ਅਫ਼ਗਾਨਿਸਤਾਨ: ''ਇਸ ਤਰ੍ਹਾਂ ਲੱਗਦਾ ਹੈ ਕਿ ਹਰ ਕੋਈ ਭੱਜ ਰਿਹਾ ਹੈ, ਜਿਵੇਂ ਕਿਆਮਤ ਦਾ ਦਿਨ ਹੋਵੇ'' -ਕਾਬੁਲ ਡਾਇਰੀ

ਤਸਵੀਰ ਸਰੋਤ, Getty Images
- ਲੇਖਕ, ਮਲਿਕ ਮੁਦੱਸਿਰ
- ਰੋਲ, ਬੀਬੀਸੀ ਪੱਤਰਕਾਰ (ਕਾਬੁਲ ਤੋਂ)
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੇ ਹਾਲਾਤ ਲਗਾਤਾਰ ਬਦਲ ਰਹੇ ਹਨ। ਅਫ਼ਗਾਨਿਸਤਾਨ ਦੀ ਕੌਮੀ ਰਾਜਧਾਨੀ ਕਾਬੁਲ ਤੋਂ ਬੀਬੀਸੀ ਪੱਤਰਕਾਰ ਦੀ ਡਾਇਰੀ ਪੜ੍ਹੋ ਉਨ੍ਹਾਂ ਦੇ ਸ਼ਬਦਾਂ ਵਿੱਚ।
ਕਾਬੁਲ ਏਅਰਪੋਰਟ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਮੈਂ ਆਪਣੇ ਹੋਟਲ ਦੀ ਛੱਤ ਉੱਤੇ ਖੜ੍ਹਾਂ ਹਾਂ। ਏਅਰਪੋਰਟ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਹਰ ਪਲ ਵੱਧ ਰਹੀ ਹੈ, ਪਰ ਅਜੇ ਤੱਕ ਮੁਲਕ ਦੇ ਸਿਹਤ ਮੰਤਰਾਲੇ ਨੇ ਇਨ੍ਹਾਂ ਮੌਤਾਂ ਦੀ ਸਹੀ ਗਿਣਤੀ ਮੁਹੱਈਆ ਨਹੀਂ ਕਰਵਾਈ ਹੈ।
ਜਿਸ ਵੇਲੇ ਏਅਰਪੋਰਟ ਦੇ ਅਬੇ ਗੇਟ ਦੇ ਬਾਹਰ ਧਮਾਕਾ ਹੋਇਆ, ਉਸ ਵੇਲੇ ਮੈਂ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ।ਅਬੇ ਗੇਟ ਨੂੰ ਸਾਊਥ ਗੇਟ ਵੀ ਕਿਹਾ ਜਾਂਦਾ ਹੈ ਜਿੱਥੇ ਇਹ ਧਮਾਕਾ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਹੋਇਆ।
ਸਾਡੇ ਪੱਤਰਕਾਰ ਸਿਕੰਦਰ ਕਿਰਮਾਨੀ ਆਏ ਅਤੇ ਮੈਨੂੰ ਉਠਾਇਆ ਤੇ ਇਸ ਖ਼ਬਰ ਬਾਰੇ ਦੱਸਿਆ।
ਕਾਬੁਲ ਏਅਰਪੋਰਟ ਉੱਤੇ ਹੋਏ ਧਮਾਕੇ ਬਾਰੇ ਸਾਨੂੰ ਸਾਡੇ ਦਫ਼ਤਰ, ਅਮਰੀਕੀ ਇੰਟੈਲੀਜੈਂਸ ਅਤੇ ਤਾਲਿਬਾਨ ਤੋਂ ਜਾਣਕਾਰੀ ਮਿਲ ਰਹੀ ਸੀ।
'ਏਅਰਪੋਰਟ ਦੇ ਬਾਹਰ ਧਮਾਕਾ ਹੋਇਆ' - ਇਨ੍ਹਾਂ ਸਤਰਾਂ ਨੂੰ ਸੁਣਨ ਤੋਂ ਤਿੰਨ ਦਿਨ ਪਹਿਲਾਂ ਅਸੀਂ ਅਕਸਰ ਸੁਣ ਰਹੇ ਸੀ ਕਿ ਏਅਰਪੋਰਟ 'ਤੇ ਧਮਾਕੇ ਦਾ ਖ਼ਤਰਾ ਹੈ ਅਤੇ ਫ਼ਿਰ ਇਸ ਤਰ੍ਹਾਂ ਹੀ ਹੋਇਆ।
ਇਹ ਬਹੁਤ ਘੱਟ ਹੁੰਦਾ ਹੈ ਕਿ ਅਲਰਟ ਸਹੀ ਹੋਵੇ, ਇਹ ਵੀ ਬਹੁਤ ਘੱਟ ਐਡਵਾਂਸ ਵਿੱਚ ਪਤਾ ਹੁੰਦਾ ਹੈ ਕਿ ਕੀ ਹੋਵੇਗਾ?
ਤਾਲਿਬਾਨ ਦੇ ਆਉਣ ਤੋਂ ਬਾਅਦ ਮੁਲਕ ਦੇ ਕਿਸੇ ਵੀ ਹਿੱਸੇ ਵਿੱਚ 13 ਦਿਨਾਂ ਵਿੱਚ ਇਹ ਪਹਿਲਾ ਧਮਾਕਾ ਸੀ।
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜ਼ਾਹਿਦ ਕਾਬੁਲ ਉੱਤੇ ਕਬਜ਼ੇ ਤੋਂ ਬਾਅਦ ਸਾਰੀਆਂ ਚੀਜ਼ਾਂ ਉੱਤੇ ਕੰਟਰੋਲ ਰੱਖਦੇ ਹਨ। ਉਨ੍ਹਾਂ ਵੀ ਪੱਤਰਕਾਰਾਂ ਨੂੰ ਅਪੀਲ ਕੀਤੀ ਸੀ ਕਿ ਏਅਰਪੋਰਟ 'ਤੇ ਜ਼ਰਾ ਫ਼ਾਸਲਾ ਬਣਾ ਕੇ ਜਾਇਓ।
ਇਹ ਵੀ ਪੜ੍ਹੋ:
ਸਾਡੇ ਲਈ ਲੋਕਾਂ ਦੇ ਹੜ੍ਹ ਵਿਚਾਲੇ ਸੁਰੱਖਿਅਤ ਥਾਂ ਅਤੇ ਸੁਰੱਖਿਅਤ ਫ਼ਾਸਲਾ ਲੱਭਣਾ ਨਾਮੁਮਕਿਨ ਸੀ।
ਅਸੀਂ ਅਕਸਰ ਸਿਹਤ ਮੰਤਰਾਲੇ ਨੂੰ ਧਮਾਕੇ ਤੋਂ ਬਾਅਦ ਪੁਸ਼ਟੀ ਲਈ ਸੰਪਰਕ ਕਰਦੇ ਰਹੇ ਹਾਂ, ਪਰ ਜਦੋਂ ਇਸ ਵਾਰ ਸੰਪਰਕ ਕੀਤਾ ਤਾਂ ਸਾਨੂੰ ਕਿਹਾ ਗਿਆ, ''ਸਾਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਇਸਲਾਮਿਕ ਏਮੀਰੇਟ (ਤਾਲਿਬਾਨ) ਦੇ ਲੋਕਾਂ ਤੋਂ ਪੁੱਛੋ ਕਿੰਨੇ ਜ਼ਖਮੀ ਹੋਏ ਅਤੇ ਕਿੰਨੇ ਮਾਰੇ ਗਏ।''
ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਆ ਰਹੀਆਂ ਸਨ, ਜਿੱਥੇ ਲੋਕਾਂ ਦੀ ਜ਼ਿੰਦਗੀ ਗੁਆਚੀ ਹੋਈ ਦਿਖੀ। ਮਨੁੱਖੀ ਲਾਸ਼ਾਂ ਦੇ ਸਮੁੰਦਰ ਵਿੱਚ ਇਹ ਜਾਣਕਾਰੀ ਨਹੀਂ ਹੈ ਕਿ ਕੌਣ ਆਪਣੇ ਪਿਆਰਿਆਂ ਨੂੰ ਛੱਡ ਗਿਆ।
15 ਅਗਸਤ ਨੂੰ ਕਾਬੁਲ ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਮੈਂ ਤਿੰਨ ਵਾਰ ਇਸ ਏਅਰਪੋਰਟ 'ਤੇ ਕਵਰੇਜ ਕਰਨ ਲਈ ਗਿਆ ਹਾਂ। ਮੈਨੂੰ ਉਹ ਪਲ ਅਜੇ ਵੀ ਚੇਤੇ ਹੈ ਜਦੋਂ ਮੈਂ ਇੱਥੇ ਲੈਂਡ ਹੋਇਆ ਸੀ।

ਤਸਵੀਰ ਸਰੋਤ, Getty Images
ਇੱਕ ਵੱਖਰੀ ਕਿਸਮ ਦੀ ਚੁੱਪ ਸੀ, ਜਿਵੇਂ ਕਿ ਕੁਝ ਹੋਣ ਵਾਲਾ ਹੋਵੇ। ਜਦੋਂ ਮੈਂ ਏਅਰਪੋਰਟ ਤੋਂ ਬਾਹਰ ਆਇਆ ਤਾਂ ਇੰਝ ਲੱਗਿਆ ਜਿਵੇਂ ਸਾਰਾ ਸ਼ਹਿਰ ਸੜਕਾਂ ਉੱਤੇ ਆ ਗਿਆ ਹੋਵੇ ਅਤੇ ਹਰ ਕੋਈ ਇਧਰ ਉਧਰ ਭੱਜ ਰਿਹਾ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕ ਇੱਥੇ ਆਏ ਹਨ। ਇਹ ਲੋਕ ਕੱਲ ਤੱਕ ਕੋਰੋਨਾ ਮਹਾਂਮਾਰੀ ਕਾਰਨ ਮੌਤ ਦੇ ਖੌਫ਼ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖ ਰਹੇ ਸਨ, ਪਰ ਹੁਣ ਇਹ ਲੋਕ ਮਹਾਂਮਾਰੀ ਭੁੱਲ ਚੁੱਕੇ ਹਨ ਅਤੇ ਤਾਲਿਬਾਨ ਦੇ ਹੱਥੋਂ ਮੌਤ ਦੇ ਡਰ ਕਾਰਨ ਜ਼ਿੰਦਗੀ ਦੀ ਭਾਲ ਵਿੱਚ ਹਨ।
ਇਸੇ ਜ਼ਿੰਦਗੀ ਕਾਰਨ ਇਹ ਲੋਕ ਇਕੱਠੇ ਦਿਨ-ਰਾਤ ਇੱਕ ਸੀਮਤ ਥਾਂ ਉੱਤੇ ਬੈਠੇ ਹਨ। ਇਹ ਲੋਕ ਇਸ ਉਮੀਦ ਵਿੱਚ ਬੈਠੇ ਹਨ ਕਿ ਸ਼ਾਇਦ ਕੋਈ ਆਵੇਗਾ ਅਤੇ ਇਨ੍ਹਾਂ ਨੂੰ ਇੱਥੋਂ ਕਿਸੇ ਹਵਾਈ ਜਹਾਜ਼ ਰਾਹੀਂ ਲੈ ਜਾਵੇਗਾ।
ਅਸੀਂ ਰਾਤ ਨੂੰ ਏਅਰਪੋਰਟ ਦੇ ਉਸੇ (ਅਬੇ ਗੇਟ) ਗੇਟ ਉੱਤੇ ਰਿਪੋਰਟਿੰਗ ਕਰ ਰਹੇ ਸੀ, ਜਿੱਥੇ ਧਮਾਕਾ ਹੋਇਆ ਸੀ। ਜਲਾਲਾਬਾਦ ਰੋਡ ਉੱਤੇ ਜੇ ਤੁਸੀਂ ਏਅਰਪੋਰਟ ਦੇ ਮੇਨ ਗੇਟ ਤੋਂ ਤਿੰਨ ਕਿਲੋਮੀਟਰ ਪੂਰਬ ਵੱਲ ਨੂੰ ਜਾਓ ਤਾਂ ਤੁਸੀਂ ਅਬੇ ਗੇਟ ਕੋਲ ਪਹੁੰਚਦੇ ਹੋ।
ਇਹ ਗੇਟ ਹਮੇਸ਼ਾ ਅਮਰੀਕੀ ਅਤੇ ਬ੍ਰਿਟਿਸ਼ ਫੌਜਾਂ ਕੋਲ ਰਿਹਾ ਹੈ ਅਤੇ ਇਸ ਨੂੰ ਮਿਲਟ੍ਰੀ ਗੇਟ ਵੀ ਕਿਹਾ ਜਾਂਦਾ ਹੈ। ਅਜੇ ਵੀ ਇਨ੍ਹਾਂ ਫੌਜਾਂ ਕੋਲ ਅੰਦਰੂਨੀ ਸੁਰੱਖਿਆ ਹੈ ਪਰ ਬਾਹਰ ਤਾਲਿਬਾਨ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਲੰਘੇ ਪੰਜ ਸਾਲਾਂ ਤੋਂ ਮੈਂ ਇਸ ਗੇਟ ਤੋਂ ਕਈ ਵਾਰ ਫੌਜਾਂ ਦੇ ਨਾਲ ਲੰਘਿਆ ਹਾਂ, ਪਰ ਹੁਣ ਕਿਉਂਕਿ ਕਾਬੁਲ ਉੱਤੇ ਤਾਲਿਬਾਨ ਦਾ ਕਬਜ਼ਾ ਹੈ ਇਸ ਲਈ ਇਹ ਇਲਾਕਾਂ ਫੌਜਾਂ ਲਈ ਰਾਖਵਾਂ ਨਹੀਂ ਹੈ। ਹਾਲਾਂਕਿ, ਬ੍ਰਿਟੇਨ ਤੇ ਯੂਰਪ ਜਾਣ ਦੀ ਉਡੀਕ ਵਿੱਚ ਬੈਠੇ ਲੋਕਾਂ ਨੂੰ ਮੁਕੰਮਲ ਈ-ਮੇਲਜ਼ ਭੇਜੀਆਂ ਗਈਆਂ ਹਨ।
ਪਰ ਏਅਰਪੋਰਟ ਦੇ ਹੋਰ ਗੇਟਾਂ ਦੀ ਤਰ੍ਹਾਂ, ਕਾਬੁਲ ਅਤੇ ਹੋਰ ਸੂਬਿਆਂ ਦੇ ਬਹੁਤ ਸਾਰੇ ਨਾਗਰਿਕ ਇਸ ਗੇਟ ਉੱਤੇ ਬਿਨਾਂ ਕਿਸੇ ਦਸਤਾਵੇਜ਼ ਅਤੇ ਵੀਜ਼ਾ ਦੇ ਮੌਜੂਦ ਹਨ।
ਜਦੋਂ ਇਹ ਲੋਕ ਕਿਸੇ ਵਿਦੇਸ਼ੀ ਫੌਜੀ ਜਾਂ ਪੱਤਰਕਾਰ ਨੂੰ ਦੇਖਦੇ ਹਨ ਤਾਂ ਆਪਣੇ ਦਸਤਾਵੇਜ਼ ਏਅਰਪੋਰਟ ਦੇ ਨਾਲ ਲੱਗਦੀ ਨਹਿਰ ਤੋਂ ਹਿਲਾਉਂਦੇ ਹੋਏ ਮਦਦ ਲਈ ਗੁਹਾਰ ਲਗਾਉਂਦੇ ਹਨ।
ਲੋਕ ਇੱਥੋਂ ਅੱਠ ਫੁੱਟ ਉੱਚੀ ਕੰਧ ਟੱਪਣ ਦੀਆਂ ਕੋਸ਼ਿਸ਼ਾਂ ਕਰਦੇ ਹਨ ਤਾਂ ਜੋ ਉਹ ਏਅਰਪੋਰਟ ਅੰਦਰ ਜਾ ਸਕਣ ਅਤੇ ਫਲਾਈਟ ਲੈ ਸਕਣ। ਅਸੀਂ ਕੁਝ ਦਿਨਾਂ ਤੋਂ ਦੇਖਿਆ ਹੈ ਕਿ ਲੋਕ ਏਅਰਪੋਰਟ ਅੰਦਰ ਕਿਸੇ ਨਾ ਕਿਸੇ ਤਰੀਕੇ ਜਾਣਾ ਚਾਹੁੰਦੇ ਹਨ, ਭਾਵੇਂ ਕੰਡੇ ਵਾਲੀਆਂ ਤਾਰਾਂ ਵੀ ਰਾਹ 'ਚ ਹਨ।

ਤਸਵੀਰ ਸਰੋਤ, Getty Images
ਏਅਰਪੋਰਟ ਦਾ ਇਹ ਗੇਟ ਭੀੜ ਨਾਲ ਇਸ ਕਦਰ ਭਰਿਆ ਹੈ ਕਿ ਸਾਨੂੰ ਮੇਨ ਗੇਟ 'ਤੇ ਜਾਣ ਲਈ ਕੋਈ ਹੋਰ ਰਾਹ ਲੱਭਣਾ ਪੈਂਦਾ ਹੈ ਤੇ ਇਹ ਰਾਹ ਹੈ ਕਾਬੁਲ ਤੋਂ ਜਲਾਲਾਬਾਦ ਵੱਲ ਯਾਕਾ ਟੁਕ ਹਾਈਵੇਅ।
ਇਸ ਤਰ੍ਹਾਂ ਲੱਗਦਾ ਹੈ ਕਿ ਹਰ ਕੋਈ ਭੱਜ ਰਿਹਾ ਹੈ, ਜਿਵੇਂ ਕਿਆਮਤ ਦਾ ਦਿਨ ਹੋਵੇ। ਇਹ ਰਾਹ ਇੱਕ ਥਾਂ 'ਤੇ ਬੰਦ ਹੋ ਜਾਂਦਾ ਹੈ ਅਤੇ ਫ਼ਿਰ ਤੁਹਾਨੂੰ ਢਾਈ ਕਿਲੋਮੀਟਰ ਤੱਕ ਚੱਲਣਾ ਪੈਂਦਾ ਹੈ, ਰਾਹ ਵਿੱਚ ਖ਼ੇਤ ਵੀ ਹਨ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਮੈਂ ਦੇਖਿਆ ਕਿ ਇੱਕ ਬਜ਼ੁਰਗ ਔਰਤ ਆਪਣਾ ਸਮਾਨ ਲਿਜਾ ਰਹੀ ਸੀ।
ਇੱਥੇ ਟੈਂਟਾਂ ਵਿੱਚ ਔਰਤਾਂ ਅਤੇ ਬੱਚੇ ਬੈਠੇ ਸਨ। ਇਹ ਲੋਕ ਪਖਾਨੇ ਲਈ ਕਿੱਥੇ ਜਾਂਦੇ ਹੋਣਗੇ, ਖਾਣ-ਪੀਣ ਲਈ ਕੀ ਬੰਦੋਬਸਤ ਹਨ, ਕੁਝ ਵੀ ਸਮਝ ਨਹੀਂ ਆਉਂਦਾ।
ਇੱਕ ਦਿਨ ਪਹਿਲਾਂ ਮੈਂ ਇੱਥੇ ਇੱਕ ਔਰਤ ਨੂੰ ਮਿਲਿਆ ਸੀ, ਉਸ ਨੇ ਕਿਹਾ ਸੀ ਕਿ ਉਹ ਕਾਬੁਲ ਵਿੱਚ ਆਪਣੇ ਘਰ ਨਹੀਂ ਜਾਣਾ ਚਾਹੁੰਦੀ। ਉਸ ਨੇ ਕਿਹਾ ਸੀ ਕਿ ਇਸ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦੀ ਜਾਂ ਅਮਰੀਕੀ ਉਸ ਨੂੰ ਮਾਰ ਦੇਣ।
ਕਾਬੁਲ ਏਅਰਪੋਰਟ 'ਤੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ, ਇਨ੍ਹਾਂ ਵਿੱਚ ਕਈ ਰੌਕੇਟ ਅਟੈਕ ਵੀ ਸ਼ਾਮਲ ਹਨ। ਅਬੇ ਗੇਟ 'ਤੇ ਹੋਇਆ ਤਾਜ਼ਾ ਧਮਾਕਾ ਮਰਨ ਵਾਲਿਆਂ ਦੀ ਗਿਣਤੀ ਦੇ ਸੰਦਰਭ ਵਿੱਚ ਇੱਕ ਵੱਡੀ ਘਟਨਾ ਹੈ। ਫੌਜਾਂ ਉੱਤੇ ਵੀ ਪਹਿਲਾਂ ਹਮਲੇ ਹੋਏ ਹਨ, ਪਰ ਇਹ ਪਹਿਲੀ ਵਾਰ ਹੈ ਕਿ ਆਮ ਲੋਕਾਂ ਉੱਤੇ ਏਅਰਪੋਰਟ 'ਤੇ ਹਮਲਾ ਹੋਇਆ।
ਏਅਰਪੋਰਟ 'ਤੇ ਹੋਏ ਤਾਜ਼ੇ ਹਮਲੇ ਤੋਂ ਬਾਅਦ ਮੈਂ ਵਾਪਸ ਜਾਣ ਬਾਰੇ ਨਹੀਂ ਸੋਚ ਰਿਹਾ ਸੀ। ਅਸੀਂ ਲਗਾਤਾਰ ਕਾਬੁਲ ਸ਼ਹਿਰ ਤੋਂ ਅਪਡੇਟ ਕਰ ਰਹੇ ਹਾਂ। ਹਾਲਾਂਕਿ, ਮੇਰੇ ਦਿਮਾਗ ਦੀ ਸਕ੍ਰੀਨ 'ਤੇ ਫ਼ਲੈਸ਼ਬੈਕ ਚੱਲ ਰਿਹਾ ਹੈ।

ਤਸਵੀਰ ਸਰੋਤ, Getty Images
ਅਤੀਤ ਦਾ ਹਰ ਇੱਕ ਦ੍ਰਿਸ਼ ਮੇਰੇ ਦਿਮਾਗ ਦੀ ਸਕ੍ਰੀਨ ਤੋਂ ਪਰੇ ਨਹੀਂ ਹੋ ਰਿਹਾ।
ਉਹ ਦ੍ਰਿਸ਼ ਜਦੋਂ ਮੇਰੇ ਪਿਤਾ ਕੈਮਰਾਮੈਨ ਮਲਿਕ ਮੁਹੰਮਦ ਆਰਿਫ਼ ਇਸੇ ਤਰ੍ਹਾਂ ਦੇ ਹਮਲੇ ਤੋਂ ਬਾਅਦ ਕੁਏਟਾ ਵਿੱਚ ਹਸਪਤਾਲ ਗਏ ਸਨ।
ਉਹ ਦ੍ਰਿਸ਼ ਜਦੋਂ ਮੇਰੇ ਦੋਸਤ ਏਜਾਜ਼ ਰਾਇਸਨੀ, ਇਮਰਾਨ ਸ਼ੇਖ਼ ਅਤੇ ਕਈ ਹੋਰ ਧਮਾਕੇ ਵਿੱਚ ਮਾਰੇ ਗਏ।
ਸੱਚ ਕਹਾਂ ਤਾਂ ਜਿਹੜੀਆਂ ਲਾਸ਼ਾਂ ਨੂੰ ਅਸੀਂ ਗਿਣਦੇ ਹਾਂ ਉਹ ਸਾਡੇ ਸਾਹਮਣੇ ਹਨ, ਪਰ ਤੁਰਦੀਆਂ ਫ਼ਿਰਦੀਆਂ ਲਾਸ਼ਾਂ ਉਹ ਪਰਿਵਾਰ ਹਨ ਜਿਨ੍ਹਾਂ ਦੀ ਜ਼ਿੰਦਗੀ ਕਦੇ ਵੀ ਉਸ ਤਰ੍ਹਾਂ ਦੀ ਨਹੀਂ ਹੁੰਦੀ ਜੋ ਧਮਾਕੇ ਤੋਂ ਪਹਿਲਾਂ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












