ਅਫ਼ਗਾਨਿਸਤਾਨ ਦੇ ਕਾਬੁਲ ਤੋਂ ਮਹਿਜ਼ ਕੁਝ ਦੂਰ ਹੈ ਇਹ ਘਾਟੀ, ਫਿਰ ਵੀ ਤਾਲਿਬਾਨ ਲਈ ਕਬਜ਼ਾ ਕਰਨਾ ਕਿਉਂ ਹੈ ਮੁਸ਼ਕਲ

ਤਸਵੀਰ ਸਰੋਤ, Alamy
- ਲੇਖਕ, ਪਾਲ ਕੇਰਲੀ ਅਤੇ ਲਯੂਸਿਯਾ ਬਲਾਸਕੋ
- ਰੋਲ, ਬੀਬੀਸੀ ਨਿਊਜ਼
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਤਕਰੀਬਨ 30 ਮੀਲ (ਲਗਭਗ 48 ਕਿਲੋਮੀਟਰ) ਦੀ ਦੂਰੀ 'ਤੇ ਤੰਗ ਦਾਖਲੇ ਵਾਲੀ ਘਾਟੀ ਹੈ ਜਿੱਥੇ ਹਜ਼ਾਰਾਂ ਤਾਲਿਬਾਨ ਵਿਰੋਧੀ ਲੜਾਕਿਆਂ ਦੇ ਇਕੱਠੇ ਹੋਣ ਦੀ ਖ਼ਬਰ ਹੈ ਜੋ ਕਿ ਤਾਲਿਬਾਨ ਨਾਲ ਲੜਨ ਲਈ ਤਿਆਰੀ ਕਰ ਰਹੇ ਹਨ।
ਇਸ ਸਮੇਂ ਜਦੋਂ ਦੇਸ਼ ਦੇ ਹਾਲਾਤ ਅਸ਼ਾਂਤ ਹਨ, ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਅਫ਼ਗਾਨਿਸਤਾਨ ਦੇ ਇਤਿਹਾਸ ਵਿੱਚ ਪੰਜਸ਼ੀਰ ਘਾਟੀ ਇੱਕ ਨਾਟਕੀ ਅਤੇ ਪ੍ਰਭਾਵਸ਼ਾਲੀ ਫਲੈਸ਼ ਪੁਆਇੰਟ ਵਜੋਂ ਉੱਭਰੀ ਹੈ। 1980 ਦੇ ਦਹਾਕੇ ਵਿੱਚ ਸੋਵੀਅਤ ਫ਼ੌਜ ਅਤੇ 90 ਦੇ ਦਹਾਕੇ ਵਿੱਚ ਤਾਲਿਬਾਨ ਦੇ ਵਿਰੁੱਧ ਇਹ ਘਾਟੀ ਵਿਰੋਧੀਆਂ ਦਾ ਗੜ੍ਹ ਰਹੀ ਹੈ।
ਉੱਥੇ ਮੌਜੂਦ ਨੈਸ਼ਨਲ ਰੇਜ਼ਿਸਟੈਂਸ ਫਰੰਟ ਆਫ ਅਫ਼ਗਾਨਿਸਤਾਨ (ਐਨਆਰਐਫ਼) ਨੇ ਇੱਕ ਵਾਰ ਫ਼ਿਰ ਦੁਨੀਆ ਨੂੰ ਇਸ ਘਾਟੀ ਦੀ ਸ਼ਕਤੀ ਯਾਦ ਕਰਵਾ ਦਿੱਤੀ ਹੈ।
ਐਨਆਰਐਫ਼ ਦੇ ਵਿਦੇਸ਼ ਮਾਮਲਿਆਂ ਦੇ ਮੁਖੀ ਅਲੀ ਨਜ਼ਰੀ ਨੇ ਬੀਬੀਸੀ ਨੂੰ ਦੱਸਿਆ, "ਆਪਣੀ ਤਾਕਤ ਦੇ ਬਾਵਜੂਦ ਰੂਸੀ ਲਾਲ ਫੌਜ ਸਾਨੂੰ ਹਰਾਉਣ ਵਿੱਚ ਅਸਮਰੱਥ ਰਹੀ ਅਤੇ 25 ਸਾਲ ਪਹਿਲਾਂ ਤਾਲਿਬਾਨ ਵੀ। ਉਨ੍ਹਾਂ ਸਾਰਿਆਂ ਨੇ ਘਾਟੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।"
ਇਹ ਵੀ ਪੜ੍ਹੋ:
ਪੰਜਸ਼ੀਰ ਦਾ ਭੂਗੋਲ
ਲੰਬੀ, ਡੂੰਘੀ ਅਤੇ ਧੂੜ ਭਰੀ ਇਹ ਘਾਟੀ, ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਤਕਰੀਬਨ 75 ਮੀਲ (120 ਕਿਲੋਮੀਟਰ) ਤੱਕ ਫੈਲੀ ਹੋਈ ਹੈ। ਇਸ ਦੇ ਆਲੇ-ਦੁਆਲੇ ਘਾਟੀ ਦੇ ਤਲ ਤੋਂ ਲਗਭਗ 9,800 ਫੁੱਟ (3,000 ਮੀਟਰ) ਉੱਚੀਆਂ ਪਹਾੜੀ ਚੋਟੀਆਂ ਹਨ। ਇਹ ਪਹਾੜ ਉੱਥੇ ਰਹਿਣ ਵਾਲੇ ਲੋਕਾਂ ਲਈ ਕੁਦਰਤੀ ਸੁਰੱਖਿਆ ਕਵੱਚ ਵਜੋਂ ਕੰਮ ਕਰਦੇ ਹਨ।
ਇਸ ਘਾਟੀ ਵਿੱਚ ਸਿਰਫ ਇੱਕ ਤੰਗ ਸੜਕ ਹੈ ਜੋ ਕਿ ਵੱਡੀਆਂ ਚੱਟਾਨਾਂ ਅਤੇ ਵਲ੍ਹ ਖਾਂਦੀ ਪੰਜਸ਼ੀਰ ਨਦੀ ਦੇ ਵਿੱਚੋਂ ਹੁੰਦਿਆਂ ਹੋਇਆਂ ਨਿਕਲਦੀ ਹੈ।
ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਅਫ਼ਗਾਨਿਸਤਾਨ ਵਿੱਚ ਰਹਿਣ ਵਾਲੇ ਸਾਕਿਬ ਸ਼ਰੀਫੀ ਨੇ ਆਪਣਾ ਬਚਪਨ ਪੰਜਸ਼ੀਰ ਘਾਟੀ ਵਿੱਚ ਬਿਤਾਇਆ ਹੈ। ਉਹ ਦੱਸਦੇ ਹਨ, "ਪੂਰੇ ਖੇਤਰ ਦਾ ਇੱਕ ਮਿਥਿਹਾਸਕ ਪਹਿਲੂ ਹੈ। ਇਹ ਸਿਰਫ਼ ਇੱਕ ਵਾਦੀ ਨਹੀਂ ਹੈ। ਜਦੋਂ ਤੁਸੀਂ ਇੱਥੇ ਦਾਖਲ ਹੁੰਦੇ ਹੋ ਤਾਂ ਘੱਟੋ-ਘੱਟ 21 ਹੋਰ ਉੱਪ-ਘਾਟੀਆਂ ਆਪਸ ਵਿੱਚ ਜੁੜੀਆਂ ਹੋਈਆਂ ਮਿਲਦੀਆਂ ਹਨ।"

ਤਸਵੀਰ ਸਰੋਤ, Alamy
ਮੁੱਖ ਘਾਟੀ ਦੇ ਦੂਜੇ ਸਿਰੇ 'ਤੇ 4,430 ਮੀਟਰ (14,534 ਫੁੱਟ) ਲੰਮੀ ਇੱਕ ਪਗਡੰਡੀ ਹੈ ਜੋ ਅੰਜੁਮਨ ਪਾਸ (ਦੱਰੇ) ਵੱਲ ਜਾਂਦੀ ਹੈ ਅਤੇ ਅੱਗੇ ਪੂਰਬ ਵਿੱਚ ਹਿੰਦੂਕੁਸ਼ ਦੇ ਪਹਾੜਾਂ ਵਿੱਚ ਪਹੁੰਚ ਜਾਂਦੀ ਹੈ। ਸਿਕੰਦਰ ਮਹਾਨ ਅਤੇ ਤਿਮੁਰਲੰਗ ਦੋਵਾਂ ਦੀਆਂ ਫ਼ੌਜਾਂ ਇਸੇ ਰਸਤੇ ਤੋਂ ਲੰਘੀਆਂ ਸਨ।
ਲੀਡਜ਼ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਇਤਿਹਾਸ ਦੀ ਐਸੋਸੀਏਟ ਪ੍ਰੋਫ਼ੈਸਰ ਐਲਿਜ਼ਾਬੈਥ ਲੀਕ ਕਹਿੰਦੇ ਹਨ, ''ਇਤਿਹਾਸਿਕ ਤੌਰ 'ਤੇ ਪੰਜਸ਼ੀਰ ਘਾਟੀ ਇੱਥੋਂ ਦੀਆਂ ਖਾਣਾ ਲਈ ਮਸ਼ਹੂਰ ਹੈ, ਜਿਨ੍ਹਾਂ ਵਿੱਚ ਅਰਧ-ਕੀਮਤੀ ਰਤਨਾਂ (ਜਵਾਹਰਾਤਾਂ) ਵਾਲੀਆਂ ਖਾਣ ਵੀ ਸ਼ਾਮਿਲ ਹਨ।"
ਅੱਜ ਪੰਜਸ਼ੀਰ ਘਾਟੀ ਵਿੱਚ ਪਣ ਬਿਜਲੀ ਬੰਨ੍ਹ ਅਤੇ ਇੱਕ ਪੌਣ ਚੱਕੀ ਫਾਰਮ ਵੀ ਹੈ। ਅਮਰੀਕਾ ਨੇ ਇੱਥੇ ਸੜਕਾਂ ਬਣਵਾਉਣ ਅਤੇ ਇੱਕ ਰੇਡੀਓ ਟਾਵਰ ਲਗਵਾਉਣ ਵਿੱਚ ਵੀ ਮਦਦ ਕੀਤੀ ਸੀ ਜੋ ਕਿ ਰਾਜਧਾਨੀ ਕਾਬੁਲ ਤੋਂ ਸੰਕੇਤ ਪ੍ਰਾਪਤ ਕਰਦਾ ਹੈ। ਬਗਰਾਮ ਦਾ ਸਾਬਕਾ ਅਮਰੀਕੀ ਏਅਰਬੇਸ (ਹਵਾਈ ਅੱਡਾ), ਜਿਸ ਨੂੰ ਸੋਵੀਅਤ ਰੂਸ ਦੁਆਰਾ 1950 ਦੇ ਦਹਾਕੇ ਵਿੱਚ ਬਣਾਇਆ ਗਿਆ ਸੀ, ਘਾਟੀ ਦੇ ਮੁਹਾਣੇ ਤੋਂ ਥੋੜ੍ਹੀ ਦੂਰੀ 'ਤੇ ਹੀ ਸਥਿਤ ਹੈ।
ਪੰਜਸ਼ੀਰ ਦੇ ਬਹਾਦਰ ਲੜਾਕੇ
ਇੱਕ ਅਨੁਮਾਨ ਅਨੁਸਾਰ, ਪੰਜਸ਼ੀਰ ਘਾਟੀ ਵਿੱਚ ਡੇਢ ਤੋਂ 2 ਲੱਖ ਲੋਕ ਰਹਿੰਦੇ ਹਨ। ਇੱਥੋਂ ਦੇ ਜ਼ਿਆਦਾਤਰ ਲੋਕ "ਦਾਰੀ" ਭਾਸ਼ਾ ਬੋਲਦੇ ਹਨ। ਤਾਜਿਕ ਮੂਲ ਦੀ ਇਹ ਭਾਸ਼ਾ ਅਫ਼ਗਾਨਿਸਤਾਨ ਦੀਆਂ ਮੁੱਖ ਭਾਸ਼ਾਵਾਂ ਵਿੱਚੋਂ ਇੱਕ ਹੈ।
ਦੇਸ਼ ਦੀ 38 ਕਰੋੜ ਆਬਾਦੀ ਦਾ ਇੱਕ ਚੌਥਾਈ ਹਿੱਸਾ ਤਾਜਿਕਾਂ ਦਾ ਹੈ। ਹਾਲਾਂਕਿ, ਪੰਜਸ਼ੀਰ ਦੇ ਲੋਕ ਅਫ਼ਗਾਨਿਸਤਾਨ ਦੇ ਉੱਤਰੀ ਗੁਆਂਢੀ ਦੇਸ਼ਾਂ ਵਿੱਚੋਂ ਇੱਕ, ਤਾਜਿਕਿਸਤਾਨ ਵੱਲ ਵੇਖਦੇ ਤੱਕ ਨਹੀਂ, ਬਲਕਿ ਉਨ੍ਹਾਂ ਦੀ ਆਪਣੀ ਇੱਕ ਸਥਾਨਕ ਪਛਾਣ ਹੈ।
ਸਾਕਿਬ ਸ਼ਰੀਫ਼ੀ, ਜੋ ਹਾਲ ਹੀ ਵਿੱਚ ਅਫ਼ਗਾਨਿਸਤਾਨ ਦੇ ਖੇਤੀਬਾੜੀ ਮੰਤਰਾਲੇ ਵਿੱਚ ਯੋਜਨਾ ਦੇ ਡਾਇਰੈਕਟਰ ਜਨਰਲ ਸਨ, ਪੰਜਸ਼ਿਰੀਆਂ ਨੂੰ ਬਹਾਦਰ ਮੰਨਦੇ ਹਨ। ਉਹ ਕਹਿੰਦੇ ਹਨ ਕਿ ਉਹ, "ਸ਼ਾਇਦ ਅਫ਼ਗਾਨਿਸਤਾਨ ਦੇ ਸਭ ਤੋਂ ਬਹਾਦਰ ਲੋਕ" ਹਨ।
ਉਨ੍ਹਾਂ ਅਨੁਸਾਰ, ਇਹ ਸਥਾਨਕ ਲੋਕ ਤਾਲਿਬਾਨ ਨੂੰ ਲੈ ਕੇ ਸਹਿਜ ਨਹੀਂ ਹਨ ਅਤੇ ਉਨ੍ਹਾਂ ਵਿੱਚ "ਇੱਕ ਸਕਾਰਾਤਮਕ ਵਿਰੋਧਤਾ" ਹੈ। ਬ੍ਰਿਟੇਨ, ਸੋਵੀਅਤ ਸੰਘ ਅਤੇ ਤਾਲਿਬਾਨ ਵਿਰੁੱਧ ਇਤਿਹਾਸਕ ਜਿੱਤਾਂ ਨੇ ਇਨ੍ਹਾਂ ਲੋਕਾਂ ਦਾ ਹੌਂਸਲਾ ਹੋਰ ਵਧਾ ਦਿੱਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੂਬੇ ਦੀ ਸਥਿਤੀ
2001 ਵਿੱਚ ਤਾਲਿਬਾਨ ਦੀ ਹਾਰ ਤੋਂ ਬਾਅਦ ਪੰਜਸ਼ੀਰ ਘਾਟੀ ਨੂੰ ਇੱਕ ਜ਼ਿਲ੍ਹੇ ਤੋਂ ਉੱਪਰ, ਸੂਬੇ ਦਾ ਦਰਜਾ ਦੇ ਦਿੱਤਾ ਗਿਆ ਸੀ ਅਤੇ ਇਹ ਅਫ਼ਗਾਨਿਸਤਾਨ ਦੇ ਸਭ ਤੋਂ ਛੋਟੇ ਸੂਬਿਆਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, Getty Images
ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ (ਆਰਯੂਐਸਆਈ) ਦੇ ਸੀਨੀਅਰ ਫੈਲੋ ਡਾਕਟਰ ਐਂਟੋਨੀਓ ਗਿਉਸਟੋਜ਼ੀ ਕਹਿੰਦੇ ਹਨ, "ਇਸ ਨੂੰ ਇੱਕ ਸੂਬਾ ਬਣਾਉਣ ਦਾ ਫੈਸਲਾ ਵਿਵਾਦਪੂਰਨ ਸੀ।" ਉਹ ਦੱਸਦੇ ਹਨ ਕਿ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਪੰਜਸ਼ੀਰ ਦੇ ਲੜਾਕਿਆਂ ਕੋਲ ਬਹੁਤ ਤਾਕਤ ਸੀ। ਉਨ੍ਹਾਂ ਨੇ ਕਾਬੁਲ ਉੱਤੇ ਕਬਜ਼ਾ ਕਰਨ ਵਿੱਚ ਮਦਦ ਕੀਤੀ ਸੀ ਅਤੇ ਇਸ ਤੋਂ ਬਾਅਦ "ਨੰਬਰ ਇੱਕ ਸਟੇਕਹੋਲਡਰ" ਬਣ ਗਏ ਸਨ।
ਪੰਜਸ਼ਿਰੀ ਨੇਤਾਵਾਂ ਨੂੰ ਸਰਕਾਰ ਅਤੇ ਸੈਨਾ ਵਿੱਚ ਪ੍ਰਮੁੱਖ ਅਹੁਦੇ ਦਿੱਤੇ ਗਏ ਸਨ। ਘਾਟੀ ਨੂੰ ਖੁਦਮੁਖਤਿਆਰੀ ਦਿੱਤੀ ਗਈ ਅਤੇ ਇਹ ਦੇਸ਼ ਦਾ ਇੱਕੋ-ਇੱਕ ਸੂਬਾ ਸੀ ਜਿੱਥੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਵਿਚੋਂ ਹੀ ਰਾਜਪਾਲ ਬਣਾਏ ਗਏ ਸਨ। ਜਦਕਿ ਦੂਜੇ ਸੂਬਿਆਂ ਵਿੱਚ ਅਜਿਹਾ ਨਹੀਂ ਸੀ।
ਡਾਕਟਰ ਗਿਉਸਟੋਜ਼ੀ ਕਹਿੰਦੇ ਹਨ, "ਆਮ ਤੌਰ 'ਤੇ ਰਾਜਪਾਲਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਥਾਨਕ ਆਬਾਦੀ ਦੀ ਤੁਲਨਾ ਵਿੱਚ ਸਰਕਾਰ ਪ੍ਰਤੀ ਵਧੇਰੇ ਵਫ਼ਾਦਾਰ ਹੋਣਗੇ। ਪਰ ਪੰਜਸ਼ੀਰ ਦੀ ਗੱਲ ਹੀ ਵੱਖਰੀ ਸੀ।"
ਰਣਨੀਤਕ ਤੌਰ 'ਤੇ ਮਹੱਤਵਪੂਰਨ ਇਲਾਕਾ
ਡਾਕਟਰ ਗਿਉਸਟੋਜ਼ੀ ਅਨੁਸਾਰ, ਅਫ਼ਗਾਨਿਸਤਾਨ ਵਿੱਚ "ਸ਼ਾਇਦ ਸੈਂਕੜੇ" ਅਜਿਹੀਆਂ ਵਾਦੀਆਂ ਹਨ। ਪਰ ਇਹ ਵਾਦੀ ਕਾਬੁਲ ਤੋਂ ਉੱਤਰ ਵੱਲ ਜਾਂਦੀ ਮੁੱਖ ਸੜਕ ਦੇ ਨੇੜੇ ਹੈ, ਇਸ ਕਾਰਨ ਇਹ 'ਵਿਆਪਕ ਰਣਨੀਤਕ ਮਹੱਤਤਾ' ਰੱਖਦੀ ਹੈ।
ਇਸ ਘਾਟੀ ਦਾ ਪ੍ਰਵੇਸ਼ ਦੁਆਰ ਉਸ ਥਾਂ ਤੋਂ ਦੂਰ ਨਹੀਂ ਹੈ ਜਿੱਥੇ ਕਾਬੁਲ ਤੋਂ ਆਉਣ ਵਾਲਾ ਮੁੱਖ ਰਸਤਾ, ਸਮਤਲ ਮੈਦਾਨੀ ਇਲਾਕਿਆਂ ਨੂੰ ਛੱਡਦਾ ਹੋਇਆ ਪਹਾੜਾਂ ਵਿੱਚ ਸਲਾਂਗ ਦੱਰੇ ਵੱਲ ਉੱਚਾ ਚੜ੍ਹਦਾ ਜਾਂਦਾ ਹੈ। ਸਲਾਂਗ ਦੱਰਾ, ਉੱਤਰੀ ਸ਼ਹਿਰ ਕੁੰਡੁਜ਼ ਅਤੇ ਮਜ਼ਾਰ-ਏ-ਸ਼ਰੀਫ ਨੂੰ ਜਾਣ ਵਾਲੀ ਇੱਕ ਸੁਰੰਗ ਹੈ।
ਇਹ ਵੀ ਪੜ੍ਹੋ:-
ਸ਼ਰੀਫੀ ਦੱਸਦੇ ਹਨ ਕਿ ਅਜਿਹੇ ਕਈ ਸ਼ਕਤੀਸ਼ਾਲੀ ਕਾਰਨ ਹਨ ਜਿਨ੍ਹਾਂ ਦੇ ਸੁਮੇਲ ਨਾਲ ਪੰਜਸ਼ੀਰ ਇੱਕ ਮਹੱਤਵਪੂਰਨ ਇਲਾਕਾ ਬਣ ਜਾਂਦਾ ਹੈ।
ਉਨ੍ਹਾਂ ਅਨੁਸਾਰ, "ਇਸ ਦੀ ਮਹੱਤਤਾ ਸਿਰਫ਼ ਇਸ ਲਈ ਨਹੀਂ ਹੈ ਕਿਉਂਕਿ ਇੱਥੇ ਦੂਰੋਂ ਮੋਰਚਾ ਲੈਣ ਲਈ ਦਰਜਨਾਂ ਥਾਵਾਂ ਹਨ, ਨਾ ਹੀ ਇਸ ਲਈ ਕਿ ਇੱਥੋਂ ਦਾ ਇਲਾਕਾ ਪਹਾੜੀ ਹੈ ਅਤੇ ਇਸ ਲਈ ਵੀ ਨਹੀਂ ਕਿ ਪੰਜਸ਼ੀਰ ਦੇ ਵਸਨੀਕਾਂ ਨੂੰ ਆਪਣੇ ਆਪ 'ਤੇ ਮਾਣ ਹੈ। ਬਲਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਮਿਲਾ ਕੇ ਇਸ ਦਾ ਇੰਨਾ ਮਹੱਤਵ ਵਧਦਾ ਹੈ। ਉਂਝ ਜੇ ਲੱਭੇ ਜਾਣ ਤਾਂ ਅਫ਼ਗਾਨਿਸਤਾਨ ਵਿੱਚ ਕਈ ਥਾਵਾਂ 'ਤੇ ਇਹ ਤੱਥ ਇਕੱਲੇ-ਇੱਕਲੇ ਮਿਲ ਜਾਣਗੇ।"
ਮੰਨਿਆ ਜਾ ਰਿਹਾ ਹੈ ਕਿ ਇਸ ਘਾਟੀ ਵਿੱਚ ਹਥਿਆਰਾਂ ਦਾ ਵੱਡਾ ਭੰਡਾਰ ਹੈ। 20 ਸਾਲ ਪਹਿਲਾਂ ਜਦੋਂ ਤਾਲਿਬਾਨ ਦਾ ਸ਼ਾਸਨ ਖ਼ਤਮ ਹੋਇਆ ਸੀ ਤਾਂ ਇੱਥੋਂ ਦੇ ਲੜਾਕੂ ਸਮੂਹ ਭੰਗ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਹਥਿਆਰ ਵੀ ਸਰਕਾਰ ਨੂੰ ਸੌਂਪ ਦਿੱਤੇ ਸਨ। ਡਾ. ਗਿਉਸਟੋਜ਼ੀ ਦੱਸਦੇ ਹਨ "ਪਰ ਹਥਿਆਰਾਂ ਦੇ ਭੰਡਾਰ ਅਜੇ ਵੀ ਉੱਥੇ ਹਨ।"
ਉਹ ਕਹਿੰਦੇ ਹਨ, "ਪੰਜਸ਼ੀਰ ਨਾਲ ਸੰਬੰਧ ਰੱਖਣ ਵਾਲੇ ਅਫ਼ਗਾਨ ਅਧਿਕਾਰੀ ਉੱਥੇ ਹਥਿਆਰ ਭੇਜਦੇ ਰਹਿੰਦੇ ਸਨ ਕਿਉਂਕਿ ਉਹ ਰਾਸ਼ਟਰਪਤੀ ਕਰਜ਼ਈ ਅਤੇ ਗਨੀ ਨੂੰ ਲੈ ਕੇ ਸਾਵਧਾਨ ਸਨ। ਪਰ ਅੰਤ ਵਿੱਚ ਉਨ੍ਹਾਂ ਨੂੰ ਤਾਲਿਬਾਨ ਬਾਰੇ ਚਿੰਤਾ ਕਰਨੀ ਪਈ।"
32 ਸਾਲਾ ਅਹਿਮਦ ਮਸੂਦ ਉਹ ਵਿਅਕਤੀ ਹਨ ਜੋ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਵਿਰੋਧੀ ਬਲ ਦੀ ਅਗਵਾਈ ਕਰ ਰਹੇ ਹਨ। ਉਹ 1980 ਅਤੇ 90 ਦੇ ਦਹਾਕੇ ਦੇ ਇੱਕ ਸਤਿਕਾਰਤ ਵਿਦਰੋਹੀ ਨੇਤਾ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਹਨ।

ਤਸਵੀਰ ਸਰੋਤ, Getty Images
ਮਸੂਦ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਾਕਿਆਂ ਨੂੰ ਅਫ਼ਗਾਨ ਫੌਜ ਅਤੇ ਵਿਸ਼ੇਸ਼ ਬਲਾਂ ਦੇ ਮੈਂਬਰਾਂ ਦਾ ਫੌਜੀ ਸਮਰਥਨ ਪ੍ਰਾਪਤ ਹੈ।
ਵਾਸ਼ਿੰਗਟਨ ਪੋਸਟ ਲਈ ਲਿਖੇ ਆਪਣੇ ਇੱਕ ਤਾਜ਼ਾ ਲੇਖ ਵਿੱਚ, ਉਨ੍ਹਾਂ ਕਿਹਾ, "ਸਾਡੇ ਕੋਲ ਗੋਲਾ-ਬਾਰੂਦ ਅਤੇ ਹਥਿਆਰਾਂ ਦੇ ਭੰਡਾਰ ਹਨ, ਜੋ ਅਸੀਂ ਮੇਰੇ ਪਿਤਾ ਦੇ ਸਮੇਂ ਤੋਂ ਬਹੁਤ ਧੀਰਜ ਨਾਲ ਇਕੱਠੇ ਕੀਤੇ ਹਨ। ਸਾਨੂੰ ਪਤਾ ਸੀ ਕਿ ਅਜਿਹਾ ਸਮਾਂ ਆ ਸਕਦਾ ਹੈ।"
ਅਹਿਮਦ ਮਸੂਦ ਦੇ ਪਿਤਾ ਅਹਿਮਦ ਸ਼ਾਹ ਮਸੂਦ
ਅਹਿਮਦ ਮਸੂਦ ਦੇ ਪਿਤਾ ਅਹਿਮਦ ਸ਼ਾਹ ਮਸੂਦ ਨੂੰ "ਪੰਜਸ਼ੀਰ ਦਾ ਸ਼ੇਰ" ਉਪਨਾਮ ਨਾਲ ਜਾਣਿਆ ਜਾਂਦਾ ਸੀ। ਉਹ ਇੱਕ ਮੁਜਾਹਿਦੀਨ ਕਮਾਂਡਰ ਸਨ ਜਿਨ੍ਹਾਂ ਨੇ ਸੋਵੀਅਤ ਰੂਸ ਅਤੇ ਤਾਲਿਬਾਨ ਦੋਵਾਂ ਦੀਆਂ ਫ਼ੌਜਾਂ ਨੂੰ ਪੰਜਸ਼ੀਰ ਉੱਤੇ ਕਬਜ਼ਾ ਕਰਨ ਤੋਂ ਰੋਕਿਆ ਸੀ। ਪੰਜਸ਼ੀਰ ਦਾ ਅਰਥ ਹੁੰਦਾ ਹੈ 'ਪੰਜ ਸ਼ੇਰ'।
ਅਫ਼ਗਾਨ ਸੈਨਾ ਦੇ ਇੱਕ ਜਨਰਲ ਦੇ ਪੁੱਤਰ ਅਹਿਮਦ ਸ਼ਾਹ ਮਸੂਦ ਦਾ ਜਨਮ ਇਸੇ ਘਾਟੀ ਵਿੱਚ ਹੋਇਆ ਸੀ।
ਪੰਜਸ਼ੀਰ ਅਤੇ ਕਾਬੁਲ ਦੇ ਸਮਾਰਕਾਂ ਤੋਂ ਲੈ ਕੇ ਬਿਲਬੋਰਡਾਂ ਅਤੇ ਦੁਕਾਨਾਂ ਦੀਆਂ ਖਿੜਕੀਆਂ ਤੱਕ, ਉਨ੍ਹਾਂ ਦੀਆਂ ਤਸਵੀਰਾਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।
1978 ਵਿੱਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਆਫ਼ ਅਫ਼ਗਾਨਿਸਤਾਨ (ਪੀਡੀਪੀਏ) ਦੇ ਸੱਤਾ ਵਿੱਚ ਆਉਣ ਅਤੇ ਇੱਕ ਸਾਲ ਬਾਅਦ ਸੋਵੀਅਤ ਫੌਜਾਂ ਦੇ ਦਾਖਲੇ ਤੋਂ ਬਾਅਦ ਹੀ ਪੰਜਸ਼ੀਰ ਘਾਟੀ ਕਮਿਊਨਿਸਟ ਵਿਰੋਧੀ 'ਵਿਰੋਧ ਦਾ ਕੇਂਦਰ' ਬਣ ਗਈ।
ਲੀਡਜ਼ ਯੂਨੀਵਰਸਿਟੀ ਦੇ ਮਹਿਲਾ ਪ੍ਰੋਫ਼ੈਸਰ ਐਲਿਜ਼ਾਬੈਥ ਲੀਕ ਕਹਿੰਦੇ ਹਨ, "ਉਹ ਸੋਵੀਅਤ-ਅਫ਼ਗਾਨ ਯੁੱਧ ਵਿੱਚ ਵਿਰੋਧ ਦਾ ਜਨਤਕ ਚਿਹਰਾ ਬਣ ਗਏ ਸਨ। ਉਨ੍ਹਾਂ ਦਾ ਆਪਣਾ ਇੱਕ ਪ੍ਰਭਾਵ ਸੀ ਅਤੇ ਉਹ ਪੱਛਮੀ ਮੀਡੀਆ ਨਾਲ ਸਰਗਰਮੀ ਨਾਲ ਜੁੜੇ ਹੋਏ ਸਨ। ਉਹ ਉਨ੍ਹਾਂ ਮੁੱਖ ਨੇਤਾਵਾਂ ਵਿੱਚੋਂ ਇੱਕ ਸੀ ਜਿਨ੍ਹਾਂ ਨਾਲ ਸੋਵੀਅਤ ਸੰਘ ਗੱਲਬਾਤ ਲਈ ਤਿਆਰ ਸੀ। ਇਨ੍ਹਾਂ ਗੱਲਾਂ ਨੇ ਹੀ ਉਨ੍ਹਾਂ ਨੂੰ ਇੰਨਾ ਅਹਿਮ ਬਣਾ ਦਿੱਤਾ ਸੀ।"
ਡਾਕਟਰ ਗਿਉਸਟੋਜ਼ੀ ਦੇ ਅਨੁਸਾਰ, ਅਹਿਮਦ ਸ਼ਾਹ ਮਸੂਦ ਉਸ ਸਮੇਂ ਦੇ ਹੋਰ ਨੇਤਾਵਾਂ ਤੋਂ ਵੱਖਰਾ ਸਨ। ਉਹ ਦੱਸਦੇ ਹਨ, "ਉਹ ਪੜ੍ਹੇ-ਲਿਖੇ, ਫ੍ਰੈਂਚ ਭਾਸ਼ਾ ਬੋਲਣ ਵਿੱਚ ਮਾਹਰ, ਹਲਕੀ ਆਵਾਜ਼ ਵਿੱਚ ਗੱਲ ਕਰਨ ਵਾਲੇ ਅਤੇ ਆਕਰਸ਼ਕ ਸਨ। ਜਦਕਿ ਬਾਕੀ ਕਮਾਂਡਰਾਂ ਨੂੰ ਰੁੱਖਾ, ਅਨਪੜ੍ਹ ਅਤੇ ਉੱਚੀ ਬੋਲਣ ਵਾਲੇ ਸਮਝਿਆ ਜਾਂਦਾ ਸੀ।"

ਤਸਵੀਰ ਸਰੋਤ, Alamy
2001 ਵਿੱਚ 9-11 ਦੀ ਘਟਨਾ ਤੋਂ ਦੋ ਦਿਨ ਪਹਿਲਾਂ 9 ਸਤੰਬਰ ਨੂੰ ਅਲ-ਕਾਇਦਾ ਦੇ ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਬਾਅਦ ਵਿੱਚ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਉਨ੍ਹਾਂ ਨੂੰ ਇੱਕ ਰਾਸ਼ਟਰੀ ਨਾਇਕ ਐਲਾਨਿਆ ਸੀ।
ਹਾਲਾਂਕਿ, ਕੁਝ ਮੰਨਦੇ ਹਨ ਕਿ ਅਹਿਮਦ ਸ਼ਾਹ ਮਸੂਦ ਇੱਕ ਯੁੱਧ ਅਪਰਾਧੀ ਸਨ। 2005 ਦੀ ਹਿਊਮਨ ਰਾਈਟਸ ਵਾਚ ਦੀ ਜਾਂਚ ਅਨੁਸਾਰ, "ਅਫ਼ਗਾਨਿਸਤਾਨ ਵਿੱਚ ਜੰਗ ਦੇ ਦੌਰਾਨ ਉਨ੍ਹਾਂ ਦੀ ਕਮਾਂਡ ਹੇਠਲੀਆਂ ਹਥਿਆਰਬੰਦ ਫੌਜਾਂ 'ਤੇ ਕਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗੇ ਸਨ।"
ਇੱਕ ਅਜਿੱਤ ਘਾਟੀ
1980 ਅਤੇ 1985 ਦੇ ਵਿਚਕਾਰ, ਸੋਵੀਅਤ ਸੰਘ ਨੇ ਪੰਜਸ਼ੀਰ ਘਾਟੀ ਉੱਤੇ ਜ਼ਮੀਨ ਅਤੇ ਹਵਾ ਦੋਵਾਂ ਰਾਹੀਂ ਘੱਟੋ-ਘੱਟ ਅੱਧਾ ਦਰਜਨ ਹਮਲੇ ਕੀਤੇ। ਰੂਸੀ ਲੜਾਕਿਆਂ ਨੂੰ ਇਸ ਖੇਤਰ ਦਾ ਬਹੁਤ ਘੱਟ ਤਜਰਬਾ ਸੀ ਅਤੇ ਉਹ ਅਕਸਰ ਘਾਤ ਲਗਾ ਕੇ ਕੀਤੇ ਜਾਣ ਵਾਲੇ ਹਮਲਿਆਂ ਵਿੱਚ ਫੱਸ ਜਾਂਦੇ ਸਨ।
ਸ਼ਰੀਫੀ ਦੇ ਅਨੁਸਾਰ, ਸੋਵੀਅਤ ਸੰਘ ਨੂੰ ਸੱਜੇ, ਖੱਬੇ ਅਤੇ ਮੱਧ ਤੋਂ "ਹਜ਼ਾਰਾਂ ਜ਼ਖਮ" ਮਿਲੇ ਸਨ। ਇੱਕ ਆਦਮੀ, ਸੋਵੀਅਤ ਰੂਸ ਦੀ ਮਸ਼ੀਨ ਗਨ ਦੇ ਨਾਂ 'ਤੇ 'ਮਿਸਟਰ ਡੀਐਚਐਸਕੇ' ਵਜੋਂ ਮਸ਼ਹੂਰ ਸੀ। ਉਹ ਚੱਟਾਨਾਂ ਦੇ ਪਿੱਛੇ ਲੁਕ ਕੇ ਉਨ੍ਹਾਂ ਉੱਤੇ ਗੋਲੀਬਾਰੀ ਕਰਦਾ, ਪਰ ਉਹ ਕਦੇ ਉਸ ਨੂੰ ਲੱਭ ਨਹੀਂ ਸਕੇ ਅਤੇ ਉਸ ਨੇ ਉਨ੍ਹਾਂ ਨੂੰ "ਪਾਗਲ" ਬਣਾ ਦਿੱਤਾ।
ਉਹ ਕਹਿੰਦੇ ਹਨ ਕਿ ਅੱਜ ਦੇ ਕੁਝ ਕਮਾਂਡਰ ਵੀ ਉਸ ਸਮੇਂ ਮੌਜੂਦ ਸਨ। ਉਨ੍ਹਾਂ ਅਨੁਸਾਰ, "ਉਨ੍ਹਾਂ ਨੂੰ ਹੈੱਡਕੁਆਰਟਰ ਤੋਂ ਸਹੀ ਸੰਦੇਸ਼ ਮਿਲਣ ਤੱਕ ਚੌਕੀ 'ਤੇ ਇਕੱਲੇ ਖੜ੍ਹੇ ਰਹਿਣ ਲਈ ਕਿਹਾ ਜਾਂਦਾ ਸੀ। ਉਹ ਜਾਣਦੇ ਸਨ ਕਿ ਇੰਤਜ਼ਾਰ ਕਿਵੇਂ ਕਰਨਾ ਹੈ ਅਤੇ ਕਿਵੇਂ ਦਰਦ ਦੇਣਾ ਹੈ।"
ਡਾਕਟਰ ਗਿਉਸਟੋਜ਼ੀ ਕਹਿੰਦੇ ਹਨ ਕਿ ਸੋਵੀਅਤ ਸੰਘ ਨੇ ਕੁਝ ਸਮੇਂ ਤੱਕ ਘਾਟੀ ਵਿੱਚ ਇੱਕ ਗੜ੍ਹ ਸੁਰੱਖਿਅਤ ਕਰ ਲਿਆ ਸੀ, ਪਰ ਉਹ ਇਸ ਨੂੰ ਲੰਮੇ ਸਮੇਂ ਤੱਕ ਸੰਭਾਲ ਨਹੀਂ ਸਕੇ।
ਉਹ ਕਹਿੰਦੇ ਹਨ, "ਰੂਸੀਆਂ ਨੂੰ ਉੱਥੇ ਰਹਿਣ ਅਤੇ ਫੌਜ ਨੂੰ ਰੱਖਣ ਲਈ ਕੋਈ ਜਗ੍ਹਾ ਨਹੀਂ ਲੱਭੀ। ਉਹ ਉੱਤਰ-ਦੱਖਣ ਰਾਜਮਾਰਗ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਸਨ, ਪਰ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿੱਚ ਲੜਾਈ ਸ਼ੁਰੂ ਹੋ ਗਈ।"
ਹਥਿਆਰਾਂ, ਟੈਂਕਾਂ ਅਤੇ ਜਹਾਜ਼ਾਂ ਨੂੰ ਪੰਜਸ਼ੀਰ ਘਾਟੀ ਹੀ ਛੱਡ ਦਿੱਤਾ ਗਿਆ। ਹੁਣ ਉਹ ਸੋਵੀਅਤ ਸੰਘ ਦੀਆਂ ਅਸਫ਼ਲ ਫੌਜੀ ਮੁਹਿੰਮਾਂ ਦੀ ਵਿਰਾਸਤ ਹਨ।
ਅਹਿਮਦ ਮਸੂਦ
ਅਹਿਮਦ ਮਸੂਦ ਉਸ ਸਮੇਂ ਸਿਰਫ਼ 12 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਲੰਡਨ ਤੋਂ ਪੜ੍ਹਾਈ ਕੀਤੀ ਹੈ ਅਤੇ ਸੈਂਡਹਰਸਟ ਵਿੱਚ ਰਾਇਲ ਮਿਲਟਰੀ ਅਕੈਡਮੀ ਵਿੱਚ ਇੱਕ ਸਾਲ ਲਈ ਸਿਖਲਾਈ ਵੀ ਪ੍ਰਾਪਤ ਕੀਤੀ ਹੈ।
ਡਾਕਟਰ ਗਿਉਸਟੋਜ਼ੀ ਦੇ ਅਨੁਸਾਰ, "ਉਹ ਆਪਣੇ ਪਿਤਾ ਵਾਲਾ ਆਕਰਸ਼ਣ ਰੱਖਦੇ ਹਨ। ਹਾਲਾਂਕਿ ਇੱਕ ਫੌਜੀ ਕਮਾਂਡਰ ਦੇ ਰੂਪ ਵਿੱਚ ਹਾਲੇ ਉਨ੍ਹਾਂ ਦੀ ਪ੍ਰੀਖਿਆ ਹੋਣੀ ਬਾਕੀ ਹੈ।"
ਉਹ ਕਹਿੰਦੇ ਹਨ, "ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਕਿਸੇ ਵੀ ਸੱਤਾ-ਸਾਂਝੇਦਾਰੀ ਦੇ ਪ੍ਰਸਤਾਵਾਂ 'ਤੇ ਗੱਲਬਾਤ ਕਰਨ ਦੇ ਹੁਨਰ ਦੀ ਵੀ ਜ਼ਰੂਰਤ ਹੋਵੇਗੀ। ਹਾਲਾਂਕਿ ਉਨ੍ਹਾਂ ਕੋਲ ਅਜੇ ਤੱਕ ਗੁਆਉਣ ਲਈ ਜ਼ਿਆਦਾ ਕੁਝ ਨਹੀਂ ਹੈ। ਹੋ ਸਕਦਾ ਹੈ ਕਿ ਉਹ ਗੱਲਬਾਤ ਦੌਰਾਨ ਜ਼ਿਆਦਾ ਦੀ ਮੰਗ ਕਰਨ।"

ਤਸਵੀਰ ਸਰੋਤ, Getty Images
ਦੂਜੇ ਪਾਸੇ, ਪ੍ਰੋਫ਼ੈਸਰ ਲੀਕ ਦਾ ਮੰਨਣਾ ਹੈ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਆਉਣ ਵਾਲੇ ਸਮੇਂ ਵਿੱਚ ਘਾਟੀ ਵਿੱਚ ਕੀ ਹੋਵੇਗਾ।
ਉਹ ਕਹਿੰਦੇ ਹਨ, "ਉਹ ਸਪਸ਼ਟ ਰੂਪ ਨਾਲ ਆਪਣੀ ਵਿਰਾਸਤ ਅਤੇ ਆਪਣੇ ਪਿਤਾ ਦੀ ਇਤਿਹਾਸਕ ਮਹੱਤਤਾ ਬਾਰੇ ਜਾਗਰੂਕ ਹਨ। ਅਸੀਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਰੁਝਾਨ ਦੀ ਆਪਣੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਵੀ ਵੇਖ ਸਕਦੇ ਹਾਂ।"
ਉਨ੍ਹਾਂ ਦਾ ਮੰਨਣਾ ਹੈ, "ਹਾਲਾਂਕਿ ਇਸ ਵਾਰ ਕਹਾਣੀ ਪਹਿਲਾਂ ਨਾਲੋਂ ਵੱਖਰੀ ਹੈ। ਤਾਲਿਬਾਨ ਨੇ ਵੱਡੇ ਸ਼ਹਿਰਾਂ ਅਤੇ ਕਸਬਿਆਂ 'ਤੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਸਪਲਾਈ ਲਾਈਨ ਬੰਦ ਹੋ ਗਈ ਹੈ। ਇਸ ਨਾਲ ਸੰਤੁਲਨ ਬਦਲ ਸਕਦਾ ਹੈ।"
ਅਹਿਮਦ ਮਸੂਦ ਨੇ ਖੁਦ ਬੈਕਅੱਪ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਵਿੱਚ ਆਪਣੇ ਲੇਖ ਵਿੱਚ ਲਿਖਿਆ, "ਜੇ ਤਾਲਿਬਾਨ ਦੇ ਸੈਨਾਪਤੀ ਹਮਲਾ ਕਰਦੇ ਹਨ, ਤਾਂ ਨਿਸ਼ਚਤ ਰੂਪ ਨਾਲ ਉਨ੍ਹਾਂ ਨੂੰ ਸਾਡੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਏਗਾ...ਪਰ ਅਸੀਂ ਜਾਣਦੇ ਹਾਂ ਕਿ ਸਾਡੀਆਂ ਫੌਜੀ ਤਾਕਤਾਂ ਅਤੇ ਲੌਜਿਸਟਿਕਸ (ਰਸਦ) ਕਾਫ਼ੀ ਨਹੀਂ ਹੋਣਗੇ।"
ਉਨ੍ਹਾਂ ਨੇ ਲਿਖਿਆ, "ਜੇ ਸਾਡੇ ਪੱਛਮੀ ਦੋਸਤਾਂ ਨੇ ਬਿਨਾਂ ਦੇਰੀ ਕੀਤੇ ਸਾਨੂੰ ਸਪਲਾਈ ਪਹੁੰਚਾਉਣ ਦਾ ਰਸਤਾ ਨਹੀਂ ਲੱਭਿਆ ਤਾਂ ਸਾਡੇ ਸਰੋਤ ਤੇਜ਼ੀ ਨਾਲ ਖਤਮ ਹੋ ਜਾਣਗੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














