ ਕਾਬੁਲ ਵਿੱਚ ਫਸੇ ਹੋਏ ਹਨ।
ਕਾਬੁਲ ਏਅਰਪੋਰਟ ਵੈਸੇ ਤਾਂ ਅਮਰੀਕੀ ਫ਼ੌਜੀਆਂ ਦੀ ਸੁਰੱਖਿਆ ਦੇ ਘੇਰੇ ਵਿੱਚ ਹੈ, ਪਰ ਏਅਰਪੋਰਟ ਦੇ ਬਾਹਰ ਦੀ ਸੜਕ 'ਤੇ ਵੱਡੀ ਗਿਣਤੀ ਵਿੱਚ ਤਾਲਿਬਾਨ ਦੇ ਲੜਾਕਿਆਂ ਨੇ ਚੈੱਕ ਪੋਸਟ ਬਣਾਏ ਹਨ, ਜਿੱਥੇ ਉਹ ਏਅਰਪੋਰਟ ਵੱਲ ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਕਰ ਰਹੇ ਹਨ।
ਅਫ਼ਗਾਨਿਸਤਾਨ ਉੱਤੇ 15 ਅਗਸਤ 2021 ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਜ਼ਾਰਾਂ ਅਫ਼ਗਾਨ ਮੁਲਕ ਛੱਡ ਕੇ ਜਾ ਰਹੇ ਹਨ। ਕਈ ਮੁਲਕ ਆਪਣੇ ਨਾਗਰਿਕਾਂ ਅਤੇ ਅਫ਼ਗਾਨ ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢ ਰਹੇ ਹਨ।
ਇਹ ਵੀ ਪੜ੍ਹੋ:
'ਏਅਰਪੋਰਟ ਪਹੁੰਚਣ ਨਹੀਂ ਦੇ ਰਿਹਾ ਤਾਲਿਬਾਨ'
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਬੁਲ ਤੋਂ ਏਅਰ ਇੰਡੀਆ ਦੀ ਜੋ ਆਖ਼ਰੀ ਉਡਾਨ ਸੀ, ਉਸ ਵਿੱਚ ਸਿਰਫ਼ 40 ਯਾਤਰੀ ਹੀ ਆ ਸਕੇ, ਜਦਕਿ ਦੂਜੇ ਯਾਤਰੀ ਏਅਰਪੋਰਟ ਤੱਕ ਨਹੀਂ ਪਹੁੰਚ ਸਕੇ।

ਤਸਵੀਰ ਸਰੋਤ, Kabul Gurudwaara Prabandhak Committee
ਬਾਗਚੀ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ 'ਚ ਪੈਦਾ ਹੋਏ ਹਾਲਾਤ ਦੇ ਬਾਵਜੂਦ ਭਾਰਤ ਨੇ ਕੁੱਲ 6 ਉਡਾਨਾਂ ਦਾ ਸੰਚਾਲਨ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਉਡਾਨਾਂ ਰਾਹੀਂ 600 ਦੇ ਕਰੀਬ ਲੋਕਾਂ ਨੂੰ ਕਾਬੁਲ ਤੋਂ ਭਾਰਤ ਲਿਆਂਦਾ ਗਿਆ ਹੈ, ਜਿਸ ਵਿੱਚ 200 ਤੋਂ ਵੱਧ ਭਾਰਤੀ ਨਾਗਰਿਕ ਹਨ, ਜਦਕਿ ਬਾਕੀ ਯਾਤਰੀਆਂ ਵਿੱਚ ਅਫ਼ਗਾਨ ਨਾਗਰਿਕ ਅਤੇ ਦੂਜੇ ਵਿਦੇਸ਼ੀ ਵੀ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਕਾਬੁਲ ਤੋਂ ਜੋ ਆਖ਼ਰੀ ਉਡਾਨ ਸੀ, ਉਸ 'ਚ ਕਈ ਅਫ਼ਗਾਨ ਨਾਗਰਿਕਾਂ ਅਤੇ ਖ਼ਾਸ ਤੌਰ 'ਤੇ ਅਫ਼ਗਾਨ ਸਿੱਖਾਂ ਨੇਂ ਵੀ ਆਉਣਾ ਸੀ।
ਪਰ ਉਹ ਕਹਿੰਦੇ ਹਨ, ''ਸਾਡੀ ਜਾਣਕਾਰੀ ਮੁਤਾਬਕ, ਕਈ ਅਫ਼ਗਾਨ ਨਾਗਰਿਕ ਅਤੇ ਅਫ਼ਗਾਨ ਸਿੱਖ ਏਅਰਪੋਰਟ ਤੱਕ ਪਹੁੰਚ ਹੀ ਨਹੀਂ ਸਕੇ। ਇਸ ਤੋਂ ਇਲਾਵਾ ਲਗਭਗ 20 ਭਾਰਤੀ ਨਾਗਰਿਕ ਵੀ ਸਨ, ਜੋ ਏਅਰਪੋਰਟ ਤੱਕ ਨਹੀਂ ਪਹੁੰਚ ਸਕੇ।''

ਤਸਵੀਰ ਸਰੋਤ, ANI
ਬਾਗਚੀ ਦਾ ਇਹ ਵੀ ਕਹਿਣਾ ਸੀ ਕਿ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਤੁਰੰਤ ਵਾਪਸ ਪਰਤਣ ਲਈ 'ਐਡਵਾਇਜ਼ਰੀ' ਜਾਰੀ ਕੀਤੀ ਸੀ।
ਪਰ ਉਹ ਕਹਿੰਦੇ ਹਨ ਕਿ ਇਸ ਦੇ ਬਾਵਜੂਦ ਕੁਝ ਭਾਰਤੀ ਨਾਗਰਿਕਾਂ ਨੇ ਵਾਪਸ ਆਉਣ ਦੇ ਲਈ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
'ਆਪਣਾ ਅਨੁਭਵ ਯਾਦ ਕਰ ਕੰਬ ਜਾਂਦੇ ਹਾਂ'
ਕਾਬੁਲ ਵਿੱਚ ਮੌਜੂਦ ਅਫ਼ਗਾਨ ਸਿੱਖ ਭਾਈਚਾਰੇ ਦੇ ਇੱਕ ਮੈਂਬਰ ( ਪਛਾਣ ਲੁਕਾਈ ਹੋਈ) ਉਸ ਰਾਤ ਨੂੰ ਯਾਦ ਕਰਦੇ ਹੋਏ ਕੰਬ ਉੱਠਦੇ ਹਨ, ਜਦੋਂ ਉਨ੍ਹਾਂ ਦਾ ਜੱਥਾ ਏਅਰਪੋਰਟ ਲਈ ਨਿਕਲ ਰਿਹਾ ਸੀ।
ਉਨ੍ਹਾਂ ਦਾ ਕਹਿਣਾ ਸੀ, ''ਅਸੀਂ ਸਾਰੇ ਖ਼ੁਸ਼ ਸੀ ਕਿ ਅਸੀਂ ਗੁਰੂਪੁਰਬ ਮਨਾਉਣ ਲਈ ਦਿੱਲੀ ਜਾ ਰਹੇ ਹਾਂ। ਸਾਡੇ ਨਾਲ ਦੋ ਗੁਰੂ ਗ੍ਰੰਥ ਸਾਹਿਬ ਵੀ ਸਨ।''
ਆਪਣੇ ਅਨੁਭਵ ਬੀਬੀਸੀ ਨਾਲ ਸਾਂਝਾ ਕਰਦਿਆਂ ਜਥੇ 'ਚ ਮੌਜੂਦ ਸਿੱਖ ਸ਼ਰਧਾਲੂ ਕਹਿੰਦੇ ਹਨ ਕਿ ਜਦੋਂ ਤਾਲਿਬਾਨ ਲੜਾਕਿਆਂ ਨੇ ਜਥੇ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਅਫ਼ਗਾਨ ਨਾਗਰਿਕਾਂ ਦੇ ਦੇਸ਼ ਛੱਡਣ 'ਤੇ ਰੋਕ ਲਗਾਈ ਗਈ ਹੈ।
ਉਹ ਕਹਿੰਦੇ ਹਨ, ''ਅਸੀਂ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਘਰ, ਜਾਇਦਾਦ, ਖ਼ੇਤ ਅਤੇ ਗੁਰਦੁਆਰੇ ਇੱਥੇ ਅਫ਼ਗਾਨਿਸਤਾਨ ਵਿੱਚ ਹੀ ਹਨ। ਅਸੀਂ ਸਿਰਫ਼ ਜ਼ਿਆਰਤ ਲਈ ਭਾਰਤ ਜਾ ਰਹੇ ਹਾਂ ਅਤੇ ਵਾਪਸ ਆਵਾਂਗੇ। ਪਰ ਉਨ੍ਹਾਂ ਨੇ ਸਾਡੀ ਇੱਕ ਵੀ ਨਾ ਸੁਣੀ।''
ਜਥੇ 'ਚ ਮੌਜੂਦ ਇੱਕ ਹੋਰ ਸ਼ਰਧਾਲੂ ਕਹਿੰਦੇ ਹਨ ਕਿ ਕਾਬੁਲ ਦੀਆਂ ਸੜਕਾਂ 'ਤੇ ਉਨ੍ਹਾਂ ਨੇ 18 ਘੰਟਿਆਂ ਦਾ ਜੋ ਸਮਾਂ ਗੁਜ਼ਾਰਿਆ, ਉਹ ਉਨ੍ਹਾਂ ਲਈ ਕਿਸੇ 'ਡਰਾਵਨੇ ਸੁਪਨੇ ਵਰਗਾ' ਸੀ।
ਜਦੋਂ ਕਾਬੁਲ ਏਅਰਪੋਰਟ 'ਤੇ ਗੋਲੀ ਚੱਲੀ, ਤਾਂ ਸਾਰੇ ਸ਼ਰਧਾਲੂ ਪਹਿਲਾਂ ਇੱਕ ਅਣਪਛਾਤੀ ਥਾਂ 'ਤੇ ਪਨਾਹ ਲੈਣ ਪਹੁੰਚੇ ਅਤੇ ਫ਼ਿਰ ਬਾਅਦ ਵਿੱਚ ਉਹ ਕਿਸੇ ਤਰ੍ਹਾਂ ਕਾਬੁਲ ਦੇ ਕਰਤਾ-ਏ-ਪਰਵਾਨ ਸਥਿਤ 'ਗੁਰਦੁਆਰਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ' ਪਹੁੰਚ ਸਕੇ।
'ਛੇ ਮਹੀਨਿਆਂ ਤੋ ਸੀ ਭਾਰਤ ਆਉਣ ਦੀ ਤਿਆਰੀ'
ਪ੍ਰਤਾਪ ਸਿੰਘ ਦਿੱਲੀ ਦੇ ਮਹਾਵੀਰ ਨਗਰ ਦੇ ਉਸ ਗੁਰਦੁਆਰਾ ਦੇ ਪ੍ਰਧਾਨ ਹਨ, ਜਿੱਥੇ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੂਰਬ ਦਾ ਸਮਾਗਮ ਹੋਣ ਜਾ ਰਿਹਾ ਹੈ।
ਉਹ ਕਹਿੰਦੇ ਹਨ ਕਿ ਜਿਨ੍ਹਾਂ ਅਫ਼ਗਾਨ ਸਿੱਖਾਂ ਨੇ ਇਸ ਸਮਾਗਮ ਵਿੱਚ ਹਿੱਸਾ ਲੈਣ ਆਉਣਾ ਸੀ, ਉਨ੍ਹਾਂ ਦੀ ਯਾਤਰਾ ਦੀਆਂ ਤਿਆਰੀਆਂ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੀਆਂ ਸਨ।
ਉਹ ਕਹਿੰਦੇ ਹਨ ਕਿ ਹੁਣ ਸ਼ਰਧਾਲੂਆਂ ਨੂੰ ਕਾਬੁਲ ਤੋਂ ਉਡਾਨਾਂ ਦੇ ਫ਼ਿਰ ਤੋਂ ਸ਼ੁਰੂ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਫ਼ਿਲਹਾਲ ਉੱਥੋਂ ਸਾਰੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਰਤ ਸਰਕਾਰ ਤੋਂ ਸਹਿਯੋਗ ਮੰਗਿਆ ਹੈ, ਤਾਂ ਜੋ ਸਿੱਖ ਸ਼ਰਧਾਲੂ ਪ੍ਰਕਾਸ਼ ਪੂਰਬ ਸਮਾਗਮ ਵਿੱਚ ਸ਼ਾਮਲ ਹੋ ਸਕਣ।
ਗੁਲਜੀਤ ਸਿੰਘ, ਅਫ਼ਗਾਨ ਮੂਲ ਦੇ ਸਿੱਖ ਹਨ ਜੋ ਦਿੱਲੀ ਦੇ ਵਿਕਾਸਪੁਰੀ ਦੇ ਗੁਰਦੁਆਰੇ ਦੇ ਪ੍ਰਧਾਨ ਵੀ ਹਨ।
ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਸ਼ੁੱਕਰਵਾਰ ਦੀ ਦੇਰ ਸ਼ਾਮ ਕਾਬੁਲ ਤੋਂ ਜੋ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ, ਉਸ ਮੁਤਾਬਕ ਕਈ ਅਫ਼ਗਾਨ ਸਿੱਖ ਪਰਿਵਾਰ ਜਿਨ੍ਹਾਂ ਨੇ ਗੁਰਦੁਆਰੇ ਵਿੱਚ ਪਨਾਹ ਲੈ ਰੱਖੀ ਸੀ, ਉਹ ਹੁਣ ਆਪੁਣੇ ਘਰਾਂ ਨੂੰ ਪਰਤ ਗਏ ਹਨ।
ਪਰ ਉਹ ਕਹਿੰਦੇ ਹਨ ਕਿ ਅਜੇ ਵੀ ਕਈ ਪਰਿਵਾਰ ਹਨ, ਜੋ ਗੁਰਦੁਆਰੇ ਵਿੱਚ ਹੀ ਮੌਜੂਦ ਹਨ। ਇਨ੍ਹਾਂ ਵਿੱਚ ਕਈ ਭਾਰਤੀ ਨਾਗਰਿਕ ਵੀ ਹਨ।
ਗੁਲਜੀਤ ਸਿੰਘ ਕਹਿੰਦੇ ਹਨ ਕਿ ਸਿੱਖ ਸ਼ਰਧਾਲੂ ਭਾਰਤ ਆਉਂਦੇ ਹਨ, ਉਨ੍ਹਾਂ ਨੂੰ ਟੂਰਿਸਟ ਵੀਜ਼ਾ ਮਿਲਦਾ ਹੈ ਅਤੇ ਉਹ ਇੱਕ ਮਹੀਨੇ ਤੱਕ ਸਿੱਖ ਧਾਰਮਿਕ ਥਾਵਾਂ ਦੇ ਦਰਸ਼ਨ ਕਰਨ ਜਾਂਦੇ ਹਨ।
ਉਧਰ ਕਾਬੁਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤਾਲਿਬਾਨ ਤੋਂ ਅਪੀਲ ਕੀਤੀ ਹੈ ਕਿ ਉਹ ਸਿੱਖ ਸ਼ਰਧਾਲੂਆਂ ਨੂੰ ਪ੍ਰਕਾਸ਼ ਪੂਰਬ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਦੇਣ ਅਤੇ ਰਾਸਤਾ ਵੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














